ਬਲੱਡ ਪ੍ਰੈਸ਼ਰ

0
1442

ਬਲੱਡ ਪ੍ਰੈਸ਼ਰ (B.P.)

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)-98146-99446

ਜਦੋਂ ਸਾਡੇ ਸਰੀਰ ਵਿੱਚ ਖ਼ੂਨ ਦੇ ਪੰਪਿੰਗ ਕਰਨ ਲੱਗਿਆਂ ਦਿਲ ਸੁੰਗੜਦਾ ਅਤੇ ਫੈਲਦਾ ਹੈ, ਉਸ ਵੇਲੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਹੈ, ਉਸ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਹਨ। ਜਦੋਂ ਦਿਲ ਦੇ ਬਲਵ ਬੰਦ ਹੁੰਦੇ ਹਨ ਅਤੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਹੈ ਉਸ ਨੂੰ ਸਿਸਟੋਲਕ ਅਤੇ ਜਦੋਂ ਦਿਲ ਦੇ ਬਲਵ ਖੁੱਲ੍ਹਦੇ ਹਨ ਅਤੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਉਸ ਨੂੰ ਡਾਇਸਿਸਟੋਲਕ ਕਿਹਾ ਜਾਂਦਾ ਹੈ। ਬਲੱਡ ਪ੍ਰੈਸ਼ਰ ਆਮ ਹਾਲਤਾਂ ਵਿਚ 120/80 ਨਾਰਮਲ ਰੇਂਜ ਵਿੱਚ ਪਾਇਆ ਜਾਂਦਾ ਹੈ ਪਰ ਵੇਖਣ ਵਿਚ ਆਇਆ ਹੈ ਕਿ ਕਈ ਔਰਤਾਂ ਦਾ ਬੀ.ਪੀ. 110/70 ਜਾਂ ਕਈ ਪੁਰਸ਼ਾਂ ਦਾ 140/90 ਬੀ.ਪੀ. ਵੀ ਨਾਰਮਲ ਹੀ ਮੰਨਿਆ ਜਾਂਦਾ ਹੈ। ਜਦੋਂ ਬਲੱਡ ਪ੍ਰੈਸ਼ਰ ਆਪਣੀ ਨਾਰਮਲ ਰੇਂਜ ਨਾਲੋਂ ਵੱਧ ਹੁੰਦਾ ਹੈ ਤਾਂ ਉਸ ਨੂੰ ਹਾਇਪਰਟੈਨਸ਼ਨ ਦਾ ਨਾਂਅ ਦਿੱਤਾ ਜਾਂਦਾ ਹੈ।

ਬਲੱਡ ਪ੍ਰੈਸ਼ਰ ਵੱਧਣ ਦੇ ਕਾਰਨ :-

(1). ਟੈਨਸ਼ਨ :- ਮੌਜੂਦਾ ਦੌਰ ਵਿਚ ਸਭ ਨੂੰ ਪਤਾ ਹੀ ਹੈ ਕਿ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਹਰ ਮਨੁੱਖ ਚਿੰਤਾ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਮਨੁੱਖੀ ਮਨ ਉਪਰ ਟੈਨਸ਼ਨਾਂ ਹੀ ਟੈਨਸ਼ਨਾਂ ਹਨ। ਜੋ ਸਿੱਧੇ ਰੂਪ ਵਿਚ ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਬਣਦੀਆਂ ਹਨ।

(2). ਉਨੀਦਰਾਂ :- ਜਿੱਥੇ ਲੋੜੋਂ ਵੱਧ ਨੀਂਦ ਲੈਣੀ ਸਿਹਤ ਲਈ ਹਾਨੀਕਾਰਕ ਹੈ ਉਥੇ ਜ਼ਰੂਰਤ ਅਨੁਸਾਰ ਸੌਣਾ ਵੀ ਬਹੁਤ ਜ਼ਰੂਰੀ ਹੈ ਪਰ ਉਹ ਲੋਕ ਜੋ ਆਪਣੀ ਨੀਂਦ ਨੂੰ ਮਾਰ ਲੈਂਦੇ ਹਨ ਜਾਂ ਜਿੰਨ੍ਹਾਂ ਕੋਲ ਸੌਣ ਦਾ ਸਮਾਂ ਹੀ ਨਹੀਂ ਉਹ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਿੱਥੇ ਉਨੀਂਦਰਾਪਣ ਹਾਈ ਬੀ.ਪੀ. ਦਾ ਕਾਰਨ ਬਣਦਾ ਹੈ ਉਥੇ ਕਈ ਵਾਰ ਬੀ.ਪੀ. ਵੱਧਣ ਕਰਕੇ ਨੀਂਦ ਆਉਣੋਂ ਹੀ ਹੱਟ ਜਾਂਦੀ ਹੈ।

(3). ਜੱਦੀ ਪੁਸ਼ਤੀ ਕਾਰਨ :- ਅਗਰ ਕਿਸੇ ਪਰਿਵਾਰ ਦੀ ਜੱਦ (ਨਾਨਕੇ ਜਾਂ ਦਾਦਕੇ) ਪਰਿਵਾਰ ਵਿੱਚ ਹਾਈਪਰਟੈਨਸ਼ਨ ਦੀ ਸਮੱਸਿਆ ਹੈ ਤਾਂ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ।

(4). ਤੰਬਾਕੂ, ਸ਼ਰਾਬ ਜਾਂ ਹੋਰ ਨਸ਼ੇ :- ਨਸ਼ੇ ਸਰੀਰ ਨੂੰ ਨਸ਼ਟ ਕਰ ਦਿੰਦੇ ਹਨ। ਖਾਸ ਤੌਰ ’ਤੇ ਤੰਬਾਕੂ ਦੀ ਵਰਤੋਂ ਜਿੱਥੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਕਾਰਨ ਬਣਦੀ ਹੈ ਉਥੇ ਹਾਰਟ ਅਟੈਕ ਅਤੇ ਹਾਈਪਰਟੈਨਸ਼ਨ ਦਾ ਕਾਰਨ ਵੀ ਬਣਦਾ ਹੈ। ਸ਼ਰਾਬ ਜਾਂ ਹੋਰ ਨਸ਼ੇ ਸਿੱਧੇ ਰੂਪ ਵਿਚ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਬਣਦੇ ਹਨ।

(5). ਗੁਰਦੇ ਦੇ ਰੋਗ :- ਜਿੱਥੇ ਬਲੱਡ ਪ੍ਰੈਸ਼ਰ ਵੱਧਣ ਨਾਲ ਗੁਰਦੇ ਫੇਲ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਥੇ ਗੁਰਦੇ ਦੇ ਬਹੁਤ ਸਾਰੇ ਅਜਿਹੇ ਰੋਗ ਹਨ ਜੋ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਬਣਦੇ ਹਨ, ਸਭ ਤੋਂ ਭਿਆਨਕ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਗੁਰਦਿਆਂ ਦਾ ਰੋਗ ਹੈ ‘ਪੌਲੀਸਿਸਟਕ ਕਿਡਨੀ ਡਿਸੀਜ’। ਇਸ ਰੋਗ ਦਾ ਅੱਜ ਤੱਕ ਕੋਈ ਹੱਲ ਨਹੀਂ ਲੱਭਿਆ ਗਿਆ ਅਤੇ ਇਹ ਰੋਗ ਪੁਸ਼ਤ ਦਰ ਪੁਸ਼ਤ ਅੱਗੇ ਵੱਧਦਾ ਜਾਂਦਾ ਹੈ ਅਤੇ ਪੀ.ਕੇ.ਡੀ. ਦੇ ਮਰੀਜ਼ ਦੀ ਮੌਤ ਗੁਰਦੇ ਫੇਲ ਹੋਣ ਨਾਲ ਹੀ ਹੁੰਦੀ ਹੈ।

(6). ਕਸਰਤ ਦੀ ਘਾਟ :- ਜਿਹੜੇ ਲੋਕ ਜ਼ਿਆਦਾ ਐਸ਼ ਪ੍ਰਸਤ ਜ਼ਿੰਦਗੀ ਬਿਤਾਉਂਦੇ ਹਨ ਜਾਂ ਜਿਨ੍ਹਾਂ ਕੋਲ ਰੁਜ਼ਾਨਾ ਕਸਰਤ ਕਰਨ ਜਾਂ ਸੈਰ ਕਰਨ ਦਾ ਸਮਾਂ ਨਹੀਂ ਹੁੰਦਾ, ਜਿਵੇਂ ਦੁਕਾਨਦਾਰ, ਲਿਟਰੇਚਰ ਨਾਲ ਜੁੜੇ ਲੋਕ (ਲੇਖਕ) ਜਾਂ ਉਹ ਲੋਕ ਜਿਹੜੇ ਕੁਦਰਤੀ ਤੌਰ ’ਤੇ ਅਪਾਹਜ ਹੁੰਦੇ ਹਨ। ਉਨ੍ਹਾਂ ਵਿਚ ਆਮ ਲੋਕਾਂ ਨਾਲੋਂ ਬਲੱਡ ਪ੍ਰੈਸ਼ਰ ਵੱਧਣ ਦੇ ਜ਼ਿਆਦਾ ਆਸਾਰ ਹੁੰਦੇ ਹਨ।

(7). ਫਾਸਟ ਫੂਡ ਅਤੇ ਕੋਲਡ ਡਰਿੰਕਸ :- ਉਹ ਲੋਕ ਜੋ ਆਪਣੇ ਭੋਜਨ ਵਿੱਚ ਜ਼ਿਆਦਾਤਰ ਤਲੀਆਂ ਜਾਂ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਦੇ ਹਨ, ਜੋ ਘਰ ਦੀ ਰੋਟੀ ਦੀ ਥਾਂ ਬਾਹਰ ਢਾਬਿਆਂ, ਰੈਸਟੋਰੈਂਟਾਂ ਦੀ ਰੋਟੀ ਨੂੰ ਤਰਜੀਹ ਦਿੰਦੇ ਹਨ, ਮੈਦੇ ਤੋਂ ਬਣੀਆਂ ਜਾਂ ਜ਼ਿਆਦਾ ਥੰਦਿਆਈ ਵਾਲੀਆਂ ਵਸਤਾਂ ਦੀ ਵਰਤੋਂ ਵੀ ਬਲੱਡ ਪ੍ਰੈਸ਼ਰ ਨੂੰ ਸੱਦਾ ਦਿੰਦੀਆਂ ਹਨ। ਜ਼ਿਆਦਾ ਲੂਣ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ।

(8) ਮੋਟਾਪਾ :- ਮੋਟਾਪਾ ਆਪਣੇ ਆਪ ਵਿਚ ਕੋਈ ਰੋਗ ਨਹੀਂ ਸਗੋਂ ਹੋਰ ਰੋਗਾਂ ਨੂੰ ਜਨਮ ਦਿੰਦਾ ਹੈ। ਇਸ ਪ੍ਰਕਾਰ ਭਾਰੇ ਵਜ਼ਨ ਵਾਲੇ ਲੋਕਾਂ ਵਿੱਚ ਬਲੱਡ ਪ੍ਰੈਸ਼ਰ ਵੱਧਣ ਦਾ ਖ਼ਦਸ਼ਾ (ਫ਼ਿਕਰ) ਪਤਲੇ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਹੈ।

(9). ਟੈਲੀਫੋਨ, ਮੋਬਾਇਲ, ਟੀ.ਵੀ. ਕੰਪਿਊਟਰ, ਲਾਊਡ ਸਪੀਕਰ ਆਦਿ ਦੇ ਲਗਾਤਾਰ ਸੁਣਨਾ/ਵੇਖਣਾ ਵੀ ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਹੋ ਨਿਬੜਦਾ ਹੈ ਕਿਉਂਕਿ ਜਦੋਂ ਦਿਮਾਗ਼ ਦੀਆਂ ਨਸਾਂ ’ਤੇ ਜ਼ਿਆਦਾ ਲੋਡ ਪੈਂਦਾ ਹੈ ਤਾਂ ਬਲੱਡ ਪੈ੍ਰਸ਼ਰ ਵੱਧਣ ਦੀ ਸਮੱਸਿਆ ਆ ਸਕਦੀ ਹੈ। ਖਾਸ ਤੌਰ ’ਤੇ ਵਿਆਹ ਸ਼ਾਦੀਆਂ ਜਾਂ ਪ੍ਰੋਗਰਾਮਾਂ ਦੌਰਾਨ ਚੱਲਣ ਵਾਲੇ ਡੈਕ/ਡੀ.ਜੇ. ਆਦਿਕ ਦੀ ਉੱਚੀ ਕੰਨ ਪਾੜਵੀਂ ਆਵਾਜ਼, ਦਿਲ ਅਤੇ ਦਿਮਾਗ਼ ’ਤੇ ਅਸਰ ਪਾਉਂਦੀਆਂ ਹਨ। ਜਿਸ ਕਰਕੇ ਹਾਰਟ ਅਟੈਕ ਹੋ ਸਕਦਾ ਹੈ ਜਾਂ ਦਿਮਾਗ਼ ਦੀ ਨਾੜੀ ਵੀ ਫਟ ਸਕਦੀ ਹੈ। ਇਸ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਕਾਰਨ ਹੈ ਬੱਸਾਂ ਗੱਡੀਆਂ ਦੇ ਪ੍ਰੈਸ਼ਰ ਹਾਰਨ, ਉਹ ਲੋਕ ਜੋ ਸੜਕਾਂ ਜਾਂ ਰੇਲਵੇ ਲਾਈਨ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਦੇ ਕੰਨੀ ਪੈਂਦੀ ਆਵਾਜ਼ ਵੀ ਬਲੱਡ ਪ੍ਰੈਸ਼ਰ ਵੱਧਣ ਦਾ ਕਾਰਨ ਹੋ ਨਿਬੜਦੀ ਹੈ।

(10) ਗਰਭ ਨਿਰੋਧਕ ਗੋਲੀਆਂ ਅਤੇ ਹਾਰਮੋਨਜ਼ :- ਉਹ ਔਰਤਾਂ ਜੋ ਗਰਭ ਨਿਰੋਧਕ ਗੋਲੀਆਂ ਮਾਲਾ ਡੀ, ਮਾਲਾ ਐਨ ਜਾਂ ਓਵਰਿਲ ਦੀ ਵਰਤੋਂ ਕਰਦੀਆਂ ਹਨ ਜਾਂ ਜਿਨ੍ਹਾਂ ਔਰਤਾਂ ਨੂੰ ਔਸਟਰਜਿਨ ਹਾਰਮੋਨ ਦਵਾਈ ਦੇ ਰੂਪ ਵਿਚ ਦਿੱਤਾ ਜਾਂਦਾ ਹੈ ਉਨ੍ਹਾਂ ਔਰਤਾਂ ਵਿਚ ਬਲੱਡ ਪ੍ਰੈਸ਼ਰ ਅਤੇ ਹਾਰਟ ਦੇ ਰੋਗ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

(11) ਗਰਭ ਦੌਰਾਨ ਬੀ.ਪੀ. ਵੱਧਣਾ ਜਿਥੇ ਮਾਂ ਲਈ ਹਾਨੀਕਾਰਕ ਹੈ ਉਥੇ ਗਰਭ ਵਿੱਚ ਪਲ ਰਹੇ ਬੱਚੇ ਲਈ ਵੀ ਨੁਕਸਾਨਦਾਇਕ ਹੁੰਦਾ ਹੈ।

ਹਾਇਪੋਟੈਨਸ਼ਨ :- ਜਦੋਂ ਬਲੱਡ ਪ੍ਰੈਸ਼ਰ ਨਾਰਮਲ ਰੇਂਜ ਭਾਵ 120/80 ਤੋਂ ਘੱਟ ਜਾਵੇ ਤਾਂ ਉੁਸ ਨੂੰ ਹਾਇਪੋਟੈਨਸਨ ਦਾ ਨਾਂਅ ਦਿੱਤਾ ਜਾਂਦਾ ਹੈ। ਬਹੁਤ ਔਰਤਾਂ ਵਿੱਚ ਬੀ.ਪੀ. ਦਾ ਘਟਣਾ ਆਮ ਹੁੰਦਾ ਹੈ ਅਤੇ ਅਜਿਹੀਆਂ ਔਰਤਾਂ ਦਾ ਨਾਰਮਲ ਬੀ.ਪੀ. 110/70 ਹੁੰਦਾ ਹੈ।

ਬੀ.ਪੀ. ਘੱਟਣ ਦੇ ਕਾਰਨ :-

ਮਾਨਸਿਕ ਟੈਨਸ਼ਨ : ਜਿਥੇ ਮਾਨਸਿਕ ਟੈਨਸ਼ਨ ਕਾਰਨ ਬੀ.ਪੀ. ਵੱਧ ਸਕਦਾ ਹੈ ਉਥੇ ਟੈਨਸ਼ਨ ਹੀ ਬੀ.ਪੀ. ਘੱਟ ਦਾ ਕਾਰਨ ਵੀ ਬਣਦੀ ਹੈ।

ਸਰੀਰ ਵਿਚੋਂ ਪਾਣੀ ਅਤੇ ਨਮਕ ਦੀ ਮਾਤਰਾ ਘੱਟਣਾ : ਖਾਸ ਤੌਰ ’ਤੇ ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿਚੋਂ ਨਮਕ ਅਤੇ ਪਾਣੀ ਦੀ ਮਾਤਰਾ ਘਟਣ ਨਾਲ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਗਰਮੀਆਂ ਵਿੱਚ ਹੈਜਾ ਵਗੈਰਾ ਹੋਣ ਦੀ ਨੌਬਤ ਆਉਣ ਕਾਰਨ ਬੀ.ਪੀ. ਘੱਟ ਜਾਂਦਾ ਹੈ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਗਰਮੀਆਂ ਵਿੱਚ ਨਿੰਬੂ ਸ਼ਕੰਜਵੀ, ਸ਼ੱਕਰ ਦੇ ਸੱਤੂ, ਜੂਸ, ਦਹੀਂ, ਲੱਸੀ, ਦੁੱਧ ਵਗੈਰਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਸਰੀਰ ਵਿਚੋਂ ਪਾਣੀ ਦੀ ਮਾਤਰਾ ਨੂੰ ਬਰਕਰਾਰ ਰੱਖਿਆ ਜਾ ਸਕੇ।

ਜ਼ੋਰ ਦਾ ਕੰਮ ਕਰਨ ਵਾਲੇ ਲੋਕ : ਉਹ ਲੋਕ ਜੋ ਜ਼ਿਆਦਾ ਜ਼ੋਰ ਦਾ ਕੰਮ ਕਰਦੇ ਹਨ ਜਾਂ ਜਿਹੜੇ ਲੋਕ ਆਪਣੇ ਸਰੀਰ ਕੋਲੋਂ ਵਿਤੋਂ ਵੱਧ ਕੇ ਕੰਮ ਲੈਂਦੇ ਹਨ, ਉਹਨਾਂ ਦਾ ਬੀ.ਪੀ. ਵੀ ਘੱਟਣ ਲੱਗ ਜਾਂਦਾ ਹੈ।

ਖੁਰਾਕੀ ਤੱਤਾਂ ਦੀ ਘਾਟ : ਰੌਜ਼ਾਨਾ ਖਾਣ ਵਾਲੇ ਭੋਜਨ ਵਿੱਚ ਉਹ ਤੱਤ ਜੋ ਸਰੀਰ ਲਈ ਲੋੜੀਂਦੇ ਹਨ, ਦੀ ਘਾਟ ਵੀ ਬੀ.ਪੀ. ਘੱਟਣ ਦਾ ਕਾਰਨ ਬਣਦੀ ਹੈ।

ਬਲੱਡ ਪ੍ਰੈਸ਼ਰ ਅਤੇ ਧਾਰਨਾਵਾਂ :-

ਗੁੱਸਾ ਅਤੇ ਬਲੱਡ ਪ੍ਰੈਸ਼ਰ : ਕਈ ਮਰੀਜ਼ ਜਾਂ ਮਰੀਜ਼ ਦੇ ਵਾਰਸ ਡਾਕਟਰ ਕੋਲ ਆ ਕੇ ਕਹਿਣਗੇ ਜੀ, ਇਹਦਾ ਬਲੱਡ ਬਹੁਤ ਵੱਧਦਾ, ਜਦੋਂ ਪੁੱਛਦੇ ਹਾਂ ਕਿ ਤੁਹਾਨੂੰ ਕੀ ਪਤਾ ਕਿ ਇਹਦਾ ਬਲੱਡ ਵੱਧਦਾ, ਜਵਾਬ ਵਿੱਚ ਕਹਿੰਦੇ ਹਨ ਜੀ, ਇਹਨੂੰ ਗੁੱਸਾ ਬਹੁਤ ਆਉਂਦਾ ਹੈ, ਪਰ ਜਦੋਂ ਬੀ.ਪੀ. ਚੈੱਕ ਕਰਦੇ ਹਾਂ ਤਾਂ ਬੀ.ਪੀ. ਅਕਸਰ ਘਟਿਆ ਹੁੰਦਾ ਹੈ। ਸੋ ਗੁੱਸਾ ਵੱਧ ਆਉਣ ਦਾ ਕਾਰਨ ਹਰਗਿਜ਼ ਬੀ.ਪੀ. ਵਧਣਾ ਨਹੀਂ ਹੁੰਦਾ ਸਗੋਂ ਵੇਖਣ ਵਿਚ ਆਇਆ ਹੈ ਕਿ ਜਦੋਂ ਬੀ.ਪੀ. ਘਟਿਆ ਹੁੰਦਾ ਹੈ ਉਦੋਂ ਗੁੱਸਾ ਜ਼ਿਆਦਾ ਆਉਂਦਾ ਹੈ ਕਿਉਂਕਿ ਘਟੇ ਬੀ.ਪੀ. ਵਿੱਚ ਸਰੀਰ ਤੋਂ ਉੱਠਿਆ ਨਹੀਂ ਜਾਂਦਾ ਤੇ ਕੰਮਾਕਾਰਾਂ ਵੱਲ ਵੇਖ ਕੇ ਹੀ ਗੁੱਸਾ ਆਉਣ ਲੱਗ ਜਾਂਦਾ ਹੈ। ਸੋ ਸਾਨੂੰ ਇਹ ਭਰਮ ਤੋੜ ਲੈਣਾ ਚਾਹੀਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਉਸ ਦਾ ਬੀ.ਪੀ. ਵੱਧਦਾ ਹੀ ਹੋਵੇਗਾ।

ਚੱਕਰ ਅਤੇ ਬਲੱਡ ਪ੍ਰੈਸ਼ਰ : ਜੇਕਰ ਕਿਸੇ ਨੂੰ ਚੱਕਰ ਆਉਂਦੇ ਹੋਣ ਤਾਂ ਇਕਦਮ ਉਹੀ ਖ਼ਿਆਲ ਮਨ ’ਚ ਗੇੜੇ ਲਾਉਣਾ ਸ਼ੁਰੂ ਹੋ ਜਾਂਦਾ ਹੈ ਕਿ ਚੱਕਰ ਆਉਣ ਦਾ ਮਤਲਬ ਬੀ.ਪੀ. ਵੱਧਣਾ। ਪਰ ਸਿਰਫ਼ ਵਧੇ ਬੀ.ਪੀ. ਵਿਚ ਹੀ ਚੱਕਰ ਨਹੀਂ ਆਉਂਦੇ ਸਗੋਂ ਜੇਕਰ ਬੀ.ਪੀ. ਘਟਿਆ ਹੋਵੇ ਤਾਂ ਵੀ ਚੱਕਰ ਆਉਣ ਲੱਗ ਜਾਂਦੇ ਹਨ। ਸੋ ਸਿਰਫ਼ ਚੱਕਰ ਆਉਣ ’ਤੇ ਸਾਨੂੰ ਇਕਦਮ ‘ਗੋਲੀ’ ਨਹੀਂ ਖਾਣੀ ਚਾਹੀਦੀ। ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ। ਕਈ ਵਾਰ ਇਸ ਤਰ੍ਹਾਂ ਵੀ ਵੇਖਣ ’ਚ ਆਉਂਦਾ ਹੈ ਕਿ ਬੀ.ਪੀ. ਬਿਲਕੁਲ ਨਾਰਮਲ ਹੁੰਦਾ ਹੈ ਪਰ ਚੱਕਰ ਬਹੁਤ ਆਉਂਦੇ ਹਨ ਤਾਂ ਇਸ ਦੇ ਹੋਰ ਕਾਰਨਾਂ ਜਿਵੇਂ ਸਰਵਾਇਕਲ ਜਾਂ ਐਸੀਡਿਟੀ ਆਦਿ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਨੀਂਦ ਅਤੇ ਬਲੱਡ ਪ੍ਰੈਸ਼ਰ : ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਨੀਂਦ ਨਹੀਂ ਆਉਂਦੀ ਤਾਂ ਜਰੂਰ ਬੀ.ਪੀ. ਵਧਿਆ ਹੋਵੇਗਾ ਜਾਂ ਜੇਕਰ ਨੀਂਦ ਜ਼ਿਆਦਾ ਆਉਂਦੀ ਹੈ ਤਾਂ ਬੀ.ਪੀ. ਘੱਟ ਹੁੰਦਾ ਹੈ। ਪਰ ਦੇਖਣ ਵਿਚ ਆਇਆ ਹੈ ਕਿ ਕਈ ਵਧੇ ਬੀ.ਪੀ. ਵਾਲੇ ਮਰੀਜ਼ ਜ਼ਿਆਦਾ ਸੌਂਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿਚ ਇਹ ਗੱਲ ਘਰ ਚੁੱਕੀ ਹੁੰਦੀ ਹੈ ਕਿ ਜੇਕਰ ਸਰੀਰ ਨੂੰ ਰੈਸਟ ਦਿਆਂਗੇ ਬੀ.ਪੀ. ਠੀਕ ਹੋ ਜਾਵੇਗਾ ਅਤੇ ਇਹ ਹੈ ਵੀ ਸੱਚਮੁੱਚ ਠੀਕ। ਇਸ ਦੇ ਉਲਟ ਘਟੇ ਬੀ.ਪੀ. ਵਿੱਚ ਕਈ ਵਾਰ ਮਰੀਜ਼ ਦੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਹਨ, ਤੋੜ ਲੱਗਦੀ ਹੈ, ਜਿਸ ਕਾਰਨ ਉਸ ਨੂੰ ਨੀਂਦ ਨਹੀਂ ਆਉਂਦੀ। ਸੋ ਬਿਨਾਂ ਬਲੱਡ ਪ੍ਰੈਸ਼ਰ ਚੈੱਕ ਕੀਤਿਆਂ ਅਟਕਲਾਂ ਲਾਉਣੀਆਂ ਕਈ ਵਾਰ ਜਾਨ ਨੂੰ ਜੋਖਮ ’ਚ ਪਾਉਣ ਵਾਲਾ ਕੰਮ ਹੋ ਨਿਬੜਦਾ ਹੈ।

ਮਨ ਅਤੇ ਬਲੱਡ ਪ੍ਰੈਸ਼ਰ : ਜੀਅ ਨਾ ਲੱਗਣਾ, ਰੋਣ ਆਉਣਾ, ਚੁੱਪ ਰਹਿਣ ਨੂੰ ਜੀਅ ਕਰਨਾ, ਮਨ ਵਿਚ ਤੇਜ਼ੀ। ਇਹ ਸਾਰੀਆਂ ਨਿਸ਼ਾਨੀਆਂ ਡਿਪਰੈਸ਼ਨ ਜਾਂ ਉਦਾਸੀ ਰੋਗ ਦੀਆਂ ਹਨ। ਪਰ ਕਈ ਮਰੀਜ਼ਾਂ ਵਿੱਚ ਡਿਪਰੈਸ਼ਨ ਦੇ ਨਾਲ ਨਾਲ ਬੀ.ਪੀ. ਵੱਧਣ ਜਾਂ ਘੱਟਣ ਦੀ ਸਮੱਸਿਆ ਨਾਲੋਂ ਨਾਲ ਚੱਲਦੀ ਹੈ। ਅਜਿਹੇ ਮਰੀਜ਼ਾਂ ਵਿੱਚ ‘ਪਲ ਵਿੱਚ ਮਾਸਾ ਪਲ ਵਿੱਚ ਤੋਲਾ’ ਦੇ ਕਹਿਣ ਵਾਂਗ ਕਦੇ ਬੀ.ਪੀ. ਵੱਧ ਜਾਂਦਾ ਹੈ, ਜਦੋਂ ਵਧੇ ਦੀ ਦਵਾਈ ਖਾਂਦੇ ਹਨ ਤਾਂ ਬੀ.ਪੀ. ਇਕਦਮ ਘੱਟ ਜਾਂਦਾ ਹੈ। ਸੋ ਮਾਨਸਿਕ ਰੋਗੀਆਂ ਵਿੱਚ ਡਾਕਟਰ ਨੂੰ ਬਹੁਤ ਹੀ ਸੋਚ ਸਮਝ ਨਾਲ, ਦਵਾਈ ਦੇਣੀ ਚਾਹੀਦੀ ਹੈ ਅਤੇ ਅਜਿਹੇ ਰੋਗੀਆਂ ਨੂੰ ਵੀ ਸੰਜਮ ਤੋਂ ਕੰਮ ਲੈੈਣਾ ਚਾਹੀਦਾ ਹੈ।

ਧਿਆਨ ਦੇਣ ਯੋਗ ਗੱਲਾਂ : ਕਈ ਮਾਹਰਾਂ ਦਾ ਮੰਨਣਾ ਹੈ ਕਿ ਬਲੱਡ ਪ੍ਰੈਸ਼ਰ ਚੈੱਕ ਕਰਨ ਲੱਗਿਆਂ ਮਰੀਜ਼ ਨੂੰ ਬਿਠਾ ਕੇ ਨਹੀਂ ਸਗੋਂ ਸਿੱਧਾ ਲਿਟਾ ਕੇ ਬੀ.ਪੀ. ਚੈੱਕ ਕਰਨਾ ਚਾਹੀਦਾ ਹੈ ਅਤੇ ਬੀ.ਪੀ. ਚੈੱਕ ਕਰਨ ਲੱਗਿਆਂ ਸੱਜੇ ਅਤੇ ਖੱਬੇ ਦੋਨੋਂ ਪਾਸੀਂ ਚੈੱਕ ਕਰਨਾ ਚਾਹੀਦਾ ਹੈ। ਬਹੁਤ ਸਾਰੇ ਮਰੀਜ਼ਾਂ ਵਿੱਚ ਖੱਬੇ ਅਤੇ ਸੱਜੇ ਪਾਸੇ ਦੀ ਰੀਡਿੰਗ ਵੱਖ-ਵੱਖ ਹੁੰਦੀ ਹੈ।

ਬਲੱਡ ਪ੍ਰੈਸ਼ਰ ਦੀ ਦਵਾਈ ਕਦੇ ਵੀ ਬਿਨਾਂ ਚੈੱਕ ਕਰਵਾਏ ਨਹੀਂ ਖਾਣੀ ਚਾਹੀਦੀ ਜਿਵੇਂ ਕਿ ਦੱਸ ਚੁੱਕੇ ਹਾਂ ਕਿ ਬੀ.ਪੀ. ਵੱਧਣ ਜਾਂ ਘੱਟਣ ਦੇ ਲੱਛਣ ਲਗਭਗ ਮੁੱਢਲੀ ਸਟੇਜ਼ ’ਤੇ ਇੱਕੋ ਜਿਹੇ ਹੀ ਹੁੰਦੇ ਹਨ ਜਿਵੇਂ ਚੱਕਰ ਆਉਣਾ, ਦਿਲ ਘਬਰਾਉਣਾ, ਲੱਤਾਂ ਬਾਹਾਂ ਨੂੰ ਤੋੜ ਲੱਗਣੀ, ਸਿਰ ਨੂੰ ਕਸਾਅ ਪੈਣਾ ਆਦਿ।

ਜੇਕਰ ਬੀ.ਪੀ. ਘਟਿਆ ਹੋਵੇ ਤਾਂ ਸਭ ਤੋਂ ਪਹਿਲਾਂ ਪਾਣੀ ਵਿੱਚ ਨਮਕ ਅਤੇ ਖੰਡ ਪਾ ਕੇ ਜਾਂ ਸ਼ਹਿਦ ਪਾ ਕੇ ਪੀਣਾ ਚਾਹੀਦਾ ਹੈ। ਇੱਕਦਮ ਗੋਲੀ ਜਾਂ ਟੀਕਾ ਲਗਵਾਉਣ ਨਾਲ ਬੀ.ਪੀ. ਵੱਧ ਸਕਦਾ ਹੈ। ਇਸੇ ਤਰ੍ਹਾਂ ਜੇਕਰ ਬੀ.ਪੀ. ਵਧਿਆ ਹੋਵੇ ਤਾਂ ਚਾਰ-ਪੰਜ ਗਲਾਸ ਪਾਣੀ ਦੇ ਪੀ ਕੇ ਤੁਰਨਾ ਚਾਹੀਦਾ ਹੈ ਅਤੇ ਗਰਮ ਪਾਣੀ ਦੀ ਪਤੀਲੀ ਕਰਕੇ ਉਸ ਵਿਚ ਪੈਰ ਡੁਬੋ ਕੇ ਬੈਠਣਾ ਚਾਹੀਦਾ ਹੈ ਅਤੇ ਸਿਰ ਉਪਰ ਠੰਢਾ ਕੱਪੜਾ ਬੰਨ੍ਹ ਲੈਣਾ ਚਾਹੀਦਾ ਹੈ। ਲੋੜ ਪੈਣ ’ਤੇ ਹੀ ਗੋਲੀ ਖਾਣੀ ਜਾਂ ਟੀਕਾ ਲਗਾਉਣਾ ਚਾਹੀਦਾ ਹੈ। ਪਰ ਉਹ ਮਰੀਜ਼ ਜਿਨ੍ਹਾਂ ਦਾ ਬੀ.ਪੀ. ਬਹੁਤ ਲੰਮੇ ਸਮੇਂ ਤੋਂ ਘੱਟਦਾ ਜਾਂ ਵੱਧਦਾ ਹੈ ਉਹਨਾਂ ਨੂੰ ਸਮੇਂ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਹੀ ਆਪਣੀ ਦਵਾਈ ਚਾਲੂ ਰੱਖਣੀ ਚਾਹੀਦੀ ਹੈ ਕਿਉਂਕਿ ਵਧੇ ਹੋਏ ਬੀ.ਪੀ. ਨੂੰ ‘ਸਾਈਲੈਂਟ ਕਿੱਲਰ’ ਆਖਿਆ ਜਾਂਦਾ ਹੈ। ਉਹ ਲੋਕ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਫਲਾਣਾ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਨਹੀਂ ਜਾਂ ਚੰਗੇ ਭਲੇ ਦੀ ਨਾੜ ਫੱਟ ਗਈ, ਅਜਿਹੇ ਲੋਕ ਚੰਗੇ ਭਲੇ ਨਹੀਂ ਹੁੰਦੇ ਸਗੋਂ ਉਹਨਾਂ ਅੰਦਰ ਇਹ ਬਲੱਡ ਪ੍ਰੈਸ਼ਰ ਸਾਇਲੈਂਟ ਕਿੱਲਰ ਦੇ ਰੂਪ ਵਿੱਚ ਛੁਪਿਆ ਹੁੰਦਾ ਹੈ ਜਿਸ ਦਾ ਕਿ ਉਸ ਨੂੰ ਪਤਾ ਨਹੀਂ ਹੁੰਦਾ। ਸੋ ਤੰਦਰੁਸਤ ਲੋਕਾਂ ਨੂੰ ਵੀ ਸਮੇਂ ਸਮੇਂ ਸਿਰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਖਾਣ-ਪੀਣ ਵੱਲ ਧਿਆਨ ਦੇ ਕੇ ਕਸਰਤ ਅਤੇ ਸੈਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਗਰਮੀਆਂ ਵਿੱਚ ਜ਼ਿਆਦਾਤਰ ਬੀ.ਪੀ. ਘਟਣ ਦੀ ਸਮੱਸਿਆ ਆਉਂਦੀ ਹੈ ਅਤੇ ਸਰਦੀਆਂ ਵਿੱਚ ਬੀ.ਪੀ. ਵੱਧਣ ਦੇ ਆਸਾਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਸਰਦੀਆਂ ਵਿੱਚ ਜ਼ਿਆਦਾਤਰ ਹਾਰਟ ਅਟੈਕ ਹੁੰਦੇ ਹਨ ਕਿਉਂਕਿ ਸਰਦੀਆਂ ਵਿੱਚ ਪਸੀਨਾ ਨਾ ਆਉਣ ਕਰਕੇ ਜ਼ਿਆਦਾ ਗਰਮ ਅਤੇ ਕੈਲੋਰੀਜ਼ ਭਰਪੂਰ ਭੋਜਨ ਛਕਣ ਕਰਕੇ ਜਿਵੇਂ ਕਿ ਸਾਗ ਵਿੱਚ ਘਿਓ ਪਾ ਕੇ ਜਾਂ ਖੋਏ, ਪੰਜੀਰੀ, ਕਾਜੂ, ਦਾਖਾਂ, ਬਦਾਮ, ਰਿਉੜੀ, ਗੱਚਕ ਆਦਿ ਦੀ ਵਧੇਰੇ ਵਰਤੋਂ ਬੀ.ਪੀ. ਵੱਧਣ ਦਾ ਸਬੱਬ ਬਣਦੀ ਹੈ। ਜਿੱਥੋਂ ਤੱਕ ਹੋ ਸਕੇ ਉਹ ਲੋਕ ਜਿਹੜੇ ਹਾਈਪਰਟੈਨਸ਼ਨ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।