੬ ਕੱਤਕ ਬਨਾਮ ਕੱਤਕ ਵਦੀ ੯

0
11

ਗੁਰਿਆਈ ਦਿਵਸ ਗੁਰੂ ਹਰਿਕ੍ਰਸ਼ਨ ਸਾਹਿਬ ਜੀ

੬ ਕੱਤਕ ਬਨਾਮ ਕੱਤਕ ਵਦੀ ੯

 ਸਰਬਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦੇ ਸਾਰੇ ਵਸੀਲੇ ਇਕ ਮੱਤ ਹਨ ਕਿ ਗੁਰੂ ਹਰਿਰਾਇ ਜੀ ੬ ਕੱਤਕ, ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ ਨੂੰ ਜੋਤੀ ਜੋਤ ਸਮਾਏ ਸਨ। ਇਸ ਦਿਨ ਹੀ ਗੁਰੂ ਹਰਿਕ੍ਰਸ਼ਨ ਜੀ ਗੁਰਤਾ ਗੱਦੀ ’ਤੇ ਬਿਰਾਜਮਾਨ ਹੋਏ ਸਨ। ਅੰਗਰੇਜ਼ਾਂ ਦੇ ਭਰਤ ’ਚ ਆਉਣ ਤੋਂ ਪਿਛੋਂ ਜਦੋਂ ਅੰਗਰੇਜ਼ੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ 6 ਅਕਤੂਬਰ 1661 ਈ: (ਜੂਲੀਅਨ) ਲਿਖੀ ਗਈ।

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਇਨ੍ਹਾਂ ਦੋਵਾਂ ਤਾਰੀਖਾਂ ਬਾਰੇ ਤਕਰੀਬਨ ਸਾਰੇ ਹੀ ਵਿਦਵਾਨ (ਇਕ-ਦੋ ਨੂੰ ਛੱਡ ਕੇ) ਸਹਿਮਤ ਹਨ। ਉਸ ਵੇਲੇ ਦੇ ਪ੍ਰਚਲਿਤ ਕੈਲੰਡਰ (ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਸਿਧਾਂਤ, ਚੇਤ੍ਰਾਦੀ, ਪੂਰਨਮੰਤਾ) ਮੁਤਾਬਕ ਇਤਿਹਾਸ ਨਾਲ ਸਬੰਧਿਤ ਤਾਰੀਖਾਂ ਦੋਵੇਂ ਤਰ੍ਹਾਂ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਲਿਖੀਆਂ ਜਾਂਦੀਆਂ ਸਨ, ਪਰ ਦੋਹਾਂ ਵਿੱਚ ਫ਼ਰਕ ਬਹੁਤ ਹੈ। ਜੇ ਅਸੀਂ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਦੇ ਹਾਂ ਤਾਂ ਹਰ ਸਾਲ (ਭਾਵ 365 ਦਿਨ); ਉਸੇ ਪ੍ਰਵਿਸ਼ਟੇ ਨੂੰ ਆਵੇਗਾ, ਪਰ ਜੇ ਅਸੀਂ ਵਦੀ-ਸੁਦੀ ਨੂੰ ਮੁਖ ਰੱਖਦੇ ਹਾਂ ਤਾਂ ਇਹ ਦਿਹਾੜਾ ਦੋ-ਤਿੰਨ ਸਾਲ ਤਾਂ 354 ਦਿਨਾਂ ਪਿਛੋਂ ਅਤੇ ਤੀਜੇ-ਚੋਥੇ ਸਾਲ 384 ਦਿਨਾਂ ਪਿਛੋਂ ਆਵੇਗਾ। ਭਾਵ ਪਿਛਲੇ ਸਾਲ ਤੋਂ 11 ਦਿਨ ਪਹਿਲਾਂ ਜਾਂ 18-19 ਦਿਨ ਪਿੱਛੋਂ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਜਾਂਦੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ, ਇਸ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ ਅਤੇ ਗੁਰੂ ਹਰਿਰਾਇ ਜੀ ਦਾ ਜੋਤੀ ਜੋਤ ਦਿਹਾੜਾ ੩੦ ਅੱਸੂ (15 ਅਕਤੂਬਰ) ਨੂੰ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ-ਕੱਲ੍ਹ ਦੋਵਾਂ ਕੈਲੰਡਰਾਂ ਮੁਤਾਬਕ ਹੀ (354 ਦਿਨਾਂ ਵਾਲਾ ਸਾਲ ਅਤੇ 365 ਦਿਨਾਂ ਵਾਲਾ ਸਾਲ) ਕੈਲੰਡਰ ਛਾਪਦੀ ਹੈ। ਸਾਰੇ ਦਿਹਾੜੇ ਸੂਰਜੀ ਸਾਲ (365 ਦਿਨ) ਮੁਤਾਬਕ ਕਿਉਂ ਨਹੀਂ ਮਨਾ ਸਕਦੇ ? ਇਸ ਸਵਾਲ ਦਾ ਤਸੱਲੀ ਬਖਸ਼ ਜਵਾਬ ਅੱਜ ਤੱਕ ਪੜ੍ਹਨ/ਸੁਣਨ ਨੂੰ ਨਹੀਂ ਮਿਲਿਆ।

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਕੀਤੀ ਗਈ ਪੁਸਤਕ, ‘ਗੁਰਮਤਿ ਗਿਆਨ’ (ਦਰਜਾ ਦੂਜਾ) ’ਚ ਦੋਵੇਂ ਦਿਹਾੜਿਆਂ ਦੀ ਤਾਰੀਖ 6 ਅਕਤੂਬਰ 1661 ਈ: ਹੀ ਦਰਜ ਕੀਤੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀ ਵੈੱਬਸਾਇਟ ਉੱਪਰ, “Knowing that the end was near, Sri Guru Har Rai Ji installed his younger son Har Krishna as the Eighth Nanak and passed away on Kartik Vadi ੯ (੫ Kartik), Bikrami Samvat ੧੭੧੮, (6th October, 1661) at Kiratpur Sahib.(sgpc.net) ਇਥੇ ਕੱਤਕ ਵਦੀ ੯ ਸੰਮਤ 1718 ਬਿਕ੍ਰਮੀ ਅਤੇ 6 ਅਕਤੂਬਰ 1661 ਈ: (ਜੂਲੀਅਨ) ਤਾਂ ਸਹੀ ਹੈ, ਪਰ ੫ ਕੱਤਕ ਠੀਕ ਨਹੀਂ ਕਿਉਂਕਿ ੬ ਕੱਤਕ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਦੀ ਡਾਇਰੀ 1965-66 (ਸਿੱਖ ਕੈਲੰਡਰ) ਵਿੱਚ ਗੁਰੂ ਹਰਿਰਾਇ ਜੀ ਦਾ ਜੋਤੀ ਜੋਤ ਦਿਹਾੜਾ ੭ ਕੱਤਕ/6 ਅਕਤੂਬਰ ਦਰਜ ਹੈ ਅਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਗੱਦੀ ਦਿਵਸ, ੬ ਕੱਤਕ (7 ਅਕਤੂਬਰ) ਦਰਜ ਹੈ।

ਸਿੱਖ ਡਾਇਰੀ 1969 ’ਚ ਇਹ ਦੋਵੇਂ ਦਿਹਾੜੇ 3 ਨਵੰਬਰ ਦੇ ਦਰਜ ਹਨ। 1969 ਈ: ’ਚ 3 ਨਵੰਬਰ ਵਾਲੇ ਦਿਨ ਕੱਤਕ ਵਦੀ ੯ ਸੀ।

ਕੱਤਕ ਵਦੀ ੯, ਕੱਤਕ ਪ੍ਰਵਿਸ਼ਟੇ ੫ ਸੰਮਤ 1718 ਬਿ:, 6 ਅਕਤੂਬਰ ਸੰਨ 1661 ਈ: (ਖਾਲਸਾ ਡਾਇਰੀ 1975-76)

ਸ਼੍ਰੋਮਣੀ ਡਾਇਰੀ 1991 ਈ: ਜੋਤੀ ਜੋਤ ਗੁਰੂ ਹਰਿਰਾਇ ਜੀ ਕੱਤਕ ਵਦੀ ੯, 6 ਅਕਤੂਬਰ ਹੀ ਦਰਜ ਹੈ, ਪਰ ਗੁਰਗੱਦੀ ਦਿਵਸ ਗੁਰੂ ਹਰਿਕ੍ਰਿਸ਼ਨ ਜੀ; ਕੱਤਕ ਵਦੀ ੧੦ , 7 ਅਕਤੂਬਰ ਦਰਜ ਹੈ।

ਸ਼੍ਰੋਮਣੀ ਡਾਇਰੀ 1992 ਈ: ’ਚ ਜੋਤੀ ਜੋਤ ਗੁਰੂ ਹਰਿਰਾਇ ਜੀ ਕੱਤਕ ਵਦੀ ੯, 6 ਅਕਤੂਬਰ ਹੀ ਦਰਜ ਹੈ, ਪਰ ਗੁਰਗੱਦੀ ਦਿਵਸ ਗੁਰੂ ਹਰਿਕ੍ਰਿਸ਼ਨ ਜੀ ਕੱਤਕ ਵਦੀ ੯ , 7 ਅਕਤੂਬਰ ਦਰਜ ਹੈ।

ਨਾਨਕਸ਼ਾਹੀ ਕੈਲੰਡਰ ਦਾ ਬਿਨਾਂ ਕਿਸੇ ਖਾਸ ਕਾਰਨ ਦੇ, ਸਿਰਫ ਵਿਰੋਧ ਕਰਨ ਲਈ ਵਿਰੋਧ ਕਰਨ ਵਾਲਾ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਇਨ੍ਹਾਂ ਤਾਰੀਖਾਂ (੬ ਕੱਤਕ, ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ, 6 ਅਕਤੂਬਰ 1666 ਈ:) ਨਾਲ ਸਹਿਮਤ ਹੈ।

ਡਾ. ਸੁਖਦਿਆਨ ਸਿੰਘ ਲਿਖਦਾ ਹੈ, ‘ਪਰ ਗੁਰੂ ਹਰਿਰਾਇ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਹਰਿ ਕਰਿਸ਼ਨ ਜੀ ਨੂੰ ਆਪਣਾ ਉਤਰ ਅਧਿਕਾਰੀ ਥਾਪ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੇ ਲੀਡਰਸ਼ਿਪ ਦਾ ਸੰਕਟ ਪੈਦਾ ਨਹੀਂ ਹੋਣ ਦਿੱਤਾ। ਇਸੇ ਸਮੇਂ ਦੌਰਾਨ ਗੁਰੂ ਹਰਿਰਾਇ ਜੀ 31 ਸਾਲਾਂ ਦੀ ਭਰ ਜੁਆਨੀ ਦੀ ਉਮਰ ਵਿੱਚ 6 ਅਕਤੂਬਰ 1661 ਈ: ਨੂੰ ਜੋਤੀ ਜੋਤ ਸਮਾ ਗਏ’। (ਪੰਨਾ 187)

ਡਾ. ਹਰਜਿੰਦਰ ਸਿੰਘ ਦਿਲਗੀਰ ਵੀ 6 ਅਕਤੂਬਰ 1661 ਈ: ਨਾਲ ਸਹਿਮਤ ਹੈ।

ਦਮਦਮੀ ਟਕਸਾਲ ਦੀ ਵੱਡ ਆਕਾਰੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ’ਚ ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ, ਤਾਂ ਠੀਕ ਹੈ, ਪਰ ਹੋਰ ਬਹੁਤ ਸਾਰੀਆਂ ਤਾਰੀਖਾਂ ਵਾਂਗ, ਅੰਗਰੇਜ਼ੀ ਤਾਰੀਖ਼ ਲਿਖਣ ਵੇਲੇ ਇਥੇ ਵੀ ਉਹੀ ਗਲਤੀ ਕੀਤੀ ਹੋਈ ਹੈ। ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ, 8 ਨਵੰਬਰ 1661 ਈ: ਲਿਖੀ ਹੋਈ ਹੈ। ਹੁਣ ਜੇ 8 ਨਵੰਬਰ 1661 ਈ: (ਜੂਲੀਅਨ) ਨੂੰ ਮੁੱਖ ਰੱਖ ਕੇ ਵੇਖੀਏ ਤਾਂ ਇਹ ੯ ਮੱਘਰ, ਮੱਘਰ ਵਦੀ ੧੨, ਸੰਮਤ ੧੭੧੮ ਬਿਕ੍ਰਮੀ, ਦਿਨ ਸ਼ੁੱਕਰਵਾਰ ਬਣਦੀ ਹੈ। ਅਜੇਹੀ ਗਲਤੀ ਟਕਸਾਲ ਸਣੇ ਹੋਰ ਵੀ ਬਹੁਤ ਸਾਰੇ ਲੇਖਕਾਂ ਨੇ ਕੀਤੀ। ਇਸ ਦਾ ਕਾਰਨ ਇਹ ਹੈ ਕਿ ਕੱਤਕ ਵਦੀ ੯ ਨੂੰ ਅੰਗਰੇਜ਼ੀ ਤਾਰੀਖ਼ ’ਚ ਬਦਲੀ ਕਰਨ ਵੇਲੇ ਮੌਜੂਦਾ ਸਾਲ ਦੀ ਜੰਤਰੀ ਨਹੀਂ, ਬਲਕਿ ਸੰਮਤ ੧੭੧੮ ਬਿਕ੍ਰਮੀ ਦੀ ਜੰਤਰੀ ਵੇਖਣੀ ਪਵੇਗੀ। ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ‘ਗੁਰਬਾਣੀ ਪਾਠ ਦਰਪਣ’ ਦੇ ਲਿਖਾਰੀ ਨੇ ਇਹ ਕਿਤਾਬ ਲਿਖੀ ਗਈ ਹੋਵੇਗੀ, ਉਨ੍ਹਾਂ ਉਸ ਸਾਲ ਦੀ ਜੰਤਰੀ ਵੇਖ ਲਈ ਹੋਵੇ। ਕੱਤਕ ਵਦੀ 9 ਵਾਲੇ ਦਿਨ 8 ਨਵੰਬਰ; 1955 ਈ: ’ਚ ਆਈ ਸੀ। ਹੋ ਸਕਦਾ ਹੈ ਟਕਸਾਲ ਨੇ ਗੁਰਪ੍ਰਨਾਲੀ 1955 ਈ: ’ਚ ਤਿਆਰ ਕੀਤੀ ਹੋਵੇ।

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ-ਜੋਤ ਪੁਰਬ; ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ ੫੪੮ ਤੋਂ ੫੫੭ ਦੌਰਾਨ ਹੇਠਾਂ ਦਿੱਤੇ ਟੇਬਲ ਅਨੁਸਾਰ ਆਇਆ :

ਡਾ. ਤ੍ਰਿਲੋਚਨ ਸਿੰਘ ਜੀ ਲਿਖਦੇ ਹਨ, “A day before the Dussehra festival Guru Hari Rai announced that Hari Krishan would be installed his successor and the Eighth Guru of the Sikh Community, the next day.

Early the next morning, Asu Vadi ੧੦, Samvat ੧੭੧੮, 23rd September 1661 A.D. prayers were performed and a large congregation sang Psalms and Hymns for the joyful occasion. A special durbar was held in the place known as Takhat Asthan in Kiratpur…Thus Sri Hari Krishan was installed the Guru on 23rd September 1661”. (Life of Guru Hari Krishan, Page 86)

ਹੁਣ ਇਥੇ ਸਾਡੇ ਸਾਮ੍ਹਣੇ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਹਾੜੇ ਦੀ ਇਕ ਨਵੀਂ ਤਾਰੀਖ ਅੱਸੂ ਵਦੀ ੧੦, ਸੰਮਤ ੧੭੧੮ ਬਿਕ੍ਰਮੀ 23 ਸਤੰਬਰ 1661 ਈ: (ਜੂਲੀਅਨ) ਆ ਗਈ ਹੈ। ਗੁਰੂ ਹਰਿਰਾਇ ਜੀ ਵੱਲੋਂ ਆਪਣੇ ਉੱਤਰਾਧਿਕਾਰੀ ਦਾ ਐਲਾਨ, ਦੁਸ਼ਹਿਰੇ ਤੋਂ ਇਕ ਦਿਨ ਪਹਿਲਾਂ ਭਾਵ ਅੱਸੂ ਵਦੀ ੯, 22 ਸਤੰਬਰ 1661 ਈ: ਨੂੰ ਕੀਤਾ ਗਿਆ ਸੀ। ਹੁਣ ਜੇ ਅੱਸੂ ਵਦੀ ੧੦ ਸੰਮਤ ੧੭੧੮ ਬਿਕ੍ਰਮੀ ਨੂੰ ਜੂਲੀਅਨ ’ਚ ਬਦਲੀ ਕਰੀਏ ਤਾਂ ਇਹ 8 ਸਤੰਬਰ 1661 ਈ: ਬਣਦੀ ਹੈ। ਜੇ 23 ਸਤੰਬਰ 1661 ਈ: (ਜੂਲੀਅਨ) ਨੂੰ ਬਿਕ੍ਰਮੀ ’ਚ ਬਦਲੀ ਕਰੀਏ ਤਾਂ ਇਹ ਅੱਸੂ ਸੁਦੀ ੧੦ ਸੰਮਤ ੧੭੧੮ ਬਿਕ੍ਰਮੀ ਬਣਦੀ ਹੈ। ਇੱਥੇ ਡਾ. ਤ੍ਰਿਲੋਚਨ ਸਿੰਘ ਦੀ ਕੈਲੰਡਰ ਬਾਰੇ ਜਾਣਕਾਰੀ ਦਾ ਪਤਾ ਲੱਗਦਾ ਹੈ। ਉਹ ਅੱਸੂ ਵਦੀ ੧੦ ਅਤੇ ਅੱਸੂ ਸੁਦੀ ੧੦ ਦੇ ਅੰਤਰ ਨੂੰ ਸਮਝਣ ਤੋਂ ਅਸਮਰੱਥ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਦੁਸ਼ਹਿਰਾ ਅੱਸੂ ਵਦੀ ੧੦ ਨੂੰ ਹੁੰਦਾ ਹੈ ਜਾਂ ਅੱਸੂ ਸੁਦੀ ੧੦ ਨੂੰ ? ਹੁਣ ਇੱਥੇ ਇਕ ਹੋਰ ਸਵਾਲ ਸਾਮ੍ਹਣੇ ਆ ਖੜ੍ਹਾ ਹੋਇਆ ਹੈ ਕਿ ਅੱਸੂ ਵਦੀ ੧੦ ਤੋਂ ਕੱਤਕ ਵਦੀ ੯ ਤੱਕ, ਕਿਹੜੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ ?

 ਬਹੁਤ ਸਾਰੇ ਲੋਕ ਡਾ. ਤਰਲੋਚਨ ਸਿੰਘ ਨੂੰ ਵੱਡਾ ਇਤਿਹਾਸਕਾਰ ਮੰਨੀ ਬੈਠੇ ਹਨ ਅਤੇ ਉਨ੍ਹਾਂ ਦਾ ਪੁੱਤਰ ਹੋਣ ਦੇ ਨਾਤੇ ਤੁੱਕਾਕਾਰ ਅਨੁਰਾਗ ਸਿੰਘ ਵੀ ਆਪਣੇ ਆਪ ਨੂੰ ਖਾਨਦਾਨੀ ਇਤਿਹਾਸਕਾਰ ਹੋਣ ਦਾ ਭਰਮ ਪਾਲ਼ੀ ਬੈਠਾ ਹੈ। ਅਖੇ ਨਾਨਕਸ਼ਾਹੀ ਕੈਲੰਡਰ; ਸਿੱਖ ਇਤਿਹਾਸ ਵਿਗਾੜ ਰਿਹਾ ਹੈ। ਹੁਣ ਸੂਝਵਾਨ ਸੱਜਣਾਂ ਲਈ ਸੋਚਣ ਦਾ ਵਿਸ਼ਾ ਹੈ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਵਦੀ-ਸੁਦੀ ਦੀਆਂ ਤਿੱਥਾਂ ਦੇ ਅੰਤਰ ਤੋਂ ਕੋਰੇ, ਪਰ ਇਸ ਨੂੰ ‘ਗੁਰੂ ਸਾਹਿਬਾਂ ਵੱਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ’ ਮੰਨਣ ਵਾਲੇ ਤੁੱਕਾਕਾਰਾਂ ਕਾਰਨ ਇਤਿਹਾਸ ਵਿਗੜ ਰਿਹਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ’ਤੇ ਆਧਾਰਿਤ ‘ਨਾਨਕਸ਼ਾਹੀ ਕੈਲੰਡਰ’ ਕਾਰਨ ?

ਉਪਰੋਕਤ ਸਾਰੇ ਹਵਾਲਿਆਂ ’ਚ (ਡਾ. ਤ੍ਰਿਲੋਚਨ ਸਿੰਘ ਤੋਂ ਬਿਨਾਂ) ਗੁਰਿਆਈ ਦਿਵਸ ਗੁਰੂ ਹਰਿਕ੍ਰਸ਼ਨ ਸਾਹਿਬ ਜੀ ਕੱਤਕ ਵਦੀ ੯, 6 ਅਕਤੂਬਰ 1661 ਈ: ਤਾਰੀਖ ਸਾਂਝੀ ਹੈ। ਇਸੇ ਦਿਨ ਹੀ ੬ ਕੱਤਕ ਸੀ, ਜੋ ਕਿ ਨਾਨਕਸ਼ਾਹੀ ਕੈਲੰਡਰ ’ਚ ਸ਼ਾਮਲ ਹੈ। ਦੱਸੋ ਕਿ ਇਤਿਹਾਸ ਕਿਵੇਂ ਵਿਗੜ ਗਿਆ ? ਖਾਨਦਾਨੀ ਤੁੱਕਾਕਾਰਾ ਲਿਖਦਾ ਹੈ, ‘ਸ਼ੁਧ ਤਾਰੀਕਾਂ ਨੂੰ ਕਰੂਪ ਕਰਕੇ 15-18 ਦਿਨਾਂ ਦਾ ਫਰਕ ਪਾ ਦਿੱਤਾ ਹੈ’ (ਮੂਲ ਸਿੱਖ ਕੈਲੰਡਰ-ਪੰਨਾ 9)

ਹੁਣ ਇੱਕ ਸਵਾਲ; ਜੇ ਹਰ ਸਾਲ ਸੂਰਜੀ ਕੈਲੰਡਰ ਮੁਤਾਬਕ ਗੁਰੂ ਹਰਿਕ੍ਰਸ਼ਨ ਸਾਹਿਬ ਜੀ ਦਾ ਗੁਰਿਆਈ ਦਿਵਸ ਅਤੇ ਗੁਰੂ ਹਰਿਰਾਇ ਜੀ ਦਾ ਜੋਤੀ ਜੋਤ ਦਿਹਾੜਾ, 6 ਕੱਤਕ ਨੂੰ ਹੀ ਮਨਾ ਲਿਆ ਜਾਵੇ ਤਾਂ ਗੁਰਮਿਤ ਅਤੇ ਇਤਹਾਸ ਦੇ ਕਿਹੜੇ ਨਿਯਮ ਦੀ ਅਵੱਗਿਆ ਹੁੰਦੀ ਹੈ ? ਇਹ ਦੋਵੇਂ ਦਿਹਾੜੇ ਸੰਮਤ ੫੫੧ ਨਾਨਕਸ਼ਾਹੀ ਕੈਲੰਡਰ ਵਿੱਚ ੬ ਕੱਤਕ ਨੂੰ ਮਨਾਉਣ ਨਾਲ, ਜੇ ਭੁਚਾਲ ਨਹੀਂ ਆਇਆ ਤਾਂ ਹਰ ਸਾਲ ਇਹ ਦਿਹਾੜੇ ੬ ਕੱਤਕ ਨੂੰ ਮਨਾਉਣ ਨਾਲ ਕਿਹੜੀ ਸੁਨਾਮੀ ਆ ਜਾਵੇਗੀ ?

LEAVE A REPLY

Please enter your comment!
Please enter your name here