ਸਰਲ ਗੁਰਬਾਣੀ ਵਿਆਕਰਣ – ਭਾਗ 10

0
13

ਸਰਲ ਗੁਰਬਾਣੀ ਵਿਆਕਰਣਭਾਗ 10

(ਇਸਤਰੀ ਲਿੰਗ ਅਕਾਰਾਂਤ ਨਾਉਂ ਦਾ ਵਿਸ਼ੇਸ਼ਣਅਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਮੰਮੀ ਜੀ  ! ਮੰਮੀ ਜੀ  ! ! ਅੱਜ ਮੇਰਾ ਸਕੂਲ ਵਿਚ ਟੈਸਟ ਸੀ, ਪਰ ਮੈਨੂੰ ਕਿਸੇ ਬੱਚੇ ਦੀ ਨਕਲ ਮਾਰਨੀ ਪਈ।’ ਮਿਹਰ ਸਿੰਘ ਨੇ ਘਰ ਵਿਚ ਦਾਖਲ ਹੁੰਦਿਆਂ ਆਪਣਾ ਬਸਤਾ ਟਿਕਾਣੇ ਸਿਰ ਰੱਖਦਿਆਂ ਕਿਹਾ।

‘ਮੰਮੀ ਜੀ, ਮਿਹਰ ਅੱਜ ਇਕ ਸੁਪਰ ਨਾਲਾਇਕ ਬੱਚੇ ਦੀ ਨਕਲ ਮਾਰ ਕੇ ਆਇਐ। ਉਹ ਬੱਚਾ ਤਾਂ ਕਦੀ ਪਾਸ ਹੋਇਆ ਨਹੀਂ ਤੇ ਦੇਖਿਓ ਇਹਨੇ ਵੀ ਪੱਕਾ ਫੇਲ੍ਹ ਹੋਣੈ।’ ਸੁਖਦੀਪ ਸਿੰਘ ਨੇ ਵੀ ਘਰ ਵਿਚ ਦਾਖਲ ਹੋ ਕੇ ਕਿਤਾਬਾਂ ਰੱਖਦਿਆਂ ਮਾਂ ਨੂੰ ਸ਼ਿਕਾਇਤ ਕੀਤੀ।

‘ਆਹ ਦੇਖੋ ਵੀਰੇ, ਸਾਰਾ ਟੈਸਟ ਬਿਲਕੁੱਲ ਠੀਕ ਹੈ।’ ਮਿਹਰ ਸਿੰਘ ਨੇ ਚੈੱਕ ਕੀਤਾ ਹੋਇਆ ਟੈਸਟ ਪੇਪਰ ਬਸਤੇ ਵਿਚੋਂ ਕੱਢ ਕੇ ਦਿਖਾਉਂਦਿਆਂ ਕਿਹਾ।

‘ਓਏ ਭੋਲੂਆ ਜਿਹਾ  ! ਇਹ ਕਿਵੇਂ ਹੋਇਆ ?’ ਸੁਖਦੀਪ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ।

‘ਵੀਰੇ ! ਨਕਲ ਵੀ ਅਕਲ ਨਾਲ ਮਾਰਨੀ ਪੈਂਦੀ ਐ। ਸਵਾਲ ਸਹੀ ਤੇ ਗਲਤ ਦੀ ਨਿਸ਼ਾਨੀ ਲਾਉਣ ਦਾ ਸੀ। ਮੈਨੂੰ ਪਤਾ ਸੀ ਕਿ ਉਹ ਨਲਾਇਕ ਹੈ ਤੇ ਉਹਨੇ ਫੇਲ੍ਹ ਹੀ ਹੋਣਾ ਹੈ। ਜਿਹੜੀਆਂ ਉਹਨੇ ਨਿਸ਼ਾਨੀਆਂ ਲਗਾਈਆਂ, ਮੈਂ ਉਸ ਤੋਂ ਬਿਲਕੁਲ ਉਲਟ ਨਿਸ਼ਾਨੀਆਂ ਲਗਾਈਆਂ ਤੇ ਪਾਸ ਹੋ ਗਿਆ।’ ਮਿਹਰ ਸਿੰਘ ਨੇ ਜੇਤੂ ਮੁਸਕਰਾਹਟ ਨਾਲ ਜਵਾਬ ਦਿੱਤਾ।

‘ਅੱਛਾ ਜੀ ? ਪੁੱਤਰ ਮਿਹਰ, ਨਕਲਾਂ ਵਿਚ ਕੁੱਝ ਨਹੀਂ ਪਿਆ। ਆਪਣੀ ਮਿਹਨਤ ਨਾਲ ਥੋੜੇ ਨੰਬਰ ਵੀ ਲੈ ਆਵੇਂ ਤਾਂ ਉਹ ਤੇਰੀ ਅਸਲ ਕਮਾਈ ਹੈ।’ ਮਾਂ ਨੇ ਸਮਝਾਉਂਦਿਆਂ ਕਿਹਾ।

‘ਮੰਮੀ ਜੀ, ਗਿਆਨੀ ਜੀ ਵੀ ਤਾਂ ਨਕਲ ਮਾਰਨਾ ਸਿਖਾਉਂਦੇ ਨੇ ?’ ਮਿਹਰ ਸਿੰਘ ਨੇ ਮੁਸਕਰਾਉਂਦਿਆਂ ਕਿਹਾ।

‘ਉਹ ਕਿਵੇਂ ?’ ਦੋਵੇਂ ਇਕੱਠੇ ਬੋਲ ਪਏ।

‘ਗਿਆਨੀ ਜੀ ਕਹਿੰਦੇ ਨੇ ਕਿ ਗੁਰਬਾਣੀ ਵਿਆਕਰਣ ਸਿੱਖਣ ਵੇਲੇ ਜਦੋਂ ਵੀ ਪੁਲਿੰਗ ਜਾਂ ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਬਣਾਉਣਾ ਹੋਵੇ ਤਾਂ ਬੱਸ ਨਕਲ ਹੀ ਮਾਰ ਲਿਆ ਕਰੋ। ਜਿਹੋ-ਜਿਹਾ ਨਾਉਂ, ਉਹੋ ਜਿਹਾ ਵਿਸ਼ੇਸ਼ਣ।’ ਮਿਹਰ ਸਿੰਘ ਨੇ ਹਸਦਿਆਂ ਜਵਾਬ ਦਿੱਤਾ।

‘ਨਾ ਉਹ ਕਿਸ ਤਰ੍ਹਾਂ ?’ ਸੁਖਦੀਪ ਸਿੰਘ ਅਨਜਾਣ ਬਣਦਿਆਂ ਪੁੱਛਿਆ।

‘ਦੇਖੋ ਨਾ ਵੀਰੇ, ਜੇ ਪੁਲਿੰਗ ਇਕ ਵਚਨ ਨਾਉਂ ਉਕਾਰਾਂਤ (ਆਖਰੀ ਅੱਖਰ ਨੂੰ ਔਂਕੜ ਨਾਲ) ਹੋਵੇ ਤਾਂ ਉਸ ਦਾ ਵਿਸ਼ੇਸ਼ਣ ਵੀ ਉਕਾਰਾਂਤ ਹੁੰਦਾ ਹੈ। ਜੇ ਪੁਲਿੰਗ ਬਹੁ ਵਚਨ ਨਾਉਂ ਅਕਾਰਾਂਤ (ਆਖਰੀ ਅੱਖਰ ਮੁਕਤੇ ਨਾਲ) ਹੋਵੇ ਤਾਂ ਉਸ ਦਾ ਵਿਸ਼ੇਸ਼ਣ ਵੀ ਅਕਾਰਾਂਤ ਹੁੰਦਾ ਹੈ, ਜਿਵੇਂ:

ਜੋਤੀ ਅੰਦਰਿ ਬ੍ਰਹਮੁ ਅਨੂਪੁ

ਇਸ ਤੁੱਕ ਵਿਚ ‘ਬ੍ਰਹਮੁ’ ਪੁਲਿੰਗ ਇਕ ਵਚਨ ਨਾਉਂ ਹੈ, ਇਸੇ ਲਈ ਉਹ ਉਕਾਰਾਂਤ ਆ ਗਿਆ ਹੈ। ਵਿਸ਼ੇਸ਼ਣ ਲਈ ਸਿਰਫ ਨਕਲ ਮਾਰਨੀ ਹੈ। ‘ਬ੍ਰਹਮੁ’ ਦਾ ਵਿਸ਼ੇਸ਼ਣ ‘ਅਨੂਪੁ’ ਵੀ ਉਕਾਰਾਂਤ ਆ ਗਿਆ ਹੈ। ਇਸ ਦਾ ਅਰਥ ਹੈ: ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ।

ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ

ਇਸ ਤੁੱਕ ਵਿਚ ‘ਬਚਨ’ ਪੁਲਿੰਗ ਬਹੁ ਵਚਨ ਨਾਉਂ ਹੈ, ਇਸੇ ਲਈ ਉਹ ਅਕਾਰਾਂਤ ਆ ਗਿਆ ਹੈ। ਇਥੇ ਵੀ ਵਿਸ਼ੇਸ਼ਣ ਲਈ ਸਿਰਫ ਨਕਲ ਹੀ ਮਾਰਨੀ ਹੈ। ‘ਬਚਨ’ ਦਾ ਵਿਸ਼ੇਸ਼ਣ ‘ਅਨੂਪ’ ਵੀ ਅਕਾਰਾਂਤ ਆ ਗਿਆ ਹੈ। ਇਸ ਦਾ ਅਰਥ ਹੈ: ਹੇ ਮੋਹਨ ! ਤੇਰੇ (ਸਿਫਤ-ਸਲਾਹ ਨਾਲ ਭਰਪੂਰ) ਬਚਨ ਸੋਹਣੇ ਲੱਗਦੇ ਹਨ। ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ।

ਦੇਖੋ, ਕਿੰਨਾ ਸੌਖਾ ਹੈ ਨਾ ? ਜਿਹੋ ਜਿਹਾ ਨਾਉਂ, ਉਹੋ ਜਿਹਾ ਵਿਸ਼ੇਸ਼ਣ। ਬੱਸ ਨਾਉਂ ਦੀ ਨਕਲ ਹੀ ਮਾਰਨੀ ਹੈ।’ ਮਿਹਰ ਸਿੰਘ ਨੇ ਗੁਰਬਾਣੀ ਵਿਚ ਆਉਣ ਵਾਲੇ ਵਿਸ਼ੇਸ਼ਣਾਂ ਦਾ ਨੇਮ ਸੌਖਿਆਂ ਹੀ ਸਮਝਾ ਦਿੱਤਾ। (ਦੇਖੋ: ਸਰਲ ਗੁਰਬਾਣੀ ਵਿਆਕਰਣ – ਭਾਗ 5)

‘ਫਿਰ ਤਾਂ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਲਈ ਵੀ ਨਕਲ ਮਾਰੀ ਜਾ ਸਕਦੀ ਹੈ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਪਰਖਦਿਆਂ ਕਿਹਾ।

‘ਬਿਲਕੁਲ ਵੀਰ ਜੀ। ਜਿਵੇਂ ਇਸਤਰੀ ਲਿੰਗ ਨਾਉਂ ਭਾਵੇਂ ਇਕ ਵਚਨ ਹੋਵੇ, ਭਾਵੇਂ ਬਹੁ ਵਚਨ ਹੋਵੇ, ਉਹ ਅਕਾਰਾਂਤ ਆਉਂਦਾ ਹੈ। ਵਿਸ਼ੇਸ਼ਣ ਲਈ ਇੱਥੇ ਵੀ ਸਿਰਫ ਨਕਲ ਮਾਰਨੀ ਹੈ। ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਅਕਾਰਾਂਤ ਹੀ ਆਉਂਦਾ ਹੈ, ਜਿਵੇਂ:

ਏਕ ਜੁ ਬਾਤ ਅਨੂਪ ਬਨੀ ਹੈ ਪਵਨੁ ਪਿਆਲਾ ਸਾਜਿਆ

ਇਸ ਤੁੱਕ ਵਿਚ ‘ਬਾਤ’ ਇਸਤਰੀ ਲਿੰਗ ਨਾਉਂ ਹੈ, ਜੋ ਅਕਾਰਾਂਤ ਆਇਆ ਹੈ। ਇਸ ਦਾ ਵਿਸ਼ੇਸ਼ਣ ‘ਅਨੂਪ’ ਵੀ ਅਕਾਰਾਂਤ ਹੀ ਆਇਆ ਹੈ। ਇਸ ਦਾ ਅਰਥ ਹੈ: ਇਕ ਹੋਰ ਗੱਲ ਸੋਹਣੀ ਬਣ ਗਈ ਹੈ ਕਿ ਮੈਂ ਹਰ ਸਾਹ (ਨਾਮ-ਅੰਮ੍ਰਿਤ ਪੀਣ ਦਾ) ਪਿਆਲਾ ਬਣਾ ਲਿਆ ਹੈ।’ ਮਾਸੂਮ ਮਿਹਰ ਸਿੰਘ ਨੇ ਬੜੀ ਗੰਭੀਰਤਾ ਨਾਲ ਸਮਝਾਇਆ।

‘ਮੇਰੇ ਭੋਲੂਆ ਜਿਹਾ ! ਤੈਨੂੰ ਤਾਂ ਸਭ ਕੁੱਝ ਪਤਾ ਹੈ ? ਮੈਂ ਤੈਨੂੰ ਦੋ ਪ੍ਰਮਾਣ ਸੁਣਾਉਂਦਾ ਹਾਂ, ਤੂੰ ਉਹਨਾਂ ਵਿਚੋਂ ਇਸਤਰੀ ਲਿੰਗ ਨਾਂਵ ਤੇ ਉਹਨਾਂ ਦੇ ਇਸਤਰੀ ਲਿੰਗ ਵਿਸ਼ੇਸ਼ਣ ਲੱਭ ਕੇ ਦੱਸ।

ਦੁਲਭ ਦੇਹ ਤਤਕਾਲ ਉਧਾਰੈ

ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ

ਜੇ ਤੂੰ ਪਾਸ ਹੋ ਗਿਆ ਤਾਂ ਤੈਨੂੰ ਮੈਂ ਪ੍ਰੋ: ਮਿਹਰ ਸਿੰਘ ਕਿਹਾ ਕਰਾਂਗਾ।’ ਸੁਖਦੀਪ ਸਿੰਘ ਨੇ ਹੱਸਦਿਆਂ ਕਿਹਾ।

‘ਲੈ ਵੀਰੇ ਇਹ ਕਿਹੜਾ ਔਖਾ ਹੈ ? ਪਹਿਲੀ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਦੇਹ’ ਦਾ ਵਿਸ਼ੇਸ਼ਣ ਹੈ ‘ਦੁਲਭ’। ਇਸ ਦਾ ਅਰਥ ਹੈ: ਉਹ ਇਸ ਦੁਰਲੱਭ ਮਨੁੱਖਾਸਰੀਰ ਨੂੰ ਉਸੇ ਵੇਲੇ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਦੂਜੀ ਤੁੱਕ ਵਿਚ ‘ਗਲ’ ਦਾ ਵਿਸ਼ੇਸ਼ਣ ਹੈ ‘ਗੁਹਜ’। ਇਸ ਦਾ ਅਰਥ ਹੈ: ਜਦੋਂ ਦਿਲ ਦੀ ਗੁੱਝੀ ਗੱਲ ਸਤਿਗੁਰੂ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ।’ ਮਿਹਰ ਸਿੰਘ ਨੇ ਫਟਾ-ਫੱਟ ਜਵਾਬ ਦਿੱਤਾ।

‘ਬਿਲਕੁਲ ਠੀਕ ਜਵਾਬ ਮੇਰੇ ਨਿੱਕੇ ਜਿਹੇ ਪ੍ਰੋ: ਜੀ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਗਲਵੱਕੜੀ ਵਿਚ ਲੈਂਦਿਆਂ ਪਿਆਰ ਭਰੇ ਬੋਲਾਂ ਨਾਲ ਪ੍ਰਸ਼ੰਸਾ ਕੀਤੀ।

‘ਮਿਹਰ ਤਾਂ ਮੇਰਾ ਵਿਦਵਾਨ ਪੁੱਤਰ ਹੈ। ਮੇਰੇ ਬੱਚਿਓ ! ਨਕਲ ਮਾਰਨ ਲੱਗਿਆਂ ਇਹ ਵੀ ਧਿਆਨ ਰੱਖਣਾ ਕਿ ਇਸਤਰੀ ਲਿੰਗ ਨਾਉਂ ਦਾ ਹਮੇਸ਼ਾਂ ਅਕਾਰਾਂਤ ਰੂਪ ਵਿਚ ਆਉਣਾ ਜ਼ਰੂਰੀ ਨਹੀਂ ਹੈ, ਕਿਸੇ ਹੋਰ ਰੂਪ ਵਿਚ ਆਇਆ ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਆਮ ਤੌਰ ’ਤੇ ਅਕਾਰਾਂਤ ਹੀ ਹੁੰਦਾ ਹੈ, ਜਿਵੇਂ:

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਰਹਾਈ

ਹਰਿ ਦਰਿ ਸੋਭਾ ਮਹਾ ਉਤਮ ਬਾਣੀ

ਮਹਿਮਾ ਜਾ ਕੀ ਗਹਿਰ ਗੰਭੀਰ

ਤਰੀ ਜਾਈ ਦੁਤਰ ਮਾਇਆ

ਫਕੜ ਜਾਤੀ ਫਕੜੁ ਨਾਉ

ਇਹਨਾਂ ਤੁੱਕਾਂ ਵਿਚ ਇਸਤਰੀ ਲਿੰਗ ਨਾਵਾਂ ‘ਤ੍ਰਿਸਨਾ, ਬਾਣੀ, ਮਹਿਮਾ, ਮਾਇਆ ਤੇ ਜਾਤੀ’ ਦੇ ਵਿਸ਼ੇਸ਼ਣ ‘ਚੰਚਲ, ਊਤਮ, ਗਹਿਰ ਗੰਭੀਰ, ਦੁਤਰ ਤੇ ਫਕੜ’ ਅਕਾਰਾਂਤ ਆਏ ਹਨ।

ਸਿਰਫ ਵਿਸ਼ੇਸ਼ਣ ਹੀ ਨਹੀਂ, ਇਸਤਰੀ ਲਿੰਗ ਨਾਵਾਂ ਦੇ ਪੜਨਾਵੀਂ ਵਿਸ਼ੇਸ਼ਣ ਵੀ ਅਕਾਰਾਂਤ ਹੀ ਆਉਂਦੇ ਨੇ, ਜਿਵੇਂ :

ਇਹ ਬੇਨੰਤੀ ਸੁਣਿ ਪ੍ਰਭ ਮੇਰੇ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬੇਨੰਤੀ’ ਦਾ ਪੜਨਾਵੀਂ ਵਿਸ਼ੇਸ਼ਣ ‘ਇਹ’ ਹੈ। ਇਸ ਦਾ ਅਰਥ ਹੈ: ਹੇ ਮੇਰੇ ਪ੍ਰਭੂ ! (ਮੇਰੀ) ਇਹ ਅਰਜ਼ੋਈ ਸੁਣ।

ਦੂਰਿ ਰਹੀ ਉਹ ਜਨ ਤੇ ਬਾਟ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬਾਟ’ ਦਾ ਪੜਨਾਵੀਂ ਵਿਸ਼ੇਸ਼ਣ ‘ਉਹ’ ਵੀ ਅਕਾਰਾਂਤ ਆਇਆ ਹੈ। ਇਸ ਦਾ ਅਰਥ ਹੈ: ਉਹ ਵਾਟ ਸੰਤ-ਜਨਾਂ ਤੋਂ ਦੂਰ ਪਰੇ ਰਹਿ ਜਾਂਦੀ ਹੈ।’ ਮਾਂ ਨੇ ਆਪਣੇ ਦੋਵੇਂ ਬੱਚਿਆਂ ਨੂੰ ਬੜੇ ਪਿਆਰ ਨਾਲ ਸਮਝਾਇਆ।

‘ਮੇਰੇ ਪਿਆਰੇ ਜਿਹੇ ਗੋਲੂ ਜੀ ! ਇਹ ਵੀ ਯਾਦ ਰੱਖੋ ਕਿ ਇਸਤਰੀ ਲਿੰਗ ਨਾਵਾਂ ਦੇ ਨਿਸ਼ਚਿਤ ਤੇ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਵੀ ਅਕਾਰਾਂਤ ਹੀ ਆਉਂਦੇ ਨੇ, ਜਿਵੇਂ:

ਗੁਰਾਇਕ ਦੇਹਿ ਬੁਝਾਈ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬੁਝਾਈ’ ਦਾ ਸੰਖਿਅਕ ਵਿਸ਼ੇਸ਼ਣ ‘ਇਕ’ ਹੈ, ਜਿਸ ਦਾ ਅਰਥ ਹੈ: ਹੇ ਗੁਰੂ ਜੀ ! ਮੈਨੂੰ ਇਕ ਸਮਝ ਦੇ ਦਿਉ।

ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਭੁਖ’ ਦਾ ਸੰਖਿਅਕ ਵਿਸ਼ੇਸ਼ਣ ‘ਸਭ’ ਹੈ, ਜਿਸ ਦਾ ਅਰਥ ਹੈ: ਪੂਰਾ ਸਤਿਗੁਰੂ ਪ੍ਰਭੂ (ਦੇ ਗੁਣਾਂ) ਦਾ ਉਪਦੇਸ਼ ਦੇਂਦਾ ਹੈ, ਜਿਸ ਨਾਲ ਸਾਰੀ ਭੁੱਖ ਉਤਰ ਜਾਂਦੀ ਹੈ।’ ਸੁਖਦੀਪ ਸਿੰਘ ਨੇ ਵੀ ਆਪਣੇ ਨਿੱਕੇ ਵੀਰ ਨੂੰ ਸਮਝਾਇਆ।

‘ਵੀਰ ਜੀ, ਜੇ ਪ੍ਰਭੂ ਦੇ ਗੁਣਾਂ ਨਾਲ ਸਾਰੀ ਭੁੱਖ ਉਤਰ ਜਾਂਦੀ ਹੈ ਤਾਂ ਫਿਰ ਅਸੀਂ ਖਾਣਾ ਕਿਉਂ ਖਾਂਦੇ ਹਾਂ ?’ ਮਿਹਰ ਸਿੰਘ ਨੇ ਮਾਸੂਮ ਜਿਹਾ ਬਣ ਕੇ ਸਵਾਲ ਕੀਤਾ।

‘ਓ ਭੋਲੇ ਬੱਚੇ ! ਗੁਰਬਾਣੀ ਦੇ ਬਹੁਤ ਸਾਰੇ ਉਪਦੇਸ਼ ਸਾਡੇ ਮਨ ਲਈ ਹੁੰਦੇ ਹਨ। ਜਿਵੇਂ ਸਰੀਰ ਦੀ ਭੁੱਖ ਮਿਟਾਉਣ ਲਈ ਸਾਨੂੰ ਭੋਜਨ ਦੀ ਲੋੜ ਪੈਂਦੀ ਹੈ ਅਤੇ ਭੋਜਨ ਖਾਣ ਨਾਲ ਸਾਡੇ ਸਰੀਰ ਦੀ ਭੁੱਖ ਮਿਟ ਜਾਂਦੀ ਹੈ। ਉਸੇ ਤਰ੍ਹਾਂ ਮਨ ਵਿਚੋਂ ਤ੍ਰਿਸ਼ਨਾ ਦੀ ਭੁੱਖ ਮਿਟਾਉਣ ਲਈ ਸਾਨੂੰ ਸਬਰ-ਸੰਤੋਖ ਵਰਗੇ ਰੱਬੀ ਗੁਣਾਂ ਦੀ ਲੋੜ ਪੈਂਦੀ ਹੈ ਤੇ ਇਹਨਾਂ ਗੁਣਾਂ ਨੂੰ ਧਾਰਨ ਕੀਤਿਆਂ ਮਨ ਦੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਗੁਰਬਾਣੀ ਵਿਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਤੁੱਕਾਂ ਹਨ। ਅਜਿਹੀਆਂ ਤੁੱਕਾਂ ਦੇ ਜੇਕਰ ਸਰੀਰ ਦੇ ਤਲ ’ਤੇ ਅਰਥ ਕੀਤੇ ਜਾਣ ਜਾਂ ਜੇਕਰ ਉਹਨਾਂ ਦੇ ਭਾਵ-ਅਰਥ ਨਾ ਸਮਝੇ ਜਾਣ ਤਾਂ ਸਾਡੇ ਕੋਲੋਂ ਉਹਨਾਂ ਦਾ ਅਸਲ ਗੁਰਮਤਿ ਸਿਧਾਂਤ ਹੀ ਖੁੰਝ ਜਾਏਗਾ।’ ਸੁਖਦੀਪ ਸਿੰਘ ਦੀ ਐਸੀ ਡੂੰਘੀ ਗੱਲ ਸੁਣ ਕੇ ਮਿਹਰ ਸਿੰਘ ਦਾ ਮੂੰਹ ਖੁਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ।

‘ਬਿਲਕੁਲ ਵੀਰ ਜੀ, ਦੋ ਵਾਰ ਸਮਝ ਗਿਆ।’ ਮਿਹਰ ਸਿੰਘ ਨੇ ਸਿਰ ਹਿਲਾਂਦਿਆਂ ਕਿਹਾ।

‘ਦੋ ਵਾਰ ਸਮਝ ਗਿਆ ਦਾ ਕੀ ਮਤਲਬ ?’ ਨਾਲ ਖਲੋਤੀ ਮਾਂ ਨੇ ਹੈਰਾਨ ਹੁੰਦਿਆਂ ਪੁੱਛਿਆ।

‘ਮੇਰਾ ਮਤਲਬ ਹੈ ਕਿ ਸਮਝ ਗਿਆ, ਸਮਝ ਗਿਆ।’ ਮਿਹਰ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਜਵਾਬ ਦਿੱਤਾ।

‘ਮੰਮੀ ਜੀ, ਇਹਨੇ ਕੋਈ ਲਫ਼ਜ਼ ਦੋ ਵਾਰ ਬੋਲਣਾ ਹੋਵੇ ਤਾਂ ਇਹ ਹਮੇਸ਼ਾਂ ਇਸੇ ਤਰ੍ਹਾਂ ਹੀ ਕਹਿੰਦੈ। ਚੱਲ ਹੁਣ ਤੂੰ ਬਹੁਤੀਆਂ ਬੁਝਾਰਤਾਂ ਨਾ ਪਾ, ਗੁਰਬਾਣੀ ਵਿਚੋਂ ਇਕ ਸੰਖਿਅਕ ਵਿਸ਼ੇਸ਼ਣ ਦਾ ਪ੍ਰਮਾਣ ਦੇਹ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਪੁੱਛਿਆ।

‘ਹੁਣੇ ਲਉ ਵੀਰ ਜੀ। ਇਕ ਕਿਉਂ, ਦੋ ਪ੍ਰਮਾਣ ਸੁਣੋ ਜੀ:

ਸੇਜ ਏਕ ਪੈ ਮਿਲਨੁ ਦੁਹੇਰਾ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਸੇਜ’ ਹੈ ਤੇ ਉਸ ਦਾ ਸੰਖਿਅਕ ਵਿਸ਼ੇਸ਼ਣ ‘ਏਕ’ ਅਕਾਰਾਂਤ ਆ ਗਿਆ ਹੈ। ਇਸ ਦਾ ਅਰਥ ਹੈ: (ਸਾਡੀ ਦੋਹਾਂ ਦੀ) ਸੇਜ ਇਕ ਹੀ ਹੈ ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ।

ਸਭ ਦੁਨੀਆ ਆਵਣ ਜਾਣੀਆ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਦੁਨੀਆ’ ਹੈ ਤੇ ਉਸ ਦਾ ਸੰਖਿਅਕ ਵਿਸ਼ੇਸ਼ਣ ‘ਸਭ’ ਅਕਾਰਾਂਤ ਆ ਗਿਆ ਹੈ। ਇਸ ਦਾ  ਅਰਥ ਹੈ: ਸਾਰੀ ਲੁਕਾਈ ਉਸ ਨੂੰ ਨਾਸ਼ਵੰਤ ਦਿਸਦੀ ਹੈ।

ਓਹ ਬੱਲੇ ! ਫਿਰ ਤਾਂ ਮੈਨੂੰ ਇਕ ਗੱਲ ਹੋਰ ਸਮਝ ਆ ਗਈ:

ਏਕ ਜੁ ਬਾਤ ਅਨੂਪ ਬਨੀ ਹੈ ਪਵਨੁ ਪਿਆਲਾ ਸਾਜਿਆ

ਪਹਿਲਾਂ ਮੈਂ ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬਾਤ’ ਦਾ ਅਕਾਰਾਂਤ ਵਿਸ਼ੇਸ਼ਣ ਸਿਰਫ ‘ਅਨੂਪ’ ਹੀ ਸਮਝਦਾ ਸੀ ਪਰ ਹੁਣ ਮੈਨੂੰ ਸਮਝ ਆ ਗਈ ਹੈ ਕਿ ‘ਬਾਤ’ ਦਾ ਅਕਾਰਾਂਤ ਸੰਖਿਅਕ ਵਿਸ਼ੇਸ਼ਣ ‘ਏਕ’ ਵੀ ਹੈ। ਇਸ ਦਾ ਅਰਥ ਹੈ: ਇਕ ਿਹੜੀ ਗੱਲ ਸੋਹਣੀ ਬਣ ਗਈ ਹੈ ਕਿ ਮੈਂ ਹਰ ਸਾਹ (ਨਾਮ-ਅੰਮ੍ਰਿਤ ਪੀਣ ਦਾ) ਪਿਆਲਾ ਬਣਾ ਲਿਆ ਹੈ।’ ਮਿਹਰ ਸਿੰਘ ਨੇ ਗੁਰਬਾਣੀ ਦੀ ਪਹਿਲਾਂ ਸੁਣਾਈ ਹੋਈ ਤੁੱਕ ਨੂੰ ਹੋਰ ਸਪੱਸ਼ਟ ਕਰ ਦਿੱਤਾ। ਹੁਣ ਉਸ ਦੇ ਚਿਹਰੇ ’ਤੇ ਖੁਸ਼ੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ।

‘ਵਾਹ ਭਈ ਵਾਹ ! ਮੇਰੇ ਲਈ ਤਾਂ ਮੇਰਾ ਲਾਲ ਪ੍ਰੋ: ਮਿਹਰ ਸਿੰਘ ਬਣ ਹੀ ਗਿਆ ਹੈ।’ ਮਾਂ ਨੇ ਆਪਣੇ ਨਿੱਕੜੇ ਤੇ ਲਾਡਲੇ ਜਿਹੇ ਪੁੱਤਰ ਦੇ ਸਿਰ ’ਤੇ ਹੱਥ ਰਖਦਿਆਂ ਤੇ ਬੇ-ਓੜਕਾ ਮਾਣ ਮਹਿਸੂਸ ਕਰਦਿਆਂ ਕਿਹਾ।

‘ਓਏ ਭੋਲੂਆ ਜਿਹਾ, ਤੂੰ ਤਾਂ ਅੱਜ ਬਾਜੀ ਮਾਰ ਗਿਆ ਹੈਂ। ਚੱਲ ਅੱਜ ਗਿਆਨੀ ਜੀ ਦੀ ਗੈਰ ਹਾਜ਼ਰੀ ਵਿਚ ਮੈਂ ਤੈਨੂੰ ਹੋਮ ਵਰਕ ਦਿੰਦਾ ਹਾਂ:

ਇਹ, ਏਹ, ਉਹ, ਓਹ, ਇਕ, ਏਕ, ਸਭ, ਅਵਰ, ਕਵਣ, ਕਵਨ, ਹੋਰ

ਇਹਨਾਂ ਇਸਤਰੀ ਲਿੰਗ ਵਿਸ਼ੇਸ਼ਣਾਂ ਦੇ ਗੁਰਬਾਣੀ ਵਿਚੋਂ ਪ੍ਰਮਾਣ ਲੱਭ ਕੇ ਲਿਖ ਤੇ ਇਹਨਾਂ ਪ੍ਰਮਾਣਾਂ ਦੇ ਅਰਥ ਵੀ ਲਿਖ ਕੇ ਦਿਖਾ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਹੋਮ ਵਰਕ ਦਿੰਦਿਆਂ ਕਿਹਾ।

‘ਪੁੱਤਰ ਸੁਖਦੀਪ ਸਿੰਘ, ਤੈਨੂੰ ਮੈਂ ਵੀ ਹੋਮ ਵਰਕ ਦਿੱਤਾ ਹੋਇਆ ਹੈ। ਗੁਰਬਾਣੀ ਵਿਚ ਇਸਤਰੀ ਨਾਵਾਂ ਦੇ ਅਕਾਰਾਂਤ ਤੋਂ ਇਲਾਵਾ ਹੋਰ ਵੀ ਨੇਮ ਹਨ। ਉਹਨਾਂ ਨੇਮਾਂ ਦੇ ਪ੍ਰਮਾਣ ਲੱਭ ਕੇ ਲਿਖ ਤੇ ਉਹਨਾਂ ਦੇ ਅਰਥ ਵੀ ਲਿਖ ਕੇ ਮੈਨੂੰ ਦਿਖਾ।’ ਗੁਰਸਿੱਖ ਮਾਂ ਨੇ ਆਪਣੇ ਵੱਡੇ ਪੁੱਤਰ ਨੂੰ ਪਹਿਲਾਂ ਤੋਂ ਹੀ ਦਿੱਤਾ ਹੋਇਆ ਗੁਰਬਾਣੀ ਦਾ ਹੋਮ ਵਰਕ ਯਾਦ ਕਰਾਉਂਦਿਆਂ ਕਿਹਾ।

ਕਾਸ਼  ! ਸਾਰੇ ਗੁਰਸਿੱਖ ਮਾਂ-ਬਾਪ ਗੁਰਸਿੱਖੀ ਪ੍ਰਤੀ ਆਪਣੇ ਫਰਜ਼ ਪਛਾਣ ਲੈਣ ਤਾਂ ਉਹ ਦਿਨ ਦੂਰ ਨਹੀਂ, ਜਦੋਂ ਹਰ ਘਰ ਵਿਚੋਂ ਗੁਰਬਾਣੀ ਗਿਆਨ ਦਾ ਝਰਨਾ ਝਰਨ ਲੱਗ ਪਵੇਗਾ। ਕਿੰਨੀ ਹੀ ਲੋਕਾਈ ਗੁਰਬਾਣੀ ਗਿਆਨ ਦਾ ਅੰਮ੍ਰਿਤ ਛੱਕ ਕੇ ਆਪਣੀ ਆਤਮਿਕ ਪਿਆਸ ਬੁਝਾ ਲਵੇਗੀ।