ਮਿਸ਼ਨਰੀ ਕਾਲਜਾਂ ਦੀ ਲੋੜ ਤੇ ਭਵਿੱਖ

0
260

ਮਿਸ਼ਨਰੀ ਕਾਲਜਾਂ ਦੀ ਲੋੜ ਤੇ ਭਵਿੱਖ

ਪ੍ਰਿੰ. ਨਰਿੰਦਰ ਪਾਲ ਸਿੰਘ ਦਿੱਲੀ-011-25938827, 27251724, 25109951

ਮਿਸ਼ਨਰੀ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ‘ਮਿਸ਼ਨ’ (Mission) ਤੋਂ ਇਸ ਦੀ ਉਤਪਤੀ ਹੋਈ ਹੈ। ਮਿਸ਼ਨ ਦੇ ਅਰਥ ਵਾਚੀਏ ਤਾਂ ‘ਕੋਈ ਖ਼ਾਸ ਮਨੋਰਥ’ ਅਰਥ ਬਣਦਾ ਹੈ। ਮਿਸ਼ਨਰੀ ਪਹਿਲਾਂ-ਪਹਿਲ ਉਨ੍ਹਾਂ ਇਸਾਈ ਪ੍ਰਚਾਰਕਾਂ ਲਈ ਵਰਤਿਆ ਗਿਆ ਜੋ ਕਿਸੇ ਵਿਦੇਸ਼ੀ ਧਰਤੀ ’ਤੇ ਜਾਂਦੇ ਹਨ, ਸਕੂਲ, ਹਸਪਤਾਲ ਆਦਿ ਵਿੱਚ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਜਾ ਕਰਦੇ ਹਨ ਅਤੇ ਇਸਾਈਅਤ ਲਈ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਅਰਥਾਂ ਵਿੱਚ ਵੇਖੀਏ ਤਾਂ ਸਾਡੇ ਗੁਰਮਤਿ ਜਾਂ ਸਿੱਖੀ ਨਾਲ ਸੰਬੰਧਿਤ ਜਿਹੜੇ ਕਾਲਜ ਹਨ, ਉਹ ਤਾਂ ਕੇਵਲ ਪ੍ਰਚਾਰਕ, ਗ੍ਰੰਥੀ, ਰਾਗੀ ਆਦਿ ਹੀ ਤਿਆਰ ਕਰ ਰਹੇ ਹਨ; ਫਿਰ ਇਨ੍ਹਾਂ ਦਾ ਦਾਇਰਾ ਵੀ ਸੀਮਿਤ ਹੈ। ਇਹ ਮਿਸ਼ਨਰੀ ਤਿਆਰ ਹੋ ਕੇ, ਉਨ੍ਹਾਂ ਸੰਗਤਾਂ ਤੱਕ ਹੀ ਪੁੱਜ ਰਹੇ ਹਨ, ਸੇਵਾ ਕਰ ਰਹੇ ਹਨ ਜਿਹੜੇ ਪਹਿਲੋਂ ਹੀ ਸਿੱਖ ਹਨ ਜਾਂ ਸੰਗਤਾਂ ਉਹ ਹਨ ਜਿਨ੍ਹਾਂ ਨੂੰ ਲੋੜੀਂਦੇ ਪ੍ਰਚਾਰਕ ਨਹੀਂ ਲੱਭ ਰਹੇ, ਤਾਹੀਂਓ ਇਹ ਲੋੜ ਪੂਰਤੀ ਕਰ ਰਹੇ ਹਨ। ਫਿਰ ਕਾਲਜ ਉਹ ਹੁੰਦਾ ਹੈ ਜਿੱਥੇ ਸਕੂਲੀ ਪੜ੍ਹਾਈ ਪੂਰੀ ਕਰਨ ਉਪਰੰਤ ਉਚੇਰੀ ਵਿੱਦਿਆ ਹਾਸਲ ਕਰਨ ਲਈ ਪ੍ਰਬੰਧ ਹੋਵੇ।

ਆਓ ! ਵਾਚੀਏ ਕਿ ਮਿਸ਼ਨਰੀ ਕਾਲਜਾਂ ਦੀ ਲੋੜ ਕਾਹਦੇ ਲਈ ਹੈ ਅਤੇ ਉਸ ਦਾ ਕਾਰਜ ਖੇਤਰ ਕੀ ਹੈ ?

ਦੇਖਿਆ ਜਾਵੇ ਤਾਂ ਲੋੜ ਬਹੁਤ ਥਾਵਾਂ ’ਤੇ ਹੈ। ਪਿੰਡ-ਪਿੰਡ, ਗਲੀ-ਮੁਹੱਲੇ, ਸ਼ਹਿਰਾਂ ਆਦਿਕ ਥਾਵਾਂ ’ਤੇ ਸਾਡੀ ਕੌਮ ਨੇ ਗੁਰਦੁਆਰੇ ਤਾਂ ਬਹੁਤ ਬਣਾਏ ਹਨ। ਰੁਜ਼ਗਾਰ ਦੀ ਦ੍ਰਿਸ਼ਟੀ ਤੋਂ ਜਿੱਥੇ ਕਿਸੇ ਵੀ ਸ਼ਹਿਰ ਵਿੱਚ ਲੋਕ ਪਹੁੰਚੇ ਹਨ ਅਤੇ ਸੰਗਤ ਨੂੰ ਲੋੜ ਭਾਸੀ; ਉਨ੍ਹਾਂ ਥਾਵਾਂ ’ਤੇ ਧਰਮ ਦੀ ਲੋੜ ਹਿਤ ਗੁਰਦੁਆਰੇ ਬਣ ਗਏ ਹਨ।ਇਤਿਹਾਸਕ ਅਸਥਾਨ ਭੀ ਬਹੁਤ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਲਈ ਭੀ ਗੁਰਦੁਆਰੇ ਉਸਾਰੇ ਗਏ ਹਨ ਜਾਂ ਹਾਲੇ ਉਸਾਰੇ ਜਾਣੇ ਹਨ, ਇਨ੍ਹਾਂ ਵਿੱਚੋਂ ਬਹੁਤਿਆਂ ਦਾ ਪ੍ਰਬੰਧ ਹਾਲਾਂ ਆਮ ਸੰਗਤਾਂ ਪਾਸ ਨਹੀਂ ਹੈ, ਫਿਰ ਵੀ ਲੋੜ ਹੈ ਕਿ ਉੱਥੇ ਸੁਚੱਜਾ ਪ੍ਰਬੰਧ ਹੋ ਜਾਵੇ।

ਸਾਡੀ ਕੌਮ ਨੇ ਬਹੁਤ ਸਾਰੇ ਸਕੂਲ, ਕਾਲਜ, ਪ੍ਰੋਫੈਸ਼ਨਲ ਕਾਲਜ, ਹਸਪਤਾਲ ਆਦਿ ਬਣਾਏ ਹਨ ਤੇ ਇਨ੍ਹਾਂ ਉੱਪਰ ਦਸਵੰਧ ਦੀ ਮਾਇਆ ਲੱਗੀ ਹੈ। ਚਾਹੀਦਾ ਤਾਂਇਹ ਸੀ ਕਿ ਧਰਮ ਕਾਰਜਾਂ ਹਿਤ ਇਹ ਅਦਾਰੇ ਧਰਮ ਦੀ ਬੇਹਤਰੀ, ਧਰਮ ਪ੍ਰਚਾਰ ਲਈ ਵਰਤੇ ਜਾਂਦੇ, ਸਿੱਖੀ ਪ੍ਰਚਾਰ-ਪ੍ਰਸਾਰ ਦਾ ਸਾਧਨ ਬਣਦੇ; ਪਰ ਇਸ ਸਭ ਦੇ ਮੁਲਾਂਕਣ ਦੀ ਲੋੜ ਹੈ। ਹਸਪਤਾਲ, ਸਕੂਲ, ਕਾਲਜ ਅਸੀਂ ਗੁਰੂ ਸਾਹਿਬਾਨ, ਮਹਾਂਪੁਰਸ਼ਾਂ, ਸ਼ਹੀਦਾਂ, ਗੁਰਸਿੱਖਾਂ ਦੇ ਨਾਮ ’ਤੇ ਖੋਲ੍ਹ ਤਾਂ ਦਿੱਤੇ ਪਰ ਉੱਥੇ ਮਿਸ਼ਨਰੀ ਕੋਈ ਨਹੀਂ। ਜ਼ਰਾ ਤੁਲਨਾ ਕਰੋ ਕਾਨਵੈਂਟ ਸਕੂਲਾਂ, ਕਾਲਜਾਂ ਜਾਂ ਚੈਰੀਟੇਬਲ ਹਸਪਤਾਲਾਂ ਨਾਲ, ਜਿਨ੍ਹਾਂ ਥਾਵਾਂ ’ਤੇ ਸਿਸਟਰਜ਼ , ਨੰਨਜ਼ , ਬ੍ਰਦਰਜ਼ , ਆਦਿ ਮੌਜੂਦ ਹਨ, ਜੋ ਕਿ ਕਿਸੇ ਨਾ ਕਿਸੇ ਕਿੱਤੇ ਦੇ ਪ੍ਰੋਫੈਸ਼ਨਲ ਹਨ, ਟ੍ਰੇਂਡ ਹਨ, ਉਹ ਕਿਸੇ ਨਾ ਕਿਸੇ ਕਿੱਤੇ ਦੇ ਮਾਹਰ ਹਨ ਅਤੇ ਧਰਮ ਪੱਖੋਂ ਆਪਣੇ ਮੱਤ ਦਾ ਪ੍ਰਚਾਰ-ਪਾਸਾਰ ਕਰਨ ਲਈ ਭੀ ਹਰ ਪੱਖੋਂ ਕਾਵਲ ਹਨ, ਉਹ ਕਿਵੇਂ ਪ੍ਰਬੰਧਕੀ ਨੇਮਾਂ ਅਨੁਸਾਰ ਵਿਚਰਦੇ ਹੋਏ, ਸਹੀ ਅਰਥਾਂ ਵਿੱਚ ਸੇਵਾ ਨਿਬਾਹੁੰਦੇ ਹੋਏ ਅਛੋਪਲੇ ਜਹੇ ਆਪਣੇ ਧਰਮ ਦਾ ਪ੍ਰਚਾਰ ਕਰ ਜਾਂਦੇ ਹਨ। ਤੁਲਨਾ ਕਰੋ ਸਾਡੇ ਅਦਾਰਿਆਂ ਨਾਲ, ਅਸਾਂ ਖੋਲ੍ਹ ਤਾਂ ਦਿੱਤੇ ਸਕੂਲ, ਕਾਲਜ, ਹਸਪਤਾਲ ਆਦਿ ਪਰ ਉੱਥੇ ਸਾਨੂੰ ਲੋੜ ਨਾ ਭਾਸੀ ਕਿ ਇੱਥੇ ਸੇਵਾ ਭਾਵਨਾ ਵਾਲੇ ਮਿਸ਼ਨਰੀ ਭੀ ਰੱਖੀਏ ਜੋ ਕਿ ਦਿੱਤੀ ਜਾ ਰਹੀ ਅਤੇ ਲਗਾਈ ਜਾ ਰਹੀ ਦਸਵੰਧ ਦੀ ਮਾਇਆ ਨੂੰ ਸਕਾਰਥਾ ਕਰ ਦੇਵਣ।

ਗੁਰਦੁਆਰਿਆਂ ਵਿਚ ਜਿੱਥੇ ਅਸੀਂ ਪ੍ਰਚਾਰਕ, ਗ੍ਰੰਥੀ, ਰਾਗੀ ਆਦਿਕ ਤੋਂ ਸੇਵਾਵਾਂ ਲੈਂਦੇ ਹਾਂ, ਉੱਥੇ ਇਹ ਵਾਚਣ ਦੀ ਲੋੜ ਹੈ ਕਿ, ਕੀ ਉਹ ਮਨੋਰਥ ਪੂਰਾ ਹੋ ਰਿਹਾ ਹੈ ਜਿਸ ਲਈ ਇਹ ਅਸਥਾਨ ਬਣਾਏ ਜਾਂ ਉਸਾਰੇ ਗਏ ਸਨ? ਜਦੋਂ ਅਸਥਾਨ ਬਣਾਇਆ ਜਾ ਰਿਹਾ ਹੁੰਦਾ ਹੈ ਤਾਂ ਸ਼ਰਧਾਵਾਨ ਬੜੇ ਉਤਸ਼ਾਹ ਨਾਲ ਤਨ, ਮਨ, ਧਨ ਲਾ ਕੇ ਸੇਵਾ ਅਰਪਣ ਕਰਦੇ ਹਨ। ਜਦੋਂ ਅਸਥਾਨ ਬਣ ਗਿਆ ਉੱਥੇ ਜਿਹੜਾ ਪ੍ਰਚਾਰਕ, ਰਾਗੀ ਜਾਂ ਗ੍ਰੰਥੀ ਸਾਹਿਬ ਰੱਖਣ ਦੀ ਗੱਲ ਆਉਂਦੀ ਹੈ ਤਾਂ ਕਦੇ ਤੁਲਨਾ ਨਹੀਂ ਕਰਦੇ, ਇਨ੍ਹਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ। ਮਾਫ਼ ਕਰਨਾ, ਸਾਡੇ ਬਹੁਤੇ ਪ੍ਰਬੰਧਕ, ਰਾਜਨੀਤਿਕ ਹਿਤਾਂ ਦੀ ਪੂਰਤੀ ਹਿਤ ਹੀ ਪਰਧਾਨ, ਸਕੱਤਰ ਆਦਿ ਬਣਦੇ ਹਨ। ਵਿਰਲੇ ਹਨ ਜੋ ਕਿ ਨਿਰੋਲ ਧਰਮ ਪ੍ਰਚਾਰ ਦੀ ਹੁੱਬ ਲੈ ਕੇ ਇਹ ਸੇਵਾ ਨਿਬਾਹੁੰਦੇ ਹਨ। ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਿਨ੍ਹਾਂ ਥਾਵਾਂ ਦੇ ਪ੍ਰਬੰਧਕ ਧਰਮ ਪ੍ਰਚਾਰ ਦੀ ਹੁੱਬ ਤੋਂ ਵਿਰਵੇ ਹਨ, ਉਨ੍ਹਾਂ ਲਈ ਗੁਰਦੁਆਰਾ ਪ੍ਰਬੰਧ ਭੀ ਦੁਨਿਆਵੀ ਅਦਾਰੇ ਦੇ ਪ੍ਰਬੰਧ ਵਰਗਾ ਹੀ ਹੁੰਦਾ ਹੈ ਅਤੇ ਪ੍ਰਚਾਰਕ, ਗ੍ਰੰਥੀ, ਮਿਸ਼ਨਰੀ, ਰਾਗੀ ਦੀ ਹਾਲਤ ਚੌਥੇ ਦਰਜੇ ਦੇ ਮੁਲਾਜ਼ਮ ਵਰਗੀ ਹੀ ਹੁੰਦੀ ਹੈ। ਕੁਝ ਕੁ ਨਾਮਵਰ ਪ੍ਰਚਾਰਕਾਂ ਤੇ ਧਰਮ ਪ੍ਰਚਾਰ ਦੀ ਸੱਚੀ ਲਗਨ ਵਾਲਿਆਂ ਨੂੰ ਛੱਡ ਕੇ, ਉਨ੍ਹਾਂ ਦੀ ਸੀਮਾ ਭੀ, ਇਸ ਨੂੰ ਕਿੱਤੇ ਵਜੋਂ ਅਪਨਾਉਣ ਕਰਕੇ, ਪੇਟ ਪਾਲਣਾ ਤੱਕ ਰਹਿ ਜਾਂਦੀ ਹੈ, ਇਸ ਕਰਕੇ ਧਰਮ ਪ੍ਰਚਾਰ ਜਾਂ ਮਿਸ਼ਨ ਦੀ ਪੂਰਤੀ ਵਿੱਚੇ ਹੀ ਅਧੂਰੀ ਰਹਿ ਜਾਂਦੀ ਹੈ। ਇਸ ਤੋਂ ਬਚਣ ਦਾ ਇੱਕ ਰਾਹ ਇਹ ਵੀ ਹੋ ਸਕਦਾ ਹੈ ਕਿ ਮਿਸ਼ਨਰੀ ਸੇਵਾ ਸ਼ੁਰੂ ਕੀਤੀ ਜਾਵੇ ਜਿਨ੍ਹਾਂ ਨੂੰ ਤਨਖਾਹ ਕੋਈ ਸੁਸਾਇਟੀ ਜਾਂ ਸੰਸਥਾ ਦੇਵੇ ਅਤੇ ਉਹ ਨਿਧੜਕ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ।

ਮਿਸ਼ਨਰੀ ਕਾਲਜਾਂ ਵਿੱਚ ਜਿਹੜੇ ਵਿਦਿਆਰਥੀ, ਸਿਖਿਆਰਥੀ ਪੜ੍ਹ ਚੁੱਕੇ ਹਨ ਜਾਂ ਪੜ੍ਹ ਰਹੇ ਹਨ, ਮੁਬਾਰਕ ਹੈ ਬਹੁਤ ਚੰਗੇ ਸੂਝਵਾਨ, ਮਨਮੋਹਕ ਬੁਲਾਰੇ ਤਿਆਰਹੋਏ ਹਨ, ਚੰਗੇ ਸੁਚੱਜੇ ਜੀਵਨ ਦੇ ਧਾਰਨੀ ਭੀ ਹਨ; ਪਰ ਸੁਆਲ ਉੱਠਦਾ ਹੈ ਕਿ, ਕੀ ਅਸੀਂ ਸਹੀ ਅਰਥਾਂ ਵਿਚ ਮਿਸ਼ਨਰੀ ਬਣਾਉਣ ਵਿੱਚ ਸਫ਼ਲ ਹੋਏ ਹਾਂ? ਸਾਡਾ ਮਿਸ਼ਨ ਕੇਵਲ ਪ੍ਰਚਾਰਕ, ਗ੍ਰੰਥੀ, ਭਾਈ ਸਾਹਿਬਾਨ ਬਣਾਉਣ ਤੱਕ ਹੀ ਸੀਮਿਤ ਨਹੀਂ ਹੈ। ਇੱਥੋਂ ਸਿੱਖਿਆ ਲੈ ਕੇ ਇਹ ਸਾਰੇ ਆਜ਼ਾਦ ਤੌਰ ਤੇ ਵਿਚਰ ਰਹੇ ਹਨ। ਕੁਝ ਕੁ ਬਹੁਤ ਸਫ਼ਲ ਭਾਈ ਸਾਹਿਬਾਨ, ਪ੍ਰਚਾਰਕ, ਚੰਗੀਆਂ ਨਾਮਵਰ ਸੰਸਥਾਵਾਂ ’ਤੇ ਪੁੱਜੇ ਹਨ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ, ਇਹ ਕੌਮ ਦੀਆਂਮਾਣਮੱਤੀਆਂ ਸ਼ਖ਼ਸੀਅਤਾਂ ਭੀ ਬਣੀਆਂ ਹਨ ਪਰ ਸਾਡਾ ਮਨੋਰਥ ਤੇ ਟੀਚਾ ਹਾਲਾਂ ਪ੍ਰਾਪਤ ਨਹੀਂ ਹੋਇਆ। ਮਿਸ਼ਨਰੀ ਤਾਂ ਹਾਲਾਂ ਅਸੀਂ ਬਣਾਉਣੇ ਹਨ ਜੋ ਕਿ ਮਿਸ਼ਨ ਦੀ ਪੂਰਤੀ ਲਈ ਤੱਤਪਰ ਰਹਿਣ। ਅਜਿਹੇ ਬਹੁਤ ਸਾਰੇ ਕਾਰਜ ਹਨ, ਜਿਨ੍ਹਾਂ ਲਈ ਯੋਗ ਮਿਸ਼ਨਰੀ ਨਹੀਂ ਲੱਭ ਰਹੇ।

ਜਿਹਾ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਾਡੇ ਸਕੂਲਾਂ, ਕਾਲਜਾਂ, ਹਸਪਤਾਲਾਂ ਵਿੱਚ ਜਾਂ ਪ੍ਰੋਫੈਸ਼ਨਲ ਕਾਲਜਾਂ ਵਿਚ ਜਿੱਥੇ ਆਪਣੇ ਵਿਸ਼ੇ ਦੇ ਮਾਹਰ ਹੋਣ, ਉੱਥੇ ਉਨ੍ਹਾਂ ਨੇ ਮਿਸ਼ਨਰੀ ਕੋਰਸ ਭੀ ਕੀਤਾ ਹੋਵੇ, ਉਨ੍ਹਾਂ ਅੰਦਰ ਸੇਵਾ ਦੀ ਹੁੱਬ ਭੀ ਹੋਵੇ ਤਾਂ ਜੁ ਜਿੱਥੇ ਆਮ ਲੁਕਾਈ ਕੋਈ ਕਿੱਤਾ ਸਿਖਲਾਈ ਲਈ ਆਵੇ, ਉੱਥੇ ਉਸ ਨੂੰ ਧਰਮ ਦੀ ਮੂਰਤੀ, ਸੇਵਾ ਵਿੱਚ ਨਿਪੁੰਨ, ਗੁਰਸਿੱਖ ਪ੍ਰੋਫੈਸ਼ਨਲ ਦੀ ਅਗਵਾਈ ਭੀ ਮਿਲੇ ਤਾਂ ਕਿ ਸਿੱਖ ਖੁਦਮੁਖਤਿਆਰ ਭੀ ਬਣੇ ਅਤੇ ਆਮ ਸਿੱਖੀ ਦਾ ਨਮੂਨਾ ਵੀ।ਸਕੂਲ, ਕਾਲਜ ਲਈ ਪੂਰੀ ਤਰ੍ਹਾਂ ਟਰੇਂਡ ਭੀ ਹੋਵੇ, ਹਸਪਤਾਲ ਵਿੱਚ ਡਾਕਟਰ, ਨਰਸ ਆਦਿਕ ਦੀ ਸਿਖਲਾਈ ਭੀ ਪੂਰੀ ਪ੍ਰਾਪਤ ਕੀਤੀ ਹੋਵੇ ਅਤੇ ਨਾਲ ਹੀ ਪੂਰਾ ਧਰਮ ਪ੍ਰਚਾਰਕ ਭੀ ਹੋਵੇ।

ਇਵੇਂ ਹੀ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਗੁਰੂ ਸਾਹਿਬਾਨ ਨੇ ਆਪ ਜਾ ਕੇ ਤਪਦੀ ਲੁਕਾਈ ਨੂੰ ਨਾਮ ਅੰਮ੍ਰਿਤ ਦੇ ਛੱਟੇ ਦੇ ਕੇ ਸਿੱਖੀ ਮਾਰਗ ਦਾ ਰਾਹਵਿਖਾਉਂਦਿਆਂ, ਉੱਥੇ ਸੰਗਤਾਂ ਜਾਂ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ ਸਨ, ਉਨ੍ਹਾਂ ਵਿੱਚੋਂ ਕਈ ਥਾਵਾਂ ਦੀ ਸੰਭਾਲ ਹੋ ਰਹੀ ਹੈ ਪਰ ਬਹੁਤੀਆਂ ਥਾਵਾਂ ਅਜਿਹੀਆਂ ਭੀ ਹਨ ਜਿਨ੍ਹਾਂ ਦਾ ਸਾਨੂੰ ਚਿਤ-ਚੇਤਾ ਵੀ ਨਹੀਂ ਹੈ। ਧਿਆਨ ਦਿਓ ਕਿਵੇਂ ਇਕ ਹਰਪਾਲ ਸਿੰਘ ਲੁਧਿਆਣੇ ਤੋਂ ਕੋਰਸ ਕਰਕੇ ਕਨੇਡਾ ਦੀ ਸੰਗਤ ਦੇ ਸਹਿਯੋਗ ਨਾਲ, ਅਰਬੀ, ਫ਼ਾਰਸੀ, ਫਰੈਂਚ, ਜਰਮਨ ਆਦਿਕ ਪੜ੍ਹ ਕੇ ਪੂਰੇ ਵਿਸ਼ਵ ਦੇ ਦੌਰੇ ’ਤੇ ਨਿਕਲਿਆ ਅਤੇ ਉਨ੍ਹਾਂ ਥਾਵਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਥਾਵਾਂ ’ਤੇ ਗੁਰੂ ਨਾਨਕ ਸਾਹਿਬ ਗਏ ਸਨ। ਅਫਰੀਕਾ, ਯੋਰਪ, ਪੱਛਮੀ ਏਸ਼ੀਆ ਆਦਿ ਥਾਵਾਂ ਦੇ ਇਤਿਹਾਸਕ ਸਬੂਤ, ਲਿਖਤੀ ਵੇਰਵੇ, ਜਨਮਸਾਖੀਆਂ ਨਾਲ ਰਲਾ ਕੇ ਸੰਸਾਰ ਦੇ ਸਾਹਵੇਂ ਰੱਖੇ ਹਨ। ਇਹ ਕਾਰਜ ਦੇਖ ਕੇ ਨਿਮਰਤਾ ਤੇ ਸ਼ਰਧਾ ਨਾਲ ਸੀਸ ਝੁਕ ਜਾਂਦਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦੀ ਸੇਵਾ ਸੰਭਾਲ ਲਈ ਭੀ ਤਾਂ ਮਿਸ਼ਨਰੀ ਲੋੜੀਂਦੇ ਹਨ ਜਿਹੜੇ ਉਨ੍ਹਾਂ ਥਾਵਾਂ ਦੀ ਬੋਲੀ ਆਦਿ ਵਿਚ ਪਾਰੰਗਤ (ਪੂਰਨ ਯੋਗ) ਹੋਣ। ਹਿੰਦੁਸਤਾਨ ਵਿੱਚ ਭੀ ਬਹੁਤ ਥਾਵਾਂ ਹਨ ਜਿਨ੍ਹਾਂ ’ਤੇ ਗੁਰੂ ਸਾਹਿਬ ਗਏ ਸਨ ਪਰ ਉਹ ਥਾਵਾਂ ਕਿਸੇ ਡੇਰੇ, ਉਦਾਸੀ ਸੰਪਰਦਾ ਜਾਂ ਹੋਰ ਕਿਸੇ ਪ੍ਰਬੰਧ ਹੇਠ ਹਨ। ਕੀ ਉਨ੍ਹਾਂ ਥਾਵਾਂ ਦੀ ਸੇਵਾ ਸੰਭਾਲ ਲਈ ਕਿਤੋਂ ਬਾਹਰੋਂ ਸੱਜਣ ਆਉਣਗੇ? ਲੋੜ ਹੈ ਮਿਸ਼ਨਰੀਆਂ ਦੀ, ਜਿਹੜੇ ਇਨ੍ਹਾਂ ਅਸਥਾਨਾਂ ਦੀ ਇਤਿਹਾਸਕ ਸਮਾਰਕਾਂ ਵਾਂਗੂੰ ਦੇਖ ਭਾਲ ਦੇ ਸਮਰੱਥ ਭੀ ਹੋਣ (ਉਦਾਹਰਣ ਲਈ ਕਾਂਚੀਪੁਰਮ, ਉੱਜੈਨ, ਮੇਘਾਲਯ ਆਦਿਕ)।

ਸਾਡੇ ਪਾਸ ਬਹੁਤ ਸਾਰਾ ਖ਼ਜ਼ਾਨਾ ਲਿਖਤੀ ਭੀ, ਪੁਰਾਤਨ ਹੱਥ-ਲਿਖਤ ਪਾਵਨ ਬੀੜਾਂ ਦੇ ਸਰੂਪ ਭੀ, ਵੱਖ-ਵੱਖ ਥਾਵਾਂ ’ਤੇ ਮਿਲਦੇ ਹਨ। ਮਿਸ਼ਨਰੀ, ਜੋ ਕਿ ਹੱਥ-ਲਿਖਤਾਂ ਨੂੰ ਪੜ੍ਹਨ, ਸੰਭਾਲਣ, ਪਰਖਣ ਦੇ ਮਾਹਿਰ ਹੋਣ ਇਨ੍ਹਾਂ ਦੀ ਭਾਲ, ਸੰਭਾਲ, ਸੁਰੱਖਿਆ ਕਰ ਸਕਣ ਅਤੇ ਪੰਥ ਦੇ ਵਡਮੁੱਲੇ ਖ਼ਜ਼ਾਨੇ ਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲ (Conserve) ਕਰ ਸਕਣ।

ਸਿੱਖੀ ਦਾ ਧੁਰਾ ਗੁਰੂ ਸਾਹਿਬ ਨੇ ਪੰਜਾਬ ਨੂੰ ਬਣਾਇਆ ਸੀ। ਅੱਧਾ ਪੰਜਾਬ ਮਹਿਰੂਮ (ਵੱਖ) ਹੋ ਗਿਆ, ਅਸੀਂ ਪਵਿੱਤਰ ਗੁਰ ਅਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਗਏ। ਜਿਹੜਾ ਪੰਜਾਬ ਬਾਕੀ ਰਹਿ ਗਿਆ, ਉਸ ਦੇ ਭੀ ਟੁਕੜੇ ਹੋ ਕੇ ਇਕ ਨਿੱਕਾ ਜਿਹਾ ਸੂਬਾ ਹੀ ਰਹਿ ਗਿਆ, ਜਿੱਥੋਂ ਦੀ ਬਹੁ ਗਿਣਤੀ ਸਿੱਖੀ ਸਰੂਪ ਤੋਂ ਮੁਨਕਰ ਹੋ ਰਹੀ ਹੈ। ਆਰਥਕ ਮੰਦਹਾਲੀ ਇਸ ਨੂੰ ਕਿੱਥੋਂ ਤੱਕ ਲੈ ਜਾਵੇਗੀ, ਬਹੁਤ ਚਿੰਤਾ ਦਾ ਵਿਸ਼ਾ ਹੈ, ਹਾਂ ਆਸ ਦੀ ਕਿਰਨ ਹੈ ਗੁਰ ਇਤਿਹਾਸ। ਗੁਰੂ ਸਾਹਿਬਾਨ ਨੇ ਆਰਥਿਕ ਵਿਕਾਸ ਲਈ ਪ੍ਰੇਰਿਆ ਸੀ, ਖੂਹ ਲਗਵਾ ਕੇ, ਵਪਾਰ ਨੂੰ ਉਤਸ਼ਾਹਿਤ ਕਰ ਕੇ, ਸਿੱਖਾਂ ਨੇ ਉਸ ਸਮੇਂ ਘੋੜਿਆਂ ਦਾ ਵਾਪਾਰ ਵੀ ਕੀਤਾ ਜੋ ਕਿ ਉਸ ਸਮੇਂ ਇਕ ਸ਼ਾਹੀ ਵਾਪਾਰ ਸੀ। ਉਸ ਸਮੇਂ ਭਾਈ ਮਨਸੁਖ ਵਰਗੇ ਗੁਰਸਿਖ ਸਿੱਖੀ ਨੂੰ ਚਹੁੰ ਕੁੰਟਾਂ ਵਿਚ ਫ਼ੈਲਾਉਣ ਲਈ ਮਦਦਗਾਰ ਬਣੇ ਸਨ। ਅੱਜ ਮਿਸ਼ਨਰੀ ਜਿੱਥੇ ਸਿੱਖੀ ਸਰੂਪ ਬਚਾਉਣ ਲਈ ਮਦਦਗਾਰ ਹੋਣਗੇ ਉੱਥੇ ਲੋਕਾਂ ਵਿਚ ਖੇਤੀ-ਬਾੜੀ ਦੀ, ਵਿਗਿਆਨਕ ਸੂਝ-ਬੂਝ ਵਧਾਉਣ ਵਿੱਚ, ਵਹਿਮਾਂ-ਭਰਮਾਂ ਤੋਂ ਕੱਢਣ ਲਈ, ਬੱਚਿਆਂ ਵਿੱਚ ਵਿੱਦਿਆ ਫੈਲਾਉਣ ਵਿਚ, ਕਿੱਤਾਵਾਰੀ ਵਿਚ ਨਿਪੁੰਨ ਬਣਾਉਣ ਵਿੱਚ ਮਦਦਗਾਰ ਬਣ ਸਕਦੇ ਹਨ।

ਇਹ ਅਦਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਾਹਿਬਜ਼ਾਦੇ ‘ਸਾਹਿਬਜ਼ਾਦਾ ਜੁਝਾਰ ਸਿੰਘ ਜੀ’ ਦੇ ਨਾਂ ’ਤੇ ਹੈ। ਕੁਝ ਤਾਸੀਰ ਅਜਿਹੀ ਹੈ, ਕੌਮਾਂ ਦੀ ਵਿਗੜੀ ਸੰਵਾਰਨ ਲਈ ਇਸ ਅਦਾਰੇ ਤੋਂ ਬਹੁਤ ਉਮੀਦਾਂ ਹਨ। ਗੁਰੂ ਕਲਗੀਧਰ ਪਿਤਾ ਅਤੇ ਗੁਰੂ ਦੀਆਂ ਸੰਗਤਾਂ ਨੇ ਜਿੱਥੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ। ਕਾਲਜ ਦੀ ਵਿਗੜੀ ਸੰਵਾਰਨ ਲਈ ਹਰ ਵੇਲੇ ਨਾਲ ਖੜੋਤੇ ਹਨ, ਇਹ ਜੋ ਸੁਪਨੇ ਅਸੀਂ ਵੇਖ ਰਹੇ ਹਾਂ, ਜੇ ਸਤਿਗੁਰੂ ਨੂੰ ਭਾਵਣ ਤਾਂ ਉਹ ਆਪ ਹੀ ਬਿਧਿ ਬਣਾਉਣ ਤੇ ਇਨ੍ਹਾਂ ਨੂੰ ਸਾਕਾਰ ਕਰਨ ਵਿਚ ਸਹਾਈ ਹੋਵਣ।

ਪ੍ਰਿੰ. ਨਰਿੰਦਰ ਪਾਲ ਸਿੰਘ     ਫੋਨ: 011-25938827, 27251724, 25109951

ਗੁਰਮਤਿ ਮਿਸ਼ਨਰੀ ਕਾਲਜ (ਰਜਿ:) (ਸਰਪ੍ਰਸਤ ਸ਼੍ਰੋਮਣੀ ਸਿੱਖ ਸਮਾਜ)

19/5 AB, Tilak Nagar, New Delhi -110018