ਬੀਬੀ ਮਾਲੀ
ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਿਰ, 28,
ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
ਇਹ ਮਰਦ ਪ੍ਰਧਾਨ ਸਮਾਜ ਹੈ, ਇਸੇ ਲਈ ਦੇਸ਼ ਵਾਸਤੇ ਜਾਨ ਵਾਰਨ ਵਾਲ਼ੀਆਂ ਔਰਤਾਂ ਜਾਂ ਜਾਨ ਜੋਖ਼ਮ ਵਿੱਚ ਪਾ ਕੇ ਮੁਲਕ ਬਚਾਉਣ ਵਾਲ਼ੀਆਂ ਔਰਤਾਂ ਨੂੰ ਬਹੁਤਾ ਉਘਾੜਿਆ ਨਹੀਂ ਜਾਂਦਾ। ਅਜਿਹੀ ਹੀ ਇੱਕ ਸਾਧਾਰਨ ਬੀਬੀ ਮਾਲੀ ਨੇ ਅਸਾਧਾਰਨ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਪਰ ਇਤਿਹਾਸ ਵਿੱਚ ਕਿਤੇ ਗੁੰਮ ਹੋ ਗਈ।
ਪੂੰਛ ਦੇ ਅਰਾਈ ਪਿੰਡ ਵਿੱਚ ਸੰਨ 1930 ਵਿੱਚ ਇੱਕ ਗ਼ਰੀਬ ਗੁੱਜਰ ਟੱਬਰ ਵਿੱਚ ਪੈਦਾ ਹੋਈ ਮਾਲੀ ਨੂੰ ਬਹੁਤ ਛੋਟੀ ਉਮਰੇ ਅਬਦੁਲ ਗੱਫਾਰ ਨਾਲ਼ ਵਿਆਹ ਦਿੱਤਾ ਗਿਆ। ਪਹਿਲਾਂ ਗ਼ਰੀਬ ਉੱਤੋਂ ਕੁੜੀ, ਫਿਰ ਪੜ੍ਹਾਈ ਤੋਂ ਸੱਖਣੀ ਅਤੇ ਸਭ ਤੋਂ ਵੱਡੀ ਮਾਰ ਇਹ ਕਿ ਪਤੀ ਮਾਨਸਿਕ ਰੋਗੀ ਨਿਕਲਿਆ। ਸ਼ੁਕਰ ਹੈ ਕਿ ਮਾਲੀ ਦੇ ਵੱਡੇ ਭਰਾ ਜਲਾਲੁਦੀਨ ਦੇ ਮਨ ਵਿੱਚ ਦਯਾ ਭਾਵਨਾ ਜਾਗ ਪਈ ਅਤੇ ਉਹ ਮਾਲੀ ਨੂੰ ਵਾਪਸ ਪੇਕੇ ਘਰ ਲੈ ਆਇਆ।
ਮਾਲੀ ਲਈ ਜ਼ਿੰਦਗੀ ਕਾਫੀ ਔਖੀ ਹੋ ਗਈ ਕਿਉਂਕਿ ਅਜਿਹੀਆਂ ਔਰਤਾਂ ਜੋ ‘ਛੁੱਟੜ’ ਵੱਲੋਂ ਮਿਹਣੇ ਸਹਿੰਦੀਆਂ ਹਨ, ਆਪ ਵੀ ਮਾਨਸਿਕ ਰੋਗੀ ਹੀ ਬਣ ਜਾਂਦੀਆਂ ਹਨ। ਸਾਡਾ ਸਮਾਜ ਕਸੂਰ ਸਿਰਫ਼ ਔਰਤ ਵਿੱਚ ਹੀ ਕੱਢਣਾ ਜਾਣਦਾ ਹੈ। ਪੇਕੇ ਘਰ ਕੋਈ ਜ਼ਮੀਨ ਨਹੀਂ ਸੀ। ਖ਼ਰਚਾ ਔਖਾ ਹੋ ਗਿਆ। ਏਸੇ ਲਈ ਮਾਲੀ ਦਿਨੇ ਦਿਹਾੜੀ ਦਾ ਕੰਮ ਕਰਨ ਲੱਗ ਪਈ ਅਤੇ ਸਵਖਤੇ ਭੇਡਾਂ ਬੱਕਰੀਆਂ ਚਾਰਨ ਚਲੀ ਜਾਂਦੀ।
ਇਕੱਲੀ ਜਵਾਨ ਅਨਪੜ੍ਹ ਛੁੱਟੜ ਔਰਤ ਵਜੋਂ ਲਗਾਤਾਰ ਮਿਹਣੇ ਸਹਿੰਦੀ ਮਾਲੀ ਸਵੇਰ ਤੋਂ ਰਾਤ ਤਕ ਚੁੱਪ ਚਾਪ ਕੰਮ ਵਿੱਚ ਜੁਟੀ ਰਹਿੰਦੀ। ਜਦੋਂ ਬਰਫ਼ ਬਹੁਤ ਪੈ ਜਾਂਦੀ ਤਾਂ ਅਰਾਈ ਪਿੰਡ ਅੰਦਰ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਗਰਮੀਆਂ ਵਿੱਚ ਉਹ ਬੱਕਰੀਆਂ ਲੈ ਕੇ ਜੱਬੀ ਤੇ ਪਿੱਲਾਂਵਾਲੀ ਦੇ ਉੱਚੇ ਪਹਾੜਾਂ ਵੱਲ ਲੰਘ ਜਾਂਦੀ। ਆਖ਼ਰ ਕਿੰਨੀ ਦੇਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ। ਇਸੇ ਲਈ ਉਸ ਨੇ ਆਪਣੇ ਵੱਡੇ ਭਰਾ ਦੇ ਪੁੱਤਰ ਨੂੰ, ਜੋ ਲਗਭਗ ਉਸ ਤੋਂ 10 ਕੁ ਸਾਲ ਛੋਟਾ ਹੀ ਸੀ, ਨੂੰ ਆਪਣਾ ਪੁੱਤਰ ‘ਬਸ਼ੀਰ’ ਬਣਾ ਲਿਆ ਤੇ ਪਾਲਣਾ ਸ਼ੁਰੂ ਕੀਤਾ।
ਸੰਨ 1971 ਦੀ ਹਿੰਦ ਪਾਕ ਜੰਗ ਲੱਗੀ ਤਾਂ ਪੂੰਛ ਦੇ ਇਲਾਕੇ ਵਿੱਚ ਤਕੜੀ ਹਲਚਲ ਸੀ। ਸੰਨ 1965 ਵਿੱਚ ਹਾਜੀਪੁਰ ਪਾਸ ਖੁੱਸ ਜਾਣ ਸਦਕਾ ਪਾਕਿਸਤਾਨ ਹੁਣ ਪੂੰਛ ਇਲਾਕੇ ਉੱਤੇ ਹੱਲਾ ਬੋਲਣਾ ਚਾਹੁੰਦਾ ਸੀ। ਪੂੰਛ ਵਿੱਚ ਹੌਲ਼ੀ ਹੌਲ਼ੀ ਪਾਕਿਸਤਾਨ ਨੇ ਆਪਣੇ ਬੰਦੇ ਭੇਜ ਕੇ ਇਲਾਕੇ ਦੀ ਜਾਣਕਾਰੀ ਲੈਣੀ ਸੀ।
ਇਸੇ ਸਕੀਮ ਤਹਿਤ ਪਾਕਿਸਤਾਨ ਨੇ ਇੱਕ ਐਡਵਾਂਸ ਫ਼ੌਜੀ ਪਾਰਟੀ ਨੂੰ ਪੂੰਛ ਦੇ ਪਛੜੇ ਇਲਾਕੇ ਵਿੱਚ ਛੋਟੀਆਂ ਟੁਕੜੀਆਂ ਬਣਾ ਕੇ ਭੇਜ ਦਿੱਤਾ। ਉਹਨਾਂ ਟੁਕੜੀਆਂ ਨੇ ਪੂਰੀ ਜਾਣਕਾਰੀ ਇਕੱਠੀ ਕੀਤੀ ਤੇ ‘ਬੇਸ ਕੈਂਪ’ ਬਣਾਉਣਾ ਸ਼ੁਰੂ ਕਰ ਦਿੱਤਾ।
ਗੱਲ 13 ਦਸੰਬਰ 1971 ਦੀ ਹੈ। ਓਦੋਂ ਅਰਾਈ ਪਿੰਡ ਦੀ ਪਹਾੜੀ ਦੀ ਸਿਖਰ ਅਤੇ ਪਿੱਲਾਂਵਾਲੀ ਦੀ ਚੋਟੀ ਪੂਰੀ ਬਰਫ਼ ਨਾਲ਼ ਢੱਕ ਚੁੱਕੀ ਸੀ। ਬੀਬੀ ਮਾਲੀ ਓਦੋਂ 41 ਕੁ ਸਾਲਾਂ ਦੀ ਸੀ। ਉਸ ਨੇ ਹਰ ਹਾਲ ਬਕਰੀਆਂ ਲਈ ਪੱਤੇ ਲੱਭਣੇ ਸਨ ਤੇ ਅੱਗ ਬਾਲਣ ਲਈ ਲਕੜਾਂ ਵੀ। ਇਸੇ ਲਈ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਜਿੰਨੇ ਵੀ ਕੱਪੜੇ ਸਨ, ਸਰੀਰ ਨੂੰ ਨਿੱਘਾ ਰੱਖਣ ਲਈ ਪਾ ਕੇ ਉਹਨਾਂ ਪਹਾੜੀਆਂ ਵੱਲ ਹੋ ਤੁਰੀ। ਜਦੋਂ ਪਿੱਲਾਂਵਾਲੀ ਪਹੁੰਚੀ ਤਾਂ ਉਸ ਨੂੰ ਦੂਰੋਂ ਹਲਕੇ ਧੂੰਏਂ ਦਾ ਝੌਲਾ ਪਿਆ। ਉਹ ਹੈਰਾਨ ਹੋ ਗਈ ਕਿਉਂਕਿ ਉਸ ਨੇ ਕਦੇ ਇੱਧਰ ਕੋਈ ਵਸਦਾ ਵੇਖਿਆ ਨਹੀਂ ਸੀ।
ਬਹੁਤ ਧਿਆਨ ਨਾਲ਼ ਲੁਕ ਲੁਕ ਕੇ ਤੇ ਕਈ ਥਾਂਈਂ ਰੀਂਗ ਕੇ ਉਹ ਉਸ ਥਾਂ ਦੇ ਨੇੜੇ ਪਹੁੰਚ ਗਈ, ਜਿੱਥੋਂ ਧੂੰਆਂ ਨਿਕਲ ਰਿਹਾ ਸੀ। ਧੂੰਆਂ ਨਿਕਲਣ ਦੇ ਨਾਲ ਹੀ ਇੱਕ ਬਰੀਕ ਵਿਰਲ ਵਿੱਚੋਂ ਜਦ ਉਸ ਨੇ ਅੰਦਰ ਝਾਕਿਆ ਤਾਂ ਬਹੁਤ ਘਬਰਾ ਗਈ। ਓਥੇ ਕੁਝ ਫ਼ੌਜੀ ਬੰਦੂਕਾਂ ਸਾਫ਼ ਕਰ ਰਹੇ ਸਨ ਪਰ ਉਹਨਾਂ ਦੀ ਵਰਦੀ ਭਾਰਤੀ ਨਹੀਂ ਸੀ।
ਰੱਤਾ ਕੁ ਧੜਕਨ ਠੀਕ ਹੋਈ ਤਾਂ ਉਸ ਨੇ ਸੋਚਿਆ ਕਿ ਕੁੱਝ ਗੜਬੜ ਹੈ ਜਿਸ ਬਾਰੇ ਪਿੰਡ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ। ਬਰਫ਼ ਬਹੁਤ ਜ਼ਿਆਦਾ ਸੀ ਤੇ ਠੰਢ ਵੀ ਆਖ਼ਰਾਂ ਦੀ। ਗੋਡੇ ਗੋਡੇ ਤਕ ਬਰਫ਼ ਵਿੱਚ ਦੱਬੀ ਉਹ ਛੋਟੇ ਰਾਹ ਵੱਲੋਂ ਤੇਜ਼ੀ ਨਾਲ਼ ਅਰਾਈ ਪਿੰਡ ਵੱਲ ਹੋ ਤੁਰੀ। ਏਨੀ ਠੰਢ ਵਿੱਚ ਵੀ ਪਸੀਨੋ ਪਸੀਨੇ ਹੋ ਕੇ ਉਹ ਘਰ ਪਹੁੰਚੀ ਤਾਂ ਭਰਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਇੱਕ ਸਾਹੇ ਸਾਰਾ ਕੁੱਝ ਆਪਣੇ ਭਰਾ ਨੂੰ ਦੱਸਿਆ ਤਾਂ ਭਰਾ ਨੇ ਉਸ ਨੂੰ ਤਾੜਨਾ ਕੀਤੀ ਕਿ ਹੁਣ ਚੁੱਪ ਕਰ ਕੇ ਘਰ ਅੰਦਰ ਬਹਿ ਜਾਹ ਤੇ ਕਿਸੇ ਨੂੰ ਕੰਨੋਂ ਕੰਨੀਂ ਖ਼ਬਰ ਨਾ ਨਿਕਲੇ। ਫਿਰ ਵੀ ਮਾਲੀ ਰੁਕੀ ਨਹੀਂ ਤੇ ਝੱਟ ਪਿੰਡ ਦੇ ਸਰਪੰਚ ਮੀਰ ਹੁਸੈਨ ਨੂੰ ਜਾ ਦੱਸਿਆ ਪਰ ਉਹ ਵੀ ਪਾਸਾ ਵੱਟ ਗਿਆ।
ਹੁਣ ਮਾਲੀ ਵਿਚਾਰੀ ਕੀ ਕਰਦੀ ! ਉਸ ਨੂੰ ਸਮਝ ਸੀ ਕਿ ਜੇ ਪਾਕਿਸਤਾਨੀ ਫ਼ੌਜੀਆਂ ਨੇ ਹੱਲਾ ਬੋਲ ਦਿੱਤਾ ਤਾਂ ਅਨੇਕ ਬੇਦੋਸੇ ਮਾਰੇ ਜਾਣਗੇ ਤੇ ਭਾਰਤ ਦੇ ਇਸ ਹਿੱਸੇ ਉੱਤੇ ਪਾਕਿਸਤਾਨ ਦਾ ਕਬਜ਼ਾ ਹੋ ਜਾਵੇਗਾ। ਉਸੇ ਵੇਲ਼ੇ ਹੀ ਚੁੱਪ ਚੁਪੀਤੇ ਉਹ ਘਰ ਦੇ ਪਿਛਲੇ ਪਾਸਿਓਂ ਕਲਾਈ ਵਾਲੇ ਪਾਸੇ ਤੁਰ ਪਈ। ਰਸਤਾ ਬਹੁਤ ਔਖਾ ਸੀ। ਉਸ ਨੂੰ ਏਨੀ ਕੁ ਖ਼ਬਰ ਸੀ ਕਿ ਉਸ ਪਾਸੇ ਭਾਰਤੀ ਫ਼ੌਜੀ ਪੋਸਟ ਹੈ। ਲੰਮਾ ਪਹਾੜੀ ਰਸਤਾ ਤੇ ਉੱਤੋਂ ਬਰਫ਼ ਨਾਲ਼ ਭਰਿਆ। ਇਕੱਲੀ ਨਿਹੱਥੀ ਔਰਤ ਪਰ ਦਿਲ ਵਿੱਚ ਦੇਸ਼ ਪ੍ਰਤੀ ਮੁਹੱਬਤ ਠਾਠਾਂ ਮਾਰਦੀ ਸੀ। ਸਿਰਫ਼ ਇਹ ਹੀ ਨਹੀਂ, ਉਸ ਵਿਚਾਰੀ ਨੂੰ ਸਿਵਾਏ ਆਪਣੀ ਮਾਂ ਬੋਲੀ ਗੁੱਜਰੀ ਦੇ ਹੋਰ ਕੋਈ ਬੋਲੀ ਆਉਂਦੀ ਹੀ ਨਹੀਂ ਸੀ। ਇਸ ਬਾਰੇ ਸੋਚੇ ਬਗੈਰ ਉਹ ਬਰਫ਼ ਸਦਕਾ ਨੀਲੇ ਪੈ ਚੁੱਕੇ ਹੱਥ ਪੈਰਾਂ ਨਾਲ਼ ਗੋਡਿਆਂ ਤਕ ਡੂੰਘੀ ਬਰਫ਼ ਵਿੱਚ ਵਾਹੋ-ਦਾਹੀ ਤੁਰੀ ਗਈ। ਪਤਾ ਹੀ ਨਹੀਂ ਕਿ ਕਿੰਨੇ ਘੰਟਿਆਂ ਬਾਅਦ ਉਹ ਭਾਰਤੀ ਫ਼ੌਜੀ ਪੋਸਟ ਉੱਤੇ ਪਹੁੰਚੀ ਪਰ ਪਹੁੰਚਦੇ ਸਾਰ ਉਹ ਝਟਪਟ ਬੋਲਣਾ ਸ਼ੁਰੂ ਹੋ ਗਈ। ਕਿਸੇ ਨੂੰ ਉਸ ਦੀ ਗੱਲ ਸਮਝ ਹੀ ਨਹੀਂ ਆਈ। ਅਖ਼ੀਰ ਉਸ ਦੇ ਚਿਹਰੇ ਦੀ ਘਬਰਾਹਟ ਵੇਖ ਫ਼ੌਜੀਆਂ ਨੇ ਸਮਝਿਆ ਕਿ ਸ਼ਾਇਦ ਇਹ ਗੁੰਮ ਗਈ ਹੈ। ਹੇਠਲੇ ਪਿੰਡ ਵਿੱਚੋਂ ਇੱਕ ਬੰਦਾ ਬੁਲਾਉਣ ਭੇਜਿਆ ਗਿਆ ਤਾਂ ਜੋ ਮਾਲੀ ਦੀ ਬੋਲੀ ਦੀ ਸਮਝ ਆਵੇ। ਉਸ ਦੀ ਹਾਲਤ ਵੇਖਦਿਆਂ ਫ਼ੌਜੀਆਂ ਨੇ ਚਾਹ ਦੇਣੀ ਚਾਹੀ ਪਰ ਮਾਲੀ ਤਾਂ ਪੂਰਾ ਜ਼ੋਰ ਸਿਰਫ਼ ਉਹਨਾਂ ਨੂੰ ਸਮਝਾਉਣ ਉੱਤੇ ਲਾ ਰਹੀ ਸੀ। ਨਾ ਉਹ ਬੈਠੀ ਤੇ ਨਾ ਹੀ ਉਸ ਨੂੰ ਆਪਣੇ ਸਰੀਰ ਉੱਤੇ ਠੰਢ ਨਾਲ਼ ਹੋ ਚੁੱਕੇ ਮਾੜੇ ਅਸਰ ਦਿਸ ਰਹੇ ਸਨ।
ਜਦ ਪਿੰਡ ਵਿੱਚੋਂ ਬੰਦਾ ਪਹੁੰਚਿਆ ਅਤੇ ਪੂਰੀ ਗੱਲ ਦੱਸੀ ਤਾਂ ਉਹ ਛੇ ਫ਼ੌਜੀ ਉਸ ਦੀ ਗੱਲ ਸੁਣ ਕੇ ਇਕਦਮ ਘਬਰਾ ਗਏ ਤੇ ਝਟਪਟ ਉਸ ਨੂੰ ਪੂੰਛ ਵਿਖੇ ਵੱਡੀ ਸਿੱਖ ਬਟਾਲੀਅਨ ਤੇ ਕਮਾਂਡਰ ਨਾਲ਼ ਗੱਲ ਕਰਨ ਲਈ ਦੋ ਫ਼ੌਜੀਆਂ ਨਾਲ਼ ਅਗਾਂਹ ਤੋਰ ਦਿੱਤਾ।
ਓਥੇ ਮਾਲੀ ਨੂੰ ਪੂਰੀ ਇੱਜ਼ਤ ਨਾਲ਼ ਬਿਠਾ ਕੇ ਸਾਰੀ ਗੱਲ ਸੁਣਨ ਬਾਅਦ ਕਮਾਂਡਰ ਨੇ ਕਿਹਾ ਕਿ ਖ਼ਬਰ ਬਹੁਤ ਗੰਭੀਰ ਹੈ ਪਰ ਮਾਲੀ ਦੀ ਹਾਲਤ ਹੁਣ ਹੋਰ ਤੁਰਨ ਯੋਗ ਨਹੀਂ। ਘੁਸਪੈਠੀਆਂ ਕੋਲ ਪਹੁੰਚਣ ਲਈ ਵਾਪਸ ਕਈ ਕਿੱਲੋਮੀਟਰ ਗੋਡੇ ਗੋਡੇ ਬਰਫ਼ ਵਿੱਚ ਚੜ੍ਹਾਈ ਕਰਕੇ ਪਹੁੰਚਣਾ ਸੀ। ਉਸ ਥਾਂ ਬਾਰੇ ਸਿਰਫ਼ ਮਾਲੀ ਨੂੰ ਹੀ ਪਤਾ ਸੀ। ਮਾਲੀ ਨੇ ਸਭ ਕੁਝ ਸਮਝਦਿਆਂ ਝੱਟ ਕਿਹਾ ‘ਮੇਰੀ ਪਰਵਾਹ ਨਾ ਕਰੋ। ਜੋ ਮੈਂ ਜੀਅ ਰਹੀ ਹਾਂ, ਉਸ ਨੂੰ ਜ਼ਿੰਦਗੀ ਥੋੜ੍ਹਾ ਕਹਿੰਦੇ ਹਨ। ਮੈਂ ਦੇਸ ਦੇ ਕਿਸੇ ਕੰਮ ਆ ਸਕਾਂ ਤਾਂ ਇਸ ਤੋਂ ਵੱਡੀ ਮੇਰੇ ਲਈ ਹੋਰ ਕਿਹੜੀ ਗੱਲ ਹੋ ਸਕਦੀ ਹੈ ? ਜੇ ਮੈਂ ਮਰ ਵੀ ਗਈ ਤਾਂ ਕੋਈ ਫ਼ਿਕਰ ਦੀ ਗੱਲ ਨਹੀਂ।’ ਇਸ ਤੋਂ ਬਾਅਦ ਵੀ ਫ਼ੌਜੀਆਂ ਦੀ ਹਿਚਕਿਚਾਹਟ ਵੇਖਦਿਆਂ ਮਾਲੀ ਨੇ ਫਿਰ ਕਿਹਾ ‘ਮੇਰੇ ਵਰਗੀਆਂ ਨੂੰ ਰੱਬ ਵੀ ਛੇਤੀ ਨਹੀਂ ਬੁਲਾਉਂਦਾ। ਮੇਰੀ ਫ਼ਿਕਰ ਛੱਡ ਕੇ ਮੁਲਕ ਦੀ ਫ਼ਿਕਰ ਕਰੋ।’ ਏਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਹੋ ਤੁਰੀ।
ਰਾਤ ਪੈ ਚੱਲੀ ਸੀ ਤੇ ਉੱਤੋਂ ਬਰਫ਼ ਵੀ ਪੈਣੀ ਸ਼ੁਰੂ ਹੋ ਗਈ। ਦਸ ਘੰਟੇ ਤਕ ਸਵੇਰ ਤੋਂ ਲਗਾਤਾਰ ਭੁੱਖੀ ਭਾਣੀ ਮਾਲੀ ਤੁਰ ਕੇ ਥੱਕੀ ਨਹੀਂ ਸੀ। ਅੱਗੋਂ ਹੋਰ ਚਾਰ ਘੰਟੇ ਤੁਰ ਕੇ ਮਾਲੀ ਨੇ ਫ਼ੌਜੀਆਂ ਦੀ ਅਗਵਾਈ ਕੀਤੀ ਤੇ ਅਖ਼ੀਰ ਉਸ ਥਾਂ ਪਹੁੰਚਾ ਦਿੱਤਾ।
ਓਥੇ ਉਸ ਸਮੇਂ ਅੱਧ ਰਾਤ 30 ਹੋਰ ਪਾਕਿਸਤਾਨੀ ਫ਼ੌਜੀ ਪਹੁੰਚ ਚੁੱਕੇ ਹੋਏ ਸਨ ਤੇ ਹਥਿਆਰਾਂ ਨਾਲ਼ ਲੈਸ ਵੱਖੋ ਵੱਖ ਥਾਂਵਾਂ ਵੱਲ ਕੂਚ ਕਰਨ ਵਾਲ਼ੇ ਸਨ। ਉਹਨਾਂ ਨੂੰ ਕੈਦ ਵਿੱਚ ਲੈ ਕੇ ਪੁੱਛਗਿੱਛ ਕਰਨ ਬਾਅਦ ਪਤਾ ਲੱਗਿਆ ਕਿ ਘੱਟੋ ਘੱਟ ਛੇ ਹੋਰ ਥਾਂਵਾਂ ਤੋਂ ਪਾਕਿਸਤਾਨੀ ਫ਼ੌਜੀ ਅੰਦਰ ਲੰਘ ਆਏ ਹੋਏ ਸਨ। ਉਹ ਸਾਰੇ ਨਾਲਿਆਂ ਤੇ ਜੰਗਲ਼ਾਂ ਰਾਹੀਂ ਵੜ ਰਹੇ ਸਨ। ਦੋਦਾ ਤੇ ਸੌਜੀਆਂ ਰਾਹੀਂ ਵੜ ਕੇ ਸਭ ਨੇ ਪੂੰਛ ਨੂੰ ਪਿਛਲੇ ਪਾਸਿਓਂ ਘੇਰ ਕੇ ਹੱਲਾ ਬੋਲਣਾ ਸੀ।
ਸਾਰੇ ਬ੍ਰਿਗੇਡ ਨੂੰ ਤੁਰੰਤ ਉਹਨਾਂ ਥਾਂਵਾਂ ਉੱਤੇ ਤੋਰ ਦਿੱਤਾ ਗਿਆ ਤੇ ਸਾਰੇ ਘੁਸਪੈਠੀ ਮਾਰ ਮੁਕਾ ਦਿੱਤੇ ਗਏ। ਇਸ ਦੌਰਾਨ ਮਾਲੀ ਬਾਰੇ ਸਾਰੇ ਭੁੱਲ ਗਏ ਤੇ ਮਾਲੀ ਆਪਣੇ ਘਰ ਅਰਦਾਸਾਂ ਕਰਦੀ ਵਾਪਸ ਮੁੜ ਗਈ ਕਿ ਰੱਬ ਭਾਰਤ ਉੱਤੇ ਖ਼ੈਰ ਕਰੇ।
ਉਸ ਵੇਲੇ ਮਾਲੀ ਵਰਗੀ ਕਮਜ਼ੋਰ ਮੰਨੀ ਗਈ ਔਰਤ ਦੀ ਹਿੰਮਤ ਸਦਕਾ ਭਾਰਤ ਹੱਥੋਂ ਪੂੰਛ ਦਾ ਇਲਾਕਾ ਨਿਕਲ ਕੇ ਪਾਕਿਸਤਾਨ ਵਿੱਚ ਸ਼ਾਮਲ ਹੋਣੋ ਬਚ ਗਿਆ। ਇਸ ਤੋਂ ਬਾਅਦ ਬਟਾਲੀਅਨ ਨੇ ਵਧਾਈ ਦਾ ਸਿਹਰਾ ਮਾਲੀ ਨੂੰ ਦਿੱਤਾ। ਉਸੇ ਸਦਕਾ ਮਾਲੀ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤੇ ਜਾਣ ਦੀ ਗੱਲ ਉੱਠੀ। ਫ਼ੌਜੀ ਨਾ ਹੋਣ ਕਾਰਨ ਸੰਨ 1972, 25 ਮਾਰਚ ਨੂੰ ਮਾਲੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਵੀ. ਵੀ. ਗਿਰੀ ਜੀ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ। ਮਾਲੀ ਨੂੰ 10,000 ਰੁਪੈ ਦੇ ਨਾਲ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦਿੱਤਾ ਗਿਆ।
ਇਸ ਤੋਂ ਬਾਅਦ ਮਾਲੀ ਦਾ ਕਦੇ ਕਿਸੇ ਨੇ ਜ਼ਿਕਰ ਨਹੀਂ ਕੀਤਾ। ਸੰਨ 1999 ਵਿੱਚ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਬਹੁਤ ਹੀ ਔਖੇ ਰਾਹ ਰਾਹੀਂ ਪਹੁੰਚਣ ਵਾਲ਼ੀ ਥਾਂ ਗੰਡੋਹ ਤੋਂ ਪੂੰਛ ਜ਼ਿਲ੍ਹੇ ਦੇ ਸੂਰਨਕੋਟ ਵਿਖੇ ਕਰਨਲ ਲਲਿਤ ਚਮੋਲਾ ਦੀ ਬਦਲੀ ਹੋਈ। ਇਹ ਥਾਂ ਪਾਕਿਸਤਾਨੋਂ ਆਏ ਅੱਤਵਾਦੀਆਂ ਦਾ ਡੇਰਾ ਬਣ ਚੁੱਕੀ ਹੋਈ ਸੀ। ਇੱਥੇ ਉਹਨਾਂ ਕਈ ਕੈਂਪ ਬਣਾ ਲਏ ਹੋਏ ਸਨ। ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਪੂੰਛ ਤੋਂ ਕਸ਼ਮੀਰ ਜਾਣ ਦੀਆਂ ਗਲੀਆਂ ਅਤੇ ਮੰਡੀ, ਲੋਰਾਂ, ਤੱਤਾਕੁਟੀ ਤੋਂ ਹਿਲਕਾਕਾ ਤਕ ਚੁਫੇਰੇ ਦੁਸ਼ਮਣਾਂ ਵੱਲੋਂ ਤੱਕੜਾ ਖ਼ਤਰਾ ਸੀ। ਇਹਨਾਂ ਰਾਹਾਂ ਨੂੰ ਚੰਗੀ ਤਰ੍ਹਾਂ ਪਛਾਨਣ ਦੀ ਲੋੜ ਸੀ। ਇਸੇ ਲਈ ਕਰਨਲ ਲਲਿਤ ਚਮੋਲਾ ਨੇ ਓਥੋਂ ਦੇ ਲੋਕਾਂ ਦੀ ਮਦਦ ਲਈ।
ਲਲਿਤ ਚਮੋਲਾ ਨੂੰ ਪਤਾ ਸੀ ਕਿ ਓਥੋਂ ਦੇ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਮੇਜਰ ਰਣਜੀਤ ਸਿੰਘ ਦੀ ਕਿੰਨੀ ਇੱਜ਼ਤ ਸੀ ਜਿਨ੍ਹਾਂ ਦੇ ਦ੍ਰਿੜ੍ਹ ਇਰਾਦੇ ਅਤੇ ਬਹਾਦਰੀ ਸਦਕਾ ਹੀ ਹਾਜੀਪੁਰ ਪਾਸ ਉੱਤੇ ਕਬਜ਼ਾ ਹੋ ਸਕਿਆ ਸੀ, ਜਿਸ ਸਦਕਾ ਪਾਕਿਸਤਾਨੀ ਫ਼ੌਜ ਦਾ ਰਾਹ ਬੰਦ ਹੋਇਆ ਸੀ। ਇਸੇ ਲਈ ਲਲਿਤ ਚਮੋਲਾ ਜੀ ਦਾ ਕੰਮ ਆਸਾਨ ਹੋ ਗਿਆ। ਲੋਕਾਂ ਨੇ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕੀਤੀ ਅਤੇ ਸਾਰੇ ਓਥੋਂ ਦੇ ਲੁਕੇ ਰਾਹਾਂ ਬਾਰੇ ਜਾਣਕਾਰੀ ਦਿੱਤੀ।
ਇੰਝ ਹੀ ਪਿੰਡਾਂ ਵਿੱਚ ਘੁੰਮਦਿਆਂ ਇੱਕ ਦਿਨ ਅਰਾਈ ਦੇ ਪਿੰਡ ਵੱਲ ਲਲਿਤ ਨੇ ਮੂੰਹ ਕੀਤਾ। ਓਥੇ ਇੱਕ ਢੱਠਾ ਹੋਇਆ ਘਰ ਸੀ ਜਿਸ ਬਾਰੇ ਦੱਸਿਆ ਗਿਆ ਕਿ ਓਥੇ ਇੱਕ 78 ਕੁ ਸਾਲਾਂ ਦੀ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ। ਜਦੋਂ ਲਲਿਤ ਨੇ ਅੱਧ ਟੁੱਟਿਆ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਨੇ ਅਵਾਜ਼ ਦਿੱਤੀ ‘ਲੰਘ ਆਓ।’ ਲਲਿਤ ਨੂੰ ਉਹ ਜ਼ਬਾਨ ਸਮਝ ਨਹੀਂ ਆਈ। ਜਦੋਂ ਨਾਲ਼ ਖੜ੍ਹੇ ਬੰਦੇ ਨੇ ਮਤਲਬ ਦੱਸਿਆ ਤਾਂ ਲਲਿਤ ਅੰਦਰ ਲੰਘ ਗਿਆ।
ਸਾਮ੍ਹਣੇ ਕੰਧ ਉੱਤੇ ਇੱਕ ਪਦਮ ਸ੍ਰੀ ਦਾ ਮੈਡਲ ਤੇ ਸਰਟੀਫਿਕੇਟ ਟੰਗੇ ਹੋਏ ਸਨ ਜੋ ਮਿੱਟੀ ਨਾਲ਼ ਭਰ ਚੁੱਕੇ ਹੋਏ ਸਨ। ਲਲਿਤ ਨੇ ਹੈਰਾਨੀ ਨਾਲ਼ ਉਹ ਪੜ੍ਹਿਆ ਤਾਂ ਉਸ ਉੱਤੇ ‘ਮਾਲੀ’ ਦਾ ਨਾਂ ਲਿਖਿਆ ਸੀ। ਹੈਰਾਨ ਪ੍ਰੇਸ਼ਾਨ ਹੋ ਚੁਫੇਰੇ ਵੇਖ ਜਦੋਂ ਕੁਝ ਪੁੱਛਣਾ ਚਾਹਿਆ ਤਾਂ ਔਰਤ ਦੀ ਬੋਲੀ ਸਮਝ ਨਾ ਆਵੇ।
ਨਾਲ ਖੜ੍ਹੇ ਬੰਦੇ ਨੇ ਲਲਿਤ ਨੂੰ ਸਾਰੀ ਕਹਾਣੀ ਦੱਸੀ ਕਿ ਇਹੀ ਉਹ ਮਾਲੀ ਹੈ ਜਿਸ ਸਦਕਾ 1971 ਦੀ ਜੰਗ ਜਿੱਤੀ ਜਾ ਸਕੀ ਸੀ। ਏਨੀ ਦੇਰ ਨੂੰ ਉਸ ਦਾ ਗੋਦ ਲਿਆ ਪੁੱਤਰ (ਬਸ਼ੀਰ) ਮੁਹੰਮਦ ਆਜ਼ਮ ਪਹੁੰਚ ਗਿਆ। ਮਾਲੀ ਘਰੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ ਸੀ। 70 ਕੁ ਸਾਲ ਦੀ ਉਮਰ ਟੱਪ ਚੁੱਕੀ ਮਾਲੀ ਦੀ ਕੰਬਦੀ ਦੇਹ ਵੇਖ ਕੇ ਲਲਿਤ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਔਰਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਗੋਡਿਆਂ ਤਕ ਬਰਫ਼ ਵਿੱਚ ਧਸ ਕੇ ਕਈ ਘੰਟੇ ਆਪਣੇ ਮੁਲਕ ਨੂੰ ਬਚਾਉਣ ਲਈ ਭੁੱਖੀ ਭਾਣੀ ਪਹਾੜੀ ਚੋਟੀਆਂ ਉੱਤੇ ਤੁਰਦੀ ਰਹੀ ਸੀ।
ਮੁਹੰਮਦ ਆਜ਼ਮ ਨੇ ਦੱਸਿਆ ਕਿ ਜਦੋਂ ਮਾਲੀ ਇਨਾਮ ਲੈਣ ਦਿੱਲੀ ਗਈ ਸੀ ਤਾਂ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਗੇੜਾ ਪੂੰਛ ਤੋਂ ਬਾਹਰ ਸੀ। ਉਸ ਲਈ ਉਹ ਦੁਨੀਆਂ ਹੀ ਵੱਖ ਸੀ। ਸਾਰੀ ਉਮਰ 60 ਰੁਪੈ ਮਹੀਨਾ ਦੀ ਪੈਨਸ਼ਨ ਨਾਲ਼ ਗੁਜ਼ਾਰਾ ਕਰਨ ਵਾਲੀ ਮਾਲੀ ਨੂੰ ਕਿਸੇ ਕਿਸਮ ਦੀ ਕੋਈ ਲੋੜ ਹੀ ਨਹੀਂ ਸੀ।
ਲਲਿਤ ਹੈਰਾਨ ਸੀ ਕਿ ਇਹ ਕਿਸ ਕਿਸਮ ਦੀ ਔਰਤ ਸੀ। ਕਰਨਲ ਲਲਿਤ ਚਮੋਲਾ ਨੇ ਉਸੇ ਵੇਲੇ ਓਥੋਂ ਦੇ ਐਮ.ਐਲ.ਏ. ਮੁਹੰਮਦ ਜਾਨ ਨੂੰ ਕਹਿ ਕੇ ਮਾਲੀ ਦੀ ਪੈਨਸ਼ਨ ਵਧਾਈ ਅਤੇ ਥੋੜ੍ਹੀ ਜਿਹੀ ਜ਼ਮੀਨ ਵੀ ਉਸ ਦੇ ਨਾਂ ਲੁਆਈ। ਉਸ ਤੋਂ ਪੰਜ ਕੁ ਸਾਲ ਬਾਅਦ ਮਾਲੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਉਸ ਦੀ ਜ਼ਿੰਦਗੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਹੈ ਕਿ ਅਸਲੋਂ ਕਮਜ਼ੋਰ ਤੇ ਨਕਾਰਾ ਮੰਨੀ ਇਕੱਲੀ ਔਰਤ ਮਾਲੀ ਸਦਕਾ ਭਾਰਤ ਦਾ ਪੂੰਛ ਇਲਾਕਾ ਅੱਜ ਵੀ ਭਾਰਤ ਕੋਲ਼ ਹੈ।