ਬਾਬਾ ਅਜੀਤ ਸਿੰਘ ਜੀ

0
607

ਬਾਬਾ ਅਜੀਤ ਸਿੰਘ ਜੀ

ਭਾਈ ਅਮਨਦੀਪ ਸਿੰਘ

‘ਯਹ ਜਾਂ ਤੋ ਆਨੀ ਜਾਨੀ ਹੈ ਇਸ ਜਾਂ ਕੀ ਕੋਈ ਬਾਤ ਨਹੀਂ। ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵੁਹ ਸ਼ਾਨ ਸਲਾਮਤ ਰਹਤੀ ਹੈ।’ ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਇਨਸਾਨ ਮਹਾਨਤਾ ਰੱਖਦੇ ਹਨ। ਪਹਿਲੇ ਉਹ ਜਿਹੜੇ ਆਪ ਸਾਧਾਰਨ ਪੱਧਰ ਦੇ ਹੁੰਦੇ ਹਨ ਪਰ ਉਹਨਾਂ ਦੇ ਵਡੇਰੇ ਬੜੇ ਮਹਾਨ ਹਨ। ਦੂਜੇ ਉਹ ਜਿਹੜੇ ਆਪ ਮਹਾਨ ਸਨ ਪਰ ਉਹਨਾਂ ਦੇ ਵਡੇਰੇ ਅਤੇ ਸੰਤਾਨ ਸਧਾਰਨ ਪੱਧਰ ਦੇ ਸਨ। ਤੀਜੇ ਉਹ ਜਿਹੜੇ ਨਾ ਆਪ ਮਹਾਨ ਸਨ, ਨਾ ਉਹਨਾਂ ਦੇ ਵਡੇਰੇ ਮਹਾਨ ਸਨ ਬਲਕਿ ਉਹਨਾਂ ਦੀ ਸੰਤਾਨ ਮਹਾਨ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਇਹਨਾਂ ਤਿੰਨਾਂ ਕਿਸਮਾਂ ਤੋਂ ਵਖਰੀ ਹੈ। ਉਹਨਾਂ ਦੇ ਪਿਤਾ, ਦਾਦਾ, ਪੜਦਾਦਾ ਆਪ ਵੀਕੁਰਬਾਨੀ ਦੇ ਪੁੰਜ ਸਨ। ਅੱਜ ਆਪਾਂ ਬਾਬਾ ਅਜੀਤ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਗੱਲ ਕਰਾਂਗੇ। ਬਾਬਾ ਅਜੀਤ ਸਿੰਘ ਜੀ ਦਾ ਜਨਮ 29 ਮਾਘ 1743 ਬਿਕਰਮੀ (1686 ਈ.) ਵਿਚ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਪਾਉਂਟਾ ਸਾਹਿਬ ਵਿਖੇ ਹੋਇਆ। ਸੰਸਾਰ ਵਿਚ ਸਰੀਰ ਕਰਕੇ ਕਰੀਬਨ 18 ਸਾਲ ਰਹੇ ਪਰ ਸਿੱਖਜਗਤ, ਆਪ ਜੀ ਨੂੰ ਅਦਬ ਨਾਲ ‘ਬਾਬਾ’ ਸ਼ਬਦ ਨਾਲ ਸੰਬੋਧਨ ਕਰਦਾ ਹੈ ਕਿਉਂਕਿ ਉਮਰ ਭਾਂਵੇ ਛੋਟੀ ਹੈ ਪਰ ਕਰਣੀ ਬਾਬਿਆਂ ਵਾਲੀ ਉੱਚੀ ਤੇ ਸੁੱਚੀ ਹੈ। ਉਹ ਕੇਵਲ ਨਾਮ ਦੇ ‘ਅਜੀਤ’ ਨਹੀਂ ਬਲਕਿ ਕਰਮ ਦੇ, ਅਸੂਲਾਂ ਦੇ, ਸੋਚ ਦੇ, ਜਮੀਰ ਦੇ ਜੇਤੂ ਹਨ। ਜੇਤੂ ਉਹ ਨਹੀਂ ਜਿਹੜਾ ਦੁਸ਼ਮਣ ਦੇ ਟੋਟੇ ਟੋਟੇ ਕਰ ਦੇਵੇ ਬਲਕਿ ਜੇਤੂ ਉਹ ਹੈ ਜਿਹੜਾ ਆਪਣੇ ਟੋਟੇ ਟੋਟੇ ਕਰਵਾ ਕੇ ਵੀ ਆਪਣੇ ਅਕੀਦੇ ਤੇ ਸਿਧਾਂਤ ਨੂੰ ਟੋਟੇ ਟੋਟੇ ਨਾ ਹੋਣ ਦੇਵੇ ਅਤੇ ਦਿਲ ਦੀ ਸਾਬਤੀ ਰੱਖੇ। ਚਮਕੌਰ ਦੇ ਜੰਗ ਵਿਚ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਂ ਨੂੰ ਸਾਰਥਕ ਕਰ ਵਿਖਾਇਆ। ਕਈ ਇਤਿਹਾਸਕ ਸੋਮਿਆਂ ਵਿਚ ਆਪ ਜੀ ਦਾ ਨਾਂ ਥੋੜਾ ਫਰਕ ਨਾਲ ਹੈ। ਜਿਵੇਂ ਕਵੀ ਸੈਣਾ ਸਿੰਘ ਨੇ ਸ੍ਰੀ ਗੁਰੂ ਸ਼ੋਭਾ ਵਿਚ ਰਣਜੀਤ ਸਿੰਘ ਜਾਂ ਜੀਤ ਸਿੰਘ ਲਿਖਿਆ ਹੈ ‘ਥਾਹਿ ਸਮੇਂ ਕਾਰਣ ਕਰਣ ਲੀਨੋ ਸਿੰਘ ਬੁਲਾਇ ॥ ਕਹੀ ਸਿੰਘ ਰਣਜੀਤ ਸੌ ਦੂਤਨ ਦੇਹੁ ਸਜਾਇ।੨੪॥, ਕਰਤ ਮਾਰ ਚਾਰੋਂ ਦਿਸ਼ਾ ਜੀਤ ਸਿੰਘ ਅਸਵਾਰ। ਸਾਂਗ ਤਜੀ ਕਰ ਤੇ ਤਬੈ ਗਹਿ ਲੀਨੀ ਕਰਵਾਰ। ੫੦॥’

ਬਾਦ ਦੇ ਇਤਿਹਾਸਕਾਰਾਂ ਨੇ ਨਾਮ ਅਜੀਤ ਸਿੰਘ ਹੀ ਲਿਖਿਆ ਹੈ, ਅਸੀਂ ਨਾਮ ਦੀ ਬਹਿਸ ਵਿਚ ਨਹੀਂ ਪੈਣਾ। ਹਾਂ, ਇਕ ਜੀਤ ਸਿੰਘ ਨਾਂ ਦਾ ਪਾਲਿਤ ਪੁੱਤਰ ਵੀ ਸੀ ਜੋ ਮਾਤਾ ਸੁੰਦਰ ਕੌਰ ਜੀ ਨੇ ਪੁਤਰਾਂ ਦੀ ਸ਼ਹੀਦੀ ਤੋਂ ਬਾਦ ਪਾਲਿਆ। ਬਾਦ ਵਿਚ ਇਹ ਆਗਿਆਕਾਰ ਨਹੀਂ ਸੀ ਰਿਹਾ। ਇਸ ਨੂੰ ਸ਼ਿਕਾਰ ਤੇ ਅਸਤ੍ਰਾ ਸ਼ਸਤ੍ਰਾਂ ਦਾ ਬੜਾ ਸ਼ੌਕ ਸੀ। ਇਕ ਵਾਰ ਕੋਈ ਫਕੀਰ ਪੈਸੇ ਮੰਗ ਰਿਹਾ ਸੀ। ਇਸ ਦੇ ਕਹਿਣ ਤੇ ਸਾਥੀ ਅਸਵਾਰਾਂ ਨੇ ਉਸ ਫਕੀਰ ਨੂੰ ਕੁਟਿਆ ਤੇ ਉਸ ਦੀ ਮੌਤ ਹੋ ਗਈ। ਇਸ ’ਤੇ ਮੁਕੱਦਮਾ ਚਲਿਆ ਤੇ ਸੰਨ 1713 ਵਿਚ 50 ਸਾਥੀਆਂ ਸਮੇਤ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਭਾਈ ਚੌਪਾ ਸਿੰਘ ਵਰਗੇ ਬਜੁਰਗ ਵੀ ਇਸੇ ਸਮੇਂ ਸ਼ਹੀਦ ਹੋਏ। ਸਬਜ਼ੀ ਮੰਡੀ ਦਿੱਲੀ ਪਾਸ ਇਸ ਦਾ ਦੇਹਰਾ ਹੈ ਤੇ ਇਸ ਦੇ ਸ਼ਰਧਾਲੂ ‘‘ਜੀਤੀ ਸੰਗਤਿ’’ ਅਖਵਾਉਂਦੇ ਹਨ। ਪਿੱਛੋਂ ਇਸ ਦਾ ਪੁੱਤਰ ਹਠੀ ਸਿੰਘ ਬੁਰਹਾਨਪੁਰ ਵਿੱਚ ਇਸ ਦੀ ਗੱਦੀ ’ਤੇ ਬੈਠਾ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਅਤੇ ਪਾਲਿਤ ਅਜੀਤ ਸਿੰਘ ਵੱਖਰੇ-ਵੱਖਰੇ ਸਨ। ਬਾਬਾ ਅਜੀਤ ਸਿੰਘ ਜੀ ਬੜੇ ਕਰਮਯੋਗੀ ਸਨ, ਇੱਕ ਵਾਰ ਜਦੋਂ ਬਸੀ ਦਾ ਪਠਾਣ ਜਾਬਰ ਖਾਨ, ਦੇਵਦਾਸ ਬ੍ਰਾਹਮਣ ਦੀ ਇਸਤਰੀ ਧੱਕੇ ਨਾਲ ਚੁੱਕ ਕੇ ਲੈ ਗਿਆ ਤਾਂ ਉਸ ਨੂੰ ਛੁਡਾ ਕੇ ਲਿਆਉਣ ਦੀ ਸੇਵਾ ਬਾਬਾ ਅਜੀਤ ਸਿੰਘ ਜੀ ਨੇ ਨਿਭਾਈ। ਅੱਜ ਜਦੋਂ ਕਿ ਸਮਾਜ ਵਿਚ ਔਰਤਾਂ ’ਤੇ ਹੋ ਰਹੇ ਜੁਲਮਾਂ ਦੀਆਂ ਖਬਰਾਂ ਅਸੀਂ ਨਿਤਾਪ੍ਰਤੀ ਪੜ੍ਹਦੇ ਹਾਂ ਤਾਂ ਸਾਨੂੰ ਨੌਜਵਾਨ ਪੀਹੜੀ ਨੂੰ ਬਾਬਾ ਅਜੀਤ ਸਿੰਘ ਜੀ ਦੀ ਜੀਵਨ ਰੋਸਨੀ ਵਿੱਚ ਆਪਾ ਚੀਨਣ ਦੀ ਲੋੜ ਹੈ। ਅਸੀਂ ਦੁਨੀਆਂ ਵਿੱਚ ਕਈ ਵਾਰ ਦੇਖਦੇ ਹਾਂ ਕਿ ਕਈ ਧਾਰਮਿਕ ਅਤੇ ਸਿਆਸੀ ਆਗੂ ਮੁਸੀਬਤ ਵੇਲੇ ਆਪਣੀ ਔਲਾਦ ਨੂੰ ਛੁਪਾ ਲੈਂਦੇ ਹਨ। ਆਪਣੇ ਬੱਚਿਆਂ ਨੂੰ ਬਚਾਉਣ ਲਈ ਦੂਜੇ ਦੇ ਬੱਚਿਆ ਨੂੰ ਕੁਰਬਾਨ ਕਰ ਦੇਂਦੇ ਹਨ, ਪਰ ਗੁਰੂ ਸਾਹਿਬ ਜੀ ਦੀ ਮਰਜ਼ੀ ਅਨੁਸਾਰ ਬਾਬਾ ਅਜੀਤ ਸਿੰਘ ਜੀ ਨੇ ਕਿਲਾ ਛੱਡਣ ਤੋਂ ਬਾਦ ਆਪ ਮੂਹਰੇ ਹੋ ਕੇ ਵਹੀਰ ਦੀ ਰੱਖਿਆ ਕੀਤੀ। ਸਾਹਿਬਜ਼ਾਦਿਆ ਦੀ ਕੁਰਬਾਨੀ ਇਤਨੀ ਬੇਮਿਸਾਲ ਹੈ ਕਿ ਜਿਸ ਨੇ ਕਈ ਕਵੀਆਂ ਦੀ ਕਲਮ ਨੂੰ ਪ੍ਰਭਾਵਿਤ ਕੀਤਾ। ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਣ ਗੁਪਤ ਦੀ ਕਲਮ ਬੋਲ ਉਠੀ ‘‘ਜਿਸ ਕੁਲ ਜਾਤਿ ਦੇਸ਼ ਕੇ ਬੱਚੇ ਦੇ ਸਕਤੇ ਹੈ ਯੋ ਬਲਿਦਾਨ॥ ਉਸ ਦਾ ਵਰਤਮਾਨ ਕੁਝ ਭੀ ਹੋ ਪਰ ਭਵਿਸਯ ਹੈ ਮਹਾਂ ਮਹਾਨ।’’ ਮਿਰਜ਼ਾ ਮੁਹੰਮਦ ਅਬਦੁਨ ਗਨੀ ਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਨੂੰ ‘‘ਜੋਹਰਿ ਤੇਗ’’ ਵਿਚ ਇਸ ਤਰ੍ਹਾਂ ਪੇਸ਼ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਤੋਂ ਸ਼ਹੀਦੀ ਜਾਮ ਪੀਣ ਦੀ ਆਗਿਆ ਮੰਗਦੇ ਹਨ ‘‘ਮੁਝ ਕੋ ਭੀ ਦੀਜੇ ਹੁਕਮ ਜੌਹਰ ਦਿਖਾਊਂ ਮੈਂ। ਜਾਏ ਬਲਾ ਸੇ ਜਾਨ ਪਰ ਵਾਪਸ ਨਾ ਆਊਂ ਮੈਂ। ਜੋਸ਼ ਸੇ ਮੈਦਾਨ ਮੇਂ ਕਦਮ ਬੜਾਊਂ ਮੈਂ। ਭੂਚਾਲ ਕੀ ਤਰਹ ਜਹਾਂ ਕੋ ਹਿਲਾਉ ਮੈਂ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਜੀਤਾ ਤੋ ਖ਼ੈਰ! ਹਾਰ ਕੇ, ਜੀਤਾ ਨਾ ਆਊਂਗਾ। ਲੜਕੇ ਨੇ ਲੜ ਕੇ ਜਾਨ ਦੀ ਆਖਰ ਕੋ ਜੰਗ ਮੇਂ। ਆਯਾ ਥਾ ਹੋਸਲੇ ਸੇ ਧਰਮ ਕੀ ਉਮੰਗ ਮੇਂ। ਬੇਟੇ ਕੇ ਕਤਲ ਹੋਨੇ ਕੇ ਪਹੁੰਚੀ ਯੂੰ ਹੀ ਖਬਰ। ਜਾਨਾਯਿ ਬਾਪ ਨੇ ਹੂਆ ਕਤਲ ਵਹ ਪਿਸ਼ਰ। ਸ਼ੁਕਰ ਅਕਾਲ ਪੁਰਖ ਕਾ ਕੀਆ, ਝਟ ਉਠਾ ਕੇ ਸਰ। ਔਰ ਅਰਜ ਕੀ ਕਿ ਬੰਦਾ ਪੈ ਕ੍ਰਿਪਾ ਕੀ ਕਰ ਨਜ਼ਰ। ਮੁਝਿ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੇ ਕੀ ਜਾਂ ਧਰਮ ਕੀ ਖਾਤਰ ਫਿਦਾ ਹੂਈ।’’

ਪੁੱਤਰ ਦੀ ਬਹਾਦਰੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੰਸਨ ਹੋ ਕੇ ਕਿਹਾ: ‘‘ਸ਼ਾਬਾਸ਼ ਪਿਸਰ ! ਖੂਬ ਦਲੇਰੀ ਸੇ ਲੜੇ ਹੋ। ਹਾਂ, ਕਿਉਂ ਨ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ।’’

1705 ਨੂੰ ਸਾਡੇ ਲਈ ਕੀਤੀ ਬਾਬਾ ਅਜੀਤ ਸਿੰਘ ਜੀ ਦੀ ਕੁਰਬਾਨੀ ਸਾਥੋਂ ਜਵਾਬ ਮੰਗਦੀ ਹੈ। ਖੂਨ ਦੇ ਇੱਕ ਇੱਕ ਕਤਰੇ ਦੇ ਅਸੀਂ ਕਰਜ਼ਦਾਰ ਹਾਂ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦੀਆਂ ਆਂਦਰਾਂ ਦਾ ਖੂਨ ਕੱਢ ਕੇ ਸਾਡੀਆਂ ਰਗਾਂ ਵਿਚ ਪਾਇਆ ਤਾਂ ਕਿ ਕੌਮ ਸਦਾ ਜੀਂਊਦੀ ਰਹੇ। ਸਾਡੇ ’ਤੇ ਮਾਣ ਤੇ ਭਰੋਸਾ ਕਰਕੇ ਹੀ ਗੁਰੂ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਕਿਹਾ ਸੀ। ‘‘ਬੇਟਾ ! ਹੋ ਤੁਸੀ ਪੰਥ ਕੇ ਬੇੜੇ ਕੇ ਖਿਵੱਈਆ। ਸਰ ਭੇਂਟ ਕਰੇਂ ਤਾਂ ਕਿ ਚਲੇ ਧਰਮ ਕੀ ਨੱਈਆ। ਲੇ ਦੇ ਕੇ ਤੁਮੀ ਥੇ ਮਿਰੇ ਗੁਲਸ਼ਨ ਕੇ ਬਕੱਈਆ। ਲੋ ਜਾਓ, ਯਾ ਮਾਰੋ ਤੁਮੇ ਅੋਲਾਹ ਕੋ ਸੋਂਪਾ। ਰੱਬ ਕੋ ਨਾ ਬਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮ੍ਹੇ ਅਲਾਹ ਕੋ ਸੋਂਪਾ।’’