ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ’ਤੇ ਵਿਸ਼ੇਸ਼
ਕਿਰਪਾਲ ਸਿੰਘ ਬਠਿੰਡਾ ਮੋਬ: 98554 80797
ਮੁੱਢਲਾ ਜੀਵਨ
ਦੁਨੀਆਂ ’ਚ ਬਹੁਤ ਮਨੁੱਖ ਹੋਏ ਹਨ ਤੇ ਹੁੰਦੇ ਰਹਿਣਗੇ, ਪਰ ਭਗਤ ਪੂਰਨ ਸਿੰਘ ਜੀ ਵਰਗਾ ਕੋਈ ਵਿਰਲਾ ਹੀ ਹੁੰਦਾ ਹੈ, ਜਿਹੜਾ ਰੱਖੇ ਗਏ ਆਪਣੇ ਨਾਂ ਦੇ ਅਰਥ ਭਾਵਾਂ ਅਨੁਸਾਰ ਪੂਰਾ ਉਤਰਿਆ ਹੋਵੇ। ਹਰ ਵੇਲੇ ਵਾਹਿਗੁਰੂ ਦੇ ਸ਼ੁਕਰ ਅਤੇ ਰਜ਼ਾ ’ਚ ਰਾਜੀ ਰਹਿੰਦਿਆਂ ਨਿਆਸਰਿਆਂ ਅਤੇ ਸਮਾਜ ਵੱਲੋਂ ਦੁਰਕਾਰੇ ਗਏ ਬਿਮਾਰ ਤੇ ਅਪਾਹਜ ਵਿਆਕਤੀਆਂ ਦੀ ਨਿਸ਼ਕਾਮ ਸੇਵਾ ਕਰਨੀ, ਪਰਉਪਕਾਰੀ, ਵਾਤਾਵਰਣ ਪ੍ਰੇਮੀ, ਸਾਹਿਤਕਾਰ ਅਤੇ ਵਿਦਵਾਨ ਹੋਣ ਦੇ ਬਾਵਜੂਦ ਅਹੰਕਾਰ, ਕਾਮ, ਕ੍ਰੋਧ ਆਦਿਕ ਵਿਕਾਰਾਂ ਤੋਂ ਨਿਰਲੇਪ ਰਹਿਣ ਵਰਗੇ ਸਾਰੇ ਗੁਣਾਂ ਨਾਲ ਪੂਰਨ ਹੋਣ ਕਾਰਨ ਜਿੱਥੇ ਉਨ੍ਹਾਂ ਦੇ ਨਾਂ ਮੁਤਾਬਕ ਪੂਰਨ ਸਿੰਘ ਕਹਿਣਾ ਵਾਜ਼ਬ ਹੈ, ਉੱਥੇ ਭਗਤ ਹੋਣ ਦੀਆਂ ਨਿਸ਼ਾਨੀਆਂ ਭੀ ਭਰਪੂਰ ਹਨ। ਸੁਖਮਨੀ ਸਾਹਿਬ ਦਾ ਇਹ ਵਾਕ ਉਨ੍ਹਾਂ ’ਤੇ ਪੂਰਾ ਢੁਕਦਾ ਪ੍ਰਤੀਤ ਹੁੰਦਾ ਹੈ :
ਗੁਰ ਕੈ ਗ੍ਰਿਹਿ, ਸੇਵਕੁ ਜੋ ਰਹੈ ॥ ਗੁਰ ਕੀ ਆਗਿਆ; ਮਨ ਮਹਿ ਸਹੈ ॥
ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ; ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ, ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
ਅਪਨੀ ਕ੍ਰਿਪਾ; ਜਿਸੁ ਆਪਿ ਕਰੇਇ ॥ ਨਾਨਕ ! ਸੋ ਸੇਵਕੁ; ਗੁਰ ਕੀ ਮਤਿ ਲੇਇ ॥
ਭਗਤ ਪੂਰਨ ਸਿੰਘ ਜੀ ਦਾ ਮੁੱਢਲਾ ਨਾਮ ਰਾਮਜੀ ਦਾਸ ਸੀ। ਪਿੰਗਲਵਾੜਾ ਦੀ ਮੌਜੂਦਾ ਮੁਖੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ) ਦੇ ਮਹੰਤ ਤੇਜਾ ਸਿੰਘ ਜੀ ਨੇ ਰਾਮਜੀ ਦਾਸ ਵੱਲੋਂ ਬੇਸਹਾਰਿਆਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਨੂੰ ਵੇਖਦਿਆਂ ਇਨ੍ਹਾਂ ਦਾ ਨਾਂ ਪੂਰਨ ਸਿੰਘ ਰੱਖਿਆ; ਜਿਸ ਨਾਂ ’ਤੇ ਇਹ ਖਰੇ ਉਤਰੇ। ਸਾਦੀ ਰਹਿਣੀ ਅਤੇ ਇਨ੍ਹਾਂ ਵੱਲੋਂ ਮਨੁੱਖਤਾ ਦੀ ਕੀਤੀ ਨਿਸ਼ਕਾਮ ਸੇਵਾ ਕਾਰਨ ਇਨ੍ਹਾਂ ਦੇ ਨਾਂ ਨਾਲ ‘ਭਗਤ’ ਸ਼ਬਦ ਜੁੜ ਗਿਆ, ਜੋ ਕਿ ਸਿੱਖ ਕੌਮ ’ਚ ਕਿਸੇ ਹੋਰ ਨਾਂ ਨਾਲ਼ ਨਹੀਂ ਜੁੜਿਆ ਸੀ/ਹੈ। ਆਪਣੇ ਨਾਂ ’ਤੇ ਪੂਰਾ ਉਤਰਨ ਵਾਲੇ ਇਸ ਮਹਾਨ ਵਿਅਕਤੀ ਦੀ ਆਪਣੀ ਲਿਖਤ ‘ਮੇਰੇ ਜੀਵਨ ਦੀਆਂ ਕਹਾਣੀਆਂ’ ਦੇ ਪੰਨਾ ਨੰ: 6 ’ਤੇ ਉਹ ਆਪ ਲਿਖਦੇ ਹਨ ‘ਮੇਰਾ ਜਨਮ ਸੰਨ 1904 ਵਿੱਚ ਆਏ ਮਹੀਨਾ ਜੇਠ ਸੁਦੀ ਦੂਜੇ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਵਿਚ ਜੱਟ ਸਿੱਖ ਪਰਵਾਰ ਦੀ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਅਤੇ ਸਨਾਤਨੀ ਹਿੰਦੂ ਵੀਚਾਰਾਂ ਵਾਲੇ ਪਿਤਾ ਛਿੱਬੂ ਮੱਲ ਜੀ ਦੇ ਘਰ ਹੋਇਆ’।
ਸੰਨ 1904 ’ਚ ਆਈ ਜੇਠ ਸੁਦੀ ੨ ਨੂੰ ਕੈਲੰਡਰ ਦੀਆਂ ਦੂਸਰੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ ‘15 ਜੂਨ 1904 ਈ:/੨ ਹਾੜ ਬਿਕ੍ਰਮੀ ਸੰਮਤ ੧੯੬੧’, ਪਰ ਪਿੰਗਲਵਾੜਾ ਸੰਸਥਾ ’ਚ ਇਨ੍ਹਾਂ ਦਾ ਜਨਮ ਦਿਨ ਹਰ ਸਾਲ 4 ਜੂਨ ਨੂੰ ਮਨਾਇਆ ਜਾਂਦਾ ਹੈ। ਫੋਨ ’ਤੇ ਇਸ ਦਾ ਕਾਰਨ ਪੁੱਛਿਆ ਤਾਂ ਸੰਸਥਾ ਦੇ ਰਿਸੈਪਸ਼ਨਿਸਟ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਸਰਟੀਫਿਕੇਟ ’ਚ ਭਗਤ ਜੀ ਦਾ ਜਨਮ 4 ਜੂਨ 1904 ਈ: ਲਿਖਿਆ ਹੋਇਆ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਸ ਸਮੇਂ ਤੋਂ ਅੱਜ ਤੱਕ ਬਹੁਤੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਕੈਲੰਡਰ ਦੀ ਇੱਕ ਪਧਤੀ ਤੋਂ ਦੂਸਰੀ ਪਧਤੀ ’ਚ ਤਬਦੀਲ ਕਰਨ ਦੀ ਜਾਚ ਨਹੀਂ ਸੀ, ਇਸ ਲਈ ਅਧਿਆਪਕ ਨੇ ਅੰਦਾਜ਼ੇ ਨਾਲ 4 ਜੂਨ ਲਿਖ ਦਿੱਤਾ ਹੋਵੇਗਾ।
ਪਿਤਾ ਸ਼ਾਹੂਕਾਰਾ ਕਰਦੇ ਸਨ। ਉਸ ਸਮੇਂ ਜਦੋਂ ਪੈਸੇ ਦੀ ਕਾਫ਼ੀ ਕੀਮਤ ਸੀ, ਸੇਠ ਛਿੱਬੂ ਮੱਲ ਜੀ ਸਾਲਾਨਾ 52 ਰੁਪਏ ਆਮਦਨ ਕਰ ਅਤੇ 200 ਰੁਪਏ ਜ਼ਮੀਨ ਦਾ ਮਾਮਲਾ ਦਿੰਦੇ ਸੀ; ਜਿਸ ਤੋਂ ਉਨ੍ਹਾਂ ਦੀ ਅਮੀਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰਾਮਜੀ ਦਾਸ ਨੂੰ 1911 ’ਚ ਪ੍ਰਾਇਮਰੀ ਸਕੂਲ ’ਚ ਦਾਖ਼ਲ ਕਰ ਪੜ੍ਹਨੇ ਪਾ ਦਿਤਾ ਗਿਆ, ਜਿੱਥੇ ਪ੍ਰਾਇਮਰੀ ਦੀ ਪੜ੍ਹਾਈ ਬਹੁਤ ਸੋਹਣੀ ਕੀਤੀ। ਸੰਨ 1914 ’ਚ ਦੇਸ਼ ’ਚ ਪਲੇਗ ਦੀ ਬੀਮਾਰੀ ਫੈਲ ਗਈ। ਕਾਲ਼ ਪੈ ਗਿਆ। ਦੂਜੇ ਪਾਸੇ ਸੰਸਾਰ ’ਚ ਯੁੱਧ ਵੀ ਛਿੜ ਪਿਆ। ਲੋਕ ਧੜਾ-ਧੜ ਮਰਨ ਲੱਗੇ। ਜਿਹਨਾਂ ਨੇ ਸ਼੍ਰੀ ਛਿੱਬੂ ਮੱਲ ਜੀ ਤੋਂ ਕਰਜਾ ਲਿਆ ਹੋਇਆ ਸੀ, ਉਹ ਭੀ ਮਰ ਗਏ। ਸ਼੍ਰੀ ਛਿੱਬੂ ਮੱਲ ਲੱਖਪਤੀ ਤੋਂ ਕੱਖਪਤੀ ਹੋ ਗਿਆ। ਉਨ੍ਹਾਂ ਦਾ ਆਪਣਾ ਭੀ ਸਭ ਕੁਝ ਵਿਕ ਗਿਆ। ਘਰ ਦੇ ਹਾਲਾਤ ਤੇਜ਼ੀ ਨਾਲ਼ ਬਦਲ ਗਏ। ਮਾਤਾ ਮਹਿਤਾਬ ਕੌਰ ਜੀ ਉਸ ਨੂੰ ਹਰ ਹਾਲਤ ਉੱਚ ਵਿੱਦਿਆ ਦੇ ਕੇ ਵੱਡਾ ਅਫ਼ਸਰ ਬਣਾਉਣਾ ਚਾਹੁੰਦੀ ਸੀ; ਇਸ ਲਈ ਰਾਮਜੀ ਦਾਸ ਨੇ 1918 ’ਚ ਐਂਗਲੋ ਸੰਸਕ੍ਰਿਤ ਹਾਈ ਸਕੂਲ ’ਚ ਦਾਖ਼ਲ ਕਰਵਾ ਦਿੱਤਾ। ਉਨ੍ਹਾਂ ਦੇ ਘਰ ਆਉਣ ਜਾਣ ਵਾਲੇ ਸਿੱਖ ਫੌਜੀ ਪੈਂਨਸ਼ਨਰ ਦੀ ਸਲਾਹ ਨਾਲ ਮਾਤਾ ਮਹਿਤਾਬ ਕੌਰ ਜੀ ਨੇ ਪਿੰਡ ਰਾਜੇਵਾਲ ਛੱਡ ਦਿੱਤਾ ਅਤੇ ਮਿੰਟਗੁਮਰੀ ਵਿਖੇ ਉਨ੍ਹਾਂ ਦੀ ਜਾਣ ਪਛਾਣ ਵਾਲੇ ਕਿਸੇ ਜੇਲ਼੍ਹ ਡਾਕਟਰ ਕੋਲ਼ ਘਰੇਲੂ ਨੌਕਰਾਣੀ ਦੀ ਸੇਵਾ ਕਰਨ ਲੱਗ ਪਏ ਤਾਂ ਕਿ ਰਾਮਜੀ ਦਾਸ ਦੀ ਪੜ੍ਹਾਈ ਦਾ ਖਰਚਾ ਪੂਰਾ ਹੋ ਸਕੇ। ਰਾਮਜੀ ਦਾਸ 1923 ’ਚ ਹੋਏ ਦਸਵੀਂ ਜਮਾਤ ਦੇ ਇਮਤਿਹਾਨ ਵਿੱਚੋਂ ਫੇਲ੍ਹ ਹੋ ਗਿਆ। ਮਾਤਾ ਜੀ ਨੇ ਉਨ੍ਹਾਂ ਨੂੰ ਖੰਨਾ ਤੋਂ ਬਦਲ ਕੇ ਲਾਹੌਰ ਦੇ ਸਕੂਲ ’ਚ ਦਾਖ਼ਲ ਕਰਵਾ ਦਿੱਤਾ, ਪਰ 1924 ’ਚ ਉਹ ਉੱਥੇ ਭੀ ਫੇਲ੍ਹ ਹੋ ਗਿਆ। ਰਾਮਜੀ ਦਾਸ ਸਾਬਤ ਸੂਰਤ ਸਿੱਖ ਬਣ ਗਿਆ ਸੀ ਤੇ 1924 ’ਚ ਉਹ ਕੰਪਾਉਡਰੀ ਦਾ ਕੋਰਸ ਕਰਨ ਲੱਗ ਪਿਆ, ਪਰ 9 ਮਹੀਨੇ ਤੋਂ ਬਾਅਦ ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਦਾ ਰਸਾਲਾ ‘ਯੰਗ ਇੰਡੀਆ’ ਪੜ੍ਹ ਲਿਆ ਅਤੇ ਦੇਸ਼ ਦੀ ਸੇਵਾ ਦਾ ਮਨ ਬਣਾਇਆ। ਕੰਪਾਊਡਰੀ ਦਾ ਕੋਰਸ ਵਿੱਚ ਵੀ ਛੱਡ ਦਿੱਤਾ। ਮਾਤਾ ਮਹਿਤਾਬ ਕੌਰ ਦਾ ਦਿਲ ਟੁੱਟ ਗਿਆ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਸਪੂਤ ਨੇ ਮਨੁੱਖਤਾ ਦੀ ਸੇਵਾ ਕਰਕੇ ਜੋ ਮਰਤਬਾ ਹਾਸਲ ਕਰਨਾ ਸੀ ਤੇ ਮਾਤਾ ਜੀ ਦਾ ਨਾਂ ਰੌਸ਼ਨ ਕਰਨਾ ਸੀ, ਉਹ ਸ਼ਾਇਦ ਪੜ੍ਹਾਈ ਕਰਕੇ ਕਦੀ ਵੀ ਹਾਸਲ ਨਾ ਕਰ ਸਕਦਾ। ਅਖੀਰ ਰਾਮਜੀ ਦਾਸ ਗੁਰਦੁਆਰਾ ਡੇਰ੍ਹਾ ਸਾਹਿਬ ’ਚ ਨਿਸ਼ਕਾਮ ਸੇਵਾ ਕਰਨ ਲੱਗ ਪਿਆ।
ਹਿੰਦੂ ਮਤ ਵੱਲੋਂ ਸਿੱਖੀ ਵੱਲ ਝੁਕਾਅ :
1918 ’ਚ ਇਕ ਵੇਰ ਰਾਮਜੀ ਦਾਸ ਫਤਿਹਗੜ੍ਹ ਸਾਹਿਬ ਜੋੜ ਮੇਲੇ ’ਤੇ ਗਿਆ। ਉੱਥੇ ਪਟਿਆਲੇ ਵਾਲਾ ਮਹਾਰਾਜਾ ਭੂਪਿੰਦਰ ਸਿੰਘ ਆਪਣੀ ਗਾਰਡ ਸਮੇਤ ਆਏ। ਉਨ੍ਹਾਂ ਦੀਆਂ ਸੋਹਣੀਆਂ ਸਿਹਤਾਂ, ਉੱਚੇ ਲੰਮੇ ਕੱਦ, ਸੋਹਣੀ ਵਰਦੀ ਤੇ ਸੋਹਣੀ ਦਸਤਾਰ ਦੇਖ ਕੇ ਬਹੁਤ ਪ੍ਰਭਾਵਤ ਹੋਇਆ। ਭਾਰੀ ਇਕੱਠ ਭੀ ਸੀ। ਰਾਮਜੀ ਦਾਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਮਹਾਰਾਜ ਸੰਗਤ ਦੇ ਵਿੱਚ, ਸੰਗਤ ਦੇ ਬਰਾਬਰ ਬੈਠ ਗਏ। ਇੱਥੇ ਰਾਮਜੀ ਦਾਸ; ਮਹਾਰਾਜ ਦੀ ਤੁਲਨਾ ਆਪਣੇ ਭਾਈ ਨਾਲ਼ ਕਰਦਾ ਰਿਹਾ। ਇਕ ਪਾਸੇ ਰਾਜਾ; ਪਰਜਾ ਵਿੱਚ ਇੱਕ ਜਗ੍ਹਾ ’ਤੇ ਬੈਠਾ ਹੈ, ਦੂਜੇ ਪਾਸੇ ਸਕਾ ਭਾਈ; ਆਪਣੇ ਹੀ ਘਰ ’ਚ ਪੰਗਤ ਵਿੱਚ ਬੈਠੇ ਨੂੰ ਨਹੀਂ ਸੀ ਜਰ ਸਕਿਆ। ਰਾਮਜੀ ਦਾਸ ਨੇ ਭੀ ਸਿੱਖ ਸਜਣ ਦਾ ਮਨ ਬਣਾ ਲਿਆ।
ਆਪ ਜੀ ਦੇ ਜੀਵਨ ਵਿੱਚ ਇੱਕ ਹੋਰ ਘਟਨਾ ਘਟੀ, ਜਿਸ ਦੇ ਚਲਦਿਆਂ ਸੰਨ 1923 ’ਚ ਆਪ ਨੇ ਲੁਧਿਆਣੇ ਜਦ 10ਵੀਂ ਦਾ ਇਮਤਿਹਾਨ ਦਿੱਤਾ ਤਾਂ ਆਉਂਦੇ ਹੋਏ ਇਕ ਸ਼ਿਵਾਲੇ (ਮੰਦਿਰ) ’ਚ ਰੁਕਿਆ। ਰਾਮਜੀ ਦਾਸ ਨੇ ਰੀਝਾਂ ਨਾਲ਼ ਮੰਦਿਰ ਦੀ ਸਫ਼ਾਈ ਕੀਤੀ। ਮੂਰਤੀਆਂ ਤੋਂ ਮੁੱਦਤਾਂ ਦਾ ਜੰਮਿਆਂ ਹੋਇਆ ਚੰਦਨ ਤੇ ਮੈਲ਼ ਖੁਰਚ-ਖੁਰਚ ਕੇ ਲਾ ਦਿੱਤੀ। ਰਾਮਜੀ ਦਾਸ ਥੱਕ ਕੇ ਚੂਰ ਹੋ ਗਿਆ। ਦੁਪਹਿਰ ਵੇਲਾ ਹੋਇਆ। ਪੰਡਿਤ ਜੀ ਰੋਟੀ ਲੈ ਕੇ ਆ ਗਏ। ਮੰਦਿਰ ਵਿੱਚ ਰਹਿ ਰਹੇ ਵਿਅਕਤੀ ਪੰਗਤ ’ਚ ਬੈਠ ਕੇ ਲੰਗਰ ਛੱਕਣ ਲੱਗੇ। ਰਾਮਜੀ ਦਾਸ ਭੀ ਪੰਗਤ ’ਚ ਬੈਠ ਗਿਆ। ਪੰਡਿਤ ਜੀ ਨੇ ਰਾਮਜੀ ਦਾਸ ਨੂੰ ਦੇਖਿਆ ਤਾਂ ਲਾਲ, ਪੀਲ਼ਾ ਹੋ ਕੇ ਉਸ ਨੂੰ ਪੰਗਤ ਵਿੱਚੋਂ ਉੱਠਾ ਦਿੱਤਾ ਤੇ ਇਹ ਭੀ ਕਹਿ ਦਿੱਤਾ, ‘ਤੇਰੇ ਵਾਸਤੇ ਰੋਟੀ ਨਹੀਂ’। ਰਾਮਜੀ ਦਾਸ ਸੋਚਦਾ ਇਹ ਕਿਹੋ ਜਿਹੇ ਲੋਕ ਹਨ ? ਸੇਵਾ ਕਰਨ ਵਾਲੇ ਨੂੰ ਦੁਰਕਾਰਦੇ ਹਨ। ਰਾਮਜੀ ਦਾਸ ਉੱਥੋਂ ਚਲਾ ਗਿਆ। ਦੋਰਾਹੇ ਲਾਗੇ ਰੇਰੂ ਸਾਹਿਬ ਗੁਰਦੁਆਰੇ ਲਾਗੇ ਖੂਹ ’ਤੇ ਦੋ ਬੰਦੇ ਬੈਠੇ ਸਨ। ਇਕ ਰਹਰਾਸਿ ਸਾਹਿਬ ਦਾ ਪਾਠ ਕਰ ਰਿਹਾ ਸੀ, ਦੂਸਰਾ ਸੁਣ ਰਿਹਾ ਸੀ। ਰਾਮਜੀ ਦਾਸ ਭੀ ਉਨ੍ਹਾਂ ਦੇ ਲਾਗੇ ਹੀ ਬੈਠ ਗਿਆ। ਪਾਠ ਦੀ ਸਮਾਪਤੀ ਹੋ ਗਈ। ਰਾਮਜੀ ਦਾਸ ਨੇ ਆਪਣੀ ਜਾਣ ਪਛਾਣ ਕਰਵਾਈ। ਸਿੰਘ; ਰਾਮਜੀ ਦਾਸ ਨੂੰ ਆਪਣੇ ਘਰ ਲੈ ਗਏ। ਘਰ ਲਿਜਾ ਕੇ ਸਤਿਕਾਰ ਨਾਲ ਰਾਮਜੀ ਦਾਸ ਦੀ ਪਸੰਦੀ ਦਾ ਭੋਜਨ ਛਕਾਇਆ। ਸੋਹਣਾ ਬਿਸਤਰਾ ਦਿੱਤਾ। ਰਾਮਜੀ ਦਾਸ ਨੇ ਅਰਾਮ ਨਾਲ ਰਾਤ ਕੱਟੀ ਤੇ ਸਵੇਰੇ ਗੁਰਦੁਆਰਾ ਰੇਰੂ ਸਾਹਿਬ ਚਲਾ ਗਿਆ। ਦੁਪਹਿਰ ਵੇਲੇ ਸਾਰਿਆਂ ਨੂੰ ਪ੍ਰਸ਼ਾਦਾ ਛਕਣ ਲਈ ਅਵਾਜ਼ ਮਾਰੀ ਗਈ। ਸ਼ਿਵਾਲੇ ’ਚ ਵਾਪਰੀ ਘਟਨਾ ਤੋਂ ਡਰੇ ਹੋਏ ਰਾਮਜੀ ਦਾਸ ਨੇ ਕਿਸੇ ਤੋਂ ਪੁੱਛਿਆ ਕਿ ਕੀ ਉਹ ਭੀ ਪ੍ਰਸ਼ਾਦਾ ਛਕ ਸਕਦਾ ਹੈ ? ਉਹ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਸਵਾਲ ਪੁੱਛ ਰਿਹਾ ਹੈ ? ਉਹ ਰਾਮਜੀ ਦਾਸ ਨੂੰ ਪ੍ਰਸ਼ਾਦਾ ਛਕਣ ਲਈ ਲੈ ਗਏ। ਰਾਮਜੀ ਦਾਸ ਪੰਗਤ ’ਚ ਬੈਠ ਗਿਆ। ਵਰਤਾਵਾ ਵਰਤਾਉਂਦਾ ਵਰਤਾਉਂਦਾ ਆਖ ਰਿਹਾ ਸੀ…ਪ੍ਰਸ਼ਾਦਾ ਜੀ ! ਦਾਲ਼ਾ ਗੁਰਮੁਖੋ ! ! ਰਾਮਜੀ ਦਾਸ ਨੇ ਪ੍ਰਸੰਨ ਹੋ ਕੇ ਬੜੀ ਤਸੱਲੀ ਨਾਲ ਪ੍ਰਸ਼ਾਦਾ ਛਕਿਆ। ਉਪਰੰਤ ਰਾਮਜੀ ਦਾਸ; ਗੁਰੂ ਘਰ ਬਾਰੇ ਜਾਣਕਾਰੀ ਲੈਣ ਲੱਗਾ ਤੇ ਉੱਥੇ ਹੀ ਨਿਸ਼ਚਾ ਕਰ ਲਿਆ ਕਿ ਉਸ ਨੂੰ ਅਸਲੀ ਘਰ ਮਿਲ ਗਿਆ ਹੈ। ਆਪ ਦਾ ਝੁਕਾਅ ਗੁਰੂ ਘਰ ਵੱਲ ਵਧ ਗਿਆ। ਸੰਨ 1924 ’ਚ ਲਾਹੌਰ ਦੇ ਸਕੂਲ ਵਿੱਚੋਂ ਦੂਜੀ ਵਾਰ ਫੇਲ੍ਹ ਹੋਣ ਪਿੱਛੋਂ ਆਪ ਡੇਹਰਾ ਸਾਹਿਬ ਲਾਹੌਰ ਵਿਖੇ ਸੇਵਾ ਕਰਦੇ ਰਹੇ ਤੇ ਆਪਣਾ ਨਾਂ ਬਦਲ ਕੇ ‘ਪੂਰਨ ਸਿੰਘ’ ਰੱਖ ਲਿਆ।
ਮਾਤਾ ਜੀ ਦਾ ਦਿਹਾਂਤ
ਮਾਤਾ ਮਹਿਤਾਬ ਕੌਰ ਜੀ; 1926 ’ਚ ਬੀਮਾਰ ਹੋ ਗਏ। ਉਨ੍ਹਾਂ ਨੇ ਲਾਹੌਰ ਛੱਡ ਦਿੱਤਾ ਤੇ ਇਕ ਵਾਰੀ ਪਿੰਡ ਜਾਣ ਦੀ ਇੱਛਾ ਪ੍ਰਗਟਾਈ। ਪਿੰਡ ਵਿੱਚ ਉਸ ਨੂੰ ਢੋਈ ਨਾ ਮਿਲੀ ਕਿਉਕਿ ਮਹਿਤਾਬ ਕੌਰ ਸਿੱਖ ਪਰਵਾਰ ’ਚੋਂ ਸੀ ਅਤੇ ਸ਼੍ਰੀ ਛਿੱਬੂ ਮੱਲ ਦੀ ਦੂਜੀ ਪਤਨੀ ਹੋਣ ਕਾਰਨ ਸਨਾਤਨੀ ਹਿੰਦੂ ਪਰਵਾਰ ਵਿੱਚੋਂ, ਉਸ ਨੂੰ ਅਤੇ ਬੱਚੇ ਰਾਮਜੀ ਦਾਸ ਨੂੰ ਨਫ਼ਰਤ ਹੀ ਮਿਲੀ, ਇਸ ਲਈ ਉਨ੍ਹਾਂ ਨਾਲ਼ ਉੱਥੇ ਅਜ਼ਨਬੀਆਂ ਤੋਂ ਭੀ ਭੈੜਾ ਸਲੂਕ ਕੀਤਾ ਗਿਆ। ਦੋਹਾਂ ਮਾਂ ਪੁੱਤਾਂ ਨੂੰ ਰਾਜੇਵਾਲ (ਰੋਹਣੋ) ਰਾਤ ਕੱਟਣੀ ਭੀ ਦੁੱਭਰ ਹੋ ਗਈ। ਉਨ੍ਹਾਂ ਨੇ ਦਿਨ ਚੜ੍ਹਦੇ ਹੀ ਰਾਜੇਵਾਲ ਛੱਡ ਦਿੱਤਾ ਤੇ ਵਾਪਸ ਅੰਮ੍ਰਿਤਸਰ ਪਹੁੰਚ ਗਏ। ਦੋ ਸਾਲ ਇਵੇਂ ਹੀ ਨਿਕਲ ਗਏ। ਅਖੀਰ ਪੂਰਨ ਸਿੰਘ ਜੀ ਨੇ ਮਾਤਾ ਮਹਿਤਾਬ ਕੌਰ ਲਈ ਛੇਹਰਟਾ ’ਚ ਇੱਕ ਝੌਂਪੜੀ ਪਾ ਦਿੱਤੀ, ਜਿੱਥੇ ਉਹ 23-06-1930 ਨੂੰ ਅਕਾਲ ਚਲਾਣਾ ਕਰ ਗਏ। ਪੂਰਨ ਸਿੰਘ ਜੀ ਦਾ ਤਾਂ ਸੰਸਾਰ ਹੀ ਉਸ ਦੀ ਮਾਂ ਸੀ। ਉਹ ਮਾਂ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਪੂਰਨ ਸਿੰਘ ਜੀ ਫਿਰ ਤੋਂ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਆ ਕੇ ਸੇਵਾ ਕਰਨ ਲੱਗ ਪਏ।
ਪਿੰਗਲਵਾੜੇ ਦੀ ਸ਼ੁਰੂਆਤ
ਵੈਸੇ ਤਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਸੇਵਾ ਦੌਰਾਨ 1924 ਤੋਂ ਹੀ ਉਨ੍ਹਾਂ ਨੇ ਗੁਰਦੁਆਰੇ ਦੇ ਅਨੇਕ ਕੰਮਾਂ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਸੀ, ਪਰ 1934 ਵਿੱਚ ਅਗਿਆਤ ਬੰਦੇ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਉਹ ਬੱਚਾ ਨਾ ਬੋਲ ਸਕਦਾ ਸੀ ਤੇ ਨਾ ਆਪ ਖਾ ਪੀ ਸਕਦਾ ਸੀ। ਲੱਤਾਂ ਬਾਂਹਾਂ ਤੋਂ ਨਕਾਰਾ ਟੱਟੀ ਨਾਲ਼ ਲਿਬੜਿਆ ਪਿਆ ਸੀ। ਪੂਰਨ ਸਿੰਘ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਤੇ ਕਿਹਾ ਮੈਂ ਇਸ ਦੀ ਮਾਂ ਬਣਾਂਗਾ। ਗਿਆਨੀ ਕਰਤਾਰ ਸਿੰਘ ਨੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ, ਉਨ੍ਹਾਂ ਦੇ ਨਾਂ ਨਾਲ ‘ਭਗਤ’ ਸ਼ਬਦ ਜੋੜ ਦਿੱਤਾ। ਭਗਤ ਪੂਰਨ ਸਿੰਘ ਜੀ; ਸੰਗਤਾਂ ਕੋਲੋਂ ਦਾਨ ਲੈ ਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦੇ। ਲਾਹੌਰ ਦੀਆਂ ਵੱਡੀਆਂ ਲਾਇਬਰੇਰੀਆਂ ’ਚ ਜਾ ਕੇ ਫ਼ਿਲਾਸਫ਼ਰਾਂ ਦੀਆ ਕਿਤਾਬਾਂ ਪੜ੍ਹਦੇ ਰਹਿੰਦੇ। ਭਗਤ ਜੀ ਹੁਣ ਸੇਵਾ ’ਚ ਜੁਟ ਗਏ। ਵੱਡੇ-ਵੱਡੇ ਲੋਕਾਂ ਨਾਲ ਜਾਣ ਪਹਿਚਾਣ ਹੋਣ ਲੱਗ ਪਈ। ਸੰਗਤਾਂ ਕੋਲੋਂ ਦਾਨ ਲੈ ਕੇ ਬੇਸਹਾਰਾ ਮਰੀਜਾਂ ਨੂੰ ਹਸਪਤਾਲ਼ ਦਿਖਾਉਣ ਲੈ ਜਾਂਦੇ ਰਹੇ। ਕਿਸੇ ਨੂੰ ਭੀ ਕੋਈ ਲੋੜ ਹੁੰਦੀ, ਉਹ ਭਗਤ ਜੀ ਵੱਲ ਨੂੰ ਕਰ ਦਿੰਦੇ ਤੇ ਭਗਤ ਜੀ ਉਨ੍ਹਾਂ ਦੀ ਲੋੜ ਪੂਰੀ ਕਰਦੇ। ਭਗਤ ਜੀ ਨੇ ਗੁਰਦੁਆਰੇ ਡੇਹਰਾ ਸਾਹਿਬ ਜੋ ਸੇਵਾ ਕੀਤੀ, ਉਸ ਬਾਰੇ ਭਗਤ ਜੀ ਨੇ ਆਪਣੇ ਵੱਲੋਂ ਪੁਸਤਕ (ਤੇਰਾ ਸਦੜਾ ਸੁਣੀਜੈ ਭਾਈ, ਪੰਨਾ ਨੰ: 231) ’ਤੇ ਲਿਖਿਆ ਹੈ :
‘ਮਨੁੱਖ ਦੀ ਰੂਹ ਦੀ ਸਭ ਤੋਂ ਡੂੰਘੀ ਭੁੱਖ ਪਰਉਪਕਾਰ ਹੁੰਦਾ ਹੈ, ਪ੍ਰਾਣੀ ਮਾਤਰ ਦਾ ਭਲਾ ਕਰਨਾ। ਜਦੋਂ ਮੈਂ ਡੇਹਰਾ ਸਾਹਿਬ ਸੇਵਾ ਸ਼ੁਰੂ ਕੀਤੀ ਤਾਂ ਮੈਂ ਗੁਰਦੁਆਰੇ ਵਿੱਚ ਭੁੱਖਿਆਂ ਨੂੰ ਰੋਟੀ ਛਕਾਉਂਦਾ ਸਾਂ। ਬੇਆਸਰੇ, ਅਪਾਹਜਾਂ ਨੂੰ ਸੰਭਾਲਦਾ ਸਾਂ। ਹਸਪਤਾਲ਼ਾਂ ਤੋਂ ਉਨ੍ਹਾਂ ਦੇ ਇਲਾਜ ਕਰਾਂਦਾ ਸਾਂ। ਲੂਲ੍ਹੇ ਬੱਚੇ ਨੂੰ ਮੈਂ 14 ਸਾਲ ਪਿੱਠ ’ਤੇ ਚੁੱਕੀ ਫਿਰਿਆ ਅਤੇ ਉਸ ਨੂੰ ਸੜਕਾਂ ਦੇ ਕੰਢਿਆਂ ’ਤੇ ਰੁੱਖਾਂ ਦੇ ਹੇਠਾਂ ਬਿਨਾ ਮਕਾਨ ਤੋਂ ਖਿਡਾਉਂਦਾ ਰਿਹਾ। ਗੁਰਦੁਆਰਾ ਸਾਹਿਬ ਵਿੱਚ ਵੀ ਕੋਈ ਕਮਰਾ ਨਹੀਂ ਸੀ ਮਿਲਿਆ। ਸਾਇਕਲ ਸਟੈਂਡ ਦੇ ਟੀਨ ਦੀ ਛੱਤ ਹੇਠਾਂ ਭਗਤ ਜੀ ਤੇ ‘ਪਿਆਰਾ ਸਿੰਘ’ ਰਹਿੰਦੇ ਸੀ ਕਿਉਂਕਿ ਬੱਚੇ ਨੂੰ ਪਾਲਨਾ ਜੋ ਹੋਇਆ। ਬੱਚੇ ਰੱਬ ਦਾ ਰੂਪ ਗਿਣੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਕੋਈ ਪਾਪ ਨਹੀਂ ਕੀਤਾ ਹੁੰਦਾ। ਲੂਲੇ ਬੱਚੇ ਦੀ ਸੇਵਾ ਕਰਕੇ ਮੈਂ ਆਪਣੇ ਬਚਪਨ ਦਾ ਉਹ ਕਰਜ਼ਾ ਉਤਾਰ ਰਿਹਾ ਸਾਂ, ਜਿਹੜਾ ਮੇਰੀ ਮਾਂ ਨੇ ਮੈਨੂੰ ਪਾਲ਼ ਕੇ ਮੇਰੇ ਸਿਰ ਚਾੜ੍ਹਿਆ ਸੀ’।
ਸੰਨ 1947 ਨੂੰ ਜਦ ਦੇਸ਼ ਅਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਖ਼ਾਲਸਾ ਕਾਲਜ ਅੰਮ੍ਰਿਸਤਰ ਦੇ ਰੀਫਿਊਜ਼ੀ ਕੈਂਪ ਵਿੱਚ ਪਹੁੰਚੇ। ਇਨ੍ਹਾਂ ਦੇ ਨਾਲ਼ ਹੀ ਇੱਕ ਮਰਨ ਕਿਨਾਰੇ ਬੁੱਢਾ ਭੀ ਲੇਟ ਗਿਆ। ਪਾਕਿਸਤਾਨ ਤੋਂ ਹਰ ਰੋਜ਼ ਲੁੱਟੇ, ਕੁੱਟੇ ਤੇ ਭੁੱਖੇ ਲੋਕ ਆਉਂਦੇ ਸਨ। ਜਿਨ੍ਹਾਂ ਦਾ ਕੋਈ ਵਾਲੀ ਵਾਰਸ ਜਾਂ ਥਾਉਂ ਟਿਕਾਣਾ ਨਾ ਹੁੰਦਾ। ਉਨ੍ਹਾਂ ਦਾ ਆਸਰਾ ਭਗਤ ਜੀ ਹੀ ਹੁੰਦੇ। ਰੀਫਿਊਜ਼ੀ ਕੈਂਪ ਸਮਾਪਤ ਹੋਣ ਤੋਂ ਬਾਅਦ ਭਗਤ ਜੀ ਕੋਲ ਕੋਈ ਜਗ੍ਹਾ ਨਹੀਂ ਸੀ। ਪਾਕਿਸਤਾਨ ਤੋਂ ਅੱਜ ਵੀ ਬਿਮਾਰ ਲਾਵਾਰਿਸ ਰੋਗੀ ਆ ਰਹੇ ਸਨ। ਸੋ ਉਨ੍ਹਾਂ ਨੇ ਆਪਣਾ ਡੇਹਰਾ ਸਟੇਸ਼ਨ ਦੇ ਬਾਹਰ ਟਾਂਗਾ ਸਟੈਂਡ ’ਤੇ ਲਾ ਲਿਆ ਤੇ ਇੱਕਲੇ ਹੀ 10-12 ਪ੍ਰਾਣੀਆਂ ਦੀ ਸੇਵਾ ਕਰਨ ਲੱਗੇ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਝੋਪੜੀਆਂ ਬਣਾਈਆਂ ਕਿਉਕਿ ਮਰੀਜ਼ਾਂ ਦੀ ਗਿਣਤੀ ਵਧ ਗਈ ਸੀ।
ਸੰਨ 1958 ਨੂੰ ਅੰਮ੍ਰਿਤਸਰ ਵਿੱਚ ਜੀ.ਟੀ. ਰੋਡ ਲਾਗੇ ਹੁਣ ਵਾਲੀ ਥਾਂ ਪੱਕਾ ਟਿਕਾਣਾ ਹੋ ਗਿਆ। ਇਹ ਜਗ੍ਹਾ ਭਗਤ ਜੀ ਨੇ 4 ਰੁਪਏ ਗਜ ਦੇ ਹਿਸਾਬ ਨਾਲ਼ ਖ਼ਰੀਦੀ ਸੀ। ਪਿੰਗਲਵਾੜੇ ਦੀ ਰਜਿਸਟਰਡ ਸੋਸਾਇਟੀ ਬਣ ਗਈ। ਗੁਰਦੁਆਰਿਆਂ ਦੇ ਗੇਟਾਂ ਲਾਗੇ ਦਾਨ ਪਾਤਰ ਰੱਖੇ ਗਏ। ਭਗਤ ਪੂਰਨ ਸਿੰਘ ਜੀ ਨੂੰ 90% ਤੋਂ ਭੀ ਵੱਧ ਦਾਨ ਸਿੱਖ ਸੰਗਤਾਂ ਅਤੇ ਗੁਰਦੁਆਰਿਆਂ ਤੋਂ ਪ੍ਰਾਪਤ ਹੁੰਦਾ ਰਿਹਾ। ਆਪ ਜੀ ਨੇ ਲਿਖਿਆ ਹੈ : ‘ਮੈਂ ਦੁਨੀਆਂ ਦੇ ਬੰਦਿਆਂ ਨੂੰ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਆਪਣੇ ਬਚਾਉ, ਵਧਣ ਫੁੱਲਣ ਅਤੇ ਉਨਤੀ ਨੂੰ ਸਨਮੁਖ ਰੱਖਦਿਆਂ ਹੋਇਆਂ ਸਦਾ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਹਾਡੇ ਮਨਾਂ ਵਿੱਚੋਂ ਕਦੇ ਭੀ ਗੁਰਦੁਆਰਿਆਂ ਜੈਸੇ ਧਰਮ ਅਸਥਾਨਾਂ ਦਾ ਖਿਆਲ ਵਿਸਰ ਨਾ ਜਾਏ ਤੇ ਉਨ੍ਹਾਂ ਵੱਲ ਤੁਹਾਡੀ ਪਿੱਠ ਨਾ ਹੋ ਜਾਏ। ਆਪ ਜੋ ਸਾਹ ਲਵੋ ਉਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਲਵੋ। ਮੈਂ ਜਿੰਨਾ ਚਿਰ ਜੀਵਾਂਗਾ, ਮੇਰੇ ਹਿਰਦੇ ’ਚੋਂ ਸ਼ੁਕਰਾਨੇ ਦੇ ਭਾਵ ਨਾਲ਼ ਇਹ ਸ਼ਬਦ ਸਦਾ ਉਛਲਦੇ ਰਹਿਣਗੇ- ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਭਰੋਸਾ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁੱਗੋ ਜੁੱਗ ਅਟੱਲ, ਧਰਮ ਕਾ ਜੈਕਾਰ’। ਕੇਸ ਦਾਨ ਮੰਗਣਾ ਪ੍ਰਭੂ ਪਾਸੋਂ ਸ਼ਕਤੀ ਮੰਗਣਾ ਹੈ। ਭਗਤ ਪੂਰਨ ਸਿੰਘ ਜੀ ਨੇ ਨਿਸ਼ਕਾਮ ਭਾਵਨਾ ਨਾਲ ਪ੍ਰਾਣੀ ਮਾਤਰ ਦੀ ਸੇਵਾ ਕੀਤੀ। ਲੋਕਾਂ ਨੂੰ ਗਿਆਨਵਾਨ ਕਰਨ ਲਈ ਬਹੁਤ ਸਾਰਾ ਸਾਹਿਤ ਮੁਫ਼ਤ ਵੰਡਿਆ। ਮੋਟਰ ਗੱਡੀਆਂ ’ਚ ਫੂਕਿਆ ਜਾ ਰਿਹਾ ਈਂਧਨ ਬਚਾਉਣ ਅਤੇ ਪ੍ਰਦੂਸ਼ਨ ਹਟਾਉਣ ਲਈ ਪ੍ਰੇਰਣ ਵਾਸਤੇ ਰੈਲੀਆਂ ਕੀਤੀਆਂ, ਜਿਨ੍ਹਾਂ ’ਚ ਰੁੱਖ ਲਗਾਉਣ ਅਤੇ ਵੱਧ ਤੋਂ ਵੱਧ ਪੈਦਲ ਚੱਲਣ ਜਾਂ ਸਾਈਕਲ ਚਲਾਉਣ ਦਾ ਪ੍ਰਚਾਰ ਕੀਤਾ। ਭਗਤ ਜੀ ਨੇ ਵਿਆਹ ਇਸ ਲਈ ਨਹੀਂ ਕਰਵਾਇਆ ਤਾਂ ਕਿ ਛੋਟੇ ਪਰਵਾਰ ’ਚ ਸੀਮਤ ਰਹਿਣ ਨਾਲੋਂ ਵੱਡੇ ਪਰਵਾਰ ਦੀ ਸੇਵਾ ਕੀਤੀ ਜਾ ਸਕੇ। ਪਰਾਈ ਇਸਤਰੀ ਨੂੰ (ਬੇਸ਼ਕ ਉਹ ਬੀਮਾਰ ਹੋਵੇ) ਬਾਂਹ ਤੋਂ ਨਾ ਫੜਨ ਦਾ ਪ੍ਰਣ ਆਪਣੀ ਮਾਤਾ ਮਹਿਤਾਬ ਕੌਰ ਨਾਲ ਕੀਤਾ ਸੀ; ਉਸ ਨੂੰ ਤੋੜ ਨਿਭਾਇਆ। ਭਗਤ ਜੀ ਨੇ ਮਨੁੱਖੀ ਮਲ-ਮੂਤਰ ਸੰਭਾਲਣ ਦੇ ਬਹੁਤ ਪਰਚੇ ਵੰਡੇ। ਹੋਕਾ ਦਿੱਤਾ ਕਿ ਮਨੁੱਖੀ ਮਲ-ਮੂਤਰ ਦੀ ਖਾਦ ਬਣਾ ਕੇ ਧਰਤੀ ਮਾਂ ਨੂੰ ਤਕੜੀ ਕਰੋ। ਭਗਤ ਜੀ ਨੇ ਕਿਹਾ ਕਿ ‘ਜੇ ਲੋਕਾਂ ਨੂੰ ਕੂੜਾ ਸੁੱਟਣ ਦੀ ਹੀ ਜਾਂਚ ਆ ਜਾਏ ਤਾਂ ਬਹੁਤ ਸਾਰਾ ਪ੍ਰਦੂਸ਼ਨ ਆਪੇ ਘਟ ਜਾਵੇਗਾ। ਗਟਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟਦੇ ਹਨ, ਜਿਸ ਨਾਲ ਗਟਰ ਬੰਦ ਹੋ ਜਾਂਦੇ ਹਨ। ਸਬਜ਼ੀਆਂ ਦੇ ਛਿਲਕੇ, ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਨ੍ਹ ਕੇ ਸੁੱਟਦੇ ਹਨ ਤਾਂ ਉਹ ਕਿਸੇ ਕੰਮ ਨਹੀਂ ਆਉਂਦੇ। ਜੇ ਸਬਜ਼ੀਆਂ ਦੇ ਛਿਲਕੇ ਅਲੱਗ ਸੁੱਟੇ ਜਾਣ ਤਾਂ ਉਨ੍ਹਾਂ ਦੀ ਖਾਦ ਬਣੇਗੀ ਤੇ ਲਿਫਾਫੇ ਰੀ-ਸਾਈਕਲ ਹੋ ਜਾਣਗੇ। ਵੱਡੇ ਬਣਨ ਲਈ ਛੋਟੇ ਕੰਮ ਕਰਨੇ ਜ਼ਰੂਰੀ ਹਨ। ਭਗਤ ਪੂਰਨ ਸਿੰਘ ਜੀ ਨੂੰ ਇਸ ਤਰ੍ਹਾਂ ਕਰਦੇ ਕਰਦੇ 30 ਸਾਲ ਗੁਜ਼ਰ ਗਏ। ਮੀਡੀਆ ਦੀ ਨਜ਼ਰ ਇਸ ਸਮਾਜ ਸੇਵੀ ਅਤੇ ਮਨੁੱਖਤਾ ਦੇ ਪ੍ਰੇਮੀ ’ਤੇ ਨਾ ਪਈ ਅਤੇ ਨਾ ਹੀ ਸਰਕਾਰ ਦੇ ਧਿਆਨ ’ਚ ਆਏ।
ਜਿਸ 4 ਸਾਲ ਦੇ ਬੱਚੇ ਨੂੰ ਉਸ ਦੇ ਮਾਤਾ ਪਿਤਾ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਵਿੱਚ ਰੱਬ ਦੇ ਭਰੋਸੇ ਛੱਡ ਗਏ, ਉਸ ਬੱਚੇ ਨੂੰ ਭਗਤ ਪੂਰਨ ਸਿੰਘ ਜੀ ਨੇ ਗੋਦ ਲੈ ਕੇ ਸੰਭਾਲ ਕੀਤੀ ਤੇ ਪਿਆਰ ਨਾਲ ਉਸ ਦਾ ਨਾਂ ‘ਪਿਆਰਾ ਸਿੰਘ’ ਰੱਖਿਆ। ਜਿੱਥੇ ਵੀ ਜਾਂਦੇ ਭਗਤ ਪੂਰਨ ਸਿੰਘ ਜੀ ਇਸ ਬੱਚੇ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਜਾਂ ਰੇੜੀ ਵਿੱਚ ਪਾ ਕੇ ਨਾਲ ਲੈ ਜਾਂਦੇ। ਪਿਆਰਾ ਸਿੰਘ ਦੀ 58 ਸਾਲ ਸੇਵਾ ਕੀਤੀ ਤੇ ਉਸ ਦੀ 50 ਸਾਲ ਦੀ ਉਮਰ ਹੋ ਜਾਣ ਤੱਕ ਵੀ ਉਸ ਨੂੰ ਮਾਂ ਵਾਂਗ ਝੋਲ਼ੀ ਵਿੱਚ ਬਿਠਾ ਕੇ ਖਿਡਾਉਂਦੇ ਰਹੇ। ਪਿੰਗਲਵਾੜੇ ਦੀ ਮੌਜੂਦਾ ਸੰਚਾਲਕ ਡਾ: ਇੰਦਰਜੀਤ ਕੌਰ ਜੀ ਦੇ ਦੱਸਣ ਅਨੁਸਾਰ ਭਗਤ ਜੀ; ਇੱਕ ਵਾਰ ਉਨ੍ਹਾਂ ਕੋਲ ਸੰਗਰੂਰ ਹਰਨੀਆਂ ਦਾ ਅਪਰੇਸ਼ਨ ਕਰਵਾਉਣ ਆਏ ਤਾਂ ਪਿਆਰੇ ਨੂੰ ਨਾਲ ਨਾ ਲੈ ਕੇ ਆਏ। ਦਿਨ ਕੁਝ ਜ਼ਿਆਦਾ ਲੱਗ ਗਏ। ਰਾਜ਼ੀ ਹੋਣ ਤੋਂ ਬਾਅਦ ਭਗਤ ਜੀ ਅਤੇ ਡਾ: ਇੰਦਰਜੀਤ ਕੌਰ ਜੀ ਅੰਮ੍ਰਿਤਸਰ ਪਿੰਗਲਵਾੜੇ ਪਹੁੰਚੇ ਤਾਂ ਪਿਆਰਾ ਸਿੰਘ ਜੋ ਕਿ ਵਿਛੋੜੇ ਕਾਰਨ ਵਿਆਕੁਲ ਹੋਇਆ ਪਿਆ ਸੀ, ਨੇ ਆਪਣਾ ਰੋਸ ਪ੍ਰਗਟ ਕੀਤਾ। ਉਹ ਰੁੱਸ ਗਿਆ। ਭਗਤ ਜੀ ਨਾਲ ਬੋਲੇ ਹੀ ਨਾ, ਮੂੰਹ ਵੀ ਦੂਜੇ ਪਾਸੇ ਕਰ ਲਿਆ। ਭਗਤ ਜੀ ਉਹਦੇ ਮੰਜੇ ’ਤੇ ਉਸ ਦੇ ਪੈਰਾਂ ਵੱਲ ਬੈਠ ਗਏ। ਵੇਖੋ ਮਮਤਾ ਦੀ ਖੇਡ। ਭਗਤ ਪੂਰਨ ਸਿੰਘ ਜੀ ਪਿਆਰੇ ਦੇ ਪੈਰ ਫੜੀ ਬੈਠੇ ਹਨ, ਮਾਫ਼ੀਆਂ ਮੰਗ ਰਹੇ ਹਨ, ਪਰ ਪਿਆਰਾ ਹੈ ਕਿ ਮੰਨਣ ’ਚ ਹੀ ਨਹੀਂ ਆਉਂਦਾ। ਫਿਰ ਡਾ: ਇੰਦਰਜੀਤ ਕੌਰ ਜੀ ਨੇ ਪਿਆਰੇ ਨੂੰ ਦੱਸਿਆ ਕਿ ਬਾਬਾ ਜੀ ਤਾਂ ਬੀਮਾਰ ਸਨ, ਨਹੀਂ ਤਾਂ ਤੇਰੇ ਕੋਲੋਂ ਏਨੀ ਦੇਰ ਦੂਰ ਨਾ ਰਹਿ ਸਕਦੇ, ਅੱਗੋਂ ਤੋਂ ਤੈਨੂੰ ਨਾਲ ਲੈ ਕੇ ਜਾਇਆ ਕਰਨਗੇ, ਇਸ ਵਾਰੀ ਮਾਫ਼ ਕਰ ਦੇ। ਫਿਰ ਕਿਤੇ ਜਾ ਕੇ ਸਮਝੌਤਾ ਹੋਇਆ। ਹੈ ਕੋਈ ਇਸ ਸੰਸਾਰ ਵਿੱਚ ਐਸਾ ਇਨਸਾਨ, ਜੋ ਕਿ ਕਿਸੇ ਬੇਗ਼ਾਨੇ ਅਪੰਗ ਬੱਚੇ ’ਤੇ ਆਪਣੀ ਮਮਤਾ ਨਿਛਾਵਰ ਕਰਦਾ ਹੋਵੇ।
ਪਿਆਰਾ ਜਦੋਂ ਬਹੁਤ ਵੱਡਾ ਹੋ ਗਿਆ ਸੀ ਯਾਨੀ ਕਿ 50 ਸਾਲ ਤੋਂ ਜ਼ਿਆਦਾ ਤਾਂ ਵੀ ਭਗਤ ਪੂਰਨ ਸਿੰਘ ਜੀ ਉਸ ਨੂੰ ਗੋਦੀ ਵਿੱਚ ਲੈ ਕੇ ਬੈਠਦੇ ਸਨ ਅਤੇ ਕਹਿੰਦੇ ਸਨ ਕਿ ਜਦੋਂ ਪਿਆਰਾ ਮੇਰੀ ਗੋਦ ਵਿੱਚ ਹੁੰਦਾ ਹੈ, ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਆਪਣੀ ਮਾਂ ਦੀ ਗੋਦ ਵਿੱਚ ਹੋਵਾਂ। ਅਪੰਗ ਅਤੇ ਮੰਦਬੁੱਧੀ ਹੋਣ ਕਰਕੇ ਇਹ ਧਿਆਨ ਅਤੇ ਸੰਭਾਲ ਬਹੁਤ ਛੋਟੇ ਬੱਚੇ ਵਰਗੀ ਮੰਗਦਾ ਸੀ। ਭਗਤ ਜੀ ਆਪਣੀ ਮਾਂ ਕੋਲੋਂ ਮਿਲੀ ਮਮਤਾ ਦਾ ਭੰਡਾਰ ਪਿਆਰੇ ਨੂੰ ਵੰਡਣ ਲੱਗੇ। ਪਿਆਰੇ ਦੇ ਸਰੀਰ ਦਾ ਹੇਠਲਾ ਹਿੱਸਾ ਬਹੁਤ ਕਮਜ਼ੋਰ ਸੀ, ਪੈਰਾਂ ਵਿੱਚ ਜਾਨ ਘੱਟ ਸੀ, ਇਸ ਲਈ ਟੱਟੀ ਕਰਨ ਲਈ ਜ਼ੋਰ ਨਹੀਂ ਸੀ ਲਾ ਸਕਦਾ। ਕਈ ਵਾਰ ਕਾਫ਼ੀ ਸਮਾਂ ਉਸ ਨੂੰ ਬੈਠਣਾ ਪੈਂਦਾ ਸੀ ਅਤੇ ਕਈ ਵਾਰ ਅਨੀਮਾਂ ਕਰਨਾ ਪੈਂਦਾ ਸੀ। ਸਰਦੀਆਂ ਵਿੱਚ ਨੰਗੇ ਬੈਠਣ ਨਾਲ ਠੰਢ ਲੱਗਣ ਦਾ ਡਰ ਹੁੰਦਾ ਸੀ। ਭਗਤ ਜੀ ਨੇ ਆਪਣਾ ਬਿਸਤਰਾ ਨਿੱਘਾ ਕਰੀ ਰੱਖਣਾ, ਜਦੋਂ ਪਿਆਰੇ ਨੇ ਵਿਹਲਾ ਹੋਣਾ ਤਾਂ ਆਪਣੇ ਨਿੱਘੇ ਬਿਸਤਰੇ ਵਿੱਚ ਪਾ ਕੇ ਪਿਆਰੇ ਨੂੰ ਆਪਣੇ ਸਰੀਰ ਦਾ ਨਿੱਘ ਦੇਣਾ ਕਿਉਂਕਿ ਪਿਆਰੇ ਦਾ ਸਰੀਰ ਕਮਜ਼ੋਰ ਹੋਣ ਕਰਕੇ ਗਰਮੀ ਪੈਦਾ ਨਹੀਂ ਕਰ ਸਕਦਾ ਸੀ। ਏਨਾ ਧਿਆਨ ਤਾਂ ਸ਼ਾਇਦ ਮਾਵਾਂ ਵੀ ਆਪਣੇ ਅਪੰਗ ਬੱਚੇ ਨੂੰ ਨਹੀਂ ਦੇ ਸਕਦੀਆਂ।
ਭਗਤ ਪੂਰਨ ਸਿੰਘ ਜੀ ਤਾਂ ਸਾਰਿਆਂ ਨੂੰ ਹੀ ਮਮਤਾ ਦਾ ਪ੍ਰਸ਼ਾਦ ਵੰਡਦੇ ਰਹੇ। ਪਿੰਗਲਵਾੜੇ ’ਚ ਪਿਆਰਾ ਸਿੰਘ ਵਰਗੇ ਕਈ ਬੱਚੇ ਪਲ਼ ਰਹੇ ਸਨ। ਜੇ ਕੋਈ ਬੱਚਾ ਰੋ ਪੈਂਦਾ ਤਾਂ ਭਗਤ ਜੀ ਆਪਣਾ ਕੜਾ ਲਾਹ ਕੇ ਲੋਹੇ ਦੇ ਬਾਟੇ ਨਾਲ ਵਜਾ ਕੇ ਬੱਚੇ ਨੂੰ ਚੁੱਪ ਕਰਵਾਉਂਦੇ। ਦਰਬਾਰ ਸਾਹਿਬ ਜਦੋਂ ਪ੍ਰਚਾਰ ਕਰਨ ਜਾਣ ਲੱਗੇ ਤਾਂ ਰਾਤ ਪਈ ਪਿੰਗਲਵਾੜੇ ਆਉਂਦੇ ਤਾਂ ਵਾਪਸ ਆਉਂਦੇ ਹੋਏ ਕਦੇ ਖਜੂਰਾਂ, ਕਦੇ ਮੂੰਗਫਲ਼ੀਆਂ ਤੇ ਕਦੇ ਰਿਉੜੀਆਂ ਲੈ ਕੇ ਆਉਂਦੇ। ਬੱਚੇ ਉਡੀਕਦੇ ਹੁੰਦੇ ਸਨ। ਜਦੋਂ ਭਗਤ ਜੀ ਡਿਉਢੀ ਵੜਦੇ, ਬੱਚੇ ਭੱਜੇ ਆਉਂਦੇ। ਬਾਬਾ ਜੀ ਆ ਗਏ, ਚੀਜ਼ੀ ਲੈ ਕੇ ਆਏ ਹਨ। ਭਗਤ ਜੀ ਸਾਰਿਆਂ ਨੂੰ ਲਿਆਈ ਹੋਈ ਚੀਜ਼ ਵੰਡਦੇ ਤੇ ਉਨ੍ਹਾਂ ਦਾ ਮਮਤਾ ਭਰਿਆ ਦਿਲ ਸੰਤੁਸ਼ਟੀ ਮਹਿਸੂਸ ਕਰਦਾ। ਇਹੋ ਜਿਹਾ ਮਮਤਾ ਭਰਿਆ ਸਨੇਹ ‘ਰੱਬ ਦਾ ਭਗਤ’ ਹੀ ਵੰਡ ਸਕਦਾ ਹੈ। ਇਸ ਸਨੇਹ ’ਚ ਅਥਾਹ ਸ਼ਕਤੀ ਹੁੰਦੀ ਹੈ, ਜੋ ਕਿ ਸੇਵਾ ਦੇ ਬਿਖਮ ਰਾਹਾਂ ’ਤੇ ਤੁਰਨ ਦੀ ਸਮਰੱਥਾ ਬਖ਼ਸ਼ਦੀ ਹੈ।
ਸੰਨ 1984 ਤੋਂ ਬਾਅਦ ਭਗਤ ਜੀ ਦੀ ਸਿਹਤ ਖਰਾਬ ਹੋਣ ਲੱਗ ਪਈ ਅਤੇ ਬੀਬੀ ਇੰਦਰਜੀਤ ਕੌਰ ਭਗਤ ਜੀ ਦੀ ਸੇਵਾ ’ਚ ਪਹੁੰਚ ਗਏ। ਬੀਬੀ ਜੀ ਨੇ ਬੱਚਿਆਂ ਦੀ ਤਰ੍ਹਾਂ ਸੇਵਾ ਕੀਤੀ; ਬੱਚਿਆਂ ਦੀ ਤਰ੍ਹਾਂ ਕੇਸੀ ਇਸ਼ਨਾਨ ਕਰਾਏ; ਮਾਲਸ਼ਾਂ ਕੀਤੀਆਂ। ਭਗਤ ਪੂਰਨ ਸਿੰਘ ਜੀ ਨੂੰ ਸਭ ਤੋਂ ਵੱਡਾ ਸਦਮਾ ਆਪਣੀ ਮਾਂ ਦੇ ਚੜ੍ਹਾਈ ਕਰ ਜਾਣ ’ਤੇ ਲੱਗਾ ਸੀ। ਉਸ ਮਾਂ ਨੂੰ ਖੋਜਦੇ ਖੋਜਦੇ ਭਗਤ ਜੀ ਨੇ ਅੰਤ ਬੀਬੀ ਇੰਦਰਜੀਤ ਕੌਰ ਦੇ ਰੂਪ ਵਿੱਚ ਮਾਂ ਦੇ ਰੂਪ ਨੂੰ ਪ੍ਰਾਪਤ ਕਰ ਲਿਆ ਸੀ। ਅਖੀਰ 05-08-1992 ਨੂੰ ਪਿੰਗਲਵਾੜੇ ਦੀ ਜ਼ਿੰਮੇਵਾਰੀ ਬੀਬੀ ਇੰਦਰਜੀਤ ਕੌਰ ਦੇ ਮੋਢਿਆਂ ’ਤੇ ਰੱਖ ਕੇ ਆਪ ਸਦਾ ਲਈ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਜਲੰਧਰ, ਸੰਗਰੂਰ, ਚੰਡੀਗੜ੍ਹ, ਪਲਸੌਰਾ ਅਤੇ ਗੋਇੰਦਵਾਲ ਸਾਹਿਬ ਵਿਖੇ ਬ੍ਰਾਂਚਾਂ ’ਚ ਬਿਨਾਂ ਕਿਸੇ ਧਾਰਮਿਕ ਅਤੇ ਜਾਤੀ ਵਿਤਕਰੇ ਦੇ 30 ਸਤੰਬਰ 2024 ਤੱਕ 1835 ਲਾਵਾਰਸ ਮਰੀਜ਼ ਸਨ; ਜਿਨ੍ਹਾਂ ’ਚ ਮਾਨਸਕ ਰੋਗੀ, ਮੰਦਬੁੱਧੀ, ਅਧਰੰਗ ਤੇ ਪੋਲੀਓ ਦੇ ਮਰੀਜ਼, ਗੂੰਗੇ-ਬੋਲ਼ੇ, ਪਰਵਾਰ ਵੱਲੋਂ ਨਕਾਰੇ ਗਏ ਬਜ਼ੁਰਗ, ਜਖ਼ਮੀ, ਟੀ.ਬੀ. ਦੇ ਮਰੀਜ਼, ਅੱਖਾਂ ਦੀ ਜੋਤ ਗੁਆ ਚੁੱਕੇ, ਏਡਜ਼ ਦੀ ਬੀਮਾਰੀ ਤੋਂ ਪੀੜਤ, ਸ਼ੂਗਰ ਦੇ ਰੋਗੀ, ਸਕੂਲ ਪੜ੍ਹਨ ਵਾਲੇ ਬੱਚੇ, ਲਾਵਾਰਸ ਬੱਚੇ ਅਤੇ ਕੁਝ ਉਹ ਵਿਅਕਤੀ ਹਨ, ਜੋ ਬੀਮਾਰੀ ਤੋਂ ਤਾਂ ਛੁਟਕਾਰਾ ਪਾ ਚੁੱਕੇ ਹਨ, ਪਰ ਉਹ ਹਾਲੀ ਇੱਥੇ ਹੀ ਰਹਿਣਾ ਚਾਹੁੰਦੇ ਹਨ। ਮਰੀਜ਼ਾਂ ਦੀ ਗਿਣਤੀ ’ਚ ਹਰ ਸਾਲ ਨਿਰੰਤਰ ਵਾਧਾ ਹੁੰਦਾ ਰਹਿੰਦਾ ਹੈ ਤੇ ਇਲਾਜ਼ ਉਪਰੰਤ ਠੀਕ ਹੋਏ ਕਾਫ਼ੀ ਮਰੀਜ਼ ਘਰਾਂ ਨੂੰ ਭੇਜ ਦਿੱਤੇ ਜਾਂਦੇ ਹਨ। ਰਾਜੇਵਾਲ (ਰੋਹਣੋ) ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਗੁਰਮਤਿ ਅਤੇ ਕਿੱਤਾ ਮੁਖੀ ਕਾਲਜ ਪਿਛਲੇ ਤਿੰਨ ਸਾਲ ਤੋਂ ਬੜੀ ਚੜ੍ਹਦੀ ਕਲਾ ਨਾਲ ਚਲ ਰਿਹਾ ਹੈ।
ਇਨ੍ਹਾਂ ਸਭਨਾ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ’ਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ’ਚ ਇਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ; ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ, ਇਸ ਲਈ ਉਨ੍ਹਾਂ ਦੀ ਜਾਨਸ਼ੀਨ (ਡਾ:) ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ।
ਵੀਹਵੀਂ ਸਦੀ ਦੇ ਆਦਰਸ਼ਕ ਸਮਾਜ ਸੇਵਕ
ਭਗਤ ਜੀ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1979 ’ਚ ਭਗਤ ਜੀ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ, ਜਿਹੜਾ ਉਨ੍ਹਾਂ ਨੇ ਜੂਨ 1984 ’ਚ ਦਰਬਾਰ ਸਾਹਿਬ ਸਮੂਹ ’ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਦੌਰਾਨ ਮਚਾਈ ਤਬਾਹੀ ਦੇ ਰੋਸ ਵਜੋਂ ਮਿਤੀ 09-09-1984 ਨੂੰ ਵਾਪਸ ਕਰ ਦਿੱਤਾ ਸੀ। ਇਸ ਉਪਰੰਤ ਸੰਨ 1990 ’ਚ ਹਾਰਮਨੀ ਐਵਾਰਡ, ਸੰਨ 1991 ’ਚ ਰੋਗ ਰਤਨ ਅਵਾਰਡ ਤੇ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਬੀਬੀ ਇੰਦਰਜੀਤ ਕੌਰ ਦੇ ਪ੍ਰਬੰਧ ਹੇਠ ਆਏ ਨੂੰ 33 ਸਾਲ ਹੋ ਚੁੱਕੇ ਹਨ। ਹੁਣ ਪਿੰਗਲਵਾੜੇ ’ਚ ਮਾਤਾ ਮਹਿਤਾਬ ਕੌਰ ਅਤੇ ਪਿਆਰਾ ਸਿੰਘ ਦੇ ਨਾਂ ’ਤੇ ਦੋ ਵਾਰਡ ਬਣੇ ਹੋਏ ਹਨ। ਪਿੰਗਲਵਾੜੇ ’ਚ 1835 ਮਰੀਜ਼ ਹਨ। ਪੰਜ ਸਕੂਲ ਅਤੇ ਇੱਕ ਗੁਰਮਤਿ ਤੇ ਕਿੱਤਾ ਮੁਖੀ ਕਾਲਜ ਚੱਲ ਰਹੇ ਹਨ। ਕੁਝ ਖ਼ਾਸ ਕਿਸਮ ਦੇ ਕੰਮ ਭੀ ਅਰੰਭੇ ਹੋਏ ਹਨ; ਜਿਵੇਂ ਕਿ ਕੁਦਰਤੀ ਖੇਤੀ ਕਰਨੀ, ਬਨਾਵਟੀ ਅੰਗਾਂ ਨੂੰ ਬਣਾਉਣਾ ਅਤੇ ਮੰਦ ਬੁੱਧੀ ਬੱਚਿਆਂ ਦੇ ਪ੍ਰੋਜੈਕਟ ਚਲਾਉਣੇ, ਆਦਿ। ਇਨ੍ਹਾਂ ਸਾਰਿਆਂ ਪ੍ਰੋਜੈਕਟਾਂ ’ਤੇ ਔਸਤਨ ਹਰ ਰੋਜ਼ ਸਾਢੇ 10 ਲੱਖ ਖ਼ਰਚ ਦਾ ਬਜਟ ਹੈ, ਜੋ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਂਦਾ ਹੈ।
ਜਿਸ ਤਰ੍ਹਾਂ ਰੈੱਡ ਕਰਾਸ ਦੀ ਨੀਂਹ ਭਾਈ ਘਨੱਈਆ ਜੀ ਨੇ ਰੱਖੀ ਸੀ, ਪਰ ਸਾਡੇ ਪ੍ਰਚਾਰ ਦੀ ਘਾਟ ਕਾਰਨ ਦੁਨੀਆ ਇਹ ਨਹੀਂ ਜਾਣ ਪਾਈ ਏਵੇਂ ਹੀ ਨਿਮਾਣਿਆ ਦੇ ਮਾਣ ਅਤੇ ਨਿਆਸਰਿਆਂ ਦੇ ਆਸਰੇ ਵਾਲੇ ਕੰਮ ਦੀ ਨੀਂਹ ਭਗਤ ਪੂਰਨ ਸਿੰਘ ਜੀ ਨੇ ਰੱਖੀ ਹੈ। ਸਾਰੇ ਸੰਸਾਰ ਦੇ ਸਿੱਖਾਂ ਨੂੰ ਹੋਕਾ ਹੈ ਕਿ ਜਿਵੇਂ ਪਹਿਲਾਂ ਭੀ ਤੁਸੀਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਦਾਨ ਜਾਂ ਦਸਵੰਧ ਆਦਿ ਦੇਂਦੇ ਆਏ ਹੋ, ਉਵੇਂ ਅੱਗੋਂ ਭੀ ਸਗੋਂ ਵਧ ਚੜ੍ਹ ਕੇ ਦਾਨ ਦੇਂਦੇ ਰਹੋ ਤਾਂ ਕਿ ਇਹ ਸੰਸਾਰ ਪ੍ਰਸਿੱਧ ਸੰਸਥਾ ਬਣ ਜਾਵੇ। ਭਗਤ ਪੂਰਨ ਸਿੰਘ ਵਰਗੀ ਘਾਲਣਾ ਕਰਨੀ ਤਾਂ ਬਹੁਤ ਔਖੀ ਹੈ, ਪਰ ਅਸੀਂ ਆਪੋ ਆਪਣੇ ਪਰਵਾਰਾਂ ਦੇ ਬਿਰਧ ਅਤੇ ਲਾਚਾਰਾਂ ਨੂੰ ਤਾਂ ਸੰਭਾਲ਼ ਹੀ ਸਕਦੇ ਹਾਂ। ਘੱਟੋ ਘੱਟ ਇੱਕ ਰੁੱਖ ਤਾਂ ਲਾ ਹੀ ਸਕਦੇ ਹਾਂ। ਸਕੂਟਰਾਂ, ਕਾਰਾਂ ਦੀ ਥਾਂ ਸਾਇਕਲਾਂ ਦੀ ਵਰਤੋਂ ਕਰ ਸਕਦੇ ਹਾਂ । ਘਰੇਲੂ ਕੂੜਾ ਤਾਂ ਠੀਕ ਤਰੀਕੇ ਨਾਲ਼ ਸੁੱਟ ਸਕਦੇ ਹਾਂ; ਜਿਵੇਂ ਕਿ ਸਬਜ਼ੀਆਂ ਦੇ ਛਿਲਕੇ ਅਲੱਗ ਅਤੇ ਮੋਮੀ ਕਾਗਜ਼ ਦੇ ਲਿਫਾਫੇ ਅਲੱਗ। ਸਿੱਖੀ ਦੇ ਪ੍ਰਚਾਰ ਲਈ ਨਿਸ਼ਕਾਮ ਸੇਵਾ ਜ਼ਰੂਰੀ ਹੈ। ਜੇ ਸੰਸਾਰ ਦੇ ਲੋਕਾਂ ਨੇ ਧਰਤੀ ਨੂੰ ਅਨੰਦਮਈ ਬਣਾਉਣਾ ਹੈ ਤਾਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਤੋਂ ਸੇਧ ਲਈ ਜਾ ਸਕਦੀ ਹੈ।
ਹਰ ਸਾਲ ਦੀ ਤਰ੍ਹਾਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਮਿਤੀ 1 ਅਗਸਤ 2025 ਦਿਨ ਸ਼ੁੱਕਰਵਾਰ ਤੋਂ 5 ਅਗਸਤ 2025 ਦਿਨ ਐਤਵਾਰ ਤੱਕ ਦੇ ਪੰਜ ਰੋਜ਼ਾ ਸਮਾਗਮ ਹੇਠ ਲਿਖੇ ਪ੍ਰੋਗਰਾਮ ਉਲੀਕੇ ਗਏ ਹਨ।