ਸਿੱਖਾਂ ਤੇ ਗੁਰਸਿੱਖੀ ਦੇ ਨਿਘਾਰ ਦਾ ਮੁੱਖ ਕਾਰਨ

0
410

ਸਿੱਖਾਂ ਤੇ ਗੁਰਸਿੱਖੀ ਦੇ ਨਿਘਾਰ ਦਾ ਮੁੱਖ ਕਾਰਨ

ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ (ਯੂ. ਐੱਸ. ਏ.)

ਗੁਰੂ ਪਿਆਰਿਓ ! ਸਭ ਤੋਂ ਪਹਿਲਾਂ ਤਾਂ ਸਨਿਮਰ (ਨਿਮਰਤਾ ਸਹਿਤ) ਬੇਨਤੀ ਹੈ ਕਿ ਇਸ ਲੇਖ ਦਾ ਮਕਸਦ ਕਿਸੇ ਵਿਅਕਤੀ ਮਾਤਰ, ਉਸ ਦੇ ਕਿੱਤੇ ਜਾਂ ਸੰਸਥਾ ’ਤੇ ਵਾਰ ਕਰਨਾ ਨਹੀਂ ਹੈ। ਬੇਸ਼ੱਕ ਬਹੁਤਾਤ ਸੰਗਤ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਬਹੁਤੇ ਗੁਰਦੁਆਰੇ ਅਜੋਕੇ ਸਮੇਂ ’ਚ ਵਿਉਪਾਰ ਦਾ ਇੱਕ ਕੇਂਦਰ ਬਣ ਚੁੱਕੇ ਹਨ, ਪਰ ਫਿਰ ਵੀ ਸਾਡਾ ਮੰਤਵ ਕਿਸੇ ਦੇ ਵੀ ਵਪਾਰ ਨੂੰ ਸੱਟ ਮਾਰਨਾ ਨਹੀਂ, ਬਲਕਿ ਸਿਰਫ ਤੇ ਸਿਰਫ ਇਮਾਨਦਾਰੀ ਨਾਲ ਇੱਕ ਨਿਰੋਲ ਮੁਲਾਂਕਣ ਕਰਨਾ ਹੀ ਹੈ।

ਕੀ ਇਹ ਸੱਚ ਨਹੀਂ ਹੈ ਕਿ ਅੱਜ ਦਾ ਸਿੱਖ ਸਿਰਫ ਅਖੰਡ ਪਾਠ ਰਖਵਾ ਕੇ ਹੀ ਆਪਣੇ ਧਰਮੀ ਹੋਣ ਦਾ ਸਬੂਤ ਸਮਾਜ ਨੂੰ ਦੇਣ ’ਚ ਅਥਾਹ ਖ਼ੁਸ਼ੀ ਮਹਿਸੂਸ ਕਰਦਾ ਹੈ ? ਜਿੱਥੇ ਖ਼ੁਸ਼ੀ, ਗ਼ਮੀ ਜਾਂ ਗ੍ਰਹਿ ਪ੍ਰਵੇਸ਼ ਆਦਿ ਵੇਲ਼ੇ ਅਖੰਡ ਪਾਠ ਮਹਜ ਇੱਕ ਰਸਮ ਬਣ ਚੁੱਕਾ ਹੈ, ਉੱਥੇ ਨਾਲ ਹੀ ਅਜੋਕਾ ਸਿੱਖ ਮੁਬਾਰਕ ਦਾ ਵੀ ਪੂਰਾ ਹੱਕਦਾਰ ਹੈ। ਉਹ ਇਸ ਕਰਕੇ ਕਿ ਉਸ ਨੇ ਝੱਟ ਹੀ ਅਖੰਡ ਪਾਠ ਸੁੱਖਣ ’ਚ ਬਹੁਤ ਮੁਹਾਰਤ ਹਾਸਿਲ ਕਰ ਲਈ ਹੈ। ਪੁਰਾਤਨ ਸਿੱਖ ਤਾਂ ਉਵੇਂ ਹੀ ਔਕੜਾਂ ਵੇਲੇ, ਸਮੇਂ ਦੀ ਘਾਟ ਹੋਣ ਕਾਰਨ ਲਾਹਾ ਲੈਣ ਲਈ ਰਲ-ਮਿਲ ਅਖੰਡ ਪਾਠ ਕਰ ਲਇਆ ਕਰਦੇ ਸਨ। ਅੱਜ ਕੱਲ੍ਹ ਤਾਂ ਸਾਡੇ ਕੋਲ ਬਹੁਤ ਸਹੂਲਤਾਂ ਹਨ; ਹੁਣ ਤੇ ਅਸੀਂ ਈਮੇਲ ਰਾਹੀਂ ਵੀ ਹੁਕਮਨਾਮੇ ਪ੍ਰਾਪਤ ਕਰ ਸਕਦੇ ਹਾਂ।

ਕੀ ਇਹ ਸੱਚ-ਮੁੱਚ ਹੀ ਵਿਉਪਾਰ ਨਹੀਂ ਹੈ ? ਉਦਾਹਰਨ ਵਜੋਂ ਸਿੱਖਾਂ ਦਾ ਹੀ ਇੱਕ ਵਰਗ, ਜੋ ਕਿ ਹਮੇਸ਼ਾਂ ਚਿੱਟੇ ਕੱਪੜਿਆਂ ’ਚ ਹੀ ਵਿਚਰਦਾ ਹੈ, ਪ੍ਰਚਾਰ ਪਿਆ ਕਰਦਾ ਹੈ ਕਿ ਸਾਡਾ ਕੀਤਾ ਪਾਠ ਬੜੀ ਸੁੱਚਮ ਵਾਲਾ ਹੈ। ਇੱਥੋਂ ਤੱਕ ਕਿ ਹਰ ਪਾਠੀ ਆਪਣੀ ਡਿਉਟੀ ਤੋਂ ਪਹਿਲਾਂ ਕੇਸੀਂ ਇਸ਼ਨਾਨ ਕਰਦਾ ਹੈ। ਬਸ ਸ਼ਰਤ ਕੇਵਲ ਇਹੀ ਹੁੰਦੀ ਹੈ ਕਿ ਗੁਰੂ ਸਾਹਿਬ ਦੇ ਮੁਹਰੇ ਚਿੱਟੇ ਰੰਗ ਦੀ ਹੀ ਕਨਾਤ ਲਗਾਉਣੀ ਜ਼ਰੂਰੀ ਹੈ। ਨਹੀਂ ਤਾਂ ਮੱਥਾ ਟੇਕਣ ਆਈ ਸੰਗਤ ਪਾਠੀ ਵੀਰ ਦੀ ਸੱਚੀ-ਸੁੱਚੀ ਬਿਰਤੀ ਨੂੰ ਭੰਗ ਕਰ ਸਕਦੀ ਹੈ। ਗੁਰੂ ਪਿਆਰਿਓ ! ਜ਼ਰਾ ਸੋਚੋ, ਤੁਹਾਡੇ ਤੇ ਗੁਰੂ ਵਿਚਕਾਰ ਪਰਦਾ ਕਰ ਦਿੱਤਾ ਜਾਂਦਾ ਹੈ ਤੇ ਤੁਸੀਂ ਭੋਲੇ-ਭਾਲੇ ਫਿਰ ਵੀ ਬੜਾ ਫ਼ਖ਼ਰ ਮਹਿਸੂਸ ਕਰਦੇ ਹੋ ਤੇ ਬਹੁਤ ਮਾਣ ਨਾਲ ਮਿਤਰਾਂ ਤੇ ਸੰਬੰਧੀਆਂ ਨੂੰ ਸੂਚਿਤ ਕਰਦੇ ਹੋ ਕਿ ਫਲਾਣਾ ਜੱਥਾ ਸਾਡਾ ਅਖੰਡ ਪਾਠ ਕਰ ਰਿਹਾ ਹੈ।

ਗੁਰੂ ਘਰ ਦੇ ਪ੍ਰਬੰਧਕ ਵੀ ਹਰ ਗੁਰ ਪੁਰਬ ’ਤੇ ਅਖੰਡ ਪਾਠ ਰੱਖ ਕੇ ਹੀ ਆਪਣੇ ਯੋਗ ਤੇ ਸੁਚੱਜੇ ਪ੍ਰਬੰਧ ਦੀ ਸੰਗਤ ਕੋਲੋਂ ਪ੍ਰਵਾਣ ਪੱਤਰ ਲੈਣ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਸਿਰਫ ਇੱਕ ਗੱਲ ਲਈ ਰੁਕੋ ਤੇ ਆਪਣੀ ਪੜਚੋਲ ਕਰੋ, ਜੀ ! ਜਦੋਂ ਕਦੀ ਵੀ ਤੁਸੀਂ ਅਖੰਡ ਪਾਠ ਰਖਵਾਇਆ ਹੁੰਦਾ ਹੈ, ਤੁਸੀਂ ਕਿੰਨਾ ਕੁ ਬੈਠ ਕੇ ਸੁਣਿਆ ਹੈ ? ਤੁਹਾਨੂੰ ਬਾਣੀ ਦੀ ਕਿੰਨੀ ਕੁ ਸਮਝ ਆਈ, ਕਿੰਨਾ ਕੁ ਅਮਲ ਕੀਤਾ ਤੇ ਕੀ ਤੁਹਾਡਾ ਜੀਵਨ ਬਦਲਿਆ ? ਚੱਲੋ ਖੈਰ, ਜੀਵਨ ਬਦਲਣ ਦੀ ਤਾਂ ਗੱਲ ਹੀ ਛੱਡੋ, ਕੀ ਕੋਈ ਇੱਕ ਵੀ ਜੀਵਨ ਜਾਚ ਸਿੱਖੀ ?

ਗੁਰੂ ਘਰਾਂ ਦੇ ਵਿੱਚ ਵੀ ਵਿਚਾਰੇ ਉਹੀ ਗਿਣੇ ਚੁਣੇ ਪਾਠੀ ਸਿੰਘ; ਕੰਧਾਂ, ਬੂਹੇ ਤੇ ਬਾਰੀਆਂ ਨੂੰ ਪਾਠ ਸੁਣਾ ਕੇ ਹੀ ਸਬਰ ਕਰ ਲੈਂਦੇ ਹਨ,ਪਰ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ: ‘‘ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ ॥’’ (ਮ: ੩/੫੯੪)

ਇਹ ਓਹੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿੰਨ੍ਹਾਂ ਤੋਂ ਗੁਰਮਤਿ ਅਨੁਸਾਰੀ ਜੀਵਨ ਜਾਚ ਬਣਾਉਣ ਤੇ ਨਿਰੋਲ ਗੁਰਮਤਿ ਸਿਧਾਂਤ ਨੂੰ ਪ੍ਰਚਾਰਨ ਵਾਲੀਆਂ ਸੰਸਥਾਂਵਾਂ ਵੀ ਸੇਧ ਲੈਂਦੀਆਂ ਹਨ, ਕਿਉਂਕਿ ਉਨ੍ਹਾਂ ਵਿਗਿਆਨੀ ਗੁਰੂ ਸਾਹਿਬ ਜੀ ਦੇ ਇਕ ਇਕ ਅੱਖਰ ਨੂੰ ਵੀਚਾਰ ਕੇ ਚਾਨਣ ਮੁਨਾਰੇ ਦੇ ਰੂਪ ’ਚ ਵੇਖਿਆ ਹੁੰਦਾ ਹੈ।

ਉਂਝ ਸਾਡੇ ਸਿੱਖਾਂ ਦੇ ਮਨ, ਅੰਦਰੋਂ ਬੜੇ ਕੋਮਲ ਜਿਹੇ ਹਨ। ਤੁਹਾਨੂੰ ਪਤਾ ਹੀ ਹੈ ਕਿ ਕੀ ਬੀਤਦੀ ਹੈ ਸਾਡੇ ਦਿੱਲਾਂ ’ਤੇ, ਜਦੋਂ ਕੋਈ ਸ਼ੈਤਾਨ ਜਾਣ ਬੁੱਝ ਕੇ ਸਰੀਰਕ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ, ਪਰ ਉਸ ਬੇਅਦਬੀ ਦਾ ਹਿਸਾਬ ਅਸੀਂ ਕਦੋਂ ਕਰਾਂਗੇ ਤੇ ਦੇਵਾਂਗੇ, ਜਿਹੜੀ ਅਸੀਂ ਖੁਦ ਰੋਜ਼ਾਨਾ ਹੀ ਕਰਦੇ ਹਾਂ। ਵੀਹ-ਤੀਹ ਸਾਲ ‘ਜਪੁ’ ਜੀ ਸਾਹਿਬ ਦਾ ਪਾਠ ਕਰਨ ਦੇ ਬਾਵਜੂਦ ਵੀ ਕੋਈ ਵਿਰਲਾ ਹੀ ਹੋਵੇਗਾ, ਜਿਹੜਾ ਸਾਰੇ ਖੰਡਾਂ ਦੀ ਸੂਝ ਰੱਖਦਾ ਹੋਏਗਾ। ਇਹ ਬੇਅਦਬੀ ਤੇ ਅਿਤਘਣਤਾ ਹੀ ਹੈ ਨਾ; ਕਿ ਸਿੱਖ ਹੋਣ ਦੇ ਬਾਵਜੂਦ ਸਾਨੂੰ ਬਾਣੀ ਦੇ ਅਰਥ-ਭਾਵਾਂ ਦੀ ਸਮਝ ਹੀ ਨਹੀਂ ਹੈ। ਸਮਝ ਕੇਵਲ ਤੇ ਕੇਵਲ ਉਦੋਂ ਹੀ ਆਵੇਗੀ ਜਦੋਂ ਅਸੀਂ ਅਖੰਡ ਪਾਠਾਂ ਦੀ ਘੁੰਮਣਘੇਰੀ ’ਚੋਂ ਨਿਕਲ ਕੇ ਗੁਰਬਾਣੀ ਦੇ ਸਹਿਜਪਾਠ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਇੱਕ ਜੀਵਨ ਜਾਚ ਵਜੋਂ ਅਪਣਾਵਾਂਗੇ। ਬਾਣੀ ਨੂੰ ਸਮਝਿਆਂ ਹੀ ਆਪਾ ਚੀਨਿਆ ਜਾਏਗਾ ਤੇ ਤਾਂ ਹੀ ਭਰਮ ਦੀ ਕਾਈ ਪੁੱਟੀ ਜਾਵੇਗੀ। ਇਸੇ ਲਈ ਗੁਰੂ ਸਾਹਿਬ ਜੀ ਸਾਨੂੰ ਤਾੜਨਾ ਕਰਦੇ ਹੋਏ ਫ਼ੁਰਮਾਨ ਕਰਦੇ ਹਨ: ‘‘ਹਰਿ ਕਾ ਬਿਲੋਵਨਾ; ਬਿਲੋਵਹੁ ਮੇਰੇ ਭਾਈ  ! ॥ ਸਹਜਿ ਬਿਲੋਵਹੁ; ਜੈਸੇ ਤਤੁ ਨ ਜਾਈ ॥੧॥ ਰਹਾਉ॥’’ (ਭਗਤ ਕਬੀਰ/੪੭੮) ਗੁਰੂ ਪਿਆਰਿਓ ! ਨਾ ਤਾਂ ਇਕੋਤਰੀਆਂ ਲੜੀਆਂ ਨੇ ਤੁਹਾਡਾ ਕੁਝ ਸਵਾਰਨਾ ਹੈ ਤੇ ਨਾ ਡਾਕ ’ਚੋਂ ਨਿਕਲੇ ਹੁਕਮਨਾਮਿਆਂ ਨੇ। ਗੱਲ ਸਿਰਫ ਗੁਰੂ ਸਿਧਾਂਤਾਂ ਨੂੰ ਸਮਝ, ਗੁਰੂ ਆਸ਼ੇ ਅਨੁਸਾਰ ਚੱਲਿਆਂ ਹੀ ਬਣਨੀ ਹੈ।

ਪੂਜਾਰੀ ਵਰਗ ਨੂੰ ਬੇਨਤੀ ਹੈ ਕਿ ਕ੍ਰਿਪਾ ਕਰਕੇ ਧਰਮ ਦੀ ਕਿਰਤ ਕਰੋ, ਨਾ ਕਿ ਧਰਮ ਦਾ ਵਿਉਪਾਰ। ਮੁਆਫ਼ ਕਰਨਾ, ਪਰ ਬ੍ਰਾਹਮਣ ਦੇ ਪਾਏ ਵਹਿਮਾਂ ਭਰਮਾਂ ਅਤੇ ਤੁਹਾਡੇ ਕੀਤੇ ਪਾਠ ’ਚ ਕੋਈ ਫ਼ਰਕ ਨਹੀਂ ਹੈ। ਤੁਸੀਂ ਵੀ ਬਿਪਰ ਦੀ ਰੀਤ ਅਤੇ ਰਾਹਾਂ ’ਤੇ ਹੀ ਤੁਰਦੇ ਹੋ ਤਾਂ ਕਿ ਕੌਮ ਅਣਗਹਿਲੀ ’ਚ ਹੀ ਰਹੇ ਤੇ ਤੁਹਾਡਾ ਵਿਉਪਾਰ ਇੰਝ ਹੀ ਚੱਲਦਾ ਰਹੇ। ਕ੍ਰਿਪਾ ਕਰਕੇ ਸਿੱਖਾਂ ਨੂੰ ਹੋਰ ਅਪਾਹਜ ਨਾ ਬਣਾਓ। Let them be independent of your influence and be self-sufficient to read and understand Gurbani.

ਹਰ ਇਕ ਸਿੱਖ ਨੂੰ ਬਿਨਾਂ ਕਿਸੇ ਭੇਦ-ਭਾਤ ਤੋਂ, ਨਾ ਸਿਰਫ ਖੋਜੀ ਬਣਨ ਦਾ ਮੌਕਾ ਦਿਓ ਬਲਕਿ ਉਸ ਨੂੰ ਹਲੂਣਾ ਦੇ ਕੇ ਪ੍ਰੇਰਿਤ ਕਰੋ। ਗੁਰੂ ਜੀ ਦੇ ਵਜ਼ੀਰ ਨਹੀਂ ਬਲਕਿ ਸੇਵਕ ਬਣ ਕੇ ਰਹੋ। ਕੇਵਲ ਗੁਰੂ ਘਰ ਦੀ ਗੋਲਕ ’ਤੇ ਹੀ ਨਿਰਭਰ ਰਹਿਣਾ ਗੁਰਸਿਖ ਦਾ ਕਿਰਦਾਰ ਨਹੀਂ ਹੁੰਦਾ।  ਗੁਰੂ ਘਰ ਤੋਂ ਬਾਹਰ ਕੋਈ ਵੀ ਕਿੱਤਾ ਕਰ ਸਕਦੇ ਹੋ। ਗੁਰੂ ਘਰ ਦੇ ਦੀਵਾਨਾਂ ’ਚ ਬਾਕੀ ਸੰਗਤ ਦੀ ਤਰ੍ਹਾਂ ਸੰਗਤ ਦਾ ਰੂਪ ਹੋ ਕੇ ਹੀ ਵਿਚਰੋ। ਉਝ ਵੀ ਬਹੁਤੀ ਸੰਗਤ ਤੁਹਾਨੂੰ ਗ੍ਰੰਥੀ ਸਿੰਘ, ਅਰਦਾਸੀਆ ਸਿੰਘ, ਰਾਗੀ ਸਿੰਘ ਜਾਂ ਪਾਠੀ ਸਿੰਘ ਆਦਿ ਨਾਵਾਂ ਨਾਲ ਹੀ ਜਾਣਦੀ ਹੈ। ਇਸ ਦੀਵਾਰ ਨੂੰ ਅੱਜ ਹੀ ਤੋੜ ਦੇਵੋ। ਘਰ-ਘਰ ਅੰਦਰ ਧਰਮਸਾਲ ਤਾਂ ਹੀ ਚੱਲੇਗੀ ਅਤੇ ਅਖੰਡ ਪਾਠਾਂ ਦੇ ਸ਼ਿਕੰਜੇ ’ਚੋਂ ਆਪ ਨਿਕਲੋਗੇ ਤੇ ਸੰਗਤ ਨੂੰ ਵੀ ਇਸ ਘੁੰਮਣਘੇਰੀ ’ਚੋਂ ਨਿਕਲਣ ਲਈ ਪ੍ਰੇਰਿਤ ਕਰੋਗੇ।

ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ! ਤੁਹਾਨੂੰ ਵੀ ਆਪਣੀ ਜ਼ਿੰਮੇਵਾਰੀ ਕਬੂਲ ਕਰਨੀ ਪਵੇਗੀ। ਗ੍ਰੰਥੀ ਵੀਰਾਂ ਨੂੰ ਇਕੱਲਿਆਂ ਹੀ ਇਸ ਸਭ ਕਾਸੇ ਦੇ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਨਿਰਸੰਦੇਹ ਜੇ ਤੁਸੀਂ ਉਨ੍ਹਾਂ ਨੂੰ ਅਖੰਡ ਪਾਠ ਕਰਨ ਲਈ ਕਹੋਗੇ ਤਾਂ ਉਨ੍ਹਾਂ ਤੁਹਾਨੂੰ ਕੋਰਾ ਜਵਾਬ ਥੋੜ੍ਹਾ ਦੇ ਦੇਣਾ ਹੈ। ਕੀ ਕਾਰਨ ਹੈ ਕਿ ਇਨ੍ਹਾਂ ਗ੍ਰੰਥੀ ਸਿੰਘਾਂ ਜਾਂ ਰਾਗੀ ਵੀਰਾਂ ਨੂੰ ਹੀ ਤੁਹਾਡੇ ਬੱਚਿਆਂ ਦੇ ਅਨੰਦ ਕਾਰਜਾਂ ਵੇਲੇ ਏਨ ਮੌਕੇ ’ਤੇ ਸਿਖਾਉਣਾ ਪੈਂਦਾ ਹੈ ਕਿ ਪ੍ਰਕਰਮਾ ਦੇ ਬਾਅਦ ਸੰਗੀਤ ਬੰਦ ਹੋਣ ’ਤੇ ਮੱਥਾ ਟੇਕਣਾ ਹੈ। ਫਿਰ ਅਗਲੀ ਲਾਂਵ ’ਤੇ ਕਿੰਝ ਉੱਠਣ ਹੈ, ਆਦਿ। ਲੜਕੇ, ਲੜਕੀ ਨੂੰ ਕਿਉਂ ਨਹੀਂ ਪਤਾ ਕਿ ਲਾਂਵਾਂ ਕੀ ਹਨ ? ਇਨ੍ਹਾਂ ਦੀ ਕੀ ਮਹੱਤਤਾ ਹੈ ? ਇਹ ਤਾਂ ਇੱਕ ਬਿਹਤਰੀਨ ਜੀਵਨ ਜਾਚ ਸੀ, ਨਾ ਕਿ ਮਹਜ ਇੱਕ ਰਸਮ, ਪਰ ਪਤਾ ਕਿਉਂ ਹੋਵੇ ਕਿਉਂਕਿ ਕਦੀ ਸਹਿਜ ਢੰਗ ਨਾਲ ਪਾਠ ਕਰਕੇ ਅਸੀਂ ਵਿਚਾਰਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ।  ‘ਪੀਊ ਦਾਦੇ ਕਾ’ ਏਨਾ ਵੱਡਾ ਖਜ਼ਾਨਾ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਸਿਰਫ ਭਿਖਾਰੀ ਬਣ ਕੇ ਹੀ ਜਿੰਦਗੀ ਕੱਟ ਰਹੇ ਹਾਂ। ਇਸ ਭੁਲੇਖੇ ’ਚੋਂ ਨਿਕਲੋ ਕਿ ਮਹਿੰਗੇ ਰੁਮਾਲੇ ਚਾੜ੍ਹ ਕੇ ਹੀ ਤੁਹਾਡਾ ਪਾਰ ਉਤਾਰਾ ਹੋ ਜਾਣਾ ਹੈ। ਕ੍ਰਿਪਾ ਕਰੋ, ਜਾਗੋ, ਉੱਠੋ ਤੇ ਸੰਭਾਲੋ ਆਪਣਾ ਵਿਰਸਾ।

ਬੱਚਿਆਂ ਤੋਂ ਵੀ ਤੁਸੀਂ ਤਾਹੀਓਂ ਉਮੀਦਾਂ ਕਰ ਸਕਦੇ ਹੋ, ਜੇਕਰ ਤੁਸੀਂ ਆਪ ਪਹਿਲਾਂ ਗੁਰੂ ਦੀ ਮੱਤ ਨੂੰ ਸਮਝ, ਉਸ ਅਨੁਸਾਰ (as a role model) ਆਪਣਾ ਜੀਵਨ ਢਾਲੋਗੇ: ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮ: ੫/੩੮੧)

ਹੇਠਲੇ ਕੁਝ ਸੁਝਾਵਾਂ ’ਤੇ ਜ਼ਰੂਰ ਗੋਰ ਕਰਨ ਦੀ ਕ੍ਰਿਪਾਲਤਾ ਕਰਨੀ, ਜੀ !

ਉਹ ਦਿਨ ਵੀ ਜ਼ਰੂਰ ਆਏਗਾ ਜਦੋਂ ਕਾਲੇ ਅੰਗ੍ਰੇਜ਼ਾਂ ਹੱਥੋਂ ਅਜ਼ਾਦ ਹੋ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖੀ ਭੇਖ ’ਚ ਲੁਕੇ ਅਜੋਕੇ ਭੇੜੀਏ ਮਸੰਦਾਂ ਨੂੰ ‘ਫਖਰੇ ਏ ਕੌਮ’ ਦੀ ਜਗ੍ਹਾ ‘ਸ਼੍ਰੋਮਣੀ ਗੱਦਾਰ ਏ ਕੌਮ’ ਦਾ ਖਿਤਾਬ ਮਿਲੇਗਾ। ਗਿਆਨ ਚੇਤਨਾ ਉਤਪੰਨ ਹੋਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮੁੱਚੇ ਪੰਥ ਨੂੰ ਅਖੰਡ ਪਾਠਾਂ ਤੋਂ ਕੋਹਾਂ ਦੂਰ ਰਹਿਣ ਦਾ ਹੁਕਮਨਾਮਾ ਜਾਰੀ ਹੋਵੇਗਾ। ਉਹਨਾਂ ਚਿਰ ਸਾਰੀਆਂ ਜਾਗਰੂਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਿੱਜੀ ਤੌਰ ’ਤੇ ਇਹ ਯਕੀਨ ਬਣਾਉਣ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਅਖੰਡ ਪਾਠ ਨਾ ਹੋਵੇ। ਜੇਕਰ ਕੋਈ ਜਾਤੀ ਤੌਰ ’ਤੇ ਆਪਣੇ ਗ੍ਰਹਿ ਵਿਖੇ ਅਖੰਡ ਪਾਠ ਕਰਵਾਉਣਾ ਚਾਹੇ ਤਾਂ ਉਸ ਦੀ ਕੋਈ ਬੁਕਿੰਗ ਨਾ ਕਰੋ ਬਲਕਿ ਸਮਾਜਿਕ ਤੌਰ ’ਤੇ ਅਜਿਹੇ ਸਮਾਗਮਾਂ ਤੋਂ ਮੁਕੰਮਲ ਦੂਰ ਹੀ ਰਹੋ।

ਗੁਰੂ ਘਰਾਂ ਵਿੱਚ ਗੁਰੂ ਦੀ ਹਾਜ਼ਰੀ ਭਰ ਰਹੇ ਗ੍ਰੰਥੀ, ਰਾਗੀ ਸਿੰਘਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਘਰ ਤੋਂ ਇਲਾਵਾ ਵੀ ਕੋਈ ਹੋਰ ਆਹਰ ਰੱਖਣ। ਜੇਕਰ ਕੁਝ ਵੀਰ ਕੀਰਤਨ ਜਾਂ ਕਥਾ ਰਾਹੀਂ ਗੁਰੂ ਘਰ ਦੀ ਸੇਵਾ ਕਰਨ ਨੂੰ ਹੀ ਆਪਣੀ ਕਿਰਤ ਦਾ ਮੁੱਖ ਸਾਧਨ ਸਮਝਣ ਤਾਂ ਅਜਿਹੇ ਭਲਿਆਂ ਨੂੰ ਚੰਗੀਆਂ ਤਨਖਾਹਾਂ ਦਿਉ ਤਾਂ ਕਿ ਉਨ੍ਹਾਂ ਨੂੰ ਅਖੰਡ ਪਾਠਾਂ ’ਤੇ ਨਿਰਭਰ ਨਾ ਹੋਣਾ ਪਵੇ। ਉਨ੍ਹਾਂ ਦੀ ਮਾਲੀ ਲੋੜ ਦਾ ਪੂਰਾ ਧਿਆਨ ਰੱਖਿਆਂ ਹੀ ਉਹ ਤੱਤ ਗੁਰਮਤਿ ਦਾ ਇਮਾਨਦਾਰੀ ਨਾਲ ਪ੍ਰਚਾਰ ਕਰ ਸਕਣਗੇ। ਗੁਰੂ ਘਰ ਦੀਆਂ ਕਮੇਟੀਆਂ ਨੂੰ ਵੀ ਅਖੰਡ ਪਾਠਾਂ ਨੂੰ ਆਮਦਨ ਦੇ ਇੱਕ ਸਰੋਤ ਵਜੋਂ ਪਹਿਲ ਨਹੀਂ ਦੇਣੀ ਚਾਹੀਦੀ।

ਅਗਾਂਹ ਇਨ੍ਹਾਂ ਸਾਰੇ ਵੀਰਾਂ ਨੂੰ ਚਾਹੀਦਾ ਹੈ ਕਿ ਹਰ ਦੀਵਾਨ ’ਚ ਸੰਗਤ ਨੂੰ ਰਲ ਮਿਲ ਕੇ ਸਹਿਜ ਪਾਠ ਕਰਨ ਲਈ ਉਤਸਾਹਿਤ ਕਰਨ। ਗੁਰੂ ਦੀ ਬੇਅਦਬੀ, ਪਵਿੱਤਰਤਾ ਜਾਂ ਗੁਰ ਮਰਿਆਦਾ ਦਾ ਵਾਸਤਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਹਊਆ ਨਾ ਬਣਾਉ। ਬੱਚਿਆਂ ਤੇ ਬੀਬੀਆਂ ਨੂੰ ਗੁਰੂ ਸਾਹਿਬ ਜੀ ਦੀ ਤਾਬਿਆ ਬੈਠਣ ਦਾ ਭਰਪੂਰ ਮੌਕਾ ਦਿਉ। ਸੰਗਤ ਦੀ ਗੁਰੂ ਨਾਲ ਨੇੜ੍ਹਤਾ ਬਣਨ ਦਿਉ ਤਾਂ ਯਕੀਨ ਜਾਣਿਓ, ਹੋਰ ਵੀ ਸੰਗਤ ਆਏਗੀ ਬਲਕਿ ਨਿਤ ਪ੍ਰਤੀ ਦਿਨ ਆਵੇਗੀ ਤੇ ਤੁਹਾਡੇ ਗੁਰੂ ਘਰ ਦੀ ਗੋਲਕ ਵੀ ਬਹੁਤ ਛੇਤੀ ਭਰੇਗੀ।

ਹਰ ਗੁਰੂ ਘਰ ਵਿੱਚ ਗੁਰੂ ਸਾਹਿਬ ਜੀ ਦੇ ਕਾਫ਼ੀ ਸਾਰੇ ਸਰੂਪਾਂ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਜੇਕਰ ਕੋਈ ਆਪਣੇ ਗ੍ਰਹਿ ਵਿਖੇ ਗੁਰੂ ਜੀ ਦਾ ਸਰੂਪ ਲੈ ਜਾਣਾ ਚਾਹੇ ਤਾਂ ਗੁਰੂ ਮਰਿਆਦਾ ਅਤੇ ਪੂਰੇ ਅਦਬ ਨਾਲ ਅਜਿਹਾ ਸੁਖਾਲੇ ਹੀ ਸੰਭਵ ਹੋਣਾ ਚਾਹੀਦਾ ਹੈ। ਅਜਿਹੇ ਪ੍ਰਬੰਧ ਵੀ ਦੇ ਤੌਰ ਤੇ ਭੇਟਾ ਜ਼ਰੂਰ ਰੱਖੋ ਤਾਂ ਕਿ ਗੁਰੂ ਘਰ ਦੇ ਪ੍ਰਬੰਧ ਵੀ ਨਿਰਵਿਘਨ ਚਲਦੇ ਰਹਿਣ। ਇਸ ਦੇ ਨਾਲ ਹੀ ਗੁਰੂ ਘਰ ਵਿਖੇ ਵੀ ਸੰਗਤ ਦੀ ਗਿਣਤੀ ਜਾਂ ਲੋੜ ਮੁਤਾਬਕ ਇੱਕ ਤੋਂ ਵਧੇਰੇ ਸਰੂਪਾਂ ਦਾ ਪ੍ਰਕਾਸ਼ ਕਰੋ ਤਾਂ ਕਿ ਸੰਗਤ ਆਪਣੀ ਸੁਵਿਧਾ ਅਨੁਸਾਰ ਆਪਣਾ ਸਹਿਜ ਪਾਠ ਜਾਰੀ ਰੱਖ ਸਕੇ।

ਹਰ ਗੁਰੂ ਘਰ ਵਿੱਚ ਪ੍ਰਸ਼ਨ ਤੇ ਉੱਤਰ ਕਾਲ ਜ਼ਰੂਰ ਹੋਵੇ, ਜਿਸ ਨੂੰ ਤੁਸੀਂ ਖੁੱਲ੍ਹਾ ਸੈਮੀਨਾਰ ਵੀ ਆਖ ਸਕਦੇ ਹੋ। ਬੱਚਿਆਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਹੀ ਦੇਵੋ। ਇਹ ਕਦੀ ਵੀ ਨਾ ਕਹੋ ਕਿ ਤੂੰ ਹਾਲੇ ਛੋਟਾ ਹੈਂ, ਫਿਰ ਦੱਸਾਂਗੇ। ਹੁਣੇ ਹੀ ਵੇਲਾ ਸੰਭਾਲੋ, ਜੀ ! ਵੇਲ ਛੋਟੀ ਹੁੰਦੀ ਨੂੰ ਹੀ ਅਗਰ ਸੇਧ ਮਿਲ ਜਾਵੇ ਤਾਂ ਬਾਕੀ ਰਾਹ ਫਿਰ ਆਪਣੇ ਆਪ ਹੀ ਸੁਖਾਲਾ ਹੋ ਜਾਂਦਾ ਹੈ। ਹਰ ਦੀਵਾਨ ਦੀ ਖਾਸ ਕਰ ਹਫਤਾਵਾਰੀ ਦੀਵਾਨ ਦੀ ਸਮਾਪਤੀ ਵੇਲੇ ਅਰਦਾਸ ਹਰ ਵਾਰੀ ਕਿਸੇ ਇੱਕ ਵੱਖਰੇ ਬੱਚੇ ਤੋਂ ਹੀ ਕਰਵਾਓ। ਬੱਚਿਆਂ ਦੇ ਉਤਸ਼ਾਹ ਨੂੰ ਕਦੀ ਵੀ ਮੱਠਾ ਨਾ ਪੈਣ ਦਿਓ।

ਹਰ ਇੱਕ ਗੁਰੂ ਘਰ ਵਿੱਚ ਇੱਕ ਵਧੀਆ ਲਾਇਬ੍ਰੇਰੀ ਦਾ ਇੰਤਜ਼ਾਮ ਹੋਣਾ ਅਤਿ ਲਾਜ਼ਮੀ ਹੈ। ਗੁਰਮਤਿ ਦੇ ਹਰ ਪਹਿਲੂ ਨੂੰ ਉਜਾਗਰ ਕਰਨ ਵਾਲੀਆਂ ਛੋਟੀਆਂ ਪੁਸਤਕਾਂ (ਟ੍ਰੈਕਟ) ਤੋਂ ਲੈ ਕੇ ਮਹਾਨ ਕੋਸ਼ਾਂ ਤੱਕ, ਇਸ ਪੁਸਤਕ ਸੰਗ੍ਰਹਿ ਦਾ ਸ਼ਿੰਗਾਰ ਹੋਵੇ। ਉਪਰੋਕਤ ਸੁਝਾਵ ਵਾਲੇ ਪ੍ਰਸ਼ਨ/ ਉੱਤਰ ਕਰਨ ਦੌਰਾਨ ਤੁਸੀਂ ਆਪਣੀਆਂ ਪੜ੍ਹੀਆਂ ਪੁਸਤਕਾਂ ਬਾਰੇ ਸਵਾਲ/ਜਵਾਬ ਸਮੇਂ ਆਦਾਨ-ਪ੍ਰਦਾਨ ਕਰ ਸਕਦੇ ਹੋ।

ਜੇਕਰ ਤੁਹਾਨੂੰ ਤੁਹਾਡੇ ਕੋਲ ਘੱਟ ਸਮਾਂ ਹੋਣ ਦੀ ਨਿਰੰਤਰ ਸ਼ਿਕਾਇਤ ਰਹਿੰਦੀ ਹੈ ਤਾਂ ਜਿਹੜਾ ਕੀਮਤੀ ਸਮਾਂ ਤੁਸੀਂ ਲੰਗਰ ਹਾਲ ’ਚ ਅਜਾਈਂ ਗਵਾਉਂਦੇ ਹੋ, ਉਸ ਦਾ ਦਸਵਾਂ ਹਿੱਸਾ ਹੀ ਸ਼ੁਰੂਆਤ ਦੇ ਤੌਰ ’ਤੇ ਇਸ ਲਾਇਬ੍ਰੇਰੀ ’ਚ ਜ਼ਰੂਰ ਗੁਜ਼ਾਰੋ।

ਅੰਤ ’ਚ ਵਿਸ਼ੇ ਨੂੰ ਇਸੇ ਬੇਨਤੀ ਨਾਲ ਸਮਾਪਤ ਕਰਦੇ ਹਾਂ ਕਿ ਅਖੰਡ ਪਾਠ ਕਰਨੇ ਤੇ ਕਰਾਉਣੇ ਛੱਡ ਕੇ ਸਹਿਜ ਪਾਠਾਂ ਨਾਲ ਗੁਰਬਾਣੀ ਆਪ ਪੜ੍ਹੋ, ਸਮਝੋ, ਵੀਚਾਰੋ ਤੇ ਅਮਲ ’ਚ ਲਿਆਓ। ਸਿਰਫ ਜ਼ਿੰਦਗੀ ਨਾ ਜੀਓ ਬਲਕਿ ਜੀਵਨ ਬਣਾਓ ਤੇ ਹੋਰਨਾਂ ਨੂੰ ਪ੍ਰੇਰਿਤ ਕਰੋ, ਜੀ ! ‘‘ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥ ਜਿਨਿ ਪੀਤੀ; ਤਿਸੁ ਮੋਖ ਦੁਆਰ ॥’’ (ਮ: ੧/੧੨੭੫)