ਸਤਿਗੁਰ ਕੀ ਸੇਵਾ ਸਫਲੁ ਹੈ
ਗਿਆਨੀ ਹਰਭਜਨ ਸਿੰਘ
ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ॥ ਬੰਧਨ ਤੋੜੈ, ਮੁਕਤਿ ਹੋਇ; ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ॥ ਨਾਨਕ ! ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ ॥੧॥ (ਮਹਲਾ ੩/੬੪੪)
ਵਿਚਾਰ ਅਧੀਨ ਪਾਵਨ ਸਲੋਕ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਰਠਿ ਕੀ ਵਾਰ ਦੀ 6ਵੀਂ ਪਉੜੀ ਨਾਲ ਪਹਿਲਾ ਸਲੋਕ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 644 ’ਤੇ ਸੁਭਾਇਮਾਨ ਹੈ। ਗੁਰਮਤਿ ਅਨੁਸਾਰ ਆਤਮਕ ਜੀਵਨ ਰੂਪੀ ਮਹਿਲ ਦੇ ਦੋ ਮਜ਼ਬੂਤ ਥੰਮ (ਸੇਵਾ ਤੇ ਸਿਮਰਨ) ਮੰਨੇ ਹਨ। ਇਨ੍ਹਾਂ ਥੰਮਾਂ ਨੂੰ ਅਡੋਲ ਅਤੇ ਅਡਿੱਗ ਰੱਖਣ ਲਈ ਸੇਵਾ ਅਤੇ ਸਿਮਰਨ ਦੋਨੋ ਅਤਿ ਜ਼ਰੂਰੀ ਹਨ। ਸੇਵਾ ਕਿਸ ਦੀ ਕੀਤੀ ਜਾਏ, ਕਿਵੇਂ ਕੀਤੀ ਜਾਏ, ਕਦੋਂ ਕੀਤੀ ਜਾਏ, ਸਿਮਰਨ ਕਿਸ ਦਾ ਅਤੇ ਕਿਸ ਢੰਗ ਨਾਲ ਕੀਤਾ ਜਾਏ ? ਇਸ ਬਾਰੇ ਗਿਆਨ ਹੋਣਾ ਲਾਜ਼ਮੀ ਹੈ। ਨਹੀਂ ਤਾਂ ਗਿਆਨ ਵਿਹੂਣੀ ਸੇਵਾ ਅਤੇ ਸਿਮਰਨ ਨਾਲ ਕੁਝ ਵੀ ਸੰਵਰਨ ਵਾਲਾ ਨਹੀਂ ਹੈ; ਜੈਸਾ ਕਿ ਫ਼ੁਰਮਾਨ ਹੈ, ‘‘ਮਤਿ ਥੋੜੀ; ਸੇਵ ਗਵਾਈਐ ॥੧੦॥’’ (ਮਹਲਾ ੧/੪੬੮) ਦੂਜੇ ਪਾਸੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਸੱਚ ਨਾਲ ਜੁੜ ਕੇ ਸੰਤੋਖ ਧਾਰਨ ਕਰ ਸੇਵਾ ਕੀਤੀ। ਫ਼ੁਰਮਾਨ ਹੈ, ‘‘ਸੇਵ ਕੀਤੀ ਸੰਤੋਖੀੲਂੀ; ਜਿਨ੍ਹੀ ਸਚੋ ਸਚੁ ਧਿਆਇਆ ॥ ਓਨ੍ਹੀ ਮੰਦੈ ਪੈਰੁ ਨ ਰਖਿਓ; ਕਰਿ ਸੁਕ੍ਰਿਤੁ, ਧਰਮੁ ਕਮਾਇਆ ॥ ਓਨ੍ਹੀ ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥ ਤੂੰ ਬਖਸੀਸੀ ਅਗਲਾ (ਬਹੁਤਾ); ਨਿਤ ਦੇਵਹਿ ਚੜਹਿ ਸਵਾਇਆ ॥ ਵਡਿਆਈ, ਵਡਾ ਪਾਇਆ ॥੭॥’’ (ਆਸਾ ਕੀ ਵਾਰ/ਮਹਲਾ ੧/੪੬੭)
ਭਗਤ ਕਬੀਰ ਜੀ ਨੇ ਆਪਣੇ ਸਲੋਕ ਨੰ: 164 ਵਿੱਚ ਕਿਸ ਦੀ ਸੇਵਾ ਕਰਨੀ ਚਾਹੀਦੀ ਹੈ, ਇਸ ਬਾਰੇ ਸੋਝੀ ਬਖ਼ਸ਼ੀ ਹੈ ਕਿ ਹੇ ਕਬੀਰ ! ਮਾਇਕ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ ਤੇ ਗੁਰੂ; ਉਸ ਪਰਮਾਤਮਾ ਦੇ ਨਾਮ ਸਿਮਰਨ ਵੱਲ ਪ੍ਰੇਰਦਾ ਹੈ। ਸੋ ਇੱਕ ਸੰਤ (ਗੁਰੂ) ਹੈ ਤੇ ਇੱਕ ਪਰਮਾਤਮਾ; ਇਨ੍ਹਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਫ਼ੁਰਮਾਨ ਹੈ, ‘‘ਕਬੀਰ ! ਸੇਵਾ ਕਉ ਦੁਇ ਭਲੇ; ਏਕੁ ਸੰਤੁ, ਇਕੁ ਰਾਮੁ ॥ ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ॥੧੬੪॥’’ (ਭਗਤ ਕਬੀਰ/੧੩੭੩)
ਵਿਚਾਰ ਅਧੀਨ ਸਲੋਕ ਦੀਆਂ ਅਰੰਭਕ ਪੰਕਤੀਆਂ ਵਿੱਚ ਵੀ ਗੁਰੂ ਅਮਰਦਾਸ ਸਾਹਿਬ ਜੀ ਫ਼ੁਰਮਾ ਰਹੇ ਹਨ, ‘‘ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ॥’’ ਭਾਵ ਜੇ ਕੋਈ ਮਨੁੱਖ ਚਿਤ ਲਗਾ ਕੇ ਸਤਿਗੁਰੂ ਦੀ ਸੇਵਾ ਕਰੇ ਤਾਂ ਸਤਿਗੁਰੂ ਦੀ ਕੀਤੀ ਸੇਵਾ ਜ਼ਰੂਰ ਫਲ ਲਾਉਂਦੀ ਹੈ, ਮਨ ਇੱਛਤ ਫਲ਼ ਮਿਲਦਾ ਹੈ। ਮਨ ਵਿੱਚੋਂ ਅਹੰਕਾਰ ਦੂਰ ਹੁੰਦਾ ਹੈ। ਚਿੱਤ ਲਾ ਕੇ ਕੀਤੀ ਹੋਈ ਸੇਵਾ ਵਿੱਚੋਂ ਸੁਆਰਥ ਦੀ ਬਦਬੂ ਨਹੀਂ ਸਗੋਂ ਨਿਰਸੁਆਰਥ ਦੀ ਸੁਗੰਦ ਆਉਂਦੀ ਹੈ। ਅੱਜ ਕੱਲ੍ਹ ਤਾਂ ਆਪਣੇ ਇਸ਼ਟ ਦੀ ਸੇਵਾ ਨੂੰ ਆਮ ਲੋਕਾਂ ਨੇ ਵਪਾਰ ਜਾਂ ਸੌਦੇਬਾਜ਼ੀ ਬਣਾਇਆ ਹੋਇਆ ਹੈ। ਪਹਿਲਾਂ ਸੁੱਖਣਾ ਸੁੱਖਣਗੇ ਕਿ ਜੇ ਸਾਡਾ ਕੰਮ ਸਿਰੇ ਚੜ੍ਹ ਗਿਆ ਤਾਂ ਫਲਾਣੀ ਸੇਵਾ ਕਰਾਂਗੇ, ਨਹੀਂ ਤਾਂ ਕੁਝ ਵੀ ਨਹੀਂ ਜਦ ਕਿ ਗੁਰੂ ਸਾਹਿਬ ਜੀ ਕਹਿ ਰਹੇ ਹਨ, ‘‘ਆਪੁ ਗਵਾਇ ਸੇਵਾ ਕਰੇ; ਤਾ ਕਿਛੁ ਪਾਏ ਮਾਨੁ ॥ ਨਾਨਕ ! ਜਿਸ ਨੋ ਲਗਾ, ਤਿਸੁ ਮਿਲੈ; ਲਗਾ ਸੋ ਪਰਵਾਨੁ ॥੧॥’’ (ਆਸਾ ਕੀ ਵਾਰ/ਮਹਲਾ ੨/੪੭੪) ਜਾਂ ‘‘ਗੁਰ ਕੈ ਗ੍ਰਿਹਿ (ਵਿਖੇ); ਸੇਵਕੁ ਜੋ ਰਹੈ ॥ ਗੁਰ ਕੀ ਆਗਿਆ; ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ; ਰਿਦੈ ਸਦ ਧਿਆਵੈ ॥ ਮਨੁ ਬੇਚੈ; ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ; ਹੋਇ ਨਿਹਕਾਮੀ ॥ ਤਿਸ ਕਉ ਹੋਤ; ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ; ਜਿਸੁ ਆਪਿ ਕਰੇਇ ॥ ਨਾਨਕ ! ਸੋ ਸੇਵਕੁ (ਹੀ); ਗੁਰ ਕੀ ਮਤਿ ਲੇਇ ॥੨॥’’ (ਸੁਖਮਨੀ/ਮਹਲਾ ੫/੨੮੭)
ਨਿਰਸੁਆਥ ਸੇਵਾ ਕਰਨ ਵਾਲੇ ਨੂੰ ਹੀ ਸੇਵਕ ਆਖਿਆ ਜਾਂਦਾ ਹੈ। ਐਸੇ ਸੇਵਕ ਦਾ ਜ਼ਿਕਰ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਹਨ, ‘‘ਨਾਨਕ ! ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ ॥ ਸਤਿਗੁਰ ਕਾ ਭਾਣਾ ਮੰਨਿ ਲਏ; ਸਬਦੁ ਰਖੈ ਉਰ ਧਾਰਿ ॥੧॥’’ (ਮਹਲਾ ੩/੧੨੪੭)
ਮਨ ਇੱਛਤ ਫਲ਼ ਇਹ ਹੈ ਕਿ ਸੇਵਾ ਕਰਦਿਆਂ-ਕਰਦਿਆਂ ਹਉਮੈ ਨਾਸ ਹੋ ਜਾਏ। ਵਿਚਾਰ ਅਧੀਨ ਸਲੋਕ ਦੀਆਂ ਅਗਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਸਮਝਾਉਂਦੇ ਹਨ, ‘‘ਬੰਧਨ ਤੋੜੈ, ਮੁਕਤਿ ਹੋਇ; ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ॥’’ (ਮਹਲਾ ੩/੬੪੪) ਭਾਵ ਚਿੱਤ ਲਾ ਕੇ ਕੀਤੀ ਹੋਈ ਸੇਵਾ ਬੰਧਨਾਂ ਨੂੰ ਤੋੜਦੀ ਹੈ, ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਸੱਚੇ ਹਰੀ ਦੇ ਵਿੱਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ, ਜੋ ਗੁਰੂ ਦੁਆਰਾ ਮਨੁੱਖ ਦੇ ਮਨ ’ਚ ਵੱਸਦਾ ਹੈ। ਸੰਸਾਰ ਵਿੱਚ ਜਿੰਨੇ ਭੀ ਬੰਧਨ ਹਨ, ਉਨ੍ਹਾਂ ਸਭ ਨੂੰ ਤੋੜਨ ਦੀ ਸਮਰੱਥਾ ਕੇਵਲ ਤੇ ਕੇਵਲ ਗੁਰੂ ਸਾਹਿਬ ਪਾਸ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ, ‘‘ਸਤਿਗੁਰੁ, ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ; ਦੁਰਮਤਿ ਮਲੁ ਹਿਰੈ ॥ ਗੁਰ ਬਚਨੀ; ਹਰਿ ਨਾਮੁ ਉਚਰੈ ॥ ਸਤਿਗੁਰੁ; ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ; ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ; ਵਡਭਾਗੀ ਹੇ ॥ ਸਤਿਗੁਰੁ; ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ! ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥’’ (ਸੁਖਮਨੀ/ਮਹਲਾ ੫/੨੮੬)
ਗੁਰੂ ਜੀ ਰਾਹੀਂ ਨਾਮ ਪ੍ਰਾਪਤ ਹੋਣ ਨਾਲ਼ ਅਹ ਅਲੱਭ ਨਾਮ ਮਿਲ ਜਾਂਦਾ ਹੈ ਤੇ ਬੰਧਨਾਂ ਤੋਂ ਮੁਕਤ ਹੋ ਜਾਈਦਾ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ, ‘‘ਇਹੁ ਭੋਜਨੁ ਅਲਭੁ ਹੈ ਸੰਤਹੁ ! ਲਭੈ ਗੁਰ ਵੀਚਾਰਿ ॥’’ (ਮਹਲਾ ੩/੬੪੫)
ਭਾਈ ਨੰਦ ਲਾਲ ਜੀ ਆਪਣੀ ਰਚਨਾ (ਜ਼ਿੰਦਗੀਨਾਮਾ) ਵਿੱਚ ਸੱਚੇ ਗੁਰੂ ਦੀ ਉਪਮਾ ਕਰਦੇ ਹੋਏ ਸਮਝਾ ਰਹੇ ਹਨ ਕਿ ਮਹਾਨ ਹਨ ਉਹ ਸੱਚੇ ਗੁਰੂ ਪਾਤਿਸ਼ਾਹ, ਜਿਸ ਨੇ ਮਨ ਅੰਦਰ ਹਰੀ ਦੀ ਪ੍ਰੀਤ ਬਖ਼ਸੀ। ਧੰਨਤਾਯੋਗ ਹਨ ਉਹ ਸਤਿਗੁਰੂ ਜੀ, ਜਿਸ ਨੇ ਮਨ ਦੇ ਸਾਰੇ ਬੰਧਨ ਕੱਟੇ ਦਿੱਤੇ, ‘‘ਐ ਜ਼ਹੇ ਮੁਰਸ਼ਦ ਕਿ ਦਿਲ ਰਾ ਸ਼ੌਕ ਦਾਦ। ਐ ਜ਼ਹੇ ਮੁਰਸ਼ਦ ਕਿ ਬੰਦਿ ਦਿਲ ਕੁਸ਼ਾਦ।੪੩੨।’’
ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ‘‘ਸਤਿਗੁਰੁ ਬੰਦੀਛੋੜੁ ਹੈ; ਜੀਵਣ ਮੁਕਤਿ ਕਰੈ ਓਡੀਣਾ। ਗੁਰਮੁਖਿ ਮਨ ਅਪਤੀਜੁ ਪਤੀਣਾ ॥੨੦॥’’ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੦)
ਬੇਸ਼ੱਕ ਸਤਿਗੁਰੂ ਜੀ ਨੇ ਜਗਿਆਸੂ ਦੇ ਬੰਧਨ ਤੋੜ ਕੇ ਉਸ ਨੂੰ ਸੇਵਾ ਦਾ ਫਲ਼ ਆਪ ਬਖ਼ਸ਼ਿਆ ਹੈ, ਪਰ ਫਿਰ ਵੀ ਗੁਰੂ ਜੀ ਐਸੇ ਗੁਰਮੁਖਾਂ ਪ੍ਰਤੀ ਨਿਮਰਤਾ ਭਾਵ ਵਿਅਕਤ ਕਰ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਨ; ਜਿਵੇਂ ਕਿ ਵਿਚਾਰ ਅਧੀਨ ਸਲ਼ੋਕ ਦੇ ਅਖੀਰਲੇ ਪਦੇ ’ਚ ਦਰਜ ਹੈ, ‘‘ਨਾਨਕ ! ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ ॥੧॥’’ ਭਾਵ ਗੁਰੂ ਜੀ ਕਹਿੰਦੇ ਹਨ ਕਿ ਮੈਂ ਸਦਕੇ ਹਾਂ ਉਨ੍ਹਾਂ ਤੋਂ, ਜੋ ਆਪਣੇ ਸਤਿਗੁਰ ਦੀ ਦੱਸੀ ਕਾਰ ਕਰਦੇ ਹਨ। ਗੁਰੂ ਸਾਹਿਬ ਜੀ ਦੇ ਹੀ ਇੱਕ ਹੋਰ ਸ਼ਬਦ ’ਚ ਬਚਨ ਹਨ ਕਿ ‘‘ਸਤਿਗੁਰੂ ਫੁਰਮਾਇਆ; ਕਾਰੀ ਏਹ ਕਰੇਹੁ ॥ ਗੁਰੂ ਦੁਆਰੈ ਹੋਇ ਕੈ; ਸਾਹਿਬੁ ਸੰਮਾਲੇਹੁ ॥ ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ਕਟਿ ਕੈ; ਅੰਤਰਿ ਜੋਤਿ ਧਰੇਹੁ ॥ ਹਰਿ ਕਾ ਨਾਮੁ ਅੰਮ੍ਰਿਤੁ ਹੈ; ਦਾਰੂ ਏਹੁ ਲਾਏਹੁ ॥ ਸਤਿਗੁਰ ਕਾ ਭਾਣਾ ਚਿਤਿ (’ਚ) ਰਖਹੁ; ਸੰਜਮੁ ਸਚਾ ਨੇਹੁ ॥ ਨਾਨਕ ! ਐਥੈ ਸੁਖੈ ਅੰਦਰਿ ਰਖਸੀ; ਅਗੈ ਹਰਿ ਸਿਉ ਕੇਲ ਕਰੇਹੁ ॥੨॥’’ (ਮਹਲਾ ੩/੫੫੪)