ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਤਿ
ਸਾਕਾ ਨਨਕਾਣਾ ਸਾਹਿਬ ਤੇ 21 ਫਰਵਰੀ ਨੂੰ ਸਿੱਖਾਂ ਹੱਥ ਪ੍ਰਬੰਧ
ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472
(ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਤਿ ਸੰਸਥਾਵਾਂ ਤੇ ਸੰਗਤਾਂ ਦੇ ਸਾਂਝੇ ਮੰਚ ‘ਪੰਥਕ ਤਾਲਮੇਲ ਸੰਗਠਨ’ ਵਲੋਂ 21 ਫਰਵਰੀ 2022 ਨੂੰ ਗੁ: ਅਕਾਲ ਬੁੰਗਾ, ਸਾਹਮਣੇ: ਖੰਡ ਮਿੱਲ ਬੁੱਢੇਵਾਲ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਤਿ ਸਮਾਗਮ ਮੌਕੇ )
ਅਠਾਰਵੀਂ ਸਦੀ ਦੇ ਅੰਤ ਤੱਕ ਸਿੱਖ ਪੰਜਾਬ ਵਿੱਚ ਆਪਣੀ ਰਾਜਨੀਤਕ ਪੈਂਠ ਬਣਾ ਚੁੱਕੇ ਸਨ। 19ਵੀਂ ਸਦੀ ਦੇ ਆਰੰਭ ਵਿੱਚ ਹੀ ਸਾਰੀਆਂ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਅਧੀਨ ਹੋ ਚੁੱਕੀਆਂ ਸਨ। ਮੁਗਲ ਸੂਬਾ ਲਾਹੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ ਅਤੇ ਸਤਲੁਜ ਤੋਂ ਪਾਰ ਵੀ ਮਹਾਰਾਜੇ ਨੇ ਮੱਲ ਮਾਰੀ ਹੋਈ ਸੀ ਪਰੰਤੂ ਸਿੱਖਾਂ ਦੀ ਇਸ ਰਾਜਨੀਤਕ ਪ੍ਰਾਪਤੀ ਦਾ ਧਾਰਮਿਕ ਹਾਲਾਤਾਂ ਨਾਲ ਤਸੱਲੀਬਖਸ਼ ਵਾਸਤਾ ਨਹੀਂ ਸੀ। ਧਾਰਮਿਕ ਹਾਲਤ ਤਰਸਯੋਗ ਬਣੀ ਪਈ ਸੀ। ਗੁਰੂ ਸਾਹਿਬਾਨ ਨੇ ਜਿਨ੍ਹਾਂ ਬੁਰਾਈਆਂ ’ਚੋਂ ਬਾਹਰ ਕੱਢਿਆ ਸੀ, ਸਿੱਖ ਸਮਾਜ ਉਨ੍ਹਾਂ ਵਿੱਚ ਹੀ ਧੱਸ ਰਿਹਾ ਸੀ।
ਮਹਾਰਾਜੇ ਨੂੰ ਸਿੱਖ ਪੰਥ ਦਾ ਸੇਵਕ ਮੰਨਿਆ ਜਾਂਦਾ ਹੈ। ਉਸ ਨੇ ਸਿੱਖ ਗੁਰਦੁਆਰਿਆਂ ਦੀ ਉਸਾਰੀ ਤੇ ਸੁੰਦਰਤਾ ਨਾਲ ਸੰਬੰਧਿਤ ਸੇਵਾਵਾਂ ਹੀ ਨਹੀਂ ਨਿਭਾਈਆਂ ਬਲਕਿ ਸਮੂਹ ਧਾਰਮਿਕ ਅਸਥਾਨਾਂ ਦੇ ਨਾਮ ਜਾਇਦਾਦਾਂ ਵੀ ਕਰਾਈਆਂ ਸਨ, ਪਰ ਉਸ ਦੇ ਜੀਵਨ ਉੱਪਰ ਵੀ ਬ੍ਰਾਹਮਣਵਾਦ ਭਾਰੂ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਮਾਈ ਸਤਨਾਮੋ ਦਾ ਬਿਆਨ ਦਰਜ ਕੀਤਾ ਹੋਇਆ ਹੈ। ਮਾਈ ਦੱਸਦੀ ਹੈ ਕਿ ਮੇਰਾ ਸਹੁਰਾ ਮਹਾਰਾਜਾ ਦਾ ਅੰਗੀਠੀਆ ਸੀ। ਕਹਿੰਦੀ ਅੰਗੀਠੀਆ ਉਹ ਹੁੰਦਾ ਹੈ, ਜੋ ਸਰਦੀਆਂ ਵਿੱਚ ਸੋਨੇ ਦੀ ਬਣੀ ਅੰਗੀਠੀ ਅਤੇ ਗਰਮੀਆਂ ਵਿੱਚ ਚਾਂਦੀ ਦੀ ਘੜੀ ਅੰਗੀਠੀ ਅੰਮ੍ਰਿਤ ਵੇਲੇ ਬਾਲ, ਹਰ ਰੋਜ਼ ਮਹਾਰਾਜੇ ਪਾਸ ਲੈ ਜਾਵੇ ਅਤੇ ਜਾਗਦੇ ਸਾਰ ਉਸ ਨੂੰ ਬੈਸੰਤਰ ਦੇਵਤਾ ਦੇ ਦਰਸ਼ਨ ਕਰਾ ਕੇ ਪ੍ਰਕਰਮਾ ਕਰਵਾ ਕੇ ਪੂਜਾ ਹਾਸਲ ਕਰੇ।
ਮਹਾਰਾਜੇ ਦੇ ਰਾਜ ਸਮੇਂ ਹੀ ਅਜਿਹੀਆਂ ਕੁਰੀਤੀਆਂ ਵਿਰੁੱਧ ਬਾਬਾ ਦਇਆਲ ਨੇ ਪੇਸ਼ਾਵਰ ਤੇ ਰਾਵਲਪਿੰਡੀ ਵਿੱਚ ਆਵਾਜ਼ ਉਠਾਈ। ਭਾਈ ਬਾਲਕ ਸਿੰਘ ਨੇ ਫਜ਼ੂਲ ਰਸਮਾਂ ਵਿਰੁੱਧ ਡਟਵਾਂ ਪ੍ਰਚਾਰ ਆਰੰਭਿਆ, ਪਰ ਜਦ ਇਹ ਵੀ ਪੈਗੰਬਰੀ ਹੋਣ ਦੇ ਦਾਅਵੇਦਾਰ ਬਣ ਗਏ ਤਾਂ ਸਿੱਖੀ ਸਾਗਰ ਨਾਲੋਂ ਟੁੱਟ ਗਏ। ਜੋ ਸਿੰਘ ਸਭਾ ਲਹਿਰ 1 ਅਕਤੂਬਰ 1873 ਨੂੰ ਉੱਠੀ ਉਸ ਦਾ ਜਨਮ ਸਮਾਂ ਨਿਰੰਕਾਰੀ ਤੇ ਨਾਮਧਾਰੀ ਲਹਿਰ ਵੇਲੇ ਦਾ ਮੰਨਿਆ ਜਾਣਾ ਸੀ, ਜੇ ਸ਼ਖ਼ਸੀ ਪੂਜਾ ਨਾ ਉੱਭਰਦੀ। ਨਿਰੰਕਾਰੀ ਅਤੇ ਨਾਮਧਾਰੀ ਲਹਿਰ ਦੀ ਮੁੱਢਲੀ ਦੇਣ ਦੇ ਪੰਨੇ ਸੁਨਹਿਰੀ ਅੱਖਰਾਂ ਵਿੱਚ ਹਨ।
ਸਿੰਘ ਸਭਾ ਲਹਿਰ ਦੀ ਸਿਫ਼ਤ ਹੈ ਕਿ ਇਹ ਸ਼ਖ਼ਸੀ ਪੂਜਾ ਤੇ ਪ੍ਰਭਾਵਾਂ ਨੂੰ ਪਛਾੜਦੀ ਸਮੂਹ ਪੰਥ ਤੇ ਗੁਰੂ-ਗ੍ਰੰਥ ਸਾਹਿਬ ਦੀ ਹੋ ਨਿਬੜੀ। ਸਬੂਤ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲੋਂ ਟੁੱਟ ਕੇ ਕੋਈ ਆਪਣੀ ਡਫਲੀ ਨਹੀਂ ਵਜਾਈ। ਸਿੰਘ ਸਭਾ ਲਹਿਰ ਦੇ ਆਰੰਭ ਹੋਣ ਦਾ ਤਤਕਾਲੀਨ ਕਾਰਨ ਬਣਿਆ ਕਿ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ (ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ) ਨੇ ਈਸਾਈ ਹੋਣ ਦੀ ਇੱਛਾ ਦਾ ਪ੍ਰਗਟਾਵਾ ਕਰ ਦਿੱਤਾ ਸੀ। ਸ਼ਰਧਾ ਰਾਮ ਫਿਲੌਰੀ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸਿੱਖ ਧਰਮ ਵਿਰੁੱਧ ਬੋਲ ਕੇ ਬਲਦੀ ’ਤੇ ਤੇਲ ਪਾਇਆ। ਸਿੰਘ ਸਭਾਵਾਂ ਦੇ ਤਾਲਮੇਲ ਹਿਤ ਸੰਨ 1880 ਵਿੱਚ ਕੇਂਦਰੀ ਕਮੇਟੀ ਬਣਾਈ ਗਈ, ਜੋ ਕਿ ਇਕ ਮਹਾਨ ਸੰਸਥਾ ਖ਼ਾਲਸਾ ਦੀਵਾਨ ਦੇ ਨਾਂ ਨਾਲ ਪ੍ਰਸਿੱਧ ਹੋਈ। ਆਪਸੀ ਧੜੇਬੰਦੀਆਂ ਦੇ ਬਾਵਜੂਦ 30 ਅਕਤੂਬਰ 1902 ਵਿੱਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਕੀਤੀ ਗਈ। ਮਤਭੇਦਾਂ ਦੇ ਚੱਲਦਿਆਂ ਸੰਨ 1906 ਵਿੱਚ ਪੰਚ ਖ਼ਾਲਸਾ ਦੀਵਾਨ ਬਣਿਆ। ਇਸ ਸਾਰੇ ਸਿਲਸਲੇ ’ਚੋਂ ਖ਼ਾਲਸਾ ਕਾਲਜ ਅਤੇ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਰਗੇ ਕਈ ਇਤਿਹਾਸਕ ਕਾਰਜ ਕੌਮ ਲਈ ਮਾਣ ਬਣੇ। ਸਿੱਖ ਕੌਮ ਦਾ ਹਰ ਅੰਗ ਜਿੱਥੇ ਕਿਤੇ ਵੀ ਬੈਠਾ ਸੀ, ਉਹ ਜਾਗ ਗਿਆ ਤੇ ਉੱਠ ਪਿਆ।
19 ਵੀਂ ਸਦੀ ਦੇ ਅਖ਼ੀਰ ਤੱਕ ਅੰਗਰੇਜ਼ਾਂ ਦੁਆਰਾ ਪੰਜਾਬ ਦੇ ਹਰ ਗੁਰਦੁਆਰੇ ਉੱਤੇ ਕਬਜ਼ੇ ਨੂੰ ਬਰਦਾਸ਼ਤ ਨਾ ਕਰਨ ਦਾ ਅਹਿਸਾਸ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਗਰੇਜ਼ਾਂ ਦੇ ਸਰਬਰਾਹ ਦਾ ਨਿਯੁਕਤ ਹੋ ਕੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ੀ ਸਰਕਾਰ ਦੇ ਵਫ਼ਾਦਾਰ ਰਹਿਣ ਦਾ ਹੁਕਮਨਾਮਾ ਜਾਰੀ ਹੋਣਾ, ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਤਨਖਾਹੀਏ ਕਰਾਰ ਦੇਣਾ ਅਤੇ ਆਜ਼ਾਦੀ ਦੇ ਪਰਵਾਨੇ ਗਦਰੀ ਸਿੱਖਾਂ ਨੂੰ ਪਤਿਤ ਕਰਾਰ ਦੇਣ ਦੇ ਵਰਤਾਰੇ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਜਲ੍ਹਿਆਂ ਵਾਲੇ ਬਾਗ ਦੇ ਸਾਕੇ ’ਚ ਖ਼ੂਨੀ ਦੋਸ਼ੀ ਜਨਰਲ ਡਾਇਰ ਨੂੰ ਸਰਬਰਾਹ ਅਰੂੜ ਸਿੰਘ ਵੱਲੋਂ ਸਿਰੋਪਾਓ ਦੇਣਾ ਅਸਹਿ ਕਾਰਾ ਸੀ। ਪੁਜਾਰੀ ਮਹੰਤਾਂ ਨੇ ਅਖੌਤੀ ਮਰਯਾਦਾ ਬਣਾਈ ਹੋਈ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਜ਼ਹਬੀ ਸਿੰਘਾਂ ਦਾ ਪ੍ਰਸ਼ਾਦ ਵੀ ਸਵੀਕਾਰ ਨਹੀਂ ਕਰਨਗੇ। ਮੱਥਾ ਟੇਕਣ ਲਈ, ਸਮੇਂ ਦੀਆਂ ਬੰਦਸ਼ਾਂ ਵੀ ਲਾਈਆਂ ਹੋਈਆਂ ਸਨ। ਸਰਕਾਰੀ ਕਾਨੂੰਨ ਕਾਰਨ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਬੈਠੇ ਪੁਜਾਰੀਆਂ ਅਤੇ ਮਹੰਤਾਂ ਵੱਲੋਂ ਗੁਰਦੁਆਰੇ ਵਿਭਚਾਰ ਤੇ ਦੁਰਾਚਾਰ ਦੇ ਬਣੇ ਅੱਡੇ ਹੁਣ ਸਿੱਖ ਸਹਿਣ ਨਹੀਂ ਕਰ ਸਕਦਾ ਸੀ। ਸਿੱਖਾਂ ਨੇ ਫ਼ੈਸਲਾ ਕਰ ਲਿਆ ਕਿ ਜਥੇਬੰਦ ਹੋ ਗੁਰਦੁਆਰੇ ਆਜ਼ਾਦ ਕਰਵਾਉਣੇ ਹਨ। ਮਈ 1920 ਵਿੱਚ ਲਾਹੌਰ ਤੋੋਂ ਸ਼ੁਰੂ ਹੋਏ ‘ਅਕਾਲੀ’ ਅਖ਼ਬਾਰ ਨੇ ਅੰਗਰੇਜ਼ਾਂ ਅਤੇ ਮਹੰਤਾਂ ਦੀਆਂ ਮਾੜੀਆਂ ਕਰਤੂਤਾਂ ਵਿਰੁੱਧ ਸਿੱਖ ਜਗਤ ਵਿੱਚ ਰੋਸ ਦਾ ਭਾਂਬੜ ਬਾਲ ਦਿੱਤਾ।
6 ਅਕਤੂਬਰ 1920 ਨੂੰ ਸਿੰਘਾਂ ਨੇ ਸਭ ਤੋਂ ਪਹਿਲਾਂ ‘ਬਾਬੇ ਦੀ ਬੇਰ’ ਸਿਆਲਕੋਟ ਦੇ ਇਤਿਹਾਸਕ ਗੁਰਦੁਆਰੇ ਦੀ ਸੇਵਾ ਸੰਭਾਲੀ। 12 ਅਕਤੂਬਰ 1920 ਦਾ ਦਿਨ ਸਿੰਘ-ਸ਼ਕਤੀ ਦੇ ਸੂਰਜ ਚੰਦਰਮਾ ਦੀ ਤਰ੍ਹਾਂ ਚੜ੍ਹਿਆ। ਜਿਨ੍ਹਾਂ ਨੂੰ ਨਿਮਨ ਜਾਤਾਂ ਕਿਹਾ ਜਾਂਦਾ ਸੀ ਉਹਨਾਂ ਨੇ ਪ੍ਰਸ਼ਾਦ ਵੀ ਸਵੀਕਾਰ ਕਰਵਾਇਆ ਤੇ ਅਰਦਾਸਾ ਵੀ ਸੋਧਿਆ। 15-16 ਨਵੰਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਇਕ ਪੰਥਕ ਇਕੱਠ ਕਰਕੇ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਮਿਲਿਆ। 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਨਾਮ ਦੀ ਜਥੇਬੰਦੀ ਵੀ ਹੋਂਦ ਵਿੱਚ ਆ ਗਈ। ਇਹਨਾਂ ਜਥੇਬੰਦੀਆਂ ਦੀ ਬਦੌਲਤ ਪੰਜਾ ਸਾਹਿਬ, ਤਰਨਤਾਰਨ, ਗੁਰੂ ਕੇ ਬਾਗ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਤੋਂ ਇਲਾਵਾ ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ।
ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਦਰਜਨਾਂ ਥਾਈਂ ਖ਼ੂਨੀ ਸਾਕੇ ਹੋਏ। ਸ੍ਰੀ ਨਨਕਾਣਾ ਸਾਹਿਬ ਦਾ ਦਰਦਨਾਕ ਸਾਕਾ 20 ਫਰਵਰੀ 1921 ਨੂੰ ਵਾਪਰਿਆ ਅਤੇ ਸਾਕੇ ਦੀ ਗਾਥਾ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਗੁਰਦੁਆਰਾ ਨਨਕਾਣਾ ਸਾਹਿਬ ਦੀ ਜ਼ਮੀਨ ਜਾਇਦਾਦ ਤੋਂ ਸਾਲਾਨਾ ਦੋ ਤਿੰਨ ਲੱਖ ਦੀ ਆਮਦਨ ਕਾਰਨ ਮਹੰਤ ਸ਼ਰਾਬੀ ਤੇ ਵਿਭਚਾਰੀ ਬਣੇ ਹੋਏ ਸਨ। ਕੁਕਰਮੀ ਮਹੰਤ ਸਾਧੂ ਦਾਸ ਦੀ ਮੌਤ ਤੋਂ ਬਾਅਦ ਬਣੇ ਕਿਸ਼ਨ ਦਾਸ ਨੇ ਤਾਂ ਭਤੀਜੇ ਦੇ ਵਿਆਹ ਮੌਕੇ ਗੁਰਦੁਆਰੇ ਦੀ ਹਦੂਦ ਅੰਦਰ ਕੰਜਰੀਆਂ ਦੇ ਨਾਚ ਤੱਕ ਕਰਵਾਏ। ਕਿਸ਼ਨ ਦਾਸ ਜਦ ਅਸਾਧ ਰੋਗ ਦੇ ਇਲਾਜ਼ ਵਾਸਤੇ ਲਾਹੌਰ ਹਸਪਤਾਲ ਵਿੱਚ ਦਾਖ਼ਲ ਸੀ ਤਾਂ ਚੇਲੇ ਨਰੈਣ ਦਾਸ ਨੇ ਉਸ ਦੀ ਜੇਬ੍ਹ ਵਿੱਚੋਂ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਖਿਸਕਾ ਲਈਆਂ ਤੇ ਆਪਣਾ ਕਬਜ਼ਾ ਕਰ ਲਿਆ। ਨਰੈਣੂ ਨੇ ਵੀ ਬਦਚਲਨ ਔਰਤ ਘਰ ਰੱਖ ਲਈ ਅਤੇ 1917 ਵਿੱਚ ਗੁਰਦੁਆਰੇ ਵਿੱਚ ਮੁਜਰਾ ਕਰਵਾਇਆ। ਸਿੰਘ ਸਭਾਵਾਂ ਨੇ ਕੁਕਰਮ ਰੋਕਣ ਲਈ ਮਤੇ ਪਾ ਕੇ ਸਰਕਾਰ ਨੂੰ ਭੇਜੇ, ਪਰ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ। ਨਵੰਬਰ 1920 ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਦੇ ਸੰਭਾਵੀ ਰੋਸ ਦੇ ਡਰ ਵਜੋਂ ਮਹੰਤ ਨੇ ਕ੍ਰਿਪਾਨਧਾਰੀ ਸਿੱਖਾਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਰੋਕਿਆ ਤਾਂ ਹਾਜ਼ਰ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਦਸੰਬਰ 1920 ਵਿੱਚ ਧਾਰੋਵਾਲੀ ਪਿੰਡ ਵਿੱਚ ਦੀਵਾਨ ਹੋਇਆ ਅਤੇ ਮਤਾ ਪਾਇਆ ਕਿ ਮਹੰਤ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਕਰੇ, ਪਰ ਮਹੰਤ ਨੂੰ ਸਰਕਾਰ ਅਤੇ ਬਾਬਾ ਕਰਤਾਰ ਸਿੰਘ ਬੇਦੀ ਵਰਗਿਆਂ ਦੀ ਸ਼ਹਿ ਸੀ।
ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਵਿੱਚ ਉਦਾਸੀ ਮਹੰਤਾਂ ਦੀ ਇਕੱਤਰਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ਆਪਣੀ ਕਮੇਟੀ ਬਣਾ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜਨਵਰੀ 1921 ਦੀ ਇਕੱਤਰਤਾ ਵਿੱਚ 4, 5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਵਿਖੇ ਵੱਡਾ ਸਿੱਖ ਇਕੱਠ ਕਰਨ ਦਾ ਫ਼ੈਸਲਾ ਲਿਆ। ਗੁਰਦੁਆਰਾ ਪ੍ਰਬੰਧ ਸਿੱਖ ਪੰਥ ਨੂੰ ਸੌਂਪ ਦੇਣ ਲਈ ਬੇਨਤੀ ਇਸ਼ਤਿਹਾਰ; ਸਰਕਾਰ ਅਤੇ ਮੋਹਤਬਰਾਂ ਨੂੰ ਭੇਜਿਆ। ਮਹੰਤ ਨੇ ਸਰਦਾਰ ਕਰਤਾਰ ਸਿੰਘ ਝੱਬਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਵੀ ਬਣਾਇਆ ਤੇ ਦੂਜੇ ਪਾਸੇ ਬਦਮਾਸ਼ਾਂ ਅਤੇ ਹਥਿਆਰਾਂ ਦਾ ਪ੍ਰਬੰਧ ਵੀ ਕਰ ਲਿਆ। ਮਹੰਤ ਦੀਆਂ ਮੰਦੀਆਂ ਵਿਉਂਤਾਂ ਦੇ ਮੱਦੇ-ਨਜ਼ਰ ਸਰਦਾਰ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਬੂਟਾ ਸਿੰਘ ਨੇ 17 ਫ਼ਰਵਰੀ ਨੂੰ ਸਲਾਹ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਿਥੀ ਮਿਤੀ ਤੋਂ ਪਹਿਲਾਂ, ਬਿਨਾਂ ਦੇਰੀ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਲਈ ਜਾਵੇ। ਭਾਈ ਝੱਬਰ ਅਤੇ ਧਾਰੋਵਾਲੀ ਦੇ ਜਥਿਆਂ ਨੇ 19 ਫ਼ਰਵਰੀ ਦੀ ਰਾਤ ਨੂੰ ਨਨਕਾਣਾ ਸਾਹਿਬ ਤੋਂ ਕੁਝ ਮੀਲ ਦੂਰ ਇਕੱਠੇ ਹੋਣ ਦਾ ਫ਼ੈਸਲਾ ਕੀਤਾ। ਸ: ਤੇਜਾ ਸਿੰਘ ਸਮੁੰਦਰੀ, ਸ: ਹਰਚੰਦ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੂੰ ਲਾਹੌਰ ਅਕਾਲੀ ਦਫ਼ਤਰ ਵਿੱਚ ਇਸ ਵਿਉਂਤਬੰਦੀ ਦਾ ਪਤਾ ਲੱਗਾ ਤਾਂ ਉਹਨਾਂ ਖ਼ਤਰਾ ਮਹਿਸੂਸ ਕੀਤਾ। ਸ: ਸਰਦੂਲ ਸਿੰਘ ਕਵਿਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ: ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਸਾਂਗਲਾ ਦੀ ਸਹਿਮਤੀ ਨਾਲ ਜਥਿਆਂ ਨੂੰ ਰੋਕਣ ਵਾਸਤੇ ਸੁਨੇਹੇ ਭੇਜ ਦਿੱਤੇ। ਸਰਦਾਰ ਝਬਾਲ ਤੇ ਸਾਂਗਲਾ ਰਾਤ ਨੂੰ ਜਥੇਦਾਰ ਝੱਬਰ ਨੂੰ ਮਿਲ ਗਏ ਅਤੇ ਉਹਨਾਂ ਨੂੰ ਸਹਿਮਤ ਕਰਨ ਵਿੱਚ ਸਫ਼ਲ ਹੋ ਗਏ। ਭਾਈ ਲਛਮਣ ਸਿੰਘ ਧਾਰੋਵਾਲੀ ਦਾ ਲਗਭਗ 200 ਸਿੰਘਾਂ ਦਾ ਜਥਾ ਚੰਦਰਕੋਟ ਤੋਂ ਅੱਗੇ ਨਨਕਾਣਾ ਸਾਹਿਬ ਨੇੜੇ ਭੱਠਿਆਂ ਉੱਤੇ ਪੁੱਜ ਚੁੱਕਾ ਸੀ। ਇਕ ਘੋੜ ਸਵਾਰ ਭਾਈ ਦਲੀਪ ਸਿੰਘ ਦਾ ਪੱਤਰ ਲੈ ਕੇ ਜਥੇ ਪਾਸ ਪੁੱਜਾ ਤੇ ਭਾਈ ਦਲੀਪ ਸਿੰਘ ਪ੍ਰਤੀ ਸਤਿਕਾਰ ਕਰਦਿਆਂ ਸਹਿਮਤੀ ਬਣ ਰਹੀ ਸੀ, ਪਰ ਜਥੇ ਦੇ ਮੈਂਬਰ ਭਾਈ ਟਹਿਲ ਸਿੰਘ ਨੇ ਕੀਤੀ ਅਰਦਾਸ ਨੂੰ ਮੁੱਖ ਰੱਖਦਿਆਂ ਸ਼ਾਂਤਮਈ ਮੱਥਾ ਟੇਕ ਕੇ ਮੁੜਣ ਲਈ ਜ਼ੋਰ ਪਾਇਆ ਤੇ ਚਾਲੇ ਪਾ ਦਿੱਤੇ। ਜਥੇ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ। ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਉਪਰੰਤ ਭਾਈ ਲਛਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਕੀਰਤਨ ਸ਼ੁਰੂ ਕੀਤਾ। ਮਹੰਤ ਨੂੰ ਮੌਕਾ ਮਿਲ ਗਿਆ 20 ਫ਼ਰਵਰੀ ਨੂੰ ਗੋਲ਼ੀਆਂ ਦੀਆਂ ਬੁਛਾੜਾਂ ਨਾਲ ਸਿੰਘ ਸ਼ਹੀਦ ਕਰ ਦਿੱਤੇ ਅਤੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲ਼ੀਆਂ ਵੱਜੀਆਂ। ਸੰਗਤਾਂ ’ਤੇ ਕਹਿਰ ਢਾਹੁਣ ਦੀ ਦਰਦਨਾਕ ਦਾਸਤਾਨ ਵੱਖਰੀ ਹੈ।
ਨਨਕਾਣਾ ਸਾਹਿਬ ਸਾਕੇ ਦੀ ਖ਼ਬਰ ਸੁਣਦਿਆਂ ਹੀ ਸਿੱਖ ਸੰਗਤਾਂ ਨੇ ਚਾਲੇ ਪਾ ਦਿੱਤੇ। ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦੇ ਜਥੇ ਨਾਲ ਪੁੱਜੇ। ਜਥੇਦਾਰ ਝੱਬਰ ਸਰਕਾਰੀ ਰੋਕਾਂ ਤੋੜ ਕੇ ਗੁਰਦੁਆਰੇ ਅੰਦਰ ਦਾਖ਼ਲ ਹੋਣ ਲਈ ਅੜ ਗਏ। ਅੰਤ ਨੂੰ ਸਰਕਾਰ ਨੇ ਸਿੱਖ ਜਥੇ ਦੇ ਰੋਹ ਅੱਗੇ ਝੁਕਦਿਆਂ 21 ਫ਼ਰਵਰੀ 1921 ਨੂੰ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਸਿੱਖ ਆਗੂਆਂ ਨੂੰ ਸੌਂਪ ਦਿੱਤੀਆਂ।