ਫਰੀਦਾ ! ਗੋਰ ਨਿਮਾਣੀ ਸਡੁ ਕਰੇ॥

0
434

ਫਰੀਦਾ ! ਗੋਰ ਨਿਮਾਣੀ ਸਡੁ ਕਰੇ॥

ਬੇਅੰਤ ਸਿੰਘ ਸਰਹੱਦੀ

ਹਰ ਇਨਸਾਨ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਜੋ ਪੈਦਾ ਹੋਇਆ ਹੈ, ਉਸ ਅਵੱਸ਼ ਮਰਨਾ ਹੈ। ਬਾਣੀ ਵਿਚ ਦਰਜ ਹੈ: ‘‘ਜੋ ਦੀਸੈ ਸੋ ਕਾਲਹਿ ਖਰਨਾ॥’’ (ਮ: ੫/੭੪੦)
ਫਰੀਦ ਜੀ ਕਹਿੰਦੇ ਹਨ ਕਿ ਕਬਰ ਮਨੁੱਖ ਦਾ ਅਸਲੀ ਘਰ ਹੈ। ਮਨੁੱਖ, ਮੌਤ ਅਥਵਾ ਕਬਰ ਤੋਂ ਡਰਦਾ ਹੈ। ਕਬਰ ਕਹਿੰਦੀ ਹੈ, ਕਿ ਮੇਰੇ ਤੋਂ ਡਰ ਨਾ। ਮੈਂ ਤੇਰਾ ਅਸਲੀ ਟਿਕਾਣਾ ਹਾਂ। ਆਖ਼ਰ ਤੂੰ ਮੇਰੀ ਬੁੱਕਲ ਵਿਚ ਆਉਣਾ ਹੀ ਆਉਣਾ ਹੈ। ‘‘ਫਰੀਦਾ! ਗੋਰ ਨਿਮਾਣੀ ਸਡੁ ਕਰੇ, ਨਿਘਰਿਆ ਘਰਿ ਆਉ॥ ਸਰਪਰ ਮੈਥੈ ਆਵਣਾ, ਮਰਣਹੁ ਨਾ ਡਰਿਆਹੁ ॥’’ (ਬਾਬਾ ਫਰੀਦ ਜੀ/੧੩੮੨)
ਕਬਰ ਵਿਚ ਦਫ਼ਨਾਉਣਾ ਮੁਸਲਮਾਨੀ ਤਰੀਕਾ ਹੈ। ਉਜ ਮੌਤ ਉਪਰੰਤ ਅੰਤਿਮ ਸੰਸਕਾਰ ਦੇ ਤਰੀਕੇ ਸੰਸਾਰ ਵਿਚ ਬਹੁਤ ਸਾਰੇ ਅਪਣਾਏ ਜਾਂਦੇ ਹਨ। ਹਿੰਦੂ ਮੁਰਦੇ ਨੂੰ ਜਲਾਉਦੇ ਅਥਵਾ ਸਾੜਦੇ ਹਨ। ਅਗਨੀ ਸਪੁਰਦ ਕਰਦੇ ਹਨ। ਅੱਜ ਦੀ ਮਹਿੰਗਾਈ ਵਿਚ ਗ਼ਰੀਬ ਦੀ ਮੌਤ ਭੁਗਤਾਣੀ ਵੀ ਬੜੇ ਮਹਿੰਗੀ ਰੂਪ ਦੀ ਹੈ। ਲਕੜੀਆਂ, ਸਮਗਰੀ ਅਤੇ ਘਿਉ ਆਦਿ ’ਤੇ ਕਾਫ਼ੀ ਖ਼ਰਚ ਆਉਦਾ ਹੈ। ਫਿਰ ਚੌਥੇ ਜਾਂ ਅੰਗੀਠੇ ਦੀ ਰਸਮ ਉਪਰੰਤ ਫੁਲ (ਅਸਥੀਆਂ) ਗੰਗਾ ਵਿਚ ਹਰਦੁਆਰ ਜਾ ਕੇ ਪਾਉਣ ’ਤੇ ਵੀ ਖ਼ਰਚ ਬਹੁਤ ਆ ਜਾਂਦਾ ਹੈ। ਗੁਰਮਤਿ ਨੇ ਇਹ ਹੁਕਮ ਕੀਤਾ ਹੈ ਕਿ ਫੁਲ ਤੇ ਰਾਖ ਅੱਡ ਅੱਡ ਨਹੀਂ ਕਰਨੇ ਚਾਹੀਦੇ। ਸਾਰੇ ਹੀ ਇਕ ਥਾਂ ਇਕੱਤਰ ਕਰਕੇ ਨੇੜੇ ਕਿਸੇ ਵਗਦੇ ਜਲ ਵਿਚ ਪਰਵਾਹ ਕਰ ਦਿਉ, ਪਰ ਸਿੱਖ ਆਮ ਤੌਰ ’ਤੇ ਹਿੰਦੂ ਵੀਰਾਂ ਦੀ ਰੀਸੇ ਹਰਦੁਆਰ ਦੀ ਥਾਂ ਕੀਰਤਪੁਰ ਜਾਂ ਗੋਇੰਦਵਾਲ ਵਿਖੇ ਪਰਵਾਹ ਕਰਦੇ ਹਨ।
ਹੁਣ ਹਿੰਦੂ ਸਿੱਖਾਂ ਲਈ ਵੱਡੇ ਵੱਡੇ ਸ਼ਹਿਰਾਂ ਵਿਚ ਬਾਲਣ ਦੀ ਥਾਂ ਬਿਜਲੀ ਦੇ ਸ਼ਮਸ਼ਾਨ ਦਾ ਪ੍ਰਬੰਧ ਹੋ ਗਿਆ ਹੈ। ਲਾਸ਼ ਨੂੰ ਇਕ ਫੱਟੇ ਤੇ ਰੱਖ ਕੇ ਬਟਨ ਦਬਾਉਦੇ ਹਨ, ਬਸ ਕੁਝ ਮਿੰਟਾਂ ਵਿਚ ਹੀ ਰਾਖ ਦੀ ਮੁੱਠ ਬਾਕੀ ਰਹਿ ਜਾਂਦੀ ਹੈ। ਕਈ ਸੰਤ ਮਹਾਂਪੁਰਸ਼ ਵਸੀਅਤ ਕਰ ਜਾਂਦੇ ਹਨ ਕਿ ਉਹਨਾਂ ਦੀ ਦੇਹ ਨੂੰ ਕਿਸੇ ਨਦੀ ਜਾਂ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ ਜਾਏ। ਸ਼ਾਇਦ ਉਹ ਇਹ ਭਾਵਨਾ ਰੱਖਦੇ ਹਨ ਕਿ ਉਨ੍ਹਾਂ ਦਾ ਸਰੀਰ ਜਲ ਵਿਚ ਰਹਿਣ ਵਾਲੇ ਜੀਵ ਜੰਤੂਆਂ ਦੀ ਖ਼ੁਰਾਕ ਬਣ ਜਾਏ।
ਪਾਰਸੀ ਲੋਕ ਇੱਕ ਖੂਹ ਦੇ ਉੱਤੇ ਬਣੇ ਮੰਚ ਉੱਤੇ ਮੁਰਦੇ ਨੂੰ ਰੱਖ ਦੇਂਦੇ ਹਨ। ਉਡਾਰੂ ਜਾਨਵਰ, ਗਿਲਝਾਂ, ਕੀੜੇ, ਮਕੌੜੇ ਉਸ ਦੇ ਸਰੀਰ ਦਾ ਮਾਸ ਚੰਰੁੂਡ ਲੈਂਦੇ ਹਨ ਅਤੇ ਹੱਡੀਆਂ ਆਦਿ ਖੂਹ ਵਿਚ ਜਾ ਡਿਗਦੀਆਂ ਹਨ। ਮੁਸਲਮਾਨ ਵੀਰ ਦਬਦੇ ਹਨ। ਵਸੋਂ ਦੇ ਤੇਜ਼ ਰਫਤਾਰ ਵਾਧੇ ਨਾਲ ਮੁਸਲਮ ਦੇਸ਼ਾਂ ਵਿਚ ਇਕ ਸਮੱਸਿਆ ਪੈਦਾ ਹੋ ਰਹੀ ਹੈ ਕਿ ਕਬਰਸਤਾਨ ਲਈ ਥਾਂ ਨਹੀਂ ਲੱਭ ਰਹੀ। ਪਿੱਛੇ ਜਿਹੇ ਪਾਕਸਤਾਨੀ ਅਖਬਾਰਾਂ ਦੀ ਖ਼ਬਰ ਸੀ ਕਿ ਉੱਥੇ ਇੱਕ ਅਜਿਹਾ ਗਿਰੋਹ ਫੜਿਆ ਗਿਆ ਹੈ ਜੋ ਕਬਰਸਤਾਨ ਵਿਚੋਂ ਲਾਸ਼ਾਂ ਕੱਢ ਕੇ ਦੂਜੇ ਦੇਸ਼ ਵਿਚ ਐਕਸਪੋਰਟ ਕਰਕੇ ਭਾਰੀ ਧਨ ਕਮਾ ਰਿਹਾ ਸੀ। ਉੱਥੇ ਲਾਸ਼ਾਂ ਨੂੰ ਲਿਬਾਰਟਰੀਆਂ ਲਈ ਵੱਡੇ ਮੁਲ ’ਤੇ ਖਰੀਦਿਆ ਜਾਂਦਾ ਹੈ ਤੇ ਤਜਰਬੇ ਕੀਤੇ ਜਾਂਦੇ ਹਨ।
ਹਿਮਾਚਲ ਦੀਆਂ ਪਹਾੜੀ ਆਬਾਦੀਆਂ ਵਿਚ ਰਹਿੰਦੇ ਹਿੰਦੂ ਅਨੋਖਾ ਤਰੀਕਾ ਵਰਤਦੇ ਹਨ। ਉਹ ਮੁਰਦੇ ਦੇ ਮੂੰਹ ਵਿਚ ਇਕ ਭਖਦਾ ਅੰਗਿਆਰ ਪਾ ਦੇਂਦੇ ਹਨ। ਇਸ ਤਰ੍ਹਾਂ ਉਹ ਅਗਨੀ ਸਪੁਰਦ ਕਰਦੇ ਹਨ, ਫਿਰ ਮੁਰਦੇ ਨੂੰ ਉੱਚੇ ਪਹਾੜ ਤੋ ਹੇਠਾਂ ਵਗਾਹ ਕੇ ਸੁਟ ਦੇਂਦੇ ਹਨ। ਜਿੱਥੇ ਉਹ ਜੰਗਲੀ ਜਾਨਵਰਾਂ ਦੇ ਕੰਮ ਆ ਜਾਂਦਾ ਹੈ।
ਬਨਾਰਸ ਦੇ ਨੇੜੇ ਇਕ ਇਲਾਕੇ ਦੇ ਲੋਕ ਮਿਰਤਕ ਸਰੀਰ ਨੂੰ ਥੋਹੜੇ ਜਿਹੇ ਬਾਲਣ ’ਤੇ ਰੱਖ ਕੇ ਅੱਗ ਲਗਾ ਕੇ ਕੱਚਾ ਭੁੰਨਾ ਕਰਕੇ ਦਰਿਆ ਸਪੁਰਦ ਕਰ ਦੇਂਦੇ ਹਨ ਸ਼ਾਇਦ ਉਨ੍ਹਾਂ ਦਾ ਮੰਤਵ ਹੋਵੇ ਕਿ ਕੱਚਾ ਭੁੰਨਾਂ ਸਰੀਰ ਪਾਣੀ ਵਿਚਲੇ ਜੰਤੂਆਂ ਨੂੰ ਛੇਤੀ ਹਜ਼ਮ ਹੋ ਜਾਏਗਾ। ਚੀਨ ਬਾਰੇ ਸੁਣਦੇ ਹਾਂ ਕਿ ਉੱਥੇ ਬੱਚਾ ਮਰਨ ’ਤੇ ਦਫਨਾਣ ਸਮੇਂ ਉਸ ਦੀ ਕਬਰ ਵਿਚ ਖਿਡੌਣੇ ਆਦਿ ਰੱਖੇ ਜਾਂਦੇ ਹਨ।
ਮਿਸਰ ਦੇ ਇਕ ਅਮੀਰ ਕਬੀਲੇ ਦੇ ਲੋਕ ਆਪਣੇ ਵਿਛੜਨ ਵਾਲੇ ਸੱਜਣ ਦੀ ਕਬਰ ਜ਼ਮੀਨ ਵਿੱਚ ਇਕ ਪੂਰੇ ਪੱਕੇ ਕੋਠੇ ਦੀ ਸ਼ਕਲ ਦੇ ਰੂਪ ਵਿੱਚ ਬਣਾਉਦੇ ਹਨ। ਉਸ ਵਿਚ ਮੁਰਦੇ ਦੇ ਨਾਲ ਅੰਨ ਪਾਣੀ ਆਦਿ ਰੱਖ ਕੇ ਨਾਲ ਇਕ ਜ਼ਿੰਦਾ ਗ਼ੁਲਾਮ ਵੀ ਦਫਨਾਉਦੇ ਹਨ ਤਾਂ ਜੋ ਕਿ ਉਸ ਦੀ ਲੋੜ ਪੈਣ ’ਤੇ ਸੇਵਾ ਆਦਿ ਕਰ ਸਕੇ। ਇਹ ਕੁਝ ਵੰਨਗੀਆਂ ਹਨ। ਪਤਾ ਨਹੀਂ ਸੰਸਾਰ ਦੇ ਹੋਰ ਕਿੰਨੀਆਂ ਕੁ ਰਵਾਇਤਾਂ ਹੋਣਗੀਆਂ।
ਕਬੀਰ ਜੀ ਦਾ ਇਹ ਕਥਨ ਕਿ ਅਗਰ ਜੀਵਦਿਆਂ ਰਾਮ ਦੀ ਭਗਤੀ ਰਾਹੀਂ ਕੁਝ ਜੀਵਨ ਬਦਲਾਵ ਕਰਕੇ ਆਦਰਸ਼ ਜੀਵਨ ਨਹੀਂ ਮਾਣਿਆਂ ਤਾਂ ਮਰਨ ਤੋਂ ਉਪਰੰਤ ਤੁਸੀਂ ਸਰੀਰ ਉੱਤੇ ਬੇਸ਼ੱਕ ਚੰਦਨ ਚੜਾਓ ਜਾਂ ਗੰਦਗੀ ਵਿੱਚ ਮਿਲਾਓ ਕੋਈ ਫ਼ਰਕ ਨਹੀਂ ਪੈਂਦਾ ‘‘ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ? ॥੩॥ ਕਹਤ ਕਬੀਰ, ਹਉ ਕਹਉ ਪੁਕਾਰਿ ॥ ਸਮਝਿ ਦੇਖੁ, ਸਾਕਤ ਗਾਵਾਰ ! ॥ ਦੂਜੈ ਭਾਇ, ਬਹੁਤੁ ਘਰ ਗਾਲੇ ॥ ਰਾਮ ਭਗਤ, ਹੈ ਸਦਾ ਸੁਖਾਲੇ ॥’’ (ਮ: ੫/੧੧੬੦)