ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵੱਖ–ਵੱਖ ਵਿਦਵਾਨਾਂ ਦੀ ਰਾਇ
ਰਾਮ ਸਿੰਘ, ਗ੍ਰੇਵਜ਼ੈਂਡ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁ ਪੱਖੀ ਜੀਵਨ ਮਹਾਨ ਸ਼ਕਤੀ ਦਾ ਸੋਮਾ ਹੈ, ਜੋ ਕੌਮ ਦੀ ਸਦਾ ਅਗਵਾਈ ਕਰਦਾ ਰਿਹਾ ਤੇ ਕਰਦਾ ਰਹੇਗਾ; ਜਿਵੇਂ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਨੂੰ ‘ਤੂੰ ਬੇਅਤ, ਤੂੰ ਬੇਅੰਤ’ ਕਹਿ ਕੇ ਹੀ ਅਲਪੱਗ (ਘੱਟ ਸਮਝ ਵਾਲਾ) ਜੀਵ ਪ੍ਰਮਾਤਮਾ ਦਾ ਧੰਨਵਾਦ ਕਰਕੇ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਲਾਸਾਨੀ ਤੇ ਮਹਾਨ ਸ਼ਖ਼ਸੀਅਤ ਦੇ ਗੁਣਾਂ ਦਾ ਵਰਣਨ ‘ਤੂੰ ਬੇਅੰਤ, ਤੂੰ ਬੇਅੰਤ’ ਕਹਿ ਕੇ ਹੀ ਕੀਤੀ ਜਾ ਸਕਦਾ ਹੈ ਕਿਉਂਕਿ ਉਮਰ ਦੇ ਇਤਨੇ ਥੋੜ੍ਹੇ ਸਮੇਂ ਵਿੱਚ ਇਤਨੇ ਮਹਾਨ ਕੰਮ ਕਰ ਵਿਖਾਉਣੇ ਇੱਕ ਕਰਾਮਾਤ ਹੀ ਤਾਂ ਲੱਗਦੇ ਹਨ ਅਤੇ ਉਸ ਕਰਾਮਾਤੀ ਜੀਵਨ ਦੌਰਾਨ ਜੋ ਭੀ ਗੁਰੂ ਜੀ ਨੇ ਬੋਲਿਆ ਉਹ ਗੁਰਬਾਣੀ ਹੋ ਨਿਬੜਿਆ, ਜਿਸ ਵਸਤੂ ਨੂੰ ਵੀ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਉਹ ਹੀ ਪ੍ਰਸ਼ਾਦ ਹੋ ਨਿਬੜੀ, ਜਿਧਰ ਭੀ ਉਹਨਾਂ ਦੀ ਮਿਕਨਾਤੀਸੀ (ਚੁੰਬਕੀ) ਨਜ਼ਰ ਨੇ ਤੱਕਿਆ ਉਸ ਦੁਆਰਾ ਲੱਖਾਂ ਹੀ ਲੋਕਾਂ ਦੇ ਮੁਰਝਾਏ ਹੋਏ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਏ ਤੇ ਨਿਰਾਸ਼ਾਵਾਦੀ; ਆਸ਼ਾਵਾਦੀ ਹੋ ਨਿਬੜੇ। ਜਿੱਥੇ ਵੀ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਧਰੇ ਉਥੋਂ ਕਰੋੜਾਂ ਹੀ ਲੋਕੀ ਉਸ ਧਰਤੀ ਦੀ ਧੂੜ ਆਪਣੇ ਮੱਥੇ ਨੂੰ ਲਾ ਕੇ ਨਿਹਾਲ ਹੋ ਰਹੇ ਹਨ। ਗੁਰੂ ਸਾਹਿਬ ਦੇ ਜਹਿਦ ਭਰੇ (ਕਾਫ਼ਰਾਂ ਨਾਲ ਜੁੱਧ ਕਰਨ ਵਾਲੇ) ਜੀਵਨ ਵਿਚੋਂ ਜੋ ਕਰਾਮਾਤੀ ਨਤੀਜੇ ਉਤਪੰਨ ਹੋਏ ਅਤੇ ਜਿਨ੍ਹਾਂ ਬੇਅੰਤ ਹੈਰਾਨਕੁੰਨ ਗੁਣਾਂ ਨੇ ਦੁਨੀਆਂ ਦੇ ਮਹਾਨ ਲਿਖਾਰੀਆਂ, ਇਤਿਹਾਸਕਾਰਾਂ, ਧਾਰਮਿਕ ਹਸਤੀਆਂ ਆਦਿ ਨੂੰ ਚਕਾਚੌਂਧ ਕਰ ਦਿੱਤਾ ਉਨ੍ਹਾਂ ਦੇ ਵਿਚਾਰਾਂ ਦਾ ਵਰਣਨ ਹੀ ਇਸ ਲੇਖ ਦਾ ਮੁੱਦਾ ਹੈ ਕਿਉਂਕਿ ਉਹਨਾਂ ਵਿਚਾਰਵਾਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਆਪਣੇ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿਚੋਂ ਗੁਰੂ ਜੀ ਦੀ ਸਤਿਕਾਰ ਭਰੀ ਸ਼ਖ਼ਸੀਅਤ ਨੂੰ ਅਰਪਣ ਕੀਤੇ ਹਨ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਦੌਰਾਨ ਹੋਈ ਜੰਗ ਵਿੱਚ ਲੜਨ ਵਾਲਾ ਅੰਗਰੇਜ਼ ਅਫਸਰ ‘ਡੇਵਿਡ ਕਨਿੰਘਮ’, ਜੋ ਗੁਰੂ ਜੀ ਵੱਲੋਂ ਸਿੰਘ ਸੂਰਮਿਆਂ ਨੂੰ ਬਖਸ਼ੀ ਸੰਤ ਸਿਪਾਹੀਆਂ ਵਾਲੀ ਸ਼ਕਤੀ ਦਾ ਦਿਲੋਂ ਕਾਇਲ ਹੋ ਗਿਆ ਸੀ, ਲਿਖਦਾ ਹੈ ‘ਇਹ ਗੁਰੂ ਨਾਨਕ ਦੇ ਹੀ ਹਿੱਸੇ ਆਇਆ ਸੀ ਕਿ ਉਹ ਐਸੇ ਮੁੱਖ ਅਸੂਲ ਅਪਣਾਉਣ ਜਿਨ੍ਹਾਂ ਰਾਹੀਂ ਨੀਂਵੇਂ ਉੱਚੇ ਅਤੇ ਜਾਤ ਪਾਤ ਦੇ ਵਖੇਵਿਆਂ ਦਾ ਅਸੂਲ ਖ਼ਤਮ ਹੋ ਜਾਵੇ। ਉਨ੍ਹਾਂ ਮੁੱਖ ਅਸੂਲਾਂ ’ਤੇ ਹੀ ਗੁਰੂ ਗੋਬਿੰਦ ਸਿੰਘ ਨੇ ਐਸੀ ਕੌਮ ਖਾਲਸਾ ਤਿਆਰ ਕੀਤੀ, ਜੋ ਨੀਂਵੇਂ, ਉੱਚੇ ਦਾ ਭੇਦ ਮਿਟਾ ਕੇ ਸਭ ਨੂੰ ਇੱਕੋ ਪੱਧਰ ਭਾਵੇਂ ਉਹ ਧਾਰਮਿਕ ਸੀ ਜਾਂ ਰਾਜਨੀਤਕ ਉੱਤੇ ਲੈ ਆਈ ਗੁਰੂ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁੱਝੀਆਂ ਕਲਾਂ ਜਗਾ ਕੇ ਉਨ੍ਹਾਂ ਦੇ ਮਨਾਂ ਵਿੱਚ ਸਮਾਜਿਕ ਸੁਤੰਤਰਤਾ ਅਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।’
‘ਇਬਟਸਨ’ ਅਨੁਸਾਰ, ‘ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀਂ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਨ੍ਹਾਂ ਨੇ ਕਦੀ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।’ ਇਹ ਕਿਉਂ ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸ ਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖ਼ਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ ‘ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖਾਂ ਵਿੱਚ ਐਸਾ ਗੁਣ ਪੈਦਾ ਕੀਤਾ ਹੈ ਕਿ ਉਹ ਉੱਠ (ਮਰ) ਭਾਵੇਂ ਜਾਵੇ ਪਰ ਲਿਫੇਗਾ ਨਹੀਂ। ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਾ ਲਵੇਗਾ ਪਰ ਅਦਰਸ਼ ਤੋ ਕਦੀ ਨਹੀਂ ਡਿੱਗੇਗਾ।’
‘ਗੋਕਲ ਚੰਦ ਨਾਰੰਗ’ ਜੀ ਲਿਖਦੇ ਹਨ ‘ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ ਸੀ ਇਹ ਜ਼ਰੂਰੀ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ। ਜਿਸ ਬੂਟੇ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ ਉਸ ਦੀ ਬਿਜਾਈ ਗੁਰੂ ਨਾਨਕ ਜੀ ਨੇ ਕੀਤੀ ਸੀ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਚਿਆ ਸੀ।’ ਇਹ ਬਿਲਕੁਲ ਠੀਕ ਹੈ ਕਿ ਖਾਲਸੇ ਦੀ ਸਾਜਨਾ ਪਹਿਲਾਂ ਤੋਂ ਹੀ ਚਲ ਰਹੀ ਲਹਿਰ ਦੀ ਉਤਪਤੀ ਸੀ। ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਨੇ ਬਾਣੀ ਵਿਚਾਰ, ਵਿਵੇਕ, ਸੇਵਾ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ, ਮਨੁੱਖੀ ਅਧਿਕਾਰਾਂ ਦੀ ਮਹੱਤਤਾ ਅਤੇ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਦਿੱਤਾ ਸੀ। ਐਸੀਆਂ ਪਵਿੱਤਰ ਤੇ ਅਕਰਸ਼ਕ ਸ਼ਖ਼ਸੀਅਤਾਂ ਨੂੰ ਜੀਵਨ ਸੰਗਰਾਮ ਵਿੱਚ ਧਰਮ ਯੁੱਧ ਵਰਗੀ ਖੇਡ ਖੇਡਣ ਲਈ ਭਗਤੀ ਨਾਲ ਸ਼ਕਤੀ, ਸ਼ਾਸਤਰ ਨਾਲ ਸ਼ਸਤਰ ਆਦਿ ਨਾਲ ਲੈਸ ਕਰਕੇ ਐਸੇ ਆਦਰਸ਼ਾਂ ’ਤੇ ਕੁਰਬਾਨ ਹੋਣ ਵਾਲੇ ਧਰਮੀ ਯੋਧਿਆਂ ਦੀ ਲਾਸਾਨੀ ਜਮਾਤ (ਖਾਲਸਾ ਪੰਥ) ਦਾ ਨਿਰਮਾਣ ਕਰ ਦਿੱਤਾ।
‘ਲੈਪਲ ਗ੍ਰਿਫਨ’ ਦੇ ਸ਼ਬਦਾਂ ਵਿੱਚ ‘ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ!’ ‘ਗਾਰਡਨ’ ਦੇ ਕਥਨ ਅਨੁਸਾਰ, ‘ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।’
‘ਮੈਕਾਲਫ’, ਗੁਰੂ ਸਾਹਿਬ ਜੀ ਦੀ ਸਰਬ ਗੁਣ ਸੰਪੂਰਨ ਸ਼ਖ਼ਸੀਅਤ ਵੱਲੋਂ ਆਪਣੇ ਖਾਲਸੇ ਲਈ ਦਿੱਤੇ ਉਪਦੇਸ਼ਾਂ ਸੰਬੰਧੀ ਕਿੰਨਾ ਸੁੰਦਰ ਲਿਖਦਾ ਹੈ ‘ਅੱਜ ਦੀ ਸਿੱਖ ਲੀਡਰਸ਼ਿਪ ਹੀ ਢੁਕਵੀਂ, ਹਾਂ ਜੀ ਇਸ ਨਾਜ਼ੁਕ ਸਮੇਂ ਢੁਕਵੀਂ ਅਗਵਾਈ ਕਰ ਸਕਦੀ ਹੈ ਕਿਉਂਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਘਰਾਂ ਵਿੱਚ ਹੀ ਉਦਾਸੀਆਂ ਵਾਲੀ ਅਵਸਥਾ ਬਣਾਉਣ, ਘਰਾਂ ਨੂੰ ਹੀ ਜੰਗਲ ਸਮਝਣ ਤੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ ਤੇ ਘੱਟ ਖਾਣ ਅਤੇ ਦਇਆ, ਨਿਮਰਤਾ, ਖਿਮਾ ਸੰਤੋਖ ਦੀ ਵਰਤੋ ਕਰਨ। ਵਾਹਿਗੁਰੂ ਨੂੰ ਲੱਭਣ ਤੇ ਪ੍ਰਾਪਤੀ ਲਈ ਉਹਨਾਂ ਨੂੰ ਆਪਣੇ ਮਨਾਂ ਵਿਚੋਂ ਕਾਮ, ਕਰੋਧ ਆਦਿ ਕੱਢਣੇ ਪੈਣਗੇ। ਗੁਰੂ ਸਾਹਿਬ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਗਿਆਨ ਤੇ ਭਗਤੀ ਦੇ ਮਾਰਗ ਤੋਂ ਖੁੰਝ ਗਏ ਤਾਂ ਵੱਧ ਤੋਂ ਵੱਧ ਰਾਜਨੀਤਕ ਤੇ ਫੌਜੀ ਸ਼ਕਤੀ ਵੀ ਉਹਨਾਂ ਦੀ ਰੱਖਿਆ ਨਹੀਂ ਕਰ ਸਕੇਗੀ।’ ‘ਮੈਕਲਾਫ’ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰੇ ਦੁਰੇ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।’
‘ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰੀ ਵੀ ਨਹੀਂ ਸੀ ਆਉਂਦੀ, ਜੋ ਜ਼ਿੱਲਤ ਦੀ ਗੁਲਾਮੀ (ਅਪਮਾਨ) ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਹਾਦਰਾਂ ਨੂੰ ਨਾ ਸੁਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ। ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ; ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਆਖ਼ਰੀ ਇੱਟ ਰੱਖ ਦਿੱਤੀ।’
‘ਸਾਧੂ ਟੀ. ਐਲ. ਵਾਸਵਾਨੀ’ ਇਸ ਸਬੰਧ ਵਿੱਚ ਲਿਖਦੇ ਹਨ ‘ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ, ਗਲ ਨਾਲ ਲਗਾਇਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆ, ਸਰਾਦਰ ਬਣਾਇਆ।’ ਸਾਧੂ ਜੀ, ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ‘ਕਲਗੀਆਂ ਵਾਲੇ’ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।
‘ਬੈਨਰਜੀ’ ਮੁਤਾਬਕ ‘ਜੇ ਕੋਈ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉਨਤੀ ਦਾ ਸਾਧਨ ਬਣਾ ਲਿਆ ਉਹ ਆਪਣੇ ਸਾਹਮਣੇ ਇਹ ਗਲਤ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਦਗੀ ਦਾ ਧਰਮ ਨਾਲ ਅਜੋੜ ਹੈ। ਧਰਮ ਦੇ ਰਾਹ ’ਤੇ ਚਲਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।’ ਇਹਨਾਂ ਵਿਚਾਰਾਂ ਵੱਲ ਦੁਨੀਆਂ ਦੇ ਅਜੋਕੇ ਸਾਰੇ ਹੁਕਮਰਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਸਗੋਂ ਰਾਜਨੀਤੀ ਵਿੱਚ ਅਮਨ ਕਾਇਮ ਕਰਨ ਤੇ ਇੰਨਸਾਫ ਦੇ ਆਧਾਰ ਉੱਤੇ ਰਾਜ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ।’
ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀਂ ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ। ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ। ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।’ ‘ਆਰਚਰ ਬੰਗਲੇ ਤੇ ਗਾਰਡਨ’ ਵੀ ਲਿਖਦੇ ਹਨ ਕਿ ‘ਗੁਰੂ ਜੀ ਦਾ ਸਭ ਜਾਤਾਂ ਨੂੰ ਇੱਕ ਕਰਨਾ ਮਹਾਨ ਕੰਮ ਸੀ।’
‘ਲਤੀਫ’ ਲਿਖਦਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਹਨਾਂ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਕ ਪ੍ਰਭੁਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ। ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਜੀ ਨੇ ਇਸਤਕਬਾਲ (ਅਗਵਾਨੀ, ਲੀਡਰੀ) ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਜੁਅਰਤ (ਸਾਹਸ) ਤੇ ਬਹਾਦਰੀ ਦੇਖਣ ਲਾਇਕ ਸੀ। ਇਹ ਗੱਲ ਵੀ ਮੰਨੀ ਪ੍ਰਮੰਨੀ ਹੈ ਕਿ ਉਹਨਾਂ ਦੀ ਕ੍ਰਿਪਾ ਨਾਲ ਹੀ ਬੇ-ਲਗਾਮੇ ਲੋਕ ਇੱਕ ਲੜੀ ਵਿੱਚ ਪਰੋਏ ਗਏ ਤੇ ਯੋਧੇ ਬਣੇ।’ ਹੁਣ ਅਸੀਂ ਫਿਰ ਬੇਲਗਾਮੇ ਹੋਏ ਫਿਰਦੇ ਹਾਂ ਬੜੇ ਸੰਜਮ ਦੀ ਲੋੜ ਹੈ।
‘ਸਕਾਟ’ ਦੇ ਸ਼ਬਦਾਂ ਵਿੱਚ ‘ਗੁਰੂ ਨਾਨਕ ਜੀ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜਵਲਿਤ (ਪ੍ਰਚੰਡ) ਕੀਤਾ ਜਿਵੇਂ ਇੱਕ ਸ਼ਮ੍ਹਾ (ਮੋਮਬੱਤੀ) ਦੂਜੀ ਸ਼ਮ੍ਹਾ ਨੂੰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਰਕੇ ਹੋਇਆ ਕਿ ‘‘ਧਰਮ ਚਲਾਵਨ, ਸੰਤ ਉਬਾਰਨ ॥ ਦੁਸਟ ਸਭਨ ਕੋ, ਮੂਲ ਉਪਾਰਿਨ ॥’’ ‘ਸਰ ਚਾਰਲਸ ਗਫ’ ਅਨੁਸਾਰ ‘ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੀਂ ਕੌਮ (ਨਬੀ-ਪੈਗ਼ੰਬਰੀ ਕੌਮ) ਦੀ ਉਸਾਰੀ ਕੀਤੀ।’ ‘ਬਰਨਜ ਅਤੇ ਐਲਫਿਨ ਸਟੋਨ’, ‘ਗੁਰੂ ਜੀ ਨੂੰ ਇੱਕ ਨਵੀਂ ਕੌਮ ਦਾ ਸਿਰਜਨਹਾਰ ਲਿਖਦੇ ਹਨ ਅਤੇ ਗੁਰੂ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ (ਸਹਾਰਾ ਲਾਉਣ) ਦਾ ਸ਼ਾਹ ਅਤੇ ਸਿੱਖ ਸੰਗਤ ਵਿੱਚ ਫਕੀਰ ਕਹਿੰਦੇ ਹਨ।’
‘ਮੈਕਰੈਗਰ’ ਨੇ ਲਿਖਿਆ ਹੈ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਬਾਲ (ਰਹਿਨੁਮਾਈ) ਦੀ ਕਹਾਣੀ ਪੜ੍ਹੀਏ ਤਾਂ ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਜੋਂ ਯਾਦ ਮਨਾਉਂਦੇ ਹਨ।’
‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਸਬੂਤ ਹੈ। ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’
ਕਵੀ ‘ਲਖਣ ਰਾਇ’ ਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਚਲਾਈ ਲਹਿਰ ਦੀ ਰੱਖਿਆ ਕਲਮ ਤੇ ਤੇਗ ਨਾਲ ਕਰ ਰਹੇ ਹਨ।’
‘ਅਹਿਮਦ ਸ਼ਾਹ ਬਟਾਲਵੀ’ ਲਿਖਦਾ ਹੈ ਕਿ ‘ਗੁਰੂ ਨਾਨਕ ਨੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ’ਤੇ ਰੱਖੀ ਹੈ। ਕਿਸੇ ਧਰਮ ਦੀ ਨਕਲ ਨਹੀਂ ਕੀਤੀ ਅਤੇ ਨਾ ਮਰਯਾਦਾ ਅਪਨਾਈ ਹੈ, ਇਹ ਖਿਆਲ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਲਿਖੇ ਹਨ।’
‘ਮੁਗਲ ਜਰਨੈਲ ਸੈਦ ਖਾਨ’, ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ ‘ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।’
‘ਹਰੀ ਰਾਮ ਗੁਪਤਾ’ ਲਿਖਦਾ ਹੈ ‘ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।’ ਜੋ ਬਿਲਕੁਲ ਠੀਕ ਹੈ ਕਿਉਕਿ ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਸਨ।’ ਡੱਲੇ ਵਾਲੀ ਸਾਖੀ ਦਾ ਸਭ ਨੂੰ ਪਤਾ ਹੈ ਕਿ ਗੁਰੂ ਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ ਸਿੱਖ ਇੱਕ ਦੂਜੇ ਤੋਂ ਮੂਹਰੇ ਹੋਣ ਲਈ ਝਗੜਦੇ ਸਨ। ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ, ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਂਦੇ ਆਉਣ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਦੁਨੀਆਂ ਨੇ ਕਲਗੀਧਰ ਦੀ ਮਿਕਨਾਤੀਸੀ (ਚੁੰਬਕੀ) ਦੇ ਕਰਾਮਾਤੀ ਜੌਹਰ ਰਾਹੀਂ ਸਿਰਫ ਉਸ ਦਿਨ ਹੀ ਤੱਕਿਆ ਸੀ ਜਿਹੜਾ ਕਿ ਸੈਦ ਖਾਨ ਦੇ ਲਫਜਾਂ ਨੂੰ ਸੱਚ ਦੀ ਸਹੀ ਸ਼ਕਲ ਦੇ ਰਿਹਾ ਸੀ।
ਅੰਤ ਵਿੱਚ ‘ਡਾਕਟਰ ਆਰ. ਸੀ. ਮਜੂਮਦਾਰ’ ਵੱਲੋਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਹੋਏ, ਪੇਸ਼ ਕਰਨਾ ਉਚਿਤ ਸਮਝਾਂਗੇ ਉਹ ਲਿਖਦੇ ਹਨ ‘ਮੈ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਤ ਸੀ। ਜਿੱਥੇ ਮੈਂ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉੱਚਤਾ ਦਾ ਪ੍ਰਸੰਸਕ ਸੀ ਉੱਥੇ ਮੈਂ ਖਾਸ ਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ। ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ-ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਉਹਨਾਂ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ। ਜਿੱਥੇ ਅਕਬਰ ਵਰਗਾ ਸਮਰਾਟ ਫੇਲ੍ਹ ਹੋ ਗਿਆ ਉੱਥੇ ਗੁਰੂ ਜੀ ਸਫਲ ਹੋ ਗਏ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਹਨਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18 ਵੀਂ ਤੇ ਉਨੀਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ।’
ਲੇਖ ਖ਼ਤਮ ਕਰਨ ਤੋਂ ਪਹਿਲਾਂ ਉਸ ਮਹਾਨ ਸਰਬੰਸਦਾਨੀ ਗੁਰੂ ਦੇ ਬਹੁ ਪੱਖੀ ਜੀਵਨ ਦੇ ਅਣਗਿਣਤ ਗੁਣਾਂ ਦਾ ਕੁੱਝ ਸੰਖੇਪ ਸ਼ਬਦਾਂ ਵਿੱਚ ਵਰਣਨ ਕਰਨਾ ਠੀਕ ਹੋਵੇਗਾ। ਗੁਰੂ ਜੀ ਪੈਗੰਬਰ, ਮੁਕਤੀਦਾਤਾ, ਰੱਖਿਅਕ, ਸੰਤ, ਭਗਤ, ਕਵੀ, ਲਿਖਾਰੀ, ਸਕਾਲਰ (ਜਾਣਨਹਾਰ), ਸੁਧਾਰਕ, ਵਿਦਵਾਨ, ਪਰਉਪਕਾਰੀ, ਰੂਹਾਨੀ ਆਗੂ, ਵੰਡ ਛਕਣ ਵਾਲਾ, ਗ਼ਰੀਬ ਨਿਵਾਜ, ਕਈ ਬੋਲੀਆਂ ਦਾ ਮਾਹਰ, ਜਥੇਦਾਰ, ਜਰਨੈਲ, ਨੀਤੀਵਾਨ, ਸਹਿਨਸ਼ੀਲ, ਨਿਮਰਤਾ ਦੇ ਪੁੰਜ, ਮਰਯਾਦਾ ਪ੍ਰਸ਼ੋਤਮ, ਜਿੰਦਾ ਦਿਲ, ਸੰਤ ਸਿਪਾਹੀ, ਸਿਧ ਯੋਗੀ, ਤੀਰ ਅੰਦਾਜ਼, ਘੋੜ ਸਵਾਰ, ਤਲਾਵਰ ਦੇ ਧਨੀ, ਮਾਇਆ ਵਿੱਚ ਉਦਾਸ, ਸਫਲ ਆਗੂ, ਨਿਰਵੈਰ, ਨਿਡਰ ਆਦਿ ਕਈ ਗੁਣਾਂ ਦੇ ਮਾਲਕ ਸਨ। ਸੋ ਭਾਈ ਮਨੀ ਸਿੰਘ ਜੀ ਅਨੁਸਾਰ ‘ਮਨੀ ਸਿੰਘਾ ਕਾਣ ਨ ਕਾਹੂੰ ਦੀ, ਜਿਸ ਦੇ ਸਿਰ ਤੇ ਕਲਗੀਆਂ ਵਾਲਾ।’ ਤੇ ‘ਨਨੂਆਂ’ ਜੀ ਵਾਂਗ ਆਉ ਸਾਰੇ ਆਖੀਏ, ‘ਤੇਰੇ ਚਰਨਾਂ ਦੀ ਮਿੱਟੀ ਸਾਡੇ ਸਿਰ ਦਾ ਤਾਜ ਹੋ।’
ਅਖੀਰ ਵਿੱਚ ਡਾਕਟਰ ‘ਆਰ ਸੀ ਮਜੁਮਦਾਰ’ ਵਲੋਂ, ਜਿਨ੍ਹਾਂ ਮੁਤਾਬਕ ਭਾਰਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨਮੰਦ ਹੋ ਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ, ਤਾਂ ਜੋ ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨ ‘ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਨੱਤ ਹੋਤੀ ਸਭ ਕੀ।’ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਏ ਸਨ, ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ, ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵੱਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ, ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ, ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ ‘‘ਅਕਿਰਤਘਣੈ ਕਉ ਰਖੈ ਨ ਕੋਈ; ਨਰਕ ਘੋਰ ਮਹਿ ਪਾਵਣਾ ॥੭॥’’ (ਮਹਲਾ ੫/੧੦੮੬) ਭਾਵ ਕੀਤੇ ਗਏ ਉਪਕਾਰਾਂ ਨੂੰ ਭੁਲਾਉਣ ਵਾਲੀ ਮੰਦੀ-ਕਪਟੀ ਸੋਚ ਨਰਕ ਵੱਲ ਲੈ ਜਾ ਰਹੀ ਹੈ ਫਿਰ ਵੀ ਤੁੱਛ ਬੁੱਧੀ ਲੋਕਾਂ ਵੱਲੋਂ ਇਸ ਨੂੰ ਅਪਣਾਇਆ ਹੋਇਆ ਹੈ।