ਭਾਰਤ ਵਿਚ ਬ੍ਰਾਹਮਣਵਾਦ ਤੇ ਸਰਕਾਰ ਨੂੰ ਮਾਨਸਿਕਤਾ ਬਦਲਣ ਦੀ ਲੋੜ।
ਹਰਨਾਮ ਦਾਸ ਮਹੇ- 94654-66905
ਭਗਵਾਨ ਬੁੱਧ ਨੇ ਕਰੀਬ 2500 ਸਾਲ ਪਹਿਲਾਂ ਬ੍ਰਾਹਮਵਾਦ ਨੂੰ ਬਦੱਲਣ ਦੀ ਕੋਸ਼ਿਸ਼ ਕੀਤੀ। ਮਨੁੱਖਤਾ ਵਿੱਚ ਸਮਾਨਤਾ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ। ਚੀਨ ਕਰੀਬ ਬੁੱਧ ਦੇ ਮੂਲ ਸਿਧਾਂਤਾਂ ਅਧਾਰਿਤ ਕਾਰਣ ਦੁਨੀਆਂ ਦਾ ਸੁੱਪਰ ਸ਼ਕਤੀ ਬਣਨ ਜਾ ਰਿਹਾ ਹੈ। ਜਪਾਨ ਵੀ ਬੁੱਧ ਦੇ ਮੂਲ ਸਿਧਾਂਤਾ ਕਾਰਣ ਦੋ ਵਾਰ ਤਬਾਹੀ ਦੇ ਬਾਵਜੂਦ ਵੀ ਅੱਜ ਵਿਕਸਿਤ ਦੇਸ਼ ਹੈ। ਫਿਰ ਭਾਰਤ ਵਿੱਚ ਅਨੇਕਾਂ ਮਹਾਂਪੁਰਖ ਬਾਬਾ ਨਾਮਦੇਵ, ਸੰਤ ਕਬੀਰ, ਗੁਰੂ ਰਵਿਦਾਸ, ਸੂਫੀ ਮੱਤ, ਬਾਬਾ ਨਾਨਕ ਨੇ ਵੀ ਅੰਧਵਿਸ਼ਵਾਸ਼, ਪੱਖਪਾਤ, ਕਰਮਕਾਂਢਾਂ ‘ਤੇ ਸੱਟ ਮਾਰੀ। ਮੂਰਤੀ ਪੂਜਾ ਦਾ ਖੰਡਨ ਕੀਤਾ। ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਅਤੇ ਹੋਰ ਕਈ ਬੁੱਧਜੀਵੀਆਂ ਨੇ ਕਰਮਕਾਂਢਾਂ ਤੇ ਪਖੰਡਾਂ ਨੂੰ ਨਕਾਰਿਆ। ਪਰ ਅੱਜ ਵੀ ਸਧਾਰਣ ਪੱਥਰ, ਗਰੀਬ ਕਾਰੀਗਰਾਂ ਦੇ ਹੱਥਾਂ ਪੈਰਾਂ ਦੁਆਰਾ ਤਰਾਸ਼ਿਆ ਮੰਦਰ ਵਿੱਚ ਭਗਵਾਨ ਬਣ ਜਾਂਦਾ ਹੈ। ਉਸੇ ਕਾਰੀਗਰ ਨੂੰ ਅਛੂਤ ਕਹਿ ਕੇ ਮੰਦਰ ਵਿਚ ਪ੍ਰਵੇਸ਼ ਕਰਨ ਤੋਂ ਰੋਕੇ ਜਾਣ ਦੀ ਮਾਨਸਿਕਤਾ ਕਾਇਮ ਹੈ। ਭਾਰਤ ਨੂੰ ਭਾਰਤੀਆਂ ਦੀ ਸੋਚ ਮੁਤਾਬਿਕ ਦੇਵਤਿਆਂ, ਰਿਸ਼ੀਆਂ ਮੁਨੀਆਂ, ਪੀਰਾਂ, ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ। ਅਨੇਕਾਂ ਮੰਦਰ, ਮਸਜਿਦਾਂ, ਗੁਰਦੁਆਰੇ, ਸਾਧੂਆਂ ਅਤੇ ਮਹਾਂ-ਪੁਰਖਾਂ ਦੇ ਡੇਰੇ ਚੱਲ ਰਹੇ ਹਨ। ਭਾਰਤ ਵਿੱਚ ਮੰਦਰ ਗੁਰੂਦਵਾਰੇ ਵਧ ਰਹੇ ਹਨ। ਭਾਵੇਂ ਮਹੀਨਾ ਪਹਿਲਾਂ ਮੰਦਰ ਬਣਿਆ ਹੋਵੇ, ਲਿਖਦੇ ਹਨ, ਪ੍ਰਾਚੀਨ ਮੰਦਰ। ਮੰਦਰਾਂ ਵਿੱਚ ਭੀੜ ਵੱਧ ਰਹੀ ਹੈ। ਕਈ ਵਾਰ ਭਗਦੜ ਵਿੱਚ ਅਨੇਕਾਂ ਵਿਅੱਕਤੀ ਮਰਦੇ ਹਨ। ਕਈ ਕਿਸਮ ਦੇ ਉਪਦੇਸ਼ ਦੇਣ ਵਾਲੇ ਬਾਬੇ ਅਤੇ ਸਵਾਮੀ ਡੇਰੇ ਜਮਾਏ ਬੈਠੇ ਅਤੇ ਘੁੰਮ ਵੀ ਰਹੇ ਹਨ। ਭਾਰਤ ਪੂਜਾ ਪਾਠ, ਕਰਮਕਾਂਢਾਂ ਅਤੇ ਪਖੰਡਾਂ ਦੀ ਮਾਨਸਿਕਤਾ ਕਾਰਣ ਇਕ ਪਾਗ਼ਲਖਾਨੇ ਦੀ ਤਰਾਂ ਬਣ ਰਿਹਾ ਹੈ। ਭ੍ਰਿਸ਼ਟਾਚਾਰ, ਮਿਲਾਵਟਖੋਰੀ, ਧੋਖਾਧੜੀ, ਨਫ਼ਰਤ ਅਤੇ ਪਾਪ ਵੱਧ ਰਿਹਾ ਹੈ। ਦਾਰਸ਼ਨਿਕ ਅਚਾਰੀਆ ਰਜਨੀਸ਼ ਨੂੰ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ ਤਾਂ ਅਚਾਰੀਆ ਨੇ ਹੱਸ ਕੇ ਕਿਹਾ ‘ਕਿ ਹਿੰਦੂਆਂ ਵਾਸਤੇ ਇੱਥੇ ਗੰਗਾ ਮਈਆਂ ਨਦੀ ਜੁ ਹੈ। 364 ਦਿਨ ਮਾੜੇ ਕਰਮ ਕਰਕੇ, ਇਕ ਦਿਨ ਗੰਗਾ ਵਿੱਚ ਡੁੱਬਕੀ ਨਾਲ ਸਾਰੇ ਪਾਪ ਧੁੱਲ ਜੁ ਜਾਂਦੇ ਹਨ।’
ਦੇਸ਼ ਨੂੰ ਅਜ਼ਾਦ ਤੇ ਸੰਵਿਧਾਨ ਲਾਗੂ ਹੋਇਆਂ 67-65 ਸਾਲ ਹੋ ਗਏ ਹਨ। ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਸੰਵਿਧਾਨ ਨੂੰ ਧਰਮਨਿਰਪਖੱਤਾ ਦਾ ਮੂਲ ਰੂਪ ਦਿੱਤਾ। ਸਮਾਨਤਾ, ਬਰਾਬਰੀ ਤੇ ਆਪਸੀ ਭਾਈਚਾਰੇ ਵਾਸਤੇ ਕਾਨੂੰਨ ਲਾਗੂ ਕੀਤੇ। ਬਾਬਾ ਸਾਹਿਬ ਨੇ ਵੀ ਬ੍ਰਾਹਮਣਵਾਦ ਦੀ ਆਲੋਚਨਾ ਕੀਤੀ, ਮਨੂੰ ਸਿਮ੍ਰਤੀਆਂ ਸਾੜੀਆਂ ਅਤੇ ਵਰਣਵੰਡ ਨੂੰ ਖ਼ਤਮ ਕਰਨ ਦੇ ਬਾਰੇ ਵਿੱਚ ਲਿਖਿਆ। ਉਨਾਂ ਨੇ ਐਨਾ ਸਾਹਿਤ ਰੱਚ ਦਿੱਤਾ ਕਿ ਸਰਕਾਰਾਂ ਵਾਸਤੇ ਵੀ ਉਸ ਨੂੰ ਛੁਪਵਾ ਕੇ ਜਨਤਾ ਤੱਕ ਪਹੁੰਚਾਉਣਾ ਅਸੰਭਵ ਜਿਹਾ ਪ੍ਰਤੀਤ ਹੋਇਆ। ਸਭ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ‘ਤੇ ਦਬਾਅ ਪੈਣ ਕਾਰਨ ਇਹ ਕੰਮ ਸ਼ੁਰੂ ਹੋਇਆ ਤੇ ਅੱਜ ਭਾਰਤ ਸਰਕਾਰ ਵੀ ਬਾਬਾ ਸਾਹਿਬ ਦੀਆਂ ਲਿਖਤਾਂ ਛਿਪਵਾ ਰਹੀ ਹੈ।
ਇਸੇ ਸਾਲ ਦੁਸਹਿਰੇ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ‘ਚ ਪੰਛੀਆਂ, ਜਾਨਵਰਾਂ ਅਤੇ ਪਸ਼ੂਆਂ ਦੀ ਬਲੀ ਦੇਣ ਤੇ ਰੋਕ ਲਗਾਈ। ਅੱਜ ਵੀ ਭਾਰਤ ਦੇ ਉੱਤਰ ਪੂਰਵੀ ਰਾਜਾਂ ਵਿੱਚ ਪਸ਼ੂਆਂ ਦੀ ਬਲੀ ਕਿਸਮ ਦੇ ਕਰਮਕਾਂਢ ਪ੍ਰਚੱਲਤ ਹਨ। ਭਾਰਤ ਦਾ ਰਾਸ਼ਟਰਪਤੀ ਵੀ ਮੰਦਰਾਂ ਦੇ ਨੀਂਹ ਪੱਥਰ ਰੱਖਣ ਜਾਂਦਾ ਹੈ। ਪਰ ਹਾਲੇ ਵੀ ਦਲਿਤਾਂ ਨੂੰ ਕਈਆਂ ਮੰਦਰਾਂ ਵਿੱਚ ਜਾਣ ਦੀ ਮਨਾਹੀ ਹੈ। ਹਿੰਦੂਆਂ ਦੀਆਂ ਧਰਮਸ਼ਾਲਾਵਾਂ ਵਿੱਚ ਦਲਿਤਾਂ ਨੂੰ ਠਹਿਰਨ ਵਾਸਤੇ ਕਮਰੇ ਨਹੀਂ ਦਿੱਤੇ ਜਾਂਦੇ। ਕੇਰਲਾ ਤੇ ਦੱਖਣ ਦੇ ਰਾਜਾਂ ਵਿੱਚ ਹਾਲੇ ਵੀ ਮੰਦਰਾਂ ਵਿੱਚ ਪ੍ਰਵੇਸ਼ ਕਰਨ ਦੀਆਂ ਵਿਲੱਖਣ ਮਰਿਆਦਾਵਾਂ ਹਨ, ਜਿਵੇਂ ਧੋਤੀ ਲਾ ਕੇ ਅੰਦਰ ਜਾਣਾ, ਕਮੀਜ਼ ਅਤੇ ਬਨੈਣ ਵੀ ਲਾਉਣੀ ਪੈਂਦੀ ਹੈ। ਭਾਰਤ ਦੀ ਵਿਗਿਆਨਕ ਸੰਸਥਾ ਇਸਰੋ ਜਦੋਂ ਰਾਕੇਟ ਛੱਡਦਾ ਹੈ ਤਾਂ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਤੇ ਮੰਤਰ ਉਚਾਰ ਕੇ ਨਾਰੀਅਲ ਤੋੜਿਆ ਜਾਂਦਾ ਹੈ। ਅਜਿਹਾ ਬਹੁਤਿਆਂ ਸਮਾਗਮਾਂ ਦੇ ਆਰੰਭ ਵਿੱਚ ਕੀਤਾ ਜਾਂਦਾ ਹੈ। ਪਿੱਛੇ ਜਿਹੇ ਨੋਵਲ ਇਨਾਮ ਪ੍ਰਾਪਤ ਭਾਰਤੀ ਨੇ ਵੀ ਇਨਾਂ ਕਰਮਕਾਂਢਾਂ ‘ਤੇ ਵਿਰੋਧ ਜਤਾਇਆ ਸੀ।
ਸੋ, ਸਾਡੇ ਸਾਇੰਸਦਾਨ ਵੀ ਹਿੰਦੂਆਂ ਦੇ ਕਰਮਕਾਂਢਾ ਤੋਂ ਅਛੂਤੇ ਨਹੀਂ। ਰਾਜਨੀਤਿਕ ਨੇਤਾ ਤਾਂ ਹਾਲੇ ਵੀ ਬਾਬਿਆਂ, ਜੋਤਸ਼ੀਆਂ ਤੋਂ ਆਸ਼ੀਰਵਾਦ ਲੈਣ ਜਾਂਦੇ ਹਨ, ਮੰਤਰੀ ਪਦ ਵਾਸਤੇ ਬਾਬਿਆਂ ਦੀਆਂ ਸਿਫਾਰਿਸ਼ਾਂ ਚਲਦੀਆਂ ਹਨ। ਬਾਬਰੀ-ਮਸਜਿਦ-ਮੰਦਿਰ ਦਾ ਰੌਲਾ ਇਕ ਵਾਰ ਫਿਰ ਸਰਗਰਮ ਹੋਣ ਜਾ ਰਿਹਾ ਹੈ। ਭਗਵਤ ਗੀਤਾ ਨੂੰ ਤਾਂ ਰਾਸ਼ਟਰੀ ਪੁਸਤਕ/ਗ੍ਰੰਥ ਘੋਸ਼ਿਤ ਕਰਨ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਗੱਲ ਕਰ ਰਹੀ ਹੈ। ਲੇਖਕ ਨੂੰ ਦੂਜੇ ਪ੍ਰਾਤਾਂ ਤੇ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ। ਭਾਰਤ ਤੋਂ ਕਿੱਤੇ ਛੋਟੇ ਛੋਟੇ ਦੇਸ਼ ਸਾਫ ਸੁਥਰੇ, ਭ੍ਰਿਸ਼ਟਾਚਾਰ, ਮਿਲਾਵਟ, ਨਫਰਤ ਅਤੇ ਪਾਪਾਂ ਤੋਂ ਮੁਕਤ ਹਨ। ਕਈਆਂ ਫੀਲਡਾਂ ਵਿੱਚ ਤਾਂ ਕਿਤੇ ਅੱਗੇ ਵੀ ਜਾ ਰਹੇ ਹਨ। ਪਰ ਭਾਰਤੀ ਅਜੇ ਵੀ ਮੱਥੇ ਟੇਕੀ ਜਾ ਰਹੇ ਹਨ। ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ, ਨਫ਼ਰਤ ਤੇ ਪਾਪ ਨੂੰ ਰੋਕਣ ਦੀ ਹਾਲੇ ਤੱਕ ਸਰਕਾਰ ਕੋਲ ਵੀ ਕੋਈ ਠੋਸ ਰਣਨੀਤੀ ਨਹੀਂ ਹੈ।
ਭਾਰਤ ਵਿੱਚ ਮੁਸਲਮਾਨਾਂ ਦਾ ਆਗਮਨ ਮੁਹੰਮਦ ਬਿਨ ਕਾਸਿਮ 711ਈ. ਵਿੱਚ ਇਰਾਨ ਤੋਂ ਸਿੰਧ ‘ਤੇ ਹਮਲਿਆਂ ਕਾਰਨ ਹੋਇਆ। ਦੇਸ਼ ਜਾਤਪਾਤ ਵਰਣਵੰਡ ਅਤੇ ਹਿੰਦੂ ਬ੍ਰਾਹਮਣਾਂ ਦੇ ਪ੍ਰਭਾਵ ਕਾਰਣ ਕਮਜ਼ੋਰ ਸੀ। ਖੱਤਰੀ ਜਾਤ ਹੀ ਸ਼ਾਸ਼ਤਰ ਵਿੱਦਿਆ ਲੈ ਸਕਦੇ ਸਨ। ਜੇਕਰ ਖੱਤਰੀ ਕਿਸੇ ਬਾਹਰੀ ਹਮਲਿਆਂ ਕਾਰਨ ਮਰ ਜਾਂਦੇ ਤਾਂ ਉਨਾਂ ਦੀ ਜਗਾਹ ਹੋਰ ਕਿਸੇ ਜਾਤੀ ਵਾਲਾ ਸ਼ਾਸਤਰ ਵਿਦਿਆ ਨਹੀਂ ਸੀ ਲੈ ਸਕਦਾ। ਅਨੇਕਾਂ ਕਮਜ਼ੋਰੀਆਂ ਕਾਰਣ ਇਸਲਾਮੀ ਰਾਜ ਵਧਦਾ ਵਧਦਾ ਰਿਆਸਤਾਂ ਵਿੱਚ ਵੰਡਿਆਂ ਗਿਆ। ਸਿੱਖ ਰਾਜ, ਮਰਾਠੇ, ਜਾਟ, ਰਾਜਪੂਤ ਵਗੈਰਾ ਦੀਆਂ ਰਿਆਸਤਾਂ ਵੀ ਸਨ। ਇਨਾਂ ਮੁਗਲਾਂ ਨੂੰ ਕਮਜ਼ੋਰ ਕੀਤਾ। ਇਸ ਮਗਰੋਂ ਫਰਾਂਸੀਸੀਆਂ ਤੇ ਪੁਰਤਗਾਲੀਆਂ ਨੇ ਵੀ ਭਾਰਤ ਵਿੱਚ ਅੱਡੇ ਜਮਾਉਣ ਦੇ ਯਤਨ ਕੀਤੇ। 1765ਈ. ਵਿੱਚ ਬੰਗਾਲ ਪਾਸਿਓਂ ਵਿਉਪਾਰੀ ਬਣ ਦੇ ਗੋਰਿਆਂ ਦਾ ਆਉਣਾ ਸ਼ੁਰੂ ਹੋਇਆ। ਹੌਲੀ ਹੌਲੀ ਸ਼ਾਸ਼ਕ ਬਣਦੇ ਬਣਦੇ ਸਾਰੇ ਭਾਰਤ ਤੇ ਰਾਜ ਜਮਾਂ ਲਿਆ। ਪਰ ਗੋਰਿਆਂ ਨੇ ਵੀ ਕੋਈ ਸਮਾਜਿਕ ਤੌਰ ‘ਤੇ ਚੇਤਨਾ ਲਿਆਉਣ ਦੀ ਖੇਚਲ ਨਹੀਂ ਸੀ ਕੀਤੀ। ਕੁਝ ਸਮਾਜ ਸੁਧਾਰਕਾਂ ਨੇ ਅੰਦੋਲਨਾਂ ਦੁਆਰਾ ਜਾਗਰੂਪਤਾ ਜਰੂਰ ਲਿਆਂਦੀ ਸੀ। ਹਾਂ, ਕੁਝ ਈਸਾਈ ਮਿਸ਼ਨਰੀਆਂ ਨੇ ਜਰੂਰ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਨਾਂ ਵਿੱਦਿਆ ਫੈਲਾਈ, ਸਿਹਤ ਸੰਬੰਧੀ ਸਹੂਲਤਾਂ ਦਿੱਤੀਆਂ। ਕਾਰਖਾਨੇ ਖੁਲਵਾਏ, ਰੋਜ਼ਗਾਰ ਵੀ ਦਿੱਤਾ। ਨਾਲ ਨਾਲ ਈਸਾਈ ਮਤ ਦਾ ਪ੍ਰਚਾਰ ਵੀ ਹੋਇਆ। 1947 ਤੱਕ ਭਾਰਤ ਬਰਤਾਨੀਆ ਦਾ ਗੁਲਾਮ ਰਿਹਾ। ਐਨਾਂ ਕੁਝ ਹੋਣ ਦੇ ਬਾਵਜੂਦ ਵੀ ਬ੍ਰਾਹਮਣ ਹਿੰਦੂਆਂ ਦੀ ਸੰਕੀਰਣ ਸੋਚ ਨਹੀਂ ਬਦਲੀ।
ਜੇਕਰ ਅਜ਼ਾਦੀ ਦੇ ਨਾਲ ਹੀ ਬ੍ਰਾਹਮਣਵਾਦ ਖਤਮ ਹੋ ਜਾਂਦਾ ਜਿਵੇਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀ ਸੋਚ ਸੀ ਤਾਂ ਅੱਜ ਭਾਰਤ ਵੀ ਦੁਨੀਆਂ ਦੀ ਸੁਪਰ ਸ਼ਕਤੀ ਬਣਿਆ ਹੁੰਦਾ। ਬਾਬਾ ਸਾਹਿਬ ਨੇ ਡੱਟ ਕੇ ਹਿੰਦੂਵਾਦ ਤੇ ਬ੍ਰਾਹਮਣਵਾਦ ਦੀ ਵਿਰੋਧਤਾ ਕੀਤੀ। ਬਾਬਾ ਸਾਹਿਬ ਐਡੇ ਵੱਡੇ ਖੋਜੀ, ਅਲੋਚਕ, ਦਾਰਸ਼ਨਿਕ, ਇਤਿਹਾਸਕਾਰ ਤੇ ਰਾਜਨੀਤਿਕ ਹੁੰਦੇ ਹੋਏ ਵੀ ਆਪ ਉਸ ਸਮੇਂ 20000 ਰੁਪਏ ਦੇ ਕਰਜ਼ਾਈ ਮਰੇ।
ਧਰਮ ਦਾ ਸੌਖਾ ਤੇ ਸਹੀ ਮਤਲਬ ਹੈ, ਫਰਜ਼ ਨਿਭਾਉਣੇ- ਪ੍ਰਮਾਤਮਾ ਪ੍ਰਤੀ, ਮਨੁੱਖਤਾ ਪ੍ਰਤੀ, ਸ੍ਰਿਸ਼ਟੀ ਪ੍ਰਤੀ ਫਰਜ਼ ਨਿਭਾਉਣੇ ਹੀ ਧਰਮ ਹੈ। ਧਰਮ ਇਨਸਾਨੀਅਤ ਤੇ ਮਾਨਵਤਾਵਾਦ ਦਾ ਪਾਠ ਪੜਾਉਂਦਾ ਹੈ।
ਹਿੰਦੂਆਂ ਦੀਆਂ ਸੰਸਥਾਵਾਂ ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਕਹਿ ਰਹੀਆਂ ਹਨ ਕਿ ਹੁਣ ਤਾਂ ਦਲਿਤਾਂ ਵਿਚੋਂ ਵੀ ਮੰਦਰਾਂ ਦੇ ਪੁਜਾਰੀ ਬਣਾ ਰਹੇ ਹਾਂ, ਪਰ ਸੰਸਕ੍ਰਿਤੀ/ਸਭਿਅੱਤਾ ਤਾਂ ਬ੍ਰਾਹਮਣਵਾਦ ਤੇ ਹਿੰਦੂ ਦੀ ਹੀ ਫੈਲ ਰਹੀ ਹੈ।
ਭਾਰਤ ਦੇ ਮੰਦਰਾਂ ਵਿੱਚ ਕਰੀਬ 2000 ਟਨ ਤੋਂ ਵੱਧ ਸੋਨਾ ਹੈ। ਅਗਰ ਇਹੀ ਪੈਸਾ ਸੜਕਾਂ ਬਣਾਉਣ, ਵਿਦਿਅਕ ਅਦਾਰੇ ਖੋਲਣ ਤੇ ਸਿਹਤ ਸੇਵਾਵਾਂ ‘ਤੇ, ਗਰੀਬ ਦੀ ਦੁਰਦਸ਼ਾ ਸੁਧਾਰਨ, ਰੋਜੀ ਰੋਟੀ/ ਰੋਜ਼ਗਾਰ ਦੇਣ ਵਾਸਤੇ ਵਰਤਿਆ ਜਾਵੇ ਤਾਂ ਕਾਫੀ ਹੱਦ ਤੱਕ ਸਾਡੇ ਦੇਸ਼ ਵਿਚੋਂ ਗਰੀਬੀ, ਭੁੱਖਮਰੀ ਅਤੇ ਅਨਪੜਤਾ ਦੂਰ ਹੋ ਸਕਦੀ ਹੈ ਅਤੇ ਬੇ-ਘਰਾ ਵੀ ਕੋਈ ਨਹੀਂ ਰਹੇਗਾ। ਦੋਸ਼ ਹੈ, ਮੁਗਲ ਆਏ, ਲੁੱਟ ਕੇ ਲੈ ਗਏ, ਬ੍ਰਿਟਿਸ਼ ਆਏ ਲੁੱਟ ਕੇ ਚਲੇ ਗਏ। ਪਰ ਅੱਜ ਤਾਂ ਲੁਟੇਰੇ ਦੇਸ਼ ਵਿੱਚ ਪੱਕੇ ਅੱਡੇ ਜਮਾਈ ਬੈਠੇ ਹਨ। ਇਨਾਂ ਤਾਂ ਕਿਤੇ ਜਾਣਾ ਜਾਂ ਨਿਕਲਣਾ ਹੀ ਨਹੀਂ। ਇਹ ਤਾਂ ਗਰੀਬ ਨੂੰ ਕੁੱਚਲ ਰਹੇ ਹਨ। ਵਿਦੇਸ਼ਾਂ ਵਿੱਚ ਧੰਨ ਭੇਜੀ ਜਾ ਰਹੇ ਹਨ। ਭਾਰਤ ਲੁਟੇਰਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ। ਅਜ਼ਾਦੀ ਤੋਂ ਬਾਅਦ ਲੁੱਟ ਕਈ ਗੁਣਾਂ ਵੱਧਦੀ ਜਾ ਰਹੀ ਹੈ। ਇਹ ਸਾਰਾ ਮਾਨਸਿਕਤਾ ਦਾ ਹੀ ਦੋਸ਼ ਹੈ।
ਅੱਜ ਵੀ ਹਿੰਦੂ ਧਰਮ ਨਾਲ ਸੰਬੰਧਿਤ ਸੰਗਠਨ, ਰਾਮਕ੍ਰਿਸ਼ਨ ਮਿਸ਼ਨ, ਆਰੀਆ ਸਮਾਜ਼, ਆਰਟ ਆਫ ਲਿਵਿੰਗ ਰਚਨਾਤਮਕ ਕੰਮ ਕਰ ਰਹੇ ਹਨ। ਪਰ ਦੇਸ਼ ਦੀ ਜਨਤਾ ਸੁਧਰ ਨਹੀਂ ਰਹੀਂ। ਦੇਸ਼ ਲੁੱਟਿਆ ਜਾ ਰਿਹਾ ਹੈ। ਫਿਰ ਵੀ ਅਸੀਂ ਧਰਮ ਦਾ ਪ੍ਰਸਾਰ ਕਰ ਰਹੇ ਹਾਂ। ਪੂਜਾ ਇਕ ਧੰਦਾ/ਵਿਉਪਾਰ ਬਣ ਗਿਆ ਹੈ। ਦੁਨੀਆਂ ਦੀਆਂ ਨਜ਼ਰਾਂ ਵਿਚ ਵੀ ਭਾਰਤ ਬਹੁਤ ਭ੍ਰਿਸ਼ਟ ਦੇਸ਼ ਗਿਣਿਆ ਜਾਂਦਾ ਹੈ। ਲੋਕਾਂ ਨੂੰ ਜੋ ਵੀ ਅੱਜ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਿਲਾਵਟ, ਨਫ਼ਰਤ ਤੇ ਧੋਖਾਧੜੀ ਦਿਸ ਰਹੀ ਹੈ, ਇਹ ਤਾਂ ਮਾਤਰ ਕਿਲ ਦੀ ਨੋਕ ਹੀ ਦਿਸ ਰਹੀ ਹੈ। ਪਿਛੋਂ ਕਿਲ ਤਾਂ ਬਹੁਤ ਵੱਡਾ ਹੈ ਜੋ ਦਿਸ ਨਹੀਂ ਰਿਹਾ।
ਲੇਖਕ.. ਹਰਨਾਮ ਦਾਸ ਮਹੇ, ਮੈਨੇਜਰ (ਰਿਟਾਰਿਡ), ਸਟੇਟ ਬੈਂਕ ਆਫ ਇੰਡੀਆਂ – 94654-66905