ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ
ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)- 9815024920
ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ’ਤੇ ਕਹਿਰ ਬਣ ਕੇ ਆਇਆ, ਜਦ ਜੁਲਮ ਦੀ ਵੀ ਅੱਤ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 6 ਮਹੀਨੇ ਦੇ ਲੰਬੇ ਸਮੇਂ ਦੇ ਘੇਰੇ ਤੋਂ ਬਾਅਦ, ਕਿਸ ਤਰ੍ਹਾਂ ਜਦ ਝੂਠੀਆਂ ਕਸਮਾਂ ਖਾ ਕੇ ਦਸਮੇਸ਼ ਪਿਤਾ ਜੀ ਨੂੰ ਕਿਲ੍ਹਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਜਿਸ ਤਰ੍ਹਾਂ ਉਹਨਾਂ ਕਸਮਾਂ ਨੂੰ ਛਿੱਕੇ ’ਤੇ ਟੰਗ ਕੇ ਦਸਮੇਸ਼ ਪਿਤਾ ਦੇ ਭੁੱਖੇ-ਭਾਣੇ ਸਿੱਖਾਂ ਅਤੇ ਗੁਰੂ ਸਾਹਿਬ ਦੇ ਪੂਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ।
ਪਿੱਛੇ ਜਾਲਮ ਫੌਜਾਂ ਦਾ ਟਿੱਡੀ ਦਲ, ਦੂਜੇ ਪਾਸੇ ਗਿਣਤੀ ਵਿੱਚ ਸਿੱਖਾਂ ਦੀ ਗਿਣਤੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਅੱਗੇ ਸਰਸਾ ਨਦੀ ਵੀ ਚੜ੍ਹੀ ਹੋਈ ਅਤੇ ਉਤੋਂ ਪੋਹ ਦਾ ਸਰਦ ਮਹੀਨਾ ਅਤਿ ਦੀ ਠੰਡੀ ਰਾਤ ਦਾ ਸਮਾਂ ਤੇ ਅੱਗੇ ਸਰਸਾ ਦਾ ਠੰਡਾ ਪਾਣੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੰਘਾਂ ਨੇ ਆਪਣੇ ਘੌੜੇ ਸਰਸਾ ਨਦੀ ਵਿੱਚ ਠੇਲ੍ਹ ਦਿੱਤੇ। ਇਸ ਸਰਸਾ ਨਦੀ ਦੇ ਕੰਢੇ ’ਤੇ ਸਤਿਗੁਰੂ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਜੋ ਮੁੜ ਕਦੇ ਮਿਲ ਨਾ ਸਕਿਆ। ਇੱਕ ਕਵੀ ਲਿਖਦਾ ਹੈ: ‘ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਏਸ ਪਾਸੇ, ਜੋੜੀ ਓਸ ਪਾਸੇ।’
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਅਤੇ ਸਤਿਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਕੁੱਲ 40 ਸਿੰਘਾਂ ਦੇ ਨਾਲ ਤੀਜੇ ਹਿੱਸੇ ਵਿੱਚ ਵੰਡੇ ਇੱਕ ਪਾਸੇ ਨੂੰ ਚੱਲ ਪਏ। ਪੂਰਾ ਪਰਿਵਾਰ ਵਿਛੜ ਗਿਆ, ਉਸ ਸਥਾਨ ’ਤੇ ਅੱਜ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸਥਿਤ ਹੈ।
ਰਸਤੇ ਵਿੱਚ ਚਲਦਿਆਂ ਗੁਰੂ ਕੇ ਸਿੰਘਾਂ ਨੇ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ, ਪਾਤਸ਼ਾਹ ਜੀਉ ! ਛੋਟੇ ਸਾਹਿਬਜ਼ਾਦੇ ਕਿੱਧਰ ਨੂੰ ਚਲੇ ਗਏ ਹਨ ? ਤਾਂ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿਣ ਲੱਗੇ, ਉਹ ਆਪਣਾ ਫਰਜ਼ ਨਿਭਾਉਣ ਲਈ ਆਪਣੀ ਮੰਜ਼ਿਲ ਨੂੰ ਚਲੇ ਗਏ ਹਨ ਤਾਂ ਸਿੱਖਾਂ ਨੇ ਦੂਜਾ ਸਵਾਲ ਕਰ ਦਿੱਤਾ ਕਿ ਸਤਿਗੁਰੂ ਜੀ ਹੁਣ ਆਪਾਂ ਕਿੱਧਰ ਨੂੰ ਜਾਣਾ ਹੈ ਤਾਂ ਪਾਤਸ਼ਾਹ ਫਿਰ ਬੋਲੇ (ਜਿਸ ਨੂੰ ਕਿਸੇ ਕਵੀ ਨੇ ਬੜਾ ਸੁਹਣਾ ਲਿਖਿਆ ਹੈ): ‘ਹਮਨੇ ਭੀ ਪਹੁੰਚਣਾ ਹੈ, ਉਸ ਮੁਕਾਮ ਪਰ ਜਲਦ ਤਰ। ਕਟਵਾਣੇ ਹੋਂਗੇ ਜਹਾਂ ਜਾ ਕਰ, ਤੁਮਕੋ ਆਪਣੇ ਸਰ (ਸਿਰ/ਸੀਸ)। ਹੋਂਗੇ ਸ਼ਹੀਦ ਲੜ ਕਰ, ਯਹ ਦੋਨੋਂ ਪਿਸ਼ਰ। ਰਹਿ ਜਾਉਂਗਾ ਇਕੇਲਾ, ਮੈਂ ਕੱਲ੍ਹ ਤੱਕ ਲੁਟਾ ਕੇ ਘਰ। ਪਹਿਲੇ ਬਾਪ ਕਟਵਾਇਆ, ਅਬ ਬੇਟੇ ਕਟਵਾਉਂਗਾ, ਗੁਰੂ ਨਾਨਕ ਕਾ ਬਾਗ ਹੈ, ਖ਼ੂਨ-ਏ-ਜਿਗਰ ਸੇ ਸਜਾਉਂਗਾ।’
ਇਸ ਤਰ੍ਹਾਂ ਸਤਿਗੁਰੂ ਜੀ ਸਰਸਾ ਪਾਰ ਕਰਕੇ ਚਮਕੌਰ ਦੀ ਕੱਚੀ ਗੜੀ ਵਿਚ ਪੁਜੇ, ਤਾਂ ਸਿੱਖਾਂ ਫਿਰ ਪੁੱਛ ਕੀਤੀ, ਪਾਤਸ਼ਾਹ ! ਇਹ ਕਿਹੜੀ ਜਗ੍ਹਾ ਹੈ ? ਤਾਂ ਦਸਮੇਸ਼ ਪਿਤਾ ਜੀ ਨੇ ਜੁਆਬ ਦਿੰਦਿਆਂ ਕਿਹਾ: ‘ਜਿਸ ਖਿੱਤੇ ਮੇਂ ਕਹਿਤੇ ਥੇ ਆਣਾ, ਯਹ ਵੁਹੀ ਹੈ। ਜਿਸ ਜਗ੍ਹਾ ਸੇ ਲੂਟ ਕਰ ਹੈ ਜਾਣਾ, ਯਹ ਵੁਹੀ ਹੈ। ਜਿਸ ਜਗ੍ਹਾ ਪਰ ਹੈ, ਬੱਚੋਂ ਕੋ ਕਟਾਨਾ, ਯਹ ਵੁਹੀ ਹੈ। ਮਾਟੀ ਕਹਿ ਦੇਤੀ ਹੈ ਟਿਕਾਣਾ, ਯਹ ਵੁਹੀ ਹੈ।’
ਇੱਥੇ ਚਮਕੌਰ ਵਿਖੇ ਚੌਧਰੀ ਬੁੱਧੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿੱਚ ਸੰਸਾਰ ਦੀ ਇੱਕ ਬੇ-ਮਿਸਾਲ ਜੰਗ ਸ਼ੁਰੂ ਹੋਈ। ਦਸਮੇਸ਼ ਪਿਤਾ ਨੇ ਚਮਕੌਰ ਦੀ ਇਸ ਕੱਚੀ ਗੜ੍ਹੀ ਵੱਲ ਤੱਕ ਕੇ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਜਿਸ ਨੂੰ ਪਾਂਧੀ ਨਨਕਾਣਵੀ ਨੇ ਆਪਣੀ ਕਵੀਤਾ ‘ਇਹ ਚਮਕੌਰ ਹੈ’ ਵਿੱਚ ਇਸ ਤਰ੍ਹਾਂ ਲਿਖਿਆ ਹੈ: ‘ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ। ਆਹੂ ਲਾਹ ਕੇ ਮੁਗਲ ਚੁਗੱਤਿਆਂ ਦੇ, ਨਾਲ ਖ਼ੂਨ ਦੇ ਮਹਿੰਦੀਆਂ ਲਾਉਣ ਦੀ ਥਾਂ। ਰੱਤ ਪੀਣੀਆਂ ਬਿਜਲੀਆਂ ਹੱਥ ਤੋਲੋ, ਦੱਸ ਲੱਖ ਗੁਲਾਮ ਲਿਤਾੜ ਸੁਟੋ। ਸਿੰਘੋ ਸੂਰਿਓ ! ਉਠੋ ਤੂਫਾਨ ਬਣ ਕੇ, ਮੁਗਲ ਰਾਜ ਨੂੰ ਜੜੋਂ ਉਖਾੜ ਸੁਟੋ। ਤੁਹਾਡੇ ਹੱਥ ਵਿੱਚ ਪੱਤ ਅੱਜ ਖ਼ਾਲਸੇ ਦੀ, ਅੰਗ ਖ਼ਾਲਸੇ ਦਾ ਤੁਸਾਂ ਪਾਲਣਾ ਹੈ। ਭਾਵੇਂ ਚਾਲੀ ਹੋ, ਐਪਰ ਨਿਡਰ ਹੋ ਕੇ, ਤੁਸਾਂ ਤੇਗ਼ ਦਾ ਜੌਹਰ ਦਿਖਾਲਣਾ ਹੈ।’
ਅੱਗੋਂ ਸਿੰਘਾਂ ਨੇ ਵੀ ਜੁਆਬ ਵਿੱਚ ਕਿਹਾ, ਸਤਿਗੁਰੂ ਜੀਉ ! ‘ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖ਼ਾਲਸੇ ਹਾਂ, ਮਰਨਾ ਜਾਣਦੇ ਹਾਂ। ਸਵਾ ਲੱਖ ਨਾਲ ਇੱਕ-ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ। ਕਲਗੀ ਵਾਲਿਆ ਤੇਰੀ ਆਸੀਸ ਲੈ ਕੇ, ਅਸੀਂ ਵਾਂਗ ਹਿਮਾਲਿਆ ਦੇ ਡੱਟ ਜਾਂ ਗੇ। ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ, ਕੱਟ ਦੇ ਕੱਟ ਜਾਂ ਗੇ।’
ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਮੁਖ਼ਾਤਿਬ ਹੁੰਦੇ ਕਹਿਣ ਲੱਗੇ ਪਟਨਾ ਸਾਹਿਬ ਸਿੱਖੀ ਦਾ ਪੰਘੂੜਾ ਸੀ, ਜਿੱਥੇ ਖਾਲਸਾ ਖੇਡਿਆ ਹੈ, ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ, ਜਿੱਥੇ ਖ਼ਾਲਸੇ ਨੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਹੈ ਅਤੇ ਅੱਜ ਇਹ ਚਮਕੌਰ ਦੀ ਕੱਚੀ ਗੜ੍ਹੀ ਮੇਰੇ ਖਾਲਸੇ ਦੀ ਯੂਨੀਵਰਸਿਟੀ ਹੈ, ਮੈਂ ਦੇਖਦਾ ਹਾਂ ਅੱਜ ਮੇਰਾ ਖਾਲਸਾ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ ਹੈ।
ਇੱਥੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਇੱਕ ਪਾਸੇ ਕੱਚੀ ਗੜੀ ਅਤੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਦੂਜੇ ਪਾਸੇ ਲੱਖਾਂ ਦੀ ਫ਼ੌਜ ਦਾ ਲਾਓ ਲਸ਼ਕਰ। ਮੁਗਲਾਂ ਦੇ ਘੇਰਾ ਘੱਤਦਿਆਂ ਹੋਇਆ ਅਪੀਲ ਕੀਤੀ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਪਰ ਚਮਕੌਰ ਦੀ ਗੜ੍ਹੀ ਵਿੱਚੋਂ ਇੱਕੋ ਨਾਅਰਾ ਬੁਲੰਦ ਹੋਇਆ: ‘‘ਗਗਨ ਦਮਾਮਾ ਬਾਜਿਓ, ਪਰਿਉ ਨਿਸ਼ਾਨੇ ਘਾਉ॥ ਖੇਤ ਜੋ ਮਾਂਡਿਓ ਸੁਰਮਾ, ਅਬ ਜੂਝਣ ਕੋ ਦਾਓ॥’’
ਕਾਰਨ ਕੀ ਸੀ ? ਕਾਰਨ ਇਹ ਸੀ ਕਿ ਸਤਿਗੁਰੂ ਜੀ ਯੋਗ ਅਗਵਾਈ ਕਰ ਰਹੇ ਸਨ। ਪਾਤਸ਼ਾਹ ਨੇ ਸਿੰਘਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ। 5-5 ਸਿੰਘਾਂ ਦਾ ਜੱਥਾ ਗੜ੍ਹੀ ਵਿੱਚੋਂ ਬਾਹਰ ਨਿਕਲਦਾ, ਭੁੱਖੇ ਸ਼ੇਰਾਂ ਦੀ ਤਰ੍ਹਾਂ ਮੁਗਲਾਂ ਉੱਪਰ ਝਪਟ ਕਰਦਾ ਅਤੇ ਦੁਸ਼ਮਣਾਂ ਦਾ ਸਫਾਇਆ ਕਰਦਾ ਹੋਇਆ ਸ਼ਹਾਦਤਾਂ ਦਾ ਜਾਮ ਆਪਣੇ ਬੁਲ੍ਹਾਂ ਨਾਲ ਲਗਾ ਕੇ ਸਦਾ ਲਈ ਅਮਰ ਹੋ ਜਾਂਦਾ। ਹੌਲੀ-ਹੌਲੀ ਗੜ੍ਹੀ ਵਿੱਚੋਂ ਸਿੰਘਾਂ ਦੀ ਗਿਣਤੀ ਘੱਟਦੀ ਗਈ। ਕੁੱਝ ਸਿੰਘਾਂ ਨੇ ਆ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀਓ, ਆਪ ਜੀ ਅਤੇ ਦੋਵੇਂ ਸਾਹਿਬਜ਼ਾਦੇ ਕਿਸੇ ਤਰ੍ਹਾਂ ਬੱਚ ਕੇ ਇੱਥੋਂ ਨਿਕਲ ਜਾਵੋ ਤਾਂ ਕਿ ਆਪ ਸੱਭ ਦੀ ਜਾਨ ਬਚ ਸਕੇ, ਪਰ ਦਸਮੇਸ਼ ਪਿਤਾ ਸਿੰਘਾਂ ਨੂੰ ਕਹਿਣ ਲੱਗੇ ‘ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਓ ? ਤੁਸੀਂ ਸੱਭ ਮੇਰੇ ਸਾਹਿਬਜ਼ਾਦੇ ਹੋ।’ ਇਹ ਸੁਣ ਕੇ ਸੱਭ ਸਿੰਘ ਚੁੱਪ ਕਰ ਗਏ।
ਸਿੰਘਾਂ ਦੀ ਗਿਣਤੀ ਘੱਟਦੀ ਦੇਖ ਕੇ ਅਤੇ ਚੜ੍ਹਦੀ ਕਲਾ ਵਿੱਚ ਸਿੰਘਾਂ ਵੱਲੋਂ ਸ਼ਹਾਦਤਾਂ ਪੀਣ ਦੇ ਦ੍ਰਿਸ਼ਾਂ ਨੂੰ ਦੇਖ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਪਾਤਸ਼ਾਹ ਕੋਲ ਬੇਨਤੀ ਕੀਤੀ, ਕਿ ਪਿਤਾ ਜੀ ! ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਚਾਹੁੰਦਾ ਹਾਂ। ਉਸ ਸਮੇਂ ਆਪ ਜੀ ਦੀ ਉਮਰ 18 ਵਰ੍ਹਿਆਂ ਦੇ ਕਰੀਬ ਸੀ। ਤਾਂ ਸਤਿਗੁਰੂ ਜੀ ਨੇ ਆਪਣੇ ਹੱਥੀਂ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹੁਣ ਲਈ ਮੈਦਾਨ-ਏ-ਜੰਗ ਵੱਲ ਤੋਰਿਆ। ਬਾਬਾ ਅਜੀਤ ਸਿੰਘ ਜੀ ਨੇ ਵੀ ਸਪੱਸ਼ਟ ਕਰ ਦਿੱਤਾ (ਜਿਸ ਨੂੰ ਇੱਕ ਕਵੀ ਦੀ ਜੁਬਾਨੀ ਹੈ): ‘ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਅਗਰ ਜੀਤਾ ਭੀ ਗਿਆ, ਤੋ ਜੀਤਾ ਨਹੀਂ ਆਊਂਗਾ।’
ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਉਤਰਦਿਆਂ ਹੀ ਦੁਸ਼ਮਣ ਦਲ ’ਤੇ ਇਵੇਂ ਪਏ ਕਿ ਮੁਗਲ ਅੱਲਾ, ਅੱਲਾ ਪੁਕਾਰ ਉੱਠੇ। ਹਰ ਪਾਸੇ ਹਾਹਾਕਾਰ ਮੱਚ ਗਈ। ਇਸੇ ਤਰ੍ਹਾਂ ਸੈਂਕੜੇ ਮੁਗਲਾਂ ਦਾ ਸਫਾਇਆ ਕਰਦਿਆਂ ਹੋਇਆ, ਮੇਰੇ ਚੋਜੀ ਪ੍ਰੀਤਮ ਦੀਆਂ ਅੱਖਾਂ ਸਾਮ੍ਹਣੇ ਸਤਿਗੁਰੂ ਜੀ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਜਦ ਇਹ ਸ਼ਹਾਦਤ ਤੱਕੀ ਤਾਂ ਪਾਤਸ਼ਾਹ ਨੇ ਜੈਕਾਰਾ ਲਗਾ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ, ਮਿਰਜ਼ਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ: ‘ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ। ਔਰ ਅਰਜ਼ ਕੀ, ਕਿ ਬੰਦੇ ਪਰ ਕਿ੍ਰਪਾ ਕੀ ਕਰ ਨਜ਼ਰ। ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ। ਬੇਟੇ ਕੀ ਜਾਂ (ਜਾਨ), ਧਰਮ ਕੀ ਖ਼ਾਤਰ ਫਿਦਾ ਹੁਈ।’
ਜਦ ਬਾਬਾ ਜੁਝਾਰ ਸਿੰਘ ਨੇ ਵੱਡੇ ਵੀਰ ਦੀ ਸ਼ਹਾਦਤ ਅੱਖੀ ਡਿੱਠੀ ਤਾਂ ਆਪ ਜੀ ਨੇ ਵੀ ਜੋਸ਼ ਵਿੱਚ ਆ ਕੇ ਪਿਤਾ ਗੋਬਿੰਦ ਸਿੰਘ ਨੂੰ ਅਰਜ਼ ਕੀਤੀ ਕਿ ਮੈਨੂੰ ਵੀ ਇਜਾਜ਼ਤ ਦੇਵੋ ਤਾਂ ਕਿ ਮੈਂ ਵੀ ਵੱਡੇ ਵੀਰ ਦੀ ਤਰ੍ਹਾਂ ਆਪਣਾ ਧਰਮ ਨਿਭਾ ਸਕਾਂ। ਪਾਤਸ਼ਾਹ ਨੇ ਦ੍ਰਿੜ੍ਹ ਇਰਾਦੇ ਨੂੰ ਪਰਖਣ ਲਈ ਕਿਹਾ ਕਿ ਤੇਰੀ ਉਮਰ ਅਜੇ ਖੇਡਣ ਮੱਲ੍ਹਣ ਦੀ ਹੈ। ਤੇਰਾ ਜਿਸਮ/ਸਰੀਰ ਅਜੇ ਦੁਸ਼ਮਣਾਂ ਦੇ ਫੱਟ ਜ਼ਰਣ ਵਾਲਾ ਨਹੀਂ ਤਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਪਾਤਸ਼ਾਹ ਨੂੰ ਮੁਖਾਤਿਬ ਹੁੰਦਿਆਂ ਕਿਹਾ: ‘ਲੜਨਾ ਨਹੀਂ ਆਤਾ, ਮੁਝੇ ਮਰਨਾ ਤੋ ਆਤਾ ਹੈ। ਖੁਦ ਬੜ੍ਹਾ ਕੇ ਗਲਾ, ਤੇਗ ਪੇ ਧਰਨਾ ਤੋ ਆਤਾ ਹੈ।’ ਤਾਂ ਪਾਤਸ਼ਾਹ ਨੇ ਵੱਡੇ ਪੁੱਤਰ ਦੀ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੂੰ ਵੀ ਹੱਥੀਂ ਤਿਆਰ ਕਰਕੇ ਮੌਤ ਵਿਆਹੁਣ ਲਈ ਵਿਦਾ ਕੀਤਾ ਅਤੇ ਆਪਣੇ ਲਖਤੇ ਜਿਗਰ ਨੂੰ ਮੈਦਾਨੇ-ਏ-ਜੰਗ ਵਿੱਚ ਤੋਰਦਿਆਂ ਕਿਹਾ (ਜਿਸ ਨੂੰ ਕਾਵਿ ਰੂਪ ’ਚ ਬੜਾ ਸੋਹਣਾ ਲਿਖਿਆ ਹੈ): ‘ਲੈ ਜਾਉ ਸਿਧਾਰੋ ਤੁਮਹੇ ਕਰਤਾਰ ਕਉ ਸੌਂਪਾ। ਮਰ ਜਾਉ ਯਾ ਮਾਰੋ, ਤੁਮਹੇ ਕਰਤਾਰ ਕਉ ਸੌਂਪਾ। ਰੱਬ ਕੋ ਨਾ ਬਿਸਾਰੋ ਤੁਮਹੇ ਕਰਤਾਰ ਕਉ ਸੌਂਪਾ।ਸਿੱਖੀ ਕਉ ਉਭਾਰੋ, ਤੁਮਹੇ ਕਰਤਾਰ ਕਉ ਸੌਂਪਾ।’ ਅਤੇ ਤਮੰਨਾ ਜ਼ਾਹਰ ਕੀਤੀ: ‘ਖਵਾਹਿਸ਼ ਹੈ ਤੁਮਹੇ ਤੇਗ਼ ਚਲਾਤੇ ਹੁਏ ਦੇਖੂੰ। ਹਮ ਆਂਖ ਸੇ ਬਰਛੀ ਤੁਮਹੇ ਖਾਤੇ ਹੂਏ ਦੇਖੂੰ।’
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੀ ਬੀਰਤਾ ਨਾਲ ਦੁਸ਼ਮਣਾਂ ਵਿੱਚ ਭਾਜੜ ਪਾ ਦਿੱਤੀਆਂ ਅਤੇ ਆਪ ਜੀ ਨੇ ਵੀ ਦੁਸ਼ਮਣ ਦਲ ਦਾ ਆਹੂ ਲਾਹੁੰਦਿਆਂ ਹੋਇਆ ਅੰਤ ਸ਼ਹੀਦੀ ਪ੍ਰਾਪਤ ਕੀਤੀ। ਬੜਾ ਵਧੀਆ ਲਿਖਿਆ ਹੈ ਯੋਗੀ ਅੱਲ਼ਾ ਯਾਰ ਖਾਂ ਨੇ: ‘ਲਾਖੋਂ ਕੀ ਜਾਨ ਲੇ ਕੇ, ਦਲੇਰੋਂ ਨੇ ਜਾਨ ਦੀ, ਸਤਿਗੁਰੂ ਗੋਬਿੰਦ ਕੇ, ਸ਼ੇਰੋਂ ਨੇ ਜਾਨ ਦੀ।’
ਇਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜੰਦਾਂ ਨੇ ਚਮਕੌਰ ਦੀ ਧਰਤੀ ਉੱਪਰ ਆਪਣੀ ਸ਼ਹਾਦਤ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀ ਧਰਤੀ ’ਤੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖੀ ਦੀ ਨੀਂਹ ਹੋਰ ਮਜ਼ਬੂਤ ਕਰ ਦਿੱਤੀ। ਸ਼ਹੀਦੀ ਪ੍ਰਵਾਨ ਕਰ ਲਈ ਪਰ ਵਜੀਰ ਖਾਨ ਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਆਪਣਾ ਧਰਮ ਛੱਡਣਾ ਪ੍ਰਵਾਨ ਨਾ ਕੀਤਾ। ਇਹਨਾਂ ਦੋਹਾਂ ਸਾਕਿਆਂ ਨੂੰ ‘ਸਾਕਾ ਚਮਕੌਰ’ ਅਤੇ ‘ਸਾਕਾ ਸਰਹੰਦ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਹਰ ਸਾਲ ਦਸੰਬਰ ਦੇ ਉਸ ਕਹਿਰੀ ਹਫ਼ਤੇ ਨੂੰ ਯਾਦ ਕੀਤਾ ਜਾਂਦਾ ਹੈ।
ਧੰਨ ਸੀ ਜੇਰਾ ਮੇਰੇ ਕਲਗੀਆਂ ਵਾਲੇ ਦਾ, ਜਿਹਨਾਂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਨੂੰ ਸਾਹਮਣੇ ਦੇਖ ਕੇ ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖ਼ਸ਼ਿਆ। ਬੜਾ ਸੁਹਣਾ ਲਿਖਦਾ ਹੈ ਇੱਕ ਕਵੀ: ‘ਦੋਂਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ, ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।’
ਸ਼ਾਇਦ ਇਸੇ ਕਰਕੇ ਲਿਖਿਆ ਹੈ, ਯੋਗੀ ਅੱਲਾ ਯਾਰ ਖਾਂ ਨੇ ‘ਬੱਸ ਏਕ ਹੀ ਤੀਰਥ ਹੈ ਹਿੰਦ ਮੇਂ, ਯਾਤਰਾ ਕੇ ਲੀਏ। ਕਟਵਾਏ ਬਾਪ ਨੇ ਬੇਟੇ ਜਹਾਂ, ਖੁਦਾ ਕੇ ਲੀਏ।’
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਇਕੱਠੇ ਹੋ ਕੇ ਗੁਰਮਤਾ ਕੀਤਾ ਕਿ ਦਸਮੇਸ਼ ਪਿਤਾ ਗੜ੍ਹੀ ਖਾਲੀ ਕਰ ਜਾਣ। ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕਰਦਿਆਂ ਰਾਤ ਸਮੇਂ ਦੁਸ਼ਮਣਾਂ ਨੂੰ ਲਲਕਾਰ ਕੇ ਗੜ੍ਹੀ ਵਿੱਚੋਂ ਨਿਕਲੇ, ਨਾਲ ਭਾਈ ਦਇਆ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਕਿਸੇ ਨੇ ਬੜੀ ਖੂਬਸੂਰਤ ਕਾਲਪਨਿਕ ਤਸਵੀਰ ਖਿੱਚਦਿਆਂ ਗੁਰੂ ਸਾਹਿਬ ਦੇ ਵੱਡੇ ਜਿਗਰੇ ਨੂੰ ਬਿਆਨ ਕਰਦੀ ਘਟਨਾ ਲਿਖੀ ਹੈ ਕਿ ਰਾਤ ਦੇ ਹਨੇਰੇ ਵਿੱਚ ਜਦ ਆਪ ਜੀ ਗੜ੍ਹੀ ਛੱਡ ਕੇ ਆਪਣੇ ਅਗਲੇ ਪੰਧ ਵੱਲ ਨੂੰ ਵੱਧ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਆਪ ਜੀ ਦੇ ਚਰਨਾਂ ਨੂੰ ਠ੍ਹੋਕਰ ਲੱਗੀ ਅਤੇ ਆਪ ਜੀ ਡਿੱਗਦੇ-ਡਿਗਦੇ ਸੰਭਲ਼ ਗਏ ਅਤੇ ਅੱਗੇ ਨੂੰ ਹੋ ਤੁਰੇ ਨੇ। ਪਿੱਛੇ ਆ ਰਹੇ ਭਾਈ ਦਇਆ ਸਿੰਘ ਜੀ ਨੇ ਜਦ ਤੱਕਿਆ ਕਿ ਪਾਤਸ਼ਾਹ ਜੀ ਦੀ ਠ੍ਹੌਕਰ ਕਿਸ ਚੀਜ਼ ਨਾਲ ਲੱਗੀ ਹੈ ਤਾਂ ਅੱਖਾਂ ਵਿੱਚੋਂ ਛਮ-ਛਮ ਨੀਰ ਵਹਿ ਤੁਰਿਆ, ਤੱਕ ਕੇ ਦੰਗ ਰਹਿ ਗਏ ਕਿ ਇਹ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਮ੍ਰਿਤਕ ਸਰੀਰ ਪਿਆ ਹੋਇਆ ਸੀ ਆਪ ਜੀ ਨੇ ਆਪਣਾ ਕਮਰਕੱਸਾ ਖੋਲ੍ਹਿਆ ਅਤੇ ਉਸ ਮ੍ਰਿਤਕ ਸਰੀਰ ਨੂੰ ਢੱਕਣ ਲੱਗੇ ਤੇ ਮੇਰੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਨੇ ਪਿੱਛੇ ਮੁੜ ਕੇ ਦੇਖਦਿਆਂ ਕਿਹਾ ਸਿੰਘ ਜੀ ! ਆਹ ਕੀ ਕਰਨ ਲੱਗੇ ਜੇ ? ਤਾਂ ਅੱਗੋਂ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਇਹ ਬਾਬਾ ਅਜੀਤ ਸਿੰਘ ਜੀ ਦਾ ਮ੍ਰਿਤਕ ਸਰੀਰ ਤੱਕ ਕੇ ਮੇਰੇ ਕਦਮ ਰੁੱਕ ਗਏ ਨੇ, ਮੈਂ ਤਾਂ ਸਿਰਫ ਆਪਣਾ ਫਰਜ਼ ਅਦਾ ਕਰ ਰਿਹਾ ਹਾਂ, ਤਾਂ ਧੰਨ ਮੇਰੇ ਦਸਮੇਸ਼ ਪਿਤਾ ਕਹਿਣ ਲੱਗੇ (ਇਸ ਦ੍ਰਿਸ਼ ਨੂੰ ਇੱਕ ਕਵੀ ਨੇ ਆਪਣੇ ਖੁਬਸੂਰਤ ਲਫਜ਼ਾਂ ’ਚ ਕੈਦ ਕਰ ਲਿਆ): ‘ਸੁਣ ਕੇ ਬਾਤ, ਗੁਰੂ ਜੀ ਬੋਲੇ ! ਕਹਿਣ ਲੱਗੇ, ਓ ਗੁਰਸਿੱਖਾ ! ਧਰਮ ਕੀ ਰਾਹ ਪੇ ਜੋ ਹੈਂ ਮਰਤੇ, ਨਹੀਂ ਕਫ਼ਨ ਕਿਸਮਤ ਮੇਂ ਲਿਖਾ। ਔਰ ਭੀ ਕਿਤਨੇ ਲਾਲ ਹੈਂ ਮੇਰੇ, ਜਿਨਹੋਂ ਨੇ ਯਹਾਂ ਸ਼ਹੀਦੀ ਪਾਈ। ਪੁਰਜਾ-ਪੁਰਜਾ ਕਟ ਮਰੇ, ਪਰ ਦੁਸ਼ਮਣ ਕੋ ਨਾ ਪਿੱਠ ਦਿਖਲਾਈ। ਫਿਰ ਏਕ ਕੇ ਸੰਗ ਪਿਆਰ ਜਤਾਨਾ, ਯਹ ਕਹੀਂ ਕਾ ਇਨਸਾਫ ਨਹੀਂ ਹੈ। ਬੇਟੇ-ਬੇਟੇ ਮੇਂ ਜੋ ਫ਼ਰਕ ਸਮਝੇ, ਐਸਾ ਭੀ ਕੋਈ ਬਾਪ ਨਹੀਂ ਹੈ।’
ਗੱਲ ਕੀ ਸਾਨੂੰ (ਸਾਰੇ ਪੰਥ ਨੂੰ) ਆਪਣੇ ਪੁੱਤਰਾਂ ਵਾਲਾ ਮਾਣ ਦਿੱਤਾ, ਪਰ ਅੱਜ ਅਫਸੋਸ, ਅਤਿ ਅਫਸੋਸ ਕਿ ਅੱਜ ਅਸੀਂ ਪਾਤਸ਼ਾਹ ਦੀਆਂ ਕੁਰਬਾਨੀਆਂ, ਸਿੱਖਿਆਵਾਂ, ਗੁਰਮਤਿ ਅਸੂਲਾਂ ਨੂੰ ਭੁੱਲ ਕੇ ਆਪ ਹੀ ਬੇਦਾਵਾ ਲਿਖ ਕੇ ਦੇ ਰਹੇ ਹਾਂ। ਅੱਜ ਆਪਣੇ ਅੰਦਰ ਝਾਤ ਮਾਰ ਕੇ ਆਪਾ ਪੜਚੋਲ ਕਰਨ ਦੀ ਲੋੜ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਬਣਾਇਆ ਸੀ ਅਤੇ ਅਸੀਂ ਕੀ ਬਣ ਗਏ ਹਾਂ ? ਸਾਡੇ ਵਾਸਤੇ ਗੁਰੂ ਜੀ ਨੇ ਆਪਣਾ ਸਾਰਾ ਪਰਵਾਰ ਕੁਰਬਾਨ ਕਰ ਦਿੱਤਾ ਪਰ ਧੰਨ ਓਏ ਸਿੱਖੋ ! ਅੱਜ ਕੁੜੀ ਮਾਰਾਂ ਵਿੱਚ ਤੁਹਾਡੀ ਗਿਣਤੀ ਵੱਧ, ਸ਼ਰਾਬ ਪੀਣ ਵਾਲਿਆਂ ਵਿੱਚ ਤੁਹਾਡੀ ਗਿਣਤੀ ਵੱਧ, ਜਾਤਾਂ-ਪਾਤਾਂ ਵਿੱਚ ਫਸੇ ਤੁਸੀਂ, ਬ੍ਰਹਾਮਣੀ ਕਰਮਕਾਂਢਾਂ ਵਿੱਚ ਹੋਏ ਚੂਰ ਤੁਸੀਂ, ਤੇ ਮੇਰੇ ਨੌਜਵਾਨ ਵੀਰਾਂ/ਭੈਣਾਂ ਨੇ ਗੁਰੂ ਦੀ ਸਿੱਖਿਆ ਤਾਂ ਕੀ ਮੰਨਣੀ ਸੀ ਅੱਜ ਕੇਸ-ਦਾਹੜ੍ਹੀਆਂ ਕਟਵਾ ਕੇ ਉਸ ਦਾ ਬਖਸ਼ਿਆ ਰੂਪ ਵੀ ਨਹੀਂ ਰਹਿਣ ਦਿੱਤਾ। ਅੱਜ ਮੁੜ ਆਉ ਖਾਲਸਾ ਜੀਉ ! ਆਪਣਾ ਵਿਰਸਾ ਸੰਭਾਲੀਏ ! ! ਆਪਣਾ ਘਰ ਸੰਭਾਲੀਏ। ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ‘‘.. ਸਾਬਤ ਸੂਰਤਿ, ਦਸਤਾਰ ਸਿਰਾ ॥’’ (ਮ: ੫/੧੦੮੪) ਸਿਧਾਂਤ ਅਪਣਾਈਏ ਵੇਖੋ ਕਿੰਨਾ ਮਾਣ ਦਿੱਤਾ ਸੀ ਅਸਾਂ ਨੂੰ ਤੇ ਅਸੀਂ ਕੀ ਬਣੇ ਫਿਰਦੇ ਹਾਂ। ਆਉ, ਅੱਜ ਦਸੰਬਰ ਦੇ ਇਸ ਸ਼ਹੀਦੀ ਹਫਤੇ ਵਿੱਚ ਉਹਨਾਂ ਦੀ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਆਪਣੇ ਸੁੱਤੇ ਹੋਏ ਜ਼ਮੀਰ ਤੇ ਅਣਖ ਨੂੰ ਜਗਾਈਏ ਕਿਤੇ ਇਹ ਵੀ ਇੱਕ ਮੇਲੇ ਦੀ ਤਰ੍ਹਾਂ ਹੀ ਨਾ ਲੰਘ ਜਾਵੇ: ‘ਜਾਗੇ ਅਣਖ਼ ਚਮਕੌਰ ਨੂੰ ਵੇਖਦਿਆਂ ਹੀ, ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ। ਢੱਠੇ ਹੋਏ ਸੱਭ ਦਿਲ ਖਲੋ ਜਾਂਦੇ, ਚਿਣਿਆ ਕੰਧਾਂ ਵਿੱਚ ਵੇਖ ਪਰਵਾਰ ਤੇਰਾ।’
ਅੰਤ ਵਿੱਚ ਇਕ ਦਰਦੀ ਦਿਲ ਸ਼ਾਇਰ ਦੀਆਂ ਕੁੱਝ ਸਤਰਾਂ ਲਿਖ ਕੇ ਕਲਮ ਨੂੰ ਰੋਕਦਾ ਹਾਂ: ‘ਮੈਂ ਡੁਬਦੇ ਵੇਖਦਾਂ ਸੂਰਜ ਤੇ ਚੜ੍ਹਦੇ ਚੰਨ ਵੇਖਦਾ ਹਾਂ। ਇੱਥੇ ਔਕੜਾਂ ਵਿੱਚ ਇਸ਼ਕ ਨੂੰ, ਆਨੰਦ ਵੇਖਦਾ ਹਾਂ। ਜਿੱਥੇ ਫਲਸਫੇ ਤੇਰੇ ਮੁਕੰਮਲ ਰੂਪ ਪਾਇਆ ਏ,ਕਿਤੇ ਚਮਕੌਰ ਵੇਖਦਾਂ ਤੇ ਕਿਤੇ ਸਰਹੰਦ ਵੇਖਦਾ ਹਾਂ।’