ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ

0
586

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ – ਪ੍ਰੋਫੈਸਰ ਸਾਹਿਬ ਸਿੰਘ – (ਧੰਨਵਾਦ ਸਹਿਤ ‘ਪੰਜ ਦਰਿਆ’ ਸੰਨ 1941 ਈ: ਵਿਚੋਂ)

ਇਕ ਅਕਾਲ ਪੁਰਖ ਉੱਤੇ ਟੇਕ ਰੱਖਣ ਵਾਲੇ ਮਹਾਂ-ਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਇਹ ਖਿਆਲ ਚੱਲ ਪੈਣਾ ਕਿ ਉਨਾਂ ਨੇ ਦੁਰਗਾ ਜਾਂ ਕਾਲਕਾ ਦੇਵੀ ਦੀ ਪੂਜਾ ਕੀਤੀ, ਦੇਵੀ ਨੂੰ ਪ੍ਰਗਟ ਕੀਤਾ, ਇਕ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਪਰ ਇਹ ਖਿਆਲ ਆਰੰਭ ਕਿਵੇਂ ਹੋਇਆ ? ਭਾਈ ਸੁੱਖਾ ਸਿੰਘ ਇਕ ਕਵੀ ਹੋਇਆ ਹੈ, ਜਿਸ ਨੇ ਸ੍ਰੀ ਗੁਰੂ ਦਸਮ ਪਾਤਸਾਹ ਜੀ ਦਾ ‘ਗੁਰ ਬਿਲਾਸ’ ਲਿਖਿਆ ਸੀ। ਇਹ ਕਿਤਾਬ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਵਣ ਤੋਂ 100 ਸਾਲ ਪਿੱਛੋਂ ਲਿਖੀ ਗਈ ਸੀ। ਇਸ ਵਿਚ ਭਾਈ ਸੁੱਖਾ ਸਿੰਘ ਨੇ ਲਿਖਿਆ ਕਿ ਸਤਿਗੁਰੂ ਜੀ ਨੇ ਸੰਮਤ 1756 (ਸੰਨ 1699 ਈ.) ਵਿਚ ‘ਖਾਲਸਾ’ ਸਾਜਣ ਤੋਂ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ। ਇਕ ਵਾਰੀ ਇਕ ਸਾਖੀ ਘੜੀ ਗਈ, ਫਿਰ ਤਾਂ ਉਸ ਤੋਂ ਪਿੱਛੋਂ ਦੇ ਲਿਖਾਰੀਆਂ ਨੇ ਵੀ ਇਹੀ ਗੱਲ ਸੁਤੇ ਹੀ ਲਿਖ ਦੇਣੀ ਸੀ। ਸੋ, ਭਾਈ ਸੰਤੋਖ ਸਿੰਘ ਨੇ ਆਪਣੀ ਪੁਸਤਕ ‘ਗੁਰ ਪ੍ਰਤਾਪ ਸੂਰਜ ਪ੍ਰਕਾਸ’ ਵਿਚ ਭੀ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕੀਤੀ। ਫੇਰ ਵਾਰੀ ਆਈ ਬਾਵਾ ਸੁਮੇਰ ਸਿੰਘ ਦੀ, ਇਨਾਂ ਭੀ ‘ਗੁਰ ਬਿਲਾਸ’ ਲਿਖਿਆ ਤੇ ਇਹੀ ਗੱਲ ਦਰਜ ਕੀਤੀ। ਇਸ ਤੋਂ ਪਿੱਛੋਂ ਗਿਆਨੀ ਗਿਆਨ ਸਿੰਘ ਨੇ ਪੁਸਤਕ ‘ਪੰਥ ਪ੍ਰਕਾਸ’ ਵਿਚ ਇਹੀ ਸਾਖੀ ਲਿਖੀ। ਸੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ-ਪੂਜਨ ਦਾ ਜ਼ਿਕਰ ਕਰਨ ਵਾਲੇ ਇਹ ਚਾਰੇ ਸਿੱਖ ਲਿਖਾਰੀ ਸਨ:-

(1). ਭਾਈ ਸੁੱਖਾ ਸਿੰਘ‘ਗੁਰ ਬਿਲਾਸ’।

(2). ਭਾਈ ਸੰਤੋਖ ਸਿੰਘ‘ਗੁਰ ਪ੍ਰਤਾਪ ਸੂਰਜ ਪ੍ਰਕਾਸ’।

(3). ਬਾਵਾ ਸੁਮੇਰ ਸਿੰਘ‘ਗੁਰ ਬਿਲਾਸ’।

(4). ਗਿਆਨੀ ਗਿਆਨ ਸਿੰਘ‘ਪੰਥ ਪ੍ਰਕਾਸ’।

ਇਹ ਚਾਰੇ ਪੁਸਤਕ ਤਾਂ ਹਨ ‘ਕਵਿਤਾ’ ਵਿਚ। ਇਨਾਂ ਤੋਂ ਛੁੱਟ, ‘ਵਾਰਤਕ’ ਵਿਚ ‘ਦੇਵੀ-ਪੂਜਨ’ ਸੰਬੰਧੀ ਕੀਤੇ ਗਏ ‘ਹਵਨ’ ਦਾ ਜ਼ਿਕਰ ਗਿ. ਗਿਆਨ ਸਿੰਘ ਨੇ ਪੁਸਤਕ ‘ਤਵਾਰੀਖ ਖਾਲਸਾ’ ਤੇ ਮੈਕਾਲਿਫ ਨੇ ‘ਸਿੱਖ ਰਿਲਿਜਨ’ ਵਿਚ ਕੀਤਾ ਹੈ।

ਆਓ, ਹੁਣ ਇਨਾਂ ਸਾਰਿਆਂ ਨੂੰ ਵਾਰੋ ਵਾਰੀ ਲੈ ਕੇ ਵੇਖੀਏ ਤੇ ਵਿਚਾਰ ਦੀ ਕਸਵੱਟੀ ’ਤੇ ਪਰਖੀਏ ਕਿ ਇਹ ਕਹਾਣੀ ਕਿੱਥੋਂ ਤੱਕ ਠੀਕ ਹੈ। ਉਪਰ ਲਿਖੇ ਚੌਹਾਂ ਲਿਖਾਰੀਆਂ ਨੇ ਦੇਵੀ-ਪੂਜਾ ਦਾ ਪ੍ਰਸੰਗ ਚੰਗੇ ਵਿਸਥਾਰ ਨਾਲ ਲਿਖਿਆ ਹੈ। ਏਸ ਪ੍ਰਸੰਗ ਦੀ ਪੜਚੋਲ ਕਰਨ ਵਾਸਤੇ ਜਦੋਂ ਅਸੀਂ ਏਸ ਨੂੰ ਅੱਡ ਅੱਡ ਹਿੱਸਿਆਂ ਵਿਚ ਨਿਖੇੜਦੇ ਹਾਂ, ਤਾਂ ਹੇਠ ਲਿਖੇ ਅੰਗ ਬਣਦੇ ਹਨ:-

(1). ਹਵਨ ਕਿਤਨਾ ਚਿਰ ਹੁੰਦਾ ਰਿਹਾ ?

(2). ਹਵਨ ਕਰਨ ਵਾਲੇ ਬ੍ਰਾਹਮਣਾਂ ਦੇ ਨਾਮ ਕੀ ਸਨ ?

(3). ਦੇਵੀ ਪ੍ਰਗਟ ਕਰਨ ਲਈ ਸਤਿਗੁਰੂ ਜੀ ਦਾ ਮਨੋਰਥ ਕੀ ਸੀ ?

(4). ਜਦੋਂ ਦੇਵੀ ਪ੍ਰਗਟ ਹੋਈ ਤਾਂ ਉਸ ਦਾ ਰੂਪ ਕੀ ਸੀ ?

(5). ਪ੍ਰਗਟ ਹੋਈ ਦੇਵੀ ਦਾ ਦਰਸ਼ਨ ਕਰਨ ਵੇਲੇ ਸਤਿਗੁਰੂ ਜੀ ਦਾ ਰਵਈਆ ਕੀ ਸੀ ?

(6). ਪ੍ਰਗਟ ਹੋ ਕੇ ਦੇਵੀ ਨੇ ਸਤਿਗੁਰੂ ਜੀ ਪਾਸੋਂ ਕਿਹੜੀ ਭੇਟਾ ਮੰਗੀ ਸੀ ?

(7). ਸਤਿਗੁਰੂ ਜੀ ਉੱਤੇ ਪ੍ਰਸੰਨ ਹੋ ਕੇ ਦੇਵੀ ਉਨਾਂ ਨੂੰ ਕੀ ਦੇ ਗਈ ?

ਇਹ ਉਪਰ ਲਿਖੇ ਅੰਗ ਇਨ੍ਹਾਂ ਚੌਹਾਂ ਲਿਖਾਰੀਆਂ ਦੀ ਲਿਖਤ ਵਿੱਚੋਂ ਟਕਰਾਇਆਂ ਹੇਠ ਲਿਖੀਆਂ ਗੱਲਾਂ ਲੱਭਦੀਆਂ ਹਨ:-

(1). ਹਵਨ ਦਾ ਸਮਾਂ:– ਭਾਈ ਸੁੱਖਾ ਸਿੰਘ ਢਾਈ ਸਾਲ ਹਵਨ ਹੁੰਦਾ ਰਿਹਾ। ਸੰਤੋਖ ਸਿੰਘ-ਪੰਜਵੇਂ ਮਹੀਨੇ ਦੇਵੀ ਸੁਫਨੇ ਵਿਚ ਮਿਲੀ। ਬਾਵਾ ਸੁਮੇਰ ਸਿੰਘ-2 ਸਾਲ। ਗਿ. ਗਿਆਨ ਸਿੰਘ-1 ਸਾਲ।

(2). ਹਵਨ ਕਰਨ ਵਾਲਾ ਬ੍ਰਾਹਮਣ:– ਭਾਈ ਸੁੱਖਾ ਸਿੰਘ-ਉਜੈਨ ਦਾ ਪੰਡਿਤ ਦੱਤਾ ਨੰਦ। ਭਾਈ ਸੰਤੋਖ ਸਿੰਘ-ਕਾਂਸੀ ਦਾ ਪੰਡਿਤ ਕੇਸੋ ਦਾਸ। ਬਾਵਾ ਸੁਮੇਰ ਸਿੰਘ ਗੁਜਰਾਤ ਦਾ ਪੰਡਿਤ ਕਾਲੀਦਾਸ। ਗਿ. ਗਿਆਨ ਸਿੰਘ-ਪੰਡਿਤ ਬਿਸਨ ਪਾਲ ਤੇ ਸ਼ਿਵ ਸੰਕਰ।

(3). ਦੇਵੀ ਪ੍ਰਗਟ ਕਰਨ ਵਿਚ ਸਤਿਗੁਰੂ ਜੀ ਦਾ ਮਨੋਰਥ:– ਭਾਈ ਸੁੱਖਾ ਸਿੰਘ-ਸ਼ਿਕਾਰ ਤੋਂ ਆ ਕੇ ਇਕ ਦਿਨ ਸਤਿਗੁਰੂ ਜੀ ਨੂੰ ਖਿਆਲ ਆਇਆ ਕਿ ਸਿੱਖਾਂ ਵਿਚ ਸੂਰਬੀਰਤਾ ਪੈਦਾ ਕਰਨ ਲਈ ਦੇਵੀ ਪ੍ਰਗਟ ਕੀਤੀ ਜਾਏ। ਭਾਈ ਸੰਤੋਖ ਸਿੰਘ-ਹਿੰਦੂ ਮੁਸਲਮਾਨ ਸ੍ਰੀ ਅਨੰਦਪੁਰ ਵੱਲ ਆਉਂਦੇ ਸਿੱਖਾਂ ਨੂੰ ਦੁੱਖ ਦੇਂਦੇ ਸਨ; ਸਤਿਗੁਰੂ ਜੀ ਨੇ ਸਿੱਖਾਂ ਨੂੰ ਟਾਕਰੇ ’ਤੇ ਤਿਆਰ ਕਰਨ ਲਈ ਇਹ ਉਦਮ ਕੀਤਾ। ਬਾਵਾ ਸੁਮੇਰ ਸਿੰਘ-ਸਤਿਗੁਰੂ ਜੀ ਦੇ ਨਿੱਜ ਦੇ ਕੰਮਾਂ ’ਤੇ ਛਿਪ੍ਰ ਜਾਤੀ ਦੇ ਬ੍ਰਾਹਮਣ ਨੌਕਰ ਸਨ। ਇਨ੍ਹਾਂ ਵਿਚੋਂ ਇਕ ਦੇਵੀ ਦਿੱਤਾ ਪੁਰਾਣਾਂ ਦੀ ਕਥਾ ਸੁਣਾਇਆ ਕਰਦਾ ਸੀ। ਇਕ ਦਿਨ ਉਸ ਨੇ ਭੀਮ ਦੇ ਬਲ ਦੀ ਕਥਾ ਸੁਣਾਈ ਕਿ ਕਿਵੇਂ ਉਹ ਹਾਥੀਆਂ ਨੂੰ ਫੜ੍ਹ ਫੜ੍ਹ ਕੇ ਅਕਾਸ ਵਿਚ ਵਗਾਹ ਮਾਰਦਾ ਸੀ। ਇਹੀ ਬਲ ਸਿੱਖਾਂ ਵਿਚ ਪੈਦਾ ਕਰਨ ਲਈ ਸਤਿਗੁਰੂ ਜੀ ਨੇ ਦੇਵੀ ਦਾ ਅਰਾਧਨ ਕੀਤਾ। ਗਿ. ਗਿਆਨ ਸਿੰਘ-ਇਕ ਦਿਨ ਦੇਵੀ ਦੇ ਪ੍ਰਤਾਪ ਦੀ ਵਾਰਤਾ ਗੁਰੂ ਕੇ ਦਰਬਾਰ ਵਿਚ ਚਲੀ ਪੰਡਿਤ ਆਖਣ ਲੱਗੇ ਹੁਣ ਕਲਿਜੁਗ ਵਿਚ ਪ੍ਰਗਟ ਨਹੀਂ ਹੋ ਸਕਦੀ। ਸਤਿਗੁਰੂ ਜੀ ਨੇ ਪੰਡਿਤਾਂ ਦਾ ਇਹ ਭਰਮ ਦੂਰ ਕਰਨ ਲਈ ਹਵਨ ਆਦਿਕ ਕੀਤਾ।

(4). ਪ੍ਰਗਟ ਹੋਈ ਦੇਵੀ ਦਾ ਰੂਪ:– ਭਾਈ ਸੁੱਖਾ ਸਿੰਘ-ਹੱਥ ਵਿਚ ਸੱਪ ਤੇ ਮਨੁੱਖਾਂ ਦੇ ਸਿਰ। ਭਾਈ ਸੰਤੋਖ ਸਿੰਘ-ਸੇਰ ਤੇ ਸਵਾਰ ਹੋ ਕੇ ਪਹਾੜ ’ਤੇ ਖਲੋ ਗਈ। ਬਾਵਾ ਸੁਮੇਰ ਸਿੰਘ-ਅੱਠਾਂ ਹੱਥਾਂ ਵਿਚ ਅੱਠ ਸ਼ਸਤ੍ਰ। ਗਿ. ਗਿਆਨ ਸਿੰਘ-ਹੱਥਾਂ ਵਿਚ ਦੋ ਸਿਰ।

(5). ਦੇਵੀ ਦੇ ਪ੍ਰਗਟ ਹੋਣ ਵੇਲੇ ਸਤਿਗੁਰੂ ਜੀ ਦਾ ਰਵੱਈਆ:– ਭਾਈ ਸੁੱਖਾ ਸਿੰਘ-ਸਤਿਗੁਰੂ ਜੀ ਨੇ ਵਰ ਮੰਗਿਆ ਕਿ ਪੰਥ ਚਲਾਵਾਂ ਭਾਈ ਸੰਤੋਖ ਸਿੰਘ-ਦੇਵੀ ਦੇ ਪ੍ਰਗਟ ਹੋਣ ’ਤੇ ਸਤਿਗੁਰੂ ਜੀ ਦੀਆਂ ਅੱਖਾਂ ਮਿਟ ਗਈਆਂ। ਦੇਵੀ ਨੇ ਬਚਨ ਕੀਤਾ ਕਿ ਚਾਲੀ ਸਾਲ ਪਿਛੋਂ ਪ੍ਰਤਾਪ ਵਧੇਗਾ। ਬਾਵਾ ਸੁਮੇਰ ਸਿੰਘ-ਦੇਵੀ ਦੇ ਕਹਿਣ ’ਤੇ ਸਤਿਗੁਰੂ ਜੀ ਨੇ ਉਸ ਦੀ ਉਸਤਤ ਵਿਚ ਛੰਦ ਸੁਣਾਏ। ਗਿ. ਗਿਆਨ ਸਿੰਘ-ਪ੍ਰਗਟ ਹੋਈ ਦੇਵੀ ਦੇਖ ਕੇ ਸਤਿਗੁਰੂ ਜੀ ਨੇ ਆਪਣੇ ਆਪ ਛੰਦ ਸੁਣਾਉਣੇ ਸ਼ੁਰੂ ਕਰ ਦਿੱਤੇ।

(6). ਪ੍ਰਗਟ ਹੋ ਕੇ ਦੇਵੀ ਨੇ ਸਤਿਗੁਰੂ ਜੀ ਪਾਸੋਂ ਕਿਹੜੀ ਭੇਟਾ ਮੰਗੀ:– ਭਾਈ ਸੁੱਖਾ ਸਿੰਘ-ਦੇਵੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਹਵਨ ਕਰਨ ਵਾਲੇ ਪੰਡਿਤ ਨੇ ਬਲੀ ਦੇਣ ਵਾਸਤੇ ਸਾਹਿਬਜ਼ਾਦੇ ਮੰਗੇ। ਭਾਈ ਸੰਤੋਖ ਸਿੰਘ-ਦੇਵੀ ਨੇ ਖੁਦ ਭੇਟਾ ਵਜੋਂ ਸੀਸ ਮੰਗੇ, ਸਤਿਗੁਰੂ ਜੀ ਨੇ ਕਈ ਸਿੱਖ ਬਲੀ ਦਿੱਤੇ। ਬਾਵਾ ਸੁਮੇਰ ਸਿੰਘ-ਸਤਿਗੁਰੂ ਜੀ ਨੇ ਇੱਕ ਸਿੱਖ ਸੰਗਤੀਆ ਸਿੰਘ ਦੇ ਹੱਥ ਵੱਢ ਕੇ ਭੇਟ ਕੀਤੇ। ਗਿ. ਗਿਆਨ ਸਿੰਘ-ਸਤਿਗੁਰੂ ਜੀ ਨੇ ਆਪਣੀ ਚੀਚੀ ਦਾ ਲਹੂ ਭੇਟ ਕੀਤਾ।

(7). ਸਤਿਗੁਰੂ ਜੀ ਉੱਤੇ ਪ੍ਰਸੰਨ ਹੋ ਕੇ ਦੇਵੀ ਉਨ੍ਹਾਂ ਨੂੰ ਕੀ ਦੇ ਗਈ:– ਭਾਈ ਸੁੱਖਾ ਸਿੰਘ-ਤਲਵਾਰ। ਭਾਈ ਸੰਤੋਖ ਸਿੰਘ-ਤਲਵਾਰ। ਬਾਵਾ ਸੁਮੇਰ ਸਿੰਘ-ਖੰਡਾ। ਗਿ. ਗਿਆਨ ਸਿੰਘ-ਨਿੱਕੀ ਜਿਹੀ ਕਰਦ।

ਇਨ੍ਹਾਂ ਚੌਹਾਂ ਲਿਖਤਾਂ ਨੂੰ ਟਕਰਾਇਆਂ ਕਿਆ ਅਜੀਬ ਮੌਜ ਦੀ ਗੱਲ ਬਣੀ ਹੈ ਕਿ ਇਹ ਲਿਖਾਰੀ ਕਿਸੇ ਗੱਲ ’ਤੇ ਭੀ ਆਪੋ ਵਿੱਚ ਨਹੀਂ ਮਿਲਦੇ। ਹਰੇਕ ਨੇ ਜੋ ਮੌਜ ਆਈ ਲਿਖ ਦਿੱਤਾ ਹੈ। ਹੁਣ ਇਨ੍ਹਾਂ ਵਿਚੋਂ ਕਿਸ ਨੂੰ ਠੀਕ ਮੰਨੀਏ। ਸਾਰੇ ਤਾਂ ਠੀਕ ਹੋ ਨਹੀਂ ਸਕਦੇ ਤੇ ਇਸ ਤਰ੍ਹਾਂ ਪਾਟੋਧਾੜ ਹੋਣ ਕਰ ਕੇ, ਇਤਿਹਾਸ ਦੇ ਨਿਸਾਨੇ ਤੋਂ, ਇਨ੍ਹਾਂ ਵਿੱਚੋਂ ਕਿਸੇ ਉੱਤੇ ਵੀ ਮਨ ਪਤੀਜ ਨਹੀਂ ਸਕਦਾ। ਇੱਥੇ ਇਕ ਗੱਲ ਹੋਰ ਭੀ ਚੇਤੇ ਰੱਖਣ ਵਾਲੀ ਹੈ ਕਿ ਗਿ. ਗਿਆਨ ਸਿੰਘ ਨੇ ‘ਪੰਥ ਪ੍ਰਕਾਸ’ ਦੀ ਦੂਜੀ ਐਡੀਸਨ ਵਿਚ ਦੇਵੀ ਪ੍ਰਗਟ ਹੋਣ ਦੇ ਪ੍ਰਸੰਗ ਨੂੰ ਆਪ ਹੀ ਰੱਦ ਕਰ ਦਿੱਤਾ ਕਿ ਇਹ ਇਕ ਨਿਰਮੂਲ ਅਫਸਾਨਾ ਹੈ। ਹੁਣ ਰਹਿ ਗਈ ਗਿ. ਗਿਆਨ ਸਿੰਘ ਦੀ ‘ਤਵਾਰੀਖ ਖਾਲਸਾ’ ਤੇ ਮੈਕਾਲਿਫ ਦਾ ‘ਸਿਖ ਰਿਲਿਜਨ’। ਇਹ ਇਕ ਹੋਰ ਖਿਆਲ ਦੱਸਦੇ ਹਨ। ਸਤਿਗੁਰੂ ਜੀ ਨੇ ਪੰਡਿਤਾਂ ਦਾ ਪਾਜ ਉਘੇੜਨਾ ਸੀ। ਹਵਨ ਸ਼ੁਰੂ ਹੋਇਆ, ਚੋਖਾ ਚਿਰ ਹੁੰਦਾ ਰਿਹਾ, ਦੇਵੀ ਨਾਂ ਪ੍ਰਗਟਈ ਪੰਡਿਤਾਂ ਨੂੰ ਗੁਰੂ ਜੀ ਨੇ ਪੁੱਛਿਆ ਤਾਂ ਕਹਿਣ ਲੱਗੇ ਸਭ ਤੋਂ ਉਤਮ ਭੇਟਾ ਦਿਓ। ਫੁਰਮਾਇਆ-ਬ੍ਰਹਮਾਂ ਦੇ ਮੁੱਖ ਤੋਂ ਪੈਦਾ ਹੋਏ ਬ੍ਰਾਹਮਣਾਂ ਤੋਂ ਵਧੀਕ ਉਤਮ ਹੋਰ ਕੌਣ ? ਪੰਡਿਤ ਕੇਸੋ ਦਾਸ ਖਿਸਕ ਗਿਆ। ਸਤਿਗੁਰੂ ਜੀ ਨੇ ਸਾਰੀ ਸਮੱਗਰੀ ਇਕੱਠੀ ਹਵਨ ਵਿਚ ਸੁੱਟ ਦਿੱਤੀ, ਬੜੀ ਉਚੀ ਲਾਟ ਨਿਕਲੀ। ਖਿਸਕੇ ਹੋਏ ਪੰਡਿਤਾਂ ਨੇ ਅਨੰਦਪੁਰ ਜਾ ਧੁਮਾਇਆ ਕਿ ਦੇਵੀ ਪ੍ਰਗਟ ਹੋ ਪਈ। ਪਰ ਸਤਿਗੁਰੂ ਜੀ ਨੇ ਮਿਆਨ ਵਿਚੋਂ ਤਲਵਾਰ ਕੱਢ ਕੇ ਬਚਨ ਕੀਤਾ-ਇਹੀ ਹੈ ਭਵਾਨੀ।

ਇਹ ਸਿੱਖ ਲਿਖਾਰੀ ਤਾਂ ਗੁੰਝਲ ਨੂੰ ਨਿਖੇੜ ਨਹੀਂ ਸਕੇ। ਆਉ, ਸਤਿਗੁਰੂ ਜੀ ਦੇ ਸਮਕਾਲੀ ਸੱਜਣਾ ਤੇ ਅਨਮੱਤੀ ਭਰਾਵਾਂ ਤੋਂ ਪਤਾ ਕੱਢੀਏ। ਸ੍ਰੀ ਕਲਗੀਧਰ ਜੀ ਦੇ ਪਾਸ 52 ਕਵੀ ਰਹਿੰਦੇ ਸਨ। ਇਨ੍ਹਾਂ ਵਿਚੋਂ ਇਕ ਦਾ ਨਾਮ ਸੀ ‘ਸੈਨਾਪਤਿ’। ਇਸ ਕਵੀ ‘ਸੈਨਾਪਤਿ’ ਨੇ ਇਕ ਪੁਸਤਕ ‘ਸ੍ਰੀ ਗੁਰ ਸੋਭਾ’ ਲਿਖੀ ਹੈ ਜੋ ਇਸ ਨੇ ਸੰਮਤ 1758 (ਸੰਨ 1701 ਈ.) ਵਿਚ ਸ਼ੁਰੂ ਕੀਤੀ ਤੇ 1765 (ਸੰਨ 1708 ਈ.) ਤੋਂ ਪਿੱਛੋਂ ਖਤਮ ਕੀਤੀ। ਇਹ ਕਵੀ ਸਤਿਗੁਰੂ ਜੀ ਦੇ ‘ਖਾਲਸਾ’ ਸਾਜਣ ਦਾ ਜ਼ਿਕਰ ਤਾਂ ਕਰਦਾ ਹੈ (ਜੋ ਵਿਸਾਖ ਸੰਮਤ 1756, ਸੰਨ 1699 ਈ. ਵਿਚ ਹੋਇਆ), ਪਰ ਕਿਸੇ ਦੇਵੀ ਦੇ ਪੂਜਣ ਜਾਂ ਹਵਨ ਕਰਨ ਦਾ ਜ਼ਿਕਰ ਨਹੀਂ ਕਰਦਾ। ਸੋ, ਸਤਿਗੁਰੂ ਜੀ ਦੀ ਸੋਭਾ ਕਰਦਾ ਹੋਇਆ ਲਿਖਦਾ ਹੈ:-

‘ਜੈ ਜੈ ਦੇਵ ਕਰਹਿ ਸਭ ਹੀ, ਤਿਹ ਆਨ ਪਰੇ ਗੁਰ ਕੀ ਸਰਣਾ॥’

ਖਾਲਸਾ ਸਾਜਣ ਦਾ ਹਾਲ ਲਿਖਦਿਆਂ ਕਵੀ ਕਹਿੰਦਾ ਹੈ ਕਿ ਸ੍ਰੀ ਅਕਾਲ ਪੁਰਖ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਇਉਂ ਕਿਹਾ:-

‘ਤੁਝੈ ਜੋ ਬਨਾਇਆ। ਸੁ ਏਹੀ ਉਪਾਇਆ। ਕਰਹੁ ਪੰਥ ਮੇਰਾ। ਧਰਮ ਕਾਜ ਕੇਰਾ।’

ਇਹ ਕਵੀ ਕਿਤੇ ਵੀ ਨਹੀਂ ਲਿਖਦਾ ਕਿ ਦੇਵੀ ਨੇ ਕੋਈ ਵਰ ਦਿੱਤਾ। ਸਤਿਗੁਰੂ ਦੇ ਜੁੱਧਾਂ ਦਾ ਜ਼ਿਕਰ ਕਰਦਿਆਂ ਭੀ ‘ਸੈਨਾਪਤਿ’ ਲਿਖਦਾ ਹੈ ਕਿ ‘ਖਾਲਸਾ ਵਾਹਿਗੁਰੂ ਮਨਾਇ’ ਕੇ ਹੱਲਾ ਕਰਦਾ ਸੀ। ਕਿਸੇ ਦੇਵੀ ਦੀ ਪੂਜਾ ਦਾ ਨਾਮ ਨਿਸਾਨ, ਇਹ ਕਵੀ ਨਹੀਂ ਦੱਸਦਾ। ਉਸ ਸਮੇਂ ਇਕ ਹੋਰ ਲਿਖਾਰੀ ਹੋਇਆ ਹੈ, ਜਿਸ ਦਾ ਨਾਮ ਸੀ ਮੁਨਸੀ ‘ਸੁਜਾਨ ਰਾਇ’। ਇਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰ-ਮਹਿਲਾਂ ਦਾ ਸੰਖੇਪ ਜੀਵਨ ਲਿਖਿਆ ਹੈ। ਸੰਮਤ 1752, ਸੰਨ 1695 ਈ. ਵਿਚ ਇਸ ਨੇ ਪੁਸਤਕ ਸ਼ੁਰੂ ਕੀਤੀ ਤੇ ਸੰਮਤ 1755, ਸੰਨ 1698 ਈ. ਵਿਚ ਖਤਮ ਕੀਤੀ। ਸੋ ਮੁਨਸੀ ਸੁਜਾਨ ਰਾਏ ਉਨ੍ਹਾਂ ਦਿਨਾਂ ਵਿਚ ਪੁਸਤਕ ਲਿਖ ਰਿਹਾ ਸੀ, ਜਦੋਂ ਦੇਵੀ ਪ੍ਰਗਟਾਉਣ ਵਾਲਾ ਹਵਨ ਹੁੰਦਾ ਕਿਹਾ ਜਾਂਦਾ ਹੈ। ਪਰ ਸੁਆਦਲੀ ਗੱਲ ਇਹ ਹੈ ਕਿ ਇਹ ਲਿਖਾਰੀ ਭੀ ਕਿਤੇ ਕਿਸੇ ਹਵਨ ਜਾਂ ਦੇਵੀ-ਪੂਜਾ ਦਾ ਜ਼ਿਕਰ ਨਹੀਂ ਕਰਦਾ; ਸਗੋਂ, ਉਹ ਸਿੱਖਾਂ ਦੀ ਬਾਬਤ ਇਉਂ ਲਿਖਦਾ ਹੈ-‘ਇਸ ਸ੍ਰੇਣੀ ਦਾ ਪੂਜਾ ਢੰਗ ਇਹ ਹੈ ਕਿ ਆਪਣੇ ਗੁਰੂ ਦੀ ਬਾਣੀ ਬੜੀ ਸੁਰੀਲੀ ਸੁਰ ਤੇ ਮਨੋਹਰ ਰਾਗ ਵਿਚ ਅਲਾਪਦੇ ਹਨ।’

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਇਕ ਮੁਸਲਮਾਨ ਇਤਿਹਾਸਕਾਰ ਸੀ, ਜਿਸ ਦਾ ਨਾਮ ‘ਮੁਹਸਨ ਫਾਨੀ’ ਸੀ। ਇਸ ਨੇ ਇਕ ਪੁਸਤਕ ‘ਦਬਿਸਤਾਨੇ ਮਜਾਹਬ’ ਲਿਖੀ, ਇਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਈ ਥਾਈਂ ਜ਼ਿਕਰ ਕਰਦਾ ਹੈ। ਇਕ ਵਾਰ ਦੀ ਸਾਖੀ ਇਉਂ ਲਿਖਦਾ ਹੈ-ਗੁਰੂ ਹਰਿਗੋਬਿੰਦ ਸਾਹਿਬ ਪਹਾੜ ’ਤੇ ਸੈਰ ਵਾਸਤੇ ਗਏ। ਇਨ੍ਹਾਂ ਦੇ ਨਾਲ ਇਕ ਸਿੱਖ ਸੀ, ਜਿਸ ਦਾ ਨਾਮ ‘ਫੇਰੂ’ ਸੀ। ਇਕ ਦਿਨ ਇਹ ਸਿੱਖ ਇਕੱਲਾ ਕਿਸੇ ਦੇਵੀ ਦੇ ਮੰਦਰ ਵਿਚ ਚਲਾ ਗਿਆ; ਉਥੇ ਦੇਵੀ ਦੀ ਮੂਰਤੀ ਬਣੀ ਸੀ। ‘ਫੇਰੂ’ ਨੇ ਉਸ ਦਾ ਨੱਕ ਕੱਟ ਦਿੱਤਾ। ਰਿਆਸਤ (ਬਿਲਾਸਪੁਰ) ਦੇ ਰਾਜੇ ਤਾਰਾ ਚੰਦ ਦੇ ਸਿਪਾਹੀਆਂ ਨੇ ਇਸ ਨੂੰ ਫੜ੍ਹ ਕੇ ਸਤਿਗੁਰੂ ਜੀ ਦੇ ਪੇਸ਼ ਕੀਤਾ। ਸਤਿਗੁਰੂ ਜੀ ਨੇ ਪੁੱਛਿਆ, ਤਾਂ ਕਹਿਣ ਲੱਗਾ ਕਿ ਦੇਵੀ ਆਪੇ ਦੱਸੇਗੀ। ਸਿਪਾਹੀਆਂ ਨੇ ਕੋਲੋਂ ਆਖਿਆ ਭਲਾ ਦੇਵੀ ਕਿਵੇਂ ਦੱਸੇ ? ਫੇਰੂ ਨੇ ਉਨ੍ਹਾਂ ਨੂੰ ਉਤਰ ਦਿੱਤਾ ਕਿ ਜੇ ਦੇਵੀ ਇਤਨੀ ਗੱਲ ਭੀ ਨਹੀਂ ਦੱਸ ਸਕਦੀ ਤਾਂ ਤੁਹਾਨੂੰ ਕਿਵੇਂ ਬਚਾਵੇਗੀ। ਮੁਹਸਨ ਫਾਨੀ ਦਾ ਇਸ ਸਾਖੀ ਦੇ ਲਿਖਣ ਵਿਚ ਭਾਵ ਇਹ ਹੈ ਕਿ ‘ਫੇਰੂ’ ਨੇ ਇਹ ਕੰਮ ਤਾਂ ਹੀ ਕੀਤਾ ਜੇ ਉਸ ਦਾ ਗੁਰੂ ਦੇਵੀ-ਪੂਜਾ ਦੇ ਵਿਰੁੱਧ ਹੀ ਸੀ। ਇਕ ਹੋਰ ਮੁਸਲਮਾਨ ਇਤਿਹਾਸਕਾਰ (ਮੁਨਸੀ ਗੁਲਾਮ ਮੁਹਈਉਦੀਨ) ਲਿਖਦਾ ਹੈ-‘ਵ ਸਿਵਾਇ ਅਜ ਗੁਰੂ ਨਾਨਕ ਵ ਖਿਲਫਾਇ ਊ ਬ-ਦੀਗਰ ਅਜ ਸਨਾ ਵੇਦ ਹਕੂਦ ਮਸਲ ਰਾਮ ਕ੍ਰਿਸਨ ਵ ਬ੍ਰਹਮਾ ਵ ਦੇਵੀ ਇਹਤਕਾਦ ਨ ਨਮਾਯੰਦ।’ ਭਾਵ ਦਸ ਗੁਰੂਆਂ ਤੋਂ ਬਿਨਾਂ ਕਿਸੇ ਰਾਮ, ਕ੍ਰਿਸਨ, ਬ੍ਰਹਮਾਂ ਜਾਂ ਦੇਵੀ ਵਿਚ ਸਿੱਖ ਸ਼ਰਧਾ ਨਹੀਂ ਰੱਖਦੇ।

ਹੁਣ ਸੁਆਲ ਇਹ ਉੱਠਦਾ ਹੈ ਕਿ ਜੇ ਸਤਿਗੁਰੂ ਜੀ ਦੇ ਸਮਕਾਲੀ ਲਿਖਾਰੀ ਤੇ ਮੁਸਲਮਾਨ ਇਤਿਹਾਸਕਾਰ ਭੀ ਕਿਸੇ ਦੇਵੀ-ਪੂਜਾ ਦਾ ਜ਼ਿਕਰ ਨਹੀਂ ਕਰਦੇ, ਤਾਂ ਸਿੱਖ ਇਤਿਹਾਸਕਾਰਾਂ ਨੇ ਇਹ ਕਹਾਣੀ ਕਿੱਥੋਂ ਛੋਹ ਲਈ  ?

ਅਸੀਂ ਪਿੱਛੇ ਵੇਖ ਆਏ ਹਾਂ ਕਿ ਭਾਈ ਸੁੱਖਾ ਸਿੰਘ ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਤੋਂ 100 ਸਾਲ ਪਿੱਛੋਂ ਇਹ ਸਾਖੀ ਲਿਖਦਾ ਹੈ। ਇਤਨੇ ਚਿਰ ਵਿਚ ਗੁਆਂਢੀ ਹਿੰਦੂ ਕੌਮ ਦੀ ਬੁੱਤ ਪੂਜਾ ਦਾ ਅਸਰ ਸਿੱਖ ਲਿਖਾਰੀਆਂ ਉੱਤੇ ਹੋ ਜਾਣਾ ਕੋਈ ਕਠਿਨ ਗੱਲ ਨਹੀਂ ਜਾਪਦੀ ਭਾਵ ਗੁਰੂ ਸਾਹਿਬ ਜੀ ਦੁਆਰਾ ਦੇਵੀ ਪ੍ਰਗਟ ਕਰਨ ਵਾਲੀ ਸਾਖੀ ਮਨਘੜਤ ਤੇ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ, ਕਿਸੇ ਪੰਥ ਦੋਖੀ ਨੇ ਅਜਿਹੀ ਸੋਚ ਸਿੱਖਾਂ ਵਿੱਚ ਪ੍ਰਚਲਿਤ ਕੀਤੀ ਹੈ।