‘ਮਾਪੇ, ਗੁਰੂ ਤੇ ਅਧਿਆਪਕ’

0
1328

‘ਮਾਪੇ, ਗੁਰੂ ਤੇ ਅਧਿਆਪਕ’

ਬਲਵਿੰਦਰ ਸਿੰਘ ਖਾਲਸਾ ਮੋ:-97802-64599

ਮਾਪੇ, ਗੁਰੂ ਤੇ ਅਧਿਆਪਕ ਵਿੱਚ; ਤਿੰਨਾ ਦੇ ਨਾਮ ਵੀ ਵੱਖਰੇ ਹਨ ਤੇ ਕੰਮ ਵੀ ਵੱਖਰੇ ਹਨ। ਪਰ ਮਨੁੱਖਾ ਜ਼ਿੰਦਗੀ ਵਿਚ ਤਿੰਨਾ ਦੀ ਅਹਿਮੀਅਤ ਬਰਾਬਰ ਹੈ। ਤਿੰਨਾ ਵਿੱਚੋ ਇੱਕ ਦੀ ਵੀ ਘਾਟ ਹੋਣ ’ਤੇ ਮਨੁੱਖਾ ਜ਼ਿੰਦਗੀ ਅਧੂਰੀ ਹੈ। ਜੋ ਇਨਸਾਨ ਇਹਨਾ ਤਿੰਨਾ ਦੀ ਸੇਵਾ, ਸਤਿਕਾਰ ਕਰਦਾ ਹੈ ਅਤੇ ਆਗਿਆ ਦਾ ਪਾਲਣ ਕਰਦਾ ਹੈ ਉਸ ਨੂੰ ਜ਼ਿੰਦਗੀ ਵਿੱਚ ਕੋਈ ਫੇਲ ਨਹੀ ਕਰ ਸਕਦਾ, ਕੋਈ ਨਹੀ ਹਰਾਅ ਸਕਦਾ। ਬੇ-ਸ਼ੱਕ ਤਿੰਨਾ ਦੀਆਂ ਸਿੱਖਿਆਵਾਂ ਵੱਖ-ਵੱਖ ਹਨ ਪਰ ਮਨੁੱਖ ਦੀ ਜ਼ਿੰਦਗੀ ਲਈ ਤਿੰਨਾ ਦੀਆਂ ਸਿਖਿਆਵਾਂ ਅਤਿ ਜ਼ਰੂਰੀ ਹਨ। ਜੋ ਸਿੱਖਿਆ ਤਿੰਨਾਂ ਨੇ ਦੇਣੀ ਹੈ ਉਹ ਕੋਈ ਵੀ ਇਕੱਲਾ ਨਹੀਂ ਦੇ ਸਕਦਾ। ਜਿੱਥੋਂ ਤੱਕ ਮੇਰਾ ਤਜਰਬਾ ਹੈ ਕਿ ਜੇ ਕਿਸੇ ਇਨਸਾਨ ਕੋਲੋਂ ਇੰਨ੍ਹਾਂ ਤਿੰਨਾਂ ਵਿੱਚੋਂ ਇੱਕ ਵੀ ਖੁੰਝ ਗਿਆ ਭਾਵ ਜੇ ਕਿਸੇ ਨੇ ਤਿੰਨਾਂ ਵਿੱਚੋਂ ਇਕ ਦਾ ਵੀ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਿਸ ਤਰ੍ਹਾਂ ਮਾਪੇ ਆਪਣੀ ਔਲਾਦ ਨੂੰ ਪਿਆਰ ਕਰਦੇ ਹਨ, ਗੁਰੂ ਆਪਣੇ ਸ਼ਿਸ ਨੂੰ ਪਿਆਰ ਕਰਦਾ ਹੈ। ਠੀਕ ਉਸੇ ਤਰ੍ਹਾਂ ਹੀ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਪਿਆਰ ਕਰਦਾ ਹੈ। ਕੋਈ ਗ਼ਲਤੀ ਜਾਂ ਗ਼ਲਤ ਕੰਮ ਕਰਨ ’ਤੇ ਮਾਪੇ ਆਪਣੇ ਬੱਚਿਆਂ ਨੂੰ ਝਿੜਕਦੇ ਜਾਂ ਕੁੱਟਦੇ ਹਨ। ਗੁਰੂ ਵੀ ਆਪਣੇ ਸ਼ਿਸ ਨੂੰ ਝਿੜਕਦਾ ਹੈ। ਇਸ ਤਰ੍ਹਾਂ ਅਧਿਆਪਕ ਕੋਲ ਵੀ ਆਪਣੇ ਵਿਦਿਆਰਥੀਆਂ ਨੂੰ ਝਿੜਕਣ ਜਾਂ ਕੁੱਟਣ ਦਾ ਹੱਕ ਹੈ। ਪਰ ਅੱਜ ਕੱਲ ਅਧਿਆਪਕ ਤੋਂ ਕਾਫ਼ੀ ਹੱਦ ਤੱਕ ਇਹ ਹੱਕ ਖੋਹਿਆ ਜਾ ਰਿਹਾ ਹੈ। ਤਿੰਨ ਕੁ ਦਹਾਕੇ (30 ਕੁ ਸਾਲ) ਪਹਿਲਾਂ ਦੀ ਗੱਲ ਹੈ ਕਿ ਮਾਪੇ ਆਪਣੇ ਬੱਚਿਆਂ ਨੁੰ ਅਧਿਆਪਕ ਵੱਲੋਂ ਕੁੱਟੇ ਜਾਣ ’ਤੇ ਉਲਾਂਭਾ ਤਾਂ ਕੀ ਦੇਣਾ ਸੀ ਸਗੋਂ ਮਾਪੇ ਆਪ ਜਾ ਕੇ ਅਧਿਆਪਕਾਂ ਨੂੰ ਕਹਿਦੇ ਸਨ ਕਿ ਬੱਚੇ ਨੂੰ ਡਰਾ ਕੇ ਰੱਖਿਆ ਕਰੋ। ਜੇ ਫਿਰ ਵੀ ਨਾ ਸਮਝੇ ਤਾਂ ਥੱਪੜ ਜਾਂ ਡੰਡਾ ਵੀ ਮਾਰ ਸਕਦੇ ਹੋ। ਇਸ ਕਰ ਕੇ ਉਦੋਂ ਬੱਚੇ ਸਿਆਣੇ ਵੀ ਸਨ ਤੇ ਮਾਪਿਆਂ ਤੇ ਅਧਿਆਪਕਾਂ ਦੇ ਆਗਿਆਕਾਰ ਵੀ ਸਨ। ਬੱਚਿਆਂ ਵਿੱਚ ਨਸ਼ੇ ਅਤੇ ਹੋਰ ਭੈੜੀਆਂ ਆਦਤਾਂ ਨਹੀਂ ਸਨ। ਅੱਜ ਦੀ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਤੇ ਗ਼ਲਤ ਕੰਮਾਂ ਵਿੱਚ ਪੈ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਅੱਜ ਬੱਚਿਆਂ ਨੂੰ ਅਧਿਆਪਕਾਂ ਦਾ ਡਰ ਨਹੀਂ ਰਿਹਾ। ਮਾਪਿਆਂ ਤੋਂ ਤਾਂ ਬੱਚੇ ਇਸ ਕਰ ਕੇ ਨਹੀਂ ਡਰਦੇ ਕਿਉਂਕਿ ਜਨਮ ਤੋਂ ਹੀ ਮਾਪਿਆਂ ਦੇ ਕੋਲ ਰਹੇ ਤੇ ਬੁੱਕਲ ਵਿੱਚ ਖੇਡੇ ਹੁੰਦੇ ਹਨ ਅਤੇ ਅਧਿਆਪਕ ਦਾ ਡਰ ਇਸ ਕਰ ਕੇ ਚੁੱਕਿਆ ਗਿਆ ਹੈ ਕਿ ਉਹ ਮਾਪਿਆਂ ਦੀ ਸਹਿਮਤੀ ਤੋਂ ਬਿਨਾ ਬੱਚਿਆਂ ਨੂੰ ਕੁੱਟ ਨਹੀਂ ਸਕਦੇ। ਜੇ ਕੋਈ ਅਧਿਆਪਕ ਕਿਸੇ ਬੱਚੇ ਨੂੰ ਕੁੱਟਦਾ ਹੈ ਤਾਂ ਮਾਪੇ ਉਲਟਾ ਉਸ ਅਧਿਆਪਕ ਨੂੰ ਕੁੱਟਣ ਤੱਕ ਜਾਂਦੇ ਹਨ। ਇੱਥੇ ਮੈਂ ਇਕ ਆਪਣੀ ਹੱਡ ਬੀਤੀ ਦੱਸਣ ਲੱਗਾ ਹਾਂ। ਇਹ ਗੱਲ 35-36 ਸਾਲ ਪੁਰਾਣੀ ਹੈ। ਉਸ ਸਮੇਂ ਮੈਂ ਸਰਕਾਰੀ ਹਾਈ ਸਕੂਲ ਮਾਈਸਰ ਖਾਨਾ ਵਿਖੇ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਸਮੇਂ ਸਕੂਲ ਦਾ ਮੁੱਖ ਅਧਿਆਪਕ ਸ੍ਰ: ਭਾਗ ਸਿੰਘ ਸੀ। ਇਕ ਦਿਨ ਐਤਵਾਰ ਦਾ ਦਿਨ ਸੀ, ਅਸੀਂ ਕਈ ਮੁੰਡੇ ਗਲੀ ਵਿੱਚ ਗੁੱਲੀ-ਡੰਡਾ ਖੇਡ ਰਹੇ ਸੀ ਤਾਂ ਅਚਾਨਕ ਸ੍ਰ: ਭਾਗ ਸਿੰਘ ਜੀ ਨੂੰ ਸਾਹਮਣੇ ਆਉਂਦੇ ਦੇਖਿਆ ਤਾਂ ਸਭ ਦੇ ਸਾਹ ਉੱਪਰ ਚੜ੍ਹ ਗਏ ਅਤੇ ਇੱਕ ਸੈਕਿੰਡ ਵਿੱਚ ਸਭ ਕੁਝ ਉੱਥੇ ਹੀ ਛੱਡ ਕੇ ਆਪਣੇ-ਆਪਣੇ ਘਰੀਂ ਜਾ ਕੇ ਅੰਦਰ ਲੁਕ ਗਏ। ਮੈਂ ਵੀ ਆਪਣੇ ਘਰ ਜਾ ਕੇ ਸਭ ਤੋਂ ਪਿਛਲੀ ਸਵਾਤ (ਕਮਰੇ) ਵਿੱਚ ਮੰਜੇ ਉਹਲੇ ਲੁਕ ਗਿਆ ਅਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਜੇ ਮਾਸਟਰ ਜੀ ਇੱਧਰ ਆਉਣ ਤਾਂ ਉਨਾਂ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ। ਪਰ ਜਦ ਮਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਤਾਂ ਸਾਡੇ ਹੀ ਪਿੰਡ ਦਾ ਹੀ ਬੰਦਾ ਸੀ (ਜਿਸ ਦੀ ਸ਼ਕਲ-ਸੂਰਤ, ਕੱਦ ਸਰੀਰ ਤੇ ਪਹਿਰਾਵਾ ਬਿਲਕੁਲ ਸਾਡੇ ਸਕੂਲ ਦੇ ਮੁੱਖ ਅਧਿਆਪਕ ਜੀ ਨਾਲ ਮਿਲਦਾ ਸੀ।) ਪਰ ਅਸੀਂ ਉਸ ਨੂੰ ਨਹੀਂ ਜਾਣਦੇ ਸੀ। ਜਦ ਮਾਂ ਨੇ ਕਿਹਾ ਕਿ ਬਾਹਰ ਆ ਜਾ ਮਾਸਟਰ ਜੀ ਵਾਪਿਸ ਚਲੇ ਗਏ ਹਨ, ਤਾਂ ਕਿਤੇ ਮੇਰਾ ਸਾਹ ਵਿਚ ਸਾਹ ਆਇਆ। ਪਰ ਜਦੋਂ ਬਾਅਦ ਵਿਚ ਅਸਲੀਅਤ ਦੱਸੀ ਤਾਂ ਸਾਰੇ ਬਹੁਤ ਹੱਸੇ। ਇੱਥੇ ਇਹ ਕਹਾਣੀ ਲਿਖਣਾ ਮੇਰਾ ਭਾਵ ਸਿਰਫ਼ ਇਹੀ ਹੈ ਕਿ ਉਸ ਸਮੇਂ ਦਸਵੀਂ ਵਿੱਚ ਪੜ੍ਹਦੇ ਜਵਾਨ ਮੁੰਡੇ ਵੀ ਅਧਿਆਪਕ ਤੋਂ ਕਿੰਨਾ ਡਰਦੇ ਸਨ। ਉਹ ਵੀ ਸਕੂਲ ਤੋਂ ਬਾਹਰ, ਛੁੱਟੀ ਵਾਲੇ ਦਿਨ। ਪਰ ਹੁਣ ਜਮਾਨਾ ਬਦਲ ਗਿਆ ਹੈ। ਅੱਜ ਦੇ ਬੱਚੇ ਸਕੂਲ ਵਿੱਚ ਤਾਂ ਭਾਵੇਂ ਅਧਿਆਪਕ ਦਾ ਕੁਝ ਡਰ ਮੰਨ ਲੈਣ ਪਰ ਸਕੂਲ ਤੋਂ ਬਾਹਰ ਤਾਂ ਕੋਈ ਅਧਿਆਪਕ ਨੂੰ ਅਧਿਆਪਕ ਨਹੀਂ ਸਮਝਦਾ। ਜੇ ਸਕੂਲ ਵਿੱਚ ਅਧਿਆਪਕ ਕਿਸੇ ਬੱਚੇ ਦੇ ਥੱਪੜ ਮਾਰ ਦੇਵੇ ਤਾਂ ਸਕੂਲੋਂ ਬਾਹਰ ਬੱਚੇ ਇਕੱਠੇ ਹੋ ਕੇ ਅਧਿਆਪਕ ਨੂੰ ਕੁੱਟਣ ਤੱਕ ਜਾਂਦੇ ਹਨ ਅਤੇ ਮਾਪੇ ਵੀ ਬੱਚਿਆਂ ਦੇ ਪਿੱਛੇ ਲੱਗ ਕੇ ਟੀਚਰ ਨਾਲ ਲੜਨ ਲਈ ਆ ਜਾਂਦੇ ਹਨ। ਪਰ ਮਾਪੇ ਇਹ ਭੁੱਲ ਜਾਂਦੇ ਹਨ ਕਿ ਜਦੋਂ ਬੱਚੇ ਉਹਨਾ ਦਾ ਕਹਿਣਾ ਨਹੀਂ ਮੰਨਦੇ ਤਾਂ ਉਦੋਂ ਉਨ੍ਹਾਂ ਦਾ ਮਨ ਕਿੰਨ੍ਹਾ ਕੁ ਦੁਖੀ ਹੁੰਦਾ ਹੈ? ਜਦੋਂ ਉਹੀ ਬੱਚੇ ਅਧਿਆਪਕ ਦਾ ਕਹਿਣਾ ਨਹੀਂ ਮੰਨਦੇ ਤੇ ਅਧਿਆਪਕ ਝਿੜਕਦਾ ਹੈ ਤਾਂ ਉਸ ਸਮੇ ਮਾਪਿਆਂ ਦਾ ਔਲਾਦ ਪ੍ਰਤੀ ਮੋਹ ਉਛਲ-ਉਛਲ ਪੈਂਦਾ ਹੈ। ਅਸਲ ਵਿਚ ਮਾਪਿਆਂ ਦਾ ਇਹ ਰਵੱਈਆ ਗ਼ਲਤ ਹੈ ਕਿਉਂਕਿ ਅਧਿਆਪਕ ਦੀ ਬੱਚਿਆਂ ਨਾਲ ਕੋਈ ਨਿੱਜੀ ਦੁਸਮਣੀ ਨਹੀਂ ਹੁੰਦੀ ਸਗੋਂ ਉਨ੍ਹਾਂ ਮਾਪਿਆ ਦੇ ਵਾਰਸਾਂ (ਬੱਚਿਆਂ) ਨੂੰ ਹੀਰੇ ਦੀ ਤਰ੍ਹਾਂ ਤਰਾਸ਼ ਕੇ ਉਨ੍ਹਾਂ ਦੀ ਕੀਮਤ ਵਧਾਉਂਦਾ ਹੈ। ਜਿਸ ਤਰ੍ਹਾਂ ਸੋਨੇ ਨੂੰ ਸੋਹਣੇ-ਸੋਹਣੇ ਗਹਿਣਿਆਂ ਦਾ ਰੂਪ ਧਾਰਨ ਲਈ ਪਹਿਲਾਂ ਅੱਗ ਵਿੱਚ ਸੜਨਾ ਪੈਂਦਾ ਹੈ ਉਸੇ ਤਰ੍ਹਾਂ ਹੀ ਬੱਚਿਆਂ ਨੂੰ ਵੀ ਚੰਗੇ ਇਨਸਾਨ ਤੇ ਅਫਸਰ ਬਣਨ ਲਈ ਅਧਿਆਪਕਾਂ ਦੀਆਂ ਝਿੜਕਾਂ ਤੇ ਮਾਰ ਦਾ ਦੁੱਖ ਸਹਿਣਾ ਹੀ ਪਵੇਗਾ। ਜੇਕਰ ਬੱਚੇ ਪੜ੍ਹ ਕੇ ਚੰਗੇ ਇਨਸਾਨ ਤੇ ਅਫਸਰ ਬਣਦੇ ਹਨ ਤਾਂ ਇਸ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੀ ਭਲਾਈ ਅਤੇ ਇੱਜ਼ਤ ਹੈ ਨਾ ਕਿ ਅਧਿਆਪਕਾਂ ਦੀ। ਇੱਥੇ ਮੈਨੂੰ ਕਿਸੇ ਗਾਇਕ ਦੇ ਪੁਰਾਣੇ ਗੀਤ ਦੇ ਬੋਲ ਯਾਦ ਆ ਗਏ, ਗੀਤ ਦੇ ਬੋਲ ਹਨ: ‘ਮਾਵਾਂ ਲਾਡ ਲਡਾ, ਧੀਆਂ ਨੂੰ ਵਿਗਾੜਨ ਨੀ; ਸੱਸਾਂ ਦੇ ਕੇ ਮੱਤਾਂ, ਉਮਰ ਸਵਾਰਨ ਨੀ’। ਜਦ ਬੱਚਿਆਂ ਨੂੰ ਅਧਿਆਪਕ ਦਾ ਡਰ ਨਹੀਂ ਹੋਵੇਗਾ ਤਾਂ ਉਹ ਪੜ੍ਹਨਗੇ ਨਹੀਂ, ਜਦ ਪੜ੍ਹਨਗੇ ਨਹੀਂ ਤਾ ਫੇਲ ਹੋ ਜਾਣਗੇ ਅਤੇ ਅੱਗੇ ਚੱਲ ਕੇ ਕਾਮਯਾਬੀ/ਨੌਕਰੀ ਨਹੀਂ ਮਿਲੇਗੀ। ਬੱਸ ਫਿਰ ਕੀ, ‘ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ’ ਵਾਲੀ ਗੱਲ ਹੋ ਜਾਵੇਗੀ ਅਤੇ ‘ਵਿਹਲਾ ਮਨ ਸ਼ੈਤਾਨ ਦਾ ਘਰ’ ਬਣ ਜਾਵੇਗਾ। ਬੱਚੇ ਨਸ਼ੇ ਅਤੇ ਹੋਰ ਮਾੜੇ ਕੰਮਾਂ ਵਿੱਚ ਪੈ ਜਾਣਗੇ ਅਤੇ ਜ਼ਿੰਦਗੀ ਨਰਕ ਬਣ ਜਾਵੇਗੀ। ਜਦ ਬੱਚਿਆਂ ਨੂੰ ਅਧਿਆਪਕ ਦਾ ਡਰ ਹੋਵੇਗਾ ਤਾਂ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣਗੇ ਅਤੇ ਚੰਗੇ ਇਨਸਾਨ ਬਣ ਕੇ ਸਮਾਜ ਭਲਾਈ ਦੇ ਕੰਮ ਕਰਨਗੇ। ਪਰ ਬੱਚਿਆਂ ਨੂੰ ਅਧਿਆਪਕ ਦਾ ਡਰ ਤਾਂ ਹੀ ਰਹੇਗਾ ਜੇ ਗ਼ਲਤੀ ਕਰਨ, ਕੰਮ ਨਾ ਕਰਨ ਜਾਂ ਸਕੂਲ ਦਾ ਅਨੁਸ਼ਾਸਨ ਭੰਗ ਕਰਨ ’ਤੇ ਅਧਿਆਪਕ ਕੋਲ ਬੱਚਿਆਂ ਨੂੰ ਦੰਡ ਦੇ ਸਕਣ ਦਾ ਅਧਿਕਾਰ ਹੋਵੇਗਾ। ਬੇਸ਼ਕ ‘ਪੰਜੇ ਉਗਲਾਂ ਇੱਕੋ ਜਿਹੀਆਂ ਨਹੀਂ’, ਵਾਲੀ ਕਹਾਵਤ ਅਨੁਸਾਰ ਸਾਰੇ ਮਾਪੇ ਤਾਂ ਇਸ ਤਰ੍ਹਾਂ ਦੇ ਨਹੀਂ ਹਨ ਪਰ ਕੁਝ ਇਸ ਤਰ੍ਹਾਂ ਦੇ ਮਾਪਿਆਂ ਦੇ ਡਰ ਕਾਰਨ ਅਤੇ ਕੁਝ ਕੁ ਢਿੱਲੇ ਅਚਾਰਨ ਵਾਲੇ ਅਧਿਆਪਕਾਂ ਨੇ ਮਾਪਿਆਂ ਅਤੇ ਅਧਿਆਪਕਾਂ ਦੇ ਪਵਿੱਤਰ ਰਿਸਤੇ ਵਿਚ ਗ਼ਲਤ ਫਹਿਮੀਆ ਪੈਦਾ ਕਰਨ ਕਾਰਨ ਮਾਪੇ ਅਤੇ ਅਧਿਆਪਕਾਂ ਦੀ ਏਕਤਾ ਖ਼ਤਮ ਕਰ ਦਿੱਤੀ ਹੈ। ਕਈ ਥਾਈਂ ਸੁਣਿਆ ਅਤੇ ਪੜ੍ਹਿਆ ਹੈ ਕਿ ਸਕੂਲ ਦਾ ਅਧਿਆਪਕ ਬੱਚੇ-ਬੱਚੀਆਂ ਨਾਲ ਅਸਲੀਲ ਹਰਕਤਾਂ ਕਰਦਾ ਫੜਿਆ ਗਿਆ। ਇਸੇ ਤਰ੍ਹਾਂ ਹੀ ਕਈ ਅਖੌਤੀ ਗੁਰੂ ਅਖਵਾਉਣ ਵਾਲੇ ਵੀ ਭੋਲੇ-ਭਾਲੇ ਲੋਕਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਲੁਟ ਕਰ ਰਹੇ ਹਨ। ਲੋਕਾਂ ਨੂੰ ਸਿੱਧਾ ਰਸਤਾ ਦੱਸਣ ਦੀ ਬਜਾਏ ਵਹਿਮਾ-ਭਰਮਾ ਕਰਮਕਾਡਾਂ ਦੇ ਚੱਕਰਵਿਉ ਵਿਚ ਉਲਝਾ ਰਹੇ ਹਨ। ਇਸ ਤਰ੍ਹਾਂ ਕਈ ਮਾਪੇ ਵੀ ਬੱਚਿਆਂ ਨੂੰ ਗ਼ਲਤ ਸਿੱਖਿਆ ਦੇਣ ਵਾਲੇ ਹੋਣਗੇ।

ਸੋ, ਦਾਲ ਵਿਚ ਇਕ-ਦੋ ਕੁੜਕੜੂ ਤਾਂ ਹੁੰਦੇ ਹੀ ਹਨ ਪਰ ਉਨ੍ਹਾਂ ਨੂੰ ਦੇਖ ਕੇ ਸਾਰੀ ਦਾਲ ਹੀ ਖ਼ਰਾਬ ਨਹੀਂ ਸਮਝ ਲੈਣੀ ਚਾਹੀਦੀ। ਅਖੌਤੀ ਗੁਰੂ ਅਖਵਾਉਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਜੇ ਗੁਰੂ ਅਖਵਾਉਣਾ ਹੀ ਹੈ ਤਾਂ ਲੋਕਾਂ ਨੂੰ ਸਹੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਜੋੜੋ ਨਾ ਕਿ ਆਪਣੇ ਨਾਲ। ਅਪਣੀ ਪੂਜਾ ਕਰਵਾਉਣ ਦੀ ਥਾਂ ਰੱਬ ਦੀ ਪੂਜਾ ਬਾਰੇ ਦੱਸੋ। ਗੁਰੂ; ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ ਇੱਕ ਵਿਚੋਲਾ ਹੁੰਦਾ ਹੈ। ਜਿਸ ਤਰ੍ਹਾਂ ਦੁਨਿਆਵੀ ਤੌਰ ’ਤੇ ਪਤੀ-ਪਤਨੀ ਦਾ ਮੇਲ ਕਰਵਾਉਣ ਵਾਲਾ ਵਿਚੋਲਾ ਹੁੰਦਾ ਹੈ ਪਰ ਵਿਚੋਲਾ (ਦੂਸਰੇ ਦੀ) ਪਤਨੀ ਦਾ ਮਾਲਕ ਨਹੀਂ ਬਣ ਸਕਦਾ। ਹੁਣ ਮੇਰੇ ਵੱਲੋਂ ਸਾਰੇ ਹੀ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣਾ ਆਚਰਨ ਬਹੁਤ ਹੀ ਉੱਚਾ ਸੁਚਾ ਰੱਖੋ ਕਿਉਂਕਿ ਤੁਹਾਡੇ ਦੱਸੇ ਹੋਏ ਰਸਤੇ ’ਤੇ ਹੀ ਬੱਚਿਆਂ ਨੇ ਚੱਲਣਾ ਹੈ। ਬੱਚਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਉਸ ਉੱਤੇ ਤੁਸੀਂ ਚੰਗੇ ਗਿਆਨ ਦੀਆਂ ਗੱਲਾਂ ਵੀ ਲਿਖ ਸਕਦੇ ਹੋ ਅਤੇ ਅਸਲੀਲ ਗੱਲਾਂ ਵੀ। ਬਾਕੀ ਰਹੀ ਗੱਲ ਬੱਚਿਆਂ ਨੂੰ ਝਿੜਕਣ ਤੇ ਕੁੱਟਣ ਦੀ। ਗ਼ਲਤੀ ਕਰਨ ’ਤੇ ਅਧਿਆਪਕ ਬੱਚੇ ਨੂੰ ਜ਼ਰੂਰ ਕੁੱਟੇ ਪਰ ਇਸ ਗੱਲ ਦਾ ਧਿਆਨ ਵੀ ਰੱਖੇ ਕਿ ਅਧਿਆਪਕ ਅਤੇ ਜੱਲਾਦ ਵਿਚ ਬਹੁਤ ਫ਼ਰਕ ਹੁੰਦਾ ਹੈ। ਬੱਚਿਆਂ ਲਈ ਸਕੂਲ ਦਾ ਮਹੌਲ ਘਰ ਵਾਂਗ ਹੋਵੇ ਨਾ ਕਿ ਥਾਣੇ ਵਾਂਗ ਅਤੇ ਅਧਿਆਪਕ ਦੀ ਦਹਿਸ਼ਤ ਥਾਣੇਦਾਰ ਵਾਲੀ ਨਹੀਂ ਹੋਣੀ ਚਾਹੀਦੀ। ਛੋਟੇ ਬੱਚਿਆਂ ਨੂੰ ਕੁੱਟਣ ਦੇ ਤਾਂ ਮੈਂ ਬਿਲਕੁਲ ਖਿਲਾਫ ਹਾਂ। ਛੋਟੇ ਬੱਚਿਆਂ ਨੂੰ ਤਾਂ ਸਕੂਲ ਵਿਚ ਘਰ ਵਾਲਾ ਪਿਆਰ ਮਿਲਣਾ ਚਾਹੀਦਾ ਹੈ। ਮੇਰਾ ਤਜਰਬਾ ਹੈ ਕਿ ਜਿਹੜਾ ਕੰਮ ਪਿਆਰ ਕਰਦਾ ਹੈ ਉਹ ਕੰਮ ਹਥਿਆਰ ਨਹੀਂ ਕਰ ਸਕਦਾ। ਜੋ ਬੱਚੇ ਸਕੂਲ ਆਉਣ ਸਮੇਂ ਰੋਂਦੇ ਹਨ ਉਸ ਦਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਅਧਿਆਪਕਾਂ ਵਿੱਚੋ ਆਪਣੇ ਮਾਪੇ ਨਹੀਂ ਸਗੋ ਇਕ ਜੱਲਾਦ ਦਿਸਦਾ ਹੈ। ਪਹਿਲਾਂ ਜ਼ਮਾਨਾ ਹੋਰ ਸੀ। ਉਸ ਸਮੇਂ ਘੱਟੋ-ਘੱਟ 6-7 ਸਾਲ ਦਾ ਬੱਚਾ ਸਕੂਲ ਦਾਖ਼ਲ ਹੁੰਦਾ ਸੀ ਪਰ ਅੱਜ ਕੱਲ 3 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਸਕੂਲ ਵਿੱਚ ਦਾਖ਼ਲ ਹੋ ਜਾਂਦੇ ਹਨ। ਇਹਨੇ ਛੋਟੇ ਬੱਚਿਆਂ ਨੂੰ ਕੁੱਟਣ ਵਾਲੇ ਨੂੰ ਤਾਂ ਮੈਂ ਵੀ ਜੱਲਾਦ ਜਾਂ ਕਸਾਈ ਹੀ ਕਹਾਂਗਾ। ਸਾਰੇ ਹੀ ਮਾਪਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਲਾਡਲੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਚੰਗੇ ਇਨਸਾਨ ਤੇ ਅਫਸਰ ਬਣਾਉਣ ਲਈ ਅਧਿਆਪਕਾਂ ਨੂੰ ਸਹਿਯੋਗ ਦਿਉ। ਨਿੱਕੀ-ਨਿੱਕੀ ਗੱਲ ’ਤੇ ਉਲਾਂਭੇ ਦੇ ਕੇ ਅਧਿਆਪਕ ਤੋਂ ਬੱਚਿਆਂ ਨੂੰ ਦੰਡ ਦੇਣ ਦਾ ਅਧਿਕਾਰ ਨਾ ਖੋਵੋ। ਮਾਰ ਵੀ ਉੱਥੇ ਹੀ ਪੈਂਦੀ ਹੈ ਜਿੱਥੇ ਪਿਆਰ ਹੋਵੇ। ਅਧਿਆਪਕ ਬੱਚਿਆਂ ਨੂੰ ਆਪਣਾ ਸਮਝ ਕੇ ਹੀ ਕੁੱਟਦੇ ਹਨ, ਨਹੀਂ ਤਾਂ ਦੂਜੇ ਤੋਂ ਕਿਸੇ ਨੇ ਕੀ ਲੈਣਾ ਹੈ ? ਹਰ ਅਧਿਆਪਕ ਦੀ ਇਹੋ ਖੁਆਇਸ਼ ਹੁੰਦੀ ਹੈ ਕਿ ਮੇਰਾ ਪੜ੍ਹਾਇਆ ਹੋਇਆ ਵਿਦਿਆਰਥੀ ਚੰਗਾ ਇਨਸਾਨ, ਚੰਗਾ ਨਾਗਰਿਕ ਤੇ ਚੰਗਾ ਅਫਸਰ ਬਣੇ।

ਅਖ਼ੀਰ ਵਿਚ ਮੈਂ ਸਾਰੇ ਸਕੂਲਾਂ-ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਿਆਰ ਨਾਲ ਕਹਿੰਦਾ ਹਾਂ ਕਿ ਮਾਪੇ, ਗੁਰੂ ਤੇ ਅਧਿਆਪਕ ਦਾ ਸਤਿਕਾਰ ਕਰੋ, ਸੇਵਾ ਕਰੋ ਤੇ ਅਗਿਆ ਦਾ ਪਾਲਣ ਕਰੋ। ਤਾਂ ਕਿ ਤੁਹਾਡੀ ਤੇ ਤੁਹਾਡੇ ਮਾਪਿਆਂ ਦੀ ਜ਼ਿੰਦਗੀ ਤੇ ਪੈਸਾ ਬਰਬਾਦ ਹੋਣੋ ਬਚ ਜਾਵੇ ਤੇ ਜ਼ਿੰਦਗੀ ਸਵਰਗ ਬਣ ਜਾਵੇ। ਬੱਚੇ ਦੇਸ ਦਾ ਭਵਿੱਖ ਹਨ। ਜਦੋਂ ਬੱਚਿਆਂ ਦੀ ਜ਼ਿੰਦਗੀ ਸਵਰਗ ਬਣ ਗਈ ਤਾਂ ਦੇਸ ਵੀ ਸਵਰਗ ਬਣ ਜਾਵੇਗਾ।

ਵੱਲੋ:-ਬਲਵਿੰਦਰ ਸਿੰਘ ਖਾਲਸਾ ਮੋ:-97802-64599

‘ਧਾਰਮਿਕ ਅਧਿਆਪਕ, ਸਹੀਦ ਬਾਬਾ ਜੋਰਾਵਰ ਸਿੰਘ ਪਬਲਿਕ ਸਕੂਲ ਜੋਧਪੁਰ ਪਾਖਰ’ (ਬਠਿੰਡਾ)