ਬੇਗਮਪੁਰੇ ਦੇ ਵਾਸੀ (ਭਗਤ ਰਵਿਦਾਸ ਜੀ)

0
579

ਬੇਗਮਪੁਰੇ ਦੇ ਵਾਸੀ (ਭਗਤ ਰਵਿਦਾਸ ਜੀ)

ਰਾਜਦੀਪ ਸਿੰਘ

ਰਵਿਦਾਸੁ ਚਮਾਰੁ ਉਸਤਤਿ ਕਰੇ; ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ; ਚਾਰਿ ਵਰਨ ਪਏ ਪਗਿ ਆਇ ॥ (ਮ: ੪/੭੩੩)

ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਆਪ ਜੀ ਦੇ 40 ਸ਼ਬਦ 16 ਰਾਗਾਂ ਵਿਚ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਹਨ ਕਿਉਂਕਿ ਜੋ ਸਤਿਗੁਰਾਂ ਨੇ ਅਨੁਭਵ ਕੀਤਾ ਤੇ ਕਿਹਾ ਉਹੀ ਭਗਤ ਜਨਾਂ ਨੇ ਅਨੁਭਵ ਕੀਤਾ ਤੇ ਕਿਹਾ। ਸਚ ਦਾ ਅਨੁਭਵ ਇਕੋ ਜਿਹਾ ਹੀ ਹੁੰਦਾ ਹੈ ਚਾਹੇ ਦੁਨੀਆਂ ਦੇ ਕਿਸੇ ਵੀ ਮਹਾਂਪੁਰਖ ਦੇ ਅੰਦਰ ਪ੍ਰਗਟ ਹੋਵੇ। ਸਾਰੇ ਹੀ ਭਗਤਾਂ ਨੂੰ ਗੁਰੂ ਅਰਜਨ ਸਾਹਿਬ ਨੇ ‘ਭਗਤ ਜੀਉ’ ਦੇ ਲਕਬ ਨਾਲ ਸਤਿਕਾਰਿਆ ਹੈ। ਇਸ ਲਈ ਭਗਤ ਦੀ ਵਡਿਆਈ ਬੜੀ ਉੱਚੀ ਹੈ। ਉਹਨਾਂ ਦੀ ਕੁਲ ਰੱਬ ਵਿੱਚੋਂ ਸ਼ੁਰੂ ਹੁੰਦੀ ਹੈ: ‘‘ਹਰਿ ਭਗਤਾ ਕੀ ਜਾਤਿ ਪਤਿ ਹੈ, ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥’’ (ਸੂਹੀ/ਮ: ੩)

ਭਗਤ ਸੰਸਾਰੀ ਪ੍ਰਭਤਾ ਤੋਂ ਪਰੇ ਹੈ: ‘‘ਪੰਡਿਤੁ ਸੂਰੁ ਛੱਤ੍ਰ ਪਤਿ ਰਾਜਾ, ਭਗਤ ਬਰਾਬਰਿ ਅਉਰ ਨ ਕੋਇ॥’’

ਭਗਤ ਲਈ ਰੱਬ ਹੀ ਮਾਂ ਪਿਉ ਹੈ: ‘‘ਭਗਤ ਜਨਾ ਹਰਿ ਮਾਂ ਪਿਉ ਬੇਟਾ॥’’ (ਭਾਈ ਗੁਰਦਾਸ ਜੀ)

ਭਗਤ, ਧਾਰਮਿਕ ਜਗਤ ਅੰਦਰ ਰੱਬ ਦੀ ਹੀ ਸੰਤਾਨ ਹੈ: ‘‘ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ॥’’

ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਦੇ ਸਮਕਾਲੀ ਸਨ ਅਤੇ ਭਗਤ ਰਾਮਾਨੰਦ ਜੀ ਦੇ ਸ਼ਿੱਸ਼ ਸਨ। ਜਨਮ ਕਾਸ਼ੀ (ਯੂਪੀ) ਵਿਚ ਮਾਤਾ ਕਲਸਾਂ ਦੇਵੀ ਦੀ ਕੁੱਖੋਂ, ਪਿਤਾ ਬਾਬਾ ਸੰਤੋਖ ਦਾਸ ਜੀ ਦੇ ਘਰ ਹੋਇਆ। ਜਾਤੀ ਦੇ ਚਮਾਰ ਸਨ ਜਿਸ ਦਾ ਪਤਾ ਉਹਨਾਂ ਦੀ ਆਪਣੀ ਬਾਣੀ ਵਿਚੋਂ ਲਗਦਾ ਹੈ: ‘‘ਕਹੁ ਰਵਿਦਾਸ ਖਲਾਸ ਚਮਾਰਾ॥’’

ਭਗਤ ਰਵਿਦਾਸ ਜੀ ਗ੍ਰਿਹਸਥੀ ਸਨ। ਪੂਰਨ ਮਨੁਖ ਉਹ ਹੈ ਜਿਹੜਾ ਜੀਵਨ ਦੇ ਸਾਰੇ ਤਜ਼ਰਬਿਆਂ ਵਿਚੋਂ ਲੰਘ ਕੇ ਵੇਖੇ। ਉਹ ਨਿਰਾ ਸੰਸਾਰੀ ਜਾਂ ਨਿਰਾ ਤਿਆਗੀ ਨਹੀਂ ਹੁੰਦਾ। ਇਕ ਪਾਸੇ ਜਿੱਥੇ ਉਹ ਰੱਬ ਪ੍ਰਤੀ ਭਗਤ ਦਾ ਫ਼ਰਜ਼ ਨਿਭਾਉਂਦਾ ਹੈ ਦੂਜੇ ਪਾਸੇ ਸਮਾਜ ਵਿਚ ਪਿਤਾ, ਪੁੱਤਰ, ਪਤੀ, ਪਤਨੀ, ਭਰਾ, ਭੈਣ, ਆਦਿ ਮਨੁੱਖੀ ਰਿਸ਼ਤਿਆਂ ਦਾ ਫ਼ਰਜ਼ ਵੀ ਨਿਭਾਉਂਦਾ ਹੈ। ਭਗਤ ਜੀ ਦਾ ਜੀਵਨ ਇਸ ਦੀ ਇਕ ਮਿਸਾਲ ਹੈ।

ਗ੍ਰਿਹਸਥੀ ਜੀਵਨ; ਕਿਰਤ ਤੋਂ ਬਿਨਾਂ ਨਹੀਂ ਚਲਦਾ। ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਸਨ। ਕਿਰਤ ਦੇ ਨਾਲ ਨਾਲ ਪ੍ਰਭੂ ਦੀ ਕੀਰਤੀ ਵੀ ਕਰਦੇ। ਜੁੱਤੀਆਂ ਗੰਢਣ ਦੇ ਨਾਲ ਨਾਲ ਲੋਕਾਂ ਨੂੰ ਰੱਬ ਨਾਲ ਵੀ ਗੰਢਦੇ। ਫਿਰ ਆਪਣੀ ਕਿਰਤ ਵਿਚੋਂ ਆਏ ਗਏ ਲੋੜਵੰਦਾਂ ਦੀ ਸੇਵਾ ਵੀ ਕਰਦੇ। ਜਾਤ ਦੇ ਹੰਕਾਰੀ ਲੋਕ ਆਪ ਜੀ ਦੀ ਵਡਿਆਈ ਦੇਖ ਕੇ ਜਰਦੇ ਨਹੀਂ ਸਨ। ਕਈ ਵਾਰ ਮਿਹਣੇ ਮਾਰਦੇ ਕਿ ‘ਜਾਤ ਦਾ ਚਮਾਰ ਤੇ ਗੱਲਾਂ ਧਰਮ ਕਰਮ ਦੀਆਂ’ ਆਖਰ ਹੈ ਤਾਂ ਜੁੱਤੀਆਂ ਗੰਢਣ ਵਾਲਾ ਹੀ, ਭਗਤ ਜੀ ਉਨ੍ਹਾਂ ਦਾ ਉੱਤਰ ਬੜੀ ਨਿਰਭੈਤਾ ਨਾਲ ਦਿੰਦੇ। ਇਹ ਕਿਵੇਂ ਹੋ ਸਕਦਾ ਹੈ ਕਿ ਜੁੱਤੀ ਬਣਾਉਣ ਵਾਲਾ ਸ਼ੂਦਰ ਤੇ ਉਸ ਨੂੰ ਪਾਉਣ ਵਾਲਾ ਚੌਧਰੀ, ਕੱਪੜੇ ਸੀਉਣ ਵਾਲਾ ਸ਼ੂਦਰ ਤੇ ਉਨ੍ਹੰ ਨੂੰ ਪਾਉਣ ਵਾਲਾ ਚੌਧਰੀ, ਘਰਾਂ ਵਿਚ ਸਫਾਈ ਕਰਨ ਵਾਲਾ ਸ਼ੂਦਰ ਤੇ ਉੱਥੇ ਰਹਿਣ ਵਾਲਾ ਚਉਧਰੀ ? ਅਸਲ ਵਿੱਚ ਚਮਿਆਰ ਉਹ ਨਹੀਂ ਜਿਹੜਾ ਚਮੜੇ ਦਾ ਕੰਮ ਕਰਦਾ ਹੈ ਬਲਕਿ ਅਸਲ ਚਮਾਰ ਉਹ ਹੈ ਜਿਸ ਦੀ ਚਰਮ-ਦ੍ਰਿਸ਼ਟੀ ਹੋਵੇ, ਜਿਹੜਾ ਚੰਮ ਤੋਂ ਬਿਨਾਂ ਵੇਖਦਾ ਹੀ ਕੁਝ ਨਹੀਂ ਭਾਵ ਜਿਹੜਾ ਆਪਣੇ ਸਰੀਰ ਦੇ ਮੋਹ ਵਿੱਚ ਹੀ ਫਸਿਆ ਰਹਿੰਦਾ ਹੈ। ਭਗਤ ਜੀ ਕਹਿੰਦੇ ਹਨ ਕਿ ਅਸੀਂ ਤਾਂ ਚੰਮ ਨੂੰ ਤੋਪੇ ਲਾਉਣੇ ਛੱਡ ਦਿੱਤੇ ਹਨ ਪਰ ਉੱਚਾ ਅਖਵਾਉਣ ਵਾਲੇ ਆਪਣੀ ਸਰੀਰ ਰੂਪੀ ਜੁੱਤੀ ਨੂੰ ਤੋਪੇ ਲਾਉਂਦੇ ਫਿਰਦੇ ਹਨ: ‘‘ਆਰ ਨਹੀ; ਜਿਹ ਤੋਪਉ॥ ਨਹੀ ਰਾਂਬੀ; ਠਾਉ ਰੋਪਉ ॥੧॥ ਲੋਗੁ ਗੰਠਿ ਗੰਠਿ; ਖਰਾ ਬਿਗੂਚਾ॥ ਹਉ ਬਿਨੁ ਗਾਂਠੇ; ਜਾਇ ਪਹੂਚਾ ॥’’ (ਭਗਤ ਰਵਿਦਾਸ/੬੫੯)

ਈਸ਼ਵਰੀ ਭਗਤੀ ਦੇ ਕਾਰਨ ਆਪ ਜੀ ਦਾ ਜਸ ਕਾਫੀ ਦੂਰ ਤਕ ਫੈਲ ਚੁੱਕਾ ਸੀ। ਇੱਥੋਂ ਤਕ ਲਿਖਿਆ ਮਿਲਦਾ ਹੈ ਕਿ ਰਾਣਾ ਚਿਤੋੜ ਦੀ ਰਾਣੀ ‘ਝਾਲਾ ਬਾਈ’ ਭਗਤ ਰਵਿਦਾਸ ਜੀ ਦੀ ਸ਼ਿੱਸ਼ ਬਣ ਗਈ ਸੀ। ਇਹ ਭਗਤ ਜੀ ਦਾ ਅਨੁਭਵ ਹੈ ਕਿ ਮਨੁੱਖ ਦਾ ਵਿਅਕਤੀਤਵ ਉਸ ਦੀ ਜਾਤ ਅਧਾਰਿਤ ਨਹੀਂ ਬਲਕਿ ਕਰਮ (ਅਮਲੀ ਜੀਵਨ) ਅਧਾਰਿਤ ਹੁੰਦਾ ਹੈ। ਉਨ੍ਹਾਂ ਦੀ ਸੁਰਤਿ ਇਤਨੀ ਉੱਚੀ ਸੀ ਕਿ ਉਹ ‘ਕਹਿ ਰਵਿਦਾਸ ਚਮਾਰਾ’ ਕਹਿਣ ਦੇ ਵਿਚ ਹਿਚਕਚਾਏ ਨਹੀਂ। ਅਜਿਹਾ ਉਹ ਹੀਨ ਭਾਵਨਾ ਕਰ ਕੇ ਨਹੀਂ ਕਹਿ ਰਹੇ ਬਲਕਿ ਉਹ ਤਾਂ ਹੰਕਾਰੀ ਲੋਕਾਂ ਨੂੰ ਵੰਗਾਰ ਪਾ ਰਹੇ ਹਨ ਕਿ ਰੱਬ ਉਨ੍ਹਾਂ ਦਾ ਖਰੀਦਿਆ ਹੋਇਆ ਨਹੀਂ ਹੈ: ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥ (ਭਗਤ ਰਵਿਦਾਸ/੧੧੦੬) ਭਗਤ ਕਬੀਰ ਸਾਹਿਬ ਜੀ ਨੇ ਵੀ ਬਿਲਕੁਲ ਇਸੇ ਕਰਕੇ ਕਿਹਾ ਕਿ

ਕਬੀਰ  ! ਮੇਰੀ ਜਾਤਿ ਕਉ; ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸੁ ਜਾਤਿ ਕਉ; ਜਿਹ ਜਪਿਉ ਸਿਰਜਨਹਾਰੁ॥

ਦੂਜੇ ਪਾਸੇ ‘‘ਕਹਿ ਰਵਿਦਾਸ ਚਮਾਰਾ’’ ਕਹਿਣ ਦੇ ਪਿਛੇ ਹੰਗਤਾ ਦੀ ਭਾਵਨਾ ਵੀ ਨਹੀਂ ਹੈ। ਜਿਹੜੇ ਬੰਦੇ ਸਦੀਆਂ ਤੋਂ ਜਾਤਿ ਵਿਤਕਰੇ ਦੇ ਜ਼ੁਲਮ ਹੇਠ ਦੁਖ ਸਹਾਰਦੇ ਆ ਰਹੇ ਹਨ ਉਨ੍ਹਾਂ ਨੂੰ ਛੀਂਬਾ, ਜੁਲਾਹਾ ਜਾਂ ਚਮਾਰ ਅਖਵਾਉਣ ਵਿਚ ਕਿੰਨਾ ਕੁ ਹੁਲਾਰਾ ਆਉਂਦਾ ਹੋਵੇਦਾ। ਉੱਚੀ ਜਾਤ ਦਾ ਤਾਂ ਫ਼ਖਰ ਹੋ ਸਕਦਾ ਹੈ ਪਰ ਨੀਂਵੀ ਜਾਤ ਦਾ ਕਾਹਦਾ ਮਾਣ ? ਇਹ ਜ਼ਿਕਰ ਤਾਂ ਕੇਵਲ ਹੰਕਾਰੀਆਂ ਨੂੰ ਵੰਗਾਰਨ ਵਾਸਤੇ ਹੀ ਸੀ, ਨਾ ਕਿ ਹੀਨਤਾ ਜਾਂ ਹੰਗਤਾ ਪ੍ਰਗਟ ਕਰਨ ਵਾਸਤੇ। ਭਗਤ ਜੀ ਨੇ ਮਲਾਰ ਰਾਮ ਦੇ ਅੰਦਰ ਸਪਸ਼ਟ ਕੀਤਾ ਹੈ: ‘‘ਨਾਗਰ ਜਨਾਂ  ! ਮੇਰੀ ਜਾਤਿ ਬਿਖਿਆਤ ਚੰਮਾਰੰ ॥ ਰਿਦੈ ਰਾਮ, ਗੋਬਿੰਦ ਗੁਨ ਸਾਰੰ ॥੧॥ ਰਹਾਉ ॥’’ (ਭਗਤ ਰਵਿਦਾਸ/੧੨੯੩)

ਵਿਸਥਾਰ ਦੇ ਡਰੋਂ ਅੱਗੇ ਕੇਵਲ ਸ਼ਬਦ ਵਿੱਚੋਂ ਉਦਾਹਰਨਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਭਗਤ ਜੀ ਕਹਿੰਦੇ ਹਨ ਕਿ ਸ਼ਰਾਬ ਭਾਵੇਂ ਗੰਗਾ ਦੇ ਪਾਣੀ ਨਾਲ ਤਿਆਰ ਕੀਤੀ ਜਾਵੇ ਪਰ ਰੱਬ ਦੇ ਪਿਆਰੇ ਉਸ ਨੂੰ ਕੇਵਲ ਇਸੇ ਕਰਕੇ ਮੂੰਹ ਨਾਲ ਨਹੀਂ ਲਾ ਲੈਂਦੇ ਕਿ ਗੰਗਾ ਦੇ ਪਾਣੀ ਨਾਲ ਬਣੀ ਹੋਈ ਹੈ। ਦੂਜੇ ਪਾਸੇ ਜੇ ਉਹੀ ਸ਼ਰਾਬ ਗੰਗਾ ਵਿਚ ਮਿਲ ਜਾਵੇ ਤਾਂ ਉਹ ਗੰਗਾ ਦਾ ਰੂਪ ਹੋ ਜਾਂਦੀ ਹੈ ਭਾਵ ਜਿਸ ਨੂੰ ਲੋਕ ਨੀਂਵਾ ਸਮਝਦੇ ਹੋਣ ਉਹ ਬੰਦਾ ਵੀ ਪਰਮਾਤਮਾ ਦੀ ਭਗਤੀ ਕਰਕੇ ਉਸੇ ਦਾ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਤਾੜੀ ਦੇ ਰੁਖ ਤੋਂ ਸ਼ਰਾਬ ਬਣਦੀ ਹੈ ਪਰ ਲੋਕ ਉਸ ਨੂੰ ਚੰਗਾ ਨਹੀਂ ਸਮਝਦੇ ਪਰ ਜੇਕਰ ਉਸੇ ਤਾੜੀ ਦੇ ਪੱਤਿਆਂ ’ਤੇ ਰੱਬ ਦੀ ਸਿਫ਼ਤ ਲਿਖ ਦਿੱਤੀ ਜਾਵੇ ਤਾਂ ਉਹ ਵੀ ਪੂਜਣ ਜੋਗ ਹੋ ਜਾਂਦੇ ਹਨ। ਇਸ ਲਈ ਭਗਤ ਜੀ ਮੰਨਦੇ ਹਨ ਕਿ ਲੋਕ ਮੈਨੂੰ ਤਾੜੀ (ਨੀਵੀ ਜਾਤ) ਵਾਂਗ ਨਕਾਰਾਤਮਕ ਸਮਝਦੇ ਸਨ ਪਰ ਰੱਬ ਦੀ ਐਸੀ ਕ੍ਰਿਪਾ ਕਿ ਹੁਣ ਵੱਡੇ ਵੱਡੇ ਪੰਡਿਤ ਵੀ ਮੱਥੇ ਟੇਕਦੇ ਹਨ:

‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥’’ (ਭਗਤ ਰਵਿਦਾਸ/੧੨੯੩)

ਇਸ ਲਈ ਭਗਤ ਰਵਿਦਾਸ ਜੀ ਦਾ ਆਸ਼ਾ (ਟੀਚਾ), ਗੁਰੂ ਸਾਹਿਬਾਨਾਂ ਦੇ ਆਸ਼ੇ ਮੁਤਾਬਕ ਹੈ। ਭਗਤ ਬਾਣੀ ਅਤੇ ਗੁਰੂ ਬਾਣੀ ਦੋਵਾਂ ਨੂੰ ‘ਸ਼ਬਦ ਗੁਰੂ’ ਦਾ ਦਰਜਾ ਪ੍ਰਾਪਤ ਹੈ। ਭਗਤਾਂ ਦਾ ਕੋਈ ਵੀ ਸ਼ਬਦ; ਪੂਜਾ, ਅਵਤਾਰ ਪੂਜਾ, ਪ੍ਰਾਣਾਯਾਮ, ਯੋਗ ਅਭਿਆਸ ਦੇ ਹੱਕ ਵਿਚ ਨਹੀਂ ਹੈ। ਕਿਸੇ ਵੀ ਭਗਤ ਨੇ ਨਹੀਂ ਲਿਖਿਆ ਕਿ ਉਸ ਨੇ ਠਾਕੁਰ ਪੂਜਾ ਤੋਂ ਰੱਬ ਦੀ ਪ੍ਰਾਪਤੀ ਕੀਤੀ ਹੈ। ਭਗਤ ਜੀ ਦੇ ਜੀਵਨ ਨਾਲ ਬਹੁਤ ਸਾਰੀਆਂ ਮਨਘੜਤ ਕਹਾਣੀਆਂ ਜੋੜ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਕੋਈ ਆਧਾਰ ਨਹੀਂ। ਇਕ ਪਰਮਾਤਮਾ ਵਿਚ ਵਿਸ਼ਵਾਸ, ਗੁਰੂ ਦੀ ਲੋੜ, ਸਾਂਝੀਵਾਲਤਾ, ਬੰਦਗੀ, ਕਿਰਤ ਕਰਨਾ, ਨਿਰਮਾਣਤਾ ਉਨ੍ਹਾਂ ਦੀ ਬਾਣੀ ਦੇ ਮੁਖ ਸਿਧਾਂਤਕ ਪੱਖ ਹਨ। ਆਓ, ਆਪਾਂ ਵੀ ਉਨ੍ਹਾਂ ਦੀ ਬਾਣੀ ਨਾਲ ਜੁੜ ਕੇ ‘‘ਬੇਗਮਪੁਰਾ ਸਹਰ ਕੋ ਨਾਉ॥’’ ਦੇ ਵਾਸੀ ਬਣ ਸਕੀਏ।