ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣੇ ਦਸਤਾਰ ਉਤਾਰੂ ਦੁਰਵਿਹਾਰ ਪ੍ਰਤੀ ਖ਼ਾਲਸਾ ਪੰਥ ਪਾਸੋਂ ਖ਼ਿਮਾ ਮੰਗਣੀ ਚਾਹੀਦੀ ਹੈ : ਗਿਆਨੀ ਜਾਚਕ
ਲੁਧਿਆਣਾ 24 ਦਸੰਬਰ ( ਮਨਦੀਪ ਸਿੰਘ) ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ਵਿੱਚ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ ਨਾਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਭਰੇ ਦੀਵਾਨ ਵਿੱਚ ਇੱਕ ਪੰਥ ਦਰਦੀ ਸੱਜਣ ਭਾਈ ਰਣਜੀਤ ਸਿੰਘ ਸੰਤੋਖਗੜ੍ਹ ਨਾਲ ਕੀਤੇ ਆਪਣੇ ਜਾਂਗਲੀ ਕਿਸਮ ਦੇ ਦਸਤਾਰ ਉਤਾਰੂ ਦੁਰਵਿਹਾਰ ਪ੍ਰਤੀ ਖ਼ਾਲਸਾ ਪੰਥ ਪਾਸੋਂ ਖ਼ਿਮਾ ਜਾਚਨਾ ਮੰਗਣੀ ਚਾਹੀਦੀ ਹੈ ਕਿਉਂਕਿ, ਇਨ੍ਹਾਂ ਦੀ ਇਸ ਕਰਤੂਤ ਨਾਲ ਸਿੱਖੀ ਜਜ਼ਬਾ ਰੱਖਣ ਵਾਲਾ ਹਰੇਕ ਗੁਰਸਿੱਖ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ । ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਸਿੱਖੀ ‘ਸਹਜ ਘਰਿ’ ਵਿੱਚ ਧਰਤੀ ਵਰਗੀ ਸਹਿਨਸ਼ੀਲਤਾ ਸਹਿਤ ਜੀਊਣ ਦਾ ਨਾਂ ਹੈ। ਇਹ ਲਫ਼ਜ਼ ਹਨ ‘ਪੰਥਕ ਵੀਚਾਰ ਮੰਚ ਇੰਟਰਨੈਸ਼ਨਲ (ਨਿਊਯਾਰਕ)’ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਅੱਜ ਮੰਚ ਦੀ ਪਲੇਠੀ ਵੀਡੀਓ ਕਾਨਫਰੰਸ ਉਪਰੰਤ ਇੱਕ ਲਿਖਤੀ ਪ੍ਰੈਸਨੋਟ ਰਾਹੀਂ ਕਹੇ।
ਉਨ੍ਹਾਂ ਆਖਿਆ ਕਿ ਕੰਵਰ ਸੰਧੂ ਦੀ ਪੱਤਰਕਾਰੀ ਨਾਲ ਕਿਸੇ ਦੇ ਮੱਤਭੇਦ ਹੋ ਸਕਦੇ ਹਨ ਕਿਉਂਕਿ, ਪੱਤਰਕਾਰੀ ਦੇ ਖੇਤਰ ਵਿੱਚ ਅਜਿਹਾ ਹੋਣਾ ਸੁਭਾਵਿਕ ਹੈ ਪਰ ਜਿਸ ਢੰਗ ਤੇ ਦਲੇਰੀ ਨਾਲ ਉਸ ਨੇ ਪਿੰਕੀ ਕੈਟ ਰਾਹੀਂ ਗੁਰਸਿੱਖ ਨੌਜਵਾਨਾਂ ਨੂੰ ਪੰਜਾਬ ਪੁਲੀਸ ਦੁਆਰਾ ਝੂਠੇ ਮੁਕਾਬਲੇ ਬਣਾ ਕੇ ਮਾਰਨ ਅਤੇ ਉਨ੍ਹਾਂ ਨਾਲ ਹੋਏ ਅਣਮਨੁੱਖੀ ਵਿਹਾਰ ਦੇ ਸੱਚ ਦਾ ਦੁਨੀਆਂ ਦੀ ਕਚਿਹਰੀ ਵਿੱਚ ਭਾਂਡਾ ਭੰਨਿਆ ਹੈ, ਉਸ ਲਈ ਤਾਂ ਉਹ ਪੰਥਕ ਸ਼ਾਬਾਸ਼ ਦਾ ਪਾਤਰ ਮੰਨਿਆ ਜਾ ਰਿਹਾ ਹੈ। ਇਸ ਲਈ ਜੇਕਰ ਉਹ ਆਪਣੇ ਪਤੱਰਕਾਰੀ ਫਰਜ਼ ਦੀ ਪੂਰਤੀ ਲਈ ਭਾਈ ਰਾਜੋਆਣਾ ਦਾ ਪੱਖ ਸੁਣਨ ਲਈ ਯਤਨ ਕਰਕੇ ਜੇਲ੍ਹ ਪਹੁੰਚਾ ਸੀ ਤਾਂ ਉਸ ਨਾਲ ਸਭਿਅਕ ਵਿਹਾਰ ਕਰਨਾ ਹੀ ਸ਼ੋਭਦਾ ਸੀ ਕਿਉਂਕਿ, ਗੁਰਬਾਣੀ ਸਾਨੂੰ ‘ਰੋਸ ਨ ਕੀਜੈ ਉਤਰ ਦੀਜੈ’ ਦਾ ਸਬਕ ਸਿਖਾਉਂਦੀ ਹੈ ।
ਵਿਚਾਰਨ ਦੀ ਲੋੜ ਹੈ ਕਿ ਖ਼ਾਲਸਾ ਪੰਥ ਦੀਆਂ ਬਖਸ਼ਸ਼ਾਂ ਤੇ ਸਨਮਾਨ ਦੇ ਪਾਤਰ ਬਣੇ ਭਾਈ ਰਾਜੋਆਣਾ ਅਤੇ ਪੰਥਕ ਆਗੂ ਅਖਵਾਉਂਦੇ ਪ੍ਰੋ. ਚੰਦੂ ਮਾਜਰਾ ਵਰਗੇ ਲੋਕ ਹੀ ਖ਼ਾਲਸੇ ਦੀ ਪਾਤਸ਼ਾਹੀ ਸ਼ਾਨ ਦੇ ਪ੍ਰਤੀਕ ਦਸਤਾਰ ਨੂੰ ਪੈਰਾਂ ਵਿੱਚ ਰੋਲਣ ਲੱਗ ਪੈਣ ਤਾਂ ਸਧਾਰਨ ਸਿੱਖ ਅਤੇ ਪੰਥਕ ਘੇਰੇ ਤੋਂ ਬਾਹਰ ਵਿਚਰਦੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਬਾਦਲਕਿਆਂ ਦੀ ਧੱਕੇਸ਼ਾਹੀ ਵਿਰੁਧ ਵਿਦੇਸ਼ੀ ਸਿੱਖ ਬਹੁਤ ਚਿੰਤਤ ਹਨ। ਤਖ਼ਤ ਸਾਹਿਬਾਨਾਂ ਦੇ ਵਰਤਮਾਨ ਜਥੇਦਾਰਾਂ ਨੂੰ ਆਪਣੇ ਆਪ ਨੋਟਿਸ ਲੈ ਕੇ ਪੰਥਕ ਵਿਧਾਨ ਦੇ ਅੰਤਰਗਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ, ਇੱਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਜਿੰਦਾ ਸ਼ਹੀਦ’ ਦਾ ਖ਼ਿਤਾਬ ਬਖ਼ਸ਼ਿਸ਼ ਕੀਤਾ ਜਾ ਚੁੱਕਾ ਹੈ ਅਤੇ ਦੂਜਾ, ਉਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਮੁੱਖ ਅਹੁਦੇਦਾਰ ਹੈ, ਜਿਸ ਦੇ ਸਰਪ੍ਰਸਤ ਮੁਖੀ ਨੂੰ ‘ਪੰਥ ਰਤਨ’ ਦਾ ਸਨਮਾਨ ਵੀ ਦਿੱਤਾ ਗਿਆ ਹੈ ।
ਅੱਜ ਦੀ ਵੀਡੀਓ ਕਾਨਫਰੰਸ ਵਿੱਚ ਮੰਚ ’ਤੇ ਜਨਰਲ ਸਕੱਤਰ ਗਿਆਨੀ ਜਸਬੀਰ ਸਿੰਘ ਵੈਨਕੂਵਰ ਤੋਂ ਇਲਾਵਾ ਨਿਊਯਾਰਕ ਤੋਂ ਸ੍ਰ. ਮਨਜੀਤ ਸਿੰਘ ਐਡਵੋਕੇਟ, ਮੈਲਬੌਰਨ ਤੋਂ ਅੰਤਰਾਸ਼ਟਰੀ ਰਾਜਨੀਤੀ ਚਿੰਤਕ ਸ੍ਰ. ਅਰਵਿੰਦਰ ਸਿੰਘ, ਲੰਡਨ ਤੋਂ ਗਿਆਨੀ ਗੁਰਮੀਤ ਸਿੰਘ ਗੌਰਵ ਅਤੇ ਇੰਡੀਆ, ਨਿਊਜ਼ੀਲੈਂਡ, ਜਰਮਨ, ਫਰਾਂਸ, ਸਿੰਘਾਪੁਰ ਤੇ ਮਲੇਸ਼ੀਆ ਦੇ ਬਹੁਤ ਸਾਰੇ ਵਿਦਵਾਨ ਤੇ ਪੰਥ-ਦਰਦੀ ਸੱਜਣਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਥੇਦਾਰ ਗਿਆਾਨੀ ਕੇਵਲ ਸਿੰਘ ਜੀ ਦੀ ਅਗਵਾਈ ਹੇਠਲੇ ‘ਪੰਥਕ ਤਾਲ-ਮੇਲ ਸਗੰਠਨ’ ਦੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਮੰਚ ਵੱਲੋਂ ਸਗੰਠਨ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਦਾ ਫੈਸਲਾ ਵੀ ਲਿਆ ਗਿਆ।
ਜਾਰੀ ਕਰਤਾ : ਮਨਦੀਪ ਸਿੰਘ ਲੁਧਿਆਣਾ, ਮੀਡੀਆ ਇੰਚਾਰਜ, ਸੰਪਰਕ- 98722 81325