ਨਾਨਕ ਦੇ ਸੱਚੇ ਬੋਲਾਂ ਨੂੰ

0
184

ਨਾਨਕ ਦੇ ਸੱਚੇ ਬੋਲਾਂ ਨੂੰ

ਲੋੜ ਹੈ ਨਾਨਕ ਬਾਣੀ ਦੀ, ਅੱਜ ਕੌਮ ਦੀ ਨਵੀਂ ਪਨੀਰੀ ਨੂੰ।

ਸ਼ਬਦ ਸਾਂਝ ਦੀ ਤਾਕਤ ਸਾਂਭੋ, ਰੂਹ ਦੀ ਅਸਲ ਅਮੀਰੀ ਨੂੰ।

ਮੁੜ ਤੋਂ ਦ੍ਰਿੜ੍ਹ ਕਰਵਾਉ ਖ਼ੁਦ ਨੂੰ, ਕਿਰਤ, ਸ਼ਬਦ, ਵੰਡ ਮੇਲ।

ਜਗੇ ਚਿਰਾਗ ਕਦੇ ਨਾ ਜੱਗ ਤੇ, ਬਿਨ ਬੱਤੀ ਬਿਨ ਤੇਲ।

ਲੋੜ ਹੈ ਸੌਦਾ ਖਰਾ ਸਿਖਾਉਣਾ, ਦੇਸ਼ ਦੇ ਧਨੀ ਅਮੀਰਾਂ ਨੂੰ।

ਸ਼ਬਦ ਹਲੂਣਾ ਦੇਵੋ ਹੁਣ ਤਾਂ, ਸੁੱਤੀਆਂ ਸਰਦ ਜ਼ਮੀਰਾਂ ਨੂੰ।

ਕਾਮੇ ਦੀ ਸੁੱਚੀ ਮਿਹਨਤ ਨੂੰ, ਲੁੱਟਦੇ ਸ਼ਾਹੂਕਾਰਾਂ ਨੂੰ।

ਲੋੜ ਹੈ ਨਾਨਕ ਬਾਣੀ ਦੀ ਅੱਜ, ਧਰਮ ਦੇ ਠੇਕੇਦਾਰਾਂ ਨੂੰ।

ਛੱਡ ਕੇ ਮੰਦਿਰ ਮਸਜਿਦ ਝਗੜੇ, ਅੰਦਰ ਝਾਤ ਪਵਾਉਂਦਾ ਜਾਹ।

ਸਰਬ ਧਰਮ ਸਤਿਕਾਰ ਦੇ ਬੂਟੇ, ਬੰਜਰ ਮਨ ਵਿੱਚ ਲਾਉਂਦਾ ਜਾਹ।

ਸੱਜਣ ਠੱਗ ਤੇ ਕੌਡੇ ਰਾਖ਼ਸ਼, ਖੂਨ ਦੀ ਭੱਠ ਤਪਾਉਂਦੇ ਨੇ।

ਖ਼ੂਨ ਗ਼ਰੀਬ ਦਾ ਕਾੜ੍ਹ ਕਾੜ੍ਹ ਕੇ, ਆਪਣੀ ਪਿਆਸ ਮਿਟਾਉਂਦੇ ਨੇ।

ਚੰਦਰੀ ਖ਼ੂਨੀ ਦੀ ਭੱਠੀ ਉੱਤੇ, ਪਿਆਰ ਦਾ ਮੀਂਹ ਵਰਸਾਉਂਦਾ ਜਾਹ।

ਬਣ ਜਾ ਸਿੱਖ ਅਸਲ ਸਤਿਗੁਰ ਦਾ, ਤਜ ਦੇ ਭੋਜਨ ਭਾਗੋਆਂ ਦਾ।

ਭਾਈ ਲਾਲੋ ਬਣ  ਜਾ ਬੰਦਿਆ ! ਹੱਕ ਦੀ ਅੱਧੀ ਖਾਂਦਾ ਜਾਹ।

ਦੇਸ਼ ਦੀ ਹੱਦ, ਬੋਲੀ ਦੇ ਝਗੜੇ, ਕਿਉਂ ਇਹ ਕਰਦੇ ਫਿਰਦੇ ਓ।

ਲੋਕਾਂ ਵੱਲ ਜਾਂ ਜੋਕਾਂ ਵੱਲ, ਦੱਸੋ ਜੀ ਕਿਹੜੀ ਧਿਰ ਦੇ ਓ।

ਇਕੋ ਮਾਲਕ ਦੇ ਧੀ ਪੁੱਤ ਹਾਂ, ਸਮਝ ਦਾ ਪਾਠ ਪੜ੍ਹਾਉਂਦਾ ਜਾਹ।

ਮਾਂ ਬੋਲੀ ਵੱਲ ਜੋ ਪਿੱਠ ਕਰਦਾ, ਜੀਂਦੇ ਜੀਅ ਮਰ ਜਾਂਦਾ ਏ।

ਮਾਂ ਬੋਲੀ ਦਾ ਸਰਵਣ ਪੁੱਤ ਬਣ, ਇਹ ਸੁਨੇਹਾ ਲਾਉਂਦਾ ਜਾਹ।

ਕਰ ਅਰਦਾਸ ਅਗੰਮੀ ਬੋਲ ’ਚੋਂ, ਆਸ  ਕਦੇ ਵੀ ਮੁੱਕਦੀ ਨਹੀਂ।

ਇਸ ਜੀਵਨ ’ਚੋਂ ਹਿੰਮਤ ਨੂੰ, ਧਰਵਾਸ ਦੀ ਟਾਹਣੀ ਸੁੱਕਦੀ ਨਹੀਂ।

ਪਵਣੁ ਗੁਰੂ, ਪਾਣੀ ਹੈ ਪਿਤਾ,  ਧਰਤੀ ਮਾਤ ਬੁਲਾਉਂਦਾ ਜਾਹ।

ਨਾਨਕ ਦੇ ਸੱਚੇ ਬੋਲਾਂ ਨੂੰ, ਆਪਣੇ ਹਿਰਦੇ ’ਚ ਵਸਾਉਂਦਾ ਜਾਹ।

ਨਵਗੀਤ ਕੌਰ (ਲੁਧਿਆਣਾ)