ਅਜੋਕਾ (ਵਿਗਿਆਨਕ) ਯੁੱਗ ਵੀ ਅੰਧ ਵਿਸ਼ਵਾਸ ਦੀ ਚਪੇਟ ’ਚ

0
413

ਅਜੋਕਾ (ਵਿਗਿਆਨਕ) ਯੁੱਗ ਵੀ ਅੰਧ ਵਿਸ਼ਵਾਸ ਦੀ ਚਪੇਟ ’ਚ

ਗੁਰਵਿੰਦਰ ਸਿੰਘ ‘ਖੁਸੀਪੁਰ’, ਪਿੰਡ ਖੁਸੀਪੁਰ (ਗੁਰਦਾਸਪੁਰ)-99141-61453

ਸਦੀਆਂ ਤੋਂ ਧਰਮ ਦੇ ਨਾਂ ’ਤੇ ਭੋਲ਼ੇ ਭਾਲ਼ੇ ਲੋਕਾਂ ਨੂੰ ਲੁਟਿਆ ਜਾਂਦਾ ਰਿਹਾ ਹੈ। ਆਮ ਤੌਰ ’ਤੇ ਇਹ ਲੁੱਟ ਅਖੌਤੀ ਧਾਰਮਿਕ ਵਿਅਕਤੀਆਂ ਦੁਆਰਾ ਹੀ ਕੀਤੀ ਜਾਂਦੀ ਹੈ। ਧਰਮ ਤੋਂ ਭਾਵ ਉਹ ਨਿਯਮ ਹੁੰਦੇ ਹਨ ਜਿਨ੍ਹਾਂ ਨਾਲ ਮਨੁੱਖ ਅੰਦਰ ਇਨਸਾਨੀਅਤ ਜਨਮ ਲੈਂਦੀ ਹੈ ਪਰ ਜੇਕਰ ਇਹ ਨਿਯਮ ਗ੍ਰਹਿਣ ਨਹੀਂ ਕੀਤੇ ਗਏ ਤਾਂ ਮਨੁੱਖ ਨਾਲੋਂ ਪਸ਼ੂ ਕਿਤੇ ਚੰਗੇ ਹੁੰਦੇ ਹਨ। ਗੁਰੂ ਫ਼ੁਰਮਾਨ ਹੈ: ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ, ਅੰਮ੍ਰਿਤੁ ਦੇਹਿ ॥’’ (ਮ: ੧/੪੮੯)

ਧਾਰਮਿਕ ਸਿੱਖਿਆ ਦੇਣ ਵਾਲੇ ਵਿਅਕਤੀਆਂ ਦਾ ਸਮਾਜ ’ਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਪਰ ਕੁਝ ਚਲਾਕ ਪਖੰਡੀਆਂ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਲੋਕਾਂ ਦੇ ਮਨਾਂ ਅੰਦਰ ਅਜਿਹੇ ਵਹਿਮ ਭਰਮ ਭਰ ਦਿੱਤੇ ਹਨ, ਜਿਹੜੇ ਅੱਜ ਦੇ (ਵਿਗਿਆਨਿਕ) ਯੁਗ ’ਚ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ।ਸਦੀਆਂ ਪਹਿਲਾਂ ਭਰਮ ਪੈਦਾ ਕੀਤਾ ਗਿਆ ਸੀ ਕਿ ਮਰੇ ਹੋਏ ਵਿਅਕਤੀ ਦੇ ਸੰਬੰਧ ’ਚ ਕੀਤਾ ਗਿਆ ਦਾਨ, ਪੁੰਨ, ਉਸ ਦੇ ਪਿੱਤਰਾਂ ਨੂੰ ਸਵਰਗ ’ਚ ਪਹੁੰਚ ਜਾਂਦਾ ਹੈ। ਇਸ ਭਰਮ ਨੇ ਹੀ ਸਰਾਧਾਂ ਨੂੰ ਜਨਮ ਦਿੱਤਾ, ਜਿਨ੍ਹਾਂ ਬਾਰੇ ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਮਰਨ ’ਤੇ ਪੈਸਾ ਖਰਚ ਕਰਨ ਦੀ ਬਜਾਏ ਜੀਵਤ ਮਾਤਾ ਪਿਤਾ ਨੂੰ ਸੰਭਾਲੋ: ‘‘ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ ॥’’ (ਭਗਤ ਕਬੀਰ/੩੩੨) ਬੇਸ਼ੱਕ ਵਿਗਿਆਨ ਵੀ ਇਸ ਸਚਾਈ ਦੀ ਪੁਸ਼ਟੀ ਕਰਦਾ ਹੈ ਫਿਰ ਵੀ ਇਹ ਭਰਮ ਜਾਰੀ ਹੈ, ਜਿਸ ਨੂੰ ਹਰ ਜਗ੍ਹਾ ਵੇਖਿਆ ਜਾ ਸਕਦਾ ਹੈ। ਸਰਾਧ ਦੇ ਦਿਨਾਂ ’ਚ ਪ੍ਰਸ਼ਾਦੇ ਛਕਣ ’ਚ ਸਾਡੇ ਪੁਜਾਰੀ ਵੀ ਸ਼ਾਮਲ ਹੋ ਜਾਂਦੇ ਹਨ, ਜਿਨ੍ਹਾਂ ਤੋਂ ਗੁਰਬਾਣੀ ਦੀ ਮਦਦ ਨਾਲ ਇਸ ਭਰਮ ਨੂੰ ਖ਼ਤਮ ਕਰਨ ਦੀ ਆਸ ਲਾਈ ਜਾਂਦੀ ਹੈ।ਅਸੀਂ ਜੋ ਬੀਜਦੇ ਹਾਂ ਉਹੀ ਫਲ ਸਾਨੂੰ ਮਿਲੇਗਾ, ਗੁਰਬਾਣੀ ਅਜਿਹਾ ਬਚਨ ਕਰਦੀ ਹੈ: ‘‘ਜੇਹਾ ਬੀਜੈ, ਸੋ ਲੁਣੈ; ਕਰਮਾ ਸੰਦੜਾ ਖੇਤੁ ॥ (ਮ: ੫/੧੩੪), ਨਾਨਕ !ਅਗੈ ਸੋ ਮਿਲੈ, ਜਿ ਖਟੇ ਘਾਲੇ ਦੇਇ ॥’’ (ਮ: ੧/੪੭੨) ਮਨੁੱਖ ਜਿਸ ਤਰ੍ਹਾਂ ਸੰਸਾਰ ’ਤੇ ਆਉਂਦਾ ਹੈ, ਬਿਨਾਂ ਕੋਈ ਚੰਗਾ ਫਲ ਬੀਜੇ ਉਸੇ ਤਰ੍ਹਾਂ ਹੀ ਇੱਥੋਂ ਚਲਾ ਜਾਵੇਗਾ: ‘‘ਬਾਬਾ ਨਾਂਗੜਾ ਆਇਆ ਜਗ ਮਹਿ..॥ (ਮ: ੧/੫੮੨), ਜੇਹਾ ਆਇਆ, ਤੇਹਾ ਜਾਸੀ; ਕਰਿ ਅਵਗਣ ਪਛੋਤਾਵਣਿਆ ॥’’ (ਮ: ੩/੧੧੪)

ਪੁਰਾਣੇ ਸਮਿਆਂ ’ਚ ਲੋਕਾਂ ਦੇ ਮਨਾਂ ’ਚ ਚੰਗੇ-ਮੰਦੇ ਦਿਨਾਂ ਦਾ ਭਰਮ ਵੀ ਪਾਇਆ ਗਿਆ ਸੀ, ਜੋ ਅੱਜ ਤੱਕ ਪ੍ਰਚਲਿਤ ਹੈ। ਸ਼ਨੀਵਾਰ ਨੂੰ ਕਿਸੇ ਕਰੋਪ ਤੋਂ ਬਚਣ ਲਈ ਸ਼ਨੀ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ। ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਵੀ ਗੁਰੂ ਘਰਾਂ ’ਚ ਵਰਤਦਾ ਆਮ ਵੇਖਿਆ ਜਾ ਸਕਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਉੱਤੇ ਕਰਤਾਰ ਦੀ ਕਿਰਪਾ ਹੋ ਜਾਵੇ ਉਸ ਲਈ ਸਾਰੇ ਦਿਨ ਹੀ ਚੰਗੇ ਹੁੰਦੇ ਹਨ: ‘‘ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ ॥’’ (ਮ: ੫/੧੩੬)

ਕਿਸੇ ਦੇ ਘਰ ਬੱਚਾ ਪੈਦਾ ਹੋ ਜਾਵੇ ਜਾਂ ਮਰ ਜਾਵੇ, ਦਾ ਸੂਤਕ-ਪਾਤਕ ਵਹਿਮ ਵੀ ਜਗਤ ਪ੍ਰਸਿੱਧ ਹੈ, ਇਸ ਦੀ ਪਵਿੱਤਰਤਾ ਪੰਡਿਤ ਦੇ ਘਰ ਤਾਂ ਜਲਦੀ ਆ ਜਾਂਦੀ ਹੈ ਪਰ ਸ਼ੂਦਰ ਦੇ ਘਰ ਇੱਕ ਮਹੀਨਾ ਲੱਗ ਜਾਂਦਾ ਹੈ ਤਦ ਕਿਤੇ ਪਵਿੱਤਰਤਾ ਦਰਸ਼ਨ ਦਿੰਦੀ ਹੈ। ਭਗਤ ਕਬੀਰ ਜੀ ਨੇ ਕਿਹਾ ਕਿ ਜਨਮ-ਮਰਨ ਹਰ ਥਾਂ ਹੈ, ਆਪਣੇ ਆਪ ਨੂੰ ਕਿਉਂ ਲੁਟਾਉਂਦੇ ਹੋ: ‘‘ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ ॥’’ (ਭਗਤ ਕਬੀਰ/੩੩੧) ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ’ਚ ਇੱਕ ਪਉੜੀ ਦੀ ਰਚਨਾ ਹੀ ਸੂਤਕ-ਪਾਤਕ ’ਤੇ ਰਚੀ ਹੈ ਤਾਂ ਜੋ ਫੈਲਾਇਆ ਗਿਆ ਵਹਿਮ-ਭਰਮ ਦਾ ਪਰਦਾ ਚੁੱਕਿਆ ਜਾਵੇ: ‘‘ਜੇ ਕਰਿ ਸੂਤਕੁ ਮੰਨੀਐ, ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ, ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥ਸੂਤਕੁ ਕਿਉ ਕਰਿ ਰਖੀਐ, ਸੂਤਕੁ ਪਵੈ ਰਸੋਇ ॥ ਨਾਨਕ  ! ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੇ ਧੋਇ ॥’’ (ਮ: ੧/੪੭੨)

ਵਹਿਮ ਭਰਮਾਂ ਦੀ ਸੰਖਿਆ ’ਚ ਜੇ ਤੰਤ੍ਰ-ਮੰਤ੍ਰ ਦਾ ਜ਼ਿਕਰ ਨਾ ਕਰੀਏ ਤਾਂ ਸ਼ਾਇਦ ਸਮਾਜਿਕ ਮਾਨਸਿਕਤਾ ਨੂੰ ਸਮਝਣਾ ਅਧੂਰਾ ਰਹਿ ਜਾਵੇ, ਜੋ ਉਕਤ ਭਰਮਾਂ ਤੋਂ ਮੁਕਤ ਕਰਨ ਲਈ ਪੁਜਾਰੀ ਸ਼੍ਰੇਣੀ ਵੱਲੋਂ ਆਰਥਿਕ ਲੋੜਾਂ ਨੂੰ ਧਿਆਨ ’ਚ ਰੱਖ ਕੇ ਸ਼ੁਰੂ ਕੀਤਾ ਗਿਆ ਆਰਥਿਕ ਕਾਰੋਬਾਰ ਹੈ। ‘ਜੰਤਰ’, ਕਿਸੇ ਸ਼ਬਦ ਨੂੰ ਲਿਖ ਕੇ ਗਲੇ ਆਦਿ ’ਚ ਪਾਉਣ ਨੂੰ ਕਹਿੰਦੇ ਹਨ।, ‘ਤੰਤਰ’ ਦਾ ਦੂਸਰਾ ਨਾਂ ਟੂਣਾ ਹੈ, ਜੋ ਕਿਸੇ ਚੁਰਾਹੇ ’ਚ ਕੀਤਾ ਜਾਂਦਾ ਹੈ।, ‘ਮੰਤਰ’, ਕਿਸੇ ਸ਼ਬਦ ਨੂੰ ਵਾਰ ਵਾਰ ਪੜ੍ਹਨ ਦਾ ਨਾਂ ਹੈ। ਵਹਿਮਾਂ ਭਰਮਾਂ ਤੋਂ ਬਚਣ ਲਈ ਲੁਕਾਈ ਨੇ ਇਲਾਜ ਵੀ ਉਨ੍ਹਾਂ ਪੁਜਾਰੀਆਂ ਪਾਸੋਂ ਲੱਭਣ ਦਾ ਯਤਨ ਕੀਤਾ, ਜਿਨ੍ਹਾਂ ਨੇ ਇਹ ਬਿਮਾਰੀ ਆਰੰਭ ਕੀਤੀ ਸੀ।ਕਬੀਰ ਜੀ ਦਾ ਬਚਨ ਹੈ: ‘‘ਤੰਤ ਮੰਤ੍ਰ ਸਭ ਅਉਖਧ ਜਾਨਹਿ, ਅੰਤਿ ਤਊ ਮਰਨਾ ॥’’ (ਭਗਤ ਕਬੀਰ/੪੭੭) ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ ਕਿ ਪ੍ਰਭੂ ਦਾਨਾਮ ਜਪਣ ਵਾਲੇ ਵੱਲ ਤੰਤ੍ਰ, ਮੰਤ੍ਰ, ਬੁਰੀ ਨਜ਼ਰ ਆਦਿ ਵੇਖ ਨਹੀਂ ਸਕਦੀ: ‘‘ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ; ਤਿਤੁ ਚਾਖੁ ਨ ਲਾਗੈ ॥’’ (ਮ: ੫/੮੧੮)

ਬੇਸ਼ੱਕ ਅੱਜ ਮਨੁੱਖ ਨੇ ਵਿਦਿਆ ਰਾਹੀਂ ਬਹੁਤ ਤਰੱਕੀ ਕਰ ਲਈ ਪਰ ਟੀ. ਵੀ. ’ਤੇ ਜੋਤਿਸ਼ ਵਿਦਿਆ ਰਾਹੀਂ ਹੋ ਰਿਹਾ ਪ੍ਰਚਾਰ ਇਹ ਬਿਆਨ ਕਰਨ ਲਈ ਕਾਫ਼ੀ ਹੈ ਕਿ ਵਹਿਮੀ ਸਮਾਜ ਦੀ ਗਿਣਤੀ ਘਟੀ ਨਹੀਂ। ਵਿਗਿਆਨ ਖੇਤਰ, ਮੈਡੀਕਲ ਖੇਤਰ, ਵਿਦਿਆ ਦੇ ਖੇਤਰ ਆਦਿ ਸਭ ਵਹਿਮ ਭਰਮ ਤੋਂ ਮੁਕਤ ਹੋਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਵੀ ਵਹਿਮੀ ਮਾਨਸਿਕਤਾ ਪ੍ਰਭਾਵ ਪਾਉਂਦੀ ਆ ਰਹੀ ਹੈ। ਮੀਡੀਆ ਯੁੱਗ ਨੇ ਸਮਾਜ ਨੂੰ ਵਹਿਮ ਮੁਕਤ ਕਰਨਾ ਸੀ ਪਰ ਇਨ੍ਹਾਂ ਦੀ ਆਰਥਿਕ ਕਮਾਈ ਵੀ ਵਹਿਮ ਦਾ ਪ੍ਰਚਾਰ ਤੇ ਪ੍ਰਸਾਰ ਨਾਲ ਜੁੜੀ ਹੋਈ ਹੈ।

ਜਦ ਤੱਦ ਧਾਰਮਿਕ ਵਿਅਕਤੀ, ਜਿਨ੍ਹਾਂ ਨੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਹੁੰਦਾ ਹੈ, ਆਪਣੇ ਫ਼ਰਜਾਂ ਦੀ ਸਹੀ ਪਹਿਚਾਣ ਨਹੀਂ ਕਰਨਗੇ, ਇਸ ਬਿਮਾਰੀ ਤੋਂ ਛੁਟਕਾਰਾ ਪਾਉਣਾ ਮੁਸਕਿਲ ਹੈ। ਵਹਿਮੀ ਸਮਾਜ ਕਿਸੇ ਵੀ ਕੌਮ ਜਾਂ ਦੇਸ਼ ਦੀ ਬੁਨਿਆਦ ਨੂੰ ਮਜਬੂਤ ਨਹੀਂ ਕਰਦਾ ਬਲਕਿ ਦੀਮਕ (ਸਿਓਂਕ) ਨਾਲ ਖਾਧੀ ਲੱਕੜੀ ਵਾਂਗ ਕਮਜ਼ੋਰ ਕਰਦਾ ਹੈ ਕਿਉਂਕਿ ਵਹਿਮ ਉਸ ਨੂੰ ਕੁਝ ਨਵਾਂ ਕਰਨ ਲਈ ਸਮਾਂ ਹੀ ਨਹੀਂ ਕੱਢਣ ਦੇਂਦੇ। ਗੁਰਬਾਣੀ ਦੀ ਵਿਚਾਰ ਇਸ ਰੋਗੀ ਸਮਾਜ ਨੂੰ ਅਰੋਗ ਕਰਨ ’ਚ ਕਾਰਗਰ ਦਵਾਈ ਹੈ, ਜੋ ਹਰ ਮਨੁੱਖ ਨੂੰ ਇਸਤੇਮਾਲ ਕਰਨੀ ਚਾਹੀਦੀ ਹੈ। ਧਰਮ ਨੂੰ ਆਰਥਿਕ ਸਾਧਨ ਬਣਾਉਣ ਵਾਲੇ ਪੁਜਾਰੀ ਆਪ ਇਸ ਬਿਮਾਰੀ ਤੋਂ ਪੀੜਤ ਹਨ, ਕਿਸੇ ਦੂਸਰੇ ਦਾ ਕੀ ਇਲਾਜ ਕਰਨਗੇ ?