ਸ਼ਬਦ ਗੁਰੂ (ਭਾਗ 6)
ਗਿਆਨੀ ਰਣਜੋਧ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਰੂਪੀ ਜਾਗਤ ਜੋਤਿ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਰੂਪੀ ਜਗਦੀ ਜੋਤਿ ਕਿਵੇਂ ਹੈ ? ‘‘ਪੋਥੀ ਪਰਮੇਸਰ ਕਾ ਥਾਨੁ ॥’’ (ਮਹਲਾ ੫/੧੨੨੬)ਤੋਂ ਗੁਰੂ ਸਾਹਿਬ ਜੀ ਦੀ ਪਦਵੀ Status, position ਤੱਕ ਕਿਵੇਂ ਯਾਤਰਾ ਸੰਪੂਰਨ ਹੋਈ ? ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਦੀ ਯਾਤਰਾ ਕਿਵੇਂ ਸੰਪੂਰਨ ਹੋਈ ? ਇਸ ਦੀ ਵਿਚਾਰ ਕਰਨੀ ਹੈ ਤਾਂ ਕਿ ਸ਼ਬਦ ਗੁਰੂ ਦਾ ਇਤਿਹਾਸ ਅੱਗੇ ਚੱਲੇ। ਅੱਗੇ ਚੱਲਣ ਤੋਂ ਪਹਿਲਾਂ ਥੋੜ੍ਹੀ ਪਿਛਲੀ ਵਿਚਾਰ ਨੂੰ ਦੁਬਾਰਾ ਦੁਹਰਾ ਦੇਵਾਂ ਤਾਂ ਕਿ ਸ਼ਬਦ ਗੁਰੂ ਦੇ ਇਤਿਹਾਸ ਦੀ ਕਥਾ-ਲੜੀ ਆਪਸ ’ਚ ਜੁੜ ਸਕੇ।
ਦੱਖਣ ਦੇ ਗਵਰਨਰ ਰਾਜਾ ਜੈ ਸਿੰਘ ਮਿਰਜ਼ਾ ਦੀ ਪਤਨੀ ਰਾਣੀ ਪੁਸ਼ਪਾਵਤੀ ਨੇ ਔਰੰਗਜ਼ੇਬ ਦੇ ਕਹਿਣ ਉੱਤੇ ਨੌਕਰਾਣੀਆਂ ਵਾਲੇ ਵਸਤਰ ਪਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਰਖ ਕੀਤੀ ਕਿ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ; ਗੁਰੂ ਨਾਨਕ ਸਾਹਿਬ ਵਾਲੀ ਯੋਗਤਾ ਰੱਖਦੇ ਹਨ ? ਐਸੀ ਹੀ ਪਰਖ ਗੁਰੂ ਨਾਨਕ ਸਾਹਿਬ ਦੀ ਸੰਗਲਾਦੀਪ ਦੇ ਰਾਜਾ ਸ਼ਿਵ ਨਾਭ ਨੇ ਭੀ ਕੀਤੀ ਸੀ ਕਿ ਇਹ ਸੱਚ ਹੀ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਨਹੀਂ। ਗੁਰੂ ਸਾਹਿਬ ਆਪ ਭੀ ਸਮੇਂ-ਸਮੇਂ ਸਿੱਖਾਂ ਦੀ ਪਰਖ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਸਮਾਧ ਉੱਤੇ ਤੀਰ ਨਾਲ ਨਮਸਕਾਰ ਕਰਕੇ ਭੀ ਸਿੱਖਾਂ ਦੀ ਪਰਖ ਕੀਤੀ ਕਿ ਇਹ ਸਿੱਖੀ ’ਚ ਕਿੰਨੇ ਕੁ ਦ੍ਰਿੜ੍ਹ ਹਨ। ਗੁਰੂ ਨਾਨਕ ਸਾਹਿਬ ਭੀ ਸਮੇਂ-ਸਮੇਂ ਸਿੱਖਾਂ ਅਤੇ ਪੁੱਤਰਾਂ ਦੀ ਪਰਖ ਕਰਦੇ ਰਹੇ ਸਨ। ਐਸੀ ਘੋਖ ਉਪਰੰਤ ਹੀ ਗੁਰਿਆਈ ਬਾਬਾ ਲਹਿਣਾ ਜੀ ਨੂੰ ਬਖਸ਼ੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਕੋਲੋਂ ਥੜ੍ਹੇ ਬਣਵਾ ਕੇ ਪਰਖ ਕੀਤੀ। ਪਰਖ ਹੋਣੀ ਭੀ ਚਾਹੀਦੀ ਹੈ, ਪਰ ਅੱਜ ਸਾਡੇ ਕੋਲ਼ ਪਰਖ ਕਰਨ ਦਾ ਨਜ਼ਰੀਆ ਨਹੀਂ, ਜਿਸ ਕਾਰਨ ਬਗਲੇ ਨੂੰ ਹੰਸ ਸਮਝ ਬੈਠਦੇ ਹਾਂ, ਕਾਂ ਨੂੰ ਕੋਇਲ ਤੇ ਤੁਮ੍ਹੇ ਨੂੰ ਖਰਬੂਜਾ ਸਮਝ ਬੈਠਦੇ ਹਾਂ। ਪਾਵਨ ਬਚਨ ਹਨ :
ਪੇਖੰਦੜੋ ਕੀ ਭੁਲੁ; ਤੁੰਮਾ ਦਿਸਮੁ ਸੋਹਣਾ ॥
ਅਢੁ ਨ ਲਹੰਦੜੋ ਮੁਲੁ; ਨਾਨਕ ! ਸਾਥਿ ਨ ਜੁਲਈ ਮਾਇਆ ॥ (ਮਹਲਾ ੫/੭੦੮)
ਭਾਵ ਬਾਹਰੋਂ ਵੇਖਿਆਂ ਤੁੰਮ੍ਹਾ ਸੁੰਦਰ ਹੈ, ਪਰ ਅੰਦਰੋਂ ਕੌੜਾ ਨਿਕਲਦਾ ਹੈ। ਮਨੁੱਖ ਉਸ ਮਾਇਆ ਨੂੰ ਪਿਆਰ ਕਰਦਾ ਹੈ, ਜਿਸ ਦਾ ਸਾਥ ਨਿਭਾਉਣ ਵੇਲ਼ੇ ਅੱਧ ਮੁੱਲ ਨਹੀਂ ਪੈਂਦਾ ਭਾਵ ਉਹ ਨਾਲ ਨਹੀਂ ਹੁੰਦੀ। ਇਹੀ ਭਰਮ ਹੈ, ਭੁੱਲ ਹੁੰਦੀ ਹੈ ਕਿਉਂਕਿ ਅਸੀਂ ਪਰਖਦੇ ਨਹੀਂ, ਬੱਸ ਦੇਖਾ-ਦੇਖੀ, ਸੁਣ-ਸੁਣਾਈ ਗੱਲ ’ਤੇ ਯਕੀਨ ਕਰ ਬੈਠਦੇ ਹਾਂ; ਫਿਰ ਧੋਖਾ ਖਾਂਦੇ ਹਾਂ। ਗੁਰੂ ਅਮਰਦਾਸ ਜੀ ਕਹਿੰਦੇ ਹਨ, ‘‘ਮੈ ਜਾਨਿਆ ਵਡ ਹੰਸੁ ਹੈ; ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ; ਤ ਜਨਮਿ (’ਚ) ਨ ਦੇਦੀ ਅੰਗੁ (ਸਾਥ)॥’’ (ਮਹਲਾ ੩/੫੮੫)
ਅਸੀਂ ਆਮ ਕਰਕੇ ਮਿੱਤਰਾਂ ਨੂੰ ਦੁਸ਼ਮਣ ਸਮਝ ਲੈਂਦੇ ਹਾਂ ਤੇ ਦੁਸ਼ਮਣਾਂ ਨੂੰ ਮਿੱਤਰ, ਇਸ ਕਰਕੇ ਪੰਥ ਦਰਦੀਆਂ ਨਾਲ਼ ਨਫ਼ਰਤ ਹੁੰਦੀ ਵੇਖੀਦੀ ਹੈ। ਪੰਥ ਵਿੱਚੋਂ ਛੇਕੇ ਜਾਂਦੇ ਹਨ। ਪੰਥ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਪਿਛਲੀ ਗ਼ਲਤੀ ਮਾਫ਼ ਕਰਕੇ ਸਿਰ ’ਤੇ ਚੁੱਕ ਲੈਂਦੇ ਹਾਂ। ਅੱਜ ਸਿੱਖਾਂ ਅੰਦਰ ਪਰਖ ਕਰਨ ਵਾਲ਼ੀ ਯੋਗਤਾ ਨਹੀਂ, ਇਸ ਕਰਕੇ ਆਰ. ਐਸ. ਐਸ ਦੇ ਹੀ ਗੁਪਤ ਏਜੰਡਿਆਂ ਨੂੰ ਲਾਗੂ ਕਰੀ ਜਾਂਦੇ ਹਾਂ ਤੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਨਾਸਤਿਕ ਕਹੀ ਜਾਂਦੇ ਹਾਂ; ਫਿਰ ਕਹਿੰਦੇ ਹਾਂ ਜੀ ਸਾਨੂੰ ਪਤਾ ਨਹੀਂ ਲੱਗਾ ਕੌਣ ਕਿਸ ਤਰ੍ਹਾਂ ਦਾ ਹੈ। ਜੇ ਪਤਾ ਨਹੀਂ ਲੱਗਦਾ ਤਾਂ ਪੰਥ ’ਚ ਪਾਰਖੂ ਬਹੁਤ ਹਨ, ਉਨ੍ਹਾਂ ਕੋਲੋਂ ਪਰਖਾ ਲਿਆ ਕਰੀਏ; ਜਿਵੇਂ ਕਿ ਫ਼ੁਰਮਾਨ ਹੈ, ‘‘ਅੰਨ੍ਹੇ ਵਸਿ ਮਾਣਕੁ ਪਇਆ; ਘਰਿ ਘਰਿ ਵੇਚਣ ਜਾਇ ॥ਓਨਾ ਪਰਖ ਨ ਆਵਈ; ਅਢੁ ਨ ਪਲੈ ਪਾਇ ॥ਜੇ ਆਪਿ ਪਰਖ ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥’’(ਮਹਲਾ ੩/੧੨੪੯)
ਅੱਜ ਸਾਡੀ ਹਾਲਤ ਬਹੁਤ ਬਦਤਰ ਹੋ ਗਈ ਹੈ। ਅੰਨ੍ਹਿਆਂ ਨੂੰ ਪਰਖ ਵਾਸਤੇ ਬਿਠਾ ਲਿਆ ਹੈ, ਇਨ੍ਹਾਂ (ਗੁਰਬਚਨ ਸਿੰਘ, ਮੱਲ ਸਿੰਘ, ਗੁਰਮੁਖ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ) ਨੇ ਸਿਰਸਾ ਵਾਲੇ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਣ ’ਤੇ ਅਤੇ ਬਿਨਾਂ ਮਾਫੀ ਮੰਗੇ; ਮਾਫ਼ ਕਰ ਦਿੱਤਾ, ਜਿਸ ਨੇ 2007 ’ਚ ਸਬਲਾਤਪੁਰ ਵਿੱਚ ਜਾਮਿ-ਏ-ਇੰਸਾਂ, ਲੋਕਾਂ ਨੂੰ ਪਿਲਾਇਆ ਸੀ।ਉਸ ਨੇ ਇਹ, ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕੀਤੀ ਸੀ। ਸਤਿਗੁਰੂ ਪਾਤਿਸ਼ਾਹ ਫ਼ੁਰਮਾਉਂਦੇ ਹਨ ਕਿ ਜੇ ਆਪ ਨੂੰ ਪਰਖ ਨਾ ਹੋਵੇ ਤਾਂ ਬੜੇ ਪਾਰਖੂ ਹਨ, ਉਨ੍ਹਾਂ ਪਾਸੋਂ ਪਰਖ ਕਰਵਾ ਲੈਣੀ ਚਾਹੀਦੀ ਹੈ, ਪਰ ਲਿਫ਼ਾਫ਼ੇ’ਚੋਂ ਨਿਕਲੇ ਇਹ ਜਥੇਦਾਰ ਤਾਂ ਪਾਰਖੂਆਂ ਨੂੰ ਹੀ ਜਲੀਲ ਕਰਦੇ ਹਨ। ਉਨ੍ਹਾਂ ਨੂੰ ਪੰਥ ਵਿੱਚੋਂ ਛੇਕਦੇ ਹਨ।
ਪਰਖ ਜ਼ਰੂਰ ਚਾਹੀਦੀ ਹੈ। ਰਾਣੀ ਨੇ ਪਰਖ ਕੀਤੀ ਸੀ ਭਾਵੇਂ ਔਰੰਗਜ਼ੇਬ ਦੇ ਕਹੇ ਉੱਤੇ ਹੀ ਕੀਤੀ ਸੀ, ਗੁਰੂ ਸਾਹਿਬ ਨੇ ਰਾਣੀ ਪੁਸ਼ਪਾਵਤੀ ਨੂੰ ਬਚਨ ਕਹੇ ਸਨ ਕਿ ਜੇਕਰ ਕੋਈ ਰਾਣੀ ਨੌਕਰਾਣੀਆਂ ਵਾਲੇ ਵਸਤਰ ਪਹਿਣ ਲਵੇ ਤਾਂ ਉਸ ਦੀ ਅੰਦਰੂਨੀ ਆਭਾ; ਨੌਕਰਾਣੀਆਂ ਵਰਗੀ ਨਹੀਂ ਬਣਦੀ। ਅਗਰ ਕੋਈ ਨੌਕਰਾਣੀ; ਰਾਣੀ ਵਾਲੇ ਵਸਤਰ ਪਹਿਣ ਲਵੇ ਤਾਂ ਉਸ ਦਾ ਹਾਵ-ਭਾਵ; ਰਾਣੀ ਵਰਗਾ ਨਹੀਂ ਬਣਦਾ। ਜੀਵਨ ਦੀ ਅਵਸਥਾ ਵਸਤਰਾਂ ਤੋਂ ਨਹੀਂ; ਗੁਣਾਂ ਤੋਂ ਜਾਣਨੀ ਚਾਹੀਦੀ ਹੈ। ਇਕ ਡਾਕੂ ਭੀ ਧਰਮੀਆਂ ਵਾਲੇ ਵਸਤਰਪਾ ਸਕਦਾ ਹੈ, ਇਸ ਦਾ ਇਹ ਮਤਲਬ ਨਹੀਂ ਕਿ ਉਹ ਧਰਮੀ ਬਣ ਗਿਆ। ਅੰਦਰੋਂ ਤਾਂ ਉਹ ਡਾਕੂ ਹੀ ਰਹੇਗਾ। ਆਸਾ ਰਾਮ, ਰਾਮ ਰਹੀਮ ਗੁਰਮੀਤ, ਮਾਲੇਗਾਉ ਵਾਲੀ ਸਾਧਵੀ ਪ੍ਰਗਿਆ, ਨਿਰਮਲ ਬਾਬਾ, ਰਾਧੇ ਮਾਂ, ਆਦਿ ਦੇ ਵਸਤਰ ਧਾਰਮੀਆ ਵਾਲੇ ਹੁੰਦੇ ਹਨ, ਪਰ ਜੀਵਨ ਪੱਖੋਂ ਇਹ ਸਭ ਅਧਰਮੀ ਹਨ।
ਸਿੱਖਾਂ ਅੰਦਰ ਵੀ ਐਸਾ ਸਿਲਸਿਲਾ ਚੱਲ ਰਿਹਾ ਹੈ ਕਿ ਵਸਤਰ; ਸਾਧਾਂ ਵਾਲੇ ਹੁੰਦੇ ਹਨ, ਪਰ ਕੰਮ ਚੋਰਾਂ ਵਾਲੇ ਹਨ। ਇਸ ਲਈਪਰਖ ਵਸਤਰਾਂ ਤੋਂ ਨਹੀਂ ਹੋਣੀ ਚਾਹੀਦੀ; ਰੱਬੀ ਗੁਣਾਂ ਤੋਂ ਹੋਣੀ ਚਾਹੀਦੀ ਹੈ। ਆਦਿ ਕਾਲ ਤੋਂ ਪਹਿਚਾਣ ਵਸਤਰਾਂ ਤੋਂ ਹੀ ਹੁੰਦੀ ਆਈ ਹੈ। ਹੁਣ ਭੀ ਕੀਤੀ ਜਾ ਰਹੀ ਹੈ ਕਿਉਂਕਿ ਮਨੁੱਖ ਕੋਲ਼ ਜੀਵਨ ਦੀ ਗਹਿਰਾਈ ਨੂੰ ਜਾਣਨ ਵਾਲ਼ਾ ਦ੍ਰਿਸ਼ਟੀਕੋਣ ਨਹੀਂ। ਪੀਰ ਪੈਗੰਬਰਾਂ ਨੇ ਜਿਹੜੇ ਵਸਤਰ ਇੱਕ ਵਾਰ ਪਾ ਲਏ, ਬਸ ਉਨ੍ਹਾਂ ਦੀ ਪਹਿਚਾਣ ਹੀ ਵਸਤਰ ਬਣ ਗਏ। ਦੇਵੀ ਦੇਵਤਿਆਂ, ਅਵਤਾਰਾਂ ਨੇ ਜਿਹੜੇ ਵਸਤਰ ਪਾ ਲਏ; ਉਹ ਬਦਲੇ ਨਹੀਂ, ਸਾਰੀ ਉਮਰ ਉਹੀ ਰੱਖੇ। ਅਗਰ ਉਹ ਵਸਤਰ ਬਦਲ ਲੈਂਦੇ ਤਾਂ ਉਨ੍ਹਾਂ ਦੀ ਪਹਿਚਾਣ ਖ਼ਤਮ ਹੋ ਜਾਂਦੀ। ਬੁੱਧ ਨੇ ਜਿਹੜੇ ਵਸਤਰ ਪਾ ਲਏ, ਉਹੀ ਬੁੱਧ ਦੀ ਪਹਿਚਾਣ ਹਨ। ਮਹਾਂਵੀਰ ਨੇ ਵਸਤਰ ਉਤਾਰ ਦਿੱਤੇ; ਵਸਤਰ-ਰਹਿਤ ਹੀ ਉਨ੍ਹਾਂ ਦੀ ਪਹਿਚਾਣ ਹੈ। ਜੋਗੀਆਂ ਨੇ ਗੇਰੂ ਰੰਗੇ ਵਸਤਰ ਪਾਏ, ਕੰਨਾਂ ’ਚ ਮੁੰਦਰਾਂ,ਹੱਥ ’ਚ ਡੰਡਾ, ਗਲ਼ ’ਚ ਝੋਲੀ ਪਾ ਲਈ। ਪਿੰਡੇ’ਤੇ ਸੁਆਹ ਮਲ਼ ਲਈ; ਇਹੀ ਜੋਗੀਆਂ ਦੀ ਪਹਿਚਾਣ ਹੋ ਗਈ। ਈਸਾ ਮਸੀਹ ਨੇ ਜਿਹੜੇ ਵਸਤਰ ਧਾਰਨ ਕੀਤੇ, ਉਹੀ ਪਹਿਚਾਣ ਵਜੋਂ ਪੌਪ ਧਾਰਨ ਕਰਦੇ ਹਨ। ਹਜ਼ਰਤ ਸਾਹਿਬ ਦੇ ਵਸਤਰ ਕਾਜ਼ੀਆਂ, ਮੌਲਾਣਿਆਂ ਦੀ ਪਹਿਚਾਣ ਬਣ ਗਏ। ਸੋ ਪੂਰਵਜਾਂ ਦੇ ਪਹਿਰਾਵੇ ਤੋਂ ਬਗੈਰ ਇਨ੍ਹਾਂ ਧਰਮਾਂ ਦੇ ਅਨੁਯਾਈਆਂ ਦੀ ਪਹਿਚਾਣ ਕਰਨੀ ਬੜੀ ਮੁਸ਼ਕਲ ਹੈ। ਸੰਸਾਰ ’ਚ ਇੱਕੋ ਪੈਗੰਬਰ ਐਸੇ ਆਏ ਹਨ, ਜਿਨ੍ਹਾਂ ਦੀ ਪਹਿਚਾਣ ਪਹਿਰਾਵੇ ਤੋਂ ਨਹੀਂ ਸਗੋਂ ਉਨ੍ਹਾਂ ਦੀ ਜੀਵਨਸ਼ੈਲੀਭਾਵ ਰੱਬੀ ਗੁਣਾਂ ਤੋਂ ਹੁੰਦੀ ਹੈ। ਉਹ ਹਨ ‘ਗੁਰੂ ਨਾਨਕ ਸਾਹਿਬ’। ਜਿਨ੍ਹਾਂ ਨੇ ਇੱਕੋ ਰੰਗ ਦੇ ਜਾਂ ਸਾਇਜ ਵਾਲ਼ੇ ਵਸਤਰ ਨੂੰ ਧਾਰਨ ਨਾ ਕੀਤਾ। ਆਪ ਸਮੇਂ ਸਮੇਂ ’ਤੇ ਵਸਤਰ ਬਦਲਦੇ ਰਹੇ।ਆਪ ਜਦੋਂ ਅਰਬ (ਇਸਲਾਮਿਕ) ਦੇਸ਼ਾਂ ’ਚ ਸੱਚਾ ਸੌਦਾ ਵੰਡਣ ਗਏ ਤਾਂ ਨੀਲੇ ਵਸਤਰ ਧਾਰਨ ਕੀਤੇ ਕਿਉਂਕਿ ਐਸੇ ਵਸਤਰ ਧਾਰੀਆਂ ਨੂੰ ਉਪਦੇਸ਼ ਦੇਣਾ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਭੀ ਕੀਤਾ ਹੈ :
ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ।
ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ।
ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ।
ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ।
ਲਤਾ ਵਲਿ ਖੁਦਾਇ ਦੈ; ਕਿਉ ਕਰਿ ਪਇਆ ਹੋਇ ਬਜਗਾਰੀ।
ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ।
ਹੋਇ ਹੈਰਾਨੁ; ਕਰੇਨਿ ਜੁਹਾਰੀ ॥੩੨॥ (ਵਾਰ ੧ ਪਉੜੀ ੩੨)
ਪਦ ਅਰਥ :ਬਨਵਾਰੀ= ਰੱਬ ਰੂਪ ਗੁਰੂ ਨਾਨਕ ਸਾਹਿਬ, ਕੂਜਾ= ਦਸਤੇ ਵਾਲ਼ਾ ਲੋਟਾ, ਬਜਗਾਰੀ= ਪਾਪੀ, ਜੁਹਾਰੀ= ਨਮਸਕਾਰ।
ਸੋ ਗੁਰੂ ਘਰ ’ਚ ਕਿਸੇ ਦੇ ਵਸਤਰ ਪਹਿਚਾਣ ਨਹੀਂਹੁੰਦੇ ਤੇ ਨਾ ਹੀ ਹੋਣੇ ਚਾਹੀਦੇ। ਗੁਰੂ ਸਾਹਿਬ ਦੇ ਸੱਚ ਬਚਨ ਹੀ ਪਹਿਚਾਣ ਹਨ। ਸੰਨ 1522 ’ਚ ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਖ਼ਤਮ ਕੀਤੀਆਂ ਤਾਂ ਕਰਤਾਰਪੁਰ ਖੇਤੀ ਕਰਨ ਲੱਗ ਪਏ। ਉਨ੍ਹਾਂ ਨੇ ਵਸਤਰ ਸੰਸਾਰ ਵਾਲੇ ਪਾ ਲਏ। ਭਾਈ ਗੁਰਦਾਸ ਜੀ; ਇਸ ਦਾ ਭੀ ਜ਼ਿਕਰ ਕਰਦੇ ਹਨ :
ਫਿਰਿ ਬਾਬਾ ਆਇਆ ਕਰਤਾਰ ਪੁਰਿ; ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ; ਮੰਜੀ ਬੈਠਿ ਕੀਆ ਅਵਤਾਰਾ। (ਵਾਰ ੧ ਪਉੜੀ ੩੮)
ਭਾਵ ਸੰਸਾਰੀ ਲੋਕ ਜੋ ਕੱਪੜੇ ਪਾਉਂਦੇ ਸਨ, ਗੁਰੂ ਨਾਨਕ ਸਾਹਿਬ ਨੇ ਵੀ ਓਹੀ ਕੱਪੜੇ ਪਾ ਲਏ ਕਿਉਂਕਿ ਆਪ ਦੀ ਪਹਿਚਾਣ ਵਸਤਰ ਕਾਰਨ ਨਹੀਂ; ਰੱਬੀ ਗੁਣਾਂ ਕਾਰਨ ਹੈ। ਸੰਨ 1530 ’ਚ ਗੁਰੂ ਸਾਹਿਬ ਨਾਲ਼ ਧਰਮ ਚਰਚਾ ਕਰਨ ਆਏ ਜੋਗੀਆਂ ਨੇ ਆਪ ਦੇ ਪਹਿਨੇ ਸੰਸਾਰਿਕ ਕੱਪੜੇ ਦੇਖ ਕੇ ਇਤਰਾਜ਼ ਭੀਕੀਤਾ। ਭਾਈ ਗੁਰਦਾਸ ਜੀ; ਇਸ ਦਾ ਭੀ ਜ਼ਿਕਰ ਕਰਦੇ ਹਨ :
ਖਾਧੀ ਖੁਣਸਿ ਜੁਗੀਸਰਾਂ; ਗੋਸਟਿ ਕਰਨਿ ਸਭੇ ਉਠਿ ਆਈ।
ਪੁਛੇ ਜੋਗੀ ਭੰਗਰ ਨਾਥੁ; ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ।
ਫਿਟਿਆ ਚਾਟਾ ਦੁਧ ਦਾ; ਰਿੜਕਿਆ ਮਖਣੁ ਹਥਿ (’ਚ) ਨ ਆਈ।
ਭੇਖੁ ਉਤਾਰਿ ਉਦਾਸਿ ਦਾ; ਵਤਿ ਕਿਉ ਸੰਸਾਰੀ ਰੀਤਿ ਚਲਾਈ।
ਨਾਨਕ ਆਖੇ ਭੰਗਰਨਾਥ ! ਤੇਰੀ ਮਾਉ ਕੁਚਜੀ ਆਹੀ।
ਭਾਂਡਾ ਧੋਇ ਨ ਜਾਤਿਓਨਿ; ਭਾਇ ਕੁਚਜੇ ਫੁਲੁ ਸੜਾਈ।
ਹੋਇ ਅਤੀਤੁ, ਗ੍ਰਿਹਸਤਿ ਤਜਿ (ਕੇ); ਫਿਰਿ ਉਨਹੁ ਕੇ ਘਰਿ (’ਚ) ਮੰਗਣਿ ਜਾਈ।
ਬਿਨੁ ਦਿਤੇ; ਕਛੁ ਹਥਿ (’ਚ) ਨ ਆਈ ॥੪੦॥ (ਵਾਰ ੧ ਪਉੜੀ ੪੦)
ਪਦ ਅਰਥ : ਖੁਣਸਿ= ਈਰਖਾ, ਵਤਿ= ਫਿਰਿ, ਮਾਉ= ਬੁੱਧੀ, ਸੜਾਈ= ਦੁੱਧ ਨੂੰ ਹੀ ਅੱਗ ਉੱਤੇ ਸਾੜ ਬੈਠੀ ਹੈ।
ਜੋਗੀਆਂ ਨੇ ਕਿਹਾ ਕਿ ਤੁਸੀਂ ਜਦੋਂ ਸੁਮੇਰ ਪਰਬਤ ’ਤੇ ਮਿਲੇ ਸੀ ਤਾਂ ਉਦਾਸੀਆਂ ਵਾਲੇ ਕੱਪੜੇ ਪਾਏ ਹੋਏ ਸਨ, ਪਰ ਹੁਣ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਹਨ। ਐਸਾ ਕਰਕੇ ਮਾਨੋ ਤੁਸੀਂ ਧਰਮ ਰੂਪ ਸਫ਼ੈਦ-ਦੁੱਧ ’ਚ ਮਾਇਆਵੀ ਰੀਤ ਵਾਲ਼ੀ ਕਾਂਜ਼ੀ ਪਾ ਦਿੱਤੀ ਹੈ। ਸਾਰਾ ਕਰਮ ਧਰਮ ਹੀ ਵਿਗਾੜ ਦਿੱਤਾ ਹੈ। ਹੁਣ ਧਰਮ ਰੂਪ ਮੱਖਣ (ਗੁਣ) ਤੁਹਾਡੇ ਜੀਵਨ ’ਚ ਪ੍ਰਗਟ ਨਹੀਂ ਹੋਵੇਗਾ।ਆਪ ਨੇ ਕਿਹਾ ਕਿ ਹੇ ਜੋਗੀ ਭੰਗਰਨਾਥ ! ਤੇਰੀ ਮਾਂ (ਮੱਤ) ਹੀ ਕੁਚੱਜੀ ਹੈ। ਇਸ ਨੇ ਤੇਰੇ ਹਿਰਦੇ-ਭਾਂਡੇ ਨੂੰ ਸਾਫ਼ ਨਹੀਂ ਹੋਣ ਦੇਣਾ ਤਾਹੀਓਂ ਤੈਂ ਨਿਰਮਲ ਧਰਮ (ਦੁੱਧ) ਨੂੰ ਈਰਖਾ, ਨਫ਼ਰਤ ਰੂਪ ਅੱਗ ’ਚ ਸਾੜ ਲਿਆ ਹੈ। ਤੁਸੀਂ ਗ੍ਰਿਹਸਤੀ ਦਾ ਤਿਆਗ ਕਰਕੇ ਜੋਗੀ ਬਣੇ ਤੇ ਭੈੜੀ ਮੱਤ ਕਾਰਨ ਉਨ੍ਹਾਂ ਗ੍ਰਹਿਸਤੀਆਂ ਦੀ ਨਿੰਦਾ ਕਰਦੇ ਹੋ, ਜਿਨ੍ਹਾਂ ਦੇ ਘਰ ’ਚ ਮੰਗਣ ਜਾਂਦੇ ਹੋ। ਤੁਸੀਂ ਗ਼ਲਤ ਹੋ। ਇਹ ਪਹਿਰਾਵਾ; ਅੰਦਰੂਨੀ ਗੁਣ ਹੋਣ ਦੀ ਨਿਸ਼ਾਨੀ ਨਹੀਂ। ਇਨ੍ਹਾਂ ਗੁਣਾਂ ਕਾਰਨ ਹੀ ਬੰਦਾ ਦੂਰ ਤੋਂ ਪਹਿਚਾਣਿਆ ਜਾਂਦਾ ਹੈ। ਗੁਰੂ ਸਾਹਿਬ ਦੇ ਇਹ ਬਚਨ ਸਮੁੱਚੀ ਮਨੁੱਖ ਜਾਤੀ ਲਈ ਹਨ। ਆਪ ਜੀ ਨੇ ਫ਼ੁਰਮਾਇਆ, ‘‘ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ॥ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ ਜਗੁ ਜੀਤੁ ॥ਆਦੇਸੁ; ਤਿਸੈ ਆਦੇਸੁ ॥ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥’’ (ਜਪੁ) ਭਾਵ ਹੇ ਜੋਗੀ ! ਸੰਤੋਖ ਦੀਆਂ ਮੁੰਦਰਾਂ ਬਣਾ ਭਾਵ ਕੁਦਰਤ ਵੱਲੋਂ ਮਿਲੀ ਸ਼ਕਲ ’ਤੇ ਭਰੋਸਾ ਰੱਖ। ਮਿਹਨਤ ਨੂੰ ਖੱਪਰ ਬਣਾ ਭਾਵ ਭੀਖ ਨਾ ਮੰਗ, ਖ਼ੁਦ ਹੱਥੀਂ ਕਮਾ ਕੇ ਖਾਹ। ਅਸਲ ਗੋਰਖ-ਨਾਥ ਨੂੰ ਚੇਤੇ ਰੱਖ; ਇਹੀ ਹੈ ਪਿੰਡੇ ’ਤੇ ਸੁਆਹ ਮਲ਼ਨੀ ਭਾਵ ਮੌਤ ਦੇਣ ਵਾਲ਼ੇ ਨੂੰ ਚੇਤੇ ਰੱਖ। ਫਟੇ ਕੱਪੜਿਆਂ ਨੂੰ ਮੌਤ ਸਮਝ, ਜੋ ਜਲਦੀ ਆਉਣੀ ਹੈ। ਅਣਵਿਆਹੇ ਸਰੀਰ ਵਾਙ ਨਿਰਮਲ ਰਹਿਣੀ ਰੱਖ। ਕਰਾਮਾਤੀ ਡੰਡੇ ਨਾਲ਼ ਹੋਰਾਂ ਨੂੰ ਡਰਾਉਣ ਦੀ ਬਜਾਇ ਇਸ ਜਿੰਨਾ ਭਰੋਸਾ ਕਰਤਾਰ ਉੱਤੇ ਰੱਖ। ਸਰਬੋਤਮ ਜਮਾਤ (ਆਈ ਪੰਥੀ) ਉਹ ਹੈ, ਜੋ ਇੱਕੋ ਜਮਾਤ ਦੇ ਬੱਚਿਆਂ ਵਾਙ ਸਭ ਨਾਲ਼ ਮਿਲ ਕੇ ਰਹਿੰਦਾ ਹੈ ਭਾਵ ਗ੍ਰਿਹਸਤੀ ਹੋਵੇ। ਮਨ ਨੂੰ ਜਿੱਤਣ ਨਾਲ਼ ਸਭ ਦਾ ਦਿਲ ਜਿੱਤਿਆ ਜਾਣਾ ਹੈ, ਨਾ ਕਿ ਖ਼ਾਸ ਲਿਬਾਸ ਨਾਲ਼। ਉਸ ਸਿਰਜਣਹਾਰ ਨੂੰ ਆਦੇਸ ਕਰ, ਨਮਸਕਾਰ ਕਰ, ਜੋ ਸ੍ਰਿਸ਼ਟੀ ਦਾ ਮੁੱਢ ਹੈ। ਜਿਸ ਦਾ ਆਪਣਾ ਕੋਈ ਮੁੱਢ ਨਹੀਂ। ਮਾਇਆਵੀ ਕਾਲ਼ਖ਼ ਤੋਂ ਮੁਕਤ ਹੈ। ਸਦਾ ਅਬਿਨਾਸ਼ੀ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ ਭਾਵ ਜੋ‘‘ਆਦਿ ਸਚੁ; ਜੁਗਾਦਿ ਸਚੁ ॥ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ (ਜਪੁ) ਹੈ, ਉਸ ਦਾ ਸਿਮਰਨ ਕਰ।
ਸੋ ! ਜੋਗੀ ਧਰਮ ਦੇ ਬਾਹਰੀ ਚਿੰਨ੍ਹ ਦੇਖ ਬੰਦਾ ਨਹੀਂ ਪਹਿਚਾਣਿਆ ਜਾਂਦਾ ਬਲਕਿ ਰੱਬੀ ਗੁਣ ਹੋਣੇ ਚਾਹੀਏ। ਕੋਈ ਬੰਦਾ ਮਨ ਕਰਕੇ ਬਹੁਤ ਸਬਰ ਸੰਤੋਖ ਵਾਲਾ ਹੋਵੇ, ਉਸ ਨੂੰ ਦੂਰੋਂ ਦੇਖ ਕੇ ਕੋਈ ਕਹੇ ਕਿ ਉਹ ਸੰਤੋਖੀ ਆ ਰਿਹਾ ਹੈ ਤਾਂਇਹੀ ਉਸ ਦੀ ਪਹਿਚਾਣ ਹੋਣੀ ਚਾਹੀਦੀ ਹੈ। ਕੋਈ ਮਨੁੱਖ ਬਹੁਤ ਮਿਹਨਤੀ ਹੋਵੇ। ਉਸ ਨੂੰ ਦੂਰੋਂ ਦੇਖ ਕੋਈ ਕਹੇ ਕਿ ਮਿਹਨਤੀ, ਉੱਦਮੀ ਆ ਰਿਹਾ ਹੈ। ਕੋਈ ਸਭ ਨੂੰ ਪਿਆਰ ਕਰਨ ਵਾਲ਼ਾ ਹੋਵੇ, ਕਿਸੇ ਨਾਲ ਵਿਤਕਰਾ ਨਾ ਕਰੇ; ਉਸ ਨੂੰ ਦੂਰੋਂ ਦੇਖ ਕੋਈ ਕਹੇ ਕਿ ਉਹ ਪਿਆਰਾ-ਪ੍ਰੇਮੀ ਆ ਰਿਹਾ ਹੈ। ਕੋਈ ਸਹਿਜ ਅਵਸਥਾ ਵਾਲਾ ਹੋਵੇ; ਉਸ ਨੂੰ ਦੂਰੋਂ ਆਉਂਦਾ ਵੇਖ ਕੋਈ ਕਹੇ ਕਿ ਉਹ ਸਹਿਜ ਵਾਲ਼ਾ ਆ ਰਿਹਾ ਹੈ। ਸੋਵਸਤਰ ਨਹੀਂ; ਰੱਬੀ ਗੁਣ ਪਹਿਚਾਣ ਹੋਣੇ ਚਾਹੀਦੇ ਹਨ।ਬਾਬਾ ਕਬੀਰ ਜੀ ਦੇ ਬਚਨ ਹਨ, ‘‘ਬਿਪਲ ਬਸਤ੍ਰ ਕੇਤੇ ਹੈ ਪਹਿਰੇ; ਕਿਆ ਬਨ ਮਧੇ ਬਾਸਾ ॥ਕਹਾ ਭਇਆ ਨਰ ਦੇਵਾ ਧੋਖੇ; ਕਿਆ ਜਲਿ ਬੋਰਿਓ ਗਿਆਤਾ ॥’’ (ਭਗਤ ਕਬੀਰ/੩੩੮) ਭਾਵ ਭਾਵੇਂ ਕੋਈ ਲੰਬੇ ਵਸਤਰ ਯਾਨੀ ਲੰਬੇ ਖੁੱਲੇ ਚੋਲੇ ਪਾ ਲਵੇ, ਭਾਵੇਂ ਕੋਈ ਇਕਾਂਤ ’ਚ ਰਹਿਣ ਲੱਗ ਜਾਏ, ਭਾਵੇਂ ਧੂਫ ਆਦਿ ਧੁਖਾ ਕੇ ਭਾਵ ਸੁਗੰਧੀਆਂ ਨਾਲ਼ ਦੇਵਤਿਆਂ ਦੀ ਪੂਜਾ ਕਰਨ ਲੱਗੇ ਜਾਂ ਕਿਸੇ ਤੀਰਥ ’ਤੇ ਜਾ ਕੇ ਪਾਣੀ ’ਚ ਗੋਤਾ ਲਗਾ ਲਿਆ ਜਾਏ; ਇਨ੍ਹਾਂ ਸਭ ਧਾਰਮਿਕ ਕਿਰਿਆਵਾਂ ਨਾਲ਼ ਮਨ ਨਿਰਮਲ ਨਹੀਂ ਹੁੰਦਾ। ਜੀਵਨ ’ਚ ਬਦਲਾਅ ਨਹੀਂ ਆ ਸਕਦਾ। ਇਸ ਸ਼ਬਦ ਦੇ ਅੰਤ ’ਚ ਆਪ ਜੀ ਕਹਿੰਦੇ ਹਨ, ‘‘ਗਿਆਨੀ ਧਿਆਨੀ ਬਹੁ ਉਪਦੇਸੀ; ਇਹੁ ਜਗੁ ਸਗਲੋ ਧੰਧਾ ॥ਕਹਿ ਕਬੀਰ ! ਇਕ ਰਾਮ ਨਾਮ ਬਿਨੁ; ਇਆ ਜਗੁ ਮਾਇਆ ਅੰਧਾ ॥੨॥’’ (ਭਗਤ ਕਬੀਰ/੩੩੮)
ਸੋ ਇਨਸਾਨ ਦੀ ਪਹਿਚਾਣ; ਵਸਤਰਾਂ ਕਾਰਨ ਨਹੀਂ;ਆਤਮਿਕ ਗੁਣਾਂ ਕਾਰਨ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਾਜਾ ਜੈ ਸਿੰਘ ਮਿਰਜ਼ਾ ਦੀ ਰਾਣੀ ਪੁਸ਼ਪਾਵਤੀ ਨੂੰ ਬੜਾ ਲਾਜਵਾਬ ਸੁਨੇਹਾ ਦਿੱਤਾ ਸੀ। ਓਹੀ ਸਾਡੇ ਸਾਰਿਆਂ ਲਈ ਆਦਰਸ਼ ਬਣਨਾ ਚਾਹੀਦਾ ਹੈ। ਆਪ ਨੇ 22-23ਮਾਰਚ 1664 ਨੂੰ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਹੀ ਗੁਰੂ ਤੇਗ ਬਹਾਦਰ ਜੀ ਨਾਲ ਮੁਲਾਕਾਤ ਹੋਈ। 2 ਦਿਨ ਲਗਾਤਾਰ ਇਨ੍ਹਾਂ ਬਾਬੇ ਤੇ ਪੋਤੇ ਜੀ ਵਿਚਕਾਰ ਆਪਸੀ ਵੀਚਾਰਾਂ ਹੋਈਆਂ, ਜੋ ‘ਸਿੱਖੀ ਦੀ ਜਥੇਬੰਦਕ ਹਾਲਾਤ, ਗੁਰਗੱਦੀ ਦੀ ਅਗਲੀ ਜ਼ਿੰਮੇਵਾਰੀ, ਮੁਗਲ ਹਕੂਮਤ ਦੀਆਂ ਨੀਤੀਆਂ ਬਾਰੇ ਸੀ। ਔਰੰਗਜ਼ੇਬ ਦੀ ਨੀਤੀ ਬਾਰੇ ਭੀ ਵਿਚਾਰਾਂ ਹੋਈਆਂ। ਇੱਥੋਂ ਹੀ (ਗੁਰੂ) ਤੇਗ ਬਹਾਦਰ ਸਾਹਿਬ ਬਾਬਾ ਬਕਾਲੇ ਆ ਗਏ। ਹੁਣ ਪਿਛਲੇ ਭਾਗਾਂ ’ਚ ਕੀਤੀ ਵਿਚਾਰ ਤੋਂ ਇਤਿਹਾਸ ਅੱਗੇ ਚੱਲਦਾ ਹੈ :
ਔਰੰਗਜ਼ੇਬ ਨਾਲ ਮੁਲਾਕਾਤ:- ਔਰੰਗਜ਼ੇਬ ਨੇ ਅਗਲੇ ਦਿਨ (25 ਮਾਰਚ 1664) ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰਮੁਲਾਕਾਤ ਵਾਸਤੇ ਲਾਲ ਕਿਲ੍ਹੇ ਬੁਲਾਵਾ ਦਿੱਤਾ। ਗੁਰੂ ਸਾਹਿਬ ਜੀ ਪਾਲਕੀ ’ਚ ਸਵਾਰ ਹੋ ਕੇ ਕੰਵਰ ਰਾਮ ਸਿੰਘ (ਰਾਜਾ ਜੈ ਸਿੰਘ ਮਿਰਜ਼ਾ ਦਾ ਪੁੱਤਰ), ਦੀਵਾਨ ਦਰਗਹ ਮੱਲ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ, ਭਾਈ ਗੁਰਬਖਸ਼ ਸਿੰਘ ਜੀ (ਰਾਮ ਰਾਏ ਦਾ ਮਸੰਦ), ਦੀਵਾਨ ਧਰਮ ਰਾਮ, ਦਾਦੀ ਬਸੀ ਜੀ ਅਤੇ ਸੁਹਿਰਦ ਸਿੱਖਾਂ ਨਾਲ ਲਾਲ ਕਿਲ੍ਹੇ ’ਚ ਔਰੰਗਜ਼ੇਬ ਦੇ ਦਰਬਾਰ ’ਚ ਪਹੁੰਚੇ ਗਏ (ਇਹ ਹਵਾਲਾ ਭੱਟ ਤਲਾਉਂਡਾ ’ਚੋਂ ਹੈ)। ਔਰੰਗਜ਼ੇਬ ਦੇ ਦਰਬਾਰ ’ਚ ਪੇਸ਼ ਹੋਣ ਵਾਲਿਆਂ ਨੂੰ ਜ਼ਮੀਨ ’ਤੇ ਬਿਠਾਇਆ ਜਾਂਦਾ ਸੀ, ਪਰ ਗੁਰੂ ਸਾਹਿਬ ਨੂੰ ਇਕ ਸ਼ਾਨਦਾਰ ਕਢਾਈ ਵਾਲੇ ਉੱਚੇ ਸਥਾਨ ’ਤੇ ਗੱਦਾ ਲਗਾ ਕੇ ਬਿਠਾਇਆ ਗਿਆ। ਗੁਰੂ ਸਾਹਿਬ ਜੀ ਦਾ ਪੂਰਾ-ਪੂਰਾ ਸਤਿਕਾਰ ਕੀਤਾ ਗਿਆ। ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ। ਫਿਰ ਔਰੰਗਜ਼ੇਬ ਅਪਣੇ ਮਕਸਦ ਵੱਲ ਆਇਆ। ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡਾ ਵੱਡਾ ਭਰਾ ਰਾਮ ਰਾਇ ਹੈ, ਪਰ ਤੁਹਾਡੇ ਗੁਰੂ ਪਿਤਾ ਨੇ ਉਸ ਨੂੰ ਛੱਡ ਕੇ ਗੁਰਿਆਈ ਦੀ ਜ਼ਿੰਮੇਵਾਰੀ ਤੁਹਾਨੂੰ ਕਿਉਂ ਦਿੱਤੀ ਹੈ ? ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੀ ਸੇਵਾ ਕੋਈ ਨਿੱਜੀ ਜਾਇਦਾਤ ਨਹੀਂ ਤਾਂ ਕਿ ਵੱਡੇ ਪੁੱਤਰ ਨੂੰ ਹੀ ਮਿਲੇ। ਇਹ ਤਾਂ ਰੂਹਾਨੀ ਸੇਵਾ ਹੈ। ਗੁਰੂ ਪਿਤਾ ਜੀ ਨੂੰ ਜੋ ਸਹੀ ਲੱਗਾ, ਉਨ੍ਹਾਂ ਨੇ ਉਹੀ ਕੀਤਾ। ਔਰੰਗਜ਼ੇਬ ਨੇ ਦੂਸਰੀ ਗੱਲ ਕਹੀ ਕਿ ਤੁਸੀਂ ਗੁਰੂ ਹੋ, ਤੁਹਾਡੇ ਅੰਦਰ ਕੋਈ ਕਰਾਮਾਤ ਹੋਵੇਗੀ; ਉਹ ਦਿਖਾਵੋ। ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਕਰਾਮਾਤ ਕਹਿਰ ਹੈ, ਕਿਆਮਤ ਹੈ, ਪਰਲੋ ਹੈ, ਰੱਬ ਨਾਲ ਸ਼ਰੀਕਾ ਬਾਜ਼ੀ ਹੈ।ਸਾਡੇ ਮੱਤ ਅਨੁਸਾਰ ਕਰਾਮਾਤ ਹੰਕਾਰ ਹੈ। ਕਰਾਮਾਤ ਸਿਰਫ਼ ਇਕ ਅਕਾਲ ਪੁਰਖ ਹੈ। ਕਾਦਰ ਦੀ ਕੁਦਰਤ ਦੇ ਨਿਯਮਾਂ ਨੂੰ ਕੋਈ ਨਹੀਂ ਬਦਲ ਸਕਦਾ। ਕਰਾਮਾਤ ਇੱਕ ਧੋਖੇ ਦਾ ਨਾਂ ਹੈ। ਚਮਤਕਾਰ ਸਿਰਫ ਇੱਕ ਰੱਬ ਹੀ ਹੈ। ਇਸ ਮੁਲਾਕਾਤ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਸਿਰ ਝੁਕਾਇਆ ਤੇ ਕਿਹਾ ਕਿ ਹੁਣ ਤੁਸੀਂ ਆਰਾਮ ਕਰੋ, ਇੱਕ ਵਾਰ ਫਿਰ ਮੁਲਾਕਾਤ ਹੋਵੇਗੀ। ਇੱਥੇ ਇੱਕ ਗੱਲ ਸਪਸ਼ਟ ਕਰ ਦੇਵਾਂ ਕਿ ਸੂਰਜ ਪ੍ਰਕਾਸ਼ ਅਤੇ ਇੱਕ ਦੋ ਹੋਰ ਲੇਖਕਾਂ ਨੇ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਕਿਹਾ ਸੀ, ‘ਨਹ ਮਲੇਛ ਕੋ ਦਰਸ਼ਨ ਦੇ ਹੈ॥’ ਗੁਰਮਤਿ ਸਿਧਾਂਤਿਕ ਪੱਖੋਂ ਇਹ ਗੱਲ ਗਲਤ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨਾਲ ਬਾਬਰ ਦੀ ਮੁਲਾਕਾਤ ਹੋਈ ਸੀ। ਗੁਰੂ ਅੰਗਦ ਸਾਹਿਬ ਜੀ ਦੀ ਮੁਲਾਕਾਤ ਹਮਾਯੂੰ ਨਾਲ ਹੋਈ ਸੀ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੀ ਮੁਲਾਕਾਤ ਬਾਦਿਸ਼ਾਹ ਅਕਬਰ ਨਾਲ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਜੀਦੀ ਮਿੱਤਰਤਾ ਜਹਾਂਗੀਰ ਨਾਲ ਹੋਈ ਸੀ। ਗੁਰੂ ਹਰਿਰਾਇ ਸਾਹਿਬ ਦੀ ਮੁਲਾਕਾਤ ਬਾਦਿਸ਼ਾਹ ਸ਼ਾਹਜਹਾਨ ਨਾਲ ਹੋਈ ਸੀ। ਫਿਰ ਅਗਾਂਹ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਦੀ ਇੱਛਾ ਔਰੰਗਜ਼ੇਬ ਨੇ ਕੀਤੀ ਸੀ। ਗੁਰੂ ਸਾਹਿਬ ਜੀ ਨਾਂਦੇੜ ਤੋਂ ਮਿਲਣ ਵਾਸਤੇ ਚੱਲ ਪਏ ਸਨ। ਇਹ ਗੱਲ ਵੱਖਰੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਸੀ। ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ’ਤੇ ਇਤਰਾਜ਼ ਕਿਉਂ ?
ਸੋ 25 ਮਾਰਚ 1664 ਨੂੰ ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ਼ ਮੁਲਾਕਾਤ ਹੋਈ। ਇਤਿਹਾਸ ਅੱਗੇ ਚੱਲਦਾ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ’ਚ ਸਨ ਤਾਂਓਨੀਂ ਦਿਨੀਂ ਓਥੇ ਚੇਚਕ ਬਿਮਾਰੀ ਦੀ ਭਰਮਾਰ ਸੀ। ਜਦੋਂ ਗੁਰੂ ਸਾਹਿਬ;ਪਾਲਕੀ ’ਚ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵੱਲ ਜਾ ਰਹੇ ਸਨ ਤਾਂ ਕਈ ਫਕੀਰ ਤੇ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਉਮਡ ਪਈ। ਜਿਨ੍ਹਾਂ ’ਚ ਕਈ ਚੇਚਕ ਦੇ ਮਰੀਜ਼ ਸਨ। ਇਸ ਕਾਰਨ ਚੇਚਕ ਦਾ ਹਮਲਾ ਆਪ ਜੀ ’ਤੇ ਭੀ ਹੋ ਗਿਆ। ਗੁਰੂ ਸਾਹਿਬ ਜੀ; ਰਾਜਾ ਜੈ ਸਿੰਘ ਦੇ ਬੰਗਲੇ ’ਚ ਬਿਮਾਰ ਹੋ ਗਏ।ਆਪ ਜੀ ਦੇ ਸਰੀਰ ਉੱਤੇ ਚੇਚਕ ਫੈਲ ਗਈ। ਆਪ ਨੇ ਜਾਣ ਲਿਆ ਕਿ ਹੁਣ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਹੈ।ਆਪ ਨੇ ਸੰਗਤਾਂ ਤੇ ਸੁਹਿਰਦ ਸਿੱਖਾਂ ਨੂੰ ਕੋਲ ਬੁਲਾਇਆ ਕਿ ਸਾਡੇ ਜਾਣ ਦਾ ਸਮਾਂ ਆ ਗਿਆ ਹੈ। ਸੰਗਤਾਂ ਨੇ ਪੁੱਛਿਆ ਕਿ ਪਾਤਿਸ਼ਾਹ ! ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ। ਗੁਰੂ ਸਾਹਿਬ ਨੇ ਬਚਨ ਕੀਤੇ ‘ਬਾਬਾ ਬਸਹਿ ਗ੍ਰਾਮ ਬਕਾਲੇ। ਬਣ ਗੁਰ ਸੰਗਤਿ, ਸਕਲ ਸਮਾਲ੍ਹੇ।’(ਗੁਰ ਪ੍ਰਤਾਪ ਸੂਰਜ ਗ੍ਰੰਥ)
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ; ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਲਈ ਬਾਬਾ ਸੂਰਜ ਮੱਲ ਜੀ ਦੇ 2 ਸਪੁੱਤਰ (ਭਾਈ ਦੀਪ ਚੰਦ ਜੀ ਤੇ ਭਾਈ ਨੰਦ ਚੰਦ ਜੀ), ਗੁਰੂ ਅਮਰਦਾਸ ਜੀ ਦੀ ਵੰਸ਼ ’ਚੋਂ ਭਾਈ ਦੁਆਰਕਾ ਦਾਸ ਜੀ, ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਚੱਲਦੇ ਆ ਰਹੇ ਦੋ ਮਹਾਨ ਸਿੱਖ ਭਾਈ ਗੜ੍ਹੀਆ ਜੀ ਅਤੇ ਭਾਈ ਦੁਰਗਾ ਮੱਲ ਜੀ ਯਾਨੀ ਇਨ੍ਹਾਂ ਪੰਜ ਸਿੱਖਾਂ ਨੂੰ ਬਕਾਲਾ ਸਾਹਿਬ ਭੇਜ ਦਿੱਤਾ ਸੀ। ਬਚਨ ਕੀਤੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ-ਜੁਗਤਿ ਦੇ ਨਾਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਗੇ। ਇਨ੍ਹਾਂ ਪੰਜਾਂ ਨੇ ਬਕਾਲਾ ਸਾਹਿਬ ਆ ਕੇ ਗੁਰਿਆਈ ਦੀ ਜ਼ਿੰਮੇਵਾਰੀ; ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੰਭਾਲਣ ਲਈ ਕਿਹਾ। ਇਨ੍ਹਾਂ ਨਾਲ ਭਾਈ ਮੱਖਣ ਸ਼ਾਹ ਲੁਬਾਣਾ ਜੀ, ਉਨ੍ਹਾਂ ਦੇ 3 ਪੁੱਤਰ (ਭਾਈ ਚੰਦੂ ਲਾਲ ਜੀ, ਭਾਈ ਲਾਲ ਚੰਦ ਜੀ, ਭਾਈ ਕੁਸ਼ਾਲ ਜੀ) ਤੇ ਮੱਖਣ ਸ਼ਾਹ ਜੀ ਦੀ ਸੁਪਤਨੀ ਬੀਬੀ ਸੋਲਜਈ ਵੀ ਸਨ।ਦੂਸਰੇ ਪਾਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 30 ਮਾਰਚ 1664 ਨੂੰ ਦਿੱਲੀ ’ਚ ਜੋਤੀ-ਜੋਤਿ ਸਮਾ ਗਏ। ਭਾਈ ਮਨੀ ਰਾਮ ਜੀ, ਭਾਈ ਦਰਗਹ ਮੱਲ ਜੀ, ਭਾਈ ਦਰੀਆ ਜੀ, ਮੁਨਸ਼ੀ ਕਲਿਆਣ ਦਾਸ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਬਹਿਲੋ ਜੀ, ਮਾਤਾ ਸੁਲੱਖਣੀ ਜੀ, ਦਾਦੀ ਬਸੀ ਜੀ ਅਤੇ ਸੁਹਿਰਦ ਸਿੱਖਾਂ ਨੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ’ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਸਕਾਰ ਭੋਗਲ ਪਿੰਡ ’ਚ ਜਮੁਨਾ ਕਿਨਾਰੇ ਕੀਤਾ। ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਲਿਖਦਾ ਹੈ ਕਿ ਬੰਗਲਾ ਸਾਹਿਬ ਵਿਖੇ ਸੁਹਿਰਦ ਸਿੱਖਾਂ ਨੇ ਮਨ ਨੂੰ ਥੰਮੀ ਦੇਣ ਲਈ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਪਾਠ ਕੀਤਾ ਸੀ। ਆਪ ਨੇ 2 ਸਾਲ 5 ਮਹੀਨੇ 24 ਦਿਨ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰੀਰ ਤੌਰ ’ਤੇ 11ਸਾਲ 8 ਮਹੀਨੇ 10 ਦਿਨ ਸੰਸਾਰ ’ਚ ਰਹੇ। ਹੁਣ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਤਿ-ਜੁਗਤਿ ਦੇ ਨਾਵੇਂ ਵਾਰਸ ਹੋ ਗਏ। ਕਥਨ ਹੈ, ‘‘ਹਰੀ ਕ੍ਰਿਸਨਿ ਤਿਨ ਕੇ ਸੁਤ ਵਏ ॥ਤਿਨ ਤੇ ਤੇਗ ਬਹਾਦੁਰ ਭਏ ॥੧੨॥’’ (ਬਚਿਤ੍ਰ ਨਾਟਕ ਅ. ੫)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ:- ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਮ ਬਾਬਾ ਤੇਗ ਮੱਲ ਸੀ। ਬਾਬਾ ਤੇਗ ਮੱਲ ਜੀ ਦਾ ਆਗਮਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਗੋਦ ’ਚ ਗੁਰੂ ਕੇ ਮਹਿਲ ਅੰਮ੍ਰਿਤਸਰ ’ਚ 1 ਅਪ੍ਰੈਲ 1621 (ਡਾਕਟਰ ਹਰਜਿੰਦਰ ਸਿੰਘ ਦਲਗੀਰ ਅਨੁਸਾਰ18ਅਕਤੂਬਰ 1621 ਈ.) ਨੂੰ ਹੋਇਆ। ਬਚਪਨ ’ਚ ਹੀ ਆਪ ਨੇ ਭਾਸ਼ਾਈ ਗਿਆਨ, ਗੁਰੂ ਇਤਿਹਾਸ, ਗੁਰਮਤਿ ਫ਼ਲਸਫ਼ਾ, ਆਦਿ ਗਿਆਨ ਪ੍ਰਾਪਤ ਕਰ ਲਿਆ ਸੀ। ਛੋਟੀ ਉਮਰ ’ਚ ਹੀ ਆਪ ਜੀ ਆਲਮ-ਫਾਜ਼ਲ ਬਣ ਗਏ ਸਨ। ਸੰਗਤਾਂ ਆਪ ਪਾਸੋਂ ਗੁਰਬਾਣੀ ਦੀ ਕਥਾ ਸੁਣ ਕੇ ਅਨੰਦ ਮਾਣਦੀਆਂ ਸਨ। ਬਚਪਨ ’ਚ ਹੀ ਆਪ ਨੇ ਸ਼ਸਤਰ ਵਿਦਿਆ, ਘੋੜ ਸਵਾਰੀ ਵੀ ਸਿੱਖ ਲਈ। 12 ਕੁ ਸਾਲ ਦੀ ਉਮਰ ’ਚ 14ਫਰਵਰੀ 1633 ਈ. ਨੂੰ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਸੁਭਿਖੀ ਜੀ ਦੀ ਪੁੱਤਰੀ ਮਾਤਾ ਗੂਜਰੀ ਜੀ ਨਾਲ ਕਰਤਾਰਪੁਰ ਵਿਖੇ ਹੋਇਆ। 14 ਕੁ ਸਾਲ ਦੀ ਉਮਰ ’ਚ26-28ਅਪ੍ਰੈਲ 1635 ਨੂੰ ਕਰਤਾਰਪੁਰ ਦੀ ਜੰਗ ’ਚ ਬਾਬਾ ਤੇਗ ਮੱਲ ਜੀ ਨੇ ਤੇਗ ਦੇ ਖੂਬ ਜੌਹਰ ਦਿਖਾਏ। ਜਿਸ ਵਿੱਚ ਮੁਗਲਾਂ ਨੂੰ ਕਰਾਰੀ ਹਾਰ ਹੋਈ। ਇੱਥੋਂ ਹੀ ਆਪ ਜੀ ਦਾ ਨਾਂ ‘ਬਾਬਾ ਤੇਗ ਮਲ’ ਤੋਂ ‘ਬਾਬਾ ਤੇਗ ਬਹਾਦਰ’ ਪ੍ਰਸਿੱਧ ਹੋਇਆ। ਬਾਬਾ ਬਕਾਲਾ ਵਿਖੇ ਆਪ ਜੀ ਦੇ ਨਾਨਾ ਹਰੀ ਚੰਦ ਲੰਬ ਅਤੇ ਨਾਨੀ ਹਰਦੇਈ ਜੀ ਰਹਿੰਦੇ ਸਨ। ਇਸ ਕਾਰਨਆਪ ਜੀ ਬਾਬਾ ਬਕਾਲਾ ਸਾਹਿਬ ਆ ਗਏ ਸਨ। ਬਕਾਲਾ ਸਾਹਿਬ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ।ਆਪ ਜੀ ਬਕਾਲਾ ਸਾਹਿਬ ’ਚ ਗੁਰਬਾਣੀ ਦੀ ਨਿਰੰਤਰ ਕਥਾ ਕਰਦੇ ਸਨ। ਅੱਗੇ ਚੱਲਣ ਤੋਂ ਪਹਿਲਾਂ ਇੱਕ ਗੱਲ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਆਧਾਰ ’ਤੇ ਸਪਸ਼ਟ ਕਰਨੀ ਜ਼ਰੂਰੀ ਹੈ
ਭੋਰੇ ਵਿੱਚ ਤਪੱਸਿਆ :- ਕਈ ਲਿਖਾਰੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਲਿਖਿਆ ਹੈ ਕਿ ਆਪ ਤਕਰੀਬਨ 26ਸਾਲ ਬਕਾਲੇ ਭੋਰੇ ’ਚ ਤਪ ਕਰਦੇ ਰਹੇ, ਜੋ ਕਿ ਸਹੀ ਨਹੀਂ। ਪਹਿਲੀ ਗੱਲ ਕਿ ਗੁਰੂ ਸਾਹਿਬ ਸਿਰਫ 12ਕੁ ਸਾਲ ਹੀ ਬਕਾਲਾ ਸਾਹਿਬ ਰਹੇ ਹਨ।ਓਦੋਂ ਭੀ ਰੁਜ਼ਾਨਾ ਗੁਰਬਾਣੀ ਦੀ ਰਹਸਮਈ ਕਥਾ ਕਰਦੇ ਸਨ।ਐਸਾ ਹੋ ਸਕਦਾ ਹੈ ਕਿ ਆਪ ਆਪਣਾ ਨਿਤਨੇਮ, ਸਿਮਰਨ ਇਕਾਂਤ ’ਚ ਬੈਠ ਕੇ ਕਰਦੇ ਰਹੇ ਹੋਣ; ਜੈਸਾ ਕਿ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਬਾਬਾ ਦੀਪ ਸਿੰਘ ਜੀ ਭੀ ਇੱਕ ਭੋਰੇ ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਦੇ ਰਹੇ ਸਨ। ਇਤਿਹਾਸ ਗਵਾਹ ਹੈ ਕਿ ਪਹਿਲੇ 12 ਸਾਲ ਆਪ ਜੀ ਨੇ ਸਮਾਜਿਕ ਵਿੱਦਿਆ ਪ੍ਰਾਪਤ ਕੀਤੀ, ਫਿਰ ਫ਼ਿਲਾਸਫ਼ੀ, ਇਤਿਹਾਸ, ਆਦਿ ਦਾ ਅਧਿਐਨ ਕੀਤਾ। ਫਿਰ ਘੋੜ ਸਵਾਰੀ, ਤਲਵਾਰ, ਨੇਜ਼ਾ, ਹੋਰ ਸ਼ਸਤਰ ਆਦਿ ਵਿੱਦਿਆ ਲਈ। ਡਾ. ਦਲਗੀਰ ਅਨੁਸਾਰ ਸਾਢੇ 12 ਕੁਸਾਲ ਦੀ ਉਮਰ ’ਚ ਵਿਆਹ ਹੋ ਗਿਆ। ਗ੍ਰਿਹਸਤ ਦੀਆਂ ਜ਼ਿੰਮੇਵਾਰੀਆਂ ਤੋਂ ਆਪ ਨੇ ਮੂੰਹ ਨਾ ਮੋੜਿਆ ਸਗੋਂ ਉਨ੍ਹਾਂ ਨੂੰ ਬਾਖ਼ੂਬੀ ਨਿਭਾਇਆ। ਅਪ੍ਰੈਲ 1635 ’ਚ ਪੈਂਦੇ ਖਾਂ ਦੀ ਬੇਵਫਾਈ ਕਾਰਨ ਕਰਤਾਰਪੁਰ ਦੀ ਜੰਗ ’ਚ ਆਪ ਨੇ ਭਾਗ ਲਿਆ।ਐਸਾ ਕੁੱਝ ਤਾਂ ਹੀ ਸੰਭਵ ਹੋਇਆ ਜੇਕਰ ਪਹਿਲਾਂ ਇਹ ਯੋਗਤਾ ਹਾਸਲ ਕੀਤੀ ਹੋਵੇਗੀ। ਤੇਗ ਦੇ ਜੌਹਰ ਦਿਖਾਉਣ ਉੱਤੇ ਗੁਰੂ ਪਿਤਾ ਨੇ ਕਿਹਾ ‘ਬੇਟਾ ਤੁਮ ਹੋ ਤੇਗ ਕੇ ਧਨੀ। ਤੁਮ ਹੋ ਤੇਗ ਬਹਾਦਰ ਬਲੀ।’(ਮਹਿਮਾ ਪ੍ਰਕਾਸ਼)
ਇਸ ਤੋਂ ਬਾਅਦ ਗੁਰੂ ਹਰਿਰਾਇ ਸਾਹਿਬ ਜੀ ਦੇ ਕਹਿਣ ਉੱਤੇ ਆਪ; ਆਸਾਮ, ਬਿਹਾਰ, ਬੰਗਾਲ, ਆਦਿਕ ਪੂਰਬ ਦੇਸ਼ਾਂ ’ਚ ਲਗਾਤਾਰ 8-10 ਸਾਲ ਪ੍ਰਚਾਰ ਕਰਦੇ ਰਹੇ। 30ਮਾਰਚ 1664 ਨੂੰ 43 ਸਾਲ ਦੀ ਉਮਰ ’ਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। 10 ਨਵੰਬਰ 1675 ਨੂੰ 54 ਸਾਲ ਦੀ ਉਮਰ ’ਚ ਸ਼ਹੀਦ ਹੋ ਗਏ। ਜੇਕਰ ਇਨ੍ਹਾਂ 54 ਸਾਲ ’ਚੋਂ 36ਸਾਲ ਗ੍ਰਿਹਸਤ ਦੀ ਜਿੰਮੇਵਾਰੀ, ਗੁਰਿਆਈ ਦੀ ਜ਼ਿੰਮੇਵਾਰੀ, ਦੁਨਿਆਵੀ ਅਤੇ ਧਾਰਮਿਕ ਵਿੱਦਿਆ, ਸ਼ਸਤਰਵਿੱਦਿਆ, ਆਦਿ ਘਟਾ ਦੇਈਏ ਤਾਂ 18 ਸਾਲ ਬਚਦੇ ਹਨ। ਹੁਣ ਦੱਸੋ ਕਿ 26ਸਾਲ ਭੋਰੇ ’ਚ ਕਿਵੇਂ ਰਹਿ ਗਏ ? ਦਰਅਸਲ ਭੋਰੇ ਦੇ ਲਿਖਾਰੀਆਂ ਨੂੰ ਇਤਿਹਾਸ ਦੀ ਸਮੱਗਰੀ ਨਹੀਂ ਮਿਲੀ ਜਾਂ ਉਨ੍ਹਾਂ ਨੇ ਖੋਜ ਕਰਨ ਦੀ ਖੇਚਲ ਨਾ ਕੀਤੀ। ਇਸ ਕਰਕੇ ਉਨ੍ਹਾਂ ਨੇ ਵਿਚਕਾਰਲੇ ਗੈਪ ਨੂੰ ਪੂਰਾ ਕਰਨ ਲਈ 26 ਸਾਲ ਭੋਰੇ ’ਚ ਤਪੱਸਿਆ ਕੀਤੀ, ਲਿਖ ਦਿੱਤਾ। ਤਪੱਸਿਆ ਕਰਨ ਦਾ ਗੁਰਮਤਿ ਫ਼ਲਸਫ਼ੇ ’ਚ ਕੋਈ ਸਥਾਨ ਨਹੀਂ। ਭਾਈ ਗੁਰਦਾਸ ਜੀ ਨੇ ਭੋਰਿਆਂ ’ਚ ਬੈਠ ਤਪੱਸਿਆ ਕਰਨ ਦੀ ਹਮਾਇਤ ਨਾ ਕੀਤੀ ਸਗੋਂ ਇਸ ਦਾ ਐਸੇ ਖੰਡਨ ਕੀਤਾ ਹੈ :
ਘੁਘੂ ਸੁਝ ਨ ਸੁਝਈ; ਜਾਇ ਉਜਾੜੀ ਝਥਿ ਵਲਾਏ। (ਵਾਰ ੧੭ ਪਉੜੀ ੬)
ਘੁੱਘੂ ਸੁਝ ਨ ਸੁਝਈ; ਵਸਦੀ ਛਡਿ, ਰਹੈ ਓਜਾੜੀ। (ਵਾਰ ੩੨ ਪਉੜੀ ੪)
ਘੁਘੂ ਸੁਝੁ ਨ ਸੁਝਈ; ਕਰਮਾ ਦਾ ਹੀਣਾ। (ਵਾਰ ੩੬ ਪਉੜੀ ੧)
ਭਾਵ ਘੁੱਗੂ ਯਾਨੀ ਉੱਲੂ ਨੂੰ ਸਵੇਰੇ ਸੂਰਜ ਦਾ ਚਾਨਣਾ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹ ਦਿਨ ਨੂੰ ਉਜਾੜੇ ’ਚ ਰਹਿੰਦਾ ਹੈ। ਉੱਲੂ ਨੂੰ ਰੌਸ਼ਨੀ (ਰੌਣਕ) ਚੰਗੀ ਨਹੀਂ ਲੱਗਦੀ ਮਾਨੋ ਉਹ ਕਰਮਾਂ ਦਾ ਮਾਰਿਆ ਹੋਇਆ ਹੈ। ਉੱਲੂ ਨੂੰ ਖੁਸ਼ੀਆਂ (ਚਾਨਣਾ) ਚੰਗੀਆਂ ਨਹੀਂ ਲੱਗਦੀਆਂ, ਇਸ ਕਰਕੇ ਉਹ ਵਸਦੀ ਰਸਦੀ ਦੁਨੀਆ ਨੂੰ ਛੱਡ ਕੇ ਉਜਾੜ ਦੀਆਂ ਖੁੱਡਾਂ ’ਚ ਰਹਿੰਦਾ ਹੈ। ਸੋ ਭੋਰਿਆਂ ’ਚ ਰਹਿਣਾ ਧਰਮੀਆਂ ਦਾ ਕੰਮ ਨਹੀਂ, ਜਾਨਵਰਾਂ ਦਾ ਕੰਮ ਹੈ। ਗੁਰੂ ਸਾਹਿਬ ਜੀ ਤਾਂ ਸਮਾਜ ਨੂੰ ਬਦਲਣ ਆਏ ਸਨ। ਉਨ੍ਹਾਂ ਨੇ ਰੱਬ ਵੱਲੋਂ ਬਖ਼ਸ਼ੇ ਕੀਮਤੀ ਸਮੇਂ ਨੂੰ ਭੋਰੇ ’ਚ ਰਹਿ ਕੇ ਨਹੀਂ ਗਵਾਇਆ। ਗੁਰਬਾਣੀ ਦੇ ਬਚਨ ਹਨ, ‘‘ਤਨੁ ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਸਮ੍ਾਲਿ ॥ (ਮਹਲਾ ੧/੧੪੧੧), ਤਨੁ ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਨਿਹਾਲਿ ॥੧੨੦॥ (ਬਾਬਾ ਫ਼ਰੀਦ/੧੩੮੪)
ਭਾਵ ਸਰੀਰ ਨੇ ਕੀ ਵਿਗਾੜਿਆ ਹੈ, ਜੋ ਭੋਰਿਆਂ ’ਚ ਵੜ ਕੇ ਤੈਂ ਇਸ ਨੂੰ ਤੰਗ ਕੀਤਾ ਹੈ। ਰੱਬ ਤਾਂ ਮਨੁੱਖ ਦੇ ਅੰਦਰ ਵੱਸਦਾ ਹੈ; ਫਿਰ ਭੋਰੇ ’ਚ ਤਪੱਸਿਆ ਸਾਧਣ ਦਾ ਕੀ ਲਾਭ, ‘‘ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥ਵਰਮੀ ਮਾਰੀ ਸਾਪੁ ਨ ਮਰਈ; ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥’’ (ਮਹਲਾ ੫/੩੮੧)
ਭਾਵ ਸੱਪ ਵਾਲੀ ਖੁੱਡ ’ਤੇ ਡੰਡੇ ਮਾਰੀ ਜਾਓ, ਇਸ ਤਰ੍ਹਾਂ ਖੁਡ ਵਿਚਲਾ ਸੱਪ ਨਹੀਂ ਮਰਦਾ। ਇਸੇ ਤਰ੍ਹਾਂ ਕਰਮਕਾਂਡ ਕੀਤਿਆਂ, ਬਾਹਰੋਂ ਸਰੀਰ ਨੂੰ ਕਸ਼ਟ ਦਿੱਤਿਆਂ ਮਨ ਦੀਆਂ ਵਾਸ਼ਨਾਵਾਂ, ਵਿਕਾਰ ਨਹੀਂ ਮਰਦੇ, ਪਰ ਨਾਸਮਝ ਮਨੁੱਖ; ਗੁਰੂ ਦੀ ਵਿਚਾਰ ਸੁਣਦਾ ਨਹੀਂ, ਹੋਰ ਹੋਰ ਕਰਮ ਕਰਦਾ ਰਹਿੰਦਾ ਹੈ। ਜਿਸ ਨਾਲ ਮਨ ਦਾ ਹੰਕਾਰ ਰੂਪੀ ਸੱਪ ਵੱਡਾ ਹੁੰਦਾ ਜਾਂਦਾ ਹੈ। ਅਕਾਲ ਪੁਰਖ ਦੀ ਬਾਣੀ ਦਾ ਭਜਨ ਤਾਂ ਨਿਰਮਲ ਮੱਤ ਬਣਾਉਂਦਾ ਹੈ। ਗੁਰਬਾਣੀ ਬੰਦੇ ਨੂੰ ਕਿਰਤ ਕਰਨ ਅਤੇ ਨਾਮ ਜਪਣ ਲਈ ਤਿਆਰ ਕਰਦੀ ਹੈ; ਜਿਵੇਂ ਕਿ ਬਚਨ ਹਨ, ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ/੧੩੭੬), ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥’’ (ਮਹਲਾ ੪/੩੦੬)
ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ 1 ਅਪਰੈਲ 1664 ਨੂੰ ‘ਬਾਬਾ ਬਸਹਿ ਗ੍ਰਾਮ ਬਕਾਲੇ। ਬਣ ਗੁਰ ਸੰਗਤਿ, ਸਕਲ ਸਮਾਲੇ।’ ਬਚਨ ਅਨੁਸਾਰ ਗੁਰਿਆਈ ਦੀ ਜ਼ਿੰਮੇਵਾਰੀ ਪੰਜ ਸਿੱਖਾਂ ਰਾਹੀਂ ਸੌਂਪ ਦਿੱਤੀ ਸੀ, ਜਿਸ ਦਾ ਧੀਰਮਲੀਆਂ ਨੇ ਵਿਰੋਧ ਕੀਤਾ। ਮੱਖਣ ਸ਼ਾਹ ਲੁਬਾਣਾ ਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੀਰਮਲੀਆਂ ਅਤੇ ਸੀਹਾ ਮਸੰਦ ਦੀਆਂ ਚਾਲਾਂ ਨੂੰ ਅਸਫਲ ਬਣਾ ਦਿੱਤਾ ਤੇ ਉਨ੍ਹਾਂ ਨੂੰ ਸਜਾਵਾਂ ਭੀ ਦਿੱਤੀਆਂ। ਇਤਿਹਾਸ ਅੱਗੇ ਚੱਲਦਾ ਹੈ ਕਿ ਸੰਨ 1665 ਨੂੰ ਆਸਾਮ ਦੇ ਰਾਜੇ ਰਤਨ ਰਾਇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਸਾਮ ਆਉਣ ਦੀ ਬੇਨਤੀ ਕੀਤੀ। ਓਥੇ ਮੁਗਲ ਅਤੇ ਅਹੋਮੀ; ਆਮ ਪਰਜਾ ਨੂੰ ਤੰਗ ਕਰਦੇ ਸਨ। ਮੁਗਲ ਜਬਰੀ ਹਿੰਦੂ ਬਹੂ ਬੇਟੀਆਂ ਨੂੰ ਆਪਣੇ ਘਰ ਚੁੱਕ ਲੈ ਆਉਂਦੇ ਸਨ ਤੇ ਉਨ੍ਹਾਂ ਨੂੰ ਜਬਰੀ ਇਸਲਾਮ ਧਰਮ ਧਾਰਨ ਕਰਾਉਂਦੇ ਸਨ। ਗੁਰੂ ਸਾਹਿਬ ਪਰਵਾਰ ਸਮੇਤ ਆਸਾਮ ਨੂੰ ਚੱਲ ਪਏ। ਚਲਦਿਆਂ ਚਲਦਿਆਂ ਪਟਨਾ ਸਾਹਿਬ ਪਰਵਾਰ ਨੂੰ ਛੱਡ ਕੇ ਆਪ ਆਸਾਮ ਪਹੁੰਚੇ ਗਏ। ਗੁਰੂ ਸਾਹਿਬ ਨੇ ਅਹੋਮੀਆ, ਮੁਗਲਾਂ ਅਤੇ ਪਰਜਾ ’ਚ ਸੁਲਹ ਕਰਵਾ ਦਿੱਤੀ। ਅੱਤਿਆਚਾਰ ਹੋਣੋ ਰੁਕ ਗਿਆ। 45 ਸਾਲ ਦੀ ਉਮਰ ’ਚ 22ਦਸੰਬਰ 1666ਨੂੰ ਭਾਈ ਮਿਹਰ ਚੰਦ ਨੇ ਢਾਕੇ ਆ ਕੇ ਆਪ ਨੂੰ ਖਬਰ ਦਿੱਤੀ ਕਿ ਪਟਨਾ ਵਿਖੇ ਬਾਲ ਗੋਬਿੰਦ ਰਾਇ ਦਾ ਆਗਮਨ ਹੋਇਆ ਹੈ। ਪੁੱਤਰ ਮਿਲਾਪ ਦੀਆਂ ਤਰੰਗਾਂ ਤਾਂ ਬਹੁਤ ਸਨ, ਪਰ ਪਰਉਪਕਾਰ ਨੂੰ ਗੁਰੂ ਸਾਹਿਬ ਨੇ ਪਹਿਲ ਦਿੱਤੀ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਦੋਂ ਆਸਾਮ ’ਚ ਪੂਰਨ ਤੌਰ ’ਤੇ ਸ਼ਾਂਤੀ ਹੋ ਗਈ ਤਾਂ ਗੁਰੂ ਸਾਹਿਬ ਵਾਪਸ ਪਟਨਾ ਸਾਹਿਬ ਪਹੁੰਚੇ। ਉਸ ਵੇਲੇ ਬਾਲ ਗੋਬਿੰਦ ਰਾਇ ਜੀ 3 ਸਾਲ 6 ਮਹੀਨੇ 10ਦਿਨ ਦੇ ਹੋ ਚੁੱਕੇ ਸਨ। ਕੁਝ ਸਮਾਂ ਗੁਰੂ ਸਾਹਿਬ ਪਟਨਾ ਸਾਹਿਬ ਵਿਖੇ ਰਹੇ। ਤਕਰੀਬਨ 6 ਕੁ ਮਹੀਨੇ ਬੀਤੇ ਤੇ ਪੰਜਾਬ ਦੇ ਹਾਲਾਤ ਔਰੰਗਜ਼ੇਬ ਨੇ ਖਰਾਬ ਕਰ ਦਿੱਤੇ। ਔਰੰਗਜ਼ੇਬ ਨੇ ਹਿੰਦੂਆਂ ਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਗੁਰੂ ਸਾਹਿਬ ਪਰਵਾਰ ਨੂੰ ਪਟਨਾ ਸਾਹਿਬ ਛੱਡ ਕੇ ਆਪ ਪੰਜਾਬ ’ਚ ਆ ਗਏ। ਅਕਤੂਬਰ 1670 ਈਸਵੀ ਨੂੰ ਮਾਖੋਵਾਲ (ਅਨੰਦਪੁਰ ਸਾਹਿਬ) ਪਹੁੰਚੇ ਔਰੰਗਜ਼ੇਬ ਨੇ ਹਿੰਦੂਆਂ ਦਾ ਕਤਲ, ਉਨ੍ਹਾਂ ਨੂੰ ਇਸਲਾਮ ’ਚ ਲਿਆਉਣਾ, ਉਨ੍ਹਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨੀ, ਮੰਦਿਰਾਂ ਨੂੰ ਢਾਹੁਣਾ ਆਦਿ ਵੱਡੇ ਪੱਧਰ ਉੱਤੇ ਸ਼ੁਰੂ ਕੀਤਾ ਹੋਇਆ ਸੀ। ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਪੀ. ਐਨ. ਕੌਲ ਬਜਮਈ (ਹਿਸਟਰੀ ਆਫ ਕਸ਼ਮੀਰ) ਅਨੁਸਾਰ ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਬਹੁਤ ਸਾਰੇ ਪੰਡਿਤ ਵਿਦਵਾਨ ਮਾਖੋਵਾਲ (ਅਨੰਦਪੁਰ ਸਾਹਿਬ) ਗੁਰੂ ਤੇਗ ਬਹਾਦਰ ਸਾਹਿਬ ਕੋਲ ਮਦਦ ਦੀ ਪੁਕਾਰ ਲੈ ਕੇ ਆਏ। ਇਸ ਸਮੇਂ ਤੱਕ ਗੁਰੂ ਸਾਹਿਬ ਜੀ ਦਾ ਪਰਵਾਰ ਭੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਪਹੁੰਚ ਚੁੱਕਿਆ ਸੀ। ਇਕ ਕਵੀ ਦਾ ਲਿਖਿਆ ਹੈ :
ਦੁਖੀ ਬਿਪਰ ਜੋ ਚਲ ਕੇ, ਆਇ ਪੁਰੀ ਅਨੰਦ।
ਬਾਂਹ ਅਸਾਡੀ ਪਕੜੀਏ, ਗੁਰ ਹਰਿਗੋਬਿੰਦ ਕੇ ਨੰਦ। (ਸ਼ਹੀਦ ਬਿਲਾਸ)
ਗਜ ਕੇ ਬੰਧਨ ਕਾਟਨਹਾਰੇ। ਤੁਮ ਗੁਰੂ ਨਾਨਕ ਹੈ ਅਵਤਾਰੇ। (ਗਜ–ਹਾਥੀ)
ਜਿਮ ਦ੍ਰੋਪਤੀ ਰਾਖੀ ਲਾਜ । ਦਿਉ ਸੁਦਾਮੇ ਕਾਜ ਸਵਾਰ ।
ਏਕ ਆਸਰਾ ਆਪ ਗੁਸਾਈਂ। ਗਹੁ ਬਾਂਹ ਡੁਬਤ ਸਭ ਜਾਈਂ।
ਰਾਖੋ ਆਪ ਹਿੰਦਨ ਕੀ ਟੇਕ । ਨਾਹਿ ਤਾਂ ਜਗ ਮਹਿ ਰਹੈ ਨ ਏਕ । (ਗੁਰ ਪ੍ਰਤਾਪ ਸੂਰਜ ਗ੍ਰੰਥ)
ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਪੁਕਾਰ ਸੁਣੀ। ਉਨਾਂ ਦੀ ਮਦਦ ਦਾ ਵਾਅਦਾ ਕੀਤਾ :
ਸੰਤ ਰਿਦਾ ਨਵਨੀਤ ਸਮਾਨਾ । ਕਹਿਓ ਕਵਿ ਨੇ ਪਰ ਕਹਿਆ ਨ ਜਾਨਾ ।
ਨਿਜ ਪ੍ਰਤਾਪੈ ਦ੍ਰਵੈ ਨਵਨੀਤਾ । ਪਰਤਾਪੈ ਦ੍ਰਵੈ, ਰਿਦ ਸੰਤ ਪੁਨੀਤਾ । (ਕਵੀ ਤੁਲਸੀਦਾਸ)
ਗੁਰੂ ਸਾਹਿਬ ਦਾ ਹਿਰਦਾ ਪੰਘਰ ਗਿਆ ਸੀ। ਕ੍ਰਿਪਾ ਰਾਮ ਨੂੰ ਕਿਹਾ ਕਿ ਕੁਰਬਾਨੀ ਦੀ ਲੋੜ ਹੈ। ਤੁਹਾਡੇ ’ਚੋਂ ਕੌਣ ਕੁਰਬਾਨੀ ਦੇ ਸਕਦਾ ਹੈ ? ਸਭ ਪੰਡਿਤ ਨੀਵੀ ਪਾ ਕੇ ਖੜ੍ਹੇ ਸਨ। ਗੁਰਬਾਣੀ ਸਿਧਾਂਤ ਹੈ ਕਿ
“ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥“ (ਮਹਲਾ ੯/੧੪੨੭) ਕਿਉਂਕਿ “ਨਿਰਭਉ ਜਪੈ; ਸਗਲ ਭਉ ਮਿਟੈ ॥“ (ਸੁਖਮਨੀ/ਮਹਲਾ ੫/੨੯੩)
ਇਨ੍ਹਾਂ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਗੁਰੂ ਸਾਹਿਬ ਨੇ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਔਰੰਗਜ਼ੇਬ ਨੂੰ ਸੁਨੇਹਾ ਭੇਜਦਿਓ ਕਿ ਅਗਰ ਸਾਡਾ ਰਹਿਬਰ ਗੁਰੂ ਤੇਗ ਬਹਾਦਰ ਸਾਹਿਬ; ਇਸਲਾਮ ਕਬੂਲ ਕਰ ਲਵੇਗਾ ਤਾਂ ਅਸੀਂ ਸਾਰੇ ਦੀਨ-ਮੁਹੰਮਦ ਕਬੂਲ ਕਰ ਲਵਾਂਗੇ। ਗੁਰੂ ਸਾਹਿਬ ਨੇ ਸੁਹਿਰਦ ਸਿੱਖਾਂ ਤੇ ਬਾਲ ਗੋਬਿੰਦ ਰਾਇ ਨਾਲ ਮਸ਼ਵਰੇ ਕੀਤੇ। ਫਿਰ ਆਪ ਸ਼ਹੀਦੀ ਲਈ ਤਿਆਰ ਹੋ ਗਏ। ਬਚਨ ਕਰ ਦਿੱਤੇ ਕਿ ਸਾਡੀ ਸ਼ਹਾਦਤ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤ ਦੇ ਵਾਰਸ ਗੋਬਿੰਦ ਰਾਇ ਹੋਣਗੇ। ਗੁਰੂ ਸਾਹਿਬ ਨੇ ਸਭ ਜ਼ਿੰਮੇਵਾਰੀਆਂ ਗੁਰਸਿੱਖਾਂ ਨੂੰ ਸੰਭਾਲ ਦਿੱਤੀਆਂ। ਦੂਸਰੇ ਪਾਸੇ ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਦੁਆਰਕਾ ਤੋਂ ਐਲਾਨ ਕਰ ਦਿੱਤਾ ਕਿ ਹਿੰਦੂਆਂ ਦੇ ਰਹਿਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਅਗਰ ਸਾਡੇ ਰਹਿਬਰ; ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹਿੰਦੂ; ਇਸਲਾਮ ਕਬੂਲ ਕਰ ਲਵਾਂਗੇ। ਇਸ ਵਕਤ ਔਰੰਗਜ਼ੇਬ ਪਠਾਣਾਂ ਦੀ ਬਗਾਵਤ ਦਬਾਉਣ ਲਈ ਕਾਬਲ ’ਚ ਸੀ। ਔਰੰਗਜੇਬ ਤਕਰੀਬਨ 1674 ਈਸਵੀ ਤੋਂ 1676 ਈਸਵੀ ਤੱਕ ਕਾਬਲ ਹੀ ਰਿਹਾ। ਇਨ੍ਹਾਂ ਦੋ ਸਾਲਾਂ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ‘‘ਨਿਰਭਉ ਜਪੈ ਸਗਲ ਭਉ ਮਿਟੈ॥’’ਦਾ ਪੈਗਾਮ ਲੋਕਾਂ ਅੰਦਰ ਭਰਿਆ। ‘‘ਭੈ ਕਾਹੁ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ਦਾ ਜਜ਼ਬਾ ਲੋਕਾਂ ’ਚ ਉਮਡ ਆਇਆ ਸੀ। ਗੁਰੂ ਸਾਹਿਬ ਬਹੁਤ ਦੂਰ ਅੰਦੇਸ਼ੀ ਸਨ। ਚਲਦਿਆਂ ਚਲਦਿਆਂ ਇੱਕ ਗੱਲ ਹੋਰ ਕਹਿ ਦੇਵਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਸਮੇਂ ਅਕਾਲ ਪੁਰਖ ਦੇ ਹੁਕਮ ’ਚ 59ਸ਼ਬਦ 15ਰਾਗਾਂ ’ਚ ਤੇ 57 ਸ਼ਲੋਕ ਉਚਾਰਨ ਕੀਤੇ। 31ਵੇਂ ਰਾਗ ਜੈ ਜਾਵੰਤੀ ’ਚ ਸਿਰਫ ਆਪ ਜੀ ਦੀ ਬਾਣੀ ਦਰਜ ਹੈ।
ਦਿੱਲੀ ਰਵਾਨਾ:- ਗੁਰੂ ਤੇਗ ਬਹਾਦਰ ਸਾਹਿਬ ਜੀ ਨਿਰਭਉ ਤੇ ਨਿਰਵੈਰ ਦਾ ਸੰਦੇਸ਼ ਦਿੰਦੇ-ਦਿੰਦੇ ਦਿੱਲੀ ਵੱਲ ਚੱਲ ਪਏ। ਗੁਰੂ ਸਾਹਿਬ ਜੀ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ, ਬਾਬਾ ਗੁਰਦਿੱਤਾ ਜੀ, ਭਾਈ ਜੈਤਾ ਜੀ, ਭਾਈ ਉਦੈ ਜੀ, ਭਾਈ ਨਨੂਆ ਜੀ, ਭਾਈ ਕਨੱਈਆ ਜੀ, ਆਦਿ ਸਨ। ਸੁਹਿਰਦ ਸਿੱਖ ਆਸ ਪਾਸ ਰਹਿ ਕੇ ਹਾਲਾਤਾਂ ਦਾ ਪੂਰਾ ਪੂਰਾ ਜਾਇਜ਼ਾ ਲੈ ਰਹੇ ਸਨ। ਹਰ ਪਾਸੇ ਸਿੱਖ ਪੂਰੀ ਪੂਰੀ ਨਿਗਰਾਨੀ ਰੱਖ ਰਹੇ ਸਨ, ‘‘ਸੋ ਡਰੈ ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥’’ (ਮਹਲਾ ੪/੮੪)ਦਾ ਉਪਦੇਸ਼ ਲੋਕਾਂ ਦੇ ਮਨਾਂ ’ਚ ਘਰ ਕਰ ਰਿਹਾਸੀ। ਔਰੰਗਜ਼ੇਬ ਨੂੰ ਪਲ ਪਲ ਦੀਆਂ ਖਬਰਾਂ ਮਿਲ ਰਹੀਆਂ ਸਨ। ਔਰੰਗਜ਼ੇਬ ਬਹੁਤ ਘਬਰਾ ਗਿਆ ਸੀ ਕਿਉਂਕਿ ਸਾਰੇ ਲੋਕ ‘‘ਭੈ ਕਾਹੂ ਕਉ ਦੇਤ ਨਹਿ’’ ਅਤੇ ‘‘ਨਿਰਭਉ ਜਪੈ’’ ਦਾ ਭਾਵ ਕਬੂਲ ਕਰ ਰਹੇ ਸਨ। ਔਰੰਗਜ਼ੇਬ ਨੂੰ ਇਸਲਾਮ ਦੀ ਮੁਹਿੰਮ ਠੁਸ ਹੁੰਦੀ ਨਜ਼ਰ ਆ ਰਹੀ ਸੀ। ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗ੍ਰਿਫਤਾਰ ਕਰਾਉਣ ਦਾ ਇਨਾਮ ਵੀ ਐਲਾਨਿਆ ਗਿਆ। ਕੁਝ ਅਣਜਾਣ ਇਤਿਹਾਸਕਾਰ ਲਿਖਦੇ ਹਨ ਕਿ ਇਸ ਵੇਲੇ ਗੁਰੂ ਸਾਹਿਬ ਜੀ ਆਗਰੇ ਸਨ, ਪਰ ਇਹ ਸਹੀ ਨਹੀਂ ਕਿਉਂਕਿ ਗੁਰੂ ਸਾਹਿਬ ਤਾਂ ਦਿੱਲੀ ਨੂੰ ਰਵਾਨਾ ਹੋਏ ਸਨ। ਦਿੱਲੀ ਨੂੰ ਪਾਰ ਕਰਕੇ ਅਗਾਂਹ 100 ਕੋਹ ਦੂਰ ਆਗਰਾ ਹੈ। ਡਾਕਟਰ ਹਰਜਿੰਦਰ ਸਿੰਘ ਦਲਗੀਰ ਸਿੱਖ ਤਵਾਰੀਖ ਦੇ ਪਹਿਲੇ ਭਾਗ ’ਚ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ ਰੋਪੜ ਦੇ ਨੇੜੇ ਪਿੰਡ ਮਲਿਕ ਪੁਰ ਰੰਗੜਾਂ ’ਚ ਭਾਈ ਨਿਗਾਹੀਆਂ ਜੀ ਦੇ ਘਰੋਂ 11ਜੁਲਾਈ 1675 ਈਸਵੀ ਨੂੰ ਮਿਰਜਾ ਨੂਰ ਮੁਹੰਮਦ ਖਾਨ ਨੇ ਗ੍ਰਿਫਤਾਰ ਕੀਤਾ। ਫਿਰ ਸਰਹੰਦ ਦੇ ਸੂਬੇਦਾਰ ਅਬਦੁਲ ਅਜੀਜ ਦਿਲਾਵਰ ਖਾਨ ਹਵਾਲੇ ਕੀਤੇ ਗਏ। ਗੁਰੂ ਸਾਹਿਬ ਜੀ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਵੀ ਗ੍ਰਿਫਤਾਰ ਕੀਤੇ ਗਏ। ਸੁਜਾਨ ਰਾਇ ਭੰਡਾਰੀ; ਖੁਲਾਸਤੁਤ ਤਵਾਰੀਖ ’ਚ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਲੋਹੇ ਦੇ ਪਿੰਜਰੇ ’ਚ ਕੈਦ ਕਰਕੇ ਦਿੱਲੀ ਲੈ ਗਏ ਸਨ। ਦਿੱਲੀ ਦੇ ਸੂਬੇਦਾਰ ਸਾਫੀ ਖਾਨ ਨੇ ਗੁਰੂ ਸਾਹਿਬ ਜੀ ਨੂੰ ਕਾਜ਼ੀ ਅਬਦੁਲ ਵਹਾਬ ਵਹੁਰਾ ਅੱਗੇ ਪੇਸ਼ ਕੀਤਾ। ਗੁਰੂ ਸਾਹਿਬ ਨੂੰ ਤਿੰਨ ਗੱਲਾਂ ਕਾਜ਼ੀ ਨੇ ਕਹੀਆਂਤੁਸੀਂ ਕਲਮਾਂ ਪੜ੍ਹ ਕੇ ਦੀਨ ਮੁਹੰਮਦ ਕਬੂਲ ਕਰ ਲਵੋ ਜਾਂ ਤੁਸੀਂ ਕਰਾਮਾਤ ਦਿਖਾਓ ਜੇ ਇਹ ਦੋਨੋਂ ਕਬੂਲ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਵੋ। ਗੁਰੂ ਸਾਹਿਬ ਨੇ ਹਰ ਇੱਕ ਦਾ ਇਨਸਾਨੀਅਤ ਹੱਕ ਦੱਸਿਆ ਕਿ ਹਰ ਕੋਈ ਆਪਣੇ ਧਰਮ ’ਚ ਰਹੇ। ਜਬਰੀ ਧਰਮ ਬਦਲਾਉਣਾ ਇਨਸਾਨੀਅਤ ਤੋਂ ਉਲਟ ਹੈ। ਦੂਸਰੀ ਕਰਾਮਾਤ ਕਹਿਰ ਹੈ। ਕਰਾਮਾਤ ਸਿਰਫ ਰੱਬ ਹੀ ਹੈ। ਤੀਸਰੀ ਗੱਲ ਮੌਤ ਦੀ, ਉਹ ਤਾਂ ਮੁਸਲਮਾਨ ਬਣ ਕੇ ਵੀ ਆਉਣੀ ਹੈ, ਫਿਰ ਅਸੀਂ ਸੱਚ ਧਰਮ ਵਾਸਤੇ ਸ਼ਹਾਦਤ ਦੇਣ ਆਪ ਆਏ ਹਾਂ। ਕਾਜ਼ੀ ਅਤੇ ਸੂਬੇਦਾਰ ਖਿੱਝ ਗਏ।ਉਨ੍ਹਾਂ ਨੇ ਗੁਰੂ ਸਾਹਿਬ ਨੂੰ ਡਰਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਸ਼ਹੀਦੀਆਂ ਦਾ ਦੌਰ :- 10 ਨਵੰਬਰ ਨੂੰ ਗੁਰੂ ਸਾਹਿਬ ਨੂੰ ਪਿੰਜਰੇ ’ਚ ਬੰਦ ਕਰ ਚਾਂਦਨੀ ਚੌਂਕ ਲਿਆਂਦਾ ਗਿਆ। ਭਾਈ ਜੈਤਾ ਜੀ ਤੇ ਭਾਈ ਉਦੈ ਜੀ; ਗੁਰੂ ਸਾਹਿਬ ਜੀ ਦਾ ਸਰੀਰ ਚੁੱਕਣ ਲਈ ਭੇਸ ਬਦਲ ਕੇ ਆਏ ਸਨ। ਲੱਖੀ ਸ਼ਾਹ ਵਣਜਾਰਾ ਆਪਣੇ ਪੁੱਤਰ ਭਾਈ ਨਗਾਰੀਆ ਜੀ, ਭਾਈ ਹੇਮਾ ਜੀ ਤੇ ਭਾਈ ਹਾੜੀ ਜੀ ਸਮੇਤ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਚੁੱਕਣ ਵਾਸਤੇ ਲਾਲ ਕਿਲ੍ਹੇ ਤੋਂ ਬਾਹਰ ਗੱਡੇ ਲੈ ਕੇ ਤਿਆਰ ਖੜ੍ਹੇ ਸਨ। ਗੁਰੂ ਸਾਹਿਬ ਜੀ ਨੂੰ ਡਰਾਉਣ ਵਾਸਤੇ ਪਹਿਲਾਂ ਭਾਈ ਸਤੀ ਦਾਸ ਜੀ ਨੂੰ ਲੱਕੜ ਦੇ ਫੱਟਿਆਂ ’ਚ ਜਕੜਿਆ। ਸ਼ਾਸਲ ਬੇਗ ਅਤੇ ਬਾਸ਼ਲ ਬੇਗ ਨੇ ਕਾਜ਼ੀ ਦੇ ਫ਼ਤਵੇ ਨਾਲ਼ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਉਨ੍ਹਾਂ ਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਗਿਆ। ਭਾਈ ਸਤੀ ਦਾਸ ਅਡੋਲ ਚਿੱਤ ਬਾਣੀ ਪੜ੍ਹਦੇ ਹੋਏ ਸ਼ਹੀਦ ਹੋ ਗਏ। ਫਿਰ ਉਨ੍ਹਾਂ ਦੇ ਭਰਾ ਭਾਈ ਸਤੀ ਦਾਸ ਜੀ ਨੂੰ ਰੂਹ ’ਚ ਲਪੇਟਿਆ ਗਿਆ ਤੇ ਅੱਗ ਲਾ ਦਿੱਤੀ ਗਈ। ਭਾਈ ਸਤੀ ਦਾਸ ਵੀ ਬਾਣੀ ਪੜ੍ਹਦੇ ਹੋਏ ਸ਼ਹੀਦ ਹੋ ਗਏ। ਫਿਰ ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ’ਚ ਬਿਠਾ ਕੇ ਪਾਣੀ ਨੂੰ ਉਬਾਲ ਉਬਾਲ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਅਡੋਲ ਰਹੇ। ਅਕਾਲ ਪੁਰਖ ਨਾਲ ਜੁੜੇ ਰਹੇ। ਉਨ੍ਹਾਂ ਦੇ ਮਨ ’ਤੇ ਇਸ ਦਾ ਅਸਰ ਨਾ ਹੋਇਆ। ਕਾਜ਼ੀ ਇਕ ਵਾਰ ਫਿਰ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਉਂਦਾ ਹੈ। ਗੁਰੂ ਸਾਹਿਬ ਸਹਜ ਅਵਸਥਾ ’ਚ ਅਡੋਲ ਰਹੇ। ਆਪ ਨੂੰ ਪਿੰਜਰੇ ’ਚੋਂ ਬਾਹਰ ਕੱਢਿਆ ਗਿਆ। ਫਿਰ ਆਪ ਜੀ ਦੀ ਇੱਛਾ ਅਨੁਸਾਰ ਸਖ਼ਤ ਪਹਿਰੇ ਹੇਠ ਆਪ ਨੇ ਇਸ਼ਨਾਨ ਕੀਤਾ। ਫਿਰ ਚਾਂਦਨੀ ਚੌਂਕ ’ਚ ਇੱਕ ਉੱਚੇ ਥੜੇ ’ਤੇ ਬਿਠਾਇਆ ਗਿਆ। ਜਲਾਦ ਜਲਾਲ ਉਦ ਦੀਨ ਤਲਵਾਰ ਲੈ ਕੇ ਖੜ੍ਹਾ ਸੀ। ਸਾਰੀ ਅਵਾਮ ਦੇਖ ਰਹੀ ਸੀ। ਚਾਰੇ ਪਾਸੇ ਕਰੜੀ ਨਿਗਾਹ ਰੱਖੀ ਜਾ ਰਹੀ ਸੀ। ਕਰੜੇ ਪਹਿਰੇ ਲੱਗੇ ਹੋਏ ਸਨ। ਕਾਜ਼ੀ ਨੇ ਫਿਰ ਆਪਣੀਆਂ ਤਿੰਨੇ ਗੱਲਾਂ ਦੁਹਰਾਈਆਂ। ਆਪ ਨੇ ਸ਼ਹਾਦਤ ਪ੍ਰਵਾਨ ਕੀਤੀ। ਕਾਜ਼ੀ ਨੇ ਜਲਾਲ ਨੂੰ ਇਸ਼ਾਰਾ ਕੀਤਾ। ਜਲਾਦ ਨੇ ਤਲਵਾਰ ਦਾ ਭਰਵਾਂ ਵਾਰ ਕੀਤਾ ਤੇ ਧੜ ਤੋਂ ਸੀਸ ਅਲੱਗ ਕਰ ਦਿੱਤਾ। ਕੁਦਰਤ ਦਾ ਕਰਿਸ਼ਮਾਕਿ ਤੁਫ਼ਾਨ ਵਾਙ ਹਵਾ ਚੱਲੀ ਤੇ ਹਜ਼ਾਰਾਂ ਦੀ ਇਕੱਤਰ ਕੀਤੀ ਭੀੜ ’ਚੋਂ ਭਾਈ ਜੈਤਾ ਜੀ ਅਤੇ ਭਾਈ ਉਦੈ ਜੀ ਨੇ ਫੁਰਤੀ ਨਾਲ ਗੁਰੂ ਸਾਹਿਬ ਜੀ ਦੇ ਸੀਸ ਨੂੰ ਚੁੱਕਿਆ। ਕੱਪੜੇ ’ਚ ਲਪੇਟ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਏ। ਭਾਈ ਲੱਖੀ ਸ਼ਾਹ ਵਣਜਾਰੇ ਨੇ ਸਾਥੀਆਂ ਸਮੇਤ ਗੁਰੂ ਸਾਹਿਬ ਦੇ ਸਰੀਰ ਨੂੰ ਗੱਡੇ ’ਚ ਰੱਖਿਆ ਤੇ ਆਪਣੇ ਘਰ ਸੀਨਾ ਰਾਏ (ਰਕਾਬ ਗੰਜ) ਲਿਆ ਕੇ ਘਰ ’ਚ ਸਰੀਰ ਨੂੰ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ। ਸਰੀਰ ਦਾ ਸਸਕਾਰ ਕਰ ਦਿੱਤਾ ਗਿਆ। ਭੱਟ ਕੇਸੋ ਲਿਖਦਾ ਹੈ:
ਚਲਾ ਚਲਾਈ ਹੋ ਰਹੀ, ਗਢ ਗਢ ਉਖੜੇ ਮੇਖ ।
ਲਖੀ ਨਗਾਹੀਆ ਲੈ ਗਏ, ਤੂੰ ਖੜਾ ਤਮਾਸ਼ਾ ਦੇਖ। (ਭੱਟ ਸ਼੍ਰੀ ਕੇਸੋ ਜੀ)
ਭਾਈ ਨਾਨੂ ਜੀ ਅਤੇ ਬਾਬਾ ਗੁਰਦਿੱਤਾ ਜੀ; ਪਲ ਪਲ ਦੀ ਖਬਰ ਰੱਖ ਰਹੇ ਸਨ। ਭਾਈ ਜੈਤਾ ਜੀ ਅਤੇ ਭਾਈ ਉਦੇ ਜੀ ਆਨੰਦਪੁਰ ਸਾਹਿਬ ਨੇੜੇ ਕੀਰਤਪੁਰ ਪਹੁੰਚ ਗਏ। ਸਾਰੀਆਂ ਸੰਗਤਾਂ ਕੀਰਤਪੁਰ ਇਕੱਠੀਆਂ ਹੋ ਗਈਆਂ। ਗੁਰੂ ਸਾਹਿਬ ਜੀ ਦੇ ਸੀਸ ਨੂੰ ਪਾਲਕੀ ’ਚ ਰੱਖ ਕੇ ਨਗਰ ਕੀਰਤਨ ਦੇ ਰੂਪ ’ਚ ਆਨੰਦਪੁਰ ਸਾਹਿਬ ਲੈਜਾਇਆ ਗਿਆ। ਗੁਰੂ ਗੋਬਿੰਦ ਰਾਏ ਜੀ ਨੇ ਮਾਤਾ ਗੁਜਰੀ ਜੀ ਦੀ ਹਾਜ਼ਰੀ ’ਚ ਆਪ ਸਸਕਾਰ ਕੀਤਾ।ਬਚਿਤਰ ਨਾਟਕ ਦਾ ਕਰਤਾ ਲਿਖਦਾ ਹੈ :
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਯਾ ਪਰੁ ਸੀ ਨ ਉਚਰੀ ॥੧੩॥ (ਬਚਿਤ੍ਰ ਨਾਟਕ ਅ. ੫)
ਠੀਕਰ ਫੋਰਿ ਦਿਲੀਸ ਸਿਰਿ; ਪ੍ਰਭ ਪੁਰਿ ਕੀਯਾ ਪਯਾਨ ॥
ਤੇਗ ਬਹਾਦੁਰ ਸੀ ਕ੍ਰਿਆ; ਕਰੀ ਨ ਕਿਨਹੂੰ ਆਨਿ ॥੧੫॥
ਤੇਗ ਬਹਾਦੁਰ ਕੇ ਚਲਤ; ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ; ਜੈ ਜੈ ਜੈ ਸੁਰ ਲੋਕਿ ॥੧੬॥ (ਅਧਿਆਏ ਪੰਜ, ਬਚਿੱਤਰ ਨਾਟਕ)
ਗੁਰਿਆਈ ਸਮੇਂ ਗੁਰੂ ਗੋਬਿੰਦ ਰਾਇ ਸਾਹਿਬ ਜੀ ਦੀ ਉਮਰ ਤਕਰੀਬਨ 9 ਕੁ ਸਾਲ ਸੀ। ਭੱਟ ਚਾਂਦ ਜੀ ਨੇ ਸੁੰਦਰ ਬਚਨ ਕਹੇ ਹਨ :
ਚਿਤ ਚਰਨ ਕਮਲ ਕਾ ਆਸਰਾ, ਚਿਤ ਕਰਨ ਕਮਲ ਸੰਗ ਜੋੜੀਐ ।
ਮਨ ਲੋਚੈ ਬੁਰਿਆਈਆਂ, ਗੁਰ ਸਬਦੀ ਇਹ ਮਨ ਹੋੜੀਐ ।
ਬਾਂਹ ਜਿਨਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨ ਛੋੜੀਐ ।
ਤੇਗ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋੜੀਐ । (ਭੱਟ ਸ਼੍ਰੀ ਚਾਂਦ ਜੀ)
ਇਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੱਚ ਧਰਮ ’ਚ ਦ੍ਰਿੜ੍ਹ ਰਹੇ ਤੇ ਮਜਲੂਮਾਂ ਵਾਸਤੇ ਸ਼ਹੀਦੀ ਦੇ ਦਿੱਤੀ। ‘‘ਪੋਥੀ ਪਰਮੇਸਰ ਕਾ ਥਾਨੁ’’ ਨੂੰ ਗੁਰੂ ਦੀ ਪਦਵੀ ਦੀ ਕਥਾ ਅਗਲੇ ਭਾਗ ’ਚ ਕਰਾਂਗਾ। ਜੋ ਗੁਰ ਪਰਮੇਸ਼ਰ ਕਿਰਪਾ ਕਰਨ ਤਾਂ ਕਿ ਇਹ ਉਹਦੇਸ਼ ਸਾਡੇ ਮਨ, ਜੀਵਨ ਦਾ ਹਿੱਸਾ ਬਣਨ। ਸਾਡਾ ਸਭ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ (ਨੇ) ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਵਾਕ ਅਨੁਸਾਰ ਜੀਵਨ ਸਫਲ ਹੋਵੇ। ਭੁੱਲਾਂ ਦੀ ਖਿਮਾ।