ਨੌਜਵਾਨ ਪੀੜ੍ਹੀ ਦੀ ਪੈਂਤੀ

0
314

ਨੌਜਵਾਨ ਪੀੜ੍ਹੀ ਦੀ ਪੈਂਤੀ

ਬਲਵਿੰਦਰ ਸਿੰਘ ਖਾਲਸਾ ਮੋੜ ਮੰਡੀ (ਬਠਿੰਡਾ)

ੳ _ ਉਮਰ ਸਾਰੀ ਗਾਲੀ ਤੁਸੀਂ ਨਸ਼ਿਆਂ ’ਚ ਲੱਗ।

ਅ _ ਅਫ਼ੀਮ ਖਾਧੀ ਬਿਨਾਂ ਜੁੜਦੇ ਨਹੀਂ ਹੱਡ।

ੲ _ ਇਸ਼ਕ-ਮੁਸ਼ਕ ਵਿਚ ਟੱਪੇ ਹੱਦਾਂ ਬੰਨੇ।

ਸ _ ਸੁਲਫੇ-ਸਮੈਕ ਵਿਚ ਹੋਏ ਫਿਰੋਂ ਅੰਨ੍ਹੇ।

ਹ _ ਹੀਰੋਇਨ ਖਾ ਕੇ ਲੈਣ ਪੀਂਘ ਦੇ ਹੁਲਾਰੇ।

ਕ _ ਕਾਮਨੀ-ਕੋਕੀਨ ਦੇ ਵੀ ਲੈਣ ਪਏ ਨਜ਼ਾਰੇ।

ਖ _ ਖਤਰਨਾਕ ਨਸ਼ੇ ਜ਼ਿੰਦਗੀ ਦੇ ਸਭ।

ਗ _ ਗਾਂਜਾ ਤੇ ਸੁੱਖਾ ਖਾ ਕੇ ਭੁੱਲ ਜਾਂਦਾ ਰੱਬ।

ਘ _ ਘਰ ਦੀ ਸ਼ਰਾਬ ਨੇ ਤਾਂ ਦਿੱਤੇ ਘਰ ਪੱਟ।

ਙ _ ਖਾਲੀ ਪਏ ਦੇਖੋ ਤੁਸੀਂ ਆਟੇ ਵਾਲੇ ਮੱਟ।

ਚ _ ਚਰਸ-ਚਿਲਮ ਵੀ ਨੇ ਨਸ਼ੇ ਬਹੁਤ ਮਾੜੇ।

ਛ _ ਛਿਪਕਲੀ ਖਾਵੇ ਪਹਿਲਾਂ ਤਵੇ ਉੱਤੇ ਸਾੜੇ।

ਜ _ ਜਰਦਾ ਤੇ ਗੁਟਕਾ ਵੀ ਖਾਂਦੇ ਬਹੁਤ ਦੇਖੇ।

ਝ _ ਝੂਰਦਾ ਏ, ਜਿੰਦ ਲਾ ਕੇ ਨਸ਼ਿਆਂ ਦੇ ਲੇਖੇ।

ਞ _ ਖਾਲੀ ਹੋਏ ਖਸੇ ਇਕ ਧੇਲਾ ਨਹੀਂ ਪੱਲੇ।

ਟ _ ਟੀਕੇ ਦੇ ਸਹਾਰੇ ਗੱਡੀ ਨਸ਼ਈਆਂ ਦੀ ਚੱਲੇ।

ਠ _ ਠੇਕੇ ਉੱਤੇ ਜਾ ਕੇ ਸ਼ਾਮੀ ਪੀਂਦੇ ਨੇ ਸ਼ਰਾਬ।

ਡ _ ਡੋਡੇ ਵੀ ਨੇ ਖਾਂਦੇ ਸੁਭਾ ਉਠ ਕੇ ਜਨਾਬ।

ਢ _ ਢਾਣੀਆਂ ਬਣਾ ਕੇ ਨਸ਼ੇ ਕਰਦੇ ਨੇ ਚਾਲੀ।

ਣ _ ਬਣਦਾ ਨਹੀਂ ਕੁਝ, ਸਾਰੇ ਘਰ ਹੋ ਗਏ ਖਾਲੀ।

ਤ _ ਤੁਰਦੇ ਨਸ਼ਈ ਜਿਵੇਂ ਹੁੰਦਾ ਕੋਈ ਮਰੀਜ਼।

ਥ _ ਥੋਥੇ ਹੋ ਗਏ ਵਿਚੋਂ ਜਿਵੇਂ ਘੁਣ ਖਾਧੀ ਚੀਜ਼।

ਦ _ ਦਵਾਈਆਂ ਦੀ ਵਰਤੋਂ ਨਸ਼ੇ ਦੀ ਥਾਂ ਕਰਨ।

ਧ _ ਧਨ ਦਾ ਹੈ ਨਾਸ਼, ਨਾਲੇ ਸਿਹਤ ਪੱਖੋਂ ਮਰਨ।

ਨ _ ਨਸ਼ਿਆਂ ਦੇ ਵਿਚੋਂ ਨਸ਼ਾ ਕੋਈ ਨਹੀਂ ਚੰਗਾ।

ਪ _ ਪਰੌਕੀਵਨ-ਪੋਸਤ ਵੀ ਪਾਉਂਦੇ ਬਹੁਤ ਪੰਗਾ।

ਫ _ ਫੇਫੜੇ ਨਸ਼ਈਆਂ ਦੇ ਨੇ ਹੋ ਜਾਂਦੇ ਫੇਲ੍ਹ।

ਬ _ ਬੀੜੀ ਅਤੇ ਸਿਗਰਟ ਦਾ ਆਪਸੀ ਹੈ ਮੇਲ।

ਭ _ ਭੁੱਕੀ, ਕਾਲੀ ਖਸਖਸ ਜਾਂਦੇ ਨੇ ਉਡਾਈ।

ਮ _ ਮੌਤ ਹੁੰਦੀ ਨੇੜੇ ਜਾਂਦੀ ਜ਼ਿੰਦਗੀ ਅਜਾਈਂ।

ਯ _ ਯਕੀਨ ਮੈਨੂੰ ਪੂਰਾ ਨਸ਼ੇ ਦੇਣਗੇ ਉਏ ਪੱਟ।

ਰ _ ਰੋਣਾ ਫਿਰ ਤੁਸੀਂ ਮਾਰ ਮੱਥੇ ਉਤੇ ਹੱਥ।

ਲ _ ਲਵੋ ਤੁਸੀਂ ਗੱਲ ਬਲਵਿੰਦਰ ਦੀ ਮੰਨ।

ਵ _ ਵੇਲਾ ਅਜੇ ਹੈਗਾ ਤੁਸੀਂ ਫੜ ਲਵੋਂ ਕੰਨ।

ੜ _ ੜਾੜੇ ਵਾਂਗੂੰ ਖਾਲੀ ਤੁਸੀਂ ਰਹਿ ਜਾਵੋਗੇ।

ਫਿਰ ਬਣਨਾ ਨਹੀਂ ਕੁਝ ਤੁਸੀਂ ਪਛਤਾਵੋਗੇ।

ਗੱਭਰੂ ਪੰਜਾਬ ਦਿਓ ਨਸ਼ੇ ਤੁਸੀਂ ਤਿਆਗੋ।

ਜਾਗੋ ਵੀਰੋ ਜਾਗੋ ਓਏ ਜਾਗੋ ਵੀਰੋ ਜਾਗੋ।