ਰਾਜਨੀਤਕ ਤਾਕਤ ਤੇ ਹਥਿਆਰ ਕਿਵੇਂ ਦਿਮਾਗ਼ ਉੱਤੇ ਅਸਰ ਪਾਉਂਦੇ ਹਨ ?

0
275

ਰਾਜਨੀਤਕ ਤਾਕਤ ਤੇ ਹਥਿਆਰ ਕਿਵੇਂ ਦਿਮਾਗ਼ ਉੱਤੇ ਅਸਰ ਪਾਉਂਦੇ ਹਨ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਇੱਕੋ ਗਰੁੱਪ ਦੇ ਬੰਦਿਆਂ ਵਿੱਚੋਂ ਜਦੋਂ ਕੋਈ ਇਕ ਬਾਕੀਆਂ ਨਾਲੋਂ ਉੱਚੀ ਪਦਵੀ ਉੱਤੇ ਪਹੁੰਚ ਜਾਂਦਾ ਹੈ ਤਾਂ ਉਸ ਦੇ ਵਿਹਾਰ ਵਿਚ ਇਕਦਮ ਤਬਦੀਲੀ ਦਿਸਣ ਲੱਗ ਪੈਂਦੀ ਹੈ। ਕਈ ਵਾਰ ਅਜਿਹੇ ਬੰਦੇ ਨੂੰ ਆਪ ਪਤਾ ਹੀ ਨਹੀਂ ਲਗਦਾ ਕਿ ਉਸ ਦੇ ਵਿਹਾਰ ਵਿਚ ਕੋਈ ਤਬਦੀਲੀ ਆ ਚੁੱਕੀ ਹੈ।

ਸਟੈਨਫੋਰਡ ਦੇ ਸਾਈਕੋਲੋਜਿਸਟ ਜੇਮਜ਼ ਗਰੌਸ ਤੇ ਹਾਰਵਾਰਡ ਯੂਨੀਵਰਸਿਟੀ ਦੀ ਪੂਰੀ ਟੀਮ ਨੇ ਅਜਿਹੇ ਮਾਮਲਿਆਂ ਵਿਚ ਲੰਮੇ ਸਮੇਂ ਤੱਕ ਖੋਜ ਕਰ ਕੇ ਇਹ ਤੱਥ ਸਾਰਿਆਂ ਦੇ ਸਾਹਮਣੇ ਰੱਖੇ ਹਨ :-

ਆਮ ਹੀ ਸੋਚਿਆ ਜਾਂਦਾ ਹੈ ਕਿ ਤਾਕਤ ਵਾਲੀ ਪੋਸਟ ਹਾਸਲ ਕਰਨ ਵਾਲਿਆਂ ਨੂੰ ਵੱਧ ਤਣਾਓ ਸਹੇੜਨਾ ਪੈਂਦਾ ਹੈ। ਖੋਜ ਰਾਹੀਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਵੱਧ ਦੀ ਥਾਂ ਅਜਿਹਾ ਰੁਤਬਾ ਹਾਸਲ ਕਰਨ ਵਾਲਿਆਂ ਦੇ ਸਰੀਰ ਅੰਦਰ ਤਣਾਓ ਦੇ ਹਾਰਮੋਨ ਘੱਟ ਹੋ ਜਾਂਦੇ ਹਨ। ਨਾ ਸਿਰਫ਼ ਤਣਾਓ ਬਲਕਿ ਘਬਰਾਹਟ ਵੀ ਕਾਫ਼ੀ ਘੱਟ ਹੁੰਦੀ ਹੈ।

ਵਾਈਟਹਾਲ ਸਟੱਡੀ ਜੋ ਕਿ ਰੌਬਰਟ ਸਪੌਲਸਕੀ ਨੇ ਬਰਿਟਿਸ਼ ਸਿਵਲ ਸਰਵਿਸਿਸ ਵਿਚਲੇ ਉੱਚ ਅਧਿਕਾਰੀਆਂ ਦੇ ਲਹੂ ਦੇ ਸੈਂਪਲ ਲੈ ਕੇ ਕੀਤੀ, ਵਿਚ ਵੀ ਸਪਸ਼ਟ ਹੋਇਆ ਕਿ ਜਿੰਨੀ ਵੱਧ ਤਾਕਤਵਰ ਪੋਜ਼ੀਸ਼ਨ ਹਾਸਲ ਕਰੀ ਬੈਠੇ ਅਫ਼ਸਰ ਸਨ, ਓਨਾ ਹੀ ਉਨ੍ਹਾਂ ਨੇ ਘੱਟ ਤਣਾਓ ਸਹੇੜਿਆ ਸੀ ਤੇ ਉਨ੍ਹਾਂ ਦੀ ਬੀਮਾਰੀ ਨੂੰ ਝੱਲਣ ਦੀ ਸਮਰਥਾ ਵੀ ਵੱਧ ਸੀ।

ਸਪਸ਼ਟ ਹੋ ਗਿਆ ਕਿ ਕੈਂਸਰ ਤਕ ਵਰਗੀ ਬੀਮਾਰੀ ਸਹੇੜ ਲੈਣ ਬਾਅਦ ਵੀ ਤਾਕਤਵਰ ਲੋਕਾਂ ਵਿਚ ਬਚਣ ਦੇ ਆਸਾਰ ਬਾਕੀਆਂ ਨਾਲੋਂ ਕਾਫ਼ੀ ਵੱਧ ਹੰੁਦੇ ਹਨ। ਬਿਲਕੁਲ ਇੰਜ ਹੀ ਸ਼ੱਕਰ ਰੋਗ ਜਾਂ ਬਲੱਡ ਪ੍ਰੈੱਸ਼ਰ ਵਰਗੀਆਂ ਬੀਮਾਰੀਆਂ ਦੇ ਮਾੜੇ ਅਸਰਾਂ ਤੋਂ ਅਜਿਹੇ ਲੋਕ ਕਾਫੀ ਦੇਰ ਤਕ ਬਚੇ ਰਹਿੰਦੇ ਹਨ ਤੇ ਬਾਕੀਆਂ ਦੇ ਮੁਕਾਬਲੇ ਲੰਮੀ ਉਮਰ ਭੋਗਦੇ ਹਨ।

ਸਟੈਨਫੋਰਡ ਯੂਨੀਵਰਸਿਟੀ ਵਿਚ ਹੋਈ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ ਕਿ ਜਿੰਨੇ ਉੱਚੀ ਪਦਵੀ ਉੱਤੇ ਬੈਠੇ ਲੋਕ ਹਨ, ਉਨ੍ਹਾਂ ਦੇ ਦਿਮਾਗ਼ ਇਹ ਸੁਣੇਹਾ ਫੜ ਲੈਂਦੇ ਹਨ ਕਿ ਸਭ ਕੁੱਝ ਉਨ੍ਹਾਂ ਦੇ ਕੰਟਰੋਲ ਵਿਚ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦੀ ਖੇਡ ਹੁੰਦੀ ਹੈ ਜਿਵੇਂ ਪਾਸਾ ਸੁੱਟਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਵੇਂ 6 ਲਿਆਉਣੇ ਨੇ ਤੇ ਕਿਵੇਂ ਲੋੜ ਪੈਣ ਉੱਤੇ ਦੋ !

ਦਿਮਾਗ਼ ਅੰਦਰ ਉਪਜ ਚੁੱਕੀ ਅਜਿਹੀ ਸੋਚ ਬਹੁਤ ਸਾਰੇ ਗ਼ਲਤ ਫ਼ੈਸਲੇ ਲੈਣ ਉੱਤੇ ਮਜਬੂਰ ਕਰ ਦਿੰਦੀ ਹੈ ਤੇ ਕਈ ਵਾਰ ਅਜਿਹੇ ਫ਼ੈਸਲਿਆਂ ਉੱਤੇ ਦੁਨੀਆ ਦਾ ਇਤਿਹਾਸ ਤੱਕ ਬਦਲ ਜਾਂਦਾ ਹੈ।

ਇਸ ਤਰ੍ਹਾਂ ਦੀ ਸੋਚ ਹਾਵੀ ਹੋਣ ਨਾਲ ਸਰੀਰ ਅੰਦਰ ਹਉਮੈ ਉਪਜ ਪੈਂਦੀ ਹੈ, ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਤੇ ਬੰਦਾ, ਬਾਕੀਆਂ ਨੂੰ ਆਪਣੇ ਤੋਂ ਹੀਣ ਸਮਝਣ ਉੱਤੇ ਮਜਬੂਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸੋਚ ਹੀ ਆਚੇਤ ਮਨ ਰਾਹੀਂ ਸਾਹਮਣੇ ਬੈਠੇ ਇਨਸਾਨ ਨੂੰ ਆਪਣੇ ਤੋਂ ਨੀਵਾਂ ਮੰਨ ਕੇ ਉਸ ਨਾਲ ਬੋਲ ਚਾਲ ਵੇਲੇ ਖੁਰਦਰੇ ਜਾਂ ਰੁੱਖੇ ਬੋਲ ਬੋਲਣ ਉੱਤੇ ਮਜਬੂਰ ਕਰ ਦਿੰਦੀ ਹੈ।

ਨੌਰਥ ਵੈਸਟਰਨ ਯੂਨੀਵਰਸਿਟੀ ਵਿਖੇ ਹੋਈ ਖੋਜ ਰਾਹੀਂ ਇਹ ਪਤਾ ਲੱਗਿਆ ਕਿ ਜਿੰਨੀ ਉੱਚੀ ਪਦਵੀ ਉੱਤੇ ਕੋਈ ਪਹੁੰਚ ਜਾਏ, ਓਨੀ ਹੀ ਉਸ ਦੀ ਹਉਮੈ ਵਧਦੀ ਜਾਂਦੀ ਹੈ। ਇਸੇ ਲਈ ਜੋ ਵੀ ਜਣਾ ਉਸ ਹਉਮੈ ਨੂੰ ਪੱਠੇ ਪਾ ਦੇਵੇ, ਉਸ ਨੂੰ ਬੰਦਾ ਆਪਣਾ ਕਰੀਬੀ ਮੰਨ ਕੇ ਆਪਣੇ ਨਾਲ ਰੱਖਣ ਲੱਗ ਪੈਂਦਾ ਹੈ। ਇਸ ਤਰ੍ਹਾਂ ਦੇ ਚੇਲਿਆਂ ਦੀ ਭੀੜ ਵਿਚ ਜਿਹੜਾ ਫਸ ਜਾਵੇ, ਉਹ ਹੌਲੀ-ਹੌਲੀ ਚਾਪਲੂਸਾਂ ਦੀ ਲੇਸਨੁਮਾ ਗੱਲਬਾਤ ਵਿਚ ਅੜ ਕੇ ਗ਼ਲਤ ਫ਼ੈਸਲੇ ਲੈਣ ਲੱਗ ਪੈਂਦਾ ਹੈ ਤੇ ਆਪਣੇ ਆਪ ਨੂੰ ਰੱਬ ਮੰਨਣ ਲੱਗ ਪੈਂਦਾ ਹੈ।

ਮਨੋਵਿਗਿਆਨੀ ਗੈਲਿਨਸਕੀ ਨੇ ਆਪਣੀ ਪੂਰੀ ਟੀਮ ਨਾਲ ਅਨੇਕ ਉੱਚੇ ਅਹੁਦਿਆਂ ਉੱਤੇ ਬੈਠੇ ਅਧਿਕਾਰੀਆਂ ਉੱਤੇ ਅਧਿਐਨ ਕਰਨ ਬਾਅਦ ਇਹ ਤੱਥ ਕੱਢੇ ਕਿ ਲੋੜਵੰਦਾਂ ਵੱਲੋਂ ਕੱਢੇ ਹਾੜਿਆਂ ਨਾਲ ਇਹ ਛੇਤੀ ਪਸੀਜਦੇ ਨਹੀਂ ਤੇ ਇਸੇ ਲਈ ਕਈ ਵਾਰ ਹੱਦੋਂ ਵੱਧ ਕਠੋਰ ਫ਼ੈਸਲੇ ਲੈ ਕੇ ਗ਼ਰੀਬਾਂ ਉੱਤੇ ਅੱਤਿਆਚਾਰ ਵੀ ਕਰ ਜਾਂਦੇ ਹਨ।

ਖੋਜੀ ਦੇਬੋਰਾ ਨੇ ਆਪਣੇ ਅੰਕੜਿਆਂ ਰਾਹੀਂ ਸਾਬਤ ਕੀਤਾ ਹੈ ਕਿ ਬਹੁਤ ਸਾਰੇ ਤਾਕਤਵਰ ਲੋਕ ਆਪਣੇ ਗ਼ਲਤ ਫ਼ੈਸਲਿਆਂ ਨੂੰ ਸੋਧਣ ਤੇ ਆਪਣੀ ਗ਼ਲਤੀ ਮੰਨਣ ਦੀ ਬਜਾਏ ਲੋਕਾਂ ਦੀ ਤਕਲੀਫ਼ ਸਮਝੇ ਬਗ਼ੈਰ ਜ਼ੋਰ ਜਬਰ ਨਾਲ ਆਪਣੀ ਗੱਲ ਮੰਨਵਾਉਣ ਨੂੰ ਉਦੋਂ ਤਕ ਤਰਜੀਹ ਦਿੰਦੇ ਹਨ ਜਦ ਤਕ ਕਿ ਉਨ੍ਹਾਂ ਦੀ ਤਾਕਤ ਉਨ੍ਹਾਂ ਹੱਥੋਂ ਖੁਸ ਨਾ ਜਾਏ। ਯਾਨੀ ਆਪਣੀ ਹਾਰ ਮੰਨਣ ਵਿਚ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਆਪਣੀ ਗ਼ਲਤ ਗੱਲ ਮੰਨਵਾਉਣ ਲਈ ਤਾਕਤਵਰ ਲੋਕ ਵਿਰੋਧੀ ਸੁਰ ਦਾ ਕਤਲ ਤੱਕ ਕਰ ਜਾਂਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਦਾ ਮਨ ਉਨ੍ਹਾਂ ਨੂੰ ਇਸ ਹਦ ਤਕ ਉਕਸਾਉਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਹੋਸ਼ ਨਹੀਂ ਰਹਿੰਦੀ ਤੇ ਨਾ ਹੀ ਸਹੀ ਗ਼ਲਤ ਦੀ। ਉਸ ਸਮੇਂ ਬਸ ਇੱਕੋ ਧੁਨ ਹੁੰਦੀ ਹੈ ਕਿ ਮੈਂ ਲੋਕਾਂ ਵਿਚ ਆਪਣੀ ਹੇਠੀ ਨਹੀਂ ਕਰਵਾਉਣੀ।

ਸੇਰੇਨਾ ਚੈਨ ਨੇ ਦੱਸਿਆ ਕਿ ਉਸ ਦੀ ਖੋਜ ਅਧੀਨ 37 ਫੀਸਦੀ ਅਮਰੀਕਨ ਕਾਮੇ (54 ਮਿਲੀਅਨ ਬੰਦੇ) ਇਸ ਗ਼ੱਲ ਦੀ ਹਮਾਇਤ ਭਰਦੇ ਸਨ ਕਿ ਉਨ੍ਹਾਂ ਦਾ ਅਫ਼ਸਰ ਉਨ੍ਹਾਂ ਦੀ ਬੇਇਜ਼ਤੀ ਕਰਦਾ ਹੈ ਤੇ ਚਮਚਿਆਂ ਦੀ ਭੀੜ ਵਿਚ ਘਿਰਿਆ ਕਾਮਿਆਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਦਾ ਹੈ।

ਕੁੱਝ ਕਾਮੇ ਮੰਨੇ ਕਿ ਉਨ੍ਹਾਂ ਦਾ ਅਫ਼ਸਰ ਜਦੋਂ ਜ਼ਿਆਦਾ ਕੰਮ ਲੈਣਾ ਹੋਵੇ ਤਾਂ ਉਨ੍ਹਾਂ ਨਾਲ ਚੰਗਾ ਵਿਹਾਰ ਕਰਨ ਲੱਗ ਪੈਂਦਾ ਹੈ ਪਰ ਜਦੋਂ ਕਿਸੇ ਨਾਲ ਜ਼ਿੱਦ ਵਿਚ ਫਸ ਜਾਵੇ ਤਾਂ ਉਸ ਅਫ਼ਸਰ ਤੋਂ ਭੈੜਾ ਹੋਰ ਕੋਈ ਨਹੀਂ ਹੁੰਦਾ।

ਸੰਨ 2011 ਵਿਚ ਨੀਦਰਲੈਂਡ ਦੀ ਟਿਲਬਰਗ ਯੂਨੀਵਰਸਿਟੀ ਵਿਚ 1561 ਉੱਚ ਅਧਿਕਾਰੀਆਂ ਦੀ ਜ਼ਿੰਦਗੀ ਬਾਰੇ ਪ੍ਰੋਫਾਰਮੇ ਭਰੇ ਗਏ ਤਾਂ ਪਤਾ ਲੱਗਿਆ ਕਿ 86 ਫੀਸਦੀ ਔਰਤਾਂ ਤੇ ਮਰਦ ਆਪਣੇ ਵਿਆਹੁਤਾ ਜੀਵਨ ਤੋਂ ਬਾਹਰ ਸਰੀਰਕ ਸੰਬੰਧ ਰੱਖ ਰਹੇ ਸਨ।

ਲਗਭਗ ਸਾਰੀਆਂ ਹੀ ਖੋਜਾਂ ਵਿਚ ਇਕ ਗੱਲ ਸਾਂਝੀ ਸੀ ਕਿ ਇਹ ਤੱਥ 100 ਫੀਸਦੀ ਉੱਚ ਅਧਿਕਾਰੀਆਂ ਉੱਤੇ ਲਾਗੂ ਨਹੀਂ ਹੁੰਦੇ ਤੇ ਕੁੱਝ ਗਿਣੇ ਚੁਣੇ ਅਫ਼ਸਰ ਜਾਂ ਲੀਡਰ ਲੋਕ-ਪੱਖੀ ਵੀ ਹੁੰਦੇ ਹਨ। ਇਸ ਤੋਂ ਇਲਾਵਾ ਲੰਮੇ ਸਮੇਂ ਤਕ ਇੱਕੋ ਤਾਕਤਵਰ ਸੀਟ ਉੱਤੇ ਬੈਠਾ ਬੰਦਾ ਹੌਲੀ-ਹੌਲੀ ਆਪਣੇ ਤੋਂ ਹੇਠਲਿਆਂ ਨੂੰ ਆਪਣਾ ਗੁਲਾਮ ਮੰਨਣ ਲੱਗ ਪੈਂਦਾ ਹੈ। ਜਿਹੜਾ ਬੰਦੂਕਾਂ ਜਾਂ ਅਸਲੇ ਦੇ ਸਿਰ ਉੱਤੇ ਤਾਕਤ ਹਾਸਲ ਕਰ ਰਿਹਾ ਹੋਵੇ, ਉਸ ਦੀ ਮੌਤ ਵੀ ਅਸਲੇ ਨਾਲ ਜਾਂ ਲੋਕ ਵਿਦਰੋਹ ਨਾਲ ਹੁੰਦੀ ਹੈ।

ਜਿੱਥੋਂ ਤਕ ਹਥਿਆਰਾਂ ਦਾ ਸਵਾਲ ਹੈ, ਵੱਖੋ-ਵੱਖ ਮੁਲਕਾਂ ਵਿਚਲੇ ਅੰਕੜੇ ਦੱਸਦੇ ਹਨ ਕਿ ਜਿਸ ਥਾਂ ਉੱਤੇ ਅਸਲਾ ਵੱਧ ਹੈ, ਉੱਥੇ ਲਗਭਗ ਸੱਤ ਗੁਣਾ ਵੱਧ ਲੁੱਟ ਖਸੁੱਟ ਤੇ ਕਤਲ ਵਰਗੇ ਸੰਗੀਨ ਜੁਰਮ ਹੁੰਦੇ ਹਨ।

ਅਮਰੀਕਨ ਜਰਨਲ ਔਫ ਪ੍ਰਵੈਂਟਿਵ ਮੈਡੀਸਨ ਵਿਚ ਛਪੀ ਖੋਜ ਵੀ ਸਪਸ਼ਟ ਕਰ ਰਹੀ ਹੈ ਕਿ ਘਰ ਵਿਚ ਅਸਲਾ ਪਏ ਹੋਣ ਨਾਲ ਖ਼ੁਦਕੁਸ਼ੀ ਜਾਂ ਕਤਲ ਦੇ ਮਾਮਲੇ 8 ਤੋਂ 9 ਫੀਸਦੀ ਵੱਧ ਹੋ ਜਾਂਦੇ ਹਨ। ਜੇ ਅਸਲਾ ਘਰੋਂ ਬਾਹਰ ਲਿਜਾਇਆ ਜਾ ਰਿਹਾ ਹੋਵੇ ਤਾਂ ਉਸ ਦੀ ਵਰਤੋਂ ਕਰਨ ਨੂੰ ਮਨ ਉਕਸਾਉਂਦਾ ਰਹਿੰਦਾ ਹੈ। ਸਚੇਤ ਮਨ ਅਜਿਹਾ ਕਰਨ ਤੋਂ ਰੋਕਦਾ ਹੈ, ਪਰ ਸ਼ਰਾਬ ਦੇ ਅਸਰ ਹੇਠ ਸਚੇਤ ਮਨ ਵੱਲੋਂ ਆਉਂਦੇ ਸੁਣੇਹੇ ਦੱਬੇ ਜਾਣ ਉੱਤੇ ਹਲਕੀ ਭੜਕਾਹਟ ਉੱਤੇ ਵੀ ਖ਼ੁਦਕੁਸ਼ੀ ਜਾਂ ਕਤਲ ਤੱਕ ਕਰਨਾ ਅਜਿਹੇ ਬੰਦੇ ਲਈ ਮਾਮੂਲੀ ਗੱਲ ਬਣ ਜਾਂਦੀ ਹੈ।

ਹੁਣ ਗੱਲ ਕਰੀਏ ਕਿ ਤਿੰਨੋ ਗੱਲਾਂ ਇਕੱਠੇ ਹੋ ਜਾਣ ਉੱਤੇ ਇਨਸਾਨੀ ਦਿਮਾਗ਼ ਉੱਤੇ ਕੀ ਕਹਿਰ ਢਹਿੰਦਾ ਹੈ। ਤਾਕਤ ਦੇ ਨਸ਼ੇ ਵਿਚ ਅੰਨ੍ਹਾ ਹੋਇਆ ਇਨਸਾਨ ਜੇ ਹੱਥ ਵਿਚ ਅਸਲਾ ਲੈ ਕੇ ਫਿਰ ਰਿਹਾ ਹੋਵੇ ਤੇ ਨਾਲ ਸ਼ਰਾਬ ਜਾਂ ਨਸ਼ੇ ਦਾ ਸੇਵਨ ਵੀ ਕਰ ਲਵੇ ਤਾਂ ਸਚੇਤ ਮਨ ਵੱਲੋਂ ਆਉਂਦੇ ਸੁਣੇਹੇ ਉੱਕਾ ਹੀ ਬੰਦ ਹੋ ਜਾਂਦੇ ਹਨ। ਅਜਿਹਾ ਇਨਸਾਨ ਤੁਰਦਾ ਫਿਰਦਾ ਬਾਰੂਦ ਹੁੰਦਾ ਹੈ ਜਿਹੜਾ ਹਲਕੀ ਜਿਹੀ ਚਿੰਗਾਰੀ ਨਾਲ ਹੀ ਫਟ ਜਾਂਦਾ ਹੈ। ਇਸ ਤਰ੍ਹਾਂ ਦੇ ਬਾਰੂਦ ਸਾਹਮਣੇ ਕੋਈ ਰਿਸ਼ਤਾ-ਮਾਂ, ਭੈਣ, ਪਿਓ, ਭਰਾ, ਰਿਸ਼ਤੇਦਾਰ, ਆਂਢੀ-ਗੁਆਂਢੀ, ਪੁਲੀਸ, ਕਾਨੂੰਨ, ਮਾਇਨੇ ਨਹੀਂ ਰੱਖਦੇ ਕਿਉਂਕਿ ਸੋਚਣ ਸਮਝਣ ਦੀ ਸਮਰਥਾ ਖ਼ਤਮ ਹੋ ਚੁੱਕੀ ਹੁੰਦੀ ਹੈ। ਏਸੇ ਲਈ ਕਈ ਵਾਰ ਹਥਿਆਰ ਫੜੀ ਦੋ ਬੰਦਿਆਂ ਦੇ ਝਗੜਨ ਸਮੇਂ ਕੋਈ ਰਾਹਗੀਰ, ਜੋ ਸਮਝਾਉਣ ਆਇਆ ਹੋਵੇ ਤੇ ਲੜਾਈ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਅਜਿਹੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਗੋਲੀ ਖਾ ਕੇ ਮਰ ਜਾਂਦਾ ਹੈ ਕਿਉਂਕਿ ਉਸ ਸਮੇਂ ਦੋਵਾਂ ਨੂੰ ਇਹ ਤੀਜਾ ਵਿਚ ਆ ਕੇ ਫਸਿਆ ਉਨ੍ਹਾਂ ਦੀ ਹਉਮੈ ਨੂੰ ਢਾਅ ਲਾ ਰਿਹਾ ਮਹਿਸੂਸ ਹੁੰਦਾ ਹੈ।

ਵਿਆਹਾਂ ਦੇ ਸਮਾਗਮਾਂ ਉੱਤੇ, ਸਿਆਸਤਦਾਨਾਂ ਦੀਆਂ ਰੈਲੀਆਂ ਵਿਚ, ਜਾਇਦਾਦਾਂ ਦੇ ਝਗੜਿਆਂ ਵਿਚ, ਜਾਂ ਅਜਿਹੇ ਹੀ ਕਿਸੇ ਹੋਰ ਥਾਂ ਜਿੱਥੇ ਤਾਕਤ ਦਾ ਨਸ਼ਾ ਹੋਵੇ, ਅਸਲਾ ਹੋਵੇ ਤੇ ਨਾਲ ਸ਼ਰਾਬ ਦੀ ਵਰਤੋਂ ਵੀ ਹੋਵੇ, ਨਿੱਕੀ ਮੋਟੀ ਕਹਾ-ਸੁਣੀ ਉੱਤੇ ਗੋਲੀ ਚਲਣੀ ਲਾਜ਼ਮੀ ਹੈ ਤੇ ਕਿਸੇ ਨਾ ਕਿਸੇ ਬੇਕਸੂਰੇ ਦੀ ਮੌਤ ਵੀ।

ਇਸੇ ਲਈ ਵਿਕਸਿਤ ਦੇਸਾਂ ਵਿਚ ਹੋਈਆਂ ਕੋਈ ਵੀ ਖੋਜਾਂ ਹਥਿਆਰਾਂ ਨੂੰ ਪ੍ਰੋਤਸਾਹਿਤ ਨਹੀਂ ਕਰਦੀਆਂ। ਪਰ, ਤਾਕਤ ਦੇ ਨਸ਼ੇ ਵਿਚ ਅੰਨ੍ਹੇ ਹੋਏ ਅਧਿਕਾਰੀ ਇਨ੍ਹਾਂ ਖੋਜਾਂ ਦੀ ਪਰਵਾਹ ਨਹੀਂ ਕਰਦੇ ਤੇ ਨਾ ਹੀ ਇਤਿਹਾਸ ਵਿਚ ਝਾਕਦੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਅੱਜ, ਤਾਕਤ ਦਾ ਨਸ਼ਾ ਤੇ ਚਮਚਿਆਂ ਦੀ ਭੀੜ ਹੀ ਰੱਬ ਬਣਾਉਣ ਲਈ ਬਥੇਰੀ ਹੁੰਦੀ ਹੈ, ਜਿੱਥੇ ਮੌਤ ਦਾ ਭੈਅ ਖ਼ਤਮ ਹੋ ਜਾਂਦਾ ਹੈ।

ਇਤਿਹਾਸ ਗਵਾਹ ਹੈ ਕਿ ਜਿੰਨੀ ਵਾਰ ਅਜਿਹੇ ਹਾਕਮਾਂ ਦਾ ਭਰਵਾਂ ਵਿਰੋਧ ਹੋਇਆ ਹੈ ਜਾਂ ਕਤਲ ਹੋਇਆ ਹੈ, ਉਸ ਸਮੇਂ ਮੌਤ ਨੂੰ ਸਾਹਮਣੇ ਵੇਖ ਉਹ ਰੋਂਦੇ ਤੇ ਗਿੜਗਿੜਾਉਂਦੇ ਵੇਖੇ ਗਏ ਹਨ ਕਿਉਂਕਿ ਉਸ ਸਮੇਂ ਅਕਲ ਤੋਂ ਪਰਦਾ ਪਰ੍ਹਾਂ ਹੋ ਜਾਂਦਾ ਹੈ ਤੇ ਹਉਮੈ ਕਿਧਰੇ ਉੱਡ ਪੁੱਡ ਜਾਂਦੀ ਹੈ।

ਬਹੁਤ ਸਾਰੇ ਤਾਕਤਵਰ ਅਧਿਕਾਰੀ ਜਦੋਂ ਅਹੁਦੇ ਤੋਂ ਮੁਕਤ ਕੀਤੇ ਜਾਂਦੇ ਹਨ ਤਾਂ ਉਸ ਤੋਂ ਬਾਅਦ ਬਹੁਤੀ ਦੇਰ ਜੀਅ ਨਹੀਂ ਸਕਦੇ ਕਿਉਂਕਿ ਸਰੀਰ ਅੰਦਰ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਜਾਂਦੀ ਹੈ ਤੇ ਬੀਮਾਰੀਆਂ ਦੇ ਮਾੜੇ ਅਸਰ ਵੀ ਦਿਸਣ ਲੱਗ ਪੈਂਦੇ ਹਨ।

ਇਨ੍ਹਾਂ ਵਿੱਚੋਂ ਸਿਰਫ਼ ਸਿਆਸਤਦਾਨ ਕੁਰਸੀ ਖੁੱਸਣ ਉੱਤੇ ਢਹਿੰਦੀ ਕਲਾ ਵਿਚ ਸੌਖਿਆਂ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਦੇ ਪੱਕੇ ਚਮਚੇ ਉਨ੍ਹਾਂ ਦੇ ਦੁਆਲੇ ਘੁੰਮਦੀ ਹਉਮੈ ਦੀ ਚਮਕ ਵਿੱਚੋਂ ਰੌਸ਼ਨੀ ਭਾਲਦੇ ਚਿਪਕੇ ਰਹਿੰਦੇ ਹਨ, ਕੀ ਪਤਾ ਕਦੋਂ ਦੁਬਾਰਾ ਕੁਰਸੀ ਮਿਲ ਜਾਵੇ  !

ਖੈਰ ! ਖੋਜਾਂ ਜੋ ਵੀ ਤੱਥ ਸਾਹਮਣੇ ਲਿਆ ਰੱਖਣ, ਅਖ਼ੀਰ ਸਭ ਤੋਂ ਵੱਧ ਮਾਰ ਸਹਿੰਦਾ ਹੈ ਆਮ ਬੰਦਾ ਜੋ ਤਾਕਤਵਰ ਥੱਲੇ ਪਿਸਦਾ ਪਿਸਦਾ ਰੋਜ਼ੀ ਰੋਟੀ ਦੇ ਜੁਗਾੜ ਵਿਚ ਕਿਸੇ ਭਟਕੀ ਗੋਲੀ ਦਾ ਸ਼ਿਕਾਰ ਹੋ ਕੇ ਆਪ ਤਾਂ ਚਿੰਤਾ-ਮੁਕਤ ਹੋ ਜਾਂਦਾ ਹੈ ਪਰ ਪਿੱਛੇ ਛੱਡੇ ਆਪਣੇ ਟੱਬਰ ਨੂੰ ਮੁਥਾਜ ਕਰ ਜਾਂਦਾ ਹੈ।

ਨਾ ਕਿਸੇ ਮਨੋਵਿਗਿਆਨੀ ਜਾਂ ਖੋਜੀ ਦੇ ਤੱਥਾਂ ਨੂੰ ਹੀ ਵੇਖ ਕੇ ਕਿਸੇ ਨੇ ਅਸਲੇ ਦੀ ਵਰਤੋਂ ਘਟਾਉਣੀ ਹੈ, ਨਾ ਮੇਰੇ ਦੱਸਣ ਜਾਂ ਸਮਝਾਉਣ ਉੱਤੇ, ਪਰ ਸਟੀਫਨ ਕਿੰਗ ਦਾ ਕਿਹਾ ਸ਼ਾਇਦ ਕਿਸੇ ਉੱਤੇ ਅਸਰ ਕਰ ਜਾਏ, ਜਿਸ ਕਿਹਾ ਸੀ-ਕਿੰਨੇ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੀ ਉਡੀਕ ਕਰਾਂਗੇ ਜਦੋਂ ਕਾਨੂੰਨ ਜਾਗ ਕੇ ਇਨ੍ਹਾਂ ਖ਼ਤਰਨਾਕ ਖਿਡੌਣਿਆਂ ਉੱਤੇ ਰੋਕ ਲਾਏਗਾ ?

ਬੇਨਜ਼ੀਰ ਭੁੱਟੋ ਨੇ ਵੀ ਕਿਹਾ ਸੀ-ਮਿਲਟਰੀ ਡਿਕਟੇਟਰਸ਼ਿਪ ਬੰਦੂਕ ਦੇ ਸਿਰ ਉੱਤੇ ਪਨਪਦੀ ਹੈ। ਇਸੇ ਲਈ ਇਸ ਹੇਠ ਕਾਨੂੰਨ ਦੱਬਿਆ ਜਾਂਦਾ ਹੈ ਤੇ ਫਿਰ ਜਨਮ ਹੁੰਦਾ ਹੈ ਤਾਕਤ ਦੇ ਅੰਨ੍ਹੇ ਲੋਕਾਂ ਦਾ, ਜੋ ਹਥਿਆਰਾਂ ਦੀ ਸੰਘਣੀ ਛਾਂ ਹੇਠ ਜ਼ੁਲਮ, ਜਬਰ ਤੇ ਅਸਹਿਣਸ਼ੀਲਤਾ ਨੂੰ ਜਨਮ ਦਿੰਦੇ ਹਨ।

ਅਮਰੀਕਾ ਵਰਗਾ ਮੁਲਕ ਵੀ ਮੰਨ ਚੁੱਕਿਆ ਹੈ ਕਿ ਹਥਿਆਰਾਂ ਸਦਕਾ ਉੱਥੇ ਜੁਰਮ 26 ਫੀਸਦੀ ਵੱਧ ਚੁੱਕਿਆ ਹੈ ਤੇ ਕਾਰਨ ਹੈ ਕਿ ਗਰੀਬ ਤਬਕਾ ਹਿੰਮਤ ਨਹੀਂ ਵਿਖਾਉਂਦਾ, ਡਰ ਕੇ ਦੁਬਕ ਜਾਂਦਾ ਹੈ; ਮੱਧ ਵਰਗ ਆਪੋ ਆਪਣੇ ਕੰਮਾਂ ਵਿਚ ਮਸਤ ਹੈ ਤੇ ਉਸ ਕੋਲ ਇਸ ਵਾਸਤੇ ਫੁਰਸਤ ਹੀ ਨਹੀਂ ਹੈ। ਇਸੇ ਲਈ ਗਿਣਤੀ ਦੇ ਅਮੀਰ, ਤਾਕਤਵਰ ਤੇ ਸ਼ੌਕੀਨ ਲੋਕ ਹਥਿਆਰਾਂ ਨੂੰ ਜ਼ਰੂਰਤ ਮੰਨ ਕੇ ਆਪਣੀ ਚੌਧਰ ਜਮਾਉਣ ਲਈ ਬਾਕੀਆਂ ਉੱਤੇ ਹਕੂਮਤ ਕਰੀ ਜਾਂਦੇ ਹਨ।

ਹੁਣ ਫ਼ੈਸਲਾ ਲੋਕਾਂ ਹੱਥ ਹੈ ਕਿ ਉਨ੍ਹਾਂ ਹਿਟਲਰ ਤੇ ਬਗਦਾਦੀ ਦੀ ਪੌਦ ਵਧਾਉਣੀ ਹੈ ਕਿ ਬੁੱਧ, ਨਾਨਕ ਜਾਂ ਈਸਾ ਮਸੀਹ ਵਰਗੇ ਮਹਾਂਪੁਰਖਾਂ ਦੀ ਸੋਚ ਅਗਾਂਹ ਤੋਰਨੀ ਹੈ !