ਸਿੱਖ ਬੜੇ ਸਮਝਦਾਰ ਹੋ ਗਏ ਨੇ

0
305

ਸਿੱਖ ਬੜੇ ਸਮਝਦਾਰ ਹੋ ਗਏ ਨੇ

ਇਕਵਾਕ ਸਿੰਘ ਪੱਟੀ-98150-24920

ਸਿੱਖ, ਭਾਵ ਸਿੱਖਣਾ। ਗੁਰੂ ਕਾਲ ਦੌਰਾਨ ਜਿਸ ਕਿਸੇ ਨੇ ਵੀ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਿਆ, ਉਹ ਹੋਰ ਸਮਝਣ ਲਈ ਤਿਆਰ ਹੋ ਗਿਆ, ਹੋਰ ਸਿੱਖਣ ਲਈ ਤਿਆਰ ਹੋ ਗਿਆ ਅਤੇ ਗੁਰੂ ਨਾਨਕ ਵਿਚਾਰਧਾਰਾ ਦੇ ਪਾਂਧੀਆਂ ਨੂੰ ਸਿੱਖ ਕਿਹਾ ਜਾਣ ਲੱਗ ਪਿਆ ਅਤੇ ਇਸ ਤਰ੍ਹਾਂ ਗੁਰੂ ਵਾਕ ‘‘ਜਾਨਉ ਨਹੀ; ਭਾਵੈ ਕਵਨ ਬਾਤਾ ॥ ਮਨ  ! ਖੋਜਿ ਮਾਰਗੁ ॥੧॥ ਰਹਾਉ ॥’’ (ਮ: ੫/੭੧) ਦੇ ਸਿਧਾਂਤ ਰਾਹੀਂ ਰੋਜ਼ਾਨਾ ਹੀ ‘‘ਬੰਦੇ  ! ਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥’’ (ਭਗਤ ਕਬੀਰ/੭੨੭) ਵਾਲੀ ਗੁਰਮਤਿ ਪ੍ਰੰਪਰਾ ਨੂੰ ਸਿੱਖਣ ਵਾਲੇ ਸਿੱਖ, ਆਪਣੇ ਜੀਵਣ ਢੰਗ ਨੂੰ ਸੁਖਾਲਾ ਅਤੇ ਅਨੰਦਮਈ ਕਰਦੇ ਗਏ। ਸਮਾਂ ਜਾਂਦਿਆਂ ਇਸ ਨਵੀਂ ਨਰੋਈ ਵਿਚਾਰਧਾਰਾ ਨੂੰ ਅਪਨਾਉਣ/ਮੰਨਣ ਵਾਲੇ ਇਹਨਾਂ ਸਿੱਖਿਆਰਥੀਆਂ/ਸਿੱਖਾਂ ਦੇ ਇਸ ਕਾਫਲੇ ਨੂੰ ‘ਸਿੱਖ ਧਰਮ’ ਵੱਜੋਂ ਮਾਨਤਾ ਮਿਲਣੀ ਸ਼ੁਰੂ ਹੋ ਗਈ। ਇਸ ਦੇ ਬਾਵਜੂਦ ਆਪਣੇ ਸੱਚ ਦੇ ਧਰਮ ਵਿੱਚ ਪੱਕਿਆਂ ਰਹਿੰਦੇ ਹੋਏ ‘‘ਗੁਰਮੁਖ ਗਾਡੀ ਰਾਹੁ ਚਲੰਦਾ ॥’’ (ਭਾਈ ਗੁਰਦਾਸ ਜੀ/ਵਾਰ ੪੦ ਪਉੜੀ ੧੧) ਦੇ ਪਾਂਧੀਆਂ ਨੇ ਅਜਿਹਾ ਇਤਿਹਾਸ ਸਿਰਜਿਆ ਜਿਸ ਦਾ ਬਦਲ ਕੁੱਲ ਦੁਨੀਆਂ ਨੂੰ ਨਾ ਮਿਲਿਆ ਨਾ ਮਿਲ ਸਕੇਗਾ। ਗੁਰਬਾਣੀ ਤੋਂ ਕੁਰਬਾਨੀ, ਭਗਤੀ-ਸ਼ਕਤੀ, ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਜਿੰਦਗੀ ਦਾ ਅਧਾਰ ਬਣਾ ਕੇ ਚੱਲਣ ਵਾਲੇ ਇਹਨਾਂ ਮਰਜੀਵੜੇ ਸਿੱਖਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ, ਜੋ ਦੁਨੀਆਂ ਦੇ ਇਤਿਹਾਸ ਤੋਂ ਕਿਤੇ ਵੱਖਰੇ ਸਨ। ਸਬਰ, ਦ੍ਰਿੜ੍ਹਤਾ, ਕੁਰਬਾਨੀ, ਮਨੁੱਖੀ ਹੱਕਾਂ, ਇਨਸਾਫ਼ ਕੀ ਹਰ ਕਸਵੱਟੀ ’ਤੇ ਖਰਾ ਉੱਤਰਿਆ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਹਰ ਸਿੱਖ, ਭਾਵੇਂ ਕਿ ਉਹ ਕਿਸੇ ਹੋਰ ਦੂਜੇ ਮਜ਼ਹਬ/ਧਰਮ, ਜ਼ਾਤ/ਬਿਰਾਦਰੀ ਨਾਲ ਸੰਬੰਧ ਰੱਖਦਾ ਸੀ, ਪਰ ਮਨੁੱਖੀ ਹੱਕਾਂ ਲਈ ਜੂਝ ਕੇ ਲੜਿਆ ਅਤੇ ਮਰਿਆ ਗੁਰੂ ਦਾ ਸਿੱਖ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਵਿਚਰਿਆ, ਰਾਜ ਤੱਕ ਸਥਾਪਤ ਕੀਤਾ, ਆਪਣੀ ਕਰੰਸੀ (ਆਪਣੇ ਸਿੱਕੇ) ਤੱਕ ਚਲਾ ਦਿੱਤੇ, ਹਰ ਮੈਦਾਨ ਫਤਿਹ ਕੀਤਾ। ਹਰ ਫੈਸਲਾ ਬੜੇ ਹੀ ਸੁਚੱਜੇ ਢੰਗ ਅਤੇ ਗੰਭੀਰਤਾ ਨਾਲ, ਬੜੀ ਹੀ ਸੰਵੇਦਨਸ਼ੀਲ਼ਤਾ ਅਤੇ ਦੂਰਅੰਦੇਸ਼ੀ ਨਾਲ ਕਰਦੇ ਰਹੇ, ਕਿਉਂਕਿ ਹਰ ਫੈਸਲਾ ਗੁਰੂ ਗ੍ਰੰਥ ਅਤੇ ਪੰਥ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਰਿਹਾ ਸੀ। ਸੱਚ-ਮੁੱਚ ਬਹੁਤ ਹੀ ਸਮਝਦਾਰ ਸਨ ‘ਸਾਡੇ ਬਜ਼ੁਰਗ ਸਿੱਖ’।

ਮੁਆਫ ਕਰਨਾ, ਮੈਂ ਵਿਸ਼ੇ ਤੋਂ ਬਾਹਰ ਹੋ ਗਿਆ ਕਿਉਂਕਿ ਇਸ ਲੇਖ ਦਾ ਸਿਰਲੇਖ ਉਹਨਾਂ ਸਿੱਖਾਂ ਵਾਸਤੇ ਨਹੀਂ, ਜਿਨ੍ਹਾਂ ਦਾ ਸੰਖੇਪ ਜ਼ਿਕਰ ਉੱਪਰ ਕਰ ਆਇਆ ਹਾਂ, ਇਸ ਲੇਖ ਦਾ ਸੰਬੰਧ ਪੂਰਣ ਤੌਰ ਤੇ ਅੱਜ ਦੇ ਸਿੱਖਾਂ ਨਾਲ ਹੈ, ਸੋ ਆਉ ! ਅੱਜ ਦੇ ਸਿੱਖਾਂ ਦੀ ਸਮਝਦਾਰੀ/ਸਿਆਣਪ ਦਾ ਨਮੂਨਾ ਦੇਖਦੇ ਹਾਂ:

ਹੁਣ ਸਿੱਖ, ਨਾਨਕ ਵਿਚਾਰਧਾਰਾ ਤੇ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਦੀ ਬਜਾਇ ਜ਼ਾਤ-ਪਾਤ ਅਧਾਰਿਤ ਬਣੇ ਸੰਗਮਰਮਰ ਦੇ ਗੁਰਦੁਆਰਿਆਂ ਨੂੰ ਵਧੇਰੇ ਮਾਨਤਾ ਦਿੰਦੇ ਹਨ।

ਹੁਣ ਸਿੱਖ, ਕਾਹਲੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ, ਜੋਤ ਨੂੰ ਮੱਥਾ ਟੇਕਣ ਲਈ ਬੜੀ ਹੀ ਸ਼ਿੱਦਤ ਅਤੇ ਸਬਰ ਨਾਲ ਇੰਤਜ਼ਾਰ ਕਰਦੇ ਵੇਖੇ ਜਾ ਸਕਦੇ ਹਨ।

ਹੁਣ ਸਿੱਖ, ਤਖਤੀ ’ਤੇ ਲਿਖਿਆ ਹੋਇਆ ਹੁਕਮਨਾਮਾ ਤੇ ਉਸ ਦਾ ਮਤਲਬ, ਕੜਾਵ ਪ੍ਰਸਾਦਿ ਲੈਣ ਵਾਲੇ ਕਾਉਂਟਰ ਤੱਕ ਪੁੱਜਦਿਆਂ ਹੀ ਭੁੱਲ ਜਾਂਦੇ ਹਨ, ਪਰ ਨਿਸ਼ਾਨ ਸਾਹਿਬ ’ਤੇ ਜਾ ਕੇ ਨੱਕ/ਸਿਰ ਰਗੜਨਾ ਕਦੇ ਨਹੀਂ ਭੁੱਲਦੇ।

ਹੁਣ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਗੁਰਮਤਿ/ਪੰਜਾਬੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਸਾਹਿਤ ਦੀ ਲੋੜ ਨਹੀਂ ਰਹੀ। ਹਿੰਦੀ/ਅੰਗਰੇਜੀ ਸਾਹਿਤ ਅਤੇ ਬੱਚਿਆਂ ਨਾਲ ਹਿੰਦੀ ਅ੍ਰੰਗੇਜੀ ਵਿੱਚ ਗੱਲਾਂ ਕਰਨੀਆਂ ਅਤੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਪੜ੍ਹੇ-ਲਿਖੇ ਸਿੱਖ ਸਾਬਤ ਕਰਨਾ ਪਸੰਦ ਕਰਦੇ ਹਨ।

ਹੁਣ ਸਿੱਖਾਂ ਨੂੰ ਰੋਜ਼ਾਨਾ ਨਿਤਨੇਮ ਦੀ ਲੋੜ ਉੱਕਾ ਹੀ ਨਹੀਂ ਰਹੀ, ਕਿਉਂਕਿ ਹਰ ਘਰ/ਦੁਕਾਨ ਵਿੱਚ ਡੇਢ-ਦੋ ਫੁੱਟ ਦਾ ਮੰਦਰਨੁਮਾ ਗੁਰਦੁਆਰਾ ਕੰਧਾਂ ’ਤੇ ਟੰਗ ਲਿਆ ਹੈ, ਜਿਸ ਵਿੱਚ ਗੁਰੂਆਂ ਦੀਆਂ ਕਾਲਪਨਿਕ ਫੋਟੋਆਂ ਸਮੇਤ ਅਨਮਤੀ ਫੋਟੋਆਂ ’ਤੇ ਧੂਫ/ਬੱਤੀ, ਜਗਮਗ ਕਰਦੇ ਬਿਜਲਈ ਲਾਟੂ, ਅਗਰਬੱਤੀ, ਗੋਲਕ ਆਦਿ ਦੀ ਪੂਜਾ ਕਰਨ ਨਾਲ ਹੀ ਕੁਝ ਕੁ ਮਾਨਸਿਕ ਸ਼ਾਤੀ ਪ੍ਰਾਪਤ ਕਰਨ ਦੀ ਤਾਂਘ ਰਹਿੰਦੀ ਹੈ।

ਹੁਣ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਕਿਤੇ ਬੇਅਦਬੀ ਦੀ ਖਬਰ ਸੁਣ ਲੈਣਾ ਤਾਂ ਬਰਦਾਸ਼ਤ ਨਹੀਂ ਕਰਦੇ, ਪਰ ਉਸੇ ਵੇਲੇ ਇਹ ਖ਼ਬਰ ਸਾਰੀਆਂ ਸੋਸ਼ਲਾਂ ਸਾਈਟਾ/ਵੱਟਸਐਪ ’ਤੇ ਪਾ ਕੇ ਸੱਚੇ ਸਿੱਖ ਹੋਣ ਦਾ ਫ਼ਰਜ਼ ਅਦਾ ਕਰ ਦਿੰਦੇ ਹਨ, ਇਸ ਤੋਂ ਅਗਾਂਹ ਸਭ ਕੁਝ ਪਹਿਲਾਂ ਵਰਗਾ ਬਣ ਜਾਂਦਾ ਹੈ।

ਹੁਣ ਸਿੱਖ, ਅੰਮ੍ਰਿਤ (ਪ੍ਰਚੱਲਿਤ ਸ਼ਬਦ) ਅਸਲ ‘ਪਾਹੁਲ’ ਲੈਣ ਤੋਂ ਬਾਅਦ ਆਪਣੀ ਸੁਵਿਧਾ ਅਨੁਸਾਰ ਗਾਤਰੇ ਦੀ ਥਾਂ ਜਨੇਊ ਦੀ ਇੱਕ ਕਿਸਮ ਵਰਗੀ ਡੋਰੀ/ਧਾਗਾ ਪਾ ਕੇ, ਉਸ ਵਿੱਚ ਇੱਕ ਤੋਂ ਤਿੰਨ ਇੰਚ ਤੱਕ ਦੀ ਕ੍ਰਿਪਾਨ ਪਾ ਲੈਂਦੇ ਹਨ, ਜਿਸ ਕਾਰਨ ਜ਼ਮੀਰ ਉੱਥੇ ਹੀ ਖੜ੍ਹਾ ਹੈ।

ਹੁਣ ਸਿੱਖ, ਬੱਚੇ/ਬੱਚੀ ਦਾ ਅਨੰਦ ਕਾਰਜ ਕਰਨ ਤੋਂ ਪਹਿਲਾਂ ਜ਼ਾਤ/ਪਾਤ, ਸਾਹਾ ਕਢਵਾਉਣਾ, ਬਾਅਦ ਵਿੱਚ ਜੈ-ਮਾਲਾ, ਅਖੌਤੀ ਸੱਭਿਆਚਾਰ ਗਰੁੱਪ, ਸ਼ਰਾਬ-ਸ਼ਬਾਬ ਅਤੇ ਸਾਰੀਆਂ ਅਨਮਤੀ ਰਸਮਾਂ ਮੰਗਣੀ ਤੋਂ ਲੈ ਕੇ ਵਿਆਹ ਤੋਂ ਬਾਅਦ ਨਿਆਣਾ ਜੰਮਣ ਤੱਕ ਕਰਦੇ ਹਨ, ਪਰ ਅਨੰਦ ਕਾਰਜ ਵੇਲੇ ‘ਲਾਵਾਂ’ ਵਾਲੀ ਰਸਮ 15-20 ਮਿੰਟ ਵਿੱਚ ਮੁਕਾਉਣਾ ਉਚਿਤ ਸਮਝਦੇ ਹਨ, ਕਿਉਂਕਿ ਬਾਕੀ ਸਮਾਂ ਬਹੁਤ ਕੀਮਤੀ ਹੈ।

ਹੁਣ ਸਿੱਖ, ਗੁਰੂ ਘਰਾਂ ਵਿੱਚ ਰੱਜ ਕੇ ਸੇਵਾ ਕਰਦੇ ਹਨ ਪਰ ਮਾਤਾ/ਪਿਤਾ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਘਰ ਦਾ ਮਹੌਲ ਖੁਸ਼ਨੁਮਾ ਨਹੀਂ ਕਰ ਪਾਉਂਦੇ ਤਾਂ ਜੋ ਗੁਰੂ ਚਰਨ ਪਾ ਸਕਣ।

ਹੁਣ ਸਿੱਖ, ਬਰਦਾਸ਼ਤ ਨਹੀਂ ਕਰਦੇ ਕਿ ਕੋਈ ਟੋਪੀ/ਜ਼ੁਰਾਬਾਂ ਪਾ ਕੇ ਗੁਰੂ ਘਰ ਆਵੇ ਪਰ ਆਪਣੇ ਘਰਾਂ ਵਿੱਚ ਨਿਆਣੇ ਪਤਿਤ ਅਤੇ ਨਸ਼ਿਆਂ ਦੇ ਆਦੀ ਬਣਾ ਲਏ ਹਨ (ਸ਼ਰਾਬ ਤਾਂ ਬਹੁਤੇ ਘਰਾਂ ਵਿੱਚ ਆਮ ਗੱਲ ਹੈ, ਜੇ ਨਹੀਂ ਵੀ ਤਾਂ ਖੁਸ਼ੀ ਗਮੀ ਦੇ ਮੌਕੇ ’ਤੇ ਐਂਟਰੀ ਮਾਰ ਹੀ ਲੈਂਦੀ ਹੈ)।

ਹੁਣ ਸਿੱਖ, ਇਸ ਵੱਲ ਧਿਆਨ ਨਹੀਂ ਦਿੰਦੇ ਕਿ ਨਿੱਤਨੇਮ ਦੀਆਂ ਬਾਣੀਆਂ ਦਾ ਸ੍ਰੋਤ ਕੀ ਹੈ ? ਧਿਆਨ ਨਹੀਂ ਦਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ, ਕਿਹੜੀ ਸਿੱਖਿਆ ਕਿੱਥੇ ਲਿਖੀ ਹੈ, ਪਰ ਇੰਨ੍ਹਾਂ ਗਿਆਨ ਜ਼ਰੂਰ ਹੈ ਕਿ ਸੰਕਟ ਮੋਚਨ ਗੁਟਕੇ ਵਿੱਚਲੇ ਫਲਾਣੇ ਸ਼ਬਦ ਨਾਲ ਫਲਾਣੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਾਂ ਮਾਇਆ ਪ੍ਰਾਪਤ ਹੁੰਦੀ ਹੈ, ਰੱਟੇ ਲਗਾ ਰੱਖੇ ਹਨ।

ਹੁਣ ਸਿੱਖ, ਸਹਿਜ ਪਾਠ ਦੀ ਥਾਂ ਅਖੰਡ ਪਾਠ ਕਰਦੇ ਹਨ, ਜੇ ਨਾ ਵੀ ਕਰਨ ਤਾਂ ਉਹ ‘ਆਪ ਨਿਰੰਜਣ ਨੀਰਿ ਨਰਾਇਣ’ ਵਾਲੇ ਸ਼ਬਦ ਨੂੰ 17 ਵਾਰ ਪੜ੍ਹ ਲੈਂਦੇ ਹਨ। ਜਾਂ ਕਿਸੇ ਅਖੌਤੀ ਟਕਸਾਲ/ਟਰੱਸਟ ਦੇ ਅਖੌਤੀ ਮਹਾਂਪੁਰਸ਼ਾਂ ਦੇ ਕਹੇ ਕਿਸੇ ਖਾਸ ਬਾਣੀ ਦਾ ਰਟਨ ਕਰ ਲੈਂਦੇ ਹਨ, ਕਿਉਂਕਿ ਇਸ ਨਸੀਹਤ ਨਾਲ ਅਖੰਡਪਾਠ ਜਿੰਨਾਂ ਮਹਾਤਮ ਮਿਲਦਾ, ਗਰੰਟੀ ਦਿੱਤੀ ਜਾਂਦੀ ਹੈ।

ਹੁਣ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਕਿਸੇ ਡੇਰੇ ਦੇ ਸਾਧ ਵੱਲੋਂ ਦੱਸੀ ਮਰਯਾਦਾ/ਪ੍ਰੰਪਰਾ ਨੂੰ ਵੱਧ ਤਵੱਜੋ ਦਿੰਦੇ ਹਨ, ਕਿਉਂਕਿ ਡੇਰੇ ਦੇ ਬਾਬਾ ਜੀ ਦਾ ਜੀਵਣ ਬੜਾ ਉੱਚਾ-ਸੁੱਚਾ ਦੱਸਿਆ ਹੁੰਦਾ ਹੈ।

ਹੁਣ ਸਿੱਖ ਜਿਆਦਾ ਸਮਝਦਾਰ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਨ ਦੀ ਜਾਚ ਆ ਗਈ ਹੈ, ਉਹਨਾਂ ਦੀ ਮਰਜ਼ੀ ਹੀ ਗੁਰੂ ਦੀ ਮਰਜ਼ੀ ਹੈ, ਕਿਉਂਕਿ ਉਹ ਜੋ ਕੁੱਝ ਵੀ ਕਰਦੇ ਹਨ, ਪ੍ਰਮਾਤਮਾ ਆਪ ਹੀ ਉਹਨਾਂ ਕੋਲੋਂ ਕਰਵਾ ਰਿਹਾ ਹੈ, ਇਹ ਉਹਨਾਂ ਪਾਸ ਮਜਬੂਰ ਦਲੀਲ ਹੈ। ਹੁਣ ਬਹੁਤ ਸਮਝਦਾਰ ਹੋ ਗਏ ਹਨ ਸਿੱਖ.. ਖੈਰ ! ਬਾਕੀ ਫਿਰ ਕਦੇ ਸਹੀ..