ਭਗਤ ਰਵਿਦਾਸ ਜੀ ਦੀ ਸੰਖੇਪ ਜੀਵਨ-ਝਲਕ
ਗਿਆਨੀ ਅਮਰੀਕ ਸਿੰਘ ਜੀ-98156-63344
ਸੰਸਾਰ ਅੰਦਰ ਜੀਵਨ ਦੇ ਚਾਰ ਪ੍ਰਮੁੱਖ ਪੱਖ ਹਨ- ਪਹਿਲਾ ਸਮਾਜਿਕ; ਦੂਜਾ ਆਰਥਿਕ; ਤੀਜਾ ਰਾਜਨੀਤਕ; ਚੌਥਾ ਧਾਰਮਿਕ। ਇਹਨਾਂ ਚਾਰਾਂ ਪੱਖਾਂ ਵਿੱਚੋਂ ਜਿਹੜਾ ਕਿਸੇ ਇਕ ਪੱਖ ਕਰਕੇ ਵੀ ਆਪਣੇ ਆਪ ਨੂੰ ਆਮ ਪਰੰਪਰਾਵਾਂ ਤੋਂ ਉੱਚਾ ਚੁੱਕ ਲੈਂਦਾ ਹੈ, ਅਜਿਹੇ ਲੋਕਾਂ ਨੂੰ ਹੀ ਇਤਿਹਾਸ ਆਪਣੀ ਬੁੱਕਲ ਵਿੱਚ ਥਾਂ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਜੀਵਨ ਧਾਰਮਿਕ ਪੱਖ ਤੋਂ ਇੰਨੀ ਉੱਚੀ ਬੁਲੰਦੀ ਨੂੰ ਛੁਹ ਗਿਆ ਕਿ ਰੱਬ ਨੂੰ ਵੀ ਪ੍ਰੇਮ ਬੰਧਨ ਵਿੱਚ ਬੰਨ੍ਹ ਲਿਆ। ਸਾਚੀ ਪ੍ਰੀਤ ਨੇ ਸਾਰੇ ਭੇਦ ਭਾਵ ਮਿਟਾ ਦਿੱਤੇ, ਉਹਨਾਂ ਦੀ ਰਸਨਾ ਤੋਂ ਉਚਾਰੇ ਚਾਲ੍ਹੀ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਸ਼ਾਮਿਲ ਹੋ ਕੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ॥’’ ਦਾ ਦਰਜਾ ਪ੍ਰਾਪਤ ਕਰ ਗਏ ਹਨ।
ਇਤਿਹਾਸ ਪੱਖੋਂ ਭਾਵੇਂ ਬਹੁਤੀ ਸਾਮੱਗਰੀ ਉਪਲਬਧ ਨਹੀਂ, ਪਰ ਫਿਰ ਵੀ ਕੁਝ ਕੁ ਇਤਿਹਾਸਕ ਅੱਖਰਾਂ ਵਿੱਚੋਂ ਅਤੇ ਉਹਨਾਂ ਦੇ ਆਪਣੇ ਉਚਾਰੇ ਅੰਮ੍ਰਿਤਮਈ ਬੋਲਾਂ ਵਿੱਚੋਂ ਜੋ ਕੁਝ ਪ੍ਰਾਪਤ ਹੁੰਦਾ ਹੈ, ਉਸ ਅਨੁਸਾਰ ਆਪ ਜੀ ਦਾ ਪ੍ਰਕਾਸ਼ ਅਸਥਾਨ ਬਨਾਰਸ ਦਾ ਇਲਾਕਾ ਹੈ। ਕਾਰੋਬਾਰ ਚਮੜੇ ਦਾ ਹੋਣ ਕਰਕੇ ਜਾਤੀ ਚਮਾਰ ਸੀ। ਅਕਸਰ ਰੱਬੀ ਰੂਹਾਂ ਵਾਂਗ ਇਹਨਾਂ ਨੇ ਵੀ ਗਰੀਬੀ ਦੇ ਪੰਘੂੜੇ ਵਿੱਚ ਹੀ ਰੱਬੀ ਮੌਜ ਨੂੰ ਮਾਣਿਆ। ਸਮੇਂ ਦੇ ਅਖੌਤੀ ਧਰਮੀਆਂ ਨੇ ਧਰਮ ਨੂੰ ਆਪਣੀ ਹੀ ਵਿਰਾਸਤ ਸਮਝਣ ਕਰਕੇ ਬਹੁਤ ਹੀ ਵਿਰੋਧਤਾ ਕੀਤੀ। ਜਾਤੀ ਹੰਕਾਰੀ ਵੀ ਆਪ ਜੀ ਦੀ ਹੋਂਦ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹੇ, ਪਰ ਜਿਨ੍ਹਾਂ ਦੀਆਂ ਪ੍ਰੀਤਾਂ ਹੀ ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ..॥’’ ਨਾਲ ਪੈ ਗਈਆਂ ਹੋਣ, ਫਿਰ ਉਨ੍ਹਾਂ ਦੀ ਪ੍ਰਤਿਭਾ ਨੂੰ ਮਿਟਾਉਣ ਵਾਲੇ ਤਾਂ ਮਿੱਟ ਜਾਂਦੇ ਹਨ, ਪਰ ਉਹ ਸਦਾ ਲਈ ਅਮਿੱਟ ਹੋ ਜਾਂਦੇ ਹਨ।
ਮਾਤਾ ਪਿਤਾ ਨੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਆਪ ਜੀ ਦੀ ਸ਼ਾਦੀ ਕਰ ਦਿੱਤੀ। ਇਸ ਜ਼ਿੰਮੇਵਾਰੀ ਦਾ ਭਾਰ ਬਾਖੂਬੀ ਉਠਾਉਂਦਿਆਂ ਹੋਇਆਂ ਵੀ ਆਪਣੇ ਸੁਨਹਿਰੀ ਸਿਧਾਂਤਾਂ ਵਿੱਚ ਕੋਈ ਤਬਦੀਲੀ ਨਾ ਕੀਤੀ। ਮਾਇਆ ਦੀ ਦੁਨੀਆਂ ਨੇ ਕਈ ਕੌਤਕ ਦਰਸਾਏ, ਪਰ ਆਖਿਰ ਦਾਸੀ ਬਣ ਕੇ ਹੀ ਰਹਿਣਾ ਪਿਆ ਭਾਵ ਮਾਇਆ ਵੀ ਕੁਝ ਨਾ ਕਰ ਸਕੀ।
ਜਿੱਥੇ ਹੰਕਾਰੀ, ਕੱਟੜ ਲੋਕ ਆਪ ਜੀ ਦੀ ਵਿਰੋਧਤਾ ਵਿੱਚ ਹੀ ਲੱਗੇ ਰਹੇ ਅਤੇ ਨੇੜੇ ਰਹਿ ਕੇ ਵੀ ਖਾਲੀ ਰਹਿ ਗਏ, ਉੱਥੇ ਦੂਜੇ ਪਾਸੇ ਦੂਰੋਂ ਦੂਰੋਂ ਰਾਜੇ ਰਾਣੀਆਂ ਵੀ ਆਪ ਜੀ ਦੇ ਦਰ ਤੋਂ ਸੱਚੀ ਸਿੱਖਿਆ ਪ੍ਰਾਪਤ ਕਰਕੇ ਆਪ ਜੀ ਦੇ ਸੇਵਕ ਬਣ ਕੇ ਜੀਵਨ ਦੀਆਂ ਸਿਖਰਾਂ ਨੂੰ ਛੂਹ ਗਏ। ਇਨ੍ਹਾਂ ਵਿੱਚੋਂ ਰਾਣਾ ਸਾਂਗਾ ਦੀ ਪਤਨੀ, ਜੋ ਚਿਤੌੜ ਦੇ ਇਲਾਕੇ ਦਾ ਮੁਖੀਆ ਸੀ, ਕੁਝ ਪੰਡਿਤਾਂ ਨਾਲ ਤੀਰਥ ਯਾਤਰਾ ਕਰਦੀ ਹੋਈ ਜਦੋਂ ਨਿਰਾਸਤਾ ਵਿੱਚ ਹੀ ਭਟਕ ਰਹੀ ਸੀ ਤਾਂ ਉਸ ਦੀ ਤਸੱਲੀ ਰਵਿਦਾਸ ਜੀ ਮਹਾਰਾਜ ਕੋਲ ਆ ਕੇ ਹੀ ਹੋਈ, ਗੁਰੂ ਧਾਰਨ ਕਰਕੇ ਜਦੋਂ ਉਹ ਵਾਪਸ ਮੁੜੀ ਤਾਂ ਜਿਹੜੇ ਉੱਚ ਜਾਤੀਏ ਲੋਕ ਤੀਰਥਾਂ ਦੀ ਯਾਤਰਾ ਦੇ ਨਾਂ ’ਤੇ ਮਨੁੱਖਤਾ ਨੂੰ ਲੁੱਟ ਰਹੇ ਸਨ, ਉਹ ਕਿਵੇਂ ਬਰਦਾਸ਼ਤ ਕਰਦੇ। ਉਨ੍ਹਾਂ ਦੀ ਸ਼ਿਕਾਇਤ ’ਤੇ ਜਦੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਸੱਚ ਦਾ ਨਿਤਾਰਾ ਕੀਤਾ ਤਾਂ ਰਾਣੀ ਦੇ ਗੁਰੂ ਦਾ ਦਰਸਾਇਆ ਸੱਚ; ਕੂੜ ਦੇ ਪਾਜ ਖੋਲ੍ਹਦਾ ਹੋਇਆ ਜਿੱਤ ਪ੍ਰਾਪਤ ਕਰ ਗਿਆ: ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥’’ (ਭਗਤ ਰਵਿਦਾਸ/੧੨੯੩)
16 ਰਾਗਾਂ ਵਿੱਚ ਆਏ ਚਾਲ੍ਹੀ ਸ਼ਬਦਾਂ ਵਿੱਚੋਂ ਇਨ੍ਹਾਂ ਦੀ ਜਿਹੜੀ ਸ਼ਖ਼ਸੀਅਤ ਉਭਰ ਕੇ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਆਪ ਜੀ ਇਕ ਨਿਰਗੁਣ (ਅਦ੍ਰਿਸ਼ ਸ਼ਕਤੀ ਦੀ) ਭਗਤੀ ਭਾਵ ਦੇ ਰਾਹ ਨੂੰ ਅਪਣਾ ਕੇ ਸੱਚੀ ਪ੍ਰੀਤ ਦਾ ਸਦਕਾ ਹਰੇਕ ਫਰਕ ਮਿਟਾ ਕੇ ਪਰਮੇਸ਼ਰ ਰੂਪ ਹੋ ਗਏ ਹਨ। ਅਨੇਕਾਂ ਭੁੱਲੇ-ਭਟਕਿਆਂ ਨੂੰ ਸਗੋਂ ਵਕਤੀ ਰਮਜ਼ਾਂ ਨਾਲ ਸਮਝਾਉਂਦੇ ਰਹੇ ਕਿ ਗੰਗਾ ਆਦਿਕ ਦੇ ਇਸ਼ਨਾਨ, ਠਾਕੁਰਾਂ ਦੀ ਪੂਜਾ ਦਾ ਪਾਖੰਡ, ਝੂਠੀਆਂ ਆਰਤੀਆਂ ਦੇ ਢਕੌਂਸਲੇ ਇਹ ਸਭ ਕੁਝ ਰੱਬ ਤੋਂ ਦੂਰ ਤਾਂ ਕਰ ਸਕਦਾ ਹੈ, ਪਰ ਨੇੜਤਾ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਸੰਸਾਰਿਕ ਵਿੱਦਿਆ ਪ੍ਰਾਪਤੀ ਦਾ ਸੰਕੇਤ ਭਾਵੇਂ ਕਿਧਰੋਂ ਵੀ ਪ੍ਰਾਪਤ ਨਹੀਂ ਹੁੰਦਾ, ਪਰ ਫਿਰ ਵੀ ਆਪ ਜੀ ਵੱਲੋਂ ਉਚਾਰੇ ਅੰਮ੍ਰਿਤ ਬਚਨਾਂ ਵਿੱਚ ਪੰਡਿਤਾਈ ਵਾਲੀਆਂ ਗੁੰਝਲਾਂ ਦੀ ਥਾਂ ਸਾਦਗੀ ਭਰਪੂਰ ਹੈ, ਪਰ ਹਰ ਬਚਨ ਪਾਰਬ੍ਰਹਮ ਦੇ ਰਹੱਸ ਦਾ ਭੇਦ ਖੋਲ੍ਹ ਕੇ ਆਤਮਾ ਨੂੰ ਪ੍ਰਮਾਤਮਾ ਦੇ ਮਿਲਾਪ ਲਈ ਚਾਅ ਪੈਦਾ ਕਰਦਾ ਹੈ।
ਕਬੀਰ ਸਾਹਿਬ ਜੀ ਦੇ ਸਲੋਕ ਬਾਣੀ ਵਿੱਚ ਅੰਕਿਤ ਹਨ। ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਇਕ ਅਦਭੁੱਤ ਗੱਲ ਹੈ ਕਿ ਕਬੀਰ ਸਾਹਿਬ ਨੇ 212 ਅਤੇ 213 ਨੰਬਰ ਸਲੋਕਾਂ ਵਿੱਚ ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੀ ਵਾਰਤਾ ਦਾ ਜ਼ਿਕਰ ਕੀਤਾ ਹੈ, ਜਦ ਕਿ ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੀ ਆਪਣੀ ਬਾਣੀ ਵੀ ਸ਼ਾਮਿਲ ਹੈ, ਪਰ ‘‘ਨਾਮਾ ਮਾਇਆ ਮੋਹਿਆ..॥’’ ਵਾਲੇ ਤੇ ‘‘ਹਾਥ ਪਾਉ ਕਰਿ ਕਾਮੁ ਸਭੁ..॥’’ ਵਾਲੇ ਦੋ ਸਲੋਕ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਹਨ, ਪਰ ਇਸ ਵਿੱਚ ਵਾਰਤਾ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੀ ਹੈ। ਇਸੇ ਤਰ੍ਹਾਂ 242 ਨੰਬਰ ਸਲੋਕ ਭਾਵ ਸਮਾਪਤੀ ਦੇ ਇਕ ਸਲੋਕ ਤੋਂ ਪਹਿਲਾਂ, ਜੋ ਸਲੋਕ ਦਰਜ ਹੈ, ਉਹ ਹੈ:
‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)
ਇਹ ਸਲੋਕ ਰਵਿਦਾਸ ਜੀ ਮਹਾਰਾਜ ਦਾ ਨਹੀਂ ਬਲਕਿ ਯਾਦ ਰੱਖਣਯੋਗ ਗੱਲ ਹੈ ਕਿ ਇਹ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਹੈ ਪਰ ਵੀਚਾਰ ਰਵਿਦਾਸ ਮਹਾਰਾਜ ਜੀ ਦਾ ਪ੍ਰਗਟ ਕਰ ਰਹੇ ਹਨ।
ਵਿਦਵਾਨਾਂ ਦੀ ਬਹੁਮਤਿ ਅਨੁਸਾਰ ਭਗਤ ਰਵਿਦਾਸ ਜੀ ਦਾ ਜਨਮ 1376 ਈ: ਦਾ ਹੈ ਅਤੇ 1491 ਈ: ਵਿੱਚ ਜੋਤੀ ਜੋਤਿ ਸਮਾਉਣ ਕਰਕੇ ਸਰੀਰਕ ਜੀਵਨ ਯਾਤਰਾ ਦਾ ਕੁਲ ਸਮਾਂ ਲਗਪਗ 115 ਸਾਲ ਦੇ ਨੇੜੇ ਜਾ ਪਹੁੰਚਦਾ ਹੈ। ਇਹ ਸਰੀਰਕ ਜਾਮੇ ਦੀ ਗੱਲ ਹੈ, ਪਰ 1604 ਈ: ਨੂੰ ਆਪ ਜੀ ਦੇ ਇਨ੍ਹਾਂ 40 ਸ਼ਬਦਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕਰਕੇ ਸਦੀਵ ਕਾਲ ਲਈ ਅਮਰ ਕਰ ਦਿੱਤਾ। ਹੁਣ ਇਨ੍ਹਾਂ ਬਚਨਾਂ ਦਾ ਪ੍ਰਕਾਸ਼ ਦਿਵਸ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਤਾਂ ਮਨਾਇਆ ਜਾਂਦਾ ਹੈ, ਪਰ ਕਦੇ ਅੰਤਿਮ ਦਿਨ ਨਹੀਂ ਮਨਾਇਆ ਜਾਂਦਾ ਤੇ ਨਾ ਹੀ ਮਨਾਇਆ ਜਾਏਗਾ।