ਸਿੱਖ ਬੀਬੀਆਂ ਦੇ ਵਹਿਮ-ਭਰਮ

0
1372

ਸਿੱਖ ਬੀਬੀਆਂ ਦੇ ਵਹਿਮ-ਭਰਮ

 ਬੀਬੀ ਰਾਜਬੀਰ ਕੌਰ

ਸਮੁੱਚਾ ਸਿੱਖ ਇਤਿਹਾਸ ਗੁਰੂ ਸਾਹਿਬਾਨਾਂ ਤੇ ਭਗਤਾਂ ਮਹਾਂਪੁਰਸ਼ਾਂ ਦੀ ਬਾਣੀ, ਕੁਰਬਾਨੀਆਂ, ਉਦੇਸ਼ਾਂ ਅਤੇ ਸ਼ਹੀਦਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਜਿਸ ਨੂੰ ਪੜ੍ਹ ਸੁਣ ਕੇ ਇੰਝ ਜਾਪਦਾ ਹੈ ਕਿ ਜਿਵੇਂ ਅਸਲ ਵਿੱਚ ਮਨੁੱਖ ਦਾ ਧਰਤੀ ਉੱਤੇ ਆਗਮਨ ਹੀ ਬਾਬੇ ਨਾਨਕ ਦੀ ਇਲਾਹੀ ਬਾਣੀ ਨਾਲ ਹੋਇਆ ਹੋਵੇ। ਮਨੁੱਖ ਦੀ ਮਾਨਵਤਾ, ਕੁਦਰਤ ਦੀ ਸਰਵ-ਉੱਚਤਾ, ਮਨੁੱਖਾਂ ਤੋਂ ਇਲਾਵਾ ਧਰਤੀ ਦੇ ਅਨੇਕ ਜੀਵ ਜੰਤੂਆਂ ਦਾ ਜ਼ਿਕਰ ਕਰਕੇ ਬਾਣੀਕਾਰਾਂ ਨੇ ਇੱਕ ਅਸਲੋਂ ਨਵੇਂ ਸੰਸਾਰ ਦੀ ਪ੍ਰੀਭਾਸ਼ਾ ਦਿੱਤੀ। ਗ਼ੈਰਤ ਅਤੇ ਅਣਖ ਨਾਲ ਜੀਣ ਦੀ ਸੀਖ ਕੇਵਲ 1699 ਦੀ ਵਿਸਾਖੀ ਵਿੱਚ ਹੀ ਨਹੀਂ ਸਗੋਂ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਸਾਰੇ ਸਿੱਖ ਜਗਤ ਨੂੰ ਮਿਲੀ। ਬਾਬਰ ਦੇ ਜ਼ਾਲਿਮਾਨਾ ਹਮਲਿਆਂ ਵਿੱਚ ਹੋਈ ਮਨੁੱਖ ਦੀ ਦੁਰਦਸ਼ਾ ਨੂੰ ਵੇਖ ਬਾਬਰ ਨੂੰ ਲਾਹਣਤਾਂ ਪਾ ਪਰਮਾਤਮਾ ਅੱਗੇ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਡਿਗ ਚੁੱਕੀ ਜ਼ਮੀਰ, ਮੁੱਕ ਚੁੱਕੀ ਅਣਖ ਅਤੇ ਇਨਸਾਨੀਅਤ ਨੂੰ ਵੀ ਜਗਾਇਆ ਤੇ ਹੁਲਾਰਾ ਦਿੱਤਾ। ਸਿਰ ਚੁੱਕ ਕੇ ਜੀਣ ਦਾ ਫਲਸਫਾ ਦਿੱਤਾ। ਹੋਈ ਬਰਬਾਦੀ ਤੇ ਬੇਪਤੀ ਦਾ ਜ਼ਿੰਮੇਦਾਰ ਆਮ ਮਨੁੱਖ ਨੂੰ ਵੀ ਠਹਿਰਾਇਆ। ਇਹ ਪਹਿਲੀ ਅਜਿਹੀ ਆਵਾਜ਼ ਸੀ ਜੋ ਏਨੀ ਬੁਲੰਦ ਸੀ ਜਿਸ ਨੇ ਆਮ ਜਨਤਾ ਦੇ ਹਿਰਦੇ ਨੂੰ ਹੀ ਨਹੀਂ ਹਲੂਣਿਆ ਸਗੋਂ ਬਾਬਰ ਦਾ ਤਖ਼ਤ ਤੱਕ ਹਿਲਾ ਦਿੱਤਾ। ਏਸੇ ਬੇਖੌਫ਼, ਬੁਲੰਦ ਅਤੇ ਨਿਆਂ ਦੀ ਪੁਕਾਰ ਵਿੱਚੋਂ ਸਿੱਖ ਧਰਮ ਦੀ ਨੀਂਹ ਰੱਖੀ ਗਈ ਤੇ ਅੱਗੇ ਉਸਾਰੀ ਹੋਈ।

ਗੁਰੂ ਸਾਹਿਬ ਨੇ ਜ਼ੁਲਮ ਅੱਗੇ ਸਿਰ ਚੁੱਕ ਕੇ ਅਤੇ ਕੇਵਲ ਪਰਮਾਤਮਾ ਅੱਗੇ ਸਿਰ ਨਿਵਾਅ ਕੇ ਜੀਣ ਦੀ ਗੱਲ ਕੀਤੀ। ਉਹਨਾਂ ਦੇ ਇਹ ਉਪਦੇਸ਼ ਕੇਵਲ ਤੇ ਕੇਵਲ ਮਰਦਾਂ ਲਈ ਹੀ ਨਹੀਂ ਸਨ ਸਗੋਂ ਔਰਤਾਂ ਲਈ ਵੀ ਬਰਾਬਰ ਮਹੱਤਤਾ ਰੱਖਦੇ ਹਨ। ਗੁਰੂ ਸਾਹਿਬ ਵੱਲੋਂ ਉਠਾਈ ਗਈ ਨਿਡਰਤਾ ਭਰੀ ਆਵਾਜ਼ ਨੇ ਔਰਤਾਂ ਵਿੱਚ ਵੀ ਨਿਰਭੈਤਾ ਅਤੇ ਨਿਰਵੈਰਤਾ ਵਾਲਾ ਕਣ ਜਗਾ ਦਿੱਤਾ। ਜਿਸ ਦੀ ਗਵਾਹੀ ਵਿੱਚ ਇਤਿਹਾਸ ਵਿੱਚ ਪਾਈਆਂ ਜਾਣ ਵਾਲੀਆਂ ਸਿੰਘਣੀਆਂ ਦੀਆਂ ਬਹਾਦਰੀਆਂ ਅਤੇ ਧਰਮ ਲਈ ਦਿੱਤੀਆਂ ਕੁਰਬਾਨੀਆਂ ਭਰੀਆਂ ਵਾਰਤਾਵਾਂ ਦਿੰਦੀਆਂ ਹਨ।

ਬੇਬੇ ਨਾਨਕੀ ਜਿਨ੍ਹਾ ਬਾਬੇ ਨਾਨਕ ਦੀ ਬਾਣੀ ਨੂੰ ਸਭ ਤੋਂ ਪਹਿਲਾਂ ਸਮਝ ਕੇ, ਅਪਣਾ ਕੇ ਸਿੱਖੀ ਕਬੂਲ ਕੀਤੀ। ਬੇਬੇ ਨਾਨਕੀ ਤੋਂ ਪ੍ਰੇਰਨਾ ਲੈ ਕੇ ਗੁਰੂ, ਗੁਰਬਾਣੀ, ਸਾਦਗੀ, ਬਹਾਦਰੀ ਅਤੇ ਭਾਣਾ ਮੰਨਣ ਦੇ ਉਪਦੇਸ਼ਾਂ ਸਬੰਧੀ ਔਰਤ ਨੇ ਜੀਵਨ ਦੇ ਨਵੇਂ ਅਰਥ ਸਮਝੇ। ਉਹਨੇ ਫਰਜ਼ ਨਿਭਾਉਂਦਿਆਂ ਧਰਮ ਦੇ ਰਾਹ ਉੱਤੇ ਤੁਰਨ ਦੀ ਜਾਚ ਸਿੱਖੀ। ਲੰਗਰ ਦੀ ਸੇਵਾ ਤੋਂ ਸ਼ੁਰੂ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਸਿੰਘਾਂ ਦੇ ਬਰਾਬਰ ਤਿਆਰ ਬਰ ਤਿਆਰ, ਘੋੜ ਸਵਾਰੀ ਕਰਦੀਆਂ ਸ਼ਸਤ੍ਰਧਾਰੀ ਬੀਬੀਆਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੀਆਂ ਇਤਿਹਾਸ ਦੇ ਪੰਨ੍ਹਿਆਂ ’ਤੇ ਆਪਣੀ ਅਣਖ ਦੀ ਗੂਹੜੀ ਛਾਪ ਛੱਡ ਗਈਆਂ। ਮੋਹ ਮਾਇਆ, ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਤੋਂ ਦੂਰ ਗੁਰੂ ਨੂੰ ਸਮਰਪਿਤ ਇਹ ਬੀਬੀਆਂ ਦੁਨੀਆਂ ਦੇ ਇਤਿਹਾਸ ਵਿੱਚ ਮਿਸਾਲ ਦੇ ਤੌਰ ’ਤੇ ਜਾਣੀਆਂ ਜਾਣ ਲੱਗੀਆਂ। ‘‘ਭੈ ਕਾਹੂ ਕੋ ਦੇਤ ਨਾਹਿ, ਨਹਿ ਭੈ ਮਾਨਤ ਆਨ॥’’ ਦੀ ਪਾਵਨ ਤੁੱਕ ਨੂੰ ਹਿਰਦੇ ਵਿੱਚ ਵਸਾ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦੇ ਭਾਣੇ ਨੂੰ ਸਿਰ ਮੱਥੇ ਮੰਨਿਆ। ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ, ਮਾਤਾ ਜੀਤੋ ਜੀ ਆਦਿ ਅਨੇਕ ਮਾਤਾਵਾਂ ਭੈਣਾਂ ਨੇ ਸਿਦਕ ਅਤੇ ਸਿਰੜ ਵਾਲਾ ਜੀਵਨ ਬਤੀਤ ਕੀਤਾ। ਵਹਿਮਾਂ-ਭਰਮਾਂ, ਮੜ੍ਹੀਆਂ-ਮਸਾਣਾਂ, ਪੱਕੀਆਂ ਥਾਵਾਂ, ਜੋਤਸ਼ੀਆਂ, ਪੁੱਛਾਂ, ਵਰਤ, ਜਾਦੂ-ਟੂਣੇ, ਵਾਰ ਮਨਾਉਣ ਤੋਂ ਲੈ ਕੇ ਹਰ ਕਰਮ ਕਾਂਡ ਨੂੰ ਤਿਆਗਿਆ ਤੇ ਗੁਰਮਤਿ ਵਾਲਾ ਜੀਵਨ ਬਤੀਤ ਕੀਤਾ।

ਪ੍ਰੰਤੂ ਅੱਜ ਦੀਆਂ ਸਿੱਖ ਬੀਬੀਆਂ ਦੀ ਕੀ ਸਥਿਤੀ ਹੈ ? ਕੀ ਉਹ ਗੁਰੂ ਦੇ ਦੱਸੇ ਮਾਰਗ ਉੱਪਰ ਚੱਲ ਰਹੀਆਂ ਹਨ? ਰੱਬ ਦੇ ਭਾਣੇ ਨੂੰ ਮੰਨਦੀਆਂ ਹਨ? ਕਰਮ-ਕਾਂਡਾਂ ਤੋਂ ਦੂਰ ਹਨ? ਨਹੀਂ! ਬਿਲਕੁਲ ਨਹੀਂ। ਆਪਣੇ ਆਸ ਪਾਸ ਤਾਂ ਕੀ ਆਪੋ ਆਪਣੇ ਘਰਾਂ ’ਚ ਨਿਗਾਹ ਮਾਰ ਕੇ ਦੇਖੋ ਕਿ ਕਿਹੋ ਜਿਹਾ ਵਾਤਾਵਰਣ ਬਣ ਚੁੱਕਾ ਹੈ, ਕਿਸ ਮਾਰਗ ’ਤੇ ਚੱਲ ਰਹੀਆਂ ਹਨ ਸਿੱਖ ਬੀਬੀਆਂ? ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਵਹਿਮਾਂ ਦੀ। ਜੇ ਕਿਧਰੇ ਜਾਣਾ ਹੋਵੇ ਤਾਂ ਇੱਕ ਜਵਾਕ ਵੱਲੋਂ ਮਾਰੀ ਛਿੱਕ ਸੁਣ ਕੇ ਘਰੋਂ ਹੀ ਨਹੀਂ ਤੁਰਦੀਆਂ। ਸਿਰ ਪੈਂਦੀ ਵੱਲ ਕਰਕੇ ਸੌਣਾ ਘੋਰ ਅਪਸ਼ਗਨ ਹੈ। ਪੌਣ ਪੈ ਜਾਵੇ ਭਾਵ ਕਿਤੇ ਜਾਣ ਵੇਲੇ ਜਾਂ ਕਿਸੇ ਸ਼ੁਭ ਕੰਮ ਵੇਲੇ ਜੇਕਰ ਘੜੀ ਉੱਤੇ ਪੌਣੇ ਚਾਰ, ਪੌਣੇ ਤਿੰਨ ਆਦਿ ਵਕਤ ਹੋਵੇ ਤਾਂ ਤੁਰਨਾ ਠੀਕ ਨਹੀਂ ਮੰਨਿਆ ਜਾਂਦਾ। ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕੇ ਉੱਤੇ ਕਿਸੇ ਵਿਧਵਾ ਜਾਂ ਬਾਂਝ ਔਰਤ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਤੁਰਨ ਵੇਲੇ ਪਿੱਛੋਂ ਹਾਕ ਨਹੀਂ ਮਾਰਨੀ ਚਾਹੀਦੀ। ਘਰੋਂ ਨਿਕਲਦਿਆਂ ਨੂੰ ਕਿਸੇ ਰੋਂਦੇ ਵਿਅਕਤੀ ਦੇ ਮੱਥੇ ਲੱਗਣਾ, ਅਰਥੀ ਦੇਖਣਾ ਅਪਸ਼ਗਨ ਹੈ। ਏਥੋਂ ਤੱਕ ਕਿ ਘਰ ਵਿੱਚ ਕੋਈ ਲੋਹੇ ਦੀ ਵਸਤੂ ਜਾਂ ਵਾਹਨ ਖਰੀਦਣਾ ਹੋਵੇ ਤਾਂ ਵੀਰਵਾਰ ਦਾ ਦਿਨ ਚੰਗਾ ਨਹੀਂ ਸਮਝਿਆ ਜਾਂਦਾ। ਸੂਰਜ ਢਲਣ ਮਗਰੋਂ ਝਾੜੂ ਫੇਰਨਾ ਅਪਸ਼ਗਨ ਹੈ, ਝਾੜੂ ਸਿਧਿਾ ਖੜ੍ਹਾ ਕਰਨਾ ਅਪਸ਼ਗਨ ਹੈ। ਸੂਰਜ ਢੱਲ ਜਾਣ ਪਿੱਛੋਂ ਸਿਰ ਨਹੀਂ ਵਾਹੁਣਾ, ਮੰਜਾ ਪੁੱਠਾ ਖੜ੍ਹਾ ਕਰਨਾ ਠੀਕ ਨਹੀਂ, ਖਾਸ ਪ੍ਰਾਹੁਣੇ ਦੇ ਤੁਰ ਜਾਣ ਮਗਰੋਂ ਕੱਪੜੇ ਧੋਣੇ ਜਾਂ ਸਫਾਈ ਕਰਨਾ ਠੀਕ ਨਹੀਂ ਸਮਝਿਆ ਜਾਂਦਾ। ਏਹੀ ਨਹੀਂ ਦਿਨਾਂ-ਬਾਰਾਂ ਨੂੰ ਵੀ ਵਹਿਮਾਂ ਭਰਮਾਂ ਨਾਲ ਜੋੜ ਕੇ ਕੰਮ ਵੰਡ ਲਏ ਗਏ; ਜਿਵੇਂ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਸਿਰ ਧੋਣਾ, ਕੱਪੜੇ ਧੋਣਾ ਜਾਂ ਮੀਟ ਖਾਣ ਦੀ ਮਨਾਹੀ ਹੈ। ਮੇਰੀ ਹੈਰਾਨੀ ਦੀ ਹੱਦ ਉਸ ਵਕਤ ਹੋਈ ਜਦ ਸਾਡੇ ਘਰ ਆਈਆਂ ਕੁਝ ਮਹਿਮਾਨ ਔਰਤਾਂ ਨੇ ਸਾਡੇ ਘਰ ਪਏ ਲੱਕੜ ਦੇ ਬਣੇ ਹਾਥੀਆਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਘਰ ਵਿੱਚ ਹਾਥੀ ਰੱਖਣੇ ਚੰਗੇ ਨਹੀਂ ਹੁੰਦੇ।

ਇਹ ਤਾਂ ਗੱਲ ਸੀ ਵਹਿਮਾਂ ਭਰਮਾਂ ਦੀ ’ਤੇ ਆਓ ਹੁਣ ਨਜ਼ਰ ਮਾਰੀਏ ਕਿ ਰੱਬ ਦੇ ਭਾਣੇ ਨੂੰ ਕਿਸ ਹੱਦ ਤੱਕ ਮੰਨਿਆ ਜਾਂਦਾ ਹੈ। ਅੱਜ ਸਾਡੇ 80% ਸਿੱਖ ਘਰਾਂ ਵਿੱਚ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਪੰਡਤ ਤੋਂ ਪੁੱਛ ਲੈਣਾ ਚੰਗਾ ਸਮਝਿਆ ਜਾਂਦਾ ਹੈ। ਕੁੰਡਲੀਆਂ ਬਣਾਉਣਾ ਤਾਂ ਇਕ ਆਮ ਜੇਹੀ ਗੱਲ ਹੈ। ਨਿੱਕੀ ਮੋਟੀ ਬਿਮਾਰੀ ਲਈ ਡਾਕਟਰ ਨਾਲੋਂ ‘ਪੁੱਛਾਂ’ ਜਾਂ ‘ਹੱਥ ਹਉਲਾ’ ਕਰਵਾਉਣ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਕਿਸੇ ਨਿਆਣੇ-ਸਿਆਣੇ ਦੀ ਭੁੱਖ ਘੱਟ ਜਾਵੇ ਤਾਂ ਕਿਸੇ ਦੀ ਨਜ਼ਰ ਲੱਗ ਜਾਣ ਦਾ ਖ਼ਤਰਾ ਹੋ ਜਾਂਦਾ ਹੈ। ਜਿਸ ਦਾ ਹੱਲ ਵੀ ਚੁੱਲ੍ਹੇ ਦੀ ਸਵਾਹ ਜਾਂ ਕਾਲੀਆਂ ਮਿਰਚਾਂ ਵਿੱਚੋਂ ਸੁਖਾਲਾ ਲੱਭ ਲਿਆ ਜਾਂਦਾ ਹੈ।

ਇਹੀ ਨਹੀਂ ਸ਼ਨਿਚਰਵਾਰ ਕਾਲੀ ਚੀਜ਼ ਜਾਂ ਤਾਂ ਗਲੀ ’ਚ ਆਉਣ ਵਾਲੇ ਕਿਸੇ ਭਿਖਾਰੀ ਨੂੰ ਦੇ ਦੇਣਾ ਜਾਂ ਘਰ ਕਿਸੇ ਨੌਕਰ ਆਦਿ ਨੂੰ ਦਾਨ ਕਰ ਦੇਣਾ ’ਤੇ ਜੇਕਰ ਏਹ ਵੀ ਨਾ ਹੋ ਸਕੇ ਤਾਂ ਗੁਰੂ ਘਰ ਕਾਲੇ ਮਾਂਹ ਹੀ ਚੜ੍ਹਾ ਦਿੱਤੇ ਜਾਣ। ਦਾਨ ਦਾ ਦਾਨ ਤੇ ਨਾਲ ਸ਼ਨੀ ਦੀ ਗ੍ਰਹਿ ਤੋਂ ਮੁਕਤੀ। ਗਾਵਾਂ ਨੂੰ ਰੋਟੀ ਪਾਉਣਾ ਤਾਂ ਜੋ ਘਰ ਵਿੱਚ ਰਿਜਕ ਰਹੇ। ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕਿਸੇ ਸਾਧ, ਸਿਆਣੇ, ਪੰਡਿਤ ਜਾਂ ਬਾਬੇ ਤੋਂ ਪੁੱਛ, ਕਾਲੇ ਧਾਗੇ ਗੱਲ, ਬਾਂਹ ਜਾਂ ਪੈਰ ’ਚ ਬੰਨ੍ਹਣਾ ਤਾਂ ਬੜੀ ਹੀ ਆਮ ਜਹੀ ਗੱਲ ਹੈ। ਹੋਰ ਤਾਂ ਕੀ ਹਰੇ, ਨੀਲੇ, ਲਾਲ, ਗੁਲਾਬੀ ਨਗ ਤਾਂ ਹਰ ਦੂਜੇ ਤੀਜੇ ਬਾਲ ਦੇ ਹੱਥ ਜਾਂ ਗਲੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੇ ਹਨ। ਚਾਂਦੀ ਦੇ ਕੜੇ ਪਾਉਣੇ, ਵਗਦੇ ਪਾਣੀ ਵਿੱਚ ਸਿੱਕੇ ਜਾਂ ਨਾਰੀਅਲ ਵਹਾਉਣੇ ਅਤੇ ਹੋਰ ਪਤਾ ਨਹੀਂ ਕੀ ਕੀ ਕਰਮ ਕਾਂਡ ਹਰ ਰੋਜ਼ ਵੇਖਣ ਨੂੰ ਮਿਲਦੇ ਹਨ।

ਹੁਣ ਗੱਲ ਕਰਦੇ ਹਾਂ ਮਰਗ ਤੇ ਪਿੱਤਰਾਂ ਨਾਲ ਸੰਬੰਧਤ ਵਹਿਮਾਂ ਦੀ। ਗੁਰੂ ਸਾਹਿਬਾਨਾਂ ਨੇ ਸਾਨੂੰ ਸਬਰ ਸੰਤੋਖ ਅਤੇ ਰੱਬ ਦੇ ਭਾਣੇ ਨੂੰ ਮੰਨਣ ਦਾ ਉਪਦੇਸ਼ ਦਿੱਤਾ। ਹਰ ਸਿੱਖ ਪਰਿਵਾਰ ਨੂੰ ਭਾਵੇਂ ਖੁਸ਼ੀ ਦਾ ਮੌਕਾ ਹੋਵੇ ਜਾਂ ਗ਼ਮੀ ਦਾ ਕੇਵਲ ਗੁਰਬਾਣੀ ਦਾ ਲੜ ਹੀ ਫੜਨਾ ਚਾਹੀਦਾ ਹੈ। ਦੋਹਾਂ ਮੌਕਿਆਂ ’ਤੇ ਬਾਣੀ ਦੇ ਸਹਿਜ ਜਾਂ ਅਖੰਡ ਪਾਠ ਦੇ ਭੋਗ ਮਗਰੋਂ ਅਨੰਦ ਸਾਹਿਬ ਪੜ੍ਹ ਕੇ ਸਰਬੱਤ ਦੇ ਭਲੇ ਅਤੇ ਸ਼ਾਂਤੀ ਲਈ ਅਰਦਾਸ ਕਰਨ ਦੇ ਹੁਕਮ ਹਨ। ਪਰ ਕੀ ਅਸੀਂ ਏਸ ਉਪਦੇਸ਼ ਨੂੰ ਪੂਰਨ ਤੌਰ ’ਤੇ ਸਵੀਕਾਰਦੇ ਹਾਂ? ਮਰਗ ’ਤੇ ਨਾਰੀਅਲ ਭੰਨਣਾ, ਪਾਣੀ ਦੇ ਭਰੇ ਘੜੇ ਡੋਲ੍ਹਣਾ ਤੇ ਤੋੜਨਾ, ਚਿਤਾ ਨੂੰ ਅਗਨ ਕੇਵਲ ਪੁੱਤਰ ਵੱਲੋਂ ਭੇਟ ਕਰਨੀ ਆਦਿ ਵਹਿਮ ਕਰਨੇ ਆਮ ਜਿਹੀ ਗੱਲ ਹੋ ਚੁੱਕੀ ਹੈ। ਮਰੇ ਵਿਅਕਤੀ ਦੇ ਕੱਪੜੇ, ਮੰਜੇ, ਬਿਸਤਰੇ ਤੱਕ ਦਾਨ ਕਰਨ ਦੇ ਨਾਮ ਤੇ ਘਰੋਂ ਕੱਢ ਦਿੱਤੇ ਜਾਂਦੇ ਹਨ ਕਿਉਂਕਿ ਮਰੇ ਵਿਅਕਤੀ ਦੀ ਕੋਈ ਵੀ ਚੀਜ਼ ਘਰ ਰੱਖਣਾ ਠੀਕ ਨਹੀਂ ਸਮਝਿਆ ਜਾਂਦਾ। ਕੱਪੜੇ ਬਿਸਤਰੇ ਤਾਂ ਕੀ ਮਰਨ ਮਗਰੋਂ ਉਸ ਵਿਚਾਰੇ ਦਾ ਸੁਪਨੇ ਤੱਕ ’ਚ ਆਉਣਾ ਜਾਂ ਸੁਪਨੇ ’ਚ ਕੁਝ ਖਾਣ ਨੂੰ ਮੰਗਣਾ, ਮਰੇ ਵਿਅਕਤੀ ਦਾ ਹੱਸਦਾ ਮੂੰਹ ਦਿਖਾਉਣਾ ਆਦਿ ਕਿਸੇ ਆਉਣ ਵਾਲੇ ਮਾੜੇ ਸਮੇਂ ਦਾ ਸੰਕੇਤ ਸਮਝਿਆ ਜਾਂਦਾ ਹੈ। ਵਰੀਹਣੇ ਦਾ ਭੋਗ ਜੋ ਕਿ ਮੌਤ ਮਗਰੋਂ ਸਾਲ ਦੇ ਵਿੱਚ-ਵਿੱਚ ਪਵਾਇਆ ਜਾਂਦਾ ਹੈ, ਨਹੀਂ ਤਾਂ ਮਰੇ ਹੋਏ ਦੀ ਗਤੀ ਨਹੀਂ ਹੁੰਦੀ। ਕਈ ਪਰਿਵਾਰਾਂ ਵਿੱਚ ਤਾਂ ਹਰ ਸਾਲ ਆਪਣੇ ਮਾਤਾ-ਪਿਤਾ ਆਦਿ ਦੀ ਯਾਦ ਵਿੱਚ ਅਖੰਡ ਪਾਠ ਕਰਵਾਏ ਜਾਂਦੇ ਹਨ। ਇੱਥੋਂ ਤੱਕ ਕਿ ਥਾਵਾਂ, ਜਠੇਰੇ ਆਦਿ ਉੱਤੇ ਜੋ ਕਿ ਆਪਣੇ ਵਡੇਰਿਆਂ ਦੀ ਯਾਦ ਵਿੱਚ ਪਿੰਡਾਂ ਵਿੱਚ ਜਾਂ ਪਿੰਡੋਂ ਬਾਹਰ ਵਾਰ ਥਾਵਾਂ, ਜਗ੍ਹਾ ਬਣਾ ਕੇ ਅਖੰਡ ਪਾਠ ਤੱਕ ਕਰਵਾਏ ਜਾਂਦੇ ਹਨ।

ਇਹ ਸਾਰਾ ਵਹਿਮਾਂ-ਭਰਮਾਂ ਦਾ ਤਾਣਾ-ਬਾਣਾ ਕਮਜ਼ੋਰ ਅਤੇ ਡਰਪੋਕ ਮਾਨਸਿਕਤਾ ਵਿੱਚੋਂ ਨਿਕਲਦਾ ਹੈ ? ਅਫਸੋਸ ਕਿ ਇਸ ਮਾਨਸਿਕਤਾ ਦੀਆਂ ਵੱਡੀਆਂ ਹਿੱਸੇਦਾਰ ਸਾਡੀਆਂ ਸਿੱਖ ਬੀਬੀਆਂ, ਭੈਣਾਂ ਅਤੇ ਮਾਤਾਵਾਂ ਹਨ। ਜਿਨ੍ਹਾਂ ਲਈ ਅੱਜ ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼ਾਂ ਅਤੇ ਹੁਕਮਾਂ ਤੋਂ ਵਧੇਰੇ ਮਹੱਤਵਪੂਰਨ ਆਪਣਾ ਨਿੱਜੀ ਸਵਾਰਥ ਹੈ। ਰੱਖੜੀ, ਕਰਵਾ ਚੌਥ ਵਰਗੇ ਅੰਧ ਵਿਸ਼ਵਾਸ ਕਈ ਗੁਣਾਂ ਵੱਧ ਗਏ ਹਨ। ਇਸੇ ਨਿੱਜੀ ਸਵਾਰਥਾਂ ਵਿੱਚੋਂ ਮੇਰੇ ਘਰ ਦਾ ਰਿੱਜਕ, ਮੇਰੀ ਔਲਾਦ ਦੀ ਤੰਦਰੁਸਤੀ, ਮੇਰੇ ਪਤੀ, ਭਰਾ ਤੇ ਪੁੱਤ ਦੀ ਲੰਮੀ ਉਮਰ ਜਹੇ ਸਵਾਰਥਾਂ ਨੇ ਉਸ ਨੂੰ ਗੁਰੂਆਂ ਵੱਲੋਂ ਬਖ਼ਸ਼ੀ ਨਿਰਭੈਤਾ ਨਿਡਰਤਾ ਅਤੇ ਸਿਦਕ ਤੋਂ ਦੂਰ ਕਰ ਦਿੱਤਾ ਹੈ। ‘‘ਮਾਰੈ ਰਾਖੈ ਏਕੋ ਆਪਿ, ਮਾਨੁਖ ਕੈ ਕਿਛੁ ਨਾਹਿ ਹਾਥ॥’’ ਭਾਵ ਕਿ ਸਭ ਕੁਝ ਕਰਨ ਵਾਲਾ ਉਹ ਅਕਾਲ ਪੁਰਖ ਹੈ ਮਨੁੱਖ ਦੇ ਵੱਸ ਕੁਝ ਵੀ ਨਹੀਂ ਪ੍ਰੰਤੂ ਸਾਡੀਆਂ ਬੀਬੀਆਂ ਘਰ ’ਚ ਹੋਏ ਨਿੱਕੇ-ਮੋਟੇ ਨੁਕਸਾਨ ਲਈ ਕਿਸੇ ਗਵਾਂਢੀ ਜਾਂ ਸ਼ਰੀਕ ਦੀ ਮਾੜੀ ਨੀਅਤ ਨੂੰ ਜ਼ਿੰਮੇਦਾਰ ਠਹਿਰਾਉਂਦੀਆਂ ਇਹ ਬੀਬੀਆਂ ਕਿੰਨੀਆਂ ਕੁ ਬਾਣੀ ਨਾਲ ਜੁੜੀਆਂ ਹੋਈਆਂ ਹਨ! ਆਓ, ਜਰਾ ਝਾਤੀ ਮਾਰੀਏ ਕਿ ਗੁਰਬਾਣੀ ਇਹਨਾਂ ਵਹਿਮਾਂ-ਭਰਮਾਂ ਦਾ ਖੰਡਨ ਕਿਵੇਂ ਕਰਦੀ ਹੈ।

‘‘ਸਗੁਨ ਅਪਸਗੁਨ ਤਿਸ ਕਉ ਲਗਹਿ, ਜਿਸੁ ਚੀਤਿ ਨ ਆਵੈ॥’’ ਭਾਵ ਸ਼ਗਨ ਅਤੇ ਅਪਸ਼ਗਨ ਕੇਵਲ ਉਸ ਵਿਅਕਤੀ ਦੇ ਵਿਚਾਰ ਤੇ ਡਰ ਦਾ ਹਿੱਸਾ ਹਨ ਜੋ ਉਸ ਪ੍ਰਮਾਤਮਾ ਵੱਲੋਂ ਬੇਮੁੱਖ ਹੋ ਚੁੱਕਾ ਹੋਵੇ ਨਾ ਕਿ ਉਲਟ ਦਿਸ਼ਾ ਵਿੱਚ ਕਿਸੇ ਦਿਨ ਤੇ ਵਾਰ ਨਾ ਮੰਨਣ ਜਾਂ ਕਿਸੇ ਕੰਮੀਂ ਕਮੀਣ ਦੇ ਮੱਥੇ ਲਗਣ ਨਾਲ ਹੁੰਦਾ ਹੈ।

‘ਵਾਰ’ ਭਾਵ ‘ਸੋਮਵਾਰ, ਵੀਰਵਾਰ, ਸ਼ਨਿਚਰਵਾਰ’ ਆਦਿ ਜਿਹਨਾਂ ਸੰਬੰਧੀ ਅੱਜ ਅਨੇਕਾਂ ਵਹਿਮ ਜੁੜ ਚੁੱਕੇ ਹਨ। ਇਹਨਾਂ ਵਹਿਮਾਂ ਦਾ ਖੰਡਨ ਕਰਦੀ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅਨੁਸਾਰ: ‘‘ਸੋਮਵਾਰਿ ਸਚਿ ਰਹਿਆ ਸਮਾਇ ॥ ਤਿਸ ਕੀ ਕੀਮਤਿ ਕਹੀ ਨ ਜਾਇ ॥….ਮੰਗਲਿ ਮਾਇਆ ਮੋਹੁ ਉਪਾਇਆ ॥ ਆਪੇ ਸਿਰਿ ਸਿਰਿ ਧੰਧੈ ਲਾਇਆ ॥….. ਬੁਧਵਾਰਿ ਆਪੇ ਬੁਧਿ ਸਾਰੁ ॥ ਗੁਰਮੁਖਿ ਕਰਣੀ ਸਬਦੁ ਵੀਚਾਰੁ ॥….. ਵੀਰਵਾਰਿ ਵੀਰ ਭਰਮਿ ਭੁਲਾਏ ॥…… ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥ ਆਪਿ ਉਪਾਇ ਸਭ ਕੀਮਤਿ ਪਾਈ ॥….. ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ ਹਉਮੈ ਮੇਰਾ ਭਰਮੈ ਸੰਸਾਰੁ ॥’’ (ਮ: ੩/੮੪੧) ਭਾਵ ਗੁਰੂ ਸਾਹਿਬਾਨਾਂ ਨੇ ਹਰ ਵਹਿਮ ਤੋਂ ਉੱਪਰ ਚੁੱਕ ਹਰ ਦਿਨ ਪ੍ਰਮਾਤਮਾ ਦੇ ਨਾਮ ਨਾਲ ਜੋੜ ਦਿੱਤਾ ਅਤੇ ਉਸ ਦੀ ਮਿਹਰ ਨੂੰ ਹੀ ਮੁਕਤੀ ਦਾ ਰਾਹ ਦੱਸਿਆ। ‘ਮਰਗ’ ਭਾਵ ਮੋਤ ਮਗਰੋਂ ਦੇ ਕੀਤੇ ਜਾਣ ਵਾਲੇ ਵਹਿਮਾਂ ਸੰਬੰਧੀ ਵਡੇਰਿਆਂ, ਜਠੇਰਿਆਂ, ਦੀਆਂ ਥਾਵਾਂ ਜਾਂ ਪਿੱਤਰਾਂ ਨੂੰ ਪੂਜਣ ਸੰਬੰਧੀ ਬਾਣੀ ਇਹਨਾਂ ਨੂੰ ਮਨਮਤਿ ਅਤੇ ਝੂਠੇ ਕਰਮ ਕਾਂਡ ਦੱਸਦੀ ਕਹਿੰਦੀ ਹੈ; ਜਿਵੇਂ: ‘‘ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਈਐ, ਪਿਤਰੀ ਚੋਰ ਕਰੇਇ॥’’

ਮਾਹਵਾਰੀ ਦੌਰਾਨ ਇਸਤ੍ਰੀ ਦਾ ਗੁਰਦਵਾਰੇ ਜਾਂ ਮੰਦਰਾਂ ਵਿੱਚ ਜਾਣਾ ਪਾਪ ਮੰਨਿਆ ਜਾਂਦਾ ਹੈ ਕਿਉਂਕਿ ਇਹਨੀਂ ਦਿਨੀਂ ਔਰਤ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ ਪਰ ਬਾਣੀ ਵਿੱਚ ਇਸ ਵਹਿਮ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਗਿਆ ਹੈ; ਜਿਵੇਂ: ‘‘ਜਿਉ ਜੋਰੂ ਸਿਰ ਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ॥——-ਸੂਚੇ ਸੇਈ ਨਾਨਕ ! ਜਿਨ ਮਨਿ ਵਸਿਆ ਸੋਇ॥’’

ਦੇਵੀ ਦੇਵਤਿਆਂ ਜਾਂ ਮੂਰਤੀ ਪੂਜਾ ਦਾ ਖੰਡਨ ਕਰਦੀ ਨਾਮਦੇਉ ਜੀ ਦੀ ਬਾਣੀ; ਜਿਵੇਂ: ‘‘ਸਿਵ ਸਿਵ ਕਰਤੇ ਜੋ ਨਰੁ ਧਿਆਵੈ, ਬਰਦ ਚਢੇ ਡਉਰ ਢਮਕਾਵੈ॥ ਮਹਾ ਮਾਈ ਕੀ ਪੂਜਾ ਕਰੈ, ਨਰ ਸੈ ਨਾਰਿ ਹੋਇ ਅਉਤਰੈ॥’’, ‘‘ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤਿ ਕੀ ਬਰੀਆ ਜਹਾ ਛਪਾਨੀ॥’’ ਆਦਿ।

ਗੁਰਬਾਣੀ ਮਨੁੱਖ ਨੂੰ ਸਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ; ਜਿਵੇਂ: ‘‘ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ॥’’

ਮੜ੍ਹੀਆਂ, ਮਸੀਤਾਂ, ਤੀਰਥਾਂ ਦੀ ਯਾਤਰਾ ਅਤੇ ਸੁੱਖ ਪ੍ਰਾਪਤੀ ਲਈ ਕੀਤੇ ਦਾਨ ਦਾ ਖੰਡਨ ਦਸ਼ਮ ਪਾਤਸ਼ਾਹ ਨੇ ਬੜੇ ਹੀ ਸੁਚੱਜੇ ਢੰਗ ਨਾਲ ਕਰਦਿਆਂ ਮਨੁੱਖ ਨੂੰ ਵਹਿਮਾਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦਿੱਤੀ ਹੈ। ਪ੍ਰੰਤੂ ਇਸ ਸਭ ਦੇ ਬਾਵਜੂਦ ਸਾਡੀਆਂ ਬੀਬੀਆਂ ਵਹਿਮਾਂ-ਭਰਮਾਂ ਵਿੱਚ ਫਸੀਆਂ ਪੈਰ-ਪੈਰ ’ਤੇ ਡਰਦੀਆਂ ਪਤਾ ਨਹੀਂ ਕਿੱਥੇ-ਕਿੱਥੇ ਮੱਥੇ ਟੇਕਦੀਆਂ ਹਨ, ਦਾਨ ਪੁੰਨ ਕਰਦੀਆਂ ਹਨ, ਟੂਣਿਆਂ ਤੋਂ ਡਰਦੀਆਂ ਮਾਤਾਵਾਂ; ਪੱਥਰ ਦੇ ਬੁੱਤਾਂ ਨੂੰ ਤਿੱਲਕ ਲਾਉਂਦੀਆਂ ਗੁਰੂ ਦੇ ਦੱਸੇ ਰਾਹ ਤੋਂ ਕੋਹਾਂ ਦੂਰ ਹੋ ਗਈਆਂ ਹਨ।

ਹੁਣ ਲੋੜ ਹੈ ਇਸ ਸਭ ਅੰਧ ਵਿਸ਼ਵਾਸੀ ਤਾਣੇ ਬਾਣੇ ਦੇ ਕਾਰਨ ਲੱਭਣ ਦੀ। ਕੀ ਕਾਰਨ ਹੈ ਕਿ ਜਿਹਨਾਂ ਬੀਬੀਆਂ ਨੂੰ ਸਾਡੇ ਧਰਮ ਵਿੱਚ ਬਰਾਬਰੀ ਦਾ ਦਰਜਾ ਦਿੱਤਾ ਗਿਆ। ਇਨ੍ਹਾਂ ਨੂੰ ਸਤਿਕਾਰਯੋਗ ਧੀਅ, ਭੈਣ, ਮਾਤਾ ਅਤੇ ਬੀਬੀ ਆਖ ਕੇ ਮਾਣ ਦਿੱਤਾ ਗਿਆ। ਸਮਾਜ ਵਿੱਚੋਂ ਨਿਕਾਰੇ ਜਾਣ ਦੇ ਵਿਰੋਧ ਵਿੱਚ ਗੁਰੂ ਸਾਹਿਬਾਨ ਵੱਲੋਂ ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨ॥’’ ਦੀ ਤੁੱਕ ਉਚਾਰ ਕੇ ਸਨਮਾਨ ਦਿੱਤਾ ਗਿਆ। ਇੱਥੋਂ ਤੱਕ ਕਿ ਬਾਣੀ ਵਿੱਚ ਕਿਤੇ ਵੀ ‘ਕੁੜੀ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ‘ਕੁੜੀ’ ਸ਼ਬਦ ‘ਕੂੜ’ ਸ਼ਬਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਅਪਵਿੱਤਰ’। ਏਸੇ ਲਈ ਬਾਣੀ ਵਿੱਚ ਕੁੜੀ ਦੀ ਥਾਂ ‘ਭੈਣ, ਲੜਕੀ, ਭੰਡ’ ਆਦਿ ਸ਼ਬਦ ਵਰਤੇ ਗਏ ਹਨ। ਫੇਰ ਵੀ ਵਹਿਮ ਅਤੇ ਭਰਮ ਕਿਵੇਂ ਇਸ ਦੇ ਸੁਭਾਅ ਦਾ ਹਿੱਸਾ ਬਣੇ ? ਕੇਵਲ ਆਰਥਿਕ ਨਿਰਭਰਤਾ ਨੂੰ ਹੀ ਵੱਡਾ ਕਾਰਨ ਮੰਨਣਾ ਸਹੀ ਨਹੀਂ। ਇਸ ਮਾਨਸਿਕ ਕਮਜ਼ੋਰੀ ਦਾ ਵੱਡਾ ਕਾਰਨ ਬੀਤੇ ਸਮੇਂ ਭਾਵ ਇਤਿਹਾਸ ਤੋਂ ਅਣਜਾਣ ਹੋਣਾ ਹੈ। ਕਿੰਨੀਆਂ ਕੁ ਬੀਬੀਆਂ ਨੂੰ ਪਤਾ ਹੋਵੇਗਾ ਕਿ ਬੀਬੀ ‘ਸ਼ਰਨ ਕੌਰ’ ਨੇ ਬਿਨਾ ਦਿਨ ਅਤੇ ਵਾਰ, ਪਾਪ, ਅਪਸ਼ਗਨ, ਭੂਤ-ਪ੍ਰੇਤ ਜਾਂ ਟੂਣੇ ਦੀ ਪਰਵਾਹ ਕੀਤਿਆਂ ਚਮਕੌਰ ਦੀ ਲੜਾਈ ਸਮੇਂ ਅੱਧੀ ਰਾਤ 32 ਸਿੰਘਾਂ ਦਾ ਦਾਹ ਸਸਕਾਰ ਕੀਤਾ, ਜਿਹਨਾਂ ਵਿੱਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਅਤੇ ਉਸ ਦਾ ਆਪਣਾ ਪਤੀ ਵੀ ਸ਼ਾਮਿਲ ਸੀ। ਬੀਬੀ ‘ਦੀਪ ਕੌਰ’ ਜਿਸ ਨੇ ਆਪਣੀ ਇੱਜ਼ਤ ਅਤੇ ਧਰਮ ਦੀ ਰਾਖੀ ਲਈ ਛੇ ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਏਸ ਖਾਲਸੇ ਦੀ ਧੀਅ ਨੂੰ ਦਸ਼ਮੇਸ਼ ਪਿਤਾ ਨੇ ਸੀਨੇ ਨਾਲ ਲਾ ਕੇ ਕਿਹਾ ਸੀ ਕਿ ‘ਜਦੋਂ ਤੱਕ ਏਹੋ ਜਿਹੀਆਂ ਮੇਰੀਆਂ ਧੀਆਂ ਰਹਿਣਗੀਆਂ, ਖਾਲਸਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ।’ ਬੀਬੀ ‘ਧਰਮ ਕੌਰ’ ਜਿਸ ਨੇ ਆਪਣੇ ਪਤੀ ਦੀ ਗ੍ਰਿਫ਼ਤਾਰੀ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨਾਲ ਲਗਾਤਾਰ ਆਢਾ ਲੈ ਕਿਲ੍ਹੇ ’ਤੇ ਕਬਜ਼ਾ ਨਾ ਹੋਣ ਦਿੱਤਾ ਅਤੇ ਅਖੀਰ ਆਪਣੀ ਸੈਨਾ ਲੈ ਕੇ ਮਹਾਰਾਜੇ ’ਤੇ ਚੜ੍ਹਾਈ ਕਰ ਦਿੱਤੀ। ਉਸ ਦੀ ਬਹਾਦਰੀ ਅਤੇ ਦਲੇਰੀ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਿਰ ਝੁਕਾਅ ਦਿੱਤਾ। ‘ਮਾਈ ਭਾਗੋ’ ਜਿਸ ਨੇ ਮੁਕਤਸਰ ਦੀ ਜੰਗ ਵਿੱਚ ਸਿੰਘਾਂ ਦੇ ਬਰਾਬਰ ਤੇਗ਼ ਵਾਹੀ ਤੇ ਮੁਗਲਾਂ ਦੇ ਮੂੰਹ ਭੰਨੇ। ਬੀਬੀ ‘ਖੇਮ ਕੌਰ’ ਜਿਸ ਨੇ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ। ਹੋਰ ਵੀ ਅਨੇਕਾਂ ਨਾਮ ‘ਬੀਬੀ ਦਲੇਰ ਕੌਰ, ਬੀਬੀ ਸੁੰਦਰੀ, ਬੀਬੀ ਰਣਜੀਤ ਕੌਰ, ਮਾਤਾ ਰਾਜ ਕੌਰ, ਸਦਾ ਕੌਰ, ਮਹਾਰਾਣੀ ਜਿੰਦਾਂ’ ਆਦਿ ਨੇ ਪਤਾ ਨਹੀਂ ਕਿੰਨੇ ਕੁ ਬਹਾਦਰੀ ਦੇ ਝੰਡੇ ਗੱਡੇ। ਜਿਨ੍ਹਾਂ ਦੇ ਨਾਮ ਤੇ ਕਾਰਨਾਮੇ ਇਤਿਹਾਸਕਾਰ ਅਤੇ ਸਾਡੇ ਧਾਰਮਿਕ ਕਥਾਕਾਰ ਲੈਣਾ ਹੀ ਭੁੱਲ ਗਏ।

ਔਰਤ ਦੀ ਬਰਾਬਰੀ ਅਤੇ ਹੱਕਾਂ ਦੀ ਗੱਲ ਕਰਨ ਵਾਲੇ ਔਰਤ ਨੂੰ ਵਿਚਾਰੀ ਬਣਾ ਕੇ ਹੀ ਪੇਸ਼ ਕਰਦੇ ਰਹੇ। ਉਸ ਨੂੰ ਪਿਤਾ, ਭਰਾ, ਪਤੀ ਅਤੇ ਪੁੱਤ ਦੇ ਜ਼ੁਲਮ ਤੋਂ ਬਚਾਉਣ ਲਈ ਕਾਨੂੰਨ, ਧਰਮ, ਜਾਂ ਕਰਮ-ਕਾਂਡਾ ਦੇ ਸਹਾਰੇ ਲੱਭਦੇ ਰਹੇ। ਰੱਖੜੀ ਵਰਗਾ ਤਿਓਹਾਰ ਏਸੇ ਵਿਚਾਰੇਪਨ ਦੀ ਵੱਡੀ ਗਵਾਹੀ ਹੈ। ਭੈਣ ਵੱਲੋਂ ਭਰਾ ਦੇ ਗੁੱਟ ’ਤੇ ਬਨ੍ਹਿਆ ਗਿਆ ਧਾਗਾ ਉਸ ਦੀ ਇੱਜ਼ਤ ਦਾ ਰਾਖਾ ਬਣਾ ਦਿੱਤਾ ਗਿਆ। ਜਦਕਿ ਇਹ ਇਤਿਹਾਸ ਬੀਬੀਆਂ ਆਪਣੀ ਅਣਖ ਤੇ ਇੱਜ਼ਤ ਖ਼ਾਤਰ ਆਪ ਮੈਦਾਨ ਵਿੱਚ ਸ਼ਾਸਤਰ ਧਾਰ ਕੇ ਲੜਦੀਆਂ ਸ਼ਹਾਦਤ ਹਾਸਲ ਕਰ ਗਈਆਂ। ਪਰ ਅੱਜ ਧਾਗੇ ਤਵੀਤਾਂ ਵਿੱਚ ਉਲਝ ਕੇ ਇਹ ਸਿੱਖ ਬੀਬੀਆਂ ਰਾਹੋਂ ਕੁਰਾਹੇ ਪੈ ਗਈਆਂ। ਮੜ੍ਹੀਆਂ ਮਸਾਣੀਆਂ ’ਤੇ ਮੱਥੇ ਟੇਕਣ ਵਿੱਚ ਜਾਂ ਪੰਡਤਾਂ ਜੋਤਸ਼ੀਆਂ ਤੋਂ ਆਈ ਨਿੱਕੀ ਮੋਟੀ ਆਫਤ ਦਾ ਹੱਲ ਲੱਭਣ ’ਚ ਪਲ ਦੀ ਵੀ ਦੇਰ ਨਹੀਂ ਕਰਦੀਆਂ। ਰਹਿੰਦੀ ਕਸਰ ਮੀਡੀਏ ਨੇ ਪੂਰੀ ਕਰ ਦਿੱਤੀ। ਹਰ ਨਾਟਕ ਅਤੇ ਫਿਲਮ ਵਿੱਚ ਔਰਤ ਨੂੰ ਘਰ, ਪਤੀ ਅਤੇ ਔਲਾਦ ਦੀ ਸੁੱਖ ਮੰਗਣ ਲਈ ਪੂਜਾ ਕਰਦਿਆਂ, ਤਰਲੇ ਕੱਢਦਿਆਂ ਹੀ ਦਿਖਾਇਆ ਜਾਂਦਾ ਹੈ। ਪੜ੍ਹਾਈ ਲਿਖਾਈ ਵੀ ਇਹਨਾਂ ਨੂੰ ਏਸ ਦਲਦਲ ’ਚੋਂ ਕੱਢ ਨਾ ਸਕੀ। ਸ੍ਰੀ ਗੁਰੂ ਨਾਨਕ ਦੇਵ ਨੇ ਔਰਤ ਨੂੰ ‘ਭੰਡ’ ਜਾਂ ‘ਭਾਂਡਾ’ ਕਿਹਾ ਹੈ ਭਾਵ ਉਹ ਵਸਤ ਜਿਸ ਵਿੱਚ ਚੀਜ਼ ਸਾਂਭ ਕੇ ਰੱਖੀ ਜਾਂਦੀ ਹੈ।

ਔਰਤ ਸਮਾਜ ਦੀ ਉਹ ਕੜੀ ਹੈ ਜਿਸ ਵਿੱਚ ਧਰਮ, ਸੰਸਕਾਰ ਅਤੇ ਸਭਿਅਤਾ ਸਾਂਭੀ ਜਾਂਦੀ ਹੈ। ਔਰਤ ਰਾਹੀਂ ਹੀ ਧਰਮ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਹੈ। ਸਭਿਅਤਾ ਵਿਕਾਸ ਕਰਦੀ ਹੈ। ਪ੍ਰੰਤੂ ਜੇਕਰ ਏਸ ਭਾਂਡੇ ਵਿੱਚੋਂ ਵਹਿਮਾਂ ਦਾ ਪਾਣੀ ਅਤੇ ਡਰ ਦਾ ਰੰਗ ਨਾ ਕੱਢਿਆ ਗਿਆ ਤਾਂ ਹਰੀ ਸਿੰਘ ਨਲੂਏ, ਬਾਬਾ ਬਘੇਲ ਸਿੰਘ, ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਸ਼ਾਇਦ ਹੀ ਫੇਰ ਦੁਬਾਰਾ ਸਾਡੇ ਸਿੱਖ ਪੰਥ ਵਿੱਚ ਜਨਮ ਲੈਣ। ਜਨਮ ਲੈਣਗੇ ਤਾਂ ਕੇਵਲ ਗਲਿਆਂ ਵਿੱਚ ਬੱਧੇ ਕਾਲੇ ਧਾਗਿਆਂ ਵਾਲੇ ਜੋ ਕਿਸੇ ਮਾੜੀ ਨਜ਼ਰ ਤੋਂ ਬਚਾਉਣ ਲਈ ਬੰਨ੍ਹੇ ਗਏ ਹੋਣ। ਹੱਥਾਂ ਵਿੱਚ ਪਾਏ ਹੋਏ ਹਰੇ ਜਾਂ ਨੀਲੇ ਮੋਤੀ ਜਿਨ੍ਹਾਂ ਸਦਕਾ ਸਾਡੇ ਗ੍ਰਹਿ ਸਹੀ ਰਹਿਣ। ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਿਤਾਂ ਦੀ ਸਲਾਹ ਲੈਣ ਵਾਲੇ, ਕਾਲੀ ਬਿੱਲੀ, ਉਬਲੇ ਦੁੱਧ, ਨਿੱਛ ਜਾਂ ਵਾਰਾਂ ਦੇ ਵਿਚਾਰ ਕਰਨ ਵਾਲੇ। ਸ਼ਗਨਾਂ ਅਪਸ਼ਗਨ ਵਿੱਚ ਫਸੇ ਵਿਚਾਰੇ ਮਨੁੱਖ ਜੋ ਕਿਤੇ ਫੇਰ ਕਿਸੇ ਵੀ ਹਕੂਮਤ ਦੇ ਗੁਲਾਮ ਹੋ ਜਾਣਗੇ। ਏਸ ਖ਼ੌਫਨਾਕ ਭਵਿੱਖ ਤੋਂ ਬਚਣ ਦਾ ਕੇਵਲ ਇਕ ਹੀ ਰਾਹ ਹੈ ਕਿ ਸਾਡੀਆਂ ਬੀਬੀਆਂ ਮੁੜ ਬਾਣੀ ਨਾਲ ਸਮਝਦਾਰੀ ਦੀ ਪੱਧਰ ’ਤੇ ਜੁੜਨ, ਬਹਾਦਰੀ, ਸਵੈਮਾਣ ਤੇ ਅਣਖ ਵਾਲਾ ਜੀਵਨ ਬਤੀਤ ਕਰਨ। ਉਹ ਖ਼ੁਦ ਸਿਰੜੀ ਸਿਦਕਵਾਨ, ਧੀਰਜ ਵਾਲੀਆਂ, ਭਾਣਾ ਮੰਨਣ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲੀਆਂ ਬਣਨ। ਤਾਂ ਹੀ ਸਾਡੀ ਕੌਮ ਅਤੇ ਸਿੱਖ ਪੰਥ ਬੁਲੰਦੀ ਅਤੇ ਚੜ੍ਹਦੀ ਕਲਾਂ ਵਿੱਚ ਰਹਿ ਸਕੇਗਾ।