ਸਿੱਖ ਮਾਨਸਿਕਤਾ ਦੇ ਰਿਸਦੇ ਜ਼ਖਮ-ਸਾਕਾ ਸਰਹੰਦ

0
294

ਸਿੱਖ ਮਾਨਸਿਕਤਾ ਦੇ ਰਿਸਦੇ ਜ਼ਖਮ-ਸਾਕਾ ਸਰਹੰਦ

-ਇਕਵਾਕ ਸਿੰਘ ਪੱਟੀ-98150-24920

ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿਉਂਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇ੍ਹਨਾਂ ਵਿੱਚੋਂ ਹੀ ‘ਸਾਕਾ ਸਰਹੰਦ’ਜਾਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਇੱਕੋ ਇੱਕ ਅਜਿਹਾ ਸਾਕਾ ਹੈ, ਜਿਸ ਵਿੱਚ ਕੇਵਲ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਅਣਖ਼ ਅਤੇ ਗ਼ੈਰਤ ਦਾ ਅਜਿਹਾ ਸਬੂਤ ਦਿੱਤਾ ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ। ਅੱਜ ਵੀ ਇਸ ਸਾਕੇ ਤੋਂ ਰੋਸ਼ਨੀ ਲੈ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿੱਥੇ ਵੀ ਵੱਸਦਾ ਹੈ, ਆਪਣੇ ਧਰਮ ਲਈ, ਮਾਨਵਤਾ ਦੇ ਲਈ ਮਰ ਮਿਟਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।

ਗੱਲ ਉਸ ਸਮੇਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਲਿਆ ਅਤੇ 6-7 ਮਹੀਨੇ ਘੇਰਾ ਜਾਰੀ ਰਿਹਾ। ਫਿਰ ਦੁਸ਼ਮਣਾਂ ਨੇ ਸਤਿਗੁਰੂ ਜੀ ਕੋਲ ਝੂਠੀਆਂ ਕਸਮਾਂ ਖਾਧੀਆਂ ਕਿ ਆਪ ਜੀ ਕਿਲ੍ਹੇ ਨੂੰ ਖ਼ਾਲੀ ਕਰ ਦੇਵੋ ਅਸੀਂ ਆਪ ਜੀ ਨੂੰ ਕੁਝ ਨਹੀਂ ਕਹਾਂਗੇ ਅਤੇ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣਾ ਉਚਿਤ ਸਮਝਿਆ ਅਤੇ ਗੁਰੂ ਸਾਹਿਬਾਨ (ਸਮੇਤ ਪਰਿਵਾਰ) ਅਤੇ ਸਿੱਖ ਫੋਜਾਂ ਅਜੇ ਕੁੱਝ ਦੂਰ ਹੀ ਗਈਆਂ ਸਨ ਕਿ ਦੁਸ਼ਮਣਾਂ ਦੇ ਟਿੱਡੀ ਦਲ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਛਿੱਕੇ ’ਤੇ ਟੰਗਦਿਆਂ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਵੀ ਚੜ੍ਹੀ ਹੋਈ ਸੀ। ਮੈਦਾਨ-ਏ-ਜੰਗ ਵਿੱਚ ਸਰਸਾ ਦੇ ਕੰਢੇ ਤੋਂ ਸਾਹਿਬੇ ਕਮਾਲ ਚੋਜੀ ਪ੍ਰੀਤਮ ਗੁਰੂੁ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਥੇ ਇੱਕ ਗੱਲ ਜ਼ਰੂਰ ਨੋਟ ਕਰਨੀ ਵਾਲੀ ਹੈ ਕਿ ਜੇ ਗੁਰੂ ਪਾਤਸ਼ਾਹ ਚਾਹੁੰਦੇ ਤਾਂ ਕੀ ਇੱਥੇ ਆਪਣੇ ਪਰਿਵਾਰ ਨੂੰ ਬਚਾ ਕੇ ਨਹੀਂ ਰੱਖ ਸਕਦੇ ਸਨ? ਬਿਲਕੁਲ ਰੱਖ ਸਕਦੇ ਸਨ ਪਰ ਸੰਸਾਰ ਨੂੰ ਇੱਕ ਮਿਸਾਲ ਦੇਣੀ ਸੀ ਕਿ ਗੁਰੂ ਦਾ ਸਿੱਖ ਭਾਵੇਂ 6 ਅਤੇ 8 ਸਾਲ ਦੀ ਉਮਰ ਦਾ ਹੋਵੇ, ਭਾਵੇਂ ਉਹ ਬੁਢੜੀ ਮਾਤਾ, ਬਿਰਧ ਹੋਵੇ, ਭਾਵੇਂ ਗੁਰੂ ਕੇ ਮਹਿਲ ਹੋਣ ਜਾਂ ਗੁਰੂ ਪਾਤਸ਼ਾਹ ਆਪ ਹੋਣ ਜਾਂ ਫਿਰ ਭਾਵੇਂ ਗਿਣਤੀ ਦੇ ਭੁਖੇ-ਭਾਣੇ 40 ਸਿੰਘ ਹੋਣ ਬੁਰਾਈ ਦਾ ਮੁਕਾਬਲਾ ਕਰਦਿਆਂ ਅਤੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਕੁਰਬਾਨ ਹੋਣਾ ਮਨਜੂਰ ਹੈ ਪਰ ਕਿਸੇ ਦੀ ਈਨ ਮੰਨਣੀ ਗੁਰੂ ਨਾਨਕ ਪਾਤਿਸ਼ਾਹ ਨੇ ਸਾਨੂੰ ਨਹੀਂ ਸਿਖਾਇਆ ਹੈ।

ਜਦ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਤਾਂ ਪਰਿਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਹਾਮਣ (ਜੋ 20-22 ਸਾਲ ਦੇ ਕਰੀਬ ਗੁਰੂ ਘਰ ਦਾ ਨੌਕਰ ਵੀ ਰਹਿ ਚੁੱਕਾ ਸੀ) ਆਪਣੇ ਪਿੰਡ ਲੈ ਗਿਆ ਅਤੇ ਲਾਲਚ ਵੱਸ ਆ ਕੇ ਛੋਟੇ ਸਾਬਿਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿੱਚ ਜਾ ਕੇ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੇ ਦਿੱਤੀ ਕਿ ਬਾਗ਼ੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਅਤੇ ਲਾਲ ਮੇਰੇ ਘਰ ਵਿੱਚ ਹਨ। ਤੁਸੀਂ ਉਹਨਾਂ ਨੂੰ ਗਿ੍ਰਫਤਾਰ ਕਰ ਲਵੋ ਅਤੇ ਸੂਹ ਦੇਣ ਬਦਲੇ ਰੱਖਿਆ ਇਨਾਮ ਮੈਨੂੰ ਦੇ ਦੇਵੋ। ਜਿਸ ਦੀ ਬਦੌਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਹ 21-22 ਦਸੰਬਰ ਦੀ ਠੰਡੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ।

ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ।’ ਪਰ, ਇਸ ਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਅੰਦਰ ਕੀਤੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫ਼ਤਹਿ ਬੁਲਾ ਦਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ (ਗੰਗੂ ਬ੍ਰਾਹਮਣ ਦੀ ਸੋਚ ’ਤੇ ਪਹਿਰਾ ਦਿੰਦਾ) ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ: ‘ਓਏ! ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ।’ ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ ਕਿ ਸਾਨੂੰ ਪਤਾ ਹੈ, ਪਰ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।’

ਕਹਿੰਦੇ ਨੇ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁਤਾ ਪਿਆਰ ਕਰੋ ਤਾਂ ਕਿ ਉਹ ਡੋਲ੍ਹ ਜਾਵੇ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੂ ਜੀ ਦੇ ਲਾਲਾਂ ’ਤੇ ਅਜ਼ਮਾਏ ਗਏ।

ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁੱਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ?’ ਲ਼ਾਲ ਕਹਿਣ ਲੱਗੇ:

‘ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)

ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।’

ਦਰਬਾਰੀ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: ‘ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ।’ ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ:

‘ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,

ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੌਲਾਦ ਦੇ ਬਣੇ ਹੋਏ ਹਾਂ।’

ਤਾਂ ਵਜ਼ੀਰ ਖਾਂ ਕਹਿਣ ਲੱਗਾ: ‘ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ।’ ਤਾਂ ਗੁਰੂ ਕੇ ਲਾਲ ਨੇ ਜਵਾਬ ਦਿੱਤਾ: ‘ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦੇਵੀਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਮ.1/1412)

ਵਜ਼ੀਰ ਖਾਂ ਕਹਿਣ ਲੱਗਾ:

‘ਜ਼ੋਰਾਵਰ ਸਿੰਘ, ਔਹ ਵੇਖ ਲੈ ਆਰ ਦੇ ਦੰਦੇ।’

ਤਾਂ ਅਗੋਂ ਜਵਾਬ ਸੀ:

‘ਮਤੀ ਦਾਸ ਦੇ ਸਿਰ ’ਤੇ ਐ ਜ਼ਾਲਮ! ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ।’

ਵਜ਼ੀਰ ਖਾਂ ਫਿਰ ਕਹਿਣ ਲੱਗਾ:

‘ਸੋਚ ਫ਼ਤਹਿ ਸਿੰਘ ਸੋਚ! ਨਹੀਂ ਤਾਂ ਮੱਛੀ ਵਾਂਗੂ ਲੋਹ ’ਤੇ ਤਲਜਾ।’

ਤਾਂ ਅਗੋਂ ਜਵਾਬ ਸੀ:

‘ਓਏ! ਮੇਰੇ ਬਾਬੇ ਅਰਜਨ ਨੇ, ਇਸ ’ਤੇ ਵੀ ਅੰਗ ਤੁਲ੍ਹਾ ਕੇ ਦੇਖ ਲਏ ਨੇ।’

ਤਾਂ ਵਜ਼ੀਰ ਖਾਂ ਕਹਿਣ ਲੱਗਾ:

‘ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਂਗ ਉਬਾਲੇ ਜਾਸੋ।’

ਅਗੋਂ ਜਵਾਬ ਆਇਆ:

‘ਓਏ! ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।’

ਸਾਹਿਬਜ਼ਾਦੇ ਕਹਿਣ ਲੱਗੇ: ‘ਤੂੰ ਜਿੰਨਾਂ ਮਰਜ਼ੀ ਜ਼ੁਲਮ ਕਰ ਲੈ ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।’ ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਹੈ ਉਸ ਨੇ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ਼ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ:

‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ॥’’ (ਮ.3/918)

ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੂ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ ਕਿ ਤੁਹਾਨੂੰ ਤਖ਼ਤ ’ਤੇ ਤਾਜ਼ ਮਿਲੇਗਾ। ਤਾਂ ਅੱਗੋਂ ਜੁਆਬ ਸੀ:

‘ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ’ਤੇ ਤਾਜ਼ ਠੁਕਰਾ ਸਕਦੇ ਹਾਂ, ਨੀਹਾਂ ਵਿੱਚ ਚਿਣਵਾ ਕੇ ਆਪਾ, ਰੋਮ-ਰੋਮ ਮੁਸਕਰਾ ਸਕਦੇ ਹਾਂ।’

ਵਜ਼ੀਰ ਖਾਂ ਕਹਿਣ ਲੱਗਾ: ਕਿ ਤੁਹਾਨੂੰ ਪਤਾ ਨਹੀਂ ਕਿ ਤਖ਼ਤ ਤਾਜ ਦੀ ਕੀਮਤ ਕਿੰਨੀ ਹੁੰਦੀ ਹੈ ? ਤੁਹਾਨੂੰ ਹੂਰਾਂ ਦੇ ਡੋਲੇ ਮਿਲਣਗੇ ਪਰ ਸਾਹਿਬਜ਼ਾਦਿਆਂ ਦਾ ਇੱਕੋ ਹੀ ਜਵਾਬ ਸੀ ਕਿ ‘ਸਾਨੂੰ ਆਪਣੀ ਸਿੱਖੀ ਤੋਂ ਵੱਧ ਕੁਝ ਵੀ ਪਿਆਰਾ ਨਹੀਂ। ਸਾਡੀ ਸਿੱਖੀ ਤੋਂ ਕੀਮਤੀ ਸ਼ੈਅ ਦੁਨੀਆਂ ’ਤੇ ਕੋਈ ਹੋਰ ਹੋ ਈ ਨਹੀਂ ਸਕਦੀ। ਅਸੀਂ ਤੇਰੇ ਰਾਜ ਭਾਗ ਨੂੰ ਸਿੱਖੀ ਸਾਹਮਣੇ ਤੁੱਛ ਸਮਝਦੇ ਹਾਂ।’

ਜਦ ਸਫਲਤਾ ਹੱਥ ਨਾ ਲੱਗੀ ਤਾਂ ਅੰਤ ਵਜ਼ੀਰ ਖਾਂ ਨੇ ਕਾਜ਼ੀ ਨਾਲ ਸਲਾਹ ਕਰਨ ਤੋਂ ਬਾਅਦ ਇਹ ਫ਼ਤਵਾ ਦੇ ਦਿੱਤਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਇੱਕ ਵਾਰ ਫਿਰ ਵਜ਼ੀਰ ਖਾਂ ਨੇ ਜੱਲਾਦਾਂ ਦੇ ਜ਼ਰੀਏ ਲਾਲਾਂ ਨੂੰ ਡਰਾ ਕੇ ਸਿੱਖੀ ਤਿਆਗਣ ਲਈ ਕਿਹਾ। ਜੱਲਾਦ ਕਹਿਣ ਲੱਗੇ: ‘ਬੱਚਿਉ! ਤੁਸੀਂ ਮਾਸੂਮ ਜਿੰਦਾਂ ਹੋ, ਵਜ਼ੀਰ ਖਾਂ ਦਾ ਆਖਾ ਮੰਨ ਲਉ, ਅਸੀ ਖਾਨਦਾਨੀ ਜੱਲਾਦ ਹਾਂ, ਤੁਹਾਡੇ ਵਰਗੇ ਕਈ ਮਾਰ ਛੱਡੇ ਹਨ। ਧਰਮ ਨੂੰ ਛੱਡ ਦਿਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ।’ ਸਾਹਿਬਜ਼ਾਦੇ ਜੋਸ਼ ਵਿੱਚ ਆ ਕੇ ਕਹਿਣ ਲੱਗੇ: ‘ਤੁਸੀ ਵੀ ਸਾਡੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ ‘ਜੇ ਤੁਸੀ ਖ਼ਾਨਦਾਨੀ ਜੱਲਾਦ ਹੋ, ਤਾਂ ਫਿਰ ਅਸੀਂ ਵੀ ਖ਼ਾਨਦਾਨੀ ਸ਼ਹੀਦ ਹਾਂ। ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੀ ਜਾਵੋ, ਤੁਸੀਂ ਸਾਡੇ ਵੰਸ਼ ਦੀ ਅਗਰ ਰੀਤ ਨਹੀਂ ਸੁਣੀਂ ਤਾਂ ਸੁਣ ਲੈ:

‘ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨਾ ਜਾਈ॥’

ਆਖਿਰ ਕਹਿੰਦਿਆਂ:

‘‘ਦਸ ਸਾਲ ਔਰ ਜੀ ਕੇ ਵੀ, ਮਰਨਾ ਜ਼ਰੂਰ ਥਾ। ਸਰ ਕੌਮ ਸੇ ਬਚਾਨਾ ਗ਼ੈਰਤ ਸੇ ਦੂਰ ਥਾ।

ਹਮ ਜਾਨ ਦੇਕਰ ਅੋਰੋਂ ਕੀ ਜਾਨ ਬਚਾ ਚਲੇ। ਸਿੱਖੀ ਕੀ ਨੀਂਵ ਸਿਰੋਂ ਪੇ ਉਠਾ ਚਲੇ।’

ਜਦੋਂ ਕੰਧ ਛਾਤੀ ਤੱਕ ਅੱਪੜ ਗਈ ਤਾਂ ਆਰਜ਼ੀ ਢਾਂਚਾ ਧੜੱਮ ਕਰਕੇ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ, ਜੋ ਮੁੜ ਕਦੇ ਹੋਸ਼ ਵਿੱਚ ਨਾ ਆਏ। ਆਪਣੇ ਮਨਸੂਵਿਆਂ ’ਚ ਸਫਲ ਨਾ ਹੋਣ ਕਾਰਨ ਗੁੱਛਾ ਮਾਤਾ ਗੁਜ਼ਰ ਕੌਰ ਜੀ ’ਤੇ ਕੱਢ ਕੇ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਹੱਸਦਿਆਂ-ਹੱਸਦਿਆਂ ਦੋਵੇ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਸ਼ਹੀਦੀਆਂ ਪਾ ਗਏ ਪਰ ਜਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਈਂਨ ਨਹੀਂ ਮੰਨੀ ਅਤੇ ਉਹਨਾਂ ਦਾ ਸੁਪਨਾ ਕਦੇ ਵੀ ਪੂਰਾ ਨਾ ਹੋਣ ਦਿੱਤਾ। ਉਸ ਸਮੇਂ ਦਾ ਹਾਲ ਲਿਖਦਾ ਜੋਗੀ ਅੱਲਾ ਯਾਰ ਖਾਂ ਆਖ ਰਿਹਾ ਹੈ:

‘ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ, ਬੀਨੀ (ਨੱਕ) ਕੋ ਢਾਪਤੇ ਹੀ ਵੁਹ ਆਖੋਂ ਪਰ ਛਾ ਗਈ। ਹਰ ਚਾਂਦ ਸੀ ਜਬੀਨ (ਮੱਥਾ) ਕੋ ਘਨ (ਗ੍ਰਹਣ) ਸਾ ਲਗਾ ਗਈ, ਲਖ੍ਹਤੇ-ਜਿਗਰ (ਜਿਗਰ ਦੇ ਟੋਟੇ) ਗੁਰੂ ਕੇ ਵਹੁ ਦੋਨੋਂ ਛੁਪਾ ਗਈ। ਜੋਗੀ ਜੀ! ਇਸ ਕੇ ਬਾਦ ਹੁਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ, ਈਟੋਂ ਕਾ ਢੇਰ ਥੀ।’

ਗੁਰੂ ਘਰ ਦੇ ਇੱਕ ਉਪਾਸ਼ਕ ਸੇਠ ਦੀਵਾਨ ਟੋਡਰ ਮੱਲ੍ਹ ਨੇ ਇਹਨਾਂ ਤਿੰਨ੍ਹਾਂ ਸ਼ਹੀਦਾਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ। ਸਸਕਾਰ ਲਈ ਜ਼ਮੀਨ ਦਾ ਇੱਕ ਟੁੱਕੜਾ ਬੜੀ ਭਾਰੀ ਕੀਮਤ ਅਦਾ ਕਰਕੇ ਖਰੀਦਿਆ ਗਿਆ। ਸਬੰਧਿਤ ਧਰਤੀ ਦੇ ਟੁੱਕੜੇ ’ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਮੁੱਲ ਉਤਾਰਿਆ ਸੀ।

ਮਹਾਨ ਪੱਛਮੀ ਵਿਦਵਾਨ ਮਿਸਟਰ ਟਰੰਪ ਨੇ ਇਸ ਤੋਂ ਪ੍ਰਭਾਵਿਤ ਹੋ ਕੇ ਦਾਅਵੇ ਨਾਲ ਕਹਿ ਦਿੱਤਾ ਸੀ ਕਿ ‘ਜਦ ਤੱਕ ਸਿੱਖਾਂ ਕੋਲ ਇਹ ਜ਼ਮੀਨ ਹੈ, ਉਤਨਾ ਚਿਰ ਸਿੱਖ ਧਰਮ ਡੋਲ ਨਹੀਂ ਸਕਦਾ, ਕਦੇ ਮਿਟ ਨਹੀਂ ਸਕਦਾ।’

ਪੁੱਛਿਆ ਗਿਆ ਕਿ ਕਿਹੜੀ ਜ਼ਮੀਨ ਬਾਰੇ ਕਹਿ ਰਹੇ ਹੋ ?

ਤਾਂ ਉਸ ਨੇ ਜੁਆਬ ਵਿੱਚ ਕਿਹਾ:

‘ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਸੂਮ ਬਾਲ ਦੀਵਾਰ ਵਿੱਚ ਚਿਣੇ ਗਏ ਸਨ ਤੇ ਦੂਜੀ ਉਹ, ਜਿੱਥੇ ਮਾਤਾ ਗੁਜ਼ਰੀ ਸਮੇਤ ਉਨਾਂ ਦੇ ਸਰੀਰਾਂ ਦਾ ਸਸਕਾਰ ਟੋਡਰ ਮੱਲ੍ਹ ਜੀ ਨੇ ਹਾਕਮ ਤੋਂ ਮੋਹਰਾਂ ਵਿਛਾ ਕੇ ਥਾਂ ਮੁੱਲ ਲੈ ਕੇ ਕੀਤਾ ਸੀ।’

ਸਾਕਾ ਸਰਹੰਦ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਇਹ ਸਾਕਾ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ। ਇਹ ਸਾਕਾ ਸਰਹੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਕੇ, ਦੋਸ਼ੀਆਂ ਨੂੰ ਆਪਣੇ ਪਾਪਾਂ ਦੀ ਸਜ਼ਾ ਦੇਣ ਲਈ, ਪੰਜਾਬ ਦੇ ਇਤਿਹਾਸਕ ਰੰਗ ਮੰਚ ’ਤੇ ਅਚਾਨਕ ਇੱਕ ਨਾਇਕ ਦੇ ਤੌਰ ’ਤੇ ਉਭਰ ਕੇ ਸਾਹਮਣੇ ਆਇਆ। ਜਿੱਤਾਂ ਦੇ ਇੱਕ ਲੰਮੇ ਸਿਲਸਲੇ, ਹਰ ਮੈਦਾਨ ਫ਼ਤਹਿ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹੰਦ ਵੱਲ ਵਾਂਗਾਂ ਮੋੜੀਆਂ।

ਬੰਦਾ ਸਿੰਘ ਬਹਾਦਰ ਨੇ ਸਰਹੰਦ ਤੋਂ 12 ਕੁ ਮੀਲ ਦੀ ਵਿੱਥ ਤੇ ਚੱਪੜਚਿੜੀ ਮੈਦਾਨ ਆ ਮੱਲਿਆ। 12 ਮਈ 1710 ਨੂੰ ਸੂਬੇਦਾਰ ਵਜ਼ੀਰ ਖਾਂ ਦੀ ਫੌਜ ਨਾਲ ਘਮਸਾਨ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਸਾਕਾ ਸਰਹੰਦ ਦਾ ਮੁੱਖ ਗ਼ੁਨਾਹਗਾਰ ਸੂਬੇਦਾਰ ਵਜ਼ੀਰ ਖ਼ਾਨ ਮਾਰਿਆ ਗਿਆ। ਇਸ ਤਰ੍ਹਾਂ ਧਰਮ ਦੀ ਜਿੱਤ ਹੋਈ ਅਤੇ ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ।

ਇਸ ਚੜ੍ਹਤ ਦੌਰਾਨ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਸਾਹਿਬਾਨ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਇਹ ਸਾਕਾ ਸਰਹਿੰਦ ਦੇ ਤੀਖੇ ਪ੍ਰਤੀਕਰਮ ਵੱਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਹਿੰਦੁਸਤਾਨ ’ਤੇ ਚੱਲੀ ਆ ਰਹੀ ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਗਲਾਂ ’ਤੇ ਜਿੱਤ ਪ੍ਰਾਪਤ ਕਰਕੇ ਗਜਨਵੀ, ਤੈਮੂਰ ਅਤੇ ਬਾਬਰ ਦੇ ਖ਼ਾਨਦਾਨ ਦੇ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਅਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਹੁਣ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਹੰਦ ਦੀ ਉਹ ਖ਼ੂਨੀ ਦੀਵਾਰ ਸਿੱਖ ਰਾਜ ਦਾ ਨੀਂਹ ਪੱਥਰ ਹੋ ਨਿਬੜੀ। ਅੱਜ ਵੀ ਸਾਕਾ ਸਰਹੰਦ ਸਿੱਖਾਂ ਲਈ ਸ਼ਕਤੀ ਦਾ ਇੱਕ ਸੋਮਾ ਹੈ।

ਗੁਰੂ ਜੀ ਦੇ ਸਿੰਘਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੁਝ ਸਾਲਾਂ ਵਿੱਚ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਜਾਲਮ ਰਾਜ ਦਾ ਅੰਤ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖ਼ਾਲਸਾ ਰਾਜ ਦੀ ਨੀਂਹ ਰੱਖੀ ਗਈ।

ਸੰਸਾਰ ਵਿੱਚ ਪਹਿਲੀ ਵਾਰ ਲੋਕ ਰਾਜ ਸਥਾਪਿਤ ਹੋਇਆ। ਪੰਦ੍ਰਾਂ ਸਾਲਾਂ ਵਿੱਚ ਹੀ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ। ਇੱਕ ਸਦੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਪਰ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੀ ਹੁੰਦਾ ਰਿਹਾ। ਸਿੱਖ ਇਤਿਹਾਸ ਹੀ ਸ਼ਹੀਦੀਆਂ ਦੀ ਗਾਥਾ ਦਾ ਨਾਮ ਹੈ, ਮਨੁੱਖੀ ਹੱਕਾਂ ਦੀ ਰਾਖੀ ਦਾ ਬਿ੍ਰਤਾਂਤ ਹੈ, ਸੱਚ, ਹੱਕ ਅਤੇ ਲੋਕਰਾਜ ਦੀ ਸਥਾਪਤੀ ਦਾ ਨਿਸ਼ਾਨ ਹੈ।

ਠੀਕ ਲਿਖਿਆ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ ਭਾਈ ਬਲਬੀਰ ਸਿੰਘ ਜੀ ਨੇ ਕਿਹਾ ‘ਸਰਹਿੰਦ ਦੀ ਦੀਵਾਰ ਇੱਕ ਨਮਖੀਨਾ ਹੈ, ਜਿਸ ਤੋਂ ਗੁਰੂ ਗੋਬਿੰਦ ਸਿੰਘ (ਪਿਤਾ) ਦੇ ਜਿਗਰ ਦੀ ਬੁਲੰਦੀ ਦੇਖੀ ਜਾ ਸਕਦੀ ਹੈ। ਇਹ ਦੀਵਾਰ ਇੱਕ ਤਰਾਜੂ ਹੈ, ਜਿਸ ਵਿੱਚ ਦੁਸ਼ਟਾਂ ਦਾ ਵਹਿਸ਼ੀਪੁਣਾ ਤੋਲਿਆ ਜਾ ਸਕਦਾ ਹੈ।’

ਬੇਸ਼ੱਕ ਇੱਕ ਮਨੌਤ ਪ੍ਰਚੱਲਿਤ ਹੈ ਕਿ ਟੁੱਟੇ ਸਾਜਾਂ ਵਿੱਚੋਂ ਸੰਗੀਤ ਪੈਦਾ ਨਹੀਂ ਕੀਤਾ ਜਾ ਸਕਦਾ ਅਤੇ ਬੁਝ ਚੁੱਕੀਆਂ ਸ਼ਮ੍ਹਾਂ ਰੋਸ਼ਨੀ ਨਹੀਂ ਦਿੰਦੀਆਂ ਪਰ ਸ਼ਾਇਰ ਕੁੰਦਨ ਇਸ ਨੂੰ ਅਪ੍ਰਵਾਣ ਕਰਦਾ ਹੋਇਆ ਸਰਹੰਦ ਦੀ ਦੀਵਾਰ ਬਾਰੇ ਇਉਂ ਲਿਖਦਾ ਹੈ:

‘ਸਾਜ਼ਾਂ ਟੁੱਟ ਕੇ ਗਾਇਆ, ਇਸ਼ਕ ਦੇ ਇੱਕ ਤਰਾਨੇ ਨੂੰ। ਸ਼ਮ੍ਹਾਂ ਬੁੱਝ ਕੇ ਵੀ ਦੇ ਰਹੀਆਂ, ਚਾਨਣ ਜ਼ਮਾਨੇ ਨੂੰ।’

ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸਾਜ ਬੇਸ਼ੱਕ ਸਦੀਆਂ ਪਹਿਲਾਂ ਟੁੱਟ ਗਏ ਪਰ ਅੱਜ ਵੀ ਅਣਖ਼ ਅਤੇ ਗ਼ੈਰਤ ਦਾ ਸੰਗੀਤ ਸੁਣਾਈ ਦੇ ਰਿਹਾ ਹੈ। ਦਸਮੇਸ਼ ਪਿਤਾ ਜੀ ਦੇ ਦੋ ਦੀਪਕ ਬੁਝਿਆਂ ਨੂੰ ਸਮਾਂ ਬੀਤ ਗਿਆ ਪਰ ਸਿੱਖੀ ਦੇ ਚਾਉ ਦਾ ਚਾਨਣ ਅੱਜ ਵੀ ਮਿਲ ਰਿਹਾ ਹੈ।

ਕਿਸੇ ਸਾਇਰ ਦੇ ਇਹ ਬਚਨ ਜ਼ਰੂਰ ਧਿਆਨ ਖਿੱਚਦੇ ਹਨ:

‘ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ। ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ।’

ਪਰ ਅਤਿ ਅਫਸੋਸ ਕੌਮ ਦੇ ਵਾਰਿਸ ਐ ਨੌਜਵਾਨ ਵੀਰੋ ਅਤੇ ਭੈਣੋ! ਅੱਜ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਆਪਣੀਆਂ ਸ਼ਕਲਾਂ ਦੇਖੋ, ਕਿ ਤੁਸੀਂ ਵਾਕੇਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦੇ ਵੀਰ ਅਤੇ ਭੈਣਾਂ ਅਖਵਾਉਣ ਦੇ ਹੱਕਦਾਰ ਹੋ? ਅੱਜ ਤੁਸੀਂ ਆਪਣੇ ਕੇਸ-ਦਾੜ੍ਹੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ, ਅਤੇ ਨਸ਼ਿਆਂ ਦੇ ਵਿੱਚ ਗ਼ਲਤਾਨ ਹੋ ਕੇ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ। ਇੰਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗਰੀਬ ਕਿਉਂ ਹੁੰਦੀ ਜਾ ਰਹੀ ਹੈ? ਜਾਗ ਨੌਜਵਾਨ ਜਾਗ! ਸਾਡੇ ਸਿਰ ’ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਰਜ਼ ਹੈ

‘‘ਹਮਰੈ ਮਸਤਕਿ ਦਾਗੁ ਦਗਾਨਾ, ਹਮ ਕਰਜ ਗੁਰੂ ਬਹੁ ਸਾਢੇ॥’’ (ਪੰਨਾ-171)

ਆਜਾ ਵਾਪਿਸ ਅਤੇ ਮੁੜ ਸਾਬਤ ਸੂਰਤ ਬਣਾ ਅਤੇ ਸਿਰ ’ਤੇ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ’ਤੇ ਮਾਣ ਕਰ ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰ। ਆਉ! ਸ਼ਾਹਿਬਜ਼ਾਦਿਆਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਉਹ ਕੌਮਾਂ ਹਮੇਸ਼ਾਂ ਜਿਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਪੈਰੋਕਾਰ ਧਰਮ ਲਈ ਕੁਰਬਾਨੀਆਂ ਕਰ ਜਾਂਦੇ ਹਨ:

‘ਅਮਰ ਰਹਿੰਦੀਆਂ ਜਗ ’ਤੇ ਉਹ ਕੌਮਾਂ, ਵੀਰ ਜਿੰਨ੍ਹਾਂ ਦੇ ਘਾਲਣਾ ਘਾਲਦੇ ਨੇ।

ਛੰਨੇ ਦੇ ਫੜ੍ਹ ਕੇ ਪੁੱਤ ਜਿਸ ਦੇ, ਆਪਣੀ ਕੌਮ ਨੂੰ ਅੰਮਿ੍ਰਤ ਪਿਲਾਂਵਦੇ ਨੇ।

–ਇਕਵਾਕ ਸਿੰਘ ਪੱਟੀ-98150-24920, ਸੁਲਤਾਨਵਿੰਡ ਰੋਡ, ਅੰਮਿ੍ਰਤਸਰ (www.ikwalsingh.com)

23180cookie-checkਸਿੱਖ ਮਾਨਸਿਕਤਾ ਦੇ ਰਿਸਦੇ ਜ਼ਖਮ-ਸਾਕਾ ਸਰਹੰਦ