ਰੂਹਾਨਿਅਤ ਤੋ ਸਖਣੀ ਪਦਾਰਥਵਾਦੀ ਤੇ ਤਰਕਵਾਦੀ ਸਿੱਖ ਧਾਰਮਿਕ ਭਾਵਨਾ।

0
279

ਰੂਹਾਨਿਅਤ ਤੋ ਸਖਣੀ ਪਦਾਰਥਵਾਦੀ ਤੇ ਤਰਕਵਾਦੀ ਸਿੱਖ ਧਾਰਮਿਕ ਭਾਵਨਾ।

ਹਰਮੀਤ ਸਿੰਘ ਖਾਲਸਾ, ਡਬਰਾ  (ਗਵਾਲੀਅਰ)-070009-33378     

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਹਿੰਦੋਸਤਾਨ ਵਿੱਚ ਮੁੱਖ ਰੂਪ ਵਿਚ ਹਿੰਦੂ ਅਤੇ ਇਸਲਾਮ ਧਰਮ ਹੀ ਪ੍ਰਚਲਿਤ ਸਨ ਪਰ ਧਰਮ ਸਿਰਫ ਕਰਮਕਾਂਡ ਅਤੇ ਰੀਤੀ ਰਿਵਾਜਾ ਦਾ ਨਾਮ ਹੀ ਸੀ। ਧਰਮ ਵਿਚੋਂ ਰੂਹਾਨੀਅਤ ਵਾਲਾ ਪੱਖ ਜਾਂ ਤਾਂ ਨਾ ਦੇ ਬਰਾਬਰ ਸੀ ਜਾਂ ਬਿਲਕੁਲ ਹੀ ਗਾਇਬ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਕ ਅਜਿਹਾ ਨਿਆਰਾ ਸਿੱਖ ਧਰਮ ਪ੍ਰਗਟ ਕੀਤਾ ਜਿਸ ਵਿਚ ਇਨਸਾਨ ਦਾ ਜੀਵਨ ਗੁਣਾਂ ਭਰਪੂਰ ਬਣ ਕੇ ਤੇ ਅਵਗੁਣ ਰਹਿਤ ਹੋ ਕੇ ਇਕ ਆਦਰਸ਼ਕ ਜੀਵਨ ਬਣ ਸਕੇ ਅਤੇ ਉਸ ਦੀ ਪ੍ਰਮਾਤਮਾ ਨਾਲ ਮਿਲਾਪ ਦੀ ਤੀਬਰ ਤਾਂਘ ਦੀ ਰੂਹਾਨੀ ਅਵਸਥਾ ਪੈਦਾ ਕਰਨ ਦੀ ਗੱਲ ਪਰਪੱਕ ਕੀਤੀ ਜਾ ਸਕੇ। ਜਦ ਤੱਕ ਗੁਰੂ ਸਾਹਿਬ ਸ਼ਰੀਰਕ ਜਾਮੇ ਵਿਚ ਮੌਜੂਦ ਸਨ ਉਦੋਂ ਤਕ ਆਮ ਸਿੱਖ ਦਇਆ, ਧੀਰਜ, ਖਿਮਾਂ, ਸੰਤੋਖ, ਨਿਮਰਤਾ, ਨਿਰਵੈਰਤਾ ਵਾਲੇ ਰਬੀ ਗੁਣਾਂ ਭਰਪੂਰ ਅਤੇ ਕਰਮਕਾਂਡ ਤੋਂ ਰਹਿਤ ਰੂਹਾਨੀ ਜੀਵਨ ਬਤੀਤ ਕਰਦੇ ਰਹੇ ਸਨ, ਸਿੱਖੀ ਕਿਰਦਾਰ ਦਾ ਆਲਮ ਇਹ ਸੀ ਕਿ ਜੇ ਕਿਸੇ ਸਿੱਖ ਦੀ ਗਵਾਹੀ ਕਚਿਹਰੀ ਵਿਚ ਹੋ ਜਾਂਦੀ ਸੀ ਤਾਂ ਉਸ ਨੂੰ ਸੱਚ ਮਨ ਕੇ ਫੈਸਲਾ ਸੁਣਾ ਦਿੱਤਾ ਜਾਂਦਾ ਸੀ। ਪਰ ਅਠਾਰਵੀਂ ਸਦੀ ਦੇ ਮੱਧ ਤੋਂ ਬਾਅਦ ਸਿੱਖ ਵਾਸਤੇ ਸਮਾਂ ਬਦਲਣਾ ਸ਼ੁਰੂ ਹੋ ਗਿਆ ਤੇ ਉਸ ਦੇ ਜੀਵਨ ਵਿਚੋਂ ਸਿਧਾਂਤ ਦੀ ਪਕੜ ਢਿੱਲੀ ਪੈਣੀ ਸ਼ੁਰੂ ਹੋ ਗਈ ਜਿਸ ਕਾਰਨ ਉਹ ਪਦਾਰਥਵਾਦ ਦੀ ਜਕੜ ਵਿਚ ਫਸਨਾ ਸ਼ੁਰੂ ਹੋ ਗਿਆ। ਇਸ ਦੌਰਾਨ ਸਿੱਖ ਨੇ ਪਦਾਰਥਵਾਦੀ ਦੁਨਿਆਵੀ ਤਰੱਕੀ ਤਾਂ ਕਰ ਲਈ ਪਰ ਰੂਹਾਨੀਅਤ ਵਾਲਾ ਪੱਖ ਕਮਜੋਰ ਹੁੰਦਾ ਗਿਆ ਅਤੇ ਪਹਿਲਾਂ ਜੋ ਸਿੱਖ ਦੀ ਪ੍ਰਮਾਤਮਾ ਅੱਗੇ ਅਰਦਾਸ ਚੰਗੇ ਗੁਣਾ ਦੇ ਧਾਰਨੀ ਹੋਣ ਦੀ, ਕੌਮ ਦੀ ਚੜਦੀ ਕਲਾ ਹੋਣ ਦੀ, ਭਾਣਾ ਮੰਨਣ ਦੀ, ਸਰਬਤ ਦੇ ਭਲੇ ਵਾਲੀ ਹੁੰਦੀ ਸੀ ਉਹ ਅਰਦਾਸ ਹੁਣ ਸੁੰਗੜ ਕੇ ਮਾਇਕ ਪਦਾਰਥਾਂ ਦੀ ਪ੍ਰਾਪਤੀ ਦੀ, ਕਾਰੋਬਾਰ ਵਿਚ ਵਾਧੇ ਦੀ, ਸੁੱਖਾਂ ਦੀ ਪ੍ਰਾਪਤੀ ਦੀ, ਧੀਆਂ ਦੀ ਬਜਾਏ ਮੁੰਡੇ ਪੈਦਾ ਹੋਣ ਦੀ, ਵਿਰੋਧੀ ਸੱਜਣ ਦੇ ਨੁਕਸਾਨ ਹੋਣ ਦੀ ਆਦਿ ਵਿਚ ਤਬਦੀਲ ਹੋ ਕੇ ਰਹਿ ਗਈ।

ਸਮਾਂ ਬੀਤਨ ਦੇ ਨਾਲ ਪੱਛਮ ਦੇ ਗਿਆਨ ਪ੍ਰਬੰਧ ਦੀ ਆਮਦ, ਤੇ ਉਸ ਦਾ ਪ੍ਰਭਾਵ ਕਬੂਲਨ ਕਾਰਨ ਸਿੱਖ ਭਾਵਨਾ ਤਰਕਵਾਦੀ ਬਣਦੀ ਗਈ ਅਤੇ ਉਸ ਨੇ ਆਪਣੇ ਧਰਮ, ਭਾਵ ਆਪਣੇ ਇਤਿਹਾਸ, ਆਪਣੀ ਪਰੰਪਰਾ, ਆਪਣੇ ਗੁਰੂ ਅਸਥਾਨ ਇਥੋਂ ਤੱਕ ਕਿ ਗੁਰੂ ਸਾਹਿਬਾਨ ਦਵਾਰਾ ਬਖਸ਼ੀ ਸਭ ਤੋਂ ਕੀਮਤੀ ਵਸਤੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਉਪਰ ਵੀ ਤਰਕ ਕਰ ਕੇ ਉਸ ਵਿਚ ਊਣਤਾਈਆ ਲਭਣੀਆਂ ਸ਼ੁਰੂ ਕਰ ਦਿੱਤੀਆਂ।  ਤਰਕਵਾਦੀ ਭਾਵਨਾ ਵਾਸਤੇ ਇਤਿਹਾਸ, ਪਰੰਪਰਾ ਆਦਿ ਦੇ ਬਹੁਤੇ ਮਾਇਨੇ ਨਹੀਂ ਹੁੰਦੇ ਅਤੇ ਹਰ ਉਹ ਗੱਲ ਜੋ ਉਸ ਦੇ ਤਰਕ ਦੇ ਅਧਾਰ ਤੇ ਠੀਕ ਨਹੀਂ ਬੈਠਦੀ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਪਰ ਤਰਕ ਤਾਂ ਸਿਰਫ ਉਸ ਵਕਤ ਤੱਕ ਹੀ ਠੀਕ ਹੁੰਦਾ ਹੈ ਜਦ ਤਕ ਉਸ ਤੋਂ ਵੱਡਾ ਕੋਈ ਹੋਰ ਤਰਕ ਸਾਹਮਣੇ ਨਹੀਂ ਆਇਆ ਹੁੰਦਾ। ਪਰ ਤਰਕਵਾਦੀ ਭਾਵਨਾ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਦੇ ਭਰਮ ਵਿਚ ਹੋਣ ਕਾਰਨ ਇਸ ਗੱਲ ਨੂੰ ਸਮਝਣ ਵਿੱਚ ਅਸਮਰੱਥ ਹੁੰਦੀ ਹੈ।

ਰੂਹਾਨੀਅਤ ਤੋਂ ਸੱਖਣੀ ਹੋਣ ਕਰਕੇ ਤਰਕਵਾਦੀ ਭਾਵਨਾ ਇਹ ਤਰਕ ਕਰਨ ਲਗ ਪਈ ਕਿ ਪੰਜ ਸਾਲ ਦੇ ਬੱਚੇ ਵਿਚ ਕਿਨੀ ਕੁ ਕਾਬਲੀਅਤ ਹੋਵੇਗੀ ਜੋ ਉਸ ਨੂੰ ਗੁਰਤਾਗੱਦੀ ਪ੍ਰਾਪਤ ਹੋ ਗਈ ? ਗੁਰੂ ਸਾਹਿਬ ਆਪਣੇ ਪੰਜੇ ਨਾਲ ਪਹਾੜ ਕਿਵੇਂ ਰੋਕ ਸਕਦੇ ਹਨ?  “ਅਕਾਲ” ਤਾਂ ਸਿਰਫ ਪ੍ਰਮਾਤਮਾ ਹੈ ਫੇਰ ਕੋਈ ਤੱਖਤ “ਅਕਾਲ ਤੱਖਤ” ਕਿਵੇਂ ਹੋ ਸਕਦਾ ਹੈ ? ਭੱਟ ਸਾਹਿਬਾਨਾ ਦੀ ਬਾਣੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਕਿਵੇਂ ਦਰਜ ਕਰ ਸਕਦੇ ਹਨ ? ਇਸ ਤਰ੍ਹਾ ਦੇ ਬੇਅੰਤ ਤਰਕ ਕੀਤੇ ਜਾਣ ਲਗ ਪਏ। ਦੁਨਿਆਵੀ ਪੱਧਰ ਉਪਰ ਵਿਚਰਨ ਕਰਕੇ ਤਰਕਵਾਦੀ ਭਾਵਨਾ ਨੇ ਗੁਰੂ ਕੌਤਕਾਂ ਉਪਰ ਦੁਨਿਆਵੀ ਹਿਸਾਬ ਕਿਤਾਬ ਲਗਾ ਕੇ ਉਨ੍ਹਾਂ ਨੂੰ ਦੁਨਿਆਵੀ ਸਮਝ ਅਨੁਸਾਰ ਦੇਖਣਾ ਪਰਖਣਾ ਸ਼ੁਰੂ ਕਰ ਦਿੱਤਾ ਪਰ ਗੁਰੂ ਤਾਂ ਅਗੰਮ ਅਗੋਚਰ ਹੈ, ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ, ਫੇਰ ਗੁਰੂ ਕੌਤਕ ਸਾਡੀ ਆਮ ਜਹੀ ਤਰਕਵਾਦੀ ਸਮਝ ਵਿਚ ਕਿਵੇਂ ਆ ਸਕਦੇ ਹਨ ? ਗੁਰੂ ਸਾਹਿਬਾਨਾਂ ਦਵਾਰਾ ਸਿੱਖ ਸਿਧਾਂਤਾਂ ਨੂੰ ਆਪਣੇ ਪੂਰੇ ਜੀਵਨ ਵਿਚ ਅਮਲ ਵਿਚ ਲਿਆ ਕੇ ਇਤਿਹਾਸ ਦੇ ਰੂਪ ਵਿਚ ਦਰਜ ਕਰਨ ਤੋਂ ਬਾਅਦ ਤਰਕ ਦੀ ਗੁੰਜਾਇਸ਼ ਤਾਂ ਬਚਦੀ ਹੀ ਨਹੀਂ ਪਰ ਤਰਕਵਾਦੀ ਭਾਵਨਾ ਦਾ ਗੁਰੂ ਪ੍ਰਤੀ ਅਧੂਰਾ ਪਿਆਰ ਅਤੇ ਅਧੂਰਾ ਸਮਰਪਣ ਹੋਣ ਕਰਕੇ ਹੀ ਇਸ ਤਰ੍ਹਾ ਦੇ ਸ਼ੰਕੇ ਉਤਪਨ ਹੁੰਦੇ ਹਨ। ਇਸ ਦਾ ਦੂਜਾ ਪੱਖ ਵਿਚਾਰਦੇ ਹੋਏ ਇਹ ਵੀ ਸਮਝਣਾ ਜਰੂਰੀ ਹੈ ਕਿ ਪਰੰਪਰਾਵਾਦੀ ਡੇਰਿਆਂ ਅਤੇ ਟਕਸਾਲਾਂ ਵਿਚ ਬਹੁਤ ਸਾਰੇ ਅਜਿਹੇ ਰੀਤੀ ਰਿਵਾਜ ਅਤੇ ਕਰਮਕਾਂਡ ਵੱਸ ਗਏ ਜੋ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੇ, ਬਹੁਤਾ ਸੋਚ ਵਿਚਾਰ ਕੀਤੇ ਬਿਨਾਂ ਹੀ ਪੁਰਾਤਨ ਮਰਿਆਦਾ ਦੇ ਨਾਮ ਥੱਲੇ ਇਨ੍ਹਾ ਕਰਮਕਾਂਡਾਂ ਅਤੇ ਰੀਤੀ ਰਿਵਾਜਾਂ ਨੂੰ ਮਹੱਤਵ ਦਿੱਤਾ ਜਾਣ ਲੱਗ ਪਿਆ। ਇਨ੍ਹਾ ਰਿਵਾਜਾਂ ਬਾਰੇ ਪੁੱਛਣ ਤੇ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਪੁਰਾਤਨ ਮਰਿਆਦਾ ਦਾ ਹਵਾਲਾ ਦਿਤਾ ਜਾਂਦਾ ਹੈ। ਸਿੱਖ ਧਰਮ ਹੋਰ ਅਨਮੱਤ ਦੇ ਧਰਮਾਂ ਤੋਂ ਬਹੁਤ ਹੀ ਨਿਆਰਾ ਹੈ, ਇਥੇ ਨਾ ਤਾਂ ਕਰਮਕਾਂਡਾਂ ਅਤੇ ਫੋਕਟ ਰੀਤੀ ਰਿਵਾਜਾਂ ਦੀ ਜਗ੍ਹਾ ਹੈ ਅਤੇ ਨਾ ਹੀ ਤਰਕਵਾਦੀ ਭਾਵਨਾ ਦੀ, ਇਨ੍ਹਾਂ ਦੋਨਾਂ ਵਿਚ ਸੰਤੁਲਨ ਦੀ ਅਵਸਥਾ ਹੀ ਸਹੀ ਸਿੱਖ ਭਾਵਨਾ ਦੀ ਤਰਜਮਾਨੀ ਕਰਦੀ ਹੈ। ਇਸ ਅਵਸਥਾ ਨੂੰ ਸਮਝਣ ਅਤੇ ਅਮਲ ਵਿਚ ਲਿਆਉਣ ਲਈ ਬਹੁਤੀ ਮਸ਼ੱਕਤ ਨਹੀਂ ਕਰਨੀ ਪੈਂਦੀ ਗੁਰੂ ਕਾਲ ਦਾ ਇਤਿਹਾਸਕ ਸਮਾਂ ਇਸ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। 

ਆਮ ਤੌਰ ਤੇ ਸਿੱਖਾਂ ਦਾ ਪੜਿਆ ਲਿਖਿਆ ਸ਼ਹਿਰੀ ਤਬਕਾ ਤਰਕਵਾਦੀ ਭਾਵਨਾ ਦੀ ਅਤੇ ਘੱਟ ਪੜਿਆ ਲਿਖਿਆ ਪੇਂਡੂ ਤਬਕਾ ਰੂੜੀਵਾਦੀ ਭਾਵਨਾ ਦੀ ਤਰਜਮਾਨੀ ਕਰਦਾ ਹੈ। ਬਹੁਤੇ ਪੜ੍ਹੇ ਲਿਖੇ ਸਿੱਖ, ਪੱਛਮ ਦੇ ਗਿਆਨ ਪ੍ਰਬੰਧ ਦੇ ਅਸਰ ਹੇਠ ਅਤੇ ਘੱਟ ਪੜ੍ਹੇ ਲਿਖੇ ਸਿੱਖ, ਰੂੜੀਵਾਦੀ ਵਿਚਾਰਧਾਰਾ ਦੇ ਅਸਰ ਹੇਠ ਆ ਗਏ, ਪਰ ਸਿੱਖੀ ਦੀ ਮੂਲ ਭਾਵਨਾ ਵਾਲੇ ਰੂਹਾਨੀ ਜੀਵਨ ਬਤੀਤ ਕਰਨ ਵਾਲੇ ਸਿੱਖ ਬਹੁਤ ਹੀ ਘੱਟ ਰਹਿ ਗਏ। ਇਸ ਨਿਘਾਰ ਦਾ ਸੱਭ ਤੋਂ ਵੱਡਾ ਕਾਰਨ ਸਹੀ ਪ੍ਰਚਾਰ ਦੀ ਘਾਟ ਹੈ ਅਤੇ ਸਹੀ ਪ੍ਰਚਾਰ ਦੀ ਘਾਟ ਇਕਸਾਰਤਾ ਦੀ ਅਣਹੋਂਦ ਕਾਰਨ ਹੈ। ਰੂੜੀਵਾਦੀ ਪ੍ਰਚਾਰਕ ਆਪਣੀ ਵਿਚਾਰਧਾਰਾ ਨੂੰ ਸਹੀ ਮੰਨਦੇ ਹੋਏ ਆਪਣਾ ਰੂੜੀਵਾਦੀ ਪ੍ਰਚਾਰ ਅਤੇ ਤਰਕਵਾਦੀ ਪ੍ਰਚਾਰਕ ਆਪਣੀ ਤਰਕ ਵਿਚਾਰਧਾਰਾ ਨੂੰ ਸਹੀ ਮੰਨਦੇ ਹੋਏ ਆਪਣਾ ਤਰਕਵਾਦੀ ਪ੍ਰਚਾਰ ਕਰਦੇ ਹਨ। ਜਿਹੜੇ ਸਿੱਖ ਇਨ੍ਹਾਂ ਦੋਨਾਂ ਵਿਚੋਂ ਕਿਸੇ ਇੱਕ ਪ੍ਰਚਾਰ ਦਾ ਅਸਰ ਕਬੂਲਦੇ ਹਨ ਉਸੇ ਹੀ ਵਿਚਾਰਧਾਰਾ ਦੇ ਬਣ ਜਾਂਦੇ ਹਨ ਅਤੇ ਰੂਹਾਨੀ ਪੱਖ ਦੋਨਾਂ ਵਿਚੋਂ ਹੀ ਮਨਫੀ ਹੁੰਦਾ ਜਾ ਰਿਹਾ ਹੈ।

ਗੁਰੂ ਸਾਹਿਬਾਨਾਂ ਦਵਾਰਾ ਪਰਪੱਕ ਕਰਾਈ ਗਈ ਸਿੱਖ ਵਿਚਾਰਧਾਰਾ ਬਹੁਤ ਹੀ ਸਰਲ ਅਤੇ ਨਿਰਮਲ ਹੈ। ਸਿੱਖ ਨੂੰ ਬਿਨਾਂ ਕਿਸੇ ਕਰਮਕਾਂਡ ਅਤੇ ਰੀਤੀ ਰਿਵਾਜ ਨਿਭਾਇਆਂ ਸਿਰਫ ਆਪਣੇ ਅੰਦਰ ਦੇ ਕੂੜ (ਮਾੜੀ ਸੋਚ, ਅਵਗੁਣ) ਨੂੰ ਕੱਢ ਕੇ, ਮਾਇਆ/ਤ੍ਰਿਸ਼ਨਾ ਤੋਂ ਨਿਰਲੇਪ ਰਹਿ ਕੇ ਰੱਬੀ ਗੁਣਾਂ ਦੇ ਧਾਰਨੀ ਹੁੰਦਿਆਂ ਰੋਜਾਨਾ ਦਾ ਜੀਵਨ ਸੱਚ ਦੇ ਅਧਾਰ ਤੇ ਬਤੀਤ ਕਰਦੇ ਹੋਇਆਂ, ਮਾਨਵਤਾ ਦੀ ਭਲਾਈ ਵਾਸਤੇ ਉਦਮੀ ਹੋਣਾ ਹੈ। ਕਿੰਨਾ ਸਰਲ ਹੈ, ਬੱਸ ਆਪਣੇ ਆਪ ਨੂੰ ਸੁਧਾਰਨਾ ਹੈ। ਜੇ ਅਜਿਹਾ ਆਦਰਸ਼ਕ ਅਤੇ ਰੂਹਾਨੀਅਤ ਭਰਪੂਰ ਜੀਵਨ ਸਾਰੀ ਮਨੁੱਖਤਾ ਅਪਣਾ ਲਏ ਤਾਂ ਦੁਨੀਆ ਵਿੱਚੋ ਝਗੜੇ/ਕਲੇਸ਼ ਹਮੇਸ਼ਾ ਵਾਸਤੇ ਹੀ ਖਤਮ ਹੋ ਸਕਦੇ ਹਨ।

ਆਸ ਹੈ ਕਿ ਐਨੀ ਸਰਲ ਜਹੀ ਗੱਲ ਸਾਡੀ ਸਮਝ ਵਿਚ ਆ ਜਾਵੇ ਅਤੇ ਅਸੀਂ ਆਪਣਾ ਜੀਵਨ ਗੁਰਮਤਿ ਅਨੁਸਾਰੀ ਬਤੀਤ ਕਰ ਕੇ ਪੂਰੀ ਦੁਨੀਆਂ ਵਿਚ ਇਕ ਮਿਸਾਲ ਕਾਇਮ ਕਰ ਸਕੀਏ।