ਮਾਲਿਸ਼ ਨਾਲ ਕੀ ਨੁਕਸਾਨ ਹੋ ਸਕਦੇ ਹਨ ?

0
256

ਮਾਲਿਸ਼ ਨਾਲ ਕੀ ਨੁਕਸਾਨ ਹੋ ਸਕਦੇ ਹਨ ?

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮਾਲਿਸ਼ ਦੇ ਫਾਇਦਿਆਂ ਬਾਰੇ ਕਾਫ਼ੀ ਪੁਰਾਣੇ ਸਮਿਆਂ ਤੋਂ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਪਰ ਮੈਂ ਇਸ ਲੇਖ ਰਾਹੀਂ ਸਿਰਫ਼ ਨੁਕਸਾਨਾਂ ਬਾਰੇ ਹੀ ਚੇਤੰਨ ਕਰਨਾ ਚਾਹੁੰਦੀ ਹਾਂ।

ਸੰਨ 2007 ਵਿਚ 100 ਅਜਿਹੇ ਬੰਦਿਆਂ ਉੱਤੇ ਖੋਜ ਕੀਤੀ ਗਈ ਜੋ ਲਗਾਤਾਰ ਮਾਲਿਸ਼ ਕਰਵਾਉਂਦੇ ਰਹਿੰਦੇ ਸਨ। ਜੋ ਮਾੜੇ ਅਸਰ ਵੇਖਣ ਨੂੰ ਮਿਲੇ, ਉਹ ਸਨ :-

(1). ਇਨ੍ਹਾਂ ਵਿੱਚੋਂ 10 ਫੀਸਦੀ ਨੂੰ ਮਾਲਿਸ਼ ਤੋਂ ਬਾਅਦ ਹਲਕੀ ਖਿੱਚ ਮਹਿਸੂਸ ਹੁੰਦੀ ਰਹਿੰਦੀ ਸੀ ਤੇ ਚਮੜੀ ਘਿਸੜਨ ਦਾ ਅਹਿਸਾਸ ਹੁੰਦਾ ਸੀ।

(2). ਚਮੜੀ ਦਾ ਫਟਣਾ।

(3). ਪੱਠਿਆਂ ਅੰਦਰ ਲਹੂ ਚਲਣ ਨਾਲ ਸੋਜ਼ਿਸ਼ ਹੋਣੀ।

(4). ਕਰੌਨਿਕ ਪੇਨ ਸਿੰਡਰੋਮ :- ਲਗਾਤਾਰ ਹਲਕੀ ਪੀੜ ਹੁੰਦੀ ਰਹਿਣੀ।

(5). ਪੀੜ ਵਰਗੇ ਲੱਛਣ ਨੂੰ ਅਣਗੌਲਿਆਂ ਕਰ ਕੇ ਸਿਰਫ਼ ਮਾਲਿਸ਼ ਕਰਵਾਉਂਦੇ ਰਹਿਣ ਨਾਲ ਕਈ ਵਾਰ ਹੇਠਲੀ ਸੀਰੀਅਸ ਬੀਮਾਰੀ ਯਾਨੀ ਕੈਂਸਰ ਕਾਫ਼ੀ ਵਧਿਆ ਹੋਇਆ ਲੱਭਿਆ ਤੇ ਲਾਇਲਾਜ ਸਾਬਤ ਹੋ ਗਿਆ।

(6). ਨਸਾਂ ਦਾ ਖਿਚਿਆ ਜਾਣਾ ਤੇ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ।

(7). ਜੋੜਾਂ ਵਿਚ ਖਿਚਾਓ।

(8). ਜੋੜ ਦਾ ਖਿਸਕਣਾ।

(9). ਕੋਨੈਕੱਟਿਵ ਟਿਸ਼ੂ (ਮਾਸ ਤੱਤ) ਦਾ ਖਿੱਚਿਆ ਜਾਣਾ।

(10). ਇਕ 88 ਵਰ੍ਹਿਆਂ ਦੇ ਬਜ਼ੁਰਗ ਦੀ 2 ਘੰਟੇ ਦੀ ਮਾਲਿਸ਼ ਬਾਅਦ ਮੌਤ ਹੋ ਗਈ। ਚੈੱਕ ਕਰਨ ਉੱਤੇ ਪਤਾ ਲੱਗਿਆ ਕਿ ਲਹੂ ਅੰਦਰ ਮਾਇਓਗਲੋਇਨ ਬਹੁਤ ਵਧੀ ਪਈ ਸੀ ਜੋ ਗੁਰਦੇ ਫੇਲ੍ਹ ਕਰ ਗਈ। ਮਾਇਓਗਲੋਬਿਨ ਫੱਟੜ ਪੱਠਿਆਂ ਵਿੱਚੋਂ ਨਿਕਲੀ ਸੀ।

(11). ‘ਆਰਕਾਈਵਜ਼ ਆਫ਼ ਫਿਜ਼ੀਕਲ ਮੈਡੀਸਨ ਐਂਡ ਰੀਹੈਬਿਲੀਟੇਸ਼ਨ’ ਜਰਨਲ ਵਿਚ ਮਾਲਿਸ਼ ਨਾਲ ਮੋਢੇ ਦੇ ਉਤਰਨ ਤੇ ਰੀੜ੍ਹ ਦੀ ਹੱਡੀ ਵਿੱਚੋਂ ਨਿਕਲਦੀ ਨਸ ਦੇ ਦੱਬਣ ਦਾ ਜ਼ਿਕਰ ਕੀਤਾ ਗਿਆ ਹੈ।

(12). ਗਲੇ ਦੀ ਮਾਲਿਸ਼ ਨਾਲ ਦਿਮਾਗ਼ ਵਲ ਜਾਂਦੀ ਨਸ ਦੇ ਫਟਣ ਦਾ ਕੇਸ ਸਾਹਮਣੇ ਆ ਚੁੱਕਿਆ ਹੈ, ਜਿਸ ਦੀ ਮੌਤ ਹੋ ਗਈ।

(13). ਗਲੇ ਦੇ ਮਣਕੇ ਖਿਸਕਣ ਨਾਲ ਗਲੇ ਤੋਂ ਹੇਠਲੇ ਹਿੱਸੇ ਦਾ ਲਕਵਾ ਮਾਰਿਆ ਜਾਣਾ।

(14). ‘ਸਦਰਨ ਮੈਡੀਕਲ ਜਰਨਲ’ ਵਿਚ 38 ਸਾਲਾ ਔਰਤ ਦੀ ਮਾਲਿਸ਼ ਤੋਂ ਬਾਅਦ ਹੋਈ ਮੌਤ ਬਾਅਦ ਪੋਸਟ ਮਾਰਟਮ ਕਰਨ ਉੱਤੇ ਪਤਾ ਲੱਗਿਆ ਕਿ ਉਸ ਦੀ ਗਲੇ ਵਿਚਲੀ ਕੈਰੋਟਿਡ ਤੇ ਵਰਟਿਬਲਰ ਨਸ ਫੱਟਣ ਨਾਲ ਅਜਿਹਾ ਹੋਇਆ। ਹਲਕੇ ਹਲਕੇ ਝਟਕਿਆਂ ਨਾਲ ਕੀਤੀ ਮਾਲਿਸ਼ ਕਾਰਨ ਨਸਾਂ ਫਟੀਆਂ।

(15). ਤਿੱਖੀ ਸਿਰ ਪੀੜ/ਮਿਗਰੇਨ।

(16). ਪੱਟ ਤੇ ਬਾਂਹ ਦੀ ਹੱਡੀ ਦਾ ਟੁੱਟਣਾ।

(17). ਲਹੂ ਵਿਚਲੀ ਸ਼ੱਕਰ ਦੀ ਮਾਤਰਾ ਦਾ ਬਹੁਤ ਜ਼ਿਆਦਾ ਘਟਣਾ (ਖ਼ਾਸ ਕਰ ਸ਼ੱਕਰ ਰੋਗੀਆਂ ਵਿਚ)।

(18). ਮਾਲਿਸ਼ ਲਈ ਵਰਤੀ ਜਾ ਰਹੀ ਖੁਸ਼ਬੂ ਤੋਂ ਐਲਰਜੀ ਨਾਲ ਧੱਫੜ ਪੈਣੇ ਜਾਂ ਦਮੇ ਦਾ ਅਟੈਕ ਹੋਣਾ।

(19). ਅੰਤੜੀਆਂ ਦਾ ਫਟਣਾ।

(20). ਜਿਗਰ ਦੇ ਕੈਪਸੂਲ (ਬਾਹਰਲੀ ਪਰਤ) ਦਾ ਫਟਣਾ।

ਇਹ ਸਾਰੇ ਮਾੜੇ ਅਸਰ ਵੇਖਦੇ ਹੋਏ ਜਦੋਂ ਮਰਜ਼ੀ ਕਿਸੇ ਵੀ ਜਣੇ ਕੋਲੋਂ ਮਾਲਿਸ਼ ਕਰਵਾ ਲੈਣੀ ਠੀਕ ਨਹੀਂ ਹੁੰਦੀ। ਸਿਰਫ਼ ਹਲਕੀ ਮਾਲਿਸ਼ ਤੇ ਉਹ ਵੀ ਸੀਮਤ ਸਮੇਂ ਲਈ, ਪਰ ਆਪਣੇ ਰੋਗਾਂ ਦੀ ਪੂਰੀ ਪਛਾਣ ਕਰਵਾ ਲੈਣ ਬਾਅਦ ਹੀ ਕਰਵਾਉਣੀ ਚਾਹੀਦੀ ਹੈ ! ਖ਼ਿਆਲ ਰਹੇ, ਡਾਕਟਰੀ ਸਲਾਹ ਤੋਂ ਬਗ਼ੈਰ ਕਦੇ ਵੀ ਨਹੀਂ।