ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਕ ਬਹਾਦਰ ਯੋਧੇ
ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719
ਗੁਰੂ ਨਾਨਕ ਪਾਤਸ਼ਾਹ ਜੀ ਦੀ 10 ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ 23 ਮਾਘ) ਮੁਤਾਬਕ 26 ਜਨਵਰੀ 1687 ਈ. ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਵਰੇਸ (ਅਵਸਥਾ) ਵਿਚ ਵਡੇਰੀ ਕੁਰਬਾਨੀ ਸਦਕਾ ਸਿੱਖ ਸਮਾਜ ’ਚ ਉਨ੍ਹਾਂ ਨੂੰ ਸਤਿਕਾਰ ਵਜੋਂ ਬਾਬਾ ਅਜੀਤ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
15 ਅਪ੍ਰੈਲ 1687 ਨੂੰ ਪਹਾੜੀ ਰਾਜਿਆਂ ਵੱਲੋਂ ਜਦ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾ ਭੰਗਾਣੀ ਯੁੱਧ ਹੋਇਆ ਤਾਂ ਇਸ ਵਿੱਚ ਹੋਈ ਜਿੱਤ ਸਦਕਾ ਬਾਬਾ ਜੀ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਗਿਆ, ਜਿਨ੍ਹਾਂ ਦੀ ਉਮਰ ਤਦ ਤਿੰਨ ਮਹੀਨਿਆਂ ਤੋਂ ਵੀ ਘੱਟ ਸੀ।
ਛੋਟੀ ਉਮਰ ਵਿਚ ਹੀ ਬਾਬਾ ਜੀ ਕਾਫ਼ੀ ਚੁਸਤ ਤੇ ਚਲਾਕ ਬਿਰਤੀ ਦੇ ਮਾਲਕ ਸਨ। ਜਿੱਥੇ ਉਨ੍ਹਾਂ ਗੁਰਬਾਣੀ ਨੂੰ ਗਹਿਰਾਈ ਨਾਲ ਵੀਚਾਰਿਆ ਉੱਥੇ ਸ਼ਸਤਰ ਵਿੱਦਿਆ ’ਚ ਵੀ ਨਿਪੁਨਤਾ ਹਾਸਲ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਆਯੂ ਦਾ ਜ਼ਿਆਦਾਤਰ ਭਾਗ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠ ਆਨੰਦਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ।
23 ਮਈ 1699 ਈ: ਨੂੰ ਬਾਬਾ ਅਜੀਤ ਸਿੰਘ, 100 ਸਿੰਘਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨੂਹ ਵਿਖੇ ਪਹੁੰਚ ਗਏ, ਜਿੱਥੇ ਉਨ੍ਹਾਂ ਉਥੋਂ ਦੇ ਰੰਗੜਾਂ ਨੂੰ ਚੰਗਾ ਸਬਕ ਸਿਖਾਇਆ ਜਿਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁੱਟਿਆ ਸੀ।
29 ਅਗਸਤ 1700 ਈ: ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ਉੱਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਆਰੰਭਲੇ ਦਿਨਾਂ ਵਿਚ ਜਦੋਂ ਪਹਾੜੀ ਰਾਜਿਆ ਨੇ ਨਿਰਮੋਹਗੜ੍ਹ ’ਤੇ ਧਾਵਾ ਬੋਲਿਆ ਤਾਂ ਉਸ ਵਕਤ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਦਾ ਡੱਟਵਾਂ ਸਾਥ ਦਿੱਤਾ।
ਇਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਸੀ। ਇਕ ਗਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਹੋਇਆ ਦਰਬਾਰ ’ਚ ਆ ਕੇ ਕਹਿਣ ਲੱਗਾ ‘ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰਕੇ ਮੇਰੀ ਧਰਮ-ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫ਼ਰਿਆਦ ਵੱਲ ਕੋਈ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾਂ ਹੀ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।’
ਗੁਰੂ ਸਾਹਿਬ ਨੇ ਸਾਹਿਬਾਜ਼ਾਦਾ ਅਜੀਤ ਸਿੰਘ ਨੂੰ ਕਿਹਾ ਕਿ ਪੁੱਤਰ ਜੀ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਜਾਉ ਅਤੇ ਜਾਬਰ ਖਾਂ ਤੋਂ ਇਸ ਮਜ਼ਲੂਮ ਦੀ ਤੀਵੀਂ ਛੂਡਾ ਕੇ ਲਿਆਉ। ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ ’ਤੇ ਧਾਵਾ ਬੋਲ ਦਿੱਤਾ। ਜਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ ਅਤੇ ਗਰੀਬ ਬ੍ਰਾਹਮਣ ਦੀ ਪਛਾਣ ’ਤੇ ਉਸ ਦੀ ਅਬਲਾ ਪਤਨੀ ਨੂੰ ਜਾਲਮ ਦੇ ਪੰਜੇ ’ਚੋ ਛੁਡਾ ਲਿਆ। ਪਿੰਡ ’ਤੇ ਹਮਲੇ ਸਮੇਂ ਕਸੂਰਵਾਰ ਨੂੰ ਛੱਡ ਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ।
ਮਨੋਰਥ ਦੀ ਸਿੱਧੀ ਤੋਂ ਬਾਅਦ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਬੜਾ ਹੀ ਸਤਿਕਾਰ ਬਖ਼ਸ਼ਿਆ। ਫ਼ਰਿਆਦੀ ਦੀ ਪਤਨੀ ਉਸ ਦੇ ਹਵਾਲੇ ਕੀਤੀ ਗਈ ਅਤੇ ਕੁਕਰਮੀ ਜਾਬਰ ਖਾਂ ਨੂੰ ਢੁੱਕਵੀ ਸਜ਼ਾ ਦਿੱਤੀ ਗਈ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਮੁਗਲਾਂ ਅਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਨੇ ਬੜੇ ਹੀ ਦਲੇਰਾਨਾ ਅਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਬਾਜਾਂ ਵਾਲੇ ਮਾਹੀ ਨੇ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਦੁਆਰਾ ਵਸਾਈ ਨਗਰੀ ਨੂੰ ਦਸੰਬਰ 1704 ਈ. ਨੂੰ ਛੱਡ ਜਾਣ ਦਾ ਫੈਸਲਾ ਕਰ ਲਿਆ। ਗੁਰੂ ਪਰਿਵਾਰ ਅਤੇ ਖਾਲਸਾ ਫੌਜ ਅਜੇ ਸਰਸਾ ਨਦੀ ਦੇ ਨਜਦੀਕ ਹੀ ਪਹੁੰਚੇ ਸਨ ਕਿ ਦੁਸ਼ਮਣ ਦੀ ਫੌਜ ਨੇ ਆ ਹਮਲਾ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਕੁੱਝ ਸ਼ੇਰਦਿਲ ਸਿੰਘਾਂ ਲੇ ਦੁਸ਼ਮਣ ਦੇ ਟਿੱਡੀ ਦਲ ਨੂੰ ਉਨ੍ਹਾਂ ਚਿਰ ਤੱਕ ਰੋਕੀ ਰੱਖਿਆ ਜਦ ਤੱਕ ਗੁਰੂ ਪਿਤਾ ਸਮੇਤ ਵੱਡਾ ਜਥਾ ਸਰਸਾ ਨਦੀ ਪਾਰ ਕਰਨ ਲਈ ਨਦੀ ’ਚ ਨਹੀਂ ਬੜ ਗਏ। ਪਿੱਛੋਂ ਉਹ ਆਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ।
ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ 40 ਕੁ ਸਿੰਘਾਂ ਸਮੇਤ ਚਮਕੌਰ ਸਾਹਿਬ ਵਿਖੇ ਚੋਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਬੇਲੀ ’ਚ ਸ਼ਰਨ ਲੈ ਲਈ। ਇਸ ਗੜ੍ਹੀ ਵਿਚਲੀ ਓਟ ਸਦਕਾ ਗੁਰੂ ਸਾਹਿਬ ਨੇ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੀ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।
ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਕੋਲੋਂ ਮੈਦਾਨੇ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਸਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਕਿਹਾ ‘ਲਾਲ ਜੀਓ ! ਜਦ ਮੈਂ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਜੀ ਨੂੰ ਸ਼ਹੀਦ ਹੋਣ ਲਈ ਘੱਲਿਆ ਸੀ ਤਾਂ ਉਸ ਸਮੇਂ ਮੈਂ ਆਪਣਾ ਧਰਮੀ ਪੁੱਤਰ ਹੋਣ ਦਾ ਫ਼ਰਜ਼ ਅਦਾ ਕੀਤਾ ਸੀ ਤੇ ਅੱਜ ਮੈਂ ਤੈਨੂੰ ਰਣ-ਤੱਤੇ ਵਲ ਭੇਜ ਕੇ ਧਰਮੀ ਪਿਤਾ ਹੋਣ ਦਾ ਫ਼ਰਜ਼ ਅਦਾ ਕਰ ਰਿਹਾ ਹਾਂ। ਵਾਹਿਗੁਰੂ ਨੇ ਮੈਨੂੰ ਏਥੇ ਭੇਜਿਆ ਹੀ ਇਸ ਵਾਸਤੇ ਹੈ।
ਦਸਵੇਂ ਪਾਤਸ਼ਾਹ ਨੇ ਏਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦੇ ਨੂੰ ਜੰਗ ਵੱਲ ਤੋਰਿਆ; ਜਿਵੇਂ ਲਾੜੀ ਮੌਤ ਨੂੰ ਵਿਆਹੁਣ ਜਾ ਰਹੇ ਹੋਣ। ਸੀਸ ਉੱਪਰ ਹੀਰਿਆਂ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗਲਾਂ ਦੀਆਂ ਫੌਜਾਂ ਨੂੰ ਭਾਸਿਆ ਕਿ ਜਿਵੇਂ ਹਜ਼ੂਰ ਆਪ ਹੀ ਗੜੀ ਵਿੱਚੋਂ ਬਾਹਰ ਆ ਗਏ ਹੋਣ। ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਪਿਆ। ਵੱਡੀ ਗਿਣਤੀ ਵਿਚ ਵੈਰੀਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਬਾਬਾ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ। ਸਾਰਾ ਜਿਸਮ ਤੀਰਾਂ ਤੇ ਤਲਵਾਰਾਂ ਨਾਲ ਛੱਲਣੀ ਹੋ ਗਿਆ ਸੀ, ਪਰ ਆਤਮਾ ਅਨੰਦਿਤ ਹੁੰਦੀ ਪਰਮਾਤਮਾ ਵਿਚ ਲੀਨ ਹੋ ਗਈ: ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ ॥’’ (ਮ: ੫/੮੪੬)
ਲਾਲ ਦੀ ਬਹਾਦਰੀ ਦੇਖ ਕੇ ਦਸਮੇਸ਼ ਪਿਤਾ ਜੀ ਗੁਰਬਾਣੀ ਦੇ ਪਾਵਨ ਵਚਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਅਨੁਸਾਰ ਜੀਵਨ ਲੇਖੇ ਲਗਦੇ ਨੂੰ ਆਪਣੀ ਨਜ਼ਰੀ ਤੱਕਦਿਆਂ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕੀਤਾ।