ਚੰਗੇ ਪਿਤਾ ਦੀ ਚੰਗੀ ਸੰਤਾਨ ਬਣੀਏ
ਮਾਸਟਰ ਪ੍ਰਭਦਿਆਲ ਸਿੰਘ (ਸੁਨਾਮ)- 9463865060
ਇੱਕ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਇੱਕੋ ਇੱਕ ਅਧਿਆਪਕ ਸਾਧਨਾ ਦੀ ਕਮੀ ਤੇ ਸਰਕਾਰੀ ਗ੍ਰਾਂਟ ਦੀ ਥੁੜ ਦੇ ਬਾਵਜੂਦ ਕਈ ਤਰ੍ਹਾਂ ਦੇ ਯਤਨ ਕਰਦਾ ਹੋਇਆ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦਾ ਯਤਨ ਕਰਦਾ ਹੋਇਆ ਇੱਕ ਦਿਨ ਇੱਕ ਬੇਨਤੀ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ। ਮਾਸਟਰ ਜੀ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਕੋਲ ਬੇਨਤੀ ਕੀਤੀ ਕਿ ਬਹੁਤ ਸਾਰੇ ਦਾਨੀ ਸੱਜਣ ਗੁਰੂ ਘਰ ਵਿੱਚ ਖੁਸ਼ੀ ਜਾਂ ਗਮੀ ਦੇ ਮੌਕੇ ’ਤੇ ਪੱਖਿਆ ਦੀ ਸੇਵਾ ਕਰਵਾਉਂਦੇ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਸਾਰੇ ਪੱਖੇ ਹਨ, ਲੋੜ ਤੋਂ ਵੀ ਜਿਆਦਾ ਹਨ ਇਸ ਲਈ ਮਿਹਨਬਾਨੀ ਹੋਵੇਗੀ ਜੇਕਰ ਵਿਦਿਆਰਥੀਆਂ ਦੀ ਸਹੂਲਤ ਲਈ ਸਕੂਲ ਨੂੰ ਦੋ ਪੱਖੇ ਗੁਰਦੁਆਰਾ ਸਾਹਿਬ ਵੱਲੋਂ ਦੇ ਦਿੱਤੇ ਜਾਣ। ਗ੍ਰੰਥੀ ਸਿੰਘ ਨੇ ਆਪਣੀ ਅਸਮਰਥਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਤਾਂ ਖੁੱਦ ਗੁਰੂ ਘਰ ਵਿੱਚ ਨੌਕਰੀ ਕਰਦੇ ਹਨ, ਤੁਸੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਇਸ ਸੰਬੰਧੀ ਗੱਲ ਕਰੋ। ਮਾਸਟਰ ਜੀ ਨੇ ਪ੍ਰਧਾਨ ਜੀ ਨਾਲ ਫੋਨ ’ਤੇ ਗੱਲ ਕਰਕੇ ਉਹਨਾਂ ਨੂੰ ਬੇਨਤੀ ਕੀਤੀ। ਪ੍ਰਧਾਨ ਜੀ ਨੇ ਮਾਸਟਰ ਜੀ ਨੂੰ ਗੋਲਮੋਲ ਜਵਾਬ ਦਿੰਦੇ ਹੋਏ ਕਮੇਟੀ ਦੇ ਹੋਰ ਮੈਂਬਰਾਂ ਨਾਲ ਗੱਲ ਕਰਨ ਬਾਰੇ ਕਿਹਾ। ਕਈ ਵਾਰ ਫੋਨ ਕਰਨ ਅਤੇ ਕਈ ਦਿਨ ਉਡੀਕ ਕਰਨ ਤੋਂ ਬਾਅਦ ਆਖਿਰ ਮਾਸਟਰ ਜੀ ਚੁੱਪ ਕਰਕੇ ਬੈਠ ਗਏ।
ਸਕੂਲ ਦੇ ਵਿੱਚ ਬਹੁਤ ਜਿਆਦਾ ਘਾਹ ਬੂਟੀਆਂ ਉੱਗੀਆਂ ਹੋਈਆਂ ਸਨ, ਜਿਹਨਾਂ ਵਿੱਚ ਕਈ ਜਾਨਵਰ ਪੈਦਾ ਹੋ ਗਏ ਸਨ। ਮੱਛਰ, ਡੱਡੂ ਤੇ ਸੱਪ ਵੀ ਬੱਚਿਆਂ ਦੀਆਂ ਕਲਾਸਾਂ ਤੱਕ ਆਮ ਹੀ ਪਹੁੰਚ ਜਾਂਦੇ ਸਨ। ਕਈ ਸਾਲਾਂ ਤੋਂ ਇਕੱਠੇ ਹੋਏ ਕੂੜੇ ਦੀ ਇੱਕ ਬਹੁਤ ਵੱਡੀ ਰੂੜੀ ਬਣੀ ਹੋਈ ਸੀ। ਇਸ ਸਭ ਗੰਦਗੀ ਦੀ ਸਫਾਈ ਕਰਨ ਹਿੱਤ ਇਸ ਵਾਰ ਮਾਸਟਰ ਜੀ ਨੇ ਡੇਰਾ ਸੱਚਾ ਸੌਦਾ ਸਿਰਸਾ ਨਾਲ ਸੰਬੰਧਤ ਕਿਸੇ ਵਿਅਕਤੀ ਨੂੰ ਇੱਕ ਸੁਨੇਹਾ ਲਾ ਦਿੱਤਾ। ਸੁਨੇਹਾ ਮਿਲਣ ਦੀ ਦੇਰ ਸੀ ਅਗਲੇ ਹੀ ਦਿਨ ਪਿੰਡ ਵਿੱਚੋਂ 150 ਤੋਂ 200 ਪ੍ਰੇਮੀ ਜਨ ਸਕੂਲ ਵਿੱਚ ਪਹੁੰਚ ਗਏ ਅਤੇ ਸਫਾਈ ਸੇਵਾ ਦਾ ਕਾਰਜ ਹੱਥੋ ਹੱਥੀਂ ਸ਼ੁਰੂ ਹੋ ਗਿਆ। ਸਫਾਈ ਕਰਨ ਲਈ ਸਾਰਾ ਸਮਾਨ ਜਿਸ ਵਿੱਚ ਕਹੀਆਂ, ਦਾਤੀਆਂ, ਕੁਹਾੜੀਆਂ, ਖੁਰਪੇ, ਝਾੜੂ, ਤਸਲੇ ਆਦਿ ਇਥੋਂ ਤੱਕ ਕਿ ਟਰੈਕਟਰ-ਟਰਾਲੀ ਵੀ ਉਹਨਾਂ ਵੱਲੋਂ ਹੀ ਲਿਆਂਦੀ ਗਈ। ਮਾਸਟਰ ਜੀ ਦੁਆਰਾ ਲੰਗਰ ਪਾਣੀ ਦੇ ਪ੍ਰਬੰਧ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਬੜੀ ਨਿਮਰਤਾ ਨਾਲ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਵੀ ਆਪਣੇ ਆਪ ਹੀ ਕਰ ਲੈਣ ਬਾਰੇ ਕਿਹਾ। ਕੁੱਝ ਹੀ ਸਮੇਂ ਵਿੱਚ ਸਾਰੀ ਸੰਗਤ ਨੇ ਬੜੀ ਮਿਹਨਤ ਨਾਲ ਸਕੂਲ ਨੂੰ ਇੰਝ ਸਾਫ ਕਰ ਦਿੱਤਾ ਜਿਵੇਂ ਕੋਈ ਚੰਗੀ ਸੁਆਣੀ ਆਪਣੇ ਘਰ ਨੂੰ ਸਾਫ ਸੁਥਰਾ ਕਰਦੀ ਹੈ। ਸਾਰਾ ਕੂੜਾ ਤੇ ਗੰਦਗੀ ਟਰਾਲੀ ਵਿੱਚ ਪਾ ਕੇ ਲੈ ਗਏ, ਝਾੜੀਆਂ ਬੂਟਿਆਂ ਦੀ ਪੱਟ ਪਟਾਈ ਕਰ ਦਿੱਤੀ, ਦਰਖਤਾਂ ਦੀ ਛਾਂਗ ਛੰਗਾਈ ਕੀਤੀ ਗਈ, ਦਰਖਤਾਂ ਦੇ ਮੁੱਢਾਂ ’ਤੇ ਕਲੀ ਨਾਲ ਸਫੇਦੀ ਕੀਤੀ ਗਈ, ਗਰਾਉਂਡ ਨੂੰ ਪੱਧਰ ਕੀਤਾ ਗਿਆ, ਇੰਝ ਕਹੋ ਕਿ ਸਕੂਲ ਦੀ ਪੂਰੀ ਰੂਪ ਰੇਖਾ ਹੀ ਤਬਦੀਲ ਹੋ ਗਈ। ਹੁਣ ਲੱਗਦਾ ਸੀ ਕਿ ਇਹ ਸਕੂਲ ਹੈ। ਇਹ ਸਾਰਾ ਕੰਮ ਕਰਦੇ ਹੋਏ ਕੋਈ ਵੀ ਹਊਮੈ ਜਾਂ ਮਾਣ ਨਜ਼ਰ ਨਹੀਂ ਆਇਆ ਅਤੇ ਬਹੁਤ ਹੀ ਜਿਆਦਾ ਨਿਮਰਤਾ ਤੇ ਹਲੀਮੀ ਨਾਲ ਸਾਰਾ ਕਾਰਜ ਨੇਪਰੇ ਚਾੜਨ ਤੋਂ ਬਾਅਦ ਸਕੂਲ ਦੇ ਮਾਸਟਰ ਜੀ ਤੋਂ ਸੰਗਤ ਆਗਿਆ ਲੈਣ ਲਈ ਪਹੁੰਚੀ। ਮਾਸਟਰ ਜੀ ਨੇ ਧੰਨਵਾਦ ਹਿੱਤ ਜੋ ਸ਼ਬਦ ਕਦੇ ਉਹਨਾਂ ਵੱਲ ਖਾਸ ਧਿਆਨ ਦੇਣਾ, ਜੀ। ਉਹਨਾਂ ਕਿਹਾ ਕਿ ‘ਮੈਨੂੰ ਨਹੀਂ ਪਤਾ ਕਿ ਤੁਹਾਡਾ ਬਾਬਾ ਚੰਗਾ ਹੈ ਜਾਂ ਮਾੜਾ, ਪਰ ਜਿਸ ਦੇ ਧੀਆਂ ਪੁੱਤ ਇੰਨੇ ਚੰਗੇ ਹਨ, ਉਹ ਆਪ ਵੀ ਚੰਗਾ ਹੀ ਹੋਵੇਗਾ।’
ਇਸ ਸਾਰੀ ਘਟਨਾ ਤੋਂ ਸਿੱਖ ਸੰਗਤ ਨੂੰ ਈਰਖਾ ਕਰਨੀ ਚਾਹੀਦੀ ਹੈ ਜਾਂ ਸੇਧ ਲੈਣੀ ਚਾਹੀਦੀ ਹੈ। ਨਿਸ਼ਚਿਤ ਹੀ ਸਿੱਖ ਸੰਗਤ ਵੀ ਹਰ ਰੋਜ਼ ਸੇਵਾ ਦੇ ਕਾਰਜ ਕਰਦੀ ਹੈ ਅਤੇ ਸੇਵਾ ਕਾਰਜਾਂ ਲਈ ਬਹੁਤ ਪ੍ਰਸਿੱਧ ਵੀ ਹੈ। ਪਰ ਅਸੀਂ ਸੇਵਾ ਕਾਰਜ ਕੇਵਲ ਗੁਰੂ ਘਰਾਂ ਵਿੱਚ ਹੀ ਕਰਦੇ ਹਾਂ। ਗੁਰੂ ਘਰ ਵਿੱਚ ਹਰ ਰੋਜ਼ ਬੀਬੀਆਂ ਝਾੜੂ ਮਾਰਨ, ਬਰਤਨ ਧੋਣ ਆਦਿ ਦੀ ਸੇਵਾ ਕਰਦੀਆਂ ਹਨ। ਇਕ ਬੀਬੀ ਝਾੜੂ ਲਾਉਂਦੀ ਹੈ, ਉਸ ਤੋਂ ਬਾਅਦ ਕੋਈ ਹੋਰ ਬੀਬੀ ਸਾਫ ਫਰਸ਼ ’ਤੇ ਹੀ ਝਾੜੂ ਮਾਰ ਦਿੰਦੀ ਹੈ, ਇਸ ਤੋਂ ਬਾਅਦ ਕੋਈ ਹੋਰ। ਕੁੱਝ ਬੀਬੀਆਂ ਤੇ ਵੀਰ ਦਰਬਾਰ ਸਾਹਿਬ ਦੇ ਬਾਹਰ ਪਏ ਜੋੜਿਆਂ ਨੂੰ ਕੱਪੜੇ ਨਾਲ ਝਾੜਦੇ ਹਨ, ਪਰ ਕਈ ਵਾਰ ਜੋੜੇ ਝਾੜਨ ਵਾਲਿਆਂ ਦੀ ਹੀ ਲਾਈਨ ਲੱਗੀ ਹੁੰਦੀ ਹੈ। ਕਹਿਣ ਦਾ ਭਾਵ ਇਹ ਕਿ ਅਸੀਂ ਸੇਵਾ ਤਾਂ ਕਰਦੇ ਹਾਂ ਪਰ ਬਹੁਤੀ ਵਾਰ ਇਹ ਸੇਵਾ ਬੇਲੋੜੀ ਹੁੰਦੀ ਹੈ। ਇਸ ਤੋਂ ਇਲਾਵਾ ਅਸੀਂ ਕੇਵਲ ਗੁਰੂ ਘਰ ਵਿੱਚ ਹੀ ਸੇਵਾ ਕਰਦੇ ਹਾਂ। ਗੁਰੂ ਘਰ ਤਾਂ ਸਾਡੀ ਕੌਮ ਦਾ ਹੀ ਘਰ ਹੈ, ਆਪਣੇ ਘਰ ਵਿੱਚ ਕੀਤੇ ਕਾਰਜ ਨੂੰ ਸੇਵਾ ਨਹੀਂ ਜਿੰਮੇਵਾਰੀ ਕਿਹਾ ਜਾਂਦਾ ਹੈ। ਸਾਡੀ ਕੌਮ ਦੇ ਸੇਵਾਦਾਰਾਂ ਦਾ ਸਮਾਜ ਵਿੱਚ ਯੋਗਦਾਨ ਬਹੁਤ ਘੱਟ ਹੋ ਗਿਆ ਹੈ।
ਗੁਰੂ ਘਰ ਵਿੱਚ ਸੇਵਾ ਕਾਰਜ ਕਰਨ ਵਾਲਿਆਂ ਨੂੰ ਆਪਣੇ ਪਿੰਡ ਜਾਂ ਗਲੀ ਮੁਹੱਲੇ ਵਿੱਚ ਕੋਈ ਸੇਵਾ ਕਾਰਜ ਕਰਦੇ ਘੱਟ ਹੀ ਦੇਖਿਆ ਜਾਂਦਾ ਹੈ ਜਦਕਿ ਸਾਡੇ ਵਿਰੋਧੀ ਇਹੋ ਜਿਹੇ ਕਾਰਜ ਕਾਰਨ ਹੀ ਹਰਮਨ ਪਿਆਰਤਾ ਪ੍ਰਾਪਤ ਕਰ ਚੁੱਕੇ ਹਨ। ਅਸੀਂ ਆਪਸ ਵਿੱਚ ਤਕਰਾਰ ਕਰਦੇ ਹਾਂ, ਗੁਰੂ ਘਰਾਂ ਵਿੱਚ ਹੀ ਇੱਕ ਦੂਜੇ ਦੀਆਂ ਪੱਗਾਂ ਤੱਕ ਉਤਾਰ ਦਿੰਦੇ ਹਾਂ ਜਦਕਿ ਸਾਡੇ ਵਿਰੋਧੀ ਡੇਰਿਆਂ ਵਾਲੇ ਆਪਸ ਵਿੱਚ ਸਹਿਯੋਗ ਕਰਦੇ ਹਨ। ਇੱਕ ਦੂਜੇ ਨਾਲ ਰਲ ਕੇ ਲੋਕ ਸੇਵਾ ਦੇ ਕਾਰਜਾਂ ਵਿੱਚ ਬੜੀ ਨਿਮਰਤਾ ਨਾਲ ਕੰਮ ਕਰਦੇ ਹਨ। ਆਰਥਿਕ ਸਹਾਇਤਾ ਤੇ ਸਰੀਰਕ ਸੇਵਾ ਰਾਹੀਂ ਆਪਣੇ ਗਰੀਬ ਸਾਥੀਆਂ ਦੇ ਮਕਾਨ ਬਣਾਉਂਦੇ ਹਨ, ਲੜਕੀਆਂ ਦੇ ਵਿਆਹ ਕਰਦੇ ਹਨ, ਬੱਚਿਆਂ ਨੂੰ ਕਿਤਾਬਾਂ, ਬਜ਼ੁਰਗਾਂ ਨੂੰ ਮੈਡੀਕਲ ਸਹਾਇਤਾ ਆਦਿ ਅਨੇਕਾਂ ਕਾਰਜ ਆਪਸੀ ਸਹਿਯੋਗ ਨਾਲ ਕੀਤੇ ਜਾ ਰਹੇ ਹਨ।
ਸਿੱਖ ਇਤਿਹਾਸ ’ਤੇ ਨਜ਼ਰ ਮਾਰੀਏ, ਸਾਡੇ ਗੁਰੂ ਸਾਹਿਬਾਂ ਨੇ ਸਮਾਜ ਦੇ ਕਮਜ਼ੋਰ ਤੇ ਨੀਵੇਂ ਵਰਗ ਨੂੰ ਨੇੜੇ ਲਾਇਆ, ਉਹਨਾਂ ਨੂੰ ਮਾਣ ਸਨਮਾਨ ਦਿੱਤਾ ਅਤੇ ਉਹਨਾਂ ਵਿੱਚ ਆਪਸੀ ਸਹਿਯੋਗ ਤੇ ਮਿਲਵਰਤਨ ਪੈਦਾ ਕਰਕੇ ਵੱਡੀਆਂ ਤਾਕਤਾਂ ਨੂੰ ਚੁਣੌਤੀ ਦਿੱਤੀ। ਪਰ ਅੱਜ ਸਾਡੀ ਕੌਮ ਇਹਨਾਂ ਗੱਲਾਂ ਤੋਂ ਪਿਛੇ ਹਟ ਗਈ ਹੈ ਤੇ ਆਪਸ ਵਿੱਚ ਵੀ ਏਕਤਾ ਨਾ ਰੱਖਦੇ ਹੋਏ ਵੱਖ ਵੱਖ ਸੰਪਰਦਾਵਾਂ ਤੇ ਧੜ੍ਹਿਆਂ ਵਿੱਚ ਵੰਡ ਕੇ ਆਪਣੀ ਤਾਕਤ ਨੂੰ ਕਮਜ਼ੋਰ ਕਰ ਚੁੱਕੀ ਹੈ। ਅਸੀਂ ਬਹੁਤ ਸਾਰੀ ਮਾਇਆ ਨਾਲ ਗੁਰੂ ਘਰਾਂ ਦੀਆਂ ਗੋਲਕਾਂ ਭਰ ਭਰ ਕੇ ਉਥੋਂ ਦੇ ਪ੍ਰਬੰਧਕਾਂ ਨੂੰ ਭ੍ਰਿਸ਼ਟ ਬਣਾ ਰਹੇ ਹਾਂ। ਲੱਖਾਂ ਰੁਪਏ ਨਗਰ ਕੀਰਤਨਾਂ ’ਤੇ, ਹੋਰ ਪ੍ਰੋਗਰਾਮਾਂ ’ਤੇ ਖਰਚ ਕਰਕੇ ਵੀ ਲੋਕਾਂ ਨੂੰ ਸਿੱਖੀ ਨਾਲ ਨਹੀਂ ਜੋੜ ਪਾ ਰਹੇ।
ਹੁਣ ਇਹ ਸੋਚਿਆ ਜਾਵੇ ਕਿ ਆਪਣੀਆਂ ਕਮੀਆਂ ਨੂੰ ਦੂਰ ਕਿਵੇਂ ਕੀਤਾ ਜਾਵੇ। ਇਨ੍ਹਾਂ ਨੂੰ ਅਸੀਂ ਆਪ ਹੀ ਦੂਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਪਸ ਵਿੱਚ ਪਿਆਰ ਤੇ ਸਹਿਯੋਗ ਦੀ ਭਾਵਨਾ ਨੂੰ ਪੈਦਾ ਕੀਤਾ ਜਾਵੇ। ਇਹ ਖਾਸ ਧਿਆਨ ਦਿੱਤਾ ਜਾਵੇ ਕਿ ਸਾਡੇ ਦਸਵੰਧ ਦੀ ਮਾਇਆ ਦੀ ਵਰਤੋ ਕਿਸੇ ਅਜਿਹੇ ਕਾਰਜ ਲਈ ਹੋਵੇ ਜਿਸ ਨਾਲ ਮਾਨਵਤਾ ਦੀ ਭਲਾਈ ਤੇ ਸਿੱਖੀ ਦਾ ਪ੍ਰਸਾਰ ਹੁੰਦਾ ਹੋਵੇ। ਬੇਲੋੜੇ ਖਰਚ ਅਤੇ ਫਜ਼ੂਲ ਦੇ ਦਿਖਾਵੇ ਕਰਨ ਦੀ ਥਾਂ ਉਸਾਰੂ ਕੰਮ ਕਰਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਗੁਰੂ ਘਰਾਂ ਦੀਆਂ ਕੰਧਾਂ ’ਤੇ ਸੋਨਾ ਚਾੜ੍ਹਨ ਦੀ ਥਾਂ ਕਿਸੇ ਗਰੀਬ ਗੁਰਸਿੱਖ ਨੂੰ ਘਰ ਬਣਾਉਣ ਵਿੱਚ ਮਦਦ ਕੀਤੀ ਜਾਵੇ। ਹਰ ਪਿੰਡ ਤੇ ਮੁਹੱਲੇ ਵਿੱਚ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਦੇ ਛੋਟੇ ਛੋਟੇ ਜਥੇ ਬਣਾਏ ਜਾਣ ਜੋ ਨਿਮਰਤਾ ਸਹਿਤ ਜਨਸੇਵਾ ਦੇ ਕਾਰਜ ਕਰਨ। ਆਪਸ ਵਿੱਚ ਰਲਮਿਲ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ। ਜੇਕਰ ਕੋਈ ਤੁਹਾਡਾ ਧੰਨਵਾਦ ਕਰੇ ਤਾਂ ਉਸ ਨੂੰ ਕਹੋ ਕਿ ਸਾਡੇ ਗੁਰੂ ਦਾ ਧੰਨਵਾਦ ਕਰੋ ਕਿਉਂਕਿ ਇਹ ਸੋਚ ਸਾਡੇ ਗੁਰੂ ਨੇ ਹੀ ਦਿੱਤੀ ਹੈ। ਅਜਿਹੇ ਕਾਰਜ ਕਰੋ ਕਿ ਲੋਕ ਸਿੱਖ ਕੌਮ ਦੀ ਪ੍ਰਸੰਸਾ ਕਰਨ, ਨਾ ਕਿ ਅਜਿਹੇ ਕੰਮ; ਜਿਹਨਾਂ ਨਾਲ ਸਾਡੀ ਬਦਨਾਮੀ ਹੋਵੇ। ਸਾਡੇ ਕਲਗੀਧਰ ਪਿਤਾ ਦੀ ਸਖਸ਼ੀਅਤ ਦੀ ਪੂਰੀ ਦੁਨੀਆ ਵਿੱਚ ਹੋਰ ਕੋਈ ਮਿਸਾਲ ਨਹੀਂ ਹੈ ਇਸ ਲਈ ਅਸੀਂ ਵੀ ਅਜਿਹੇ ਕੰਮ ਕਰੀਏ ਕਿ ਸਾਨੂੰ ਵੀ ਲੋਕ ‘ਚੰਗੇ ਪਿਤਾ ਦੀ ਚੰਗੀ ਸੰਤਾਨ’ ਕਹਿਣ।