ਖ਼ਾਲਸੇ ਦੀ ਲੋੜ

0
276

ਖ਼ਾਲਸੇ ਦੀ ਲੋੜ

ਗਿਆਨੀ ਅਮਰੀਕ ਸਿੰਘ ਜੀ (ਚੰਡੀਗੜ੍ਹ)

ਇਕ ਗੱਲ ਆਮ ਸੰਸਾਰੀ ਬੰਦਿਆਂ ਦੇ ਮੂੰਹ ’ਤੇ ਚੜ੍ਹ ਗਈ ਕਿ ਖ਼ਾਲਸਾ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਸਤਿਗੁਰੂ ਜੀ ਨੇ ਬਣਾਇਆ ਸੀ। ਪਰ ਥੋੜ੍ਹੀ ਜਿਹੀ ਵੀ ਸਿਆਣਪ ਦੀ ਅੱਖ ਨਾਲ ਵੇਖੀਏ ਤਾਂ ਫਿਰ ਇਹ ਗੱਲ ਜਚਦੀ ਨਹੀਂ। ਇਸ ਬਾਰੇ ਕੁਝ ਵਿਚਾਰਾਂ ਸਾਂਝੀਆਂ ਕਰਨ ਲਈ ਕੁਝ ਅੱਖਰਾਂ ਦੀ ਸਾਂਝ ਪਾ ਰਿਹਾ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਜੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇਕ ਸਚਿਆਰ ਮਨੁੱਖ ਦੀ ਘਾੜਤ ਦਾ ਜ਼ਿਕਰ ਕੀਤਾ ਹੈ। ਜਿਸ ਅੰਦਰ ਕਿਸੇ ਵੀ ਨਰਕ ਤੇ ਸਵਰਗ ਦੀ ਲਾਲਸਾ ਨਹੀਂ। ਖ਼ਾਲਸਾ ਇਸੇ ਹੀ ਸਚਿਆਰ ਮਨੁੱਖ ਦਾ ਸਿਖਰ ਹੈ। ਜੇਕਰ ਨਿਰਾ ਇਹੋ ਹੀ ਮੰਨ ਲਈਏ ਕਿ ਇਹ ਹਿੰਦੂ ਧਰਮ ਦੀ ਰੱਖਿਆ ਲਈ ਬਣਾਇਆ ਸੀ ਤਾਂ ਆਖਰ ਸੋਚਣਾ ਪਵੇਗਾ ਕਿ ਖ਼ਾਲਸਾ ਤੇ ਹਿੰਦੂ ਧਰਮ ਦੀ ਆਪਸੀ ਕੀ ਸਾਂਝ ਹੈ ? ਪਰ ਇਹ ਗੱਲ ਤਾਂ ਕਿਧਰੇ ਨਜ਼ਰ ਵੀ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਕ ਵੱਖਰੀ ਕੌਮ ਦਾ ਆਰੰਭ ਹੋਇਆ ਕਿਉਂਕਿ ਜਿੰਨੇ ਵੀ ਹਿੰਦੂਆਂ ਦੇ ਧਰਮ ਕਰਮ ਸਨ ਜਿਵੇਂ: ਜਨੇਊ ਪਹਿਨਣਾ, ਸੂਤਕ ਪਾਤਕ, ਸ਼ਰਾਧ ਕਰਨੇ, ਪੂਜਾ ਪਾਠ, ਮੁੰਡਨ ਕਰਨਾ, ਟੋਪੀ ਪਹਿਨਣੀ, ਤੀਰਥਾਂ ਦਾ ਇਸ਼ਨਾਨ, ਇੱਥੋਂ ਤਕ ਚਾਰ ਆਸ਼ਰਮਾਂ ਦੀ ਪਰੰਪਰਾ ਇਤਿਆਦਿਕ ਵਿੱਚੋਂ ਗੁਰੂ ਮਹਾਰਾਜ ਜੀ ਨੇ ਕਿਸੇ ਉਪਦੇਸ਼ ਜਾਂ ਵਿਚਾਰਧਾਰਾ ਨਾਲ ਸਾਂਝ ਨਹੀਂ ਰੱਖੀ। ਇੱਥੋਂ ਤੱਕ ਇਨ੍ਹਾਂ ਬ੍ਰਾਹਮਣਵਾਦੀ ਲੋਕਾਂ ਵਲੋਂ ਸਤਾਏ ਭਗਤ ਜਨ ਜਿਨ੍ਹਾਂ ਨੇ ਸੱਚ ਪ੍ਰਗਟ ਕੀਤਾ ਸੀ, ਅਜਿਹੇ ਭਗਤਾਂ ਦੇ ਪਵਿੱਤਰ ਬਚਨ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਉਦਾਸੀਆਂ ਦੌਰਾਨ ਇਕੱਤਰ ਕੀਤੇ ਜਿਨ੍ਹਾਂ ਵਿੱਚੋਂ ਕਬੀਰ ਸਾਹਿਬ ਜੀ, ਬਾਬਾ ਨਾਮਦੇਵ ਜੀ, ਰਵਿਦਾਸ ਜੀ ਆਦਿ। ਇਕ ਤਰ੍ਹਾਂ ਇਨ੍ਹਾਂ ਭਗਤਾਂ ਨੂੰ ਵੀ ਬਰਾਬਰ ਦੇ ਤਖ਼ਤ ’ਤੇ ਹੀ ਸੁਸ਼ੋਭਿਤ ਕੀਤਾ। ਇੱਥੇ ਹੀ ਬਸ ਨਹੀਂ, ਮਨੁੱਖੀ ਜਿੰਦਗੀ ਦੇ ਚਾਰ ਪ੍ਰਮੁੱਖ ਸੰਸਕਾਰ ਹਨ। ਇਨ੍ਹਾਂ ਚਾਰਾਂ ਚੋਂ ਇਨ੍ਹਾਂ ਹਿੰਦੂ ਧਰਮ ਦਾ ਫੈਲਾਇਆ ਬ੍ਰਾਹਮਣੀ ਜੂਲਾ ਲਾਹ ਸੁੱਟਿਆ ਸੀ। ਜਨਮ ਸੰਸਕਾਰ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸੂਤਕ ਪਾਤਕ ਦੇ ਬਚਨ ਕਹਿ ਆਜ਼ਾਦ ਕਰ ਦਿੱਤਾ। ਰੋਜ਼ ‘ਆਸਾ ਕੀ ਵਾਰ’ ਦੇ ਬਚਨ ਪੜ੍ਹਦੇ ਹਾਂ-‘‘ਜੇ ਕਰਿ ਸੂਤਕੁ ਮੰਨੀਐ; ਸਭ ਤੈ ਸੂਤਕੁ ਹੋਇ॥’’ (ਮ:੧/੪੭੨) ਧੰਨ ਗੁਰੂ ਅਮਰਦਾਸ ਜੀ ਵੱਲੋਂ ਉਚਾਰਿਆ ਤੇ ਉਪਦੇਸ਼ਿਆ ਰਾਮਕਲੀ ਰਾਗ ਵਿੱਚ ‘ਸਦੁ’ ਮੌਤ ਵੇਲੇ ਕੀਤੇ ਜਾਂਦੇ ਕਰਮ ਕਾਂਡਾਂ ਤੋਂ ਮੁਕਤ ਹੀ ਨਹੀਂ ਕਰਦਾ ਸਗੋਂ ਇਕ ਨਵਾਂ ਮਾਰਗ ਹੈ ਕਿ ਕੋਈ ਵੀ ਹਿੰਦੂ ਧਰਮ ਵਾਂਗ ਕਰਮਕਾਂਡ ਨਹੀਂ ਕਰਨਾ। ਗੁਰੂ ਰਾਮਦਾਸ ਜੀ ਨੇ ਵਿਆਹ ਸੰਸਕਾਰ ਚਾਰ ਲਾਵਾਂ ਉਚਾਰ ਕੇ ਵੱਖਰਾ ਕਰ ਦਿੱਤਾ। ਚਰਣ ਪਾਹੁਲ ਦੀ ਦਾਤ ਬਖਸ਼ ਕੇ ਸਾਰੇ ਗੁਰੂ ਸਾਹਿਬਾਂ ਵੇਲੇ ਧਰਮ ਧਾਰਨ ਕਰਨ ਦਾ ਸੰਸਕਾਰ ਵੀ ਅਲੱਗ ਹੋ ਚੁੱਕਾ ਸੀ। ਕੇਵਲ ਤੇ ਕੇਵਲ ਇਹ ਕਹਿ ਦੇਣਾ ਕਿ ਖ਼ਾਲਸਾ ਕੇਵਲ ਹਿੰਦੂ ਧਰਮ ਦੀ ਰਾਖੀ ਲਈ ਹੈ ਜਿਸ ਦਾ ਆਪਣਾ ਕੋਈ ਮਨੋਰਥ ਨਹੀਂ, ਇਹ ਚਾਲਾਕ ਲੋਕਾਂ ਦੀ ਕਾਢ ਹੈ ਜਦਕਿ ਖ਼ਾਲਸਾ ਇਕ ਆਪਣੇ ਆਪ ਵਿਚ ਵੱਖਰਾ ਤੇ ਹਰ ਧਰਮ ਦੀ ਇੱਜ਼ਤ ਕਰਨ ਵਾਲਾ ‘ਧਰਮ’ ਹੈ। ਜਿਤਨੇ ਵੀ ਮੁਗਲ ਬਾਦਸ਼ਾਹ ਹੋਏ ਹਨ ਉਨ੍ਹਾਂ ਦੇ ਬੂਹੇ ’ਤੇ ਕਰੀਬ ਕਰੀਬ ਇਹ ਹਿੰਦੂ ਹੀ ਸਨ ਜਿਹੜੇ ਜਾ ਕੇ ਸਿੱਖ ਧਰਮ ਦੇ ਵਿਰੁੱਧ ਸ਼ਿਕਾਇਤਾਂ ਕਰਦੇ ਰਹੇ ਜਿਵੇਂ ਅਕਬਰ ਬਾਦਸ਼ਾਹ ਵੇਲੇ, ਜਹਾਂਗੀਰ ਬਾਦਸ਼ਾਹ ਵੇਲੇ, ਇੱਥੋਂ ਤੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਲੇ ਗੀਤਾ ਆਦਿ ਦੇ ਅਰਥ ਭਾਈ ਛੱਜੂ ਝਿਊਰ ਜੀ ਕੋਲੋਂ ਕਰਵਾਉਣ ਲਈ ਕਹਿਣਾ ਪੰਜੋਖਰਾ ਸਾਹਿਬ ਵਿਖੇ ਆਪਣੀ ਫੋਕੀ ਮਤਿ ਦਾ ਪ੍ਰਗਟਾਵਾ ਸੀ ਤੇ ਵਿਰੋਧਤਾ ਦੀ ਹੱਦ ਹੀ ਕਰ ਦਿੱਤੀ ਸੀ। ਦਸਮ ਪਾਤਿਸ਼ਾਹ ਜੀ ਵੇਲੇ ਜੇ ਕੋਈ ਸ਼ੰਕਾ ਬਾਕੀ ਵੀ ਸੀ, ਉਹ ਵੀ ਖਤਮ ਹੋ ਜਾਂਦੀ ਹੈ ਜਦੋਂ ਇਹ ਬਚਨ ਸ਼ਰਧਾ ਨਾਲ ਪੜ੍ਹੀਏ ਕਿ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਸ਼ਹਾਦਤ ਹਿੰਦੂ ਧਰਮ ਲਈ ਨਹੀਂ ਬਲਕਿ ਇਕ ਇਨਸਾਨੀਅਤ ਨਾਤੇ ਧਰਮ ਦੀ ਰੱਖਿਆ ਕਰਨ ਬਦਲੇ ਹੋਈ। ਇਹ ਗੱਲ ਵੱਖਰੀ ਹੈ ਕਿ ਉਦੋਂ ਲੋੜ ਹਿੰਦੂ ਧਰਮ ਨੂੰ ਸੀ। ਅਸੀਂ ਅਕਸਰ ਇਹ ਬਚਨ ਪੜ੍ਹਦੇ ਹਾਂ ਕਿ ‘ਤਿਲਕ ਜੰਞੂ ਰਾਖਾ ਪ੍ਰਭ ਤਾਂ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਧਰਮ ਹੇਤ, ਸਾਕਾ ਜਿਨਿ ਕੀਆ॥ ਸੀਸੁ ਦੀਆ ਪਰ ਸਿਰਰੁ ਨ ਦੀਆ॥’ ‘ਪ੍ਰਭ ਤਾਂ ਕਾ’ ਦਾ ਅਰਥ ਹੈ: ‘ਉਨ੍ਹਾਂ ਦਾ’ ਜਿਸ ਨਾਲ ਸਾਡਾ ਕੋਈ ਦੂਰ ਦਾ ਵੀ ਸੰਬੰਧ ਨਹੀਂ ਕਿਉਂਕਿ ਇਹ ਜਨੇਊ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਹੀਂ ਸੀ ਪਰਵਾਨਿਆ ਤੇ ਮੁੜ ਕਿਸੇ ਗੁਰੂ ਸਾਹਿਬ ਦੇ ਵੇਲੇ ਵੀ ਇਹ ਗੱਲ ਆਈ ਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਹਨ।

ਸੋ, ਇਹ ਕਹਿ ਕੇ ਕਿ ਖ਼ਾਲਸਾ ਹਿੰਦੂ ਧਰਮ ਦੀ ਰੱਖਿਆ ਲਈ ਪੈਦਾ ਹੋਇਆ ਸੀ, ਖ਼ਾਲਸੇ ਦੀ ਮਹਾਨਤਾ ਨਹੀਂ ਬਲਕਿ ਇਸ ਦੀ ਸਖਸ਼ੀਅਤ ਨੂੰ ਛੋਟਾ ਕਰਨਾ ਹੈ। ਦਸਮੇਸ਼ ਜੀ ਦੇ ਇਹ ਪਾਵਨ ਬਚਨ ਕਿੰਨਾ ਪਿਆਰਾ ਸੱਚ ਸਮਾਈ ਸੁਸ਼ੋਭਿਤ ਹਨ ਕਿ ਜਿਤਨਾ ਚਿਰ ਤਕ ‘ਖਾਲਸਾ ਨਿਆਰਾ’ ਰਹੇਗਾ, ਉਤਨਾ ਚਿਰ ਮੈਂ ਇਸ ਦੀ ਪੂਰਨ ਹਮਾਇਤ ਕਰਦਾ ਰਹਾਂਗਾ ਪਰ ਜਦੋਂ ਇਹ ‘ਬਿਪਰਨ ਕੀ ਰੀਤ’ ਅਪਣਾ ਲਵੇਗਾ, ਮੈਂ ਇਸ ਦੀ ਪ੍ਰਤੀਤ ਛੱਡ ਦੇਵਾਂਗਾ। ਬਾਕੀ ਵੀ ਕਿਤਨੇ ਧਰਮ ਸਨ ਪਰ ਹੋਰ ਕਿਸੇ ਦਾ ਵੀ ਜ਼ਿਕਰ ਨਹੀਂ ਬਲਕਿ ਸਪੱਸ਼ਟ ‘ਬਿਪਰਨ ਕੀ ਰੀਤ’ ਦਾ ਹੈ। ਅਜਿਹਾ ਕਿਉਂ ਕੀਤਾ ਕਿਉਂਕਿ ਖਾਲਸੇ ਦਾ ਆਪਣਾ ਕੋਈ ਨਿਸ਼ਾਨ (ਟੀਚਾ) ਹੈ। ਦੂਜਾ ਖਿਆਲ ਇਹ ਪ੍ਰਚਲਿਤ ਕਰ ਦਿੱਤਾ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਨ੍ਹਾਂ ਦਾ ਕੋਈ ਸੀਸ ਚੁੱਕਣ ਵਾਲਾ ਨਹੀਂ ਸੀ। ਸਾਰੇ ਸਿੱਖ ਲੁੱਕ ਗਏ ਸਨ ਤਾਂ ਜਦੋਂ ਬਾਬਾ ਜੈਤਾ ਜੀ ਨੇ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਲਿਆਂਦਾ ਤਾਂ ਸਤਿਗੁਰੂ ਗੋਬਿੰਦ ਰਾਏ ਜੀ ਅੱਗੇ ਇਹ ਦਾਸਤਾਂ ਰੋ-ਰੋ ਕੇ ਬਿਆਨ ਕੀਤੀ ਕਿ ਕੋਈ ਵੀ ਸਿੱਖ ਉੱਥੇ ਅੱਗੇ ਨਹੀਂ ਆਇਆ। ਇਹ ਗੱਲਾਂ ਅਜੀਬ-ਅਜੀਬ ਸ਼ੰਕੇ ਪੈਦਾ ਕਰਦੀਆਂ ਹਨ। ਇਹ ਮੇਰਾ ਕੋਈ ਫੈਸਲਾ ਨਹੀਂ, ਵੀਚਾਰਾਂ ਦੀ ਸਾਂਝ ਹੈ। ਸੋਚੋ, ਸਿੱਖ ਧਰਮ ਦੀ ਹਰੇਕ ਲਾਸਾਨੀ ਕੁਰਬਾਨੀ ਪਿੱਛੇ ਐਸੀਆਂ ਐਸੀਆਂ ਸਾਖੀਆਂ ਘੜ੍ਹ ਦਿੱਤੀਆਂ ਜਿਸ ਨਾਲ ਸ਼ਹਾਦਤ ਦਾ ਤੇ ਸਿੱਖ ਧਰਮ ਦਾ ਮੁੱਲ ਘਟ ਜਾਵੇ। ਇਕ ਪਾਸੇ ਤਾਂ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਆਦਿਕ ਮਹਾਨ ਕੁਰਬਾਨੀਆਂ ਕਰ ਰਹੇ ਹਨ ਤੇ ਗੁਰੂ ਜੀ ਤੋਂ ਆਪਾ ਵਾਰ ਕੇ ਵੀ ਸਿੱਖੀ ਨਿਭਾਉਣ ਦੀਆਂ ਤਸਵੀਰਾਂ ਪੇਸ਼ ਕਰ ਰਹੇ ਹਨ ਪਰ ਦੂਜੇ ਪਾਸੇ ਪ੍ਰਚਾਰ ਇਹ ਕਰ ਦਿੱਤਾ ਕਿ ਕੋਈ ਸੀਸ ਹੀ ਨਾ ਉੱਠਾ ਸਕਿਆ। ਜਿਸ ਸਤਿਗੁਰੂ ਜੀ ਨੇ ਨੌ ਸਾਲਾਂ ਦੀ ਉਮਰ ਵਿਚ ਸਾਰੀ ਸਿੱਖ ਕੌਮ ਦੀ ਵਾਗ ਡੋਰ ਸੰਭਾਲ ਲਈ ਸੀ (ਚੇਤੇ ਰਹੇ ਕਿ ਪਹਿਲਾਂ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵੇਲੇ ਉਮਰ ਦਾ ਸ਼ੰਕਾ ਸਿੱਖ ਜਗਤ ਅੰਦਰ ਖਤਮ ਹੋ ਚੁੱਕਾ ਸੀ) ਤਾਂ ਫਿਰ ਗੁਰੂ ਗੋਬਿੰਦ ਰਾਏ ਜੀ ਦਾ ਇਹੋ ਹੀ ਪ੍ਰਬੰਧ ਸੀ ਕਿ ਸੀਸ ਰੁਲਦਾ ਰਵੇ ਤੇ ਕੋਈ ਚੁੱਕੇ ਹੀ ਨਾ ? ਬਲਕਿ ਨਵੀਨ ਖੋਜ ਮੁਤਾਬਿਕ ਪੰਜ ਸਿੱਖ ਸਤਿਗੁਰੂ ਜੀ ਨਾਲ ਗਏ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਜੈਤਾ ਜੀ, ਭਾਈ ਗੁਰਦਿੱਤਾ ਜੀ। ਇਨ੍ਹਾਂ ਦੋਨਾਂ ਦੀ ਡਿਊਟੀ ਸੀ ਸਾਰਾ ਪ੍ਰਬੰਧ ਕਰਨਾ। ਇਸ ਲਈ ਸਤਿਗੁਰੂ ਜੀ ਨੇ ਕਿਸੇ ਬਦਲੇ ਦੀ ਭਾਵਨਾ ਨਾਲ ਕਿ ਐਸਾ ਪੰਥ ਚਲਾਵਾਂਗਾ ਜਿਹੜਾ ਛੁਪੇਗਾ ਨਹੀਂ, ਕਹਿ ਕੇ ਫਿਰ ਖ਼ਾਲਸਾ ਸਾਜਿਆ, ਹੋ ਨਹੀਂ ਸਕਦਾ। ਪਹਿਲੀ ਪਾਤਿਸ਼ਾਹੀ ਤੋਂ ਲੈ ਕੇ ਹੁਣ ਤੱਕ ਦੀ ਕੀਤੀ ਮਿਹਨਤ ਕਿਸ ਲੇਖੇ ? ਜੇ ਹੁਣ ਤਕ ਸਿੱਖ ਐਨਾ ਡਰਪੋਕ ਸੀ ਕਿ ਆਪਣੇ ਮੁਰਸ਼ਦ ਦਾ ਸੀਸ ਵੀ ਨਹੀਂ ਸੀ ਚੁੱਕ ਸਕਦਾ। ਭਾਈ ਗੁਰਦਾਸ ਜੀ (ਦੂਜੇ) ਇਕ ਬੜੀ ਸੁੰਦਰ ਪੰਕਤੀ ਲਿਖਦੇ ਹਨ ਕਿ ‘ਸਹਿਜੇ ਰਚਿਉ ਖਾਲਸਾ॥’ ਖ਼ਾਲਸੇ ਦੀ ਉਤਪਤੀ ਕੇਵਲ ਇਕ ਦਿਨ ਦਾ ਫੈਸਲਾ ਨਹੀਂ ਇਹ ਤਾਂ ਵੇਈਂ ਨਦੀ ਦੇ ਕਿਨਾਰੇ ਬੈਠ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਕੀਤੇ ਸੰਕਲਪ ਦੀ ਸੰਪੂਰਨਤਾ ਹੈ। ਕਲਗੀਧਰ ਦੇ ਇਨ੍ਹਾਂ ਬਚਨਾਂ ਨੂੰ ਕਦੇ ਸ਼ਰਧਾ ਤੇ ਪਿਆਰ ਵਾਲੀ ਸੋਚ ਨਾਲ ਪੜ੍ਹ ਵੇਖੀਏ ਕਿ ‘ਖਾਲਸਾ ਅਕਾਲ ਪੁਰਖ ਕੀ ਫੌਜ। ਪਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।’ ਖ਼ਾਲਸਾ ਪਰਮਾਤਮਾ ਦੀ ਮੌਜ਼ ਵਿਚੋਂ ਪ੍ਰਗਟ ਹੋਇਆ ਹੈ। ਇਸ ਦੀ ਹਰ ਇਕ ਚੀਜ਼ ਅਦੁੱਤੀ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਪਾਤਿਸ਼ਾਹ ਪ੍ਰਮੇਸ਼ਵਰ ਦੇ ਘਰ ਗਏ (ਭਾਵ ਇਕਮਿਕਤਾ ਹਾਸਲ ਕੀਤੀ), ਉੱਥੋਂ ਅੰਮ੍ਰਿਤ ਦਾ ਕਟੋਰਾ ਪੀਤਾ। ਹੁਣ ਇਹ ਅੰਮ੍ਰਿਤ ਦੇਹੀ ਰੂਪ ਵਿਚ ਰੱਖਿਆ ਗਿਆ ਸੀ, ਪਰ ਇਸ ਨੂੰ ਦੇਹੀ ਰੂਪ ਤੋਂ ਕੱਢ ਕੇ ਇਕ ਦਿਨ ਬਾਟੇ ਵਿੱਚ ਪਾਉਣ ਲਈ ਸਭ ਤੋਂ ਪਹਿਲਾਂ ਇਹ ਬਾਟਾ ਹੀ ਇਸ ਮੋਹ ਦੇ ਚਿੱਕੜ ਵਿੱਚੋਂ ਚੁੱਕਣਾ ਬਿਖਮ ਕਰਮ ਸੀ ਜਿਹੜਾ ਕੇ ਬਾਬਾ ਲਹਿਣਾ ਜੀ ਨੇ ਕੀਤਾ। ਇਹ ਹੀ ਬਾਟਾ ਸਿੱਖ ਦੇ ਹੱਥ ਵਿਚ ਦੇ ਦਿੱਤਾ ਪਰ ਹੋਕਾ ਇਹ ਹੀ ਲਾਇਆ ਕਿ ਹਾਲੇ ਅੰਮ੍ਰਿਤ ਬਾਟੇ ਵਿਚ ਨਹੀਂ, ਅੰਮ੍ਰਿਤ ਤਾਂ ਸਤਿਗੁਰੂ ਜੀ ਕੋਲ ਹੀ ਹੈ। ਬਚਨ ਪੜ੍ਹਦੇ ਹਾਂ ‘‘ਜਿਸੁ ਜਲਨਿਧਿ ਕਾਰਣਿ, ਤੁਮ ਜਗਿ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ॥’’ (ਮ:੧/੫੯੮) ਬਾਟੇ ਵਿਚ ਅੰਮ੍ਰਿਤ ਪਾ ਕੇ ਸਿੱਖ ਹੱਥ ਪਕੜਾਉਣ ਤੋਂ ਪਹਿਲਾਂ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ॥’’ ਦਾ ਤਿਆਗ ਕਰਨਾ ਸੀ। ਇਸ ਦੀ ਹੀ ਤਿਆਰੀ ਸੀ। ਫਿਰ ਬਚਨ ਆਖੇ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ॥’’ (ਮ:੩/੯੧੮) ਭਾਵ ਅੰਮ੍ਰਿਤ ਦਾ ਖਜ਼ਾਨਾ ਸਤਿਗੁਰੂ ਜੀ ਕੋਲ ਹੈ। ਅੰਮ੍ਰਿਤ ਪ੍ਰਮੇਸ਼ਵਰ ਨੇ ਦਿੱਤਾ, ਬਾਟਾ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਬਾਬਾ ਲਹਿਣਾ ਜੀ ਕੋਲੋਂ ਮੋਹ ਦੇ ਚਿੱਕੜ ਵਿਚੋਂ ਕੱਢਵਾ ਲਿਆ ਤੇ ਖੰਡਾ ਛੇਵੇਂ ਪਾਤਿਸ਼ਾਹ ਦੀਆਂ ਪਹਿਨੀਆਂ ਦੋ ਕਿਰਪਾਨਾਂ ਰੂਪ ਧਾਰਨ ਕਰ ਗਈਆਂ। ਜਿਵੇਂ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਅਜੀਬ ਜਿਹਾ ਸਰੂਪ ਬਣਾ ਕੇ ਆਪਣੇ ਡੰਡੇ ਨਾਲ ਸਾਰਿਆਂ ਵਿੱਚੋਂ ਬਾਬਾ ਲਹਿਣਾ ਜੀ ਦੀ ਪਰਖ ਇਕ ਮੁਰਦਾ ਖਾਣ ਲਈ ਤਿਆਰ ਹੋਣ ’ਤੇ ਕੀਤੀ ਤਾਂ ਦਸਮ ਪਾਤਿਸ਼ਾਹ ਨੇ ਡੰਡੇ ਦੀ ਬਜਾਇ ਕਿਰਪਾਨ ਨਾਲ ਇਕ ਥਾਂ ਪੰਜ ਲਹਿਣੇ ਲਏ ਅਤੇ ਮੁਰਦਾ ਖਾਣ ਦੀ ਥਾਂ ‘‘ਮੁਰਦਾ ਹੋਇ ਮੁਰੀਦ’’ ਹੋਣਾ ਕਹਿ ਕੇ ਅੰਮ੍ਰਿਤ ਦਾ ਸੰਪੂਰਨ ਖਜ਼ਾਨਾ, ਖੰਡਾ ਬਾਟਾ ਤੇ ਜੁਗਤਿ ਖਾਲਸੇ ਨੂੰ ਬਖਸ਼ ਦਿੱਤੀ। ਆਪ ਵੀ ਮਿੰਨਤ ਨਾਲ ਮੰਗ ਕੇ ਛੱਕਿਆ ਸੀ। ਇਹ ਹੈ ਅਕਾਲ ਪੁਰਖ ਦੀ ਮੌਜ ਵਿੱਚੋਂ ਪੈਦਾ ਹੋਇਆ ‘ਖ਼ਾਲਸਾ’। ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸਾਜੇ ਖ਼ਾਲਸੇ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।’ ਦੇ ਸੰਕਲਪ ਵਿਚ ਬੰਨ੍ਹਿਆ ਹੋਇਆ ਹੈ। ਇਹ ਖ਼ਾਲਸਾ ਕਿਸੇ ਕੌਮ ਮਜ਼ਹਬ ਜਾਂ ਕਿਸੇ ਧਰਮ ਦੀ ਰਾਖੀ ਲਈ ਨਹੀਂ ਬਲਕਿ ਅਕਾਲ ਪੁਰਖ ਨੇ ਆਪਣੀ ਫੌਜ ਤਿਆਰ ਕੀਤੀ ਸੀ। ਰਾਜੇ ਦੀ ਫੌਜ ਦਾ ਅਰਥ ਰਾਜ ਵਿਚ ਕਿਸੇ ਨੂੰ ਵੀ ਲੋੜ ਪਵੇ, ਫੌਜ ਸਾਰੇ ਰਾਜ ਦੀ ਰਾਖੀ ਕਰਦੀ ਹੈ। ਕੋਈ ਵੀ ਰਾਜਾ ਆਪਣੀ ਫੌਜ ਕੇਵਲ ਇਕ ਤਰ੍ਹਾਂ ਦੇ ਹੀ ਲੋਕਾਂ ਲਈ ਨਹੀਂ ਬਣਾਉਂਦਾ। ਪ੍ਰਮੇਸ਼ਵਰ ਦਾ ਰਾਜ ਲੋਕਾਈ ’ਤੇ ਹੈ, ਸੋ ਖ਼ਾਲਸਾ ਸਮੁੱਚੀ ਮਨੁੱਖਤਾ ਦਾ ਰਖਵਾਲਾ ਬਣਾਇਆ ਗਿਆ, ਨਾ ਕਿ ਕਿਸੇ ਇਕ ਧਰਮ ਜਾਂ ਕੌਮ ਲਈ। ਇਹ ਤਾਂ ਗੋਕਲ ਚੰਦ ਨਾਰੰਗ ਦੇ ਕਥਨ ਮੁਤਾਬਕ ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਭਾਲੀ, ਉਸ ਦਾ ਫੌਲਾਦ ਗੁਰੂ ਨਾਨਕ ਪਾਤਿਸ਼ਾਹ ਨੇ ਤਿਆਰ ਕੀਤਾ ਸੀ। ਖ਼ਾਲਸੇ ਦੀ ਘਾੜਤ ਕੇਵਲ ਇਕ ਦਿਨ ਦੀ ਗੱਲ ਨਹੀਂ; ਜਿਵੇਂ ਬੀਜ ਬੋ ਕੇ ਫਿਰ ਫਲ ਤੱਕ ਮਿਹਨਤ ਦਾ ਸਿੱਟਾ ਹੁੰਦਾ ਹੈ, ਇਸੇ ਤਰ੍ਹਾਂ ਮਾਨੋ ‘ਖ਼ਾਲਸਾ’ ਰੂਪ ਖੇਤੀ ਤਿਆਰ ਕੀਤੀ ਗਈ ਸੀ। ਦਸਾਂ ਪਾਤਿਸ਼ਾਹੀਆਂ ਦੇ ਭੰਡਾਰੇ ਵਿੱਚੋਂ ਸਮੁੱਚੀ ਮਨੁੱਖਤਾ ਨੂੰ ਖੁਰਾਕ ਮਿਲਦੀ ਰਹੀ, ਪਰ ਇਹ ਭੇਤ ਸ਼ਰਧਾ ਵਾਲੀ ਅੱਖ ਨਾਲ ਵੇਖਿਆਂ ਹੀ ਸਪਸ਼ਟ ਹੋਏਗਾ। ਜਿਵੇਂ ਕਿਸਾਨ ਖੇਤ ਵਿਚ ਵਿਚਰਕੇ ਫਸਲ ਦਾ ਬੀਜ ਬੀਜਦਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਬੀਜੀ ਖੇਤੀ ਦੀ ਗੋਡੀ ਕਰਕੇ ਕਰਤਾਰਪੁਰ ਸਾਹਿਬ ਵਿਖੇ ਨਦੀਨ ਚੁਣ ਕੇ ਕੱਢੇ। ਗੁਰੂ ਅਮਰਦਾਸ ਜੀ ਦੀ ਗਾਗਰ ਦਾ ਪਾਣੀ ਦਿੱਤਾ ਗਿਆ। ਫਿਰ ਜਦੋਂ ਫਸਲ ਵੱਡੀ ਹੋ ਜਾਵੇ ਤਾਂ ਬਾਹਰ ਰਾਖੀ ਲਈ ਬੈਠਣਾ ਪੈਂਦਾ ਹੈ ਫਿਰ ਗੁਰੂ ਰਾਮਦਾਸ ਜੀ ਨੇ ਥੜ੍ਹੇ ਬਣਾਏ ਜਿੱਥੇ ਬੈਠ ਕੇ ਸਿੱਖੀ ਦੀ ਸੰਭਾਲ ਕੀਤੀ ਗਈ। ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਛਾਲਿਆਂ ਤੇ ਹੱਡੀਆਂ ਦਾ ਚੂਰਮਾ ਪਾ ਕੇ ਖਾਦ ਪਾਈ। ਛੇਵੇਂ ਪਾਤਸ਼ਾਹ ਨੇ ਆਵਾਰਾ ਪਸ਼ੂਆਂ ਤੋਂ ਹਿਫ਼ਾਜ਼ਤ ਲਈ ਹਥਿਆਰਾਂ ਦੀ ਵਾੜ ਕਰ ਦਿੱਤੀ। ਪਰ ਜ਼ਰੂਰੀ ਨਹੀਂ ਖੇਤੀ ਬਾਹਰੋਂ ਉਜਾੜੀ ਜਾਏ, ਕਈ ਵਾਰੀ ਅੰਦਰੋਂ ਵੀ ਕੀੜਾ ਲੱਗ ਜਾਂਦਾ ਹੈ। ਸੋ ਸੱਤਵੇ ਪਾਤਿਸ਼ਾਹ ਜੀ ਨੇ ਅੰਦਰੋਂ ਹੀ ਖੇਤੀ ਲਈ ਪੈਦਾ ਹੋਏ ਖਤਰਨਾਕ ਕੀੜੇ ਬਾਬਾ ਰਾਮ ਰਾਏ ਜੀ ਨੂੰ ਪੁੱਟ ਕੇ ਖੇਤੋਂ ਹੀ ਬਾਹਰ ਕੱਢ ਦਿੱਤਾ। ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨਾਂ ਲਈ ਔਰੰਗਜ਼ੇਬ, ਦਿੱਲੀ ਵਿਚ ਹੀ ਤੜਪਦਾ ਰਿਹਾ। ਇਸ ਸਾਰੀ ਤਿਆਰ ਹੋਈ ਖੇਤੀ ਨੂੰ ਮਨੁੱਖਤਾ ਦੇ ਹਵਾਲੇ ਕਰਨ ਤੋਂ ਪਹਿਲਾਂ ਇਕ ਸਿੱਟਾ (ਬੱਲੀ) ਤੋੜ ਕੇ ਸੰਪੂਰਨਤਾ ਵੇਖੀ ਗਈ ਜਦੋਂ ਕਿਸੇ ਦੀ ਥਾਂ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਫਿਰ ਦਸਵੇਂ ਪਾਤਿਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਤੇ ਸਭ ਕੁਝ ਮਨੁੱਖਤਾ ਲਈ ਤਿਆਰ ਕੀਤੀ ਗਈ ਇਸ ਖੇਤੀ ਨੂੰ ਮਨੁੱਖਤਾ ਦੇ ਹੀ ਹਵਾਲੇ ਕਰ ਦਿੱਤਾ। ਇਉਂ ਖ਼ਾਲਸਾ ਅਕਾਲ ਪੁਰਖ ਦੀ ਮੌਜ ਵਿੱਚੋਂ ਪ੍ਰਗਟਿਆ ਹੈ, ਨਾ ਕਿ ਹਿੰਦੂ ਧਰਮ ਦੀ ਰਾਖੀ ਲਈ। ਇਸੇ ਲਈ ਰੋਜ਼ ਬਚਨ ਪੜ੍ਹਦੇ ਹਾਂ: ‘‘ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ॥’’