ਸਿੱਖ ਧਰਮ ਤੇ ਪਾਲੇਟਿਕਸ

0
291

ਸਿੱਖ ਧਰਮ ਤੇ ਪਾਲੇਟਿਕਸ

ਪਿ੍ਰੰ. ਤੇਜਾ ਸਿੰਘ

(1). ਧਰਮ ਕੀ ਹੈ ?

ਧਰਮ ਦੇ ਸਬੰਧ ਵਿੱਚ ਅੱਜਕੱਲ ਦੋ ਤਰ੍ਹਾਂ ਦੇ ਖਿਆਲ ਪ੍ਰਚੱਲਿਤ ਹਨ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਧਰਮ ਮਨੁੱਖ ਦਾ ਨਿੱਜੀ ਮਾਮਲਾ ਹੈ, ਜਿਸ ਵਿੱਚ ਕਿਸੇ ਦੂਜੇ ਮਨੁੱਖ ਦਾ ਵਾਸਤਾ ਨਹੀਂ ਹੁੰਦਾ। ਇਹ ਇੱਕ ਅਨੁਭਵੀ ਰਿਸ਼ਤਾ ਹੈ ਜੋ ਕਿਸੇ ਨਿਵੇਕਲੇ ਬਹਿ ਕੇ ਪੂਜਾ ਪਾਠ ਕਰਨ, ਮਾਲਾ ਫੇਰਨ ਜਾਂ ਅੰਤਰ-ਧਿਆਨ ਹੋ ਕੇ ਅਕਾਸ਼ੀ ਵਸਦੇ ਰੱਬ ਵਿੱਚ ਲੀਨ ਹੋਣ ਦੀ ਥਾਂ ਹੈ। ਅਜਿਹੇ ਧਰਮ ਦਾ ਪਾਲੇਟਿਕਸ ਜਾਂ ਸਿਆਸਤ ਨਾਲ ਕੋਈ ਸਬੰਧ ਨਹੀਂ।

ਜੇ ਇੱਕ ਪਾਸੇ ਧਰਮ ਬਾਬਤ ਇਹ ਖਿਆਲ ਹੈ ਕਿ ਧਰਮ ਮਨੁੱਖ ਦੀਆਂ ਸਾਰੀਆਂ ਰੁਚੀਆਂ ਤੇ ਰੁਝੇਵਿਆਂ ਨੂੰ ਸੁਆਰਦਾ ਤੇ ਅਗਵਾਈ ਕਰਦਾ ਹੈ। ਧਰਮ, ਇੱਕ ਖਿਆਲਾਂ ਜਜ਼ਬਿਆਂ ਤੇ ਅਮਲਾਂ ਨੂੰ ਬਣਾਂਦਾ, ਢਾਲਦਾ ਤੇ ਉੱਚੇ ਤੋਂ ਉੱਚੇ ਸਿਖਰ ’ਤੇ ਪੁਚਾਂਦਾ ਹੈ। ਇਸ ਦਾ ਸਬੰਧ ਨਾ ਕਿ ਕੇਵਲ ਉਸ ਦੀ ਸ਼ਖ਼ਸੀ ਜ਼ਿੰਦਗੀ ਨਾਲ ਹੁੰਦਾ ਹੈ ਸਗੋਂ ਉਸ ਦੀ ਸਮਾਜਿਕ, ਪੰਥਕ ਤੇ ਸਿਆਸੀ ਰਹਿਣੀ ਨਾਲ ਵੀ ਹੁੰਦਾ ਹੈ। ਧਰਮ ਦਾ ਜ਼ਿੰਦਗੀ ਨਾਲ ਵੀ ਉਹ ਸਬੰਧ ਹੁੰਦਾ ਹੈ, ਜੋ ਰੂਹ ਦਾ ਸਰੀਰ ਨਾਲ ਹੈ। ਕਰਮ-ਕਾਂਡ ਨੂੰ ਸਮਾਜ ਵਿੱਚੋਂ ਕੱਢਣ ਵੇਲੇ ਦੱਸਦੇ ਸਨ ਕਿ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਨ੍ਹਾਂ ਦਾ ਖੰਡਨ ਕੀਤਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਜਗਿਆਸੂ, ਕਿਸੇ ਚਿੰਨ੍ਹ ਜਾਂ ਅਸੂਲ ਨੂੰ ਆਪਣੇ ਧਰਮ ਵਿੱਚੋਂ ਕੱਢਣ ਦਾ ਪ੍ਰਚਾਰ ਕਰੇ ਉਸ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਫਲਾਣੀ ਥਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਇਹ ਕੰਮ ਨਹੀਂ ਕਰਨਾ, ਐਵੇਂ ਫਾਲਤੂ ਇਹ ਕੰਮ ਕਰਨ ਦੀ ਪ੍ਰੇਰਨਾ ਕਿਸੇ ਨੇ ਪਿੱਛੋਂ ਆ ਕੇ ਪਾ ਦਿੱਤੀ ਸੀ ਜਿਵੇਂ ਕਿ ਸਿੰਘ ਸਭਾ ਵਾਲੇ ਕਰਮ-ਕਾਂਡ ਦੀਆਂ ਰੀਤਾਂ ਨੂੰ ਸਿੱਖੀ ਵਿੱਚੋਂ ਕੱਢਣ ਵੇਲੇ ਦੱਸਦੇ ਸਨ ਕਿ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਨ੍ਹਾਂ ਦਾ ਖੰਡਨ ਇਉਂ ਕੀਤਾ ਹੈ। ਰੂਹ ਕੇਵਲ ਦਿਮਾਗ ਜਾਂ ਹਿਰਦੇ ਵਿੱਚ ਹੀ ਨਹੀਂ ਹੁੰਦੀ, ਸਗੋਂ ਉਗਲਾਂ ਦੇ ਪੋਟਿਆਂ, ਗੋਡਿਆਂ ਤੇ ਪਸਲੀਆਂ ਵਿੱਚ ਵੀ ਹੁੰਦੀ ਹੈ। ਧਰਮ ਜਦ ਕਿਸੇ ਸਰੀਰ ਵਿੱਚ ਜਾਗ ਉੱਠਦਾ ਹੈ ਤਾਂ ਉਸ ਦੇ ਅੰਗ-ਅੰਗ ਨੂੰ ਸੁਰਜੀਤ ਕਰ ਦਿੰਦਾ ਹੈ ਤੇ ਜਿੱਥੇ ਉਸ ਦੀਆਂ ਆਤਮਿਕ ਰੁੱਚੀਆਂ ਪ੍ਰਫੁੱਲਤ ਹੁੰਦੀਆਂ ਹਨ, ਉੱਥੇ ਨਾਲ ਹੀ ਉਸ ਦੀ ਸਰੀਰਕ, ਦਿਮਾਗੀ, ਆਰਥਿਕ, ਸਾਹਿਤਕ ਤੇ ਸਿਆਸੀ ਜ਼ਿੰਦਗੀ ਵੀ ਨਵੇਂ ਸਿਰਿਓ ਢਲਦੀ ਹੈ। ਅਜਿਹਾ ਧਰਮ ਜਿੱਥੇ ਕੌਮ ਦੇ ਪਰਮਾਰਥ ਨੂੰ ਸੁਆਰਦਾ ਹੈ ਉੱਥੇ ਉਸ ਦੇ ਸੰਸਾਰਕ ਹਾਣ-ਲਾਭ ਦਾ ਵੀ ਖਿਆਲ ਰੱਖਦਾ ਹੈ।

ਸਿੱਖ ਧਰਮ ਇੱਕ ਦੂਜੀ ਕਿਸਮ ਦਾ ਧਰਮ ਹੈ। ਇਸ ਦੀ ਨੀਂਹ ਰੱਖਣ ਵਾਲਿਆਂ ਨੇ ਇਸ ਦੀ ਉਸਾਰੀ ਕਰਨ ਵੇਲੇ ਹੀ ਕਹਿ ਦਿੱਤਾ ਸੀ ਕਿ: ‘‘ਸਰਬ ਧਰਮ ਮਹਿ, ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’’ (ਮ: ੫/੨੬੬)

ਧਰਮ ਉਹੀ ਚੰਗਾ ਹੈ ਜਿਸ ਵਿੱਚ ਨੈਤਿਕਤਾ ਅਤੇ ਚੰਗੇ ਕਰਮ ਕਰਨ ਦਾ ਪ੍ਰਬੰਧ ਹੋਵੇ। ਜਿਵੇਂ ਕਿ ਸਿੱਖ ਧਰਮ ਦੇ ਬੁਨਿਆਦੀ ਅਸੂਲ ਦੋ ਹਨ: ਨਾਮ ਜਪਣਾ ਤੇ ਸੇਵਾ।

(ੳ). ਨਾਮ ਜਪਣਾ- ਬਾਣੀ ਦੇ ਅਭਿਆਸ ਲਈ ਸੰਗਤਾਂ ਵਿੱਚ ਜੁੜਨਾਂ, ਗੁਰਦੁਆਰਿਆਂ ਵਿੱਚ ਇਕੱਠੇ ਹੋ ਕੇ ਪਾਠ ਕੀਰਤਨ ਵਿੱਚ ਸ਼ਾਮਲ ਹੋਣਾ ਅਤੇ ਰਲਵੀਂ ਅਰਦਾਸ ਕਰਨੀ ਜ਼ਰੂਰੀ ਹੈ। ਅਰਦਾਸ ਹੁੰਦੀ ਹੀ ਸਮੁੱਚੇ ਪੰਥ ਵੱਲੋਂ, ਸਰਬੱਤ ਖਾਲਸਾ ਵੱਲੋਂ ਹੈ। ਇਸ ਵਿੱਚ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ-ਤਹਾਂ ਰੱਛਿਆ ਰਿਆਇਤ ਮੰਗੀ ਜਾਂਦੀ ਹੈ, ਪੰਥ ਕੀ ਜੀਤ ਤੇ ਪੰਥਕ ਤਾਕਤ ਨੂੰ ਇੱਕ-ਮੁੱਠ ਕਰਕੇ ਸਥਾਨਕ ਸੰਗਤਾਂ ਨੂੰ ਅਗਵਾਈ ਦਿੱਤੀ ਜਾਂਦੀ ਹੈ।

(ਅ). ਸੇਵਾ – ਜਿਨ੍ਹਾਂ ਧਰਮਾਂ ਵਿੱਚ ਸੇਵਾ ਦਾ ਖਿਆਲ ਨਹੀਂ ਹੁੰਦਾ ਉਨ੍ਹਾਂ ਵਿੱਚ ਪੰਥ ਬਨਾਉਣ ਜਾਂ ਜਥੇਬੰਦੀ ਦੀ ਲੋੜ ਹੀ ਨਹੀਂ ਹੁੰਦੀ। ਪਰ ਜਿੱਥੇ ਸੇਵਾ ਜਾਂ ਅਮਲੀ ਪਰਉਪਕਾਰ ਦਾ ਪ੍ਰਬੰਧ ਕਰਨਾ ਹੁੰਦਾ ਹੈ ਉੱਥੇ ਜਥੇਬੰਦੀ ਦੀ ਲੋੜ ਹੁੰਦੀ ਹੈ, ਕਿਉਂਕਿ ਜਥੇਬੰਦੀ ਨਾਲ ਹੀ ਸੇਵਾ ਕਰਨ ਵਾਲੇ ਥੋੜੀ ਤੋਂ ਥੋੜੀ ਤਾਕਤ ਜਾਂ ਵਸੀਲੇ ਨਾਲ ਵਧੀਕ ਤੋਂ ਵਧੀਕ ਲਾਭ ਪਹੁੰਚਾ ਸਕਦੇ ਹਨ।

(2). ਖਾਲਸੇ ਦੀਆਂ ਮੁੱਢਲੀਆਂ ਰਵਾਇਤਾਂ:

ਸਿੱਖ ਧਰਮ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਜਿੱਥੇ ਹੋਰ ਧਰਮ ਮਨੁੱਖ ਤੋਂ ਨਿਖੇੜ ਕੇ ਵੱਖੋ-ਵੱਖ ਟੋਲੇ (ਫਿਰਕੇ) ਬਣਾਉਂਦੇ ਹਨ, ਇਹ ਧਰਮ ਵਖਰੇਵੇਂ ਦੂਰ ਕਰਦਾ ਤੇ ਸਾਰਿਆਂ ਨੂੰ ਨੇੜੇ ਲਿਆ ਕੇ ਜੋੜ ਦਿੰਦਾ ਹੈ, ਕਿਉਂਕਿ ਇਸ ਦੀ ਨੀਂਹ ਰੱਖਣ ਵਾਲਾ ਮਨੁੱਖ ਜਾਤੀ ਨੂੰ ਜੋੜਨ ਆਇਆ ਸੀ, ਤੋੜਨ ਨਹੀਂ ਸੀ ਆਇਆ। ‘‘ਨਾਨਕ! ਸਤਿਗੁਰੁ ਐਸਾ ਜਾਣੀਐ, ਜੋ ਸਭਸੈ ਲਏ ਮਿਲਾਇ ਜੀਉ॥’’

ਕਈ ਧਾਰਮਿਕ ਪੁਸਤਕਾਂ ਮਨੁੱਖਾਂ ਨੂੰ ਮਨੁੱਖਾਂ ਤੋਂ ਨਿਖੇੜਦੀਆਂ (ਤੋੜਦੀਆਂ) ਹਨ। ਕੁਰਾਨ ਨੂੰ ਕੋਈ ਗੈਰ-ਮੁਸਲਮ ਆਪਣੀ ਪੁਸਤਕ ਨਹੀਂ ਸਮਝ ਸਕਦਾ। ਅੰਜੀਲ ਨੂੰ ਕੋਈ ਗੈਰ-ਈਸਾਈ ਆਪਣੀ ਆਤਮਾ ਦਾ ਅਧਾਰ ਨਹੀਂ ਮੰਨ ਸਕਦਾ, ਪਰ ਸਿੱਖ ਧਰਮ ਦਾ ਧਾਰਮਿਕ ਗ੍ਰੰਥ ਤਾਂ ਕੌਮਾਂਤਰੀ ਗ੍ਰੰਥ ਦੇ ਤੌਰ ’ਤੇ ਹੀ ਬਣਾਇਆ ਗਿਆ ਸੀ ‘‘ਅੰਮਿ੍ਰਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ॥’’ (ਮ: ੫/੧੪੨੯)

ਇਹ ਨਾ ਸਿਰਫ ਸਿੱਖਾਂ ਦੀ ਆਤਮਿਕ ਖੁਰਾਕ ਹੈ, ਸਗੋਂ ਜਿਹੜਾ ਵੀ ਇਸ ਨੂੰ ਖਾਵੇ ਜਾਂ ਭੁੰਚੇ ਉਸ ਦਾ ਉਧਾਰ ਹੋ ਜਾਂਦਾ ਹੈ। ਇਸ ਲਈ ‘‘ਏਹ ਵਸਤੁ ਤਜੀ ਨਹ ਜਾਈ, ਨਿਤ ਨਿਤ ਰਖੁ ਉਰਿ ਧਾਰੋ॥’’ (ਮ: ੫/੧੪੨੯) ਇਹ ਚੀਜ਼ ਛੁੱਟ ਨਹੀਂ ਸਕਦੀ, ਇਸ ਦਾ ਸਭ ਨੂੰ ਆਸਰਾ ਲੈਣਾ ਪਵੇਗਾ। ਇਸ ਵਿੱਚ ਜਿੱਥੇ ਸਿੱਖ ਗੁਰੂਆਂ ਤੇ ਹਿੰਦੂ ਭਗਤਾਂ ਦੀ ਬਾਣੀ ਹੈ, ਉੱਥੇ ਕਈ ਮੁਸਲਮਾਨੀ ਘਰਾਣਿਆਂ ਵਿੱਚ ਜੰਮੇ ਪਲੇ ਫਕੀਰਾਂ ਦੀ ਬਾਣੀ ਵੀ ਦਰਜ ਹੈ। ਜਿੱਥੇ ਇਸ ਨੂੰ ਹਿੰਦੂ ਤੇ ਸਿੱਖ ਪੜ੍ਹਦੇ ਆਏ ਹਨ ਉੱਥੇ ਕਈ ਮੁਸਲਮਾਨ ਵੀ ਸੁਣਦੇ ਪੜ੍ਹਦੇ ਆਏ ਹਨ।

ਇਹ ਸੱਚ ਹੈ ਕਿ ਖ਼ਾਲਸੇ ਨੂੰ ਨਿਆਰਾ ਰਹਿਣ ਦਾ ਹੁਕਮ ਹੈ: ‘ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ।’ (ਰਹਿਤਨਾਮਾ ਭਾਈ ਚੌਪਾ ਸਿੰਘ)

ਪਰ ਨਿਆਰਾ ਕਿਸ ਗੱਲ ਵਿੱਚ ? ਵੱਖਰੇ ਹੱਕ ਮੰਗਣ ਵਿੱਚ ਨਹੀਂ, ਨਾ ਹੀ ਸਮੁੱਚੀ ਕੌਮ ਦੀਆਂ ਆਰਥਿਕ, ਸਭਿਆਚਾਰਕ ਅਤੇ ਸਿਆਸੀ ਲਹਿਰਾਂ ਤੋਂ ਵੱਖਰਾ ਰਹਿਣ ਵਿੱਚ ਅਤੇ ਨਾ ਹੀ ਮੁਲਕ ਦੀਆਂ ਅਗਾਹਾਂ-ਵਧੂ ਸੰਸਥਾਵਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਵਿੱਚ, ਸਗੋਂ ਖਾਲਸੇ ਦਾ ਨਿਆਰਾਪਣ ਇਸ ਗੱਲ ਵਿੱਚ ਹੈ ਕਿ ਇਸ ਨੇ ਸਭ ਨਿਆਰਾਪਣ ਮੇਟ ਦੇਣਾ ਹੈ, ਸਭ ਵਖਰੇਵਾਂ ਦੂਰ ਕਰ ਦੇਣਾ ਹੈ। ਬੇਸ਼ੱਕ ਹੋਰ ਟੱਬਰ ਆਪਣੇ 12 ਮੈਂਬਰ ਹੋਣ ’ਤੇ 13 ਚੁਲ੍ਹੇ ਬਣਾ ਲੈਣ ਪਰ ਸਗਲ-ਜਮਾਤੀ ਖਾਲਸੇ ਦਾ ਚੌਂਕਾ 12 ਕੋਹ ’ਚ ਇਕ ਹੀ ਹੁੰਦਾ ਹੈ, ਇਹ ਤਾਂ ‘ਆਸ਼ਰਮ ਬਰਨ ਬਿਚਾਰ ਨਹਿ, ਇਕ-ਪੰਗਤੀ ਬੈਸਹਿ।’ (ਸੂਰਜ ਪ੍ਰਕਾਸ਼)। ਖਾਲਸੇ ਦਾ ਲੰਗਰ ਸਾਂਝਾ ਹੈ, ਨਾ ਕੇਵਲ ਆਪਣੇ ਸਿੱਖ ਭਰਾਵਾਂ ਨਾਲ ਸਗੋਂ ਗੈਰ-ਸਿੱਖਾਂ ਨਾਲ ਵੀ। ਉਹ ਗੁਰੂ ਕਾ ਲੰਗਰ ਹੀ ਨਹੀਂ ਅਖਵਾ ਸਕਦਾ ਜਿਸ ਵਿੱਚ ਕੇਵਲ ਸਿੱਖ ਹੀ ਪ੍ਰਸ਼ਾਦ ਛੱਕ ਸਕਣ ਅਤੇ ਹੋਰਨਾਂ ਨੂੰ ਸ਼ਾਮਲ ਹੋਣ ਦੀ ਮਨਾਹੀ ਹੋਵੇ। ਸਿੱਖਾਂ ਵਿੱਚ ਸੇਵਾ ਲੋਕ-ਸੇਵਾ ਹੁੰਦੀ ਹੈ, ਨਿਰੋਲ ਪਰ-ਉਪਕਾਰ ਦੇ ਭਾਵ ਨਾਲ ਹੁੰਦੀ ਹੈ। ਇਹ ਸਦਾ ਤੋਂ ਅਫਿਰਕੂ ਹੁੰਦੀ ਆਈ ਹੈ। ਇਸੇ ਅਸੂਲ ਦੀ ਵਰਤੋਂ ਕਰਦਿਆਂ ਜਦ ਸਿੱਖ ਰਾਜ ਕਾਇਮ ਹੋਇਆ ਤਾਂ ਉਹ ਨਿਰੋਲ ਅਫਿਰਕੂ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿਆਸਤ ਵਿੱਚੋਂ ਅਕਾਲ ਤਖਤ ਦੇ ਮਤੇ ਨੂੰ ਹਟਾ ਕੇ ਸਿੱਖਾਂ ਅਤੇ ਅਣ-ਸਿੱਖਾਂ ਦੀ ਸਾਂਝੀ ਕੌਂਸਲ ਦੀ ਮਦਦ ਨਾਲ ਰਾਜ ਕੀਤਾ। ਉਸ ਨੇ ਲਾਹੌਰ ਸ਼ਹਿਰ, ਸਿੱਖ ਸਰਦਾਰਾਂ ਪਾਸੋਂ ਖੋਹ ਕੇ ਇੱਕ ਮੁਸਲਮਾਨ ਕੋਤਵਾਲ ਦੇ ਹਵਾਲੇ ਕੀਤਾ। ਉਸ ਦਾ ਸਭ ਤੋਂ ਨਜ਼ਦੀਕੀ ਤੇ ਭਰੋਸੇ ਵਾਲਾ ਵਜ਼ੀਰ ਫਕੀਰ ਅਜ਼ੀਜ਼ੁੱਦੀਨ ਸੀ। ਉਸ ਨੇ ਸਿਆਸੀ ਮੰਡਲ ਵਿੱਚ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਵਿਤਕਰੇ ਮਿਟਾ ਦਿੱਤੇ।

(1). ਰਵਾਇਤਾਂ ਵਿੱਚ ਤਰਮੀਮਾਂ:

ਇਸ ਸਾਂਝੀਵਾਲਤਾ ਵਾਲੇ ਤੇ ਅਫਿਰਕੂ ਰਾਜ ਦੇ ਕਾਇਮ ਕਰਨ ਲਈ ਜੋ ਵੱਡਾ ਕੰਮ ਉਸ ਵੇਲੇ ਕੀਤਾ ਗਿਆ, ਜੇਕਰ ਉਸ ਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਅੱਜ ਕੱਲ ਦੇ ਬਹੁਤ ਸਾਰੇ ਪੰਥਕ ਝਗੜੇ ਮਿਟ ਸਕਦੇ ਹਨ। ਉਹ ਇਹ ਸੀ ਕਿ ਸ੍ਰੀ ਅਕਾਲ ਤਖਤ ਦੇ ਗੁਰਮਤੇ ਵਿੱਚੋਂ ਹਕੂਮਤ ਵਾਲੇ ਮਾਮਲੇ ਕੱਢ ਲਏ ਗਏ ਅਤੇ ਇਸ ਪੰਥਕ ਅਸਥਾਨ ਨੂੰ ਪੰਥਕ ਮਾਮਲਿਆਂ ਲਈ ਹੀ ਮਹਿਦੂਦ ਕੀਤਾ ਗਿਆ। ਇਸ ਤੋਂ ਪਹਿਲਾਂ ਸਾਰੇ ਮੁਲਕੀ ਮਾਮਲੇ ਅਕਾਲ ਤਖਤ ਦੇ ਹਜ਼ੂਰ ਇਕੱਤਰ ਹੋਏ ਸਰਬੱਤ ਖਾਲਸਾ ਦੇ ਦੀਵਾਨ ਵਿੱਚ ਨਜਿੱਠੇ ਜਾਂਦੇ ਸਨ। ਸਰਕਾਰੀ ਅਹਿਦਨਾਮਿਆਂ ਉੱਤੇ ਵੀ ਇੱਥੇ ਹੀ ਦਸਤਖਤ ਹੁੰਦੇ ਸਨ (ਜਿਵੇਂ ਲਾਰਡ ਲੇਕ ਦੇ ਅੱਗੇ-ਅੱਗੇ ਭੱਜਾ ਆਉਂਦਾ ਮਰਹੱਟਾ ਸਰਦਾਰ ਹੁਲਕਰ ਇੱਥੇ ਹੀ ਖਾਲਸੇ ਦੀ ਇਕੱਤ੍ਰਤਾ ਵਿੱਚ ਹਾਜ਼ਰ ਹੋਇਆ ਸੀ ਇੱਥੇ ਹੀ ਖਾਲਸੇ ਨੇ ਵਿੱਚ ਪੈ ਕੇ ਅੰਗਰੇਜ਼ਾਂ ਨਾਲ ਸੁਲਹ ਕਾਰਵਾਈ ਸੀ ਅਤੇ ਇੱਥੇ ਹੀ ਸੁਲਹਨਾਮੇ ਉੱਤੇ ਦਸਤਖਤ ਹੋਏ ਸਨ) ਇੱਥੇ ਜਦ ਸਰਬਤ ਖਾਲਸਾ ਇਕੱਠਾ ਹੁੰਦਾ ਸੀ ਤਾਂ ਗੁਰਮਤਾ ਪੇਸ਼ ਹੋਣ ਤੋਂ ਪਹਿਲਾਂ ਇਹ ਜ਼ਰੂਰੀ ਸਮਝਿਆ ਜਾਂਦਾ ਸੀ ਕਿ ਇਕੱਤਰ ਹੋਏ ਖਾਲਸੇ ਆਪਣੇ ਸਾਰੇ ਸਿਆਸੀ ਵਖਰੇਵੇਂ ਦੂਰ ਕਰ ਕੇ ਗੁਰੂ ਕੇ ਹੋ ਕੇ ਬੈਠਣ, ਗੁਰੂ ਦਰਬਾਰ ਅੰਦਰ ਇੱਕਮਿੱਕ ਹੋ ਕੇ ਬੈਠਣ। ਜਦ ਤੱਕ ਇਹ ਨਹੀਂ ਹੁੰਦਾ, ਤਦ ਤੱਕ ਕੋਈ ਮਤਾ ਹੀ ਪੇਸ਼ ਨਹੀਂ ਸੀ ਹੁੰਦਾ। ਜਦ ਇਲਾਚੀ ਬੇਰੀ ਦੇ ਪਿੱਛੇ ਬਹਿ ਕੇ ਸਭ ਝਗੜੇ ਝਾਂਜੇ ਮਿਟਾ ਕੇ ਜਥੇਦਾਰ ਅਕਾਲ ਤਖਤ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਸੀ ਕਿ ਹੁਣ ਅਸੀਂ ਇੱਕ ਮਿੱਕ ਹੋ ਗਏ ਹਾਂ ਤਾਂ ਜਥੇਦਾਰ ਕਹਿੰਦਾ ਸੀ: ਖਾਲਸਾ ਜੀ, ਗੁਰਮਤਾ ਇਹ ਹੈ।

ਪਰ ਜਦ ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦੇ ਮੁੱਢਲੇ ਆਦਰਸ਼ ਦੀ ਪੂਰਤੀ ਲਈ ਹਿੰਦੂਆਂ ਮੁਸਲਮਾਨਾਂ ਦਾ ਅਫਿਰਕੂ ਰਾਜ ਕਾਇਮ ਕਰਨ ਦਾ ਫੈਸਲਾ ਕੀਤਾ ਤਾਂ ਉਸ ਵਿੱਚ ਅਕਾਲ ਤਖਤ ਦੇ ਹਕੂਮਤੀ ਮਤੇ ਪਾਸ ਕਰਨ ਵਾਲੀ ਪਰਪਾਟੀ ਨੂੰ ਇੱਕ ਰੁਕਾਵਟ ਸਮਝ ਕੇ ਹਟਾ ਦਿੱਤਾ ਗਿਆ। ਅੱਗੇ ਤਾਂ ਮੁਸਲਮਾਨ ਓਪਰੇ ਤੇ ਗੈਰ-ਕੌਮ ਸਮਝੇ ਜਾਂਦੇ ਸਨ ਅਤੇ ਹਿੰਦੂਆਂ ਵਿੱਚ ਕੌਮੀ ਜ਼ਿੰਦਗੀ ਮੁੱਕ ਚੁੱਕੀ ਸੀ। ਉਸ ਹਾਲਤ ਵਿੱਚ ਖਾਲਸਾ ਹੀ ਕੌਮ ਦਾ ਇੱਕ ਜੀਊਂਦਾ ਅੰਗ ਸੀ, ਇਸ ਲਈ ਰਾਜ ਕਰੇਗਾ ਖਾਲਸਾ ਦੀ ਧੁੰਨੀ ਉਠਾਣੀ ਜ਼ਰੂਰੀ ਸੀ, ਪਰ ਜਦ ਖਾਲਸੇ ਨੇ ਗੁਰ-ਆਸ਼ੇ ਅਨੁਸਾਰ ਫੈਸਲਾ ਕੀਤਾ ਕਿ: ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥

ਤਾਂ ਇਹ ਗੱਲ ਅਯੋਗ ਸਮਝੀ ਗਈ ਕਿ ਨਵੇਂ ਅਫਿਰਕੂ ਤੇ ਸਾਂਝੇ ਮਾਹੌਲ ਵਿੱਚ ਕਿਸੇ ਇੱਕ ਫਿਰਕੇ ਦੇ ਧਾਰਮਿਕ ਸਥਾਨ ਤੋਂ ਨਿਕਲੇ ਹੁਕਮਨਾਮਿਆਂ ਨਾਲ ਰਾਜ ਕੀਤਾ ਜਾਏ। ਇਸੇ ਅਸੂਲ ਨੂੰ ਮੁੱਖ ਰੱਖ ਕੇ ਸਿੱਖ ਮਿਸਲਾਂ ਦਾ ਖਾਤਮਾ ਕੀਤਾ ਗਿਆ, ਕਿਉਂਕਿ ਉਹ ਵੀ ਪੁਰਾਣੇ ਫਿਰਕੂ ਸਮੇਂ ਦੀਆਂ ਨਿਸ਼ਾਨੀਆਂ ਸਨ।

ਇੱਕ ਹੋਰ ਗੱਲ ਉਸ ਵੇਲੇ ਦੀ ਇਹ ਹੈ ਕਿ ਇਨ੍ਹਾਂ ਵਕਤਾਂ ਵਿੱਚ ਖਾਲਸੇ ਦੀਆਂ ਰਵਾਇਤਾਂ ਕਾਇਮ ਹੋ ਰਹੀਆਂ ਸਨ, ਤਦੋਂ ਉੱਤੇ ਇੱਕ ਅਕਾਲ ਪੁਰਖ ਤੇ ਥੱਲੇ ਖਾਲਸਾ ਸੀ। ਦੋਹਾਂ ਦੇ ਵਿਚਕਾਰ ਕਿਸੇ ਹੋਰ ਤਾਕਤ ਨੂੰ ਨਹੀਂ ਮੰਨਿਆ ਜਾਂਦਾ ਸੀ। ਖਾਲਸਾ ਸੁਤੰਤਰ ਰਿਹਾ ਹੈ, ਜਾਂ ਤਾਂ ਮੁਗਲ ਰਾਜ ਤੋਂ ਆਕੀ ਜਾਂ ਆਪਣੇ ਰਾਜ ਵਾਲਾ। ਇਸ ਲਈ ਇਸ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਕਿਸੇ ਗੈਰ ਰਾਜ ਨਾਲ ਮਿਲਵਰਤਣ ਕਰੇ। ਅੰਗਰੇਜ਼ੀ ਰਾਜ ਵੇਲੇ ਖਾਲਸਾ ਆਪਣਾ ਆਪ ਭੁਲਾ ਚੁੱਕਾ ਸੀ, ਇਸ ਲਈ ਉਸ ਵੇਲੇ ਦੀ ਮਿਲਵਰਤਣ ਨਿਰ ਬੇਵੱਸੀ ਸੀ। ਸੋਚ ਸਮਝ ਕੇ ਮਿਲਵਰਤਣ ਕਰਨ ਦਾ ਮੌਕਾ ਹੁਣੇ ਹੀ ਆਇਆ ਹੈ।

ਇਸ ਵੇਲੇ ਖਾਲਸੇ ਦੀਆਂ ਮੁੱਢਲੀਆਂ ਰਵਾਇਤਾਂ ਨੂੰ ਪੂਰੀ ਤਰ੍ਹਾਂ ਸੁਰਜੀਤ ਕਰਨ ਵੇਲੇ ਖਤਰਾ ਹੈ ਕਿ ਮੁੜ ਓਹੀ ਦੁਵਲੀ ਖਿੱਚੋ-ਤਾਣ ਤੇ ਮੁਠ-ਭੇੜ ਨਾ ਸ਼ੁਰੂ ਹੋ ਜਾਵੇ। ਯਾਦ ਰੱਖਣਾ ਚਾਹੀਦਾ ਹੈ ਕਿ ਜੇ ਤਾਂ ਖਾਲਸੇ ਦੀ ਉਨ੍ਹਾਂ ਵੇਲਿਆਂ ਦੀ ਰਵਾਇਤ ਉਘਾੜਨੀ ਹੈ ਜਦੋਂ ਖਾਲਸਾ ਹੀ ਹਿੰਦ ਦੀ ਕੌਮ ਦਾ ਜੀਊਂਦਾ ਹਿੱਸਾ ਸੀ, ਤਦ ਤਾਂ ਗੈਰ-ਸਿੱਖਾਂ ਨਾਲ ਟਾਕਰਾ ਛਿੜ ਪਏਗਾ, ਪਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਤਰਮੀਮ-ਹੋਈਆਂ ਰਵਾਇਤਾਂ ਉੱਤੇ ਚਲਣਾ ਹੈ ਤਾਂ ਗੈਰ-ਸਿੱਖਾਂ ਨਾਲ ਮਿਲਵਰਤਣ ਕਰਕੇ ਇੱਕ ਸਾਂਝੀ ਹਕੂਮਤ ਦੀ ਕਾਇਮੀ ਦੀ ਪ੍ਰੋੜਤਾ ਕਰਨੀ ਪਵੇਗੀ। ਜਦ ਮੁਸਲਮਾਨ ਓਪਰੇ ਤੇ ਬਿਗਾਨੇ ਸਨ ਅਤੇ ਹਿੰਦੂ ਮੁਰਦਾ ਸਨ, ਤਦ ਤਾਂ ਦੋਹਾਂ ਨੂੰ ਲਾਂਭੇ ਛੱਡ ਕੇ ਰਾਜ ਕਰੇਗਾ ਖਾਲਸਾ ਕਹਿਣਾ ਠੀਕ ਸੀ ਪਰ ਇਹ ਪੇਸ਼ੀਨਗੋਈ (ਭਵਿਖਬਾਣੀ) ਕਦ ਦੀ ਪੂਰੀ ਹੋ ਚੁੱਕੀ। ਪੂਰੀ ਹੋਣ ਤੋਂ ਉਪਰੰਤ ਸਮੇਂ ਦੇ ਹਾਲਾਤ ਨੇ ਇਸ ਨਜ਼ਰੀਏ ਵਿੱਚ ਕਈ ਤਬਦੀਲੀਆ ਲਿਆਂਦੀਆਂ, ਖਾਸ ਕਰਕੇ ਇਹ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਇੱਕ ਸਾਂਝੀ ਕੌਮ ਦਾ ਆਦਰਸ਼ ਕਾਇਮ ਕੀਤਾ। ਫਿਰ 1947 ਵਿੱਚ ਸਾਡੀ ਮਿਲਵਰਤਨ ਨਾਲ ਹਿੰਦੁਸਤਾਨੀ ਰਾਜ ਕਾਇਮ ਹੋਇਆ, ਜਿਸ ਵਿੱਚ ਸਭ ਲੋਕਾਂ ਨੇ ਅਫਿਰਕੂ ਰਾਜ ਬਣਤਰ ਦੇ ਹੇਠਾਂ ਰਹਿਣਾ ਹੈ। ਅਜਿਹੀ ਹਾਲਤ ਵਿੱਚ ਕਿਸੇ ਇੱਕ ਫਿਕਰੇ ਦਾ ਆਪਣਾ ਸਿਆਸੀ ਦਾਅਵਾ ਕਿਸੇ ਹੋਰ ਫਿਕਰੇ ਉੱਤੇ ਪਾਣ ਦੀ ਕੋਸ਼ਿਸ਼ ਕਰਨੀ ਮੁਲਕ ਨੂੰ ਡੇਢ ਸੌ ਵਰ੍ਹਾ ਪਿਛਾਂਹ ਜਾ ਸੁੱਟਣਾ ਹੈ। ਇਹ ਜਤਨ ਨਾ ਕੇਵਲ ਸਿਆਸੀ ਤੌਰ ’ਤੇ ਪਿਛਾਂਹ-ਖਿੱਚੂ ਹੈ, ਸਗੋਂ ਗੁਰੂ ਨਾਨਕ ਸਾਹਿਬ ਦੇ ਪੰਜ ਸੌ ਵਰ੍ਹੇ ਤੋਂ ਚਲੇ ਆਏ ਅਤੇ ਹੁਣ ਪ੍ਰਫੁੱਲਤ ਹੁੰਦੇ ਆਦਰਸ਼ ਤੋਂ ਮੂੰਹ ਮੋੜਨਾ ਹੈ। ਗੁਰੁ ਜੀ ਦਾ ਫੁਰਮਾਨ ਹੈ: ‘‘ਹੁਕਮੁ ਕਰਹਿ ਮੂਰਖ ਗਾਵਾਰ॥’’

ਕਿਸੇ ਇੱਕ ਫਿਕਰੇ ਦਾ ਕਿਸੇ ਹੋਰ ਫਿਕਰੇ ਉੱਤੇ ਹਕੂਮਤ ਕਰਨ ਦਾ ਸੁਫਨਾ ਲੈਣਾ ਮੂਰਖਤਾ ਹੈ, ਭਾਵੇਂ ਇਹ ਸੁਫਨਾ ਹਿੰਦੂਆਂ ਦਾ ਹੋਵੇ ਤੇ ਭਾਵੇਂ ਸਿੱਖਾਂ ਦਾ। ਸਭਨਾਂ ਨਾਲ ਰਲ ਕੇ ਇੱਕ ਸਾਂਝਾ ਰਾਜ ਕਾਇਮ ਹੋ ਚੁੱਕਾ ਹੈ। ਅਸਾਂ ਇਸੇ ਨੂੰ ਅਪਨਾਉਣਾ ਹੈ, ਇਸੇ ਨੂੰ ਤਕੜਾ ਕਰਨਾ ਹੈ, ਇਸ ਦੀਆਂ ਉਣਤਾਈਆਂ ਆਪਣੀਆਂ ਸਮਝ ਕੇ ਦੂਰ ਕਰਨੀਆਂ ਤੇ ਕਰਾਉਣੀਆਂ ਹਨ।

(2). ਵਿਚਾਰ ਤੇ ਸਿੱਟੇ

ਉਪਰੋਕਤ ਸਾਰੀ ਵਿਚਾਰ ਤੋਂ ਜੋ ਸਿੱਟੇ ਨਿਕਲ ਕਰ ਸਾਹਮਣੇ ਆਉਂਦੇ ਹਨ ਉਹ ਇਸ ਪ੍ਰਕਾਰ ਹਨ:

(ੳ). ਕੌਮ ਦੀ ਸਮੁੱਚੀ ਜ਼ਿੰਦਗੀ ਦੀ ਅਗਵਾਈ ਧਰਮ (ਗੁਰਮਤਿ ਸਿਧਾਂਤ) ਨੇ ਕਰਨੀ ਹੈ। ਇਸ ਲਈ ਧਰਮ ਤੋਂ ਸਿਆਸਤ ਨੂੰ ਨਿਖੇੜ ਨਹੀਂ ਸਕਦੇ। ਜਿਸ ਕਿਸੇ ਮਾਮਲੇ ਵਿੱਚ ਸਰਕਾਰ ਦਾ ਦਖਲ ਹੋਵੇਗਾ ਉਸ ਵਿੱਚ ਸਿਆਸਤ ਆ ਜਾਵੇਗੀ। ਜਦ ਕਿਸੇ ਵਕਤ ਸਰਕਾਰ ਨੇ ਸਾਡੇ ਗੁਰਦੁਆਰਿਆਂ ਜਾਂ ਕਿਸੇ ਹੋਰ ਧਾਰਮਿਕ ਕੰਮ ਲਈ ਕੋਈ ਹੁਕਮ ਜਾਂ ਕਾਨੂੰਨ ਪਾਸ ਕੀਤਾ, ਉਸ ਵੇਲੇ ਸਾਡੇ ਧਾਰਮਿਕ ਜੱਥਿਆਂ ਨੂੰ ਉਸ ਸਬੰਧੀ ਆਪਣੀ ਰਾਏ ਦੇਣ ਜਾਂ ਐਜੀਟੇਸ਼ਨ ਕਰਨ ਦਾ ਹੱਕ ਹੋਵੇਗਾ। ਜਿਵੇਂ ਕਿ ਹੁਣੇ-ਹੁਣੇ ਜਦ ਬਿਹਾਰ ਦੀ ਸਰਕਾਰ ਨੇ ਧਾਰਮਿਕ ਅਸਥਾਨਾਂ ਦੀ ਸੰਭਾਲ ਲਈ ਇੱਕ ਕਾਨੂੰਨ ਘੜਨਾ ਚਾਹਿਆ, ਜਿਸ ਦੀ ਮੱਦ ਵਿੱਚ ਸਾਡਾ ਪਟਨੇ ਸਾਹਿਬ ਦਾ ਤਖਤ ਆਉਂਦਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਖਲ ਦੇਣਾ ਪਿਆ। ਇਹੋ ਜਿਹੇ ਸਵਾਲ ਸਾਡੇ ਲਈ ਧਾਰਮਿਕ ਹਨ, ਭਾਵੇਂ ਸਮੇਂ ਦੀ ਸਰਕਾਰ ਲਈ ਸਿਆਸੀ ਹਨ।

(ਅ). ਉਪਰਲੀ ਵਿਚਾਰ ਤੋਂ ਇਹ ਵੀ ਸਿੱਟਾ ਨਿਕਲਦਾ ਹੈ ਕਿ ਧਾਰਮਿਕ ਦੀਵਾਨਾਂ, ਗੁਰਦੁਆਰਿਆਂ ਅਤੇ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਹਜ਼ੂਰ ਜੁੜੀਆਂ ਸੰਗਤਾਂ ਵਿੱਚ ਕੋਈ ਆਪਸ ਦੇ ਝਗੜੇ ਵਾਲੀ ਜਾਂ ਧੜੇਬਾਜ਼ੀ ਵਾਲੀ ਗੱਲ ਪੇਸ਼ ਨਹੀਂ ਹੋਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਉੱਚੀ-ਨੀਵੀਂ ਗੱਲ ਕਰਨੀ ਗੁਰੂ ਸਾਹਿਬ ਦੀ ਬੇਅਦਬੀ ਹੈ। ਪ੍ਰਬੰਧ ਦੀ ਮਰਯਾਦਾ ਦੇ ਉਲਟ ਕੋਈ ਕਾਰਵਾਈ ਕਰਨੀ ਜਾਂ ਕਰਾਉਣ ਦਾ ਜਤਨ ਕਰਨਾ ਰੌਲਾ ਪਾਉਣਾ ਹੈ। ਉਹ ਅਰਦਾਸ ਹੀ ਕੀ ਹੋਈ ਜੋ ਅਰਦਾਸੀਏ ਨੂੰ ਝੰਝੋੜ ਕੇ ਜਾਂ ਠੂੰਗੇ ਮਾਰ ਕੇ ਜ਼ਬਰਦਸਤੀ ਕਰਾਈ ਜਾਏ? ਪੰਥਕ ਅਰਦਾਸ ਊਹੀ ਹੋ ਸਕਦੀ ਹੈ, ਜਿਸ ਵਿੱਚ ਮਨ ਨੀਵਾਂ, ਮਤ ਉੱਚੀ ਹੋਵੇ ਅਤੇ ਜਿਸ ਵਿੱਚ ਸਾਰੇ ਧੜੇ ਆਪੋ ਵਿੱਚ ਰਲ ਕੇ ਗੁਰੂ ਵਿੱਚ ਇੱਕ-ਮਿੱਕ ਹੋ ਕੇ ਪ੍ਰਾਰਥਨਾ ਕਰਨ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦਾ ਮਤਲਬ ਹੀ ਇਹ ਹੈ ਕਿ ਇੱਕ ਧੜੇ ਵਾਲੇ ਸਿੱਖ ਦੂਜੇ ਧੜੇ ਵਾਲੇ ਸਿੱਖਾਂ ਲਈ ਹਰ ਰੋਜ਼ ਅਰਦਾਸ ਕਰਦੇ ਰਹਿਣ ਕਿ ਹੇ ਵਾਹਿਗੁਰੂ ਸੱਚੇ ਪਾਤਿਸ਼ਾਹ! ਆਪ ਦੀ ਮਿਹਰ ਦਾ ਹੱਥ ਇਨ੍ਹਾਂ ਸਭਨਾਂ ਦੇ ਸਿਰ ’ਤੇ ਹਮੇਸ਼ਾ ਬਣਿਆ ਰਹੇ। ਇਸੇ ਤਰ੍ਹਾਂ ਦੂਜੇ ਧੜ੍ਹੇ ਵਾਲੇ ਸਿੱਖ ਹਰ ਰੋਜ਼ ਪਹਿਲੇ ਧੜ੍ਹੇ ਉੱਤੇ ਰੱਬ ਦੀ ਮਿਹਰ ਦਾ ਹੱਥ ਮੰਗਦੇ ਰਹਿਣ। ਜਿੱਥੇ ਨਿਤ ਨਿਤ ਇਹੋ ਜਿਹੀ ਅਰਦਾਸ ਹੁੰਦੀ ਹੋਵੇ ਉੱਥੇ ਇੱਕ ਦੂਜੇ ਉੱਤੇ ਹਮਲੇ ਹੋਣੇ ਨਹੀਂ ਚਾਹੀਦੇ ‘ਗੁਰੁ ਕਾ ਸਿੱਖ ਹੋਇ, ਸੋ ਸਿੱਖ ਉਪਰ ਸ਼ੱਕ ਨਾ ਕਰੇ।’

(ੲ). ਖਾਲਸੇ ਨੇ ਆਪਣੀ ਸਿਆਸਤ ਹੋਰ ਦੇਸ-ਵਾਸੀਆਂ ਨਾਲ ਸਾਂਝੀ ਬਣਾਈ ਹੈ। ਸਾਰੇ ਆਰਥਿਕ ਤੇ ਬੋਲੀ ਆਦਿ ਦੇ ਸਵਾਲ ਅਫਿਰਕੂ ਸਭਾਵਾਂ ਬਣਾ ਕੇ ਨਜਿੱਠਣੇ ਹਨ। ਇਸ ਨੇ ਨਿਆਰਾ ਵੀ ਰਹਿਣਾ ਹੈ, ਅਥਵਾ ਇਸ ਨੇ ਕਿਸੇ ਭਰਮੀ ਸੰਪਰਦਾ ਵਿੱਚ ਸ਼ਾਮਲ ਵੀ ਨਹੀਂ ਹੋਣਾ ਜਿਸ ਵਿੱਚ ਮੂਰਤੀ ਪੂਜਾ, ਅਵਤਾਰ ਪ੍ਰਸਤੀ, ਗ੍ਰਹਿ ਪੂਜਾ, ਜੰਤਰ-ਮੰਤਰ-ਤੰਤਰ ਆਦਿ ਦਾ ਰਿਵਾਜ ਹੋਵੇ ਜਾਂ ਜਿਸ ਵਿੱਚ ਕਿਸੇ ਪੁਰਾਤਨ ਬੋਲੀ ਨੂੰ ਦੇਵ-ਬਾਣੀ ਮੰਨ ਕੇ ਲੋਕ-ਬੋਲੀ ਬਨਾਉਣ ਦਾ ਜਤਨ ਹੁੰਦਾ ਹੋਵੇ। ਪਰ ਖਾਲਸੇ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਦੇਸ਼ ਦੀ ਹਰ ਇੱਕ ਸਾਂਝੀ ਸੰਸਥਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਿਸ ਦੇ ਰਾਹੀਂ ਭੈ-ਭਰਮ ਦਾ ਨਾਸ ਹੋ ਸਕੇ ਅਤੇ ਹਰ ਤਰ੍ਹਾਂ ਦੇ ਵਖਰੇਵੇਂ ਦੂਰ ਹੋ ਕੇ ‘‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ (ਮ:੫/੯੭) ਵਾਲਾ ਪਾਵਨ ਉਪਦੇਸ ਪੂਰਾ ਹੋਵੇ। ਇਸ ਆਦਰਸ਼ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਹਜ਼ਾਰਾਂ ਲੱਖਾਂ ਸਿੱਖ ਕਾਂਗਰਸ ਆਦਿ ਸਾਂਝੀਆਂ ਸੰਸਥਾਵਾਂ ਵਿੱਚ ਸ਼ਾਮਲ ਹੋ ਜਾਣ ਅਤੇ ਅੰਦਰ ਹੋ ਕੇ ਆਪਣੇ ਗੈਰ-ਸਿੱਖ ਭਰਾਵਾਂ ਨੂੰ ਖਾਲਸੇ ਦੇ ਆਦਰਸ਼ ਸਮਝਾਉਣ ਦਾ ਮੌਕਾ ਦੇਣ ਤਾਂ ਜੋ ਕੌਮ ਦੇ ਸਾਰੇ ਅੰਗ ਆਪੋ ਵਿੱਚ ਮਿਲਵਰਤਨ ਕਰਦੇ ਹੋਏ ਇੱਕ ਪੱਧਰ ’ਤੇ ਆ ਕੇ ਇੱਕ-ਮਿੱਕ ਹੋ ਜਾਣ। ਥੋੜੇ ਜਿਹੇ ਸਿੱਖਾਂ ਦਾ ਸ਼ਾਮਲ ਹੋਣਾ ਕੋਈ ਅਰਥ ਨਹੀਂ ਰੱਖਦਾ, ਸਗੋਂ ਬਹੁਤ ਹਾਨੀਕਾਰਕ ਸਾਬਤ ਹੁੰਦਾ ਹੈ।