ਮੈਂ ਹੋਂਦ ਚਿੱਲੜ ਦਾ ਖੰਡਰ ਬੋਲਦਾਂ……….
ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)– ਫੋਨ ਨੰ: 0175-2216783
‘‘ਮੈਂ ਸੁਣਾਵਾਂਗਾ ਅੱਜ ਇਕ ਐਸੀ ਦਾਸਤਾਂ, ਮਿਟਾਇਆ ਜਿਸ ਨੇ ਇਨਸਾਨੀਅਤ ਦਾ ਨਾਮੋ-ਨਿਸ਼ਾਂ। ’’
ਖੰਡਰ ਸਦੀਆਂ ਤਕ ਹਰ ਅਸਲੀਅਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹਨ ਤੇ ਹਰ ਚੰਗੀ ਮਾੜੀ ਘਟਨਾ ਦਾ ਗਵਾਹ ਬਣਦੇ ਹਨ। ਲੋਕਾਂ ਵੱਲੋਂ ਇਹ ਸੋਚ ਲਿਆ ਜਾਂਦਾ ਹੈ ਕਿ ਇੱਟਾਂ ਪੱਥਰਾਂ ਅੰਦਰ ਕੋਈ ਧੜਕਦਾ ਦਿਲ ਤਾਂ ਹੁੰਦਾ ਨਹੀਂ ਇਸ ਲਈ ਇਨ੍ਹਾਂ ਨੂੰ ਕੁੱਝ ਮਹਿਸੂਸ ਹੋ ਹੀ ਨਹੀਂ ਸਕਦਾ। ਪਰ, ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੂੰ ਆਪਣੇ ਅੰਦਰ ਸਾਂਭ ਕੇ ਰੱਖਦੇ ਹੋਏ ਖੰਡਰਾਂ ਦੀਆਂ ਇੱਟਾਂ ਤੇ ਪੱਥਰ ਵੀ ਕਈ ਵਾਰ ਕੰਬ ਜਾਂਦੇ ਹਨ।
ਸਚ ਨੂੰ ਸਾਂਭ ਕੇ ਰੱਖਣ ਵਾਲੀ ਖੰਡਰਾਂ ਦੀ ਤਾਕਤ ਨੂੰ ਵੇਖਦੇ ਹੋਏ, ਕਈ ਤਾਂ ਮੇਰੀ ਆਖ਼ਰੀ ਇੱਟ ਤਕ ਫਨਾਹ ਕਰ ਦਿੰਦੇ ਹਨ। ਪਰ, ਫਿਰ ਵੀ, ਜਿੱਥੇ ਵੀ ਕਿਤੇ ਮੇਰਾ ਟੋਟਾ ਬਚਿਆ ਰਹਿ ਜਾਵੇ, ਉਹ ਨਿੱਕਾ ਜਿਹਾ ਟੋਟਾ ਵੀ ਕਾਫੀ ਕੁੱਝ ਉੱਥੇ ਦੇ ਵਾਪਰੇ ਬਾਰੇ ਕਹਿ ਜਾਂਦਾ ਹੈ।
ਦੁਨੀਆ ਵਿਚ ਅਨੇਕ ਥਾਵਾਂ ਉੱਤੇ ਜ਼ੁਲਮ ਢਾਹੇ ਗਏ ਤੇ ਖੰਡਰਾਂ ਨੇ ਸਦੀਆਂ ਬਾਅਦ ਵੀ ਉਨ੍ਹਾਂ ਨੂੰ ਉਜਾਗਰ ਕੀਤਾ। ਇੰਜ ਦਾ ਹੀ ਜ਼ੁਲਮ ਢਾਹਿਆ ਗਿਆ ਸੰਨ 1984 ਵਿਚ।
ਮੇਰੇ ਅੱਗ ਨਾਲ ਸੜੇ ਹਿੱਸੇ ਉਸ ਵੇਲੇ ਬਾਰੇ ਕਾਫ਼ੀ ਕੁੱਝ ਬਿਆਨ ਕਰ ਰਹੇ ਹਨ। ਇਨ੍ਹਾਂ ਵਿਚ ਬੇਗੁਣਾਹ ਲੋਕਾਂ ਦੀਆਂ ਚੀਕਾਂ ਤੇ ਹਾੜੇ ਲੁਕੇ ਪਏ ਹਨ। ਕੀ ਕਿਹਾ, ਨਹੀਂ ਸੁਣਦੇ? ਆਓ, ਮੈਂ ਸੁਣਾਉਂਦਾ ਹਾਂ।
ਮੈਂ ਗਵਾਹ ਹਾਂ ਉਸ ਦਿਨ ਦਾ, ਜਦੋਂ ਇਨਸਾਨੀ ਦਰਿੰਦਗੀ ਦਾ ਇਤਿਹਾਸ ਰਚਿਆ ਗਿਆ। ਮੈਂ ਗੱਲ ਸ਼ੁਰੂ ਕਰਾਂਗਾ ਨਿੱਕੇ ਜਿਹੇ ਬਾਲ ਤੋਂ। ਬਹੁਤ ਪਿਆਰਾ ਗੋਲੂ ਜਿਹਾ। ਡਾਢਾ ਸੋਹਣਾ ਸੀ।
ਉਸੇ ਦਿਨ ਤਾਂ ਦੁਪਿਹਰੇ ਉਸ ਦਾ ਜਨਮ ਹੋਇਆ ਸੀ। ਉਸ ਦਾ ਨਾਂ ਅਜੇ ਰੱਖਿਆ ਹੀ ਨਹੀਂ ਸੀ ਗਿਆ। ਕੋਈ ਉਸ ਨੂੰ ਸੋਹਣਾ, ਕੋਈ ਗੁਗਲੂ ਕਹਿੰਦਾ। ਕੋਈ ਚੰਨ, ਕੋਈ ਅੰਗਦ ਤੇ ਕੋਈ ਗੁਰਜੰਟ ਜਾਂ ਗੁਰਵੀਰ ਨਾਂ ਸੁਝਾਅ ਰਿਹਾ ਸੀ। ਮਾਂ ਤਾਂ ਉਸ ਨੂੰ ਚੁੰਮ ਚੁੰਮ ਝੱਲੀ ਹੋਈ ਪਈ ਸੀ। ਦੋ ਦਿਨ ਦੀਆਂ ਜੰਮਣ ਪੀੜਾਂ ਝਲ ਕੇ ਉਹ ਜੰਮਿਆ ਸੀ। ਉਸ ਨੂੰ ਹਾਲੇ ਆਪਣੇ ਨਾਂ ਨਾਲ ਕੋਈ ਮਤਲਬ ਨਹੀਂ ਸੀ। ਨਾ ਹੀ ਧਰਮ, ਜਾਤ-ਪਾਤ ਬਾਰੇ ਉਸ ਨੂੰ ਸਮਝ ਸੀ। ਘਰ ਵਾਲਿਆਂ ਵਾਸਤੇ ਸਿਰਫ ਏਨਾ ਪੱਕਾ ਸੀ ਕਿ ਨਾਂ ਭਾਵੇਂ ਕੁੱਝ ਵੀ ਹੋਵੇ ਪਰ ਅਖ਼ੀਰ ਵਿਚ ‘ਸਿੰਘ’ ਜ਼ਰੂਰ ਲੱਗਣਾ ਹੈ।
ਆਂਢੀਆਂ ਗੁਆਂਢੀਆਂ ਵੱਲੋਂ ਵਧਾਈਆਂ ਦੇ ਢੇਰ ਲੱਗ ਗਏ ਸਨ। ਸ਼ਾਮ ਤਾਈਂ ਤਾਂ ਉਸ ਦੇ ਨਾਨਕੇ ਵੀ ਇਸ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਪਹੁੰਚ ਗਏ ਸਨ। ਕਿੰਨਾ ਚਾਅ ਸੀ ਸਾਰਿਆਂ ਨੂੰ ਉਸ ਨੂੰ ਚੁੱਕ ਕੇ ਗੋਦ ਵਿਚ ਲੈਣ ਦਾ! ਉਸ ਦਿਨ ਤਾਂ ਵਿਹੜੇ ’ਚ ਬੰਨ੍ਹੇ ਡੰਗਰ ਵੀ ਸਮਝ ਗਏ ਸਨ ਕਿ ਘਰ ਵਿਚ ਕੋਈ ਖ਼ੁਸ਼ੀ ਦੀ ਗੱਲ ਵਾਪਰੀ ਹੈ।
ਰੌਲੇ ਗੌਲੇ ਵਿਚ ਅਚਾਨਕ ਕਿਸੇ ਕੋਲੋਂ ਪਤਾ ਲੱਗਿਆ ਕਿ ਦਿੱਲੀ ਵਿਚ ਕਿਸੇ ਵੱਡੀ ਹਸਤੀ ਨੂੰ ਗੋਲੀ ਵੱਜ ਗਈ ਹੈ ਤੇ ਉੱਥੇ ਹਾਹਾਕਾਰ ਮਚੀ ਪਈ ਹੈ।
ਹੌਲੀ ਹੌਲੀ ਸ਼ਾਮ ਤੱਕ ਪਿੰਡ ਵਿੱਚੋਂ ਹਾਲ ਚਾਲ ਪਤਾ ਕਰਨ ਅਤੇ ਵਧਾਈਆਂ ਦੇਣ ਆਉਣ ਵਾਲੇ ਲੋਕ ਘੱਟ ਗਏ। ਪਿੰਡ ਵਿਚ ਬਹੁਤ ਮਾੜੇ ਵਾਪਰ ਗਏ, ਉਨ੍ਹਾਂ ਘਰਾਂ ਅੰਦਰ ਹੀ ਗੱਲਾਂ ਹੋਣ ਲੱਗੀਆਂ।
ਇਸ ਸਭ ਤੋਂ ਬੇਖ਼ਬਰ ਨਿਕੜੇ ਬਾਲ ਨੇ ਆਪਣੀ ਪਹਿਲੀ ਉਬਾਸੀ ਲਈ। ਸਵੇਰੇ, ਪਹਿਲੀ ਨਵੰਬਰ 1984 ਨੂੰ ਉਸ ਨੇ ਆਪਣੀ ਇਕ ਅੱਖ ਪੋਲੇ ਜਿਹੇ ਖੋਲ੍ਹੀ। ਇਸ ਤੋਂ ਪਹਿਲਾਂ ਕਿ ਕੋਈ ਉਸ ਦੇ ਇਸ ‘ਖ਼ੂਬਸੂਰਤ’ ਦੁਨੀਆਂ ਨੂੰ ਵੇਖਣ ਦੀ ਕੋਸ਼ਿਸ਼ ਕਰਨ ਉੱਤੇ ਚੁੰਮਦਾ, ਅਚਾਨਕ ਬਾਹਰੋਂ ਹੱਲਾ ਬੋਲਣ ਤੇ ਉੱਚੀ ਉੱਚੀ ਚੀਕਣ ਦੀ ਆਵਾਜ਼ ਆਈ। ਕੁੱਝ ਬੰਦੇ ਆਦਮ ਬੋ, ਆਦਮ ਬੋ ਕਰਦੇ ‘ਸਿੰਘ’ ਲੱਭ ਰਹੇ ਸਨ।
ਚਿੱਲੜ ਤੋ ਕੁੱਝ ਪਰ੍ਹਾਂ ਹੋਂਦ ਵਿਖੇ ਰਹਿੰਦੇ ਇਨ੍ਹਾਂ ਟੱਬਰਾਂ ਵਿੱਚੋਂ ਸਾਰੇ ਝੱਟ ਰਲ ਕੇ ਬਚਾਓ ਲਈ ਬਾਹਰ ਨਿਕਲ ਪਏ! ‘ਆਦਮ ਬੋ, ਆਦਮ ਬੋ’ ਕਰਦੇ ਆਉਂਦੇ ਲੋਕ ਇਸ ਇੱਕਠ ਨੂੰ ਵੇਖ ਕੇ ਵਾਪਸ ਭੱਜ ਗਏ।
ਸਭ ਜਣੇ ਨਿੱਕੇ ਬੱਚੇ ਨੂੰ ਭੁੱਲ ਕੇ ਬਾਹਰ ਇੱਕਠੇ ਹੋ ਗਏ। ਆਂਢੀ ਗੁਆਂਢੀ ਵੀ ਇਹੋ ਵਿਚਾਰ ਕਰਨ ਲੱਗੇ ਕਿ ਆਖ਼ਰ ਹੋਇਆ ਕੀ ਹੈ?
ਘਰ ਵਿਚਲੇ ਬਜ਼ੁਰਗ ਆਪਣੇ ਪੋਤਰੇ ਪੋਤਰੀਆਂ ਨੂੰ 1947 ਬਾਰੇ ਦੱਸਣ ਲੱਗ ਪਏ! ਉਦੋਂ 16 ਟੱਬਰ ਪਾਕਿਸਤਾਨੋਂ ਉਜੜ ਕੇ ਏਥੇ ਆ ਕੇ ਵੱਸੇ ਸਨ। ਉਨ੍ਹਾਂ ਸੁਣਾਇਆ ਕਿ ਕਿਵੇਂ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਹੈਵਾਨੀਅਤ ਦਾ ਨੰਗਾ ਨਾਚ ਹੋਇਆ ਸੀ। ਕਿਵੇਂ ਬੰਦਿਆਂ ਨੂੰ ਧੂਅ ਧੂਅ ਕੇ ਘਰਾਂ ਅੰਦਰੋਂ ਕੱਢ ਕੇ ਤਲਵਾਰਾਂ ਨਾਲ ਵੱਢਿਆ ਗਿਆ ਸੀ ਤੇ ਕਿਵੇਂ ਤੀਵੀਆਂ ਦੀ ਪੱਤ ਲੁੱਟੀ ਗਈ ਸੀ। ਨਿੱਕੇ ਨਿੱਕੇ ਬਾਲਾਂ ਦੇ ਵੀ ਟੋਟੇ ਟੋਟੇ ਕਰ ਦਿੱਤੇ ਗਏ ਸੀ। ਸਿਰਫ਼ ਤੇ ਸਿਰਫ਼ ਸਰਕਾਰਾਂ ਦੇ ਪਾਏ ਪਾੜ੍ਹ ਨੇ ਕਿੰਨਾ ਕੁਫ਼ਰ ਤੋਲਿਆ ਸੀ! ਪਰ ਹੁਣ ਆਪਣਾ ਮੁਲਕ ਹੈ। ਹੁਣ ਅਜਿਹਾ ਕੁੱਝ ਨਹੀਂ ਹੋਵੇਗਾ। ਇਹੀ ਤਸੱਲੀ ਸਭ ਨੂੰ ਦਿੱਤੀ ਜਾ ਰਹੀ ਸੀ। ਸੋ ਕਈ ਜਣੇ ਨਿਸਚਿਤ ਹੋ ਕੇ ਕੰਮ ਕਰਨ ਦੀਆਂ ਤਿਆਰੀਆਂ ਕਰਨ ਲੱਗੇ।
ਮੈਂ ਤਾਂ ਉਦੋਂ ਭਰਿਆ ਪੂਰਾ ਘਰ ਸੀ, ਖੰਡਰ ਨਹੀਂ ਸੀ। ਮੈਂ ਉਹ ਸਾਰੀਆਂ ਗੱਲਾਂ ਸੁਣ ਕੇ ਦਹਿਲ ਗਿਆ ਸੀ।
ਤਸੱਲੀ ਦੇ ਬਾਵਜੂਦ ਕਈਆਂ ਦੀ ਖ਼ੁਸ਼ੀ ਕਾਫੂਰ ਹੋਈ ਰਹੀ। ਕਈ ਘਰਾਂ ਵਿਚ 1947 ਦੀਆਂ ਹੀ ਗੱਲਾਂ ਚਲਦੀਆਂ ਰਹੀਆਂ। ਕੁੱਝ ਲੋਕ ਗਲੀਆਂ ਵਿਚ ਨਿਕਲ ਕੇ ਨਿੱਕੇ ਨਿੱਕੇ ਝੁੰਡ ਬਣਾ ਕੇ ਗੱਲਾਂ ਕਰਦੇ ਰਹੇ।
ਕਿਸੇ ਨੂੰ ਸਮਝ ਨਹੀਂ ਆਈ ਕਿ ਇਸ ਸ਼ਾਂਤਮਈ ਪਿੰਡ ਵਿਚ ਦੰਗਾ ਕਰਨ ਆਏ ਲੋਕ ਕੌਣ ਸਨ ਤੇ ਕਿਉਂ ਇਸ ਥਾਂ ਦੀ ਸ਼ਾਂਤੀ ਭੰਗ ਕਰਨ ਆਏ ਸਨ। ਕੀ ਫੇਰ ਕਿਸੇ ਵੰਡ ਬਾਰੇ ਗੱਲ ਚੱਲਣ ਲੱਗੀ ਸੀ? ਪਰ ਕਾਹਦੀ ਵੰਡ? ਹੁਣ ਤਾਂ ਚੁਫ਼ੇਰੇ ਆਪਣੇ ਹੀ ਲੋਕ ਸਨ!
ਮੈਂ ਚੁੱਪਚਾਪ ਉਨ੍ਹਾਂ ਸਭ ਦੀਆਂ ਗੱਲਾਂ ਸੁਣਦਾ ਰਿਹਾ ਪਰ ਮੈਨੂੰ ਸਮਝ ਕੁੱਝ ਨਾ ਆਈ ਕਿ ਆਖ਼ਰ ਹੋਇਆ ਕੀ ਹੈ? ਮੈਂ ਵਾਪਸ ਨਿੱਕੇ ਬਾਲ ਵੱਲ ਹੀ ਧਿਆਨ ਕੀਤਾ। ਉਸ ਵੱਲ ਕੋਈ ਹੋਰ ਧਿਆਨ ਦੇ ਹੀ ਨਹੀਂ ਸੀ ਰਿਹਾ। ਉਸ ਦੀ ਮਾਂ ਹੀ ਉਸ ਨੂੰ ਛਾਤੀ ਨਾਲ ਲਾਈ ਬੈਠੀ ਸੀ। ਸ਼ਾਇਦ ਉਹ ਵੀ ਸਹਿਮ ਗਈ ਸੀ। ਕਦੇ ਉਸ ਦੇ ਨਿੱਕੇ ਨਿੱਕੇ ਪੈਰ ਪੋਲੇ ਪੋਲੇ ਟੋਂਹਦੀ, ਕਦੇ ਉਸ ਨੂੰ ਨਿਹਾਰਦੀ, ਕਦੇ ਮੱਥੇ ਨੂੰ ਚੁੰਮਦੀ!
ਰਾਤ ਰੋਟੀ ਖਾਣ ਵੇਲੇ ਵੀ ਵੰਡ ਦੀਆਂ ਤੇ ਉਸ ਦਿਨ ਦੇ ਹਮਲੇ ਦੀਆਂ ਗੱਲਾਂ ਹੁੰਦੀਆਂ ਰਹੀਆਂ। ਨਿੱਕੇ ਬੱਚੇ ਨੇ ਵੀ ਨਿੱਕੀਆਂ ਨਿੱਕੀਆਂ ਆਕੜਾਂ ਲੈ ਕੇ ਲੱਤਾਂ ਤੇ ਬਾਹਵਾਂ ਸਿੱਧੀਆਂ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਸਵੇਰੇ ਡੰਗਰਾਂ ਨੂੰ ਪੱਠੇ ਪਾ ਕੇ, ਰੋਟੀ ਖਾ ਕੇ ਜਿਉਂ ਹੀ ਸਾਰੇ ਜਣੇ ਵਿਹੜੇ ਵਿਚ ਨਿੱਕੇ ਬਾਲ ਨਾਲ ਖੇਡਣ ਲਈ ਬੈਠੇ, ਬਾਹਰੋਂ ਉੱਚੀ ਉੱਚੀ ਨਾਅਰਿਆਂ ਦੀ ਅਵਾਜ਼ ਆਈ – ‘ਸਿਖੜੋਂ ਕੋ ਮਾਰ ਦੋ, ਖ਼ਤਮ ਕਰ ਦੋ, ਨਸਲ ਨਸ਼ਟ ਕਰ ਦੋ। ’
ਇਕਦਮ ਨਿੱਕੇ ਬਾਲਾਂ ਨੂੰ ਤੇ ਔਰਤਾਂ ਨੂੰ ਕਮਰਿਆਂ ਅੰਦਰ ਵਾੜਿਆ ਗਿਆ। ਬੰਦਿਆਂ ਨੇ ਬਾਹਰ ਵੇਖਿਆ ਤਾਂ ਟਰੱਕ ਅਤੇ ਬਸ ਵਿਚ 200 ਤੋਂ 250 ਜਵਾਨ ਮੁੰਡੇ ਸੋਟੀਆਂ, ਰੌਡਾਂ, ਡੀਜ਼ਲ, ਕੈਰੋਸੀਨ, ਮਾਚਿਸ ਦੀਆਂ ਤੀਲੀਆਂ ਨਾਲ ਲੈਸ ਉਤਰ ਰਹੇ ਸਨ। ਮੈਨੂੰ ਮਹਿਸੂਸ ਹੋਇਆ ਕਿ ਕੁੱਝ ਮਾੜਾ ਵਾਪਰਨ ਵਾਲਾ ਹੈ। ਇਸ ਤੋਂ ਪਹਿਲਾਂ ਕਿ ਕੋਈ ਸੰਭਲਦਾ, ਉਨ੍ਹਾਂ ਨੇ ਹਮਲਾ ਬੋਲ ਦਿੱਤਾ। ਪਹਿਲਾ ਹੀ ਸਿਖ ਉਨ੍ਹਾਂ ਦੇ ਹੱਥੀਂ ਜੋ ਚੜ੍ਹਿਆ ਉਸ ਨੂੰ ਦਾਹੜੇ ਤੋਂ ਫੜ ਕੇ ਧੂਹ ਕੇ, ਸਿਰ ਉੱਤੇ ਰੌਡ ਮਾਰੀ ਗਈ ਤੇ ਕੈਰੋਸੀਨ ਪਾ ਕੇ ਜੀਉਂਦੇ ਨੂੰ ਅੱਗ ਲਾ ਦਿੱਤੀ ਗਈ। ਸਾਰੇ ਦੰਗਾਈ ਉਸ ਦੇ ਆਲੇ ਦੁਆਲੇ ਨੱਚੇ ਤੇ ਉਸ ਨੂੰ ਚੀਕਦੇ ਵੇਖ ਅਪਸ਼ਬਦ ਬੋਲ ਕੇ ਖ਼ੁਸ਼ ਹੁੰਦੇ ਰਹੇ। ਉਸ ਦੀ ਪੱਗ ਸਾਰਿਆਂ ਨੇ ਪੈਰਾਂ ਥੱਲੇ ਰੋਲ ਦਿੱਤੀ। ਇਹੀ ਨਜ਼ਾਰਾ ਮੈਂ ਕਈ ਵਾਰ ਵੇਖਿਆ। ਇਕ ਅਠਾਰ੍ਹਾਂ ਵਰ੍ਹਿਆਂ ਦੇ ਜਵਾਨ ਮੁੰਡੇ ਤੋਂ ਆਪਣੇ ਪਿਓ ਦਾ ਇਹ ਹਾਲ ਵੇਖਿਆ ਨਾ ਗਿਆ ਤਾਂ ਉਹ ਵੀ ਹਾਕੀ ਲੈ ਕੇ ਘਰੋਂ ਬਾਹਰ ਆ ਗਿਆ। ਉਸ ਨੂੰ ਸੋਟੀਆਂ ਨਾਲ ਮਾਰ ਮਾਰ ਕੇ ਲਹੂ ਲੁਹਾਨ ਕਰ ਦਿੱਤਾ ਗਿਆ ਤੇ ਉਸ ਨੂੰ ਵੀ ਜ਼ਿੰਦਾ ਸਾੜ ਦਿੱਤਾ ਗਿਆ।
ਅੱਗੋਂ ਹੁਣ ਕੀ ਦੱਸਾਂ। ਮੇਰੀਆਂ ਧੁਖੀਆਂ ਇੱਟਾਂ ਹੀ ਬਿਆਨ ਕਰ ਰਹੀਆਂ ਹਨ ਕਿ ਕਿਵੇਂ ਉਸ ਹਜੂਮ ਨੇ ਤੇਲ ਪਾ ਪਾ ਕੇ 31 ਸਿੱਖ ਮਾਰੇ ਤੇ ਕਿਵੇਂ ਲੋਹੇ ਦੀਆਂ ਰੌਡਾਂ ਨਾਲ ਉਨ੍ਹਾਂ ਨੁੰ ਲਹੂ ਲੁਹਾਨ ਕੀਤਾ। ਕਿਵੇਂ ਦਾਹੜੇ ਪੁੱਟੇ ਗਏ, ਕਿਵੇਂ ਪੱਗਾਂ ਰੁਲੀਆਂ! ਗੁਰਦੁਆਰੇ ਅੰਦਰ ਬੈਠੇ ਸਿੰਘਾਂ ਨੂੰ ਤਾਂ ਬਾਹਰੋਂ ਅੱਗ ਲਾ ਕੇ ਪੂਰੇ ਦਾ ਪੂਰਾ ਹੀ ਭੁੰਨ ਦਿੱਤਾ ਗਿਆ।
ਹੁਣ ਤੱਕ ਵੀ ਗੁਰਦੁਆਰੇ ਦੇ ਖੰਡਰਾਂ ਅੰਦਰ ਸੜੀਆਂ ਹੱਡੀਆਂ ਉਸ ਹੈਵਾਨੀਅਤ ਦੇ ਨੰਗੇ ਨਾਚ ਦੀ ਗਵਾਹੀ ਭਰ ਰਹੀਆਂ ਹਨ ਤੇ ਹਾਲੇ ਵੀ ਧੁਆਂਖੀਆਂ ਕੰਧਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕੁੱਝ ਤੁਕਾਂ ਦਰਜ ਵੇਖੀਆਂ ਜਾ ਸਕਦੀਆਂ ਹਨ।
ਚਾਰ ਘੰਟੇ ਚੱਲਿਆ ਉਹ ਕਤਲੇਆਮ ਮੈਂ ਆਪਣੇ ਅੱਖੀਂ ਵੇਖਿਆ ਹੈ। ਮੇਰੇ ਕੋਲ ਉਸ ਦਰਦ ਨੂੰ ਬਿਆਨ ਕਰਨ ਲਈ ਸ਼ਬਦ ਹੀ ਨਹੀਂ ਹਨ।
ਕੁੱਝ ਲੋਕ ਬਚ ਬਚਾ ਕੇ ਪਿੰਡ ਦੇ ਤਿੰਨ ਵੱਖੋ ਵੱਖ ਘਰਾਂ ਵਲ ਭੱਜ ਗਏ। ਨਿੱਕੇ ਬਾਲ ਨੂੰ ਵੀ ਚੁੱਕ ਕੇ ਉਸ ਦੀ ਮਾਂ ਪੀੜ ਵਿਚ ਤੜਫਦੀ ਭੱਜੀ। ਜਿਸ ਘਰ ਵਿਚ ਉਨ੍ਹਾਂ ਸ਼ਰਨ ਲਈ, ਉਸ ਦੀ ਛੱਤ ਉਤੋਂ ਕੈਰਸੀਨ ਪਾ ਕੇ ਉਸ ਘਰ ਨੂੰ ਵੀ ਅੱਗ ਲਾ ਦਿਤੀ ਗਈ। ਹਾਏ ਓ ਮੇਰੇ ਡਾਢਿਆ ਰੱਬਾ! ਕਿਵੇਂ ਤੜਫ਼ ਤੜਫ਼ ਕੇ ਮਾਂ ਝੁਲਸੀ ਮੈਂ ਆਪ ਵੇਖਿਆ ਹੈ। ਆਖ਼ਰੀ ਸਾਹ ਤਕ ਉਸ ਨੇ ਬੱਚੇ ਨੂੰ ਬਚਾਉਣਾ ਚਾਹਿਆ ਪਰ ਜਦ ਉਹ ਆਪ ਪੂਰੀ ਅੱਗ ਦੀ ਚਪੇਟ ਵਿਚ ਆ ਗਈ ਤਾਂ ਉਸ ਨੇ ਬੱਚਾ ਪਰ੍ਹਾਂ ਵਗਾਹ ਮਾਰਿਆ ਕਿ ਸ਼ਾਇਦ ਇੰਜ ਉਸ ਦੀ ਪਿਆਰੀ ਨਿੱਕੀ ਜਿਹੀ ਜਾਨ ਬਚ ਜਾਏ।
ਅੱਗ ਹਾਲੇ ਬੱਚੇ ਤਕ ਪਹੁੰਚੀ ਨਹੀਂ ਸੀ। ਉਹ ਗੋਦ ਵਿੱਚੋਂ ਬਾਹਰ ਡਿੱਗਣ ਸਦਕਾ ਹੀ ਰੋਣ ਲੱਗ ਪਿਆ ਸੀ। ਜੇ ਮੇਰੀਆਂ ਬਾਹਵਾਂ ਹੁੰਦੀਆਂ ਤਾਂ ਮੈਂ ਉਸ ਨੂੰ ਚੁੱਕ ਲੈਂਦਾ। ਪਰ ਉੱਥੇ ਏਨੇ ਚੀਕ ਚਿਹਾੜੇ ਵਿਚ ਉਸ ਦੀ ਕੁਰਲਾਹਟ ਕੌਣ ਸੁਣਦਾ? ਸਭ ਅੱਗ ਵਿਚ ਭਸਮ ਹੋ ਰਹੇ ਸਨ। ਕੁੱਝ ਪਲ ਇੰਜ ਜਾਪਿਆ ਕਿ ਸ਼ਾਇਦ ਅੱਗ ਉਸ ਕੋਨੇ ਤਕ ਨਾ ਪਹੁੰਚੇ ਤੇ ਨਿੱਕੀ ਜਾਨ ਬਚ ਜਾਏ।
ਏਨੇ ਨੂੰ ਕੁੱਝ ਹੈਵਾਨਾਂ ਨੇ ਛੱਤ ਉੱਤੋਂ ਹੋਰ ਕੈਰੋਸੀਨ ਰੋੜ੍ਹ ਦਿੱਤਾ। ਅੱਗ ਭਬੂਕੇ ਨਾਲ ਬੱਚੇ ਦੇ ਪੈਰ ਤਕ ਪਹੁੰਚੀ ਤੇ ਸਕਿਟਾਂ ਵਿਚ ਪੈਰ ਝੁਲਸ ਗਿਆ। ਉਸ ਨੇ ਉਸੇ ਵੇਲੇ ਫੇਰ ਚੀਕ ਮਾਰੀ। ਸਹੁੰ ਰਬ ਦੀ, ਮੈਂ ਹਿਲ ਸਕਦਾ ਹੁੰਦਾ ਤਾਂ ਨਿੱਕੇ ਬੱਚੇ ਨੂੰ ਬੋਚ ਲੈਂਦਾ। ਹੱਥ ਜਿੱਡਾ ਬਾਲ ਅੱਗ ਨੇ ਸਕਿੰਟਾਂ ਵਿਚ ਹੀ ਹੜੱਪ ਕਰ ਲਿਆ। ਉਸ ਦਾ ਸਰੀਰ ਪਹਿਲਾਂ ਫੁੱਲਿਆ ਤੇ ਪਲਾਂ ਵਿਚ ਹੀ ਰਾਖ਼ ਹੋ ਗਿਆ। ਨਿੱਕੀਆਂ ਨਿੱਕੀਆਂ ਹੱਡੀਆਂ ਵੀ ਧੁੱਖਣ ਲੱਗੀਆਂ।
ਚੀਕਦਾ ਕੁਰਲਾਉਂਦਾ ਇਕ ਦਿਨ ਦਾ ਬਾਲ ਅੱਖਾਂ ਖੋਲ੍ਹੇ ਬਗ਼ੈਰ ਹੀ, ਅੱਗ ਦੇਵਤਾ ਵਿਚ ਭਸਮ ਹੋ ਗਿਆ। ਪਟਾਕਾ ਮਾਰ ਕੇ ਉਸ ਦਾ ਸਿਰ ਫਟਿਆ। ਉਸ ਦੀਆਂ ਤਾਂ ਅਖ਼ੀਰ ਵਿਚ ਨਿੱਕੀਆਂ ਨਿੱਕੀਆਂ ਹੱਡੀਆਂ ਵੀ ਨਹੀਂ ਬਚੀਆਂ। ਨਫ਼ਰਤ ਦੀ ਅੱਗ ਵਿਚ ਸਭ ਕੁੱਝ ਸੁਆਹ ਹੋ ਗਿਆ। ਨਿਕੜੇ ਬਾਲ ਦੀ ਇਕ ਵੀ ਕਿਲਕਾਰੀ ਨਹੀਂ ਸੁਣਨ ਦਿੱਤੀ ਆਦਮਖ਼ੋਰ ਰਾਖ਼ਸ਼ਾਂ ਨੇ।
ਹੁਣ ਇਸ ‘ਹੋਂਦ’ ਵਿਚ ਉਸ ਬਾਲ ਦੀ ਕੋਈ ਹੋਂਦ ਨਹੀਂ ਬਚੀ। ਕਿਸੇ ਨੂੰ ਉਸ ਦੀ ਪੀੜ ਦਾ ਅੰਦਾਜ਼ਾ ਨਹੀਂ। ਉਹ ਕੀ ਵੇਖਣ ਆਇਆ ਸੀ? ਨਾਦਰ ਸ਼ਾਹ ਦੇ ਫੌਜੀ ਦਸਤੇ ਕਿ ਜ਼ਕਰੀਆ ਖ਼ਾਨ ਦੇ? ਇਹ ਕਿਸ ਦੇ ਜਾਏ ਸਨ?
ਮੇਰੀ ਹਰ ਧੁਆਂਖੀ ਇੱਟ ਪੁੱਛਦੀ ਹੈ ਕਿ ਕੋਈ ਉਸ ਬੱਚੇ ਦਾ ਕਸੂਰ ਤਾਂ ਦੱਸੋ? ਕਿੰਨੀਆਂ ਵੰਡਾਂ ਮੈਂ ਹਾਲੇ ਹੋਰ ਵੇਖਣੀਆਂ ਹਨ? ਸਿਰਫ ਉਸ ਬੇਨਾਮ ਤੇ ਬੇਕਸੂਰ ਬੱਚੇ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਲੱਗਣਾ ਏਨਾ ਵੱਡਾ ਗੁਨਾਹ ਹੋ ਗਿਆ ਕਿ ਉਸ ਨੂੰ ਕਿਲਕਾਰੀ ਮਾਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ? ਚੰਗਾ ਹੋਇਆ ਉਸ ਨੇ ਦੋਵੇਂ ਅੱਖਾਂ ਹਾਲੇ ਖੋਲ੍ਹੀਆਂ ਨਹੀਂ ਸਨ। ਖੋਲ੍ਹਦਾ ਤਾਂ ਕੀ ਵੇਖਦਾ? ਪਛਾਣੀਆਂ ਨਾ ਸਕੀਆਂ ਜਾਣ ਵਾਲੀਆਂ ਸੜੀਆਂ ਲਾਸ਼ਾਂ? ਜ਼ਿੰਦਾ ਰਹਿੰਦਾ ਤਾਂ ਯਾਦ ਕੀ ਰੱਖਦਾ! ਦਰਦਨਾਕ ਹਉਂਕਾ?
ਹੁਣ ਤਾਂ ਸਮਝ ਚੁੱਕੇ ਹੋਵੋਗੇ ਕਿ ਬੇਗੁਣਾਹ ਨਿੱਕੇ ਬਾਲ ਦੀ ਚੀਕ ਮੈਂ ਕਿਉਂ ਹਾਲੇ ਵੀ ਆਪਣੇ ਖੰਡਰ ਅੰਦਰ ਸੰਭਾਲੀ ਬੈਠਾਂ? ਸਿਰਫ਼ ਇਸ ਲਈ ਕਿ ਉਸ ਦੀ ਕੋਈ ਹੋਂਦ ਤਾਂ ਇਸ ਹੋਂਦ ਚਿੱਲੜ ਵਿਚ ਸਲਾਮਤ ਰਹੇ ਤੇ ਉਸ ਨੂੰ ਸੁਣ ਕੇ ਜਾਗਦੀ ਜ਼ਮੀਰ ਵਾਲੇ ਅੱਗੋਂ ਤੋਂ ਅਜਿਹਾ ਕਦੇ ਨਾ ਹੋਣ ਦੇਣ। ਏਸ ਮੌਤ ਦੇ ਤਾਂਡਵ ਵਿਚ ਜਿਗਰਾ ਵਿਖਾ ਕੇ ਵੀਰ ਬਲਵੰਤ ਸਿੰਘ ਨੇ ਤਲਵਾਰ ਨਾਲ ਇਕ ਰਾਖ਼ਸ਼ ਨੂੰ ਵੱਢ ਸੁੱਟਿਆ ਸੀ। ਉਸ ਦੀ ਵੰਗਾਰ ਸੁਣ ਦੰਗਾਈਆਂ ਦੇ ਦਿਲ ਕੰਬ ਗਏ ਸਨ। ਕੁੱਝ ਚਿਰ ਬਾਅਦ ਪਿੰਡ ਵਿੱਚੋਂ ਹੋਰ ਵੀਰ ਵੀ ਬਲਵੰਤ ਸਿੰਘ ਨਾਲ ਦੰਗਾਈਆਂ ਉੱਤੇ ਟੁੱਟ ਕੇ ਪੈ ਗਏ ਤੇ ਉਹ ਘਬਰਾ ਕੇ ਭੱਜ ਗਏ ਸਨ।
ਪੂਰੀ ਤਰ੍ਹਾਂ ਢਹਿ ਜਾਣ ਤਕ ਮੇਰੇ ਖੰਡਰ ਦੀ ਹਰ ਇੱਟ ਲਾਏਗੀ ਹਾਅ ਦਾ ਨਾਅਰਾ ਉਨ੍ਹਾਂ ਬੇਜ਼ਬਾਨ ਬੇਕਸੂਰਾਂ ਦੇ ਵਹਿਸ਼ੀਆਨਾ ਕਤਲਾਂ ਦੇ ਵਿਰੁੱਧ! ਮੈਂ ਪੁਸ਼ਤ ਦਰ ਪੁਸ਼ਤ ਇਸ ਪੀੜ ਨੂੰ ਹਰੀ ਰੱਖਣ ਦਾ ਜ਼ਿੰਮਾ ਚੁੱਕਿਆ ਹੈ ਤਾਂ ਜੋ ਧਰਮ ਦੇ ਨਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਠੱਲ ਪੈ ਸਕੇ ਤੇ ਕੋਈ ਹੋਰ ਬੇਜ਼ਬਾਨ ਨਿੱਕਾ ਬਾਲ ਕਿਲਕਾਰੀ ਮਾਰਨ ਤੋਂ ਪਹਿਲਾਂ ਅੱਗ ਵਿਚ ਫ਼ਨਾਹ ਨਾ ਹੋਵੇ!
ਹਰਿਆਣੇ ਵਿਚ 2 ਨਵੰਬਰ 1984 ਨੂੰ ਸਿਰਫ ਰੇਵਾੜੀ ਜ਼ਿਲੇ ਵਿਚਲੇ ਹੋਂਦ ਚਿੱਲੜ ਪਿੰਡ ਵਿਚ ਹੀ ਨਹੀਂ ਬਲਕਿ ਪਟੌਦੀ, ਹੇਲੀ ਮੰਡੀ, ਪਿੰਡ ਗੁੱਧਾ-ਕੇਮਲਾ, ਕਨੀਨਾ ਮੰਡੀ ਖਾਸ, ਜ਼ਿਲਾ ਮਹਿੰਦਰਗੜ੍ਹ ਵਿਚ ਵੀ ਸਮੂਹਕ ਤੌਰ ਉੱਤੇ ਸਾੜੀਆਂ ਗਈਆਂ ਸੈਂਕੜੇ ਲਾਵਾਰਿਸ ਲਾਸ਼ਾਂ ਦੀਆਂ ਕਬਰਾਂ ਲੱਭੀਆਂ ਜਾ ਸਕਦੀਆਂ ਹਨ ਤੇ ਉਨ੍ਹਾਂ ਸਾਰੀਆਂ ਥਾਵਾਂ ਦੇ ਖੰਡਰ ਇਹੀ ਪੁੱਛ ਰਹੇ ਹਨ ਕਿ ਸਿਰਫ਼ ਕਿਸੇ ਦੇ ਨਾਂ ਪਿੱਛੇ ‘ਸਿੰਘ’ ਲੱਗ ਜਾਣਾ ਕਿੰਨਾ ਕੁ ਵੱਡਾ ਗੁਨਾਹ ਮੰਨਿਆ ਜਾਣਾ ਚਾਹੀਦਾ ਹੈ ਕਿ ਉਸ ਨੂੰ ਏਨੀ ਭਿਆਨਕ ਮੌਤ ਦਿੱਤੀ ਜਾਵੇ?
ਇਸ ਦਰਿੰਦਗੀ ਦੇ ਨੰਗੇ ਨਾਚ ਦੀ ਗਵਾਹ ਬੀਬੀ ਸੁਰਜੀਤ ਕੌਰ, ਜਿਸ ਦੇ ਘਰ ਵਿਚਲੇ ਬਾਰ੍ਹਾਂ ਜੀਆਂ ਨੂੰ ਹੋਂਦ ਚਿੱਲੜ ਵਿਖੇ ਜੀਉਂਦੇ ਜੀਅ ਮਾਰ ਕੁੱਟ ਕੇ ਅੱਗ ਵਿਚ ਸੁੱਟ ਕੇ ਭਸਮ ਕਰ ਦਿੱਤਾ ਗਿਆ, ਹਾਲੇ ਤਕ ਨਿਆਂ ਦੀ ਭਾਲ ਵਿਚ ਹੈ ਕਿ ਘੱਟੋ ਘੱਟ ਕਿਸੇ ਇੱਕ ਨੂੰ ਅਜਿਹੇ ਹਮਲੇ ਲਈ ਸਜ਼ਾ ਤਾਂ ਦਿੱਤੀ ਜਾਏ।
ਉਸ ਨੂੰ ਜਦ ਤਕ ਨਿਆਂ ਨਹੀਂ ਮਿਲਦਾ ਹੋਂਦ ਚਿੱਲੜ ਦਾ ਹਰ ਖੰਡਰ ਹੈਵਾਨੀ ਹਮਲੇ ਲਈ ਆਵਾਜ਼ ਚੁੱਕਦਾ ਰਹੇਗਾ। ਅਫ਼ਸੋਸ, ਨਿੱਕੇ ਬਾਲ ਲਈ ਨਿਆਂ ਮੰਗਣ ਵਾਲਾ ਵੀ ਕੋਈ ਨਹੀਂ ਬਚਿਆ। ਕੀ ਕੋਈ ਮੇਰੀ ਆਵਾਜ਼ ਸੁਣ ਸਕਣ ਵਾਲਾ ਉਸ ਲਈ ਵੀ ਨਿਆਂ ਮੰਗੇਗਾ?
ਕਦੇ ਕਿਸੇ ਦਾ ਏਧਰ ਵੱਲ ਆਉਣ ਦਾ ਚਿਤ ਕਰੇ ਤਾਂ ਧਿਆਨ ਨਾਲ ਧਰਤੀ ਉੱਤੇ ਕਦਮ ਰੱਖਿਓ। ਹਰ ਇੰਚ ਇੰਚ ਉੱਤੇ ਪਤਾ ਨਹੀਂ ਕਿੰਨਿਆਂ ਦਾ ਲਹੂ ਡੁੱਲਿਆ ਪਿਆ ਹੈ ਤੇ ਕਿੰਨੀਆਂ ਹੱਡੀਆਂ ਭੁਰੀਆਂ ਪਈਆਂ ਹਨ! ਕਿਤੇ ਨਾ ਕਿਤੇ ਨਿੱਕੀਆਂ ਨਿੱਕੀਆਂ ਚੂਰਾ ਹੋ ਚੁੱਕੀਆਂ ਹੱਡੀਆਂ ਦੇ ਟੋਟੇ ਵੀ ਲੱਭ ਪੈਣਗੇ।
ਹਾੜਾ ਜੇ, ਪੋਲਾ ਪੋਲਾ ਪੈਰ ਧਰਿਓ। ਏਥੇ ਨਿਕੇ ਬਾਲ ਦੀ ਵੀ ਸੁਆਹ ਮਿੱਟੀ ਵਿਚ ਰਲੀ ਪਈ ਹੈ। ਵੇਖਿਓ ਕਿਤੇ ਉਸ ਨੂੰ ਨਾ ਪੈਰਾਂ ਥੱਲੇ ਰੋਲ ਦੇਇਓ। ਇਸ ਵਿੱਚੋਂ ਹੀ ਪੁੰਗਰਨਾ ਜੇ ਇਕ ਅਣਖ ਦਾ ਬੀਜ! ਬਸ ਹੁਣ ਉਸੇ ਦੀ ਉਡੀਕ ਤੇ ਰਾਖੀ ਲਈ ਮੈਂ ਅੱਜ ਵੀ ਉਜਾੜ ਵਿਚ ਖੰਡਰ ਬਣਿਆ ਖੜ੍ਹਾਂ।