ਤੀਜਾ ਘੱਲੂਘਾਰਾ

0
128

ਤੀਜਾ ਘੱਲੂਘਾਰਾ

ਗਿਆਨੀ ਅਮਰੀਕ ਸਿੰਘ ਜੀ

1984 ਦਾ ਘੱਲੂਘਾਰਾ ਵੀ ਸਿੱਖਾਂ ਦੀ ਮਾਨਸਿਕਤਾ ਦਾ ਇਕ ਦੁੱਖਾਂ ਭਰਿਆ ਅਧਿਆਇ ਹੈ। ਇਸ ਦੇ ਬਹੁਤ ਦੁੱਖ ਦੇਣ ਦੇ ਕਈ ਕਾਰਨ ਹਨ; ਜਿਵੇਂ ਕਿ ਪਹਿਲੇ ਘੱਲੂਘਾਰਿਆਂ ਦਾ ਬਿਗਾਨਿਆਂ ਵੱਲੋਂ ਚਾਹਿਆ ਹੋਇਆ ਕਹਿਰ ਸੀ। ਦੁੱਖ ਤਾਂ ਦੁੱਖ ਹੀ ਹੁੰਦਾ ਹੈ ਪਰ ਜਦੋਂ ਦੱੁਖ ਦੇਣ ਵਾਲਾ ਬਿਗਾਨਾ ਹੋਵੇ ਤਾਂ ਉਸ ਦਾ ਦਰਦ ਘੱਟ ਜਾਂਦਾ ਹੈ, ਪਰ ਇਹ ਘੱਲੂਘਾਰਾ ਆਪਣਿਆਂ ਨੇ ਵਰਤਾਇਆ ਸੀ। ਦੂਜੀ ਗੱਲ ਜਿਨ੍ਹਾਂ ਲਈ ਦੇਸ਼ ਦੀ ਅਜ਼ਾਦੀ ਮੌਕੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਜਿਨ੍ਹਾਂ ਦੇ ਤਿਲਕ ਜੰਝੂ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਸ਼ਹਾਦਤ ਦਿੱਤੀ। ਜਿਨ੍ਹਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਦੇ ਸਿੱਖ ਰਾਖੇ ਬਣਦੇ ਰਹੇ। ਜਿਨ੍ਹਾਂ ਖਾਤਰ ਅਥਾਹ ਖ਼ੂਨ ਡੋਲਿਆ, ਉਨ੍ਹਾਂ ਨੇ ਸਾਡੇ ਹੀ ਖ਼ੂਨ ਅੰਦਰ ਸਾਨੂੰ ਡੋਬਣ ਦੀ ਕੋਸ਼ਿਸ਼ ਕੀਤੀ। ਜਿਸ ਹਾਕਮ ਨੂੰ ਸਾਡੀ ਹਿਫਾਜ਼ਤ ਕਰਨੀ ਚਾਹੀਦੀ ਸੀ, ਉਸ ਨੇ ਸਗੋਂ ਇਹ ਕਿਹਾ ਕਿ ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਮਨੋਰੰਜਨ ਕਰਵਾਉਣ ਵਾਲੇ ਐਕਟਰਾਂ ਨੇ ਸਿੱਖਾਂ ਦਾ ਇਹ ਮਨੋਰੰਜਨ ਕਰਵਾਇਆ ਸੀ ਕਿ ਖ਼ੂਨ ਦੇ ਛਿੱਟੇ ਕਾਤਲਾਂ ਦੇ ਘਰ ਤੱਕ ਜਾਣੇ ਚਾਹੀਦੇ ਹਨ (ਨਵੰਬਰ 1984 ਦੇ ਕਤਲੇਆਮ ਵਿੱਚ ਇੰਦਰਾ ਗਾਂਧੀ ਦੇ ਕਤਲ ਵੇਲੇ ਅਮਿਤਾਬ ਬਚਨ ਦਾ ਬਿਆਨ ਸੀ) ਜਿਨ੍ਹਾਂ ਦੇ ਨਾਂ ਸੱਜਣਾਂ ਵਰਗੇ ਸਨ, ਉਨ੍ਹਾਂ ਨੇ ਸੁਆਲੀਆ ਚਿੰਨ੍ਹ ਲਾ ਦਿੱਤਾ ਕਿ ਜੇਕਰ ਤੁਹਾਡੇ ਵਰਗੇ ਸੱਜਣ ਹੁੰਦੇ ਹਨ ਤਾਂ ਵੈਰੀ ਦੀ ਕਿਹੜੀ ਤਸਵੀਰ ਦਿਖਾਓਂਗੇ ? ਸਭ ਤੋਂ ਵੱਡਾ ਦੁੱਖ ਆਪਾ ਵਾਰ ਕੇ ਹੱਕ ਲੈ ਕੇ ਦੇਣ ਵਾਲਿਆਂ ਨਾਲ, ਹੱਕਾਂ ਨੂੰ ਬਰਾਬਰ ਦਾ ਵਾਧਾ ਰੱਖਣ ਦੇ ਵਾਅਦੇ ਕਰਕੇ ਜਦੋਂ ਉਨ੍ਹਾਂ ਨੇ ਆਪਣਾ ਹੱਕ ਮੰਗਿਆ ਤਾਂ ਅੱਤਵਾਦੀ ਕਹਿ ਕੇ ਉਨ੍ਹਾਂ ’ਤੇ ਅਜਿਹਾ ਕਹਿਰ ਕੀਤਾ, ਜਿਸ ਨੇ ਸਪੱਸ਼ਟ ਕਰ ਦਿੱਤਾ ਕਿ ਬਿਗਾਨੇ ਹਮੇਸ਼ਾਂ ਬਿਗਾਨੇ ਹੀ ਹੁੰਦੇ ਹਨ।

ਇਸ ਘੱਲੂਘਾਰੇ ਦਾ ਪਿਛੋਕੜ ਹੈ ਕਿ 1947 ਦੀ ਵੰਡ ਵੇਲੇ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੇਖ ਕੇ ਕਿਹਾ ਸੀ ਕਿ ਤੁਹਾਨੂੰ ਆਜ਼ਾਦੀ ਦੇ ਨਿੱਘ ਮਾਣਨ ਲਈ ਪੂਰਾ ਪੂਰਾ ਹੱਕ ਦਿਆਂਗੇ ਪਰ ਜਦੋਂ ਉਹ ਹੱਕ ਲੈਣ ਦਾ ਵਕਤ ਆਇਆ ਤਾਂ ਹੱਕ ਦੇਣਾ ਤਾਂ ਇਕ ਪਾਸੇ, ਸਿਰਫ ਯਾਦ ਕਰਵਾਉਣ ਨਾਲ ਹੀ ਗਦਾਰੀ ਦਾ ਫਤਵਾ ਦਿਵਾ ਦਿੱਤਾ। ਇੱਥੋਂ ਪਈ ਤਰੇੜ ’ਤੇ ਹਾਕਮਾਂ ਦੀ ਬਦਨੀਤੀ ਨੇ ਹੋਰ ਵਾਧਾ ਕਰਕੇ ਲੰਮਾ ਪਾੜਾ ਪਾ ਦਿੱਤਾ। ਸਾਰੇ ਦੇਸ਼ ਅੰਦਰ ਭਾਸ਼ਾ ਦੇ ਆਧਾਰ ’ਤੇ ਸੂਬਿਆਂ ਦੀ ਵੰਡ ਹੋਈ, ਪਰ ਜਦੋਂ ਪੰਜਾਬ ਨੂੰ ਪੰਜਾਬੀ ਦੇ ਆਧਾਰ ’ਤੇ ਵੰਡਣ ਦਾ ਮਸਲਾ ਆਇਆ ਤਾਂ ਰਾਜਨੀਤਕ ਬੇਈਮਾਨੀ ਦੀ ਮਿਸਾਲ ਨਾਹ ਕਰਕੇ ਕਾਇਮ ਕੀਤੀ। ਸੰਘਰਸ਼ ਚੱਲਿਆ, ਸਿਰਫ ਲਾਰੇ ਹੀ ਪੱਲੇ ਪਏ। ਦੇਸ਼ ਦੀ ਖਾਤਰ ਆਪਾ ਵਾਰਨ ਵਾਲਿਆਂ ਨੂੰ ਹੀ ਦੇਸ਼ ਧ੍ਰੋਹੀ ਪ੍ਰਗਟ ਕਰਨ ਲੱਗ ਪਏ। ਅਖ਼ਬਾਰਾਂ, ਕੁਰਬਾਨੀ ਦੀਆਂ ਗਾਥਾਵਾਂ ਸੁਣਾਉਣ ਦੀ ਥਾਂ ਸਿੱਖਾਂ ਨੂੰ ਅਖੰਡਤਾ ਦੇ ਵਿਰੋਧੀ ਪ੍ਰਗਟ ਕਰਨ ਲੱਗ ਪਈਆਂ। ਇਕ ਚੰਦਰੀ ਬਿਮਾਰੀ ਜਿਹੜੀ ਗਦਾਰੀ ਕਰਨ ਦੀ ਅੱਜ ਤੱਕ ਸਿੱਖਾਂ ਦਾ ਲਹੂ ਪੀ ਰਹੀ ਹੈ ਇਸ ਨੇ ਉਦੋਂ ਵੀ ਸਿੱਖਾਂ ਅੰਦਰ ਫੁੱਟ ਪਾ ਕੇ ਮੰਜ਼ਿਲਾਂ ਦੇ ਰਾਹੀਆਂ ਨੂੰ ਰਾਹਾਂ ਵਿੱਚ ਹੀ ਰੋਲ ਦਿੱਤਾ ਸੀ।

ਨਿਰੰਕਾਰੀ ਲਹਿਰ ਦੇ ਮੁਖੀਆਂ ਨੇ ਅਰੰਭਕ ਕਦਮ ਚੰਗੇ ਸੁਧਾਰ ਵਾਲੇ ਪੁੱਟੇ ਸਨ, ਜਿਸ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਗਿਆ ਪਰ ਚੰਦ ਕਦਮਾਂ ਦੀ ਦੂਰੀ ਹੀ ਤਹਿ ਕੀਤੀ ਸੀ ਕਿ ਇਨ੍ਹਾਂ ਵਿੱਚੋਂ ਇਕ ਧੜਾ ਸਿੱਖੀ ਦਾ ਵਿਰੋਧੀ ਬਣ ਗਿਆ। ਇਨ੍ਹਾਂ ਨੇ ਸਿੱਖਾਂ ਦੇ ਹੀ ਖਿਲਾਫ਼ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਜਿਸ ਕਰਕੇ ਧਾਰਮਿਕ ਸੇਵਾ ਕਰਨ ਵਾਲੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਨੂੰ ਵਕਤੀ ਹਾਲਾਤਾਂ ਨੇ ਮਜਬੂਰ ਕੀਤਾ ਕਿ ਜਿਹੜੇ ਲੋਕ ਅਜਿਹੀ ਵੀਚਾਰ ਰੱਖਦੇ ਹਨ ਤਾਂ ਉਨ੍ਹਾਂ ਨਾਲ ਪਹਿਲਾਂ ਵੀਚਾਰ ਕੀਤੀ ਜਾਵੇ। ਸੰਨ 1978 ਨੂੰ ਨਿਰੰਕਾਰੀ ਦਰਬਾਰ ਅੰਮ੍ਰਿਤਸਰ ਹੀ ਲੱਗਣਾ ਸੀ। ਉਨ੍ਹਾਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬੋਲੇ ਨਿਰਾਦਰ ਭਰੇ ਸ਼ਬਦਾਂ ਦੀ ਵਰਤੋਂ ਨੂੰ ਰੋਕਣ ਲਈ ਅਖੰਡ ਕੀਰਤਨੀ ਜਥੇ ਅਤੇ ਟਕਸਾਲ ਦੇ ਕੁਝ ਸਿੰਘ ਸਮਝਾਉਣ ਲਈ ਸ਼ਾਂਤਮਈ ਢੰਗ ਨਾਲ ਉਨ੍ਹਾਂ ਕੋਲ਼ ਗਏ। ਹਾਕਮਾਂ ਦੇ ਪਿੱਠ ਠੋਕਣ ਦੇ ਕਾਰਨ ਅਤੇ ਉਸ ਵਕਤ ਪੰਜਾਬ ਵਿੱਚ ਵੀ ਅਕਾਲੀ ਸਰਕਾਰ ਦੀ ਗਦਾਰੀ ਕਾਰਨ ਉਨ੍ਹਾਂ ਨੇ ਬੇਦਰਦੀ ਨਾਲ 18 ਸਿੰਘ ਸ਼ਹੀਦ ਕਰ ਦਿੱਤੇ। ਇਹ ਅਜਿਹੀ ਅੱਗ ਸੀ ਜਿਸ ਨੇ ਪੰਜਾਬ ਦੀ ਜਾਂ ਸਿੱਖਾਂ ਦੀ ਮਾਨਸਿਕਤਾ ਅੰਦਰ ਅੱਗ ਬਾਲ ਦਿੱਤੀ। ਸੰਨ 1981 ਅੰਦਰ ਕਈ ਤਰ੍ਹਾਂ ਦੇ ਕਤਲ ਹੋਣੇ ਸ਼ੁਰੂ ਹੋ ਗਏ ਇਨ੍ਹਾਂ ਵਿੱਚ ਕਾਰਨ ਭਾਵੇਂ ਹੋਰ ਵੀ ਹੋਣ ਪਰ ਹਰ ਵਾਰੀ ਨਾਮ ਸਿੱਖਾਂ ਦਾ ਹੀ ਵਰਤਿਆ ਜਾਂਦਾ ਰਿਹਾ।

6 ਅਪ੍ਰੈਲ ਸੰਨ 1982 ਨੂੰ ਜ਼ਿਲ੍ਹਾ ਪਟਿਆਲਾ ਅੰਦਰ ਪੈਂਦੇ ਕਪੂਰੀ ਨਗਰ ਤੋਂ ਪ੍ਰਧਾਨ ਮੰਤਰੀ ਨੇ ਨਹਿਰ ਕੱਢ ਕੇ ਪੰਜਾਬ ਦਾ ਪਾਣੀ ਬਾਹਰੀ ਸੂਬਿਆਂ ਨੂੰ ਦੇਣ ਲਈ ਨਹਿਰ ਪੁੱਟਣ ਦਾ ਉਦਘਾਟਨ ਕੀਤਾ। ਪੰਜਾਬ ਦੇ ਪਾਣੀ ਦਾ ਮਸਲਾ ਭਾਵੇਂ ਪੰਜਾਬ ਅੰਦਰ ਵੱਸਦੇ ਹਰ ਤਬਕੇ ਲਈ ਸਾਂਝਾ ਹੀ ਦੁੱਖ ਸੀ ਪਰ ਇਸ ਲਈ ਵੀ ਮੋਰਚਾ ਸਿੱਖਾਂ ਨੇ ਹੀ ਲਾਇਆ। ਸੰਨ 1982 ਨੂੰ ਹੀ ਇਹ ਮੋਰਚਾ ਧਰਮ ਯੁੱਧ ਦਾ ਨਾਂ ਰੱਖ ਕੇ ਕਪੂਰੀ ਤੋਂ ਬਦਲ ਕੇ ਅੰਮ੍ਰਿਤਸਰ ਲਿਆਂਦਾ ਗਿਆ। ਹਾਲਾਤ ਹੋਰ ਵਿਗੜੇ ਜਿਸ ਕਰਕੇ 6 ਅਕਤੂਬਰ 1983 ਨੂੰ ਪੰਜਾਬ ਰਾਸ਼ਟਰਪਤੀ ਰਾਜ ਦੇ ਹਵਾਲੇ ਕਰ ਦਿੱਤਾ। ਬਾਬਾ ਜਰਨੈਲ ਸਿੰਘ ਦੀ ਨਿਧੜਕ ਅਗਵਾਈ ਹੋਣ ਕਰਕੇ ਉਨ੍ਹਾਂ ਨੇ ਵੀ ਆਪਣਾ ਨਿਵਾਸ ਪਹਿਲਾਂ ਗੁਰੂ ਨਾਨਕ ਨਿਵਾਸ ਅਤੇ ਮਗਰੋਂ ਸ੍ਰੀ ਅਕਾਲ ਤਖ਼ਤ ’ਤੇ ਲਿਆਂਦਾ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੁਝ ਕੁ ਸਾਡੀਆਂ ਵੀ ਕਮਜ਼ੋਰੀਆਂ ਸਨ। ਪੰਜਾਬ ਦੀ ਅੱਗ ਦਾ ਸੇਕ ਦਿੱਲੀ ਸਰਕਾਰ ਤੱਕ ਵੀ ਪਹੁੰਚ ਰਿਹਾ ਸੀ। ਉਨ੍ਹਾਂ ਨੇ ਵੀ ਇਸ ਅੱਗ ਨੂੰ ਸਮਝ ਕੇ ਬੁਝਾਉਣ ਦੀ ਥਾਂ ਇਸ ਦੇ ਕਾਰਨ ਜਾਣਨ ਤੋਂ ਬਿਨਾਂ ਹਾਕਮੀ ਬਿਰਤੀ ਨਾਲ ਦਬਾਅ ਕੇ ਹੀ ਇਸ ਦਾ ਹੱਲ ਕੱਢਣ ਦੀ ਤਿਆਰੀ ਕਰਨੀ ਅਰੰਭ ਕਰ ਦਿੱਤੀ। ਇਸ ਦਾ ਸਾਕਾਰ ਰੂਪ ਆਖਿਰ ਵਕਤੀ ਸਰਕਾਰ ਨੇ 3 ਜੂਨ 1984 ਨੂੰ ਪ੍ਰਤੱਖ ਰੂਪ ਵਿੱਚ ਗੁਰੂ ਅਰਜਨ ਪਾਤਿਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਸਮੇਤ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਨੂੰ ਭਾਰੀ ਫੌਜਾਂ ਨਾਲ ਘੇਰ ਲਿਆ।  5 ਜੂਨ ਅਤੇ 6 ਜੂਨ ਦੀ ਰਾਤ ਨੂੰ ਅਚਾਨਕ ਹਮਲਾ ਕਰ ਦਿੱਤਾ ਜਿਸ ਅੰਦਰ ਆਮ ਗੋਲਾਬਾਰੀ ਹੀ ਨਹੀਂ ਸਗੋਂ ਟੈਂਕਾਂ ਅਤੇ ਤੋਪਖਾਨੇ ਦੀ ਵਰਤੋਂ ਤੋਂ ਵੀ ਕੋਈ ਸੰਕੋਚ ਨਹੀਂ ਕੀਤਾ ਗਿਆ। 7 ਜੂਨ ਨੂੰ ਬਾਬਾ ਜਰਨੈਲ ਸਿੰਘ ਜੀ ਅਤੇ ਉਨ੍ਹਾਂ ਦੇ ਹੋਰ ਸਾਥੀ ਸ਼ਹੀਦ ਹੋ ਗਏ। ਸਿੱਖਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਸੀ ਪਰ ਜਨਰਲ ਸੁਬੇਗ ਸਿੰਘ ਦੀ ਅਗਵਾਈ ਨੇ ਚੰਗਾ ਸਾਥ ਦਿੱਤਾ। ਬਾਕੀ ਬਚੇ ਲੀਡਰਾਂ ਵਿੱਚੋਂ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੋਹੜਾ ਆਦਿਕ ਨੂੰ ਸਰਕਾਰੀ ਸ਼ਰਨ ਦੇ ਕੇ ਬਾਹਰ ਕੱਢ ਲਿਆ ਗਿਆ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ, ਸਿੱਖ ਰੈਫਰੈਂਸ ਲਾਇਬਰੇਰੀ ਆਦਿਕ ਦਾ ਚੰਗਾ ਨੁਕਸਾਨ ਕਰਨ ਦੇ ਨਾਲ ਨਾਲ ਕਰੀਬ ਪੰਜ ਹਜ਼ਾਰ ਤੋਂ ਉੱਤੇ ਸਿੰਘ ਸ਼ਹੀਦ ਕਰ ਦਿੱਤੇ ਗਏ। ਭਾਵੇਂ ਫੌਜੀ ਵੀ ਬਹੁਤ ਮਾਰੇ ਗਏ ਪਰ ਇਹ ਉਨ੍ਹਾਂ ਦੀ ਹੀ ਸੋਚ ਸੀ। 34 ਹੋਰ ਥਾਂਵਾਂ (ਗੁਰਦੁਆਰਿਆਂ) ’ਤੇ ਵੀ ਹਮਲੇ ਕਰਕੇ ਸਿੱਖੀ ਦੀ ਆਤਮਾ ਨੂੰ ਚੰਗਾ ਲਹੂ ਲੁਹਾਣ ਕੀਤਾ ਗਿਆ। ਇਸ ਦਾ ਨਾਮ ਹੀ ਅਸਲ ਵਿੱਚ ਨੀਲਾ ਤਾਰਾ ਜਾਂ ਬਲਿਉ ਸਟਾਰ ਇਸ ਲਈ ਰੱਖਿਆ ਸੀ ਕਿ ਸਿੱਖਾਂ ਦੇ ਨੀਲੇ ਨਿਸ਼ਾਨ, ਨੀਲੀਆਂ ਪੱਗਾਂ ਤਬਾਹ ਕਰਨੀਆਂ ਸਨ।

ਇਸ ਤਰ੍ਹਾਂ ਦੇ ਹਾਲਾਤਾਂ ਨੇ ਜਿੱਥੇ ਹਰ ਇੱਕ ਸਿੱਖ ਦਾ ਹਿਰਦਾ ਝੰਜੋੜ ਕੇ ਰੱਖ ਦਿੱਤਾ ਉੱਥੇ ਸਿੱਖੀ ਸੋਚ ਵਾਲੇ ਫੌਜੀ ਵੀ ਫੌਜ ਵਿੱਚੋਂ ਬਾਗੀ ਹੋ ਕੇ ਸਰਕਾਰੀ ਜ਼ੁਲਮ ਦੇ ਵਿਰੁਧ ਉੱਠ ਖਲੋਤੇ ਪਰ ਇਨ੍ਹਾਂ ਨੂੰ ਵੀ ਥੋੜ੍ਹੀ ਥੋੜ੍ਹੀ ਦੂਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸਿੱਖ ਸੰਗਤਾਂ ਦੀ ਜਿੰਦ ਜਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖੀ ਦੀ ਸ਼ਾਨ ਸ੍ਰੀ ਅਕਾਲ ਤਖ਼ਤ ਸਾਹਿਬ ਕੁਝ ਸਮੇਂ ਤੋਂ ਬਾਅਦ ਦਰਸ਼ਨ ਲਈ ਖੋਲ੍ਹ ਦਿੱਤੇ ਗਏ।

ਸਰਕਾਰ ਨੇ ਜਬਰ ਦੀਆਂ ਨਿਸ਼ਾਨੀਆਂ ਮਿਟਾਉਣ ਲਈ ਭਾਵੇਂ ਕਈ ਯਤਨ ਕੀਤੇ, ਪਰ ਫਿਰ ਵੀ ਸਿੱਖਾਂ ਦੇ ਦਰਸ਼ਨ ਕਰਦਿਆਂ ਹੀ ਸ਼ਾਂਤੀ ਦੇ ਸੋਮੇ, ਮਨੁੱਖਤਾ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਪਵਿੱਤਰ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਹ ਦਸ਼ਾ ਦੇਖੀ ਨਹੀਂ ਜਾਂਦੀ ਸੀ। ਇਨ੍ਹਾਂ ਹੀ ਦਿਨਾਂ ਅੰਦਰ ਸ: ਸਤਵੰਤ ਸਿੰਘ, ਸ: ਬੇਅੰਤ ਸਿੰਘ ਨੇ ਵੀ ਆਪਣੇ ਅੰਦਰ ਦੀ ਆਵਾਜ਼ ਸੁਣ ਕੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦਾ ਦਿੱਲੀ ਵਿਖੇ 31 ਅਕਤੂਬਰ 1984 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਫੌਰਨ ਬਾਅਦ ਨਵੰਬਰ ਵਿੱਚ ਦਿੱਲੀ ਵਿਖੇ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਹੋਇਆ, ਘਰ ਲੁੱਟੇ ਗਏ, ਲੜਕੀਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਗਈਆਂ। ਦੁੱਖ ਦੀ ਗੱਲ ਹੈ ਕਿ ਹਾਕਮਾਂ ਨੇ ਜੋ ਕਰਨੀ ਸੀ ਕੀਤੀ ਪਰ ਅਦਾਲਤੀ ਇਨਸਾਫ਼ ਨੂੰ ਵੀ ਕਈ ਦੁੱਖੀ ਪਰਿਵਾਰ ਤਰਸਦੇ ਆਪਣੀ ਜ਼ਿੰਦਗੀ ਦਾ ਅੰਤ ਕਰ ਗਏ। ਇਹ ਆਪਣਿਆਂ ਦਾ ਆਪਣਿਆਂ ’ਤੇ ਢਾਹਿਆ ਕਹਿਰ ਤੀਜਾ ਘੱਲੂਘਾਰਾ ਹੈ, ਜਿਸ ਦੀ ਪੀੜਾ ਸ਼ਾਇਦ ਸਿੱਖੀ ਦੀ ਮਾਨਸਿਕਤਾ ਵਿੱਚੋਂ ਕਦੇ ਨਾ ਭੁੱਲੇ।

ਰੱਬ ਅੱਗੇ ਅਰਦਾਸ ਹੈ ਕਿ ਕਿਸੇ ਵੀ ਕੌਮ ਦਾ ਅਜਿਹਾ ਉਜਾੜਾ ਨਾ ਪਵੇ ਪਰ ਕਈ ਵਾਰੀ ਅਣਖਾਂ ਗੈਰਤਾਂ ਦਾ ਮੁੱਲ ਅਜਿਹੇ ਘੱਲੂਘਾਰਿਆਂ ਨਾਲ ਹੀ ਤਾਰਨਾ ਪੈਂਦਾ ਹੈ। ਰੱਬ ਕਰੇ ਸਿੱਖੀ ਦੀ ਬਗੀਚੀ ਦੇ ਬੂਟੇ ਸਦਾ ਪ੍ਰਫੁਲਿਤ ਰਹਿਣ ਅਤੇ ਮਾਨਵਤਾ ਦੇ ਭਲੇ ਲਈ ਆਪਾ ਵਾਰਦੇ ਰਹਿਣ ਤਾਂ ਕਿ ਸੰਸਾਰ ‘‘ਬੇਗਮ ਪੁਰਾ ਸਹਰ ਕੋ ਨਾਉ ’’ (ਭਗਤ ਰਵਿਦਾਸ/੩੪੫) ਬਣ ਕੇ ਸੁਖੀ ਹੋ ਸਕੇ।