ਸੋਨੇ ਦੇ ਚੌਰ ਜਾਂ ਸੋਨੇ ਵਰਗੇ ਸਿੱਖ ?

0
197

ਸੋਨੇ ਦੇ ਚੌਰ ਜਾਂ ਸੋਨੇ ਵਰਗੇ ਸਿੱਖ ?

-ਸਾਹਿਬ ਸਿੰਘ- 98152-70101

ਸਿਰ ਝੁਕਦਾ ਹੈ ਸਿੱਖਾਂ ਦੀ ਸ਼ਰਧਾ ਦੇ ਅੱਗੇ ਕਿ ਇੱਕ ਸ਼ਰਧਾਲੂ ਨੇ ਪਿਛਲੀ ਦਿਨੀਂ ਮਾਰਚ 2015 ਵਿੱਚ ਲਗਭਗ 17 ਲੱਖ ਰੁਪਏ ਦਾ ਚੌਰ ਜੋ ਕਿ ਸੋਨੇ ਨਾਲ ਬਣਿਆ ਅਤੇ ਹੀਰਿਆਂ ਨਾਲ ਜੜਿਆ ਹੋਇਆ ਹੈ, ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਬੜੇ ਹੀ ਅਦਬ ਸਤਿਕਾਰ ਸਾਹਿਤ ਭੇਟਾ ਕੀਤਾ। ਇਹ ਚੌਰ ਤਕਰੀਬਨ 433 ਗਰਾਮ 22 ਕੈਰਟ ਗੋਲਡ ਅਤੇ 3.50 ਲੱਖ ਦੇ ਹੀਰਿਆਂ ਨਾਲ ਬਣਾਇਆ ਗਿਆ ਹੈ। ਇਸ ਸ਼ਰਧਾਲੂ ਤੋਂ ਇਹ ਚੌਰ ਗਿਆਨੀ ਜਗਤਾਰ ਸਿੰਘ ਜੀ ਨੇ ਪ੍ਰਾਪਤ ਕੀਤਾ ਅਤੇ ਉਹਨਾਂ ਨੂੰ ਸਿਰੋਪਾ ਦੇ ਕੇ ਨਿਵਾਜਿਆ ਗਿਆ। ਇਹ ਪਹਿਲੀ ਵਾਰੀ ਨਹੀਂ ਕਿ ਇਸ ਸ਼ਰਧਾਲੂ ਨੇ ਅਜਿਹਾ ਵਿਲੱਖਣ ਕੰਮ ਕੀਤਾ ਹੋਵੇ। ਪਹਿਲਾਂ ਵੀ ਚਾਂਦੀ ਦੇ ਦਰਵਾਜੇ ਉੱਪਰ ਸੋਨੇ ਨਾਲ ਮੜਵਾ ਕੇ ਧੰਨੁ ਧੰਨੁ ਰਾਮਦਾਸੁ ਗੁਰ ਜਿਨਿ ਸਿਰਿਆ ਤਿਨੇ ਸਵਾਰਿਆ ਜੋ ਕਿ ਦਰਸ਼ਨੀ ਡਿਓਡੀ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਹੈ, ਤੁਸੀਂ ਕਦੀ ਵੀ ਦਰਸ਼ਨ ਕਰ ਸਕਦੇ ਹੋ।
ਸਦਕੇ ਜਾਈਏ ਐਸੇ ਗੁਰਸਿੱਖਾਂ ਦੇ ਅਤੇ ਉਹਨਾਂ ਦੀ ਭਾਵਨਾ ਦੇ। ਦਸ਼ਮੇਸ਼ ਪਿਤਾ ਜੀਓ ਪਟਨੇ ਦੀ ਧਰਤੀ ਤੇ ਬਾਲ ਗੋਬਿੰਦ ਰਾਇ ਦੇ ਰੂਪ ਵਿੱਚ ਜੇਕਰ ਤੁਸੀਂ ਸੋਨੇ ਦੇ ਕੜੇ ਗੰਗਾ ਵਿੱਚ ਨਾ ਸੁੱਟੇ ਹੁੰਦੇ ਤਾਂ ਸ਼ਾਇਦ ਮੈਨੂੰ ਭੁਲੇਖਾ ਪੈ ਜਾਣਾ ਸੀ ਕਿ ਤੁਸੀਂ ਸੋਨੇ ਨਾਲ ਬਹੁਤ ਪਿਆਰ ਕਰਦੇ ਹੋ ਅਤੇ ਮੈਂ ਵੀ 2 ਜਾਂ 3 ਨੰਬਰ ਦੀ ਕਮਾਈ ਕਰਕੇ ਸੋਨੇ ਦਾ ਸਮਾਨ ਦੇ ਕੇ ਤੁਹਾਨੂੰ ਖੁਸ਼ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡਣੀ। ਪਰ ਤੁਸੀਂ ਸਾਡੇ ’ਤੇ ਕਿਤਨੀ ਕਿਰਪਾ ਕੀਤੀ ਕਿ ਆਪਣਾ ਦਿਲ ਖੋਲ੍ਹ ਦੇ ਦਿਖਾ ਦਿੱਤਾ ਕਿ ਮੈਨੂੰ ਸੋਨੇ ਨਾਲ ਨਹੀਂ ਸਗੋਂ ਸੋਨੇ ਵਰਗੇ ਗੁਰਸਿੱਖਾਂ ਨਾਲ ਪਿਆਰ ਹੈ। ਗੁਰੂ ਸਾਹਿਬਾਨ ਦੇ ਸਮੇਂ ਰਾਇ ਬੁਲਾਰ, ਦੌਲਤ ਖਾਂ ਲੋਧੀ, ਰਾਜਾ ਸ਼ਿਵਨਾਭ, ਮਲਕ ਭਾਗੋ, ਭਾਈ ਡੱਲੇ ਨੇ ਅਨੇਕਾਂ ਤਰ੍ਹਾਂ ਨਾਲ ਸਮਾਨ ਸੋਨਾ, ਹੀਰੇ ਦੇ ਥਾਲ ਦੇ ਕੇ ਗੁਰੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰ ਸਾਹਿਬ ਨੇ ਅਸੂਲਾਂ ਨਾਲ ਕਦੀ ਵੀ ਸਮਝੌਤਾ ਨਹੀਂ ਕੀਤਾ।ਦਸ਼ਮੇਸ ਪਿਤਾ ਜੀ ਦੇ ਇਸ ਪਰਿਵਾਰ ਵਿੱਚ ਸਾਰੇ ਮੈਂਬਰਾਂ ਵਿੱਚ ਏਕਤਾ ਖਿੰਡ-ਪੁੰਡ ਗਈ ਹੋਵੇ, ਸਾਡੇ ਘਰ ਵਿੱਚ ਕਈ ਤਰ੍ਹਾਂ ਦੇ ਧੜੇ, ਡੇਰੇ, ਟਕਸਾਲਾਂ, ਦਲ, ਜਥੇ, ਸਭਾ, ਸੁਸਾਇਟੀਆਂ ਬਣ ਗਈਆਂ ਹੋਣ, ਸਾਡੇ ਪਰਿਵਾਰ ਦੇ ਨੌਜਵਾਨ ਬੱਚੇ ਨਸ਼ਿਆਂ ਵਿੱਚ ਗਰਕ ਹੋ ਗਏ ਹੋਣ, ਪਤਿਤਪੁਣਾ ਮੇਰੇ ਘਰ ਪਰਿਵਾਰ ਤੇ ਭਾਰੂ ਹੋ ਗਿਆ ਹੋਵੇ। ਘਰ ਪਰਿਵਾਰ ਨੂੰ ਸੇਧ ਦੇਣ ਵਾਲੇ ਹੀ ਗੁਰਬਾਣੀ ਦਾ ਵਪਾਰ ਕਰਨ ਲਗ ਪਏ ਹੋਣ। ਇਹ ਕਹਿ ਦੇਣਾ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੋਵੇ, ਆਪੋ ਧਾਪੀ ਪੈ ਗਈ ਹੋਵੇ। ਇਸ ਘੜੀ ਵਿੱਚ ਤੁਹਾਡੇ ਲਈ ਕੋਈ ਸੋਨੇ ਦਾ ਤੋਹਫਾ ਲੈ ਕੇ ਆਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਲਗੇਗਾ, ਜ਼ਰਾ ਸੋਚੀਏ।

18ਵੀਂ ਸਦੀ ਦੀ ਗੱਲ ਕਰੀਏ ਤਾਂ ਗੁਰਦੁਆਰੇ ਭਾਵੇਂ ਕੱਚੇ ਹੁੰਦੇ ਸੀ ਪਰ ਸਿੱਖ ਪੱਕੇ ਸੀ ਕਿ ਮੁਗਲ ਬਾਦਸ਼ਾਹ ਸਾਨੂੰ ਖਤਮ ਕਰਨਾ ਤਾਂ ਦੂਰ, ਜਿਉਂਦੇ ਜੀਅ ਕਿਸੇ ਇੱਕ ਸਿੱਖ ਨੂੰ ਵੀ ਸਿੱਖੀ ਤੋਂ ਡੁਲਾ ਨਾ ਸਕੇ। ਪਰ ਅਫਸੋਸ ਕਿ ਅੱਜ ਅਸੀਂ ਹਜਾਰਾਂ ਮਣ ਸੋਨਾ ਅਪਣੇ ਗੁਰਦੁਆਰਿਆਂ ’ਤੇ ਪਾਲਕੀਆਂ, ਚਾਨਣੀਆਂ ਤੇ ਚੌਰਾਂ ਤੇ ਲਗਾ ਦਿੱਤਾ ਹੈ ਪਰ ਰਿਜ਼ਲਟ ਕੀ ਨਿਕਲਿਆ, ਕਿ ਇਹੀ ਸੋਨਾ ਸਾਡੇ ਨਿਘਾਰ ਦਾ ਕਾਰਨ ਬਣਦਾ ਗਿਆ। ਚੌਧਰ ਦੀ ਭੁੱਖ ਨੇ ਸਾਡੀ ਮੱਤ ਮਾਰ ਦਿੱਤੀ ਹੈ। ਅਸੀਂ ਅਪਣੇ ਗੁਰਦੁਆਰਿਆਂ ਨੂੰ ਚਮਕਾਉਣ ਅਤੇ ਲਿਸ਼ਕਾਉਣ ਲਈ ਸੰਗਤਾਂ ਵੱਲੋਂ ਭੇਟ ਕੀਤੀ ਮਾਇਆ ਦੀ ਐਸੀ ਦੁਰਵਰਤੋਂ ਕੀਤੀ ਕਿ ਸਾਡਾ ਸਾਰਾ ਜ਼ੋਰ ਕੇਵਲ ਇਹਨਾਂ ਚੀਜ਼ਾਂ ’ਤੇ ਹੀ ਰਹਿ ਗਿਆ ਹੈ। ਬੇਸ਼ੱਕ ਅਸੀਂ ਗੁਰਦੁਆਰੇ ਮਾਲਾਮਾਲ ਕਰ ਲਏ ਪਰ ਸਿੱਖ ਕੰਗਾਲ ਅਤੇ ਕੰਗਾਲ ਹੁੰਦਾ ਗਿਆ।

ਸੋਨੇ ਦੇ ਚੌਰ ਅਤੇ ਗੁੰਬਦਾਂ ਲਈ ਸੋਨਾ ਦਾਨ ਕਰਨ ਵਾਲਿਓ! ਅੱਜ ਜ਼ਰਾ ਝਾਤ ਮਾਰੋ ਕਿ ਦਸਮੇਸ਼ ਪਿਤਾ ਦੇ ਇਸ ਪਰਿਵਾਰ ਵਿੱਚ ਕਿਤਨੇ ਅੰਮਿ੍ਰਤਧਾਰੀ-ਜੱਜ,ਡਾਕਟਰ, ਅਰਥ ਸ਼ਾਸਤਰੀ ,ਵਿਗਿਆਨਕ, ਜਰਨਲਿਸਟ ਅਤੇ ਪਾਇਲਟ ਹਨ। ਕਿੰਨੇ ਸਾਡੇ ਕੋਲ ਵੱਡੇ ਹਸਪਤਾਲ ਹਨ, ਕਿੰਨੇ ਸਾਡੇ ਕੋਲ ਵੱਡੀਆਂ ਵੱਡੀਆਂ ਯੂਨੀਵਰਸਿਟੀ ਹਨ। ਕਿੰਨਾ ਸਾਡੇ ਕੋਲ ਸ਼ੋਸ਼ਲ ਮੀਡੀਆ ਹੈ। ਅਸੀ ਅੱਜ ਤੱਕ ਕੋਈ ਨੋਬਲ ਪ੍ਰਾਈਜ਼ ਕਿਉਂ ਨਹੀਂ ਜਿੱਤਿਆ? ਕਿੰਨੇ ਸਾਬਤ ਸੂਰਤ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਪਹੁੰਚਦੇ ਹਨ। ਸਾਡੀ ਆਵਾਜ਼ ਦੁਨੀਆਂ ਤੱਕ ਕਿਉਂ ਨਹੀਂ ਪਹੁੰਚਦੀ। ਗੁਰਸਿੱਖ ਸ਼ਰਧਾਲੂ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ 17,00,000/- ਰੁਪਈਏ ਨਾਲ ਤਕਰੀਬਨ 500 ਬੱਚਿਆਂ ਨੂੰ ਇੱਕ ਸਾਲ ਫ੍ਰੀ ਵਿਦਿਆ ਦਿੱਤੀ ਜਾ ਸਕਦੀ ਸੀ। ਸ਼ਾਇਦ ਇਸਦੇ ਵਿਚੋਂ ਹੀ ਕੋਈ ਸੋਨੇ ਵਰਗਾ ਗੁਰਸਿੱਖ ਪੈਦਾ ਹੋ ਜਾਂਦਾ।ਮੈਨੂੰ ਲੱਗਦਾ ਕਿ ਜੇ ਅਸੀਂ ਗੁਰਬਾਣੀ ਨੂੰ ਸਮਝਿਆ ਹੁੰਦਾ ਤਾਂ ਐਸੀਆਂ ਨਾਦਾਨੀਆਂ ਕਦੇ ਨਾ ਕਰਦੇ। ਕਿਉਂਕਿ ਭਾਈ ਗੁਰਦਾਸ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ ਸ਼ਬਦ ਸਿਖਾਏ ਕਾ। (673-6) ਆਓ ਅਸੀਂ ਪ੍ਰਣ ਲਈਏ ਕਿ ਚੌਰ ਕੀ, ਜੇਕਰ ਗੁਰਦੁਆਰੇ ਵੀ ਸੋਨੇ ਦੇ ਬਣਾ ਕੇ ਦਾਨ ਕਰ ਦੇਈਏ ਤਾਂ ਉਸ ਦਾ ਕੋਈ ਅਰਥ ਨਹੀਂ। ਜੇਕਰ ਉਸ ਵਿੱਚ ਬੈਠਣ ਵਾਲੇ ਅਗਿਆਨਤਾ ਨਾਲ ਜੂਝ ਰਹੇ ਹਨ। ਲੋੜ ਹੈ ਗਿਆਨ ਵੰਡਣ ਦੀ ਅਤੇ ਆਉਣ ਵਾਲੀ ਪਨੀਰੀ ਨੂੰ ਚੰਗੀ ਅਤੇ ਉਚੇਰੀ ਵਿਦਿਆ ਦੇਣ ਦੀ। ਜਿਨ੍ਹਾਂ ਦਾ ਪ੍ਰਬੰਧ ਸਾਡੇ ਗੁਰਦੁਆਰਿਆਂ ਸਾਹਿਬ ਤੋਂ ਹੋਣਾ ਚਾਹੀਦਾ ਹੈ। ਸੋਨਾ ਦਾਨ ਕਰਨ ਦੀ ਸੋਚ ਨੂੰ ਬਦਲ ਕੇ ਸੋਨੇ (24 ਕੈਰਟ) ਵਰਗੇ ਗੁਰਸਿੱਖ ਬਣਾਈਏ, ਉਨ੍ਹਾਂ ਨੂੰ ਪੜ੍ਹਾਈਏ ਲਿਖਾਈਏ ਤਾਂ ਕਿ ਸਾਡੇ ਨੌਜਵਾਨ ਇਨ੍ਹਾਂ ਗੁਰਦੁਆਰਿਆਂ ’ਤੇ ਮਾਣ ਮਹਿਸੂਸ ਕਰ ਸਕਣ ਅਤੇ ਸਿੱਖੀ ਦੀ ਚੜ੍ਹਦੀ ਕਲਾ ਹੋਵੇ।