ਮੱਤ ਦਾ ਰਾਖਾ ਆਪ ਵਾਹਿਗੁਰੂ

0
785

ਮੱਤ ਦਾ ਰਾਖਾ ਆਪ ਵਾਹਿਗੁਰੂ

ਮਨਰਾਜ ਕੌਰ

ਪਿਆਰੇ ਨਿੱਕਿਓ !
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਇਸ ਵਾਰ ਚਿਤਵਨ ਸਿੰਘ ਤੇ ਦਾਦਾ ਜੀ ਦੀ ਗੱਲਬਾਤ ਵਿੱਚੋਂ ਅਸੀ ਦੇਖਦੇ ਹਾਂ ਕਿ ‘ਮੱਤ ਦੇ ਰਾਖੇ ਵਾਹਿਗੁਰੂ ਜੀ ਆਪ’ ਕਿਵੇਂ ਹੁੰਦੇ ਹਨ।

ਦਾਦਾ ਜੀ……ਬੇਟਾ ਚਿਤਵਨ ਸਿੰਘ ਜੀ ! ਅੱਜ ਸ਼ਾਮ ਦੇ ਦਿਵਾਨ ਵਿੱਚ ਤੁਸੀਂ ਅਰਦਾਸ ਕਰਨੀ ਹੈ, ਯਾਦ ਹੈ ਨਾ? ਤੁਸੀਂ ਮਿਹਨਤ ਕਰ ਰਹੇ ਹੋ ਨਾ?
ਚਿਤਵਨ ਸਿੰਘ…..ਦਾਦਾ ਜੀ! ਬਿਲਕੁਲ ਯਾਦ ਹੈ ਪਰ ਮੈਨੂੰ ਕੋਈ ਚਿੰਤਾ ਨਹੀਂ ਹੈ।
ਦਾਦਾ ਜੀ…ਇਸ ਤਰ੍ਹਾਂ ਕਿਉਂ ਸੋਚਦੇ ਹੋ ?
ਚਿਤਵਨ ਸਿੰਘ….ਅਰਦਾਸ ਵਿਚ ਲਿਖਿਆ ਹੈ ਕਿ ਮੱਤ ਦੇ ਰਾਖੇ ਵਾਹਿਗੁਰੂ ਜੀ ਆਪ ਹਨ। ਫਿਰ ਇਸ ਤਰ੍ਹਾਂ ਹੀ ਸੋਚਣਾ ਵਧੀਆ ਹੈ।
ਦਾਦਾ ਜੀ……ਬਹੁਤ ਚੰਗੀ ਗੱਲ ਹੈ ਕਿ ਤੁਸੀਂ ਵਾਹਿਗੁਰੂ ਜੀ ਦਾ ਆਸਰਾ ਲੈ ਰਹੇ ਹੋ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਿਹਨਤ ਹੀ ਨਾ ਕਰੋ, ਜੋ ਤੁਸੀਂ ਸੋਚ ਰਹੇ ਹੋ।
ਚਿਤਵਨ ਸਿੰਘ…..ਜੇ ਮਤ ਦੇ ਰਾਖੇ ਵਾਹਿਗੁਰੂ ਜੀ ਹੀ ਹਨ ਤਾਂ ਫਿਰ ਮੈਨੂੰ ਚਿੰਤਾ ਤੇ ਮਿਹਨਤ ਕਰਨ ਦੀ ਕੀ ਲੋੜ ਹੈ? ਇਸ ਦਾ ਕੀ ਮਤਲਬ ਹੈ?
ਦਾਦਾ ਜੀ……ਇਸ ਦਾ ਮਤਲਬ ਗੁਰੂ ਅਰਜੁਨ ਸਾਹਿਬ ਜੀ ਸਮਝਾਉਂਦੇ ਹਨ: ‘‘ਉਦਮੁ ਕਰਉ, ਕਰਾਵਹੁ ਠਾਕੁਰ ! ਪੇਖਤ ਸਾਧੂ ਸੰਗਿ ॥’’ (ਮ: ੫/੪੦੫)

ਚਿਤਵਨ ਸਿੰਘ…….ਦਾਦਾ ਜੀ ! ਇਸ ਤੁਕ ਦਾ ਕੀ ਭਾਵ ਹੈ?
ਦਾਦਾ ਜੀ…..ਇਸ ਤੋਂ ਭਾਵ ਹੈ ਕਿ ਹੇ ਵਾਹਿਗੁਰੂ ਜੀ! ਮੈਂ ਸਤਸੰਗਤ ’ਚ ਮਿਲਣ ਦਾ ਤੇ ਸੱਚੇ ਸੁੱਚੇ ਰੱਬੀ ਗੁਣ ਸਿਖਣ ਦਾ ਉਦਮ ਤੇ ਉਪਰਾਲਾ ਕਰਦਾ ਹਾਂ ਤੇ ਤੁਸੀਂ ਆਪਣੀ ਮਿਹਰ ਕਰਕੇ ਭਾਵ ਮੇਰੀ ਬਾਂਹ ਫੜ ਕੇ ਇਹ ਉਦਮ ਤੇ ਉਪਰਾਲਾ ਸਫਲ ਕਰਵਾ ਦਿਉ, ਜੀ!
ਚਿਤਵਨ ਸਿੰਘ……..ਇਸ ਦਾ ਮਤਲਬ ਇਹ ਕਿਵੇਂ ਹੋਇਆ ਕਿ ‘ਮੱਤ ਦੇ ਰਾਖੇ ਵਾਹਿਗੁਰੂ ਜੀ ਆਪ ਹਨ’?
ਦਾਦਾ ਜੀ…….ਬੇਟਾ ਜੀ ! ਉਹ ਇਸ ਤਰ੍ਹਾਂ ਕਿ ਆਪਾਂ ਮੱਤ ਧਾਰਨ ਕਰਨੀ ਹੈ, ਵਧਾਉਣੀ ਹੈ, ਵਰਤਣੀ ਹੈ, ਨਿਖਾਰਨੀ ਹੈ ਪਰ ਹੰਕਾਰ ਨਹੀਂ ਕਰਨਾ ਅਤੇ ਦੂਜਾ ਪੱਖ ਸੋਚ ਕੇ ਕਿ ਰੱਬ ਜੀ ਹੀ ਕਰਵਾ ਲੈਣਗੇ ਮੈਨੂੰ ਮਿਹਨਤ ਕਰਨ ਦੀ ਕੀ ਲੋੜ ਹੈ, ਵਾਲੀ ਸੋਚ ਵੀ ਨਹੀਂ ਰੱਖਣੀ।
ਚਿਤਵਨ ਸਿੰਘ…. ਉਹ ਕਿਵੇਂ ?
ਦਾਦਾ ਜੀ…..ਬੇਟਾ ਜੀ ? ਜਿਵੇਂ ਤੁਸੀਂ ਪਹਿਲਾਂ ਤੋਂ ਹੀ ਅਰਦਾਸ ਚੰਗੀ ਤਰ੍ਹਾਂ ਯਾਦ ਕੀਤੀ ਹੋਈ ਹੈ ਨਾ?
ਚਿਤਵਨ ਸਿੰਘ…ਹਾਂ ਜੀ! ਦਾਦਾ ਜੀ !
ਦਾਦਾ ਜੀ…..ਯਾਦ ਕਰਨ ਲਈ ਪੂਰੀ ਮਿਹਨਤ ਵੀ ਕੀਤੀ ਸੀ ਨਾ ?
ਦਾਦਾ ਜੀ….ਇਹ ਤੁਸੀਂ ਹੀ ਕੀਤੀ ਸੀ ਨਾ ?
ਚਿਤਵਨ ਸਿੰਘ… ਬਿਲਕੁਲ ਮੈਂ ਹੀ ਕੀਤੀ ਸੀ, ਜੀ !
ਦਾਦਾ ਜੀ…..ਅੱਛਾ ਜੀ ! ਹੁਣ ਜੇ ਤੁਸੀਂ ਇਹ ਸੋਚਦੇ ਹੋ ਕਿ ਆਪੇ ਵਾਹਿਗੁਰੂ ਜੀ ਯਾਦ ਕਰਵਾ ਲੈਣਗੇ ਜਾਂ ਕਿਸੇ ਹੋਰ ਤਰੀਕੇ ਦਿਮਾਗ ਵਿਚ ਪਾ ਦੇਣਗੇ।
ਚਿਤਵਨ ਸਿੰਘ….ਇਸ ਤਰ੍ਹਾਂ ਥੋੜਾ ਹੋ ਸਕਦਾ ਹੈ। ਯਾਦ ਤਾਂ ਮੈਂ ਹੀ ਪੂਰੀ ਮਿਹਨਤ ਨਾਲ ਕਰਨੀ ਸੀ।
ਦਾਦਾ ਜੀ…. ਇਸੇ ਲਈ ਮੈਂ ਕਿਹਾ ਹੈ ਕਿ ਆਪਾਂ ਆਪ ਮਿਹਨਤ ਕਰਕੇ ਮੱਤ ਧਾਰਨ ਕਰਨੀ ਹੈ।
ਚਿਤਵਨ ਸਿੰਘ…. ਵਧਾਉਣੀ ਕਿਵੇਂ ਹੈ ?
ਦਾਦਾ ਜੀ….. ਰੋਜ਼ ਦੇ ਅਭਿਆਸ ਨਾਲ ਤੇ ਇਸੇ ਅਭਿਆਸ ਨੂੰ ਕਰਨ ਬਾਰੇ ਮੈਂ ਤੁਹਾਨੂੰ ਯਾਦ ਦਿਵਾ ਰਿਹਾ ਸੀ। ਅੱਜ ਤੁਸੀਂ ਸੰਗਤ ਵਿਚ ਪਹਿਲੀ ਵਾਰ ਅਰਦਾਸ ਕਰੋਗੇ। ਫਿਰ ਆਪਣੇ ਦੋਵੇਂ ਵੇਲੇ ਦੇ ਨਿੱਤਨੇਮ ਤੋਂ ਬਾਅਦ ਰੋਜ਼ ਕਰਿਆ ਕਰੋਗੇ ਤਾਂ ਸਾਰੇ ਮਤਲਬ ਵੀ ਸਮਝ ਵਿਚ ਆਉਣੇ ਸ਼ੁਰੂ ਹੋ ਜਾਣਗੇ।
ਚਿਤਵਨ ਸਿੰਘ……ਕੁਝ ਕੁਝ ਸਮਝ ਆ ਰਹੀ ਹੈ। ਇਹ ਦੱਸੋ ਕਿ ਵਰਤਣੀ ਕਿਵੇਂ ਹੈ ?
ਦਾਦਾ ਜੀ…..ਜੋ ਕੁਝ ਵੀ ਸਮਝ ਵਿਚ ਆਵੇ, ਉਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਅਮਲ ਵਿਚ ਲਿਆਉਣਾ ਹੀ ਮੱਤ ਨੂੰ ਵਰਤਣਾ ਹੈ।
ਚਿਤਵਨ ਸਿੰਘ… ਹੁਣ ਇਹ ਵੀ ਦੱਸ ਦਿਉ ਕਿ ਮੱਤ ਨੂੰ ਨਿਖਾਰਨਾ ਕਿਵੇਂ ਹੈ ?
ਦਾਦਾ ਜੀ……ਜਿਵੇਂ ਜਦੋਂ ਤੁਸੀਂ ਕੋਈ ਡਰਾਇੰਗ ਬਣਾਉਂਦੇ ਹੋ ਤਾਂ ਬਾਰ ਬਾਰ ਸਾਰੇ ਪਾਸਿਆਂ ਤੋਂ ਧਿਆਨ ਨਾਲ ਦੇਖਦੇ ਹੋ ਕਿ ਇਸ ਨੂੰ ਹੋਰ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ? ਦੇਖਦੇ ਹੋ ਨਾ ?
ਚਿਤਵਨ ਸਿੰਘ…. ਬਿਲਕੁੱਲ ਦੇਖਦਾ ਹਾਂ, ਜੀ ! ਹੋਰ ਵਧੀਆ, ਹੋਰ ਵਧੀਆ ਦੀ ਧੁੰਨ ਸੁਆਰ ਰਹਿੰਦੀ ਹੈ। ਅਖੀਰ ਤੱਕ ਵੀ ਤਸੱਲੀ ਨਹੀਂ ਹੁੰਦੀ।
ਦਾਦਾ ਜੀ….. ਬਿਲਕੁੱਲ! ਇਸੇ ਤਰ੍ਹਾਂ ਆਪਣੀ ਸੋਚ ਨੂੰ ਰੋਜ਼ ਹੋਰ ਵਧੀਆ ਹੋਰ ਵਧੀਆ ਕਰੀ ਜਾਣਾ ਹੀ ਮੱਤ ਨੂੰ ਨਿਖਾਰਨਾ ਹੈ।
ਚਿਤਵਨ ਸਿੰਘ…. ਹੁਣ ਸਾਰਾ ਕੁਝ ਤਾਂ ਅਸੀਂ ਆਪ ਹੀ ਕਰਨਾ ਹੈ, ਫਿਰ ਵਾਹਿਗੁਰੂ ਜੀ ਨੂੰ ਮੱਤ ਦਾ ਰਾਖਾ ਕਹਿਣ ਦੀ ਕੀ ਲੋੜ ਹੈ ?
ਦਾਦਾ ਜੀ…. ਤੁਸੀਂ ਬਹੁਤ ਸਿਆਣੇ ਹੋ, ਬੇਟਾ ਜੀ ! ਪੂਰੀ ਗੱਲ ਸਮਝਦੇ ਹੋ, ਅਧੂਰੀ ਨਹੀਂ ਛੱਡਦੇ।
ਚਿਤਵਨ ਸਿੰਘ….. ਦੱਸੋ ਨਾ!
ਦਾਦਾ ਜੀ….. ਜ਼ਰੂਰ, ਸਾਰਾ ਕੁਝ ਕੀਤਾ ਤੇ ਨਾਲ ਹੀ ਹੰਕਾਰ ਆ ਗਿਆ ਕਿ ਮੈਂ ਕੀਤਾ ਹੈ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਬਹੁਤ ਸ਼ਾਨਦਾਰ ਡਰਾਇੰਗ ਬਣਾ ਕੇ ਉੱਤੇ ਆਪ ਹੀ ਰੰਗ ਡੋਲ ਲਿਆ ਤੇ ਖਰਾਬ ਕਰ ਲਈ।
ਚਿਤਵਨ ਸਿੰਘ…. ਉਹ ਕਿਵੇਂ ?
ਦਾਦਾ ਜੀ….. ਬੇਟਾ ਜੀ ! ਮਨੁੱਖ ਗਲਤੀਆਂ ਕਰਦਾ ਹੀ ਰਹਿੰਦਾ ਹੈ। ਸੋਚ ਵਿਚਾਰ ਕੇ ਠੀਕ ਵੀ ਕਰਦਾ ਰਹਿੰਦਾ ਹੈ। ਪਰ ਜੇ ਕੋਈ ਮਨੁੱਖ ਕਹੇ ਕਿ ਉਹ ਜੋ ਵੀ ਕਰਦਾ ਹੈ, ਠੀਕ ਹੀ ਕਰਦਾ ਹੈ ਤੇ ਕਦੀ ਵੀ ਗਲਤੀ ਨਹੀਂ ਕਰ ਸਕਦਾ ਉਸ ਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ, ਤਾਂ ਉਸ ਨੂੰ ਕੀ ਕਹਾਂਗੇ ?
ਚਿਤਵਨ ਸਿੰਘ….. ਹੰਕਾਰੀ ਹੀ ਕਹਾਂਗੇ।
ਦਾਦਾ ਜੀ…. ਕੀ ਹੁਣ ਐਸਾ ਮਨੁੱਖ ਗਲਤੀ ਠੀਕ ਕਰ ਸਕੇਗਾ?
ਚਿਤਵਨ ਸਿੰਘ….. ਨਹੀਂ ਸਗੋਂ ਉਹ ਤਾਂ ਗਲਤੀ ਦੱਸਣ ਵਾਲੇ ਨਾਲ ਲੜ ਪਏਗਾ ਤੇ ਆਪਣੇ ਕੀਤੇ ਕੰਮ ਨੂੰ ਉਵੇਂ ਹੀ ਰਹਿਣ ਦੇਵੇਗਾ।
ਦਾਦਾ ਜੀ….. ਬਿਲਕੁੱਲ ਠੀਕ ! ਪਰ ਜਿਹੜਾ ਮਨੁੱਖ ਆਪਣੇ ਕੰਮ ਨੂੰ ਹੋਰ ਵਧੀਆ ਕਰਨਾ ਚਾਹੁੰਦਾ ਹੈ, ਉਹ ਕੀ ਕਰੇਗਾ ?
ਚਿਤਵਨ ਸਿੰਘ…. ਉਹ ਮਿਹਨਤ ਵੀ ਕਰੇਗਾ ਅਤੇ ਗਲਤੀ ਦੱਸਣ ਵਾਲੇ ਦਾ ਧੰਨਵਾਦ ਵੀ ਕਰੇਗਾ ਤੇ ਨਾਲ ਹੀ ਠੀਕ ਵੀ ਕਰੇਗਾ।
ਦਾਦਾ ਜੀ…..ਕਿਉਂ ?
ਚਿਤਵਨ ਸਿੰਘ….. ਕਿਉਂਕਿ ਉਹ ਜਾਣਦਾ ਹੈ ਕਿ ਗਲਤੀ ਦੱਸਣ ਵਾਲਾ ਉਸ ਦਾ ਮਿੱਤਰ ਹੈ।

ਦਾਦਾ ਜੀ …….. ਪਰ ਪੁੱਤਰ ਜੀ ਜੇ ਕੋਈ ਤੁਹਾਨੂੰ ਗਲਤ ਸਿੱਖਿਆ ਦੇ ਕੇ ਪੁੱਠੇ ਰਸਤੇ ’ਤੇ ਪਾਣ ਦਾ ਯਤਨ ਕਰੇ ਫਿਰ ਕਿਵੇਂ ਬਚੋਗੇ?

ਚਿਤਵਨ ਸਿੰਘ….. ਦਾਦਾ ਜੀ ਅਸੀਂ ਆਪਣੀ ਮਤ ਵਰਤਾਂਗੇ, ਆਪਣੇ ਵੱਡੇ ਬਜ਼ੁਰਗਾਂ ਦੀ ਸਮਝਾਈ ਸਿੱਖਿਆ ਰਾਹੀ ਫ਼ੈਸਲਾ ਲਵਾਂਗੇ।
ਦਾਦਾ ਜੀ…… ਬਿਲਕੁੱਲ ਠੀਕ ! ਸ਼ਾਬਾਸ਼ ਪੁੱਤਰਾ ! ਬੇਟਾ ਜੀ, ਯਾਦ ਰੱਖੋ ਕਿ ਸਾਡੇ ਵੱਡੇ-ਵਡੇਰੇ ਗੁਰੂ ਜੀ ਹਨ, ਵਾਹਿਗੁਰੂ ਜੀ ਹਨ, ਜਿਹੜਾ ਸਿੱਖ ਆਪਣੇ ਗੁਰੂ ਜੀ ਦੀ ਸਿੱਖਿਆ ਅਤੇ ਰੱਬੀ ਗੁਣਾਂ ਨੂੰ ਯਾਦ ਰੱਖਦਾ ਹੈ, ਫਿਰ ਕੀ ਹੋ ਜਾਂਦਾ ਹੈ ?

ਚਿਤਵਨ ਸਿੰਘ….. ਦਾਦਾ ਜੀ ਸਮਝ ਗਿਆ ਫਿਰ ‘ਮੱਤ ਦਾ ਰਾਖਾ ਆਪ ਵਾਹਿਗੁਰੂ’ ਹੋ ਜਾਂਦਾ ਹੈ, ਹੁਣ ਸਮਝ ਆਈ ਕਿ ਇੱਕ ਗੁਰਸਿੱਖ ਦੇ ਹਮੇਸ਼ਾਂ ਰੱਬੀ ਅਗਵਾਈ ਵਿੱਚ ਚੱਲਣ ਦੇ ਗੁਣ ਕਾਰਨ ਉਸ ਦੀ ਮਤ ਦਾ ਰਾਖਾ ਵਾਹਿਗੁਰੂ ਬਣ ਜਾਂਦਾ ਹੈ ਤੇ ਹਰ ਸਿੱਖ ਇਹੋ ਜਿਹੀ ਕਿਰਪਾ ਬਣਾਈ ਰੱਖਣ ਦੀ ਅਰਦਾਸ ਵੀ ਕਰਦਾ ਰਹਿੰਦਾ ਹੈ।
ਦਾਦਾ ਜੀ….. ਸ਼ਾਬਾਸ ਬੇਟਾ ਜੀ! ਸਦਾ ਖੁਸ਼ ਰਹੋ ਜੀ।

ਚਿਤਵਨ ਸਿੰਘ….. ਅੱਛਾ ਦਾਦਾ ਜੀ ! ਮੈ ਆਪਣੀ ਮੱਤ ਵਧਾਉਣ ਭਾਵ ਅਰਦਾਸ ਦਾ ਅਭਿਆਸ ਕਰਨ ਜਾ ਰਿਹਾ ਹਾਂ, ਮੈਂ ਵਾਅਦਾ ਕਰਦਾ ਹਾਂ ਕਿ ਮੈ ਹੰਕਾਰ ਨਹੀਂ ਕਰਾਂਗਾ ਸਗੋਂ ਖ਼ੂਬ ਮਿਹਨਤ ਕਰਾਂਗਾ ਤੇ ਰੱਬੀ ਗੁਣਾਂ ਅਤੇ ਅਰਦਾਸ ਰਾਹੀਂ ਵਾਹਿਗੁਰੂ ਜੀ ਨੂੰ ਆਪਣੀ ਮਤ ਦਾ ਰਾਖਾ ਹੋਣ ਲਈ ਬੇਨਤੀ ਕਰਦਾ ਰਹਾਂਗਾ।

ਨਿੱਕਿਓ ! ਇਸ ਵਾਰ ਦੀ ਵਿਚਾਰ ਕਿਵੇਂ ਰਹੀ ? ਸਮਝ ਆਉਣ ਤੋਂ ਬਾਅਦ ਸੁਭਾਅ ਵਿਚ ਕੀ ਫ਼ਰਕ ਆਇਆ ?
ਆਉ, ਸਾਰਾ ਸਮਾਂ ਸੱਭ ਦੇ ਅੰਦਰ ਵਾਹਿਗੁਰੂ ਜੀ ਨੂੰ ਮਹਿਸੂਸ ਕਰੀਏ।
ਨਾਨੀ ਦੀ ਨਿੱਕੀ ਜਿਹੀ ਬੇਨਤੀ ਨੂੰ ਪਰਵਾਨ ਕਰਨਾ ਜੀ।

ਆਪ ਸੱਭ ਦੀ ਨਾਨੀ – ਮਨਰਾਜ ਕੌਰ