ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ: ਭਾਈ ਗੁਰਿੰਦਰਦੀਪ ਸਿੰਘ
ਬਠਿੰਡਾ, (ਕਿਰਪਾਲ ਸਿੰਘ): ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਦੇ ਬਠਿੰਡਾ ਸਰਕਲ ਵੱਲੋਂ ਇੱਥੇ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਦੌਰਾਨ ਸਥਾਨਕ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ਅੱਜ ਸਵੇਰ ਦੇ ਸਮਗਾਮ ਦੌਰਾਨ ਕਥਾ ਕਰਦਿਆਂ ਭਾਈ ਗੁਰਿੰਦਰਦੀਪ ਸਿੰਘ ਨੇ ਕਹੇ। ਉਨ੍ਹਾਂ ਕਿਹਾ ਆਮ ਤੌਰ ’ਤੇ ਅਸੀਂ ਗੁਰੂ ਅੱਗੇ ਸੰਗਤੀ ਅਰਦਾਸ ਕਰਦੇ ਸਮੇਂ ਸਿੱਖ ਰਹਿਤ ਮਰਯਾਦਾ ਅਨੁਸਾਰ ਪ੍ਰਵਾਨਤ ਸ਼ਬਦਾਵਲੀ ਨੂੰ ਛੱਡ ਕੇ ਹੋਰ ਦੁਨਿਆਵੀ ਮੰਗਾਂ ਦੀ ਲੰਬੀ ਲਿਸਟ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ; ਦੁੱਖਾਂ ਦਾ ਨਾਸ਼ ਤੇ ਸੁੱਖਾਂ ਦੀ ਮੰਗ ਕਰਦੇ ਹਾਂ ਅਤੇ ਕਈ ਵਾਰ ਤਾਂ ‘ਅੜੇ ਸੋ ਝੜੇ’ ਵਰਗੇ ਸ਼ਬਦਾਂ ਦੀ ਵਰਤੋਂ ਵੀ ਕਰ ਦਿੰਦੇ ਹਾਂ ਜੋ ਕਿ ਗੁਰਮਤਿ ਵੀਚਾਰਧਾਰਾ ਨਾਲ ਮੇਲ ਨਹੀਂ ਖਾਂਦੇ। ਭਾਈ ਗੁਰਿੰਦਰਪਾਲ ਸਿੰਘ ਨੇ ਕਿਹਾ ਇੱਕ ਪਾਸੇ ਤਾਂ ਅਸੀ ਅਰਦਾਸ ਦੌਰਾਨ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਾਂ ਅਤੇ ਦੂਸਰੇ ਪਾਸੇ ਆਪਣੇ ਵਿਰੋਧੀ ਵੀਚਾਰਧਾਰਾ ਵਾਲਿਆਂ ਲਈ ‘ਅੜੇ ਸੋ ਝੜੇ’ ਦੀ ਉਮੀਦ ਲਾ ਬੈਠਦੇ ਹਾਂ ਜੋ ਕਿ ਬਿਲਕੁਲ ਹੀ ਆਪਾ ਵਿਰੋਧੀ ਗੱਲਾਂ ਹਨ। ਗੁਰਬਾਣੀ ਸਾਨੂੰ ਸੇਧ ਦਿੰਦੀ ਹੈ: ‘‘ਲਾਹਿ ਪਰਦਾ, ਠਾਕੁਰੁ ਜਉ ਭੇਟਿਓ; ਤਉ, ਬਿਸਰੀ ਤਾਤਿ ਪਰਾਈ॥’’ ਭਾਵ ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿੱਚੋਂ) ਪਰਾਈ ਈਰਖਾ ਵਿਸਰ ਗਈ ਹੈ। ਗੁਰਬਾਣੀ ਦੇ ਇਸੇ ਸਿਧਾਂਤ ’ਤੇ ਚਲਦਿਆਂ ਭਾਈ ਘਨਈਆ ਜੀ ਸਿੱਖਾਂ ਨਾਲ ਜੰਗ ਦੌਰਾਨ ਜਖ਼ਮੀ ਹੋਏ ਮੁਗਲਾਂ ਨੂੰ ਵੀ ਪਾਣੀ ਪਿਲਾਉਂਦੇ ਰਹੇ ਸਨ। ਇਸ ਸਾਖੀ ਤੋਂ ਸੇਧ ਮਿਲਦੀ ਹੈ ਕਿ ਕਿਸੇ ਜ਼ਾਲਮ ਜਾਂ ਧਰਮ-ਦੋਖੀ ਨੂੰ ਜੰਗ ਵਿੱਚ ਸਜਾ ਦੇਣੀ ਹੋਰ ਗੱਲ ਹੈ ਪਰ ਗੁਰੂ ਜਾਂ ਅਕਾਲ ਪੁਰਖ ਅੱਗੇ ‘ਅੜੇ ਸੋ ਝੜੇ’ ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਦੁਸ਼ਮਨ ਦਾ ਨੁਕਸਾਨ ਕਰਨ ਵਰਗੀ ਕੋਈ ਮੰਗ ਰੱਖਣੀ ਗੁਰਮਤਿ ਫਸਲਫੇ ਦੇ ਬਿਲਕੁਲ ਉਲਟ ਹੈ।
ਇਸੇ ਤਰ੍ਹਾਂ ਦੁੱਖਾਂ ਦਾ ਨਾਸ਼ ਕਰਨ ਅਤੇ ਸੁੱਖਾਂ ਦੀ ਮੰਗ ਕਰਨ ਵਾਲਿਆਂ ਨੂੰ ਗੁਰਬਾਣੀ ਦੀ ਇਹ ਪੰਕਤੀ ਚੇਤੇ ਰੱਖਣੀ ਚਾਹੀਦੀ ਹੈ ਕਿ ‘‘ਦੂਖੁ ਤਦੇ ਜਦਿ ਵੀਸਰੈ; ਸੁਖੁ, ਪ੍ਰਭ ਚਿਤਿ ਆਏ॥’’ ਭਾਵ (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਗੁਰੂ ਦੇ ਇਸ ਪਾਵਨ ਉਪਦੇਸ਼ਾਂ ’ਤੇ ਭਰੋਸਾ ਰੱਖਣ ਵਾਲੇ ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਜਾਣ ਸਮੇਂ; ਭਾਈ ਦਿਆਲਾ ਜੀ ਦੇਗ਼ ਵਿੱਚ ਉਬਾਲੇ ਜਾਣ ਸਮੇਂ ਅਤੇ ਭਾਈ ਸਤੀ ਦਾਸ ਜੀ ਰੂੰ ਵਿੱਚ ਲਪੇਟ ਕੇ ਸਾੜੇ ਸਮੇਂ ਵੀ ਸੁੱਖ ਮਹਿਸੂਸ ਕਰਦੇ ਸਨ ਜਦੋਂ ਕਿ ਅਨੇਕਾਂ ਹੋਰ ਹਨ ਜੋ ਪ੍ਰਭੂ ਵੱਲੋਂ ਦਿੱਤੀਆਂ ਦਾਤਾਂ ਭੋਗਦੇ ਹੋਏ ਵੀ ਸੰਤੁਸ਼ਟ ਨਹੀਂ ਹੁੰਦੇ ਅਤੇ ਹਮੇਸ਼ਾਂ ਦੁਖੀ ਰਹਿੰਦੇ ਹਨ।
ਸੋ, ਜੇ ਸਾਨੂੰ ਅਰਦਾਸ ਵਿੱਚ ਕਹੇ ਗਏ ਸ਼ਬਦਾਂ: ‘ਪ੍ਰਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ।’ ਅਤੇ ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!!’ ਉਪਰ ਪੂਰਾ ਪੂਰਾ ਭਰੋਸਾ ਹੈ ਤਾਂ ਸਿਰਫ ਇਹ ਹੀ ਮੰਗਾਂ ਅਰਦਾਸ ਵਿੱਚ ਮੰਗਣੀਆਂ ਚਾਹੀਦੀਆਂ ਹਨ ਨਾ ਕਿ ਹੋਰ ਮੰਗਾਂ ਦੀ ਲਿਸਟ ਪੜ੍ਹਨੀ ਚਾਹੀਦੀ ਹੈ। ਕਿਉਂਕਿ ਜੇ ਸਾਨੂੰ ਗੁਰੂ ਅਤੇ ਅਰਦਾਸ ’ਤੇ ਭਰੋਸਾ ਹੈ ਤਾਂ ਹੋਰ ਮੰਗਾਂ ਇਨ੍ਹਾਂ ਦੇ ਸਾਹਮਣੇ ਬਹੁਤ ਹੀ ਨਿਗੁਣੀਆਂ ਰਹਿ ਜਾਂਦੀਆਂ ਹਨ।