ਮਾਂ ਭੈਣ ਜਦ ਪੜ੍ਹ ਜਾਵੇਗੀ ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ

0
228

ਮਾਂ ਭੈਣ ਜਦ ਪੜ੍ਹ ਜਾਵੇਗੀ ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ

ਰਮੇਸ਼ ਬੱਗਾ ਚੋਹਲਾ (ਲੁਧਿਆਣਾ)- 94631-32719

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਲੜਕੀਆਂ ਦੀ ਸਿੱਖਿਆ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕੁਝ ਕੁ ਉੱਚ ਘਰਾਣਿਆਂ ਦੀਆਂ ਲੜਕੀਆਂ ਹੀ ਆਪਣਾ ਦਿਮਾਗ਼ੀ ਜੰਗਾਲ (ਪੜ੍ਹ-ਲਿਖ ਕੇ) ਲਾਹੁੰਦੀਆਂ ਸਨ ਪਰ ਸਮੇਂ ਦੀ ਕਰਵਟ ਨੇ ਕੁਝ ਕੁਸਾਧਾਰਨ ਘਰਾਂ ਦੀਆਂ ਕੁੜੀਆਂ ਨੇ ਵੀ ਸਕੂਲਾਂ-ਕਾਲਜਾਂ ਵਾਲੇ ਪਾਸੇ ਨੂੰ ਮੋੜਿਆ ਅਤੇ ਉਨ੍ਹਾਂ ਦੇ ਮੂੰਹੋਂ ਵੀ ਨਿਕਲਣ ਲੱਗ ਪਿਆ: ‘ੳ, ਅ, ੲ, ਸ, ਹ, ੜ, ਵੇ; ਚੱਲ ਚੱਲੀਏ ਸਕੂਲੇ ਨਹੀਂ ਇਹ ਕੰਮ ਮਾੜਾ ਵੇ’।

ਅੱਜ ਸਾਡੀਆਂ ਵਿਦਿਅਕ ਸੰਸਥਾਵਾਂ ਵਿਚ ਭਾਵੇਂ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਵੀ ਹੁਣ ਕਾਫੀ ਗਿਣਤੀ ਦਿਖਾਈ ਦਿੰਦੀ ਹੈ ਪਰ ਮੁੰਡਿਆਂ ਦੇ ਮੁਕਾਬਲੇ ਇਹ ਅਜੇ ਵੀ ਸੀਮਤ ਹਨ। ਸਾਡੇ ਪੇਂਡੂ ਖੇਤਰਾਂ ਵਿਚ ਤਾਂ ਇਹ ਸ਼ੁਮਾਰ ਹੋਰ ਵੀ ਤਰਸਯੋਗ ਹੈ। ਇਸ ਤਰਸਯੋਗਤਾ ਦਾ ਵਡੇਰਾ ਕਾਰਨ ਮਾਪਿਆਂ ਦੀ ਲੜਕੀਆਂ ਦੀ ਸਿੱਖਿਆ ਪ੍ਰਤੀ ਉਦਾਸੀਨਤਾ ਹੋਣ ਦੇ ਨਾਲ-ਨਾਲ ਸਮਾਜਿਕ-ਸਭਿਆਚਾਰਕ ਮਾਹੌਲ ਦਾ ਅਣਸੁਖਾਵਾਂ ਹੋਣਾ ਵੀ ਹੈ।

ਬੇਸ਼ੱਕ ਅੱਜ ਅਸੀਂ 21 ਵੀਂ ਸਦੀ ਨਾਲ ਗਲਵੱਕੜੀ ਪਾ ਲਈ ਹੈ ਪਰ ਸੋਚ ਪੱਖੋਂ ਅਜੇ ਵੀ ਪਿਛਲਖੁਰੀ ਹੀ ਤੁਰੀ ਜਾਂਦੇ ਹਾਂ। ਕਈ ਪਰਿਵਾਰ ਤਾਂ ਅਜੇ ਵੀ ਲੜਕੀਆਂ ਦੀ ਸਹਿ-ਸਿੱਖਿਆ ਨੂੰ ਸਹਿਣ ਨਹੀਂ ਕਰਦੇ। ਪਿੰਡ ਵਿਚ ਵਸਦੇ ਕਿਸੇ ਅਗਾਂਹਵਧੂ ਪਰਿਵਾਰਦੀ ਜੇਕਰ ਕੋਈ ਲੜਕੀ ਦੂਰ ਨੇੜੇ ਪੜ੍ਹਨ ਲੱਗ ਵੀ ਜਾਵੇ ਤਾਂ ਕਈ ਮੰਦਭਾਵੀ ਲੋਕ ਖੰਭਾਂ ਦੀਆਂ ਡਾਰਾਂ ਤੱਕ ਬਣਾ ਦਿੰਦੇ ਹਨ। ਅਜਿਹੀ ਸੂਰਤ-ਏ ਹਾਲ ਵਿਚ ਲੜਕੀਆਂ ਦੀ ਤਾਲੀਮ ਦੇ ਚੜ੍ਹਦੀਕਲਾ ਵਾਲੇ ਪੱਖ ਦੀ ਕੋਈ ਬਹੁਤੀ ਆਸ ਨਹੀਂ ਬੱਝਦੀ। ਲੜਕੀਆਂ ਦੀ ਸਿੱਖਿਆ ਪ੍ਰਤੀ ਉਦਾਸੀਨਤਾ ਦਾ ਇੱਕ ਕਾਰਨ ਵਿਦਿਅਕ ਸਹੂਲਤਾਂ ਦਾ ਨਾਕਾਫ਼ੀ ਹੋਣਾ ਵੀ ਹੈ।ਸਰਕਾਰ ਵੱਲੋਂ ਭਾਵੇਂ ਕੁੜੀਆਂ ਦੇ ਸਕੂਲੀ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਸਾਇਕਲ, ਆਦਿ ਵੀ ਵੰਡੇ ਗਏ, ਪਰ ਇਸ ਵਿਚ ਕਲਿਆਣਕਾਰੀ ਅੰਸ਼ ਘੱਟ ਅਤੇ ਰਾਜਨੀਤਕ ਪਹੁੰਚ ਵਧੇਰੇ ਪ੍ਰਬਲ ਹੈ।

ਲੜਕੀਆਂ ਦੀ ਸਿੱਖਿਆ ਦੇ ਮਾਮਲੇ ਵਿਚ ਗ਼ਰੀਬ ਪਰਿਵਾਰਾਂ ਦੀ ਹਾਲਤ ਤਾਂ ਹੋਰ ਵੀ ਪਤਲੀ ਹੈ। ਇਨ੍ਹਾਂ ਪਰਿਵਾਰਾਂ ਲਈ ਤਾਂ ਆਪਣੀ ਉਦਰ-ਜਵਾਲਾ ਨੂੰ ਸ਼ਾਤ ਕਰਨਾ ਹੀ ਇਕ ਗੰਭੀਰ ਮਸਲਾ ਬਣਿਆ ਹੋਇਆ ਹੈ, ਜਿਸ ਨੂੰ ਹੱਲ ਕਰਦਿਆਂ ਇਨ੍ਹਾਂਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਲੇਖੇ ਲੱਗ ਜਾਂਦੀਆਂ ਹਨ; ਜਿਵੇਂ ਕਿਸੇ ਭੁਖੇ ਨੂੰ ਪਾਈ ਆਮ ਬਾਤ ਦਾ ਜਵਾਬ ਵੀ ਟੁੱਕ ਵਿਚ ਮਿਲਦਾ ਹੈ ਉਸੇ ਤਰ੍ਹਾਂ ਇਨ੍ਹਾਂ ਪਰਿਵਾਰਾਂ ਨੂੰ ਲੜਕੀਆਂ ਦੀ ਸਿੱਖਿਆ ਪ੍ਰਤੀ ਕੀਤੇ ਗਏ ਹਰ ਪ੍ਰਸ਼ਨ ਦਾ ਉਤਰ ਵੀ ਵੈਸਾ ਹੀਹੁੰਦਾ ਹੈ।

ਅਜੋਕਾ ਸਮਾਂ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ। ਇਸ ਯੁੱਗ ਦਾ ਹਾਣੀ ਬਣਨ ਲਈ ਲੜਕੀਆਂ/ਇਸਤ੍ਰੀਆਂ ਦੀ ਸਿੱਖਿਆ ਬਾਰੇ ਹੋਰ ਵੀ ਵਧੇਰੇ ਸੋਚਣ ਲਈ ਮਜਬੂਰ ਕਰਦਾ ਹੈ। ਔਰਤ ਨੂੰ ਸਿਖਿਅਤ ਕਰਨ ਤੋਂ ਬਗੈਰ ਕਿਸੇ ਵੀ ਸਮਾਜ ਅਤੇ ਰਾਸ਼ਟਰਦਾ ਵਿਕਾਸ ਸੰਭਵ ਨਹੀਂ ਹੁੰਦਾ। ਜੇਕਰ ਇਕ ਲੜਕੀ ਪੜ੍ਹੀ-ਲਿਖੀ ਹੋਵੇਗੀ ਤਾਂ ਘਰੇਲੂ ਅਤੇ ਸਮਾਜਿਕ ਜ਼ਿੰਦਗੀ ਵੀ ਖੁਸ਼ਹਾਲ ਰਹੇਗੀ। ਆਬਾਦੀ ਆਪ ਮੁਹਾਰੇ ਵਾਧੇ ਨੂੰ ਠੱਲ੍ਹ ਵੀ ਲੜਕੀਆਂ ਨੂੰ ਸਹੀ ਢੰਗ ਨਾਲ ਸਿੱਖਿਅਤ ਕਰਕੇ ਪਾਈ ਜਾ ਸਕਦੀ ਹੈ। ਇਸ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਲੜਕੇ ਦੀ ਸਿੱਖਿਆ ਕੇਵਲ ਇਕ ਵਿਅਕਤੀਗਤ ਸਿੱਖਿਆ ਹੁੰਦੀ ਹੈ ਪਰ ਇਕ ਲੜਕੀ ਦੀ ਸਿੱਖਿਆ ਪੂਰੇ ਖਾਨਦਾਨ ਦੀ ਸਿੱਖਿਆ ਹੋ ਨਿਬੜਦੀ ਹੈ।ਸਿਆਣੇ ਲੋਕਾਂਦੀ ਸੋਚ ਵੀ ਕਹਿੰਦੀ ਹੈ ਕਿ ‘ਪੁੱਤ ਪੜ੍ਹਾਇਆਂ ਸੁਧਰਦਾ ਆਪਣਾ ਹੀ ਖਾਨਦਾਨ ਪਰ ਧੀ ਪੜ੍ਹਾਇਆਂ ਸੁਧਰਦੀ ਆਦਮ ਦੀ ਸੰਤਾਨ’ ਲੜਕੀਆਂ ਦੀ ਸਿੱਖਿਆ ਦਾ ਸੰਬੰਧ ਦੇਸ਼ ਦੀ ਤਰੱਕੀ ਨਾਲ ਵੀ ਜੁੜਿਆ ਹੋਇਆ ਹੈ। ਸਿਆਣਿਆਂ ਦਾ ਤਜਰਬਾ ਹੈ ਕਿ ‘ਮਾਂ ਭੈਣ ਜਦੋਂ ਪੜ੍ਹ ਜਾਵੇਗੀ, ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ’।

ਇਸ ਲਈ ਜੇਕਰ ਅਸੀਂ ਆਉਣ ਵਾਲੀ ਨਸਲ ਦੀ ਭਲਾਈ ਲੋਚਦੇ ਹਾਂ ਤਾਂ ਸਾਨੂੰ ਲੜਕੀਆਂ ਦੀ ਤਲੀਮ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ ਤਾਂ ਹੀ ਅਸੀਂ ਕਮਜ਼ੋਰ ਵਰਗ ਨੂੰ ਸਮੇਂ ਦਾ ਹਾਣੀ ਬਣਾ ਸਕਦੇ ਹਾਂ, ਕੇਵਲ ਮਹਿਲਾ ਦਿਵਸ ਮਨਾਉਣ ਨਾਲ ਕੁਝ ਨਹੀਂ ਸੰਵਰਨ ਵਾਲਾ।

—————–0—————