ਸਿੱਖੀ ਪਛਾਣ ਦੇ ਸਰੋਕਾਰ

0
302

ਸਿੱਖੀ ਪਛਾਣ ਦੇ ਸਰੋਕਾਰ

ਡਾ. ਗੁਰਬਖ਼ਸ਼ ਸਿੰਘ ਭੰਡਾਲ

ਸਿੱਖ ਦੀ ਪਛਾਣ ਦੇ ਮੂਲ ਸਿਧਾਂਤ, ਗੁਰਬਾਣੀ ਰਾਹੀਂ ਸਾਡੇ ਮਨ-ਮਸਤਕ ਵਿੱਚ ਦਸਤਕ ਦਿੰਦੇ ਹਨ। ਇਸ ‘ਤੇ ਚਲਦਿਆਂ ਜਿੱਥੇ ਅਸੀਂ ਸਮੁੱਚੀ ਮਾਨਵਤਾ ਲਈ ਇੱਕ ਉਸਾਰੂ ਭੁਮਿਕਾ ਨਿਭਾ ਕੇ, ਸਿੱਖ ਧਰਮ ਅਤੇ ਇਸ ਦੀਆਂ ਸਿਖਿਆਵਾਂ ਦੇ ਫੈਲਾਅ ਦਾ ਸੁਚੱਜਾ ਸਬੱਬ ਬਣ ਸਕੇ ਹਾਂ, ਉੱਥੇ ਅਸੀਂ ਵਧੀਆ ਪਛਾਣ ਰਾਹੀਂ ਸਮੁੱਚੀ ਸਿੱਖ ਕਮਿਊਨਿਟੀ ਦਾ ਨਾਮ ਵੀ ਰੌਸ਼ਨ ਕਰ ਸਕਦੇ ਹਾਂ। ਦਰਅਸਲ, ਸਿੱਖੀ ਸਰੂਪ ਵਿੱਚ ਵਿਚਰ ਰਿਹਾ ਹਰ ਵਿਅਕਤੀ ਆਪਣੀ ਨੌਕਰੀ, ਬਿਜ਼ਨਿੱਸ ਜਾਂ ਸਮਾਜ ਸੇਵਾ ਨੂੰ ਨਿਪੁੰਨਤਾ ਨਾਲ ਕਰਦਿਆਂ ਨਵੀਆਂ ਬੁਲੰਦੀਆਂ ਨੂੰ ਸਰ ਕਰਦਾ, ਇੱਕ ਰੋਲ ਮਾਡਲ ਹੁੰਦਾ ਹੈ ਜਿਸ ‘ਤੇ ਸਾਰੀ ਕਮਿਊਨਿਟੀ ਮਾਣ ਕਰਦੀ ਹੈ।
ਖਾਲਸਾ ਸਾਜਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਨਾਲ ਸਿੱਖਾਂ ਨੂੰ ਵਰਸੋਇਆ ਤਾਂ ਇਹ ਮੂਲ ਰੂਪ ਵਿੱਚ ਸਿੱਖ ਦੀ ਸੰਤ-ਸਿਪਾਹੀ ਦੇ ਰੂਪ ‘ਚ ਪਛਾਣ ਸਿਰਜਣ ਦੀ ਸ਼ੁਭ ਸ਼ੁਰੂਆਤ ਸੀ। ਯਾਨੀ ਕਿ ਗੁਰਬਾਣੀ ਦੇ ਰੰਗ ਵਿੱਚ ਆਤਮਾ ਨੂੰ ਰੰਗਣਾ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਇਹ ਅੰਤਰੀਵੀ ਪਛਾਣ ਦਾ ਕੇਂਦਰ ਬਿੰਦੂ ਸੀ। ਜਿੱਥੇ ਪੰਜ ਕਕਾਰ (ਕੇਸ, ਕੜਾ, ਕੰਘਾ, ਕਿਰਪਾਨ ਅਤੇ ਕਛਹਿਰਾ), ਜਿੱਥੇ ਬਾਹਰੀ ਪਛਾਣ ਨੂੰ ਦਰਸਾਉਂਦੇ ਹਨ ਉੱਥੇ ਇਹ ਸੁੰਦਰ ਅਤੇ ਸੰਤੁਲਿਨ ਸਖਸ਼ੀਅਤ ਉਸਾਰੀ ਦੇ ਵੀ ਜਾਮਨ ਹਨ। ਆਪਣੇ ਅੰਤਰੀਵ ਅਤੇ ਬਾਹਰੀ ਦਿਖ ‘ਚ ਸਾਵਾਂਪਣ ਪੈਦਾ ਕਰਕੇ, ਸੱਚੇ ਸਿੱਖ ਦਾ ਸਰੂਪ ਧਾਰ, ਬੰਦਿਆਈ ਦਾ ਮਾਰਗ-ਦਰਸ਼ਕ ਬਣਨ ਦੇ ਸਮਰੱਥ ਹੁੰਦਾ ਹੈ। ਯਾਦ ਰਹੇ ਕਿ ਪਛਾਣ ਕਾਰਨ ਹੀ ਕੁਝ ਕੌਮਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ। ਪਛਾਣ ਨੂੰ ਅਸੀਂ ਕਿਹੜੇ ਅਰਥਾਂ ਅਤੇ ਸੰਦਰਭ ਵਿੱਚ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ, ਇਹ ਸਾਡੀ ਵਿਰਾਸਤ, ਸੋਚ, ਸੰਸਕਾਰ, ਮਾਪਿਆ ਦਾ ਅਸਰ ਅਤੇ ਜਿੰਦਗੀ ਦੇ ਮੁੱਢਲੇ ਕਦਮਾਂ ਦੌਰਾਨ ਬਾਹਰੀ ਪ੍ਰਭਾਵਾਂ ‘ਤੇ ਨਿਰਭਰ ਕਰਦਾ ਹੈ।
ਵਕਤ ਬਦਲਦਾ ਹੈ ਜਿਸ ਕਾਰਨ ਮਨੁੱਖ ਨੂੰ ਦਰਪੇਸ਼ ਸਮੱਸਿਆਵਾਂ ਤੇ ਉਸ ਦੇ ਸਰੋਕਾਰ ਵੀ ਬਦਲਦੇ ਹਨ। ਬਦਲਦੇ ਸਮਿਆਂ ਵਿੱਚ ਆਪਣੇ ਮੂਲ ਨਾਲ ਜੁੜੇ ਰਹਿ ਕੇ ਇਸ ਦੀ ਮੂਲ ਧਾਰਨਾ ਨੂੰ ਅੱਖੋਂ ਪਰੋਖੇ ਕੀਤੇ ਬਗੈਰ, ਸਿੱਖੀ ਪਛਾਣ ਨੂੰ ਨਵੇਂ ਅਰਥ ਦੇਣਾ, ਵਿਦੇਸਾਂ ਵਿੱਚ ਵੱਸਦੇ ਸਿੱਖਾਂ ਦੀ ਸਭ ਤੋਂ ਪਹਿਲੀ ਲੋੜ ਹੋਣੀ ਚਾਹੀਦੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਕਦੇ ਸਾਰਥਿਕ ਕਦਮ ਉੱਠਾਏ ਹਨ? ਕੀ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਅਸਥਾਨ ਇਸ ਪ੍ਰਤੀ ਫ਼ਿਕਰਮੰਦ ਹਨ? ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਸਥਾਪਤ ਹੋਣ ‘ਤੇ, ਹਰ ਜਗਾ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਏ ਹਨ, ਜੋ ਸਾਡੀ ਧਾਰਮਿਕ ਅਕੀਦਤ ਦੀ ਪੂਰਤੀ ਦਾ ਪ੍ਰਥਮ ਸਥਾਨ ਬਣਿਆ। ਸਾਡੇ ਸਮਾਜਿਕ ਤਿਉਹਾਰਾਂ, ਪਰਿਵਾਰਕ ਸਮਾਗਮਾਂ, ਧਾਰਮਿਕ ਇਕੱਠਾਂ ਅਤੇ ਖ਼ੁਸੀਆਂ ਗ਼ਮੀਆਂ ਨੂੰ ਸਾਂਝੇ ਰੂਪ ‘ਚ ਮਨਾਉਣ ਦਾ ਕੇਂਦਰ ਵੀ ਬਣੇ। ਇਸ ਤੋਂ ਵੀ ਅਹਿਮ ਹੈ ਕਿ ਸਾਡੇ ਵਿਚਰਨ, ਕਾਰਗੁਜਾਰੀ, ਅਦਾਰਿਆਂ ਵਿੱਚ ਕੰਮ-ਕਾਜ, ਦੂਸਰੀਆਂ ਕਮਿਊਨਿਟੀਆਂ ਨਾਲ ਵਿਵਹਾਰ, ਗੱਲ ਕਰਨ ਅਤੇ ਮਿਲਣ ਦਾ ਲਹਿਜਾ, ਦੂਸਰੀ ਕਮਿਊਨਿਟੀਆਂ ਦੇ ਲੋਕਾਂ ਨੂੰ ਆਪਣੇ ਕਾਰ-ਵਿਵਹਾਰ ਜਾਂ ਸਮਾਜ ਸੇਵਾ ਕਰਨ ਆਦਿ ਰਾਹੀਂ ਸਿੱਖ ਧਰਮ ਦੇ ਸੱਚੇ-ਸੁੱਚੇ ਅਸੂਲਾਂ ਦਾ ਪ੍ਰਤੱਕ ਪ੍ਰਮਾਣ ਪੇਸ਼ ਕਰਨਾ, ਬਹੁਤ ਹੀ ਪ੍ਰਮੁੱਖ ਹੈ। ਸਿੱਖ ਨੌਜਵਾਨਾਂ ਵੱਲੋਂ ਸੇਵਾ ਫੂਡ ਬੈਂਕ, ਪੰਜਾਬ ਚੈਰਿਟੀ ਵੱਲੋਂ ਖ਼ੂਨ ਦਾਨ ਅਤੇ ਨਾਇਟ ਟੇਬਲ ਵਿੱਚ ਨਿਰੰਤਰ ਯੋਗਦਾਨ, ਅੰਗ ਦਾਨ, ਓਪਰੇਸ਼ਨ ਰੈਡ ਰੋਜ਼, ਫ਼੍ਰੀ ਕਿਚਨ ਵਿੱਚ ਭਾਗੀਦਾਰੀ ਆਦਿ ਬਹੁਤ ਸਾਰੇ ਕਾਰਜ ਸਿੱਖਾਂ ਦੀ ਵਧੀਆ ਪਛਾਣ ਸਿਰਜਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੇ ਹਨ।
ਆਪਣੀ ਪਛਾਣ ਬਾਰੇ, ਸੁਚੇਤ ਅਤੇ ਸੁਹਿਰਦ ਲੋਕ ਹਰ ਪਲ ਸਾਵਧਾਨ ਰਹਿੰਦੇ ਹਨ। ਪਿਛਲੇ ਦਿਨੀਂ ਇੱਕ ਦੋਸਤ ਨੇ ਬਹੁਤ ਹੀ ਅਰਥ ਭਰਪੂਰ ਵਾਰਤਾਲਾਪ ਸੁਣਾਈ, ‘ਕਿ ਕਿਸੇ ਸੈਮੀਨਾਰ ਵਿੱਚ ਲੰਚ ਬ੍ਰੇਕ ਤੋਂ ਬਾਅਦ ਖਾਲੀ ਕੁਰਸੀਆਂ ‘ਤੇ ਗੋਰੀਆਂ ਲੜਕੀਆਂ ਬੈਠ ਗਈਆਂ। ਜਦ ਕੁਝ ਪੰਜਾਬੀ ਆਏ (ਜਿਹੜੇ ਇਨਾਂ ਸੀਟਾਂ ‘ਤੇ ਪਹਿਲਾਂ ਬੈਠੇ ਹੋਣਗੇ।) ਤਾਂ ਉਨਾਂ ਨੇ ਇਨਾਂ ਲੜਕੀਆਂ ਨੂੰ ਸੀਟਾਂ ਛੱਡਣ ਲਈ ਮਜਬੂਰ ਕੀਤਾ ਅਤੇ ਉਹ ਖੜੀਆਂ ਹੋ ਕੇ ਸੈਮੀਨਾਰ ਵਿੱਚ ਭਾਗ ਲੈਣ ਲਈ ਮਜਬੂਰ ਹੋ ਗਈਆਂ ਕਿਉਂਕਿ ਕੁਰਸੀਆਂ ਕੁਝ ਘੱਟ ਸਨ। ਉਨਾਂ ਲੜਕੀਆਂ ਨੇ ਪੰਜਾਬੀਆਂ ਦੇ ਇਸ ਵਰਤੀਰੇ ਦਾ ਬਹੁਤ ਬੁਰਾ ਵੀ ਮਨਾਇਆ। ਇਸ ਮੌਕੇ ‘ਤੇ ਕੁਝ ਦਸਤਾਰਧਾਰੀ ਦੋਸਤਾਂ ਨੇ ਕੁਰਸੀਆਂ ਖਾਲੀ ਕਰਕੇ ਲੜਕੀਆਂ ਨੂੰ ਬੈਠਣ ਲਈ ਬੇਨਤੀ ਕੀਤੀ। ਜਦ ਉਹ ਕੁਰਸੀਆਂ ‘ਤੇ ਬੈਠ ਗਈਆਂ ਤਾਂ ਉਨਾਂ ਦੇ ਮੁਖੜੇ ‘ਤੇ ਜਿੱਥੇ ਦਸਤਾਰ ਬਾਰੇ ਇੱਕ ਸੁਚਾਰੂ ਪ੍ਰਭਾਵ ਬਣ ਗਿਆ।’ ਨਾਲ ਹੀ ਉਨਾਂ ਨੂੰ ਇਹ ਵੀ ਸਕੂਨ ਮਿਲਿਆ ਕਿ ਸਿੱਖ ਕੌਮ ਔਰਤਾਂ ਨੂੰ ਬਹੁਤ ਹੀ ਮਹੱਤਵ ਦਿੰਦੀ ਹੈ ਅਤੇ ਉਨਾਂ ਦਾ ਅਦਬ ਕਰਦੀ ਹੈ। ਇਹ ਨਿੱਕੀ ਜਿਹੀ ਘਟਨਾ, ਸਾਡੀ ਕਮਿਊਨਿਟੀ ਲਈ ਬਹੁਤ ਵੱਡੇ ਅਰਥਾਂ ਦਾ ਇੱਕ ਸਦੀਵੀ ਸੁਨੇਹਾ ਛੱਡ ਗਈ।
ਜਦ ਅਸੀਂ ਚੁਫੇਰੇ ਆਪਣੀ ਮਹਿਕ ਛੱਡਾਂਗੇ, ਆਪਣੀ ਕਰਮਸ਼ੈਲੀ ਦੇ ਪ੍ਰਭਾਵ ਰਾਹੀਂ ਮਾਨਵੀ-ਰੂਪੀ ਸੋਚਾਂ ‘ਤੇ ਪਹਿਰਾ ਦੇਵਾਂਗੇ ਅਤੇ ਆਪਣੇ ਸੁਚੱਜੇ ਜੀਵਨ ਵਿੱਚੋਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ’ ਦੇ ਨਿੱਤਨੇਮ ਵਰਗਾ ਕਿਰਦਾਰ ਸਾਡੀ ਪਹਿਲ ਬਣੇਗਾ ਤਾਂ ਸਿੱਖ ਅਤੇ ਇਸ ਦੀ ਪਛਾਣ ਦਾ ਅਭਾਵ, ਸਾਡੀ ਮਾਣਮੱਤੀ ਸੰਸਕ੍ਰਿਤੀ ਦਾ ਵੱਡਭਾਗ ਹੋਵੇਗਾ। ਵਿਦੇਸ਼ਾਂ ਵਿੱਚ ਵੱਸਦੇ ਸਿੱਖ ਆਪਣੀ ਪਛਾਣ ਅਤੇ ਹੋਂਦ ਬਾਰੇ ਬਹੁਤ ਫ਼ਿਕਰਮੰਦ ਹਨ ਜਿਸ ਕਰਕੇ ਸਿੱਖ ਪਛਾਣ ਨੂੰ ਹਰ ਪਾਸੇ ਪ੍ਰਵਾਨਗੀ ਮਿਲ ਰਹੀ ਹੈ। ਭਾਵੇਂ ਉਹ ਸਰਕਾਰੀ ਅਦਾਰੇ ਹੋਣ, ਪੁਲਿਸ ਜਾਂ ਫੌਜ ਵਿੱਚ ਸਿੱਖੀ ਪਛਾਣ ਦਾ ਮੁੱਦਾ ਹੋਵੇ ਜਾਂ ਰਾਜਸੀ ਪੱਧਰ ‘ਤੇ ਨੁਮਾਇੰਦਗੀ ਦਾ ਸਵਾਲ ਹੋਵੇ ਜਾਂ ਰਾਜਸੀ ਪਾਰਟੀਆਂ ਵੱਲੋਂ ਦਿੱਤੀ ਗਈ ਵਿਸ਼ੇਸ਼ ਤਵੱਜੋਂ ਹੋਵੇ। ਸਿੱਖਾਂ ਨੇ ਆਪਣੀ ਹੋਂਦ ਦਾ ਪ੍ਰਚੱਮ ਉੱਚਾ ਉਠਾਇਆ ਹੈ ਪਰ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਇਹ ਉਪਰਾਲੇ ਆਮ ਤੌਰ ‘ਤੇ ਨਿਜੀ ਉਪਰਾਲੇ ਹੀ ਹਨ। ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦਾ ਇੱਕ ਸਰਗਰਮ ਕੋਰ ਗਰੁੱਪ ਹੋਵੇ ਜਿਹੜਾ ਸਿੱਖੀ ਦੀ ਮਾਣਮੱਤੀ ਪਛਾਣ ਨੂੰ ਗੂੜਾ ਕਰਨ ਅਤੇ ਇਸ ਦੀ ਪ੍ਰਸੰਗਤਾ ਨੂੰ ਅਜੋਕੇ ਵਰਤਾਰੇ ਵਿੱਚ ਹੋਰ ਵੀ ਪ੍ਰਭਾਵੀ ਬਣਾਉਣ ਲਈ ਤਰਕੀਬਾਂ ਬਣਾਵੇ। ਇਨਾਂ ਵਿੱਚ ‘ਸਰਬੱਤ ਦੇ ਭਲੇ’ ਦੇ ਮੂਲ ਸਿਧਾਂਤ ਅਨੁਸਾਰ ਵਸੀਲੇ ਜੁਟਾਉਣ ਅਤੇ ਉਪਰਾਲੇ ਕਰਨ ਦੀ ਲੋੜ ਹੈ, ਜਿਸ ਵਿੱਚ ਸਾਰੀਆਂ ਕਮਿਊਨਿਟੀਆਂ ਦੀ ਸ਼ਮੂਲੀਅਤ ਹੋਵੇ ਪਰ ਸਿੱਖਾਂ ਦੀ ਪ੍ਰਭਾਵੀ ਭੂਮਿਕਾ ਹੋਵੇ। ਸਿੱਖ ਬਹੁਤ ਵੱਡੇ ਦਾਨੀ ਹਨ, ਉਹ ਦਾਨ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ ਬਸ਼ਰਤੇ ਕਿ ਉਨਾਂ ਦੇ ਦਾਨ ਦੀ ਸਾਰਥਿਕ ਵਰਤੋਂ ਹੋਵੇ ਜਿਸ ਨਾਲ ਕਿਸੇ ਦੇ ਮਨ-ਮਸਤਕ ਵਿੱਚ ਗਿਆਨ ਜੋਤ ਜਗੇ, ਧਾਰਮਿਕਤਾ ਦਾ ਗਿਆਨ ਵਿਗਸੇ, ਸਿੱਖੀ ਸੰਗੀਤ ਗੂੰਜੇ, ਜੀਵਨ ਜਾਚ ਦੀ ਗੁੜਤੀ ਮਿਲੇ, ਸਮਾਜ ਸੇਵਾ ਦੇ ਵਲਵਲੇ ਮਨ ਵਿੱਚ ਪੈਦਾ ਹੋਣ, ਸਰਕਾਰੀ ਅਦਾਰਿਆਂ ਵਿੱਚ ਆਪਣੀ ਆਦਰਯੋਗ ਜਗਾ ਬਣਾਉਣੀ ਜਾਂ ਆਪਣੀ ਅਹਿਮੀਅਤ ਰਾਹੀਂ ਕਿਸੇ ਅਦਾਰੇ ਦੀ ਕਿਸਮਤ ਜਗਾਉਣੀ ਆਦਿ ਕਰਮ ਕਰਨੇ ਜ਼ਰੂਰੀ ਹਨ।
ਸਿੱਖੀ ਪਛਾਣ ਜਦ ਬਾਣੀ ਅਤੇ ਬਾਣੇ ਨਾਲ ਇਕਸੁਰ ਹੁੰਦੀ ਹੈ ਤਾਂ ਇਸ ਦੀ ਸੂਰਜੀ ਲੋਅ ਵਿੱਚ ਚੌਗਿਰਦਾ ਸੁੱਚੀ ਭਾਅ ਮਾਰਦਾ ਹੈ। ਜਦ ਬਾਣੀ-ਰੂਪੀ ਪਛਾਣ ਸਾਡੀ ਕਰਮ-ਧਾਰਨਾ ਅਤੇ ਕਰਮ—ਸਾਧਨਾ ਵਿੱਚ ਸਮਾ ਜਾਵੇ ਤਾਂ ਸਮੁੱਚੀ ਕਾਇਨਾਤ ਅਤੇ ਕਮਿਊਨਿਟੀ ਇਸ ‘ਤੇ ਮਾਣ ਕਰਦੀ ਹੈ। ਭਾਵੇਂ ਇਹ ਗੁਰੂਆਂ ਦੀ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਸੋਚ ਹੋਵੇ, ਔਰਤ ਜਾਤ ਨੂੰ ਦਿੱਤੀ ਜਾਂਦੀ ਅਹਿਮੀਅਤ ਹੋਵੇ, ਕਿਰਤ ਨੂੰ ਸਭ ਤੋਂ ਉੱਚੇ ਅਤੇ ਸੁੱਚੇ ਮਰਤਬੇ ਦਾ ਮਾਣ ਹੋਵੇ, ਵਰਣਾਂ, ਜਾਤਾਂ ਤੇ ਧਰਮਾਂ ਦੇ ਸੌੜੇ ਦਾਇਰਿਆਂ ‘ਚੋਂ ਬਾਹਰ ਨਿਕਲ ਕੇ ਸਾਂਝੀਵਾਲਤਾ ਦਾ ਪੈਗਾਮ ਹੋਵੇ, ਹਰ ਮਨੁੱਖ ਵਿੱਚੋਂ ਰੱਬ ਦੇ ਦੀਦਾਰੇ ਪਾਉਣਾ ਹੋਵੇ ਜਾਂ ਉਸ ਦੀ ਰਜ਼ਾ ਵਿੱਚ ਰਹਿੰਦਿਆਂ, ਸਰਬ-ਸੁੱਖਨ ਅਤੇ ਸ਼ੁਭ-ਕਾਮਨਾ ਵਾਲੀ ਜੀਵਨ ਜਾਚ ਦਾ ਮਾਰਗੀ ਹੋਣਾ ਹੋਵੇ। ਇਹ ਸਭ ਸਿੱਖੀ ਸਰੋਕਾਰ ਦੇ ਸੁੱਚੇ ਸਰੂਪ ਹਨ ਜਿਨਾਂ ਨੇ ਸਿੱਖ, ਸਿੱਖੀ ਅਤੇ ਸਿੱਖ ਧਰਮ ਦੀ ਪਹਿਚਾਣ ਨੂੰ ਨਵੇਂ ਅਰਥ ਅਤੇ ਨਵੀਆਂ ਤਰਜੀਹਾਂ ਦੇਣੀਆਂ ਹੁੰਦੀਆਂ ਹਨ।
ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੀ ਬੋਲੀ, ਧਰਮ, ਸੰਸਕਾਰਾਂ ਅਤੇ ਵਿਰਸੇ ਨਾਲ ਜੋੜੀਏ ਤਾਂ ਹੀ ਸਾਡੀ ਵਿਰਾਸਤ ਦਾ ਸੁੱਚਾ ਹਰਫ਼, ਭਵਿੱਖ ਦੇ ਮੱਥੇ ਦਾ ਸੂਹਾ ਸੂਰਜ ਬਣ, ਮਾਨਵਤਾ ਦਾ ਵਿਹੜਾ ਰੁੱਸ਼ਨਾਏਗਾ।