ਮਾਨ ਦੇ ਸਰਬੱਤ ਖ਼ਾਲਸਾ ਦੀ ਅਸਲ ਭਾਵਨਾ ਅਤੇ ਮਨੋਰਥ

0
198

ਮਾਨ ਦੇ ਸਰਬੱਤ ਖ਼ਾਲਸਾ ਦੀ ਅਸਲ ਭਾਵਨਾ ਅਤੇ ਮਨੋਰਥ

ਗੁਰਤੇਜ ਸਿੰਘ

(ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ – ਗੁਰੂ ਗ੍ਰੰਥ, ਪੰਨਾ 473)

ਬਾਦਲ ਦੇ ਇੱਕ-ਪੁਰਖੀ ਰਾਜ ਦੇ ਲਗਾਤਾਰ ਢਾਹੇ ਕਹਿਰ ਅਤੇ ਮਚਾਈ ਲੁੱਟ-ਮਾਰ ਕਾਰਣ ਪੰਜਾਬ ਦਾ ਹਰ ਵਰਗ ਬੇਹੱਦ ਦੁਖੀ ਸੀ। ਗੁਰੂ ਦੀ ਸ਼ਹਾਦਤ, ਗੋਲ਼ੀ-ਕਾਂਡ ਅਤੇ ਨਿਰਦੋਸ਼ਾਂ ਦੀ ਗ੍ਰਿਫ਼ਤਾਰੀ ਨੇ ਏਸ ਮਘਦੇ ਰੋਸ ਨੂੰ ਭਾਂਬੜ ਬਣਾ ਦਿੱਤਾ ਜਿਸ ਦਾ ਸੇਕ ਪੰਜਾਬ ਦੇ ਹਰ ਸਿਆਸਤਦਾਨ ਨੇ ਕਬੂਲ ਕੀਤਾ। ਚੰਦ ਲੋਕਾਂ ਨੂੰ ਪੰਥਕ ਮੰਚ ਉਤੇ ਨਵੇਂ-ਨਕੋਰ, ਕਾਬਲੇ-ਕਬੂਲ ਆਗੂ ਉੱਭਰਦੇ ਜਾਪੇ। ਇਹ ਠੀਕ ਵੀ ਸੀ। ਅਜੋਕੇ ਆਗੂਆਂ ਵਿੱਚ ਇੱਕ ਵੀ ਨਹੀਂ ਜਿਸ ਨੇ ਸਿੱਖ ਪੰਥ ਦੇ ਹੱਕ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਈ ਹੋਵੇ। ਹੁਣ 25 ਤੋਂ 40 ਸਾਲਾਂ ਦੇ ਨਵੇਂ ਆਗੂਆਂ ਦਾ ਯੁੱਗ ਆਉੁਣਾ ਚਾਹੀਦਾ ਹੈ। ਉਮੀਦ ਬੱਝੀ ਸੀ ਕਿ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ, ਦਲੇਰ ਸਿੰਘ ਅਤੇ ਬਲਵੰਤ ਸਿੰਘ ਨੰਦਗੜ੍ਹ ਅਜਿਹੇ ਆਗੂਆਂ ਨੂੰ ਉਭਾਰਨਗੇ। ਅੱਜ ਪੰਜਾਬ ਉੱਤੇ ਪੱਥਰ-ਯੁੱਗ ਦੇ ਆਗੂ ਰਾਜ ਕਰ ਰਹੇ ਹਨ ਅਤੇ ਪੰਜਾਬ ਦੀ ਤ੍ਰਾਸਦੀ ਦਾ ਵੱਡਾ ਕਾਰਣ ਵੀ ਏਹੀ ਹੈ।

ਪਰ ਸਿਆਸੀ ਸੱਤਾ ਦੀ ਲਾਲਸਾ ਦੇ ਪੱਕੇ ਰੋਗੀਆ ਨੂੰ ਬਦਲ ਦੀ ਬਣ ਰਹੀ ਸੰਭਾਵਨਾ ਰਾਸ ਨਾ ਆਈ। ਉਹਨਾਂ ਵਿੱਚ-ਵਿਚਾਲੇ ਕੈਂਚੀਆਂ, ਛਵ੍ਹੀਆਂ, ਗਾਲ਼ੀ-ਗਲੋਚ, ਧੋਖਾ-ਫ਼ਰੇਬ ਆਦਿ ਹਰ ਹਰਬਾ ਵਰਤ ਕੇ ਵਗਦੀ ਰੌਂਅ ਦਾ ਰੁਖ਼ ਆਪਣੇ ਘਰ ਅਤੇ ਹੁਣ ਜਾਪਦਾ ਹੈ ਆਪਣੀ ਕੁਲ ਵੱਲ ਮੋੜਨ ਦੀ ਪੂਰੀ ਵਾਹ ਲਾਈ। ਸਭ ਲਾਲਸਾਵਾਂ ਨੂੰ ਜੋੜ ਕੇ ਓਸ ਉੱਤੇ ਸਰਬੱਤ ਖ਼ਾਲਸਾ ਨਾਂਅ ਦੀ ਚਾਦਰ ਪਾਈ ਗਈ। ਸਰਬੱਤ ਖ਼ਾਲਸਾ ਅਜੋਕੇ ਯੁੱਗ ਵਿੱਚ ਕਿਵੇਂ ਹੋ ਸਕਦਾ ਹੈ, ਬਾਰੇ ਸਭ ਜਾਣਦੇ ਹਨ – ਸਮਾਂ ਆਉਣ ਉੱਤੇ ਵਿਆਖਿਆ ਕੀਤੀ ਜਾਵੇਗੀ।

ਤਪਦੇ ਤੰਦੂਰ ਵਿੱਚ ਰੋਟੀਆਂ ਲਾਉਣ ਦੇ ਆਦੀ ਟੋਲੇ ਨੇ ਤੱਤ-ਭੜੱਤ, ਬੜੀ ਕਾਹਲੀ ਵਿੱਚ, ਬਿਨਾ ਕਿਸੇ ਨਾਲ ਸਾਰਥਕ ਸਲਾਹ ਕੀਤਿਆਂ, ‘ਸਰਬੱਤ ਖ਼ਾਲਸੇ’ ਦੀ ਬੇੜੀ ਠੇਲ੍ਹ ਦਿੱਤੀ। ਇਹਨਾਂ ਦੀਆਂ ਕਾਹਲਾਂ, ਹੱਠ ਅਤੇ ਹੈਂਕੜ ਕਈ ਕਹਾਣੀਆਂ ਕਹਿ ਰਹੇ ਸਨ। ਹੁਣ ਉਹ ਹਕੀਕਤ ਬਣ ਸਾਹਮਣੇ ਚਿੱਟੇ ਦਿਨ ਵਾਂਗ ਆ ਖੜ੍ਹੀਆਂ ਹਨ।

ਕੁੱਲ ਮਿਲਾ ਕੇ ਸ.ਸ. ਮਾਨ ਦੇ ‘ਸਰਬੱਤ ਖ਼ਾਲਸਾ’ ਦਾ ਕੁੱਲ ਲਾਭ ਸੱਤਾਧਾਰੀ ਬਾਦਲ ਦੀ ਝੋਲੀ ਵਿੱਚ ਪੈਂਦਾ ਜਾਪਦਾ ਹੈ। ਆਪਣੇ ਪਹਿਲਾਂ ਕੀਤੇ ਵਾਅਦੇ ਅਨੁਸਾਰ ਬਾਦਲ ਨੇ ਗਿਆਰਾਂ ਕੰਪਨੀਆਂ CRPF ਤਾਇਨਾਤ ਹੋਣ ਦੇ ਬਾਵਜੂਦ ਇਕੱਠ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਬਦਲੇ ਵਿੱਚ ਚੱਬੇ ਦੇ ਇਕੱਠ ਨੇ ਬਾਦਲ ਦੀ ਇੱਕ ਦਹਾਕੇ ਦੀ ਜ਼ਬਰ, ਧੱਕੇ ਨਾਲ ਲੱਦੀ ਕਾਰਵਾਈ ਬਾਰੇ ਕੁਝ ਵੀ ਨਾ ਆਖਿਆ। ਕੁੱਲ ਮਿਲਾ ਕੇ ਫ਼ੈਸਲੇ ਉਹ ਕੀਤੇ ਜੋ ਬਾਦਲ ਨੂੰ ਮੁੜ ਕੇ ਆਗੂ ਬਣਨ ਵਿੱਚ ਮਦਦਗਾਰ ਸਾਬਤ ਹੋਣ। ਮਾਨ, ਮੋਹਕਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਵੱਡੇ ਆਗੂ ਬਣਾ ਕੇ ਹਿੰਦੂ ਵੋਟ ਹਾਸਲ ਕਰਨ ਦਾ ਰਾਹ ਕੱਢਿਆ ਗਿਆ ਅਤੇ ਧਿਆਨ ਸਿੰਘ ਮੰਡ ਨੂੰ ਦਰਬਾਰ ਸਾਹਿਬ ਦੀ ਜੂਹ ਵਿੱਚ ਪਹੁੰਚ ਕੇ ਆਪਣੀ ਗੱਲ ਆਖਣ ਦਾ ਮੌਕਾ ਦਿੱਤਾ ਗਿਆ।

ਮਾਨ ਦੇ ਮਤਿਆਂ ਵਿੱਚੋਂ ਪਹਿਲੇ ਤਿੰਨ ਨਾ ਇਸ ਇਕੱਠ ਨੂੰ ਕਰਨ ਦਾ ਅਧਿਕਾਰ ਸੀ, ਨਾ ਹੀ ਲਾਗੂ ਕਰਨ ਦਾ ਹੈ। ‘ਜਥੇਦਾਰਾਂ’ ਨੂੰ ਫ਼ਾਰਗ ਅਤੇ ਨਵਿਆਂ ਨੂੰ ਸਥਾਪਤ ਕੇਵਲ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ ਜਿਸ ਦਾ ਅੱਜ ਕੋਈ ਵਜੂਦ ਨਹੀਂ। ਬਾਦਲ ਦੇ ਜਥੇਦਾਰਾਂ ਵਾਂਗ ਹੀ ਇਹ ਨਵੇਂ ਜਥੇਦਾਰ ਮਾਨ ਦੇ ਲਿਫ਼ਾਫ਼ਿਆਂ ਵਿੱਚੋਂ ਨਿਕਲੇ ਹਨ ਅਤੇ ਕੌਮੀ ਵਿਚਾਰ-ਮੰਥਨ ਦਾ ਨਤੀਜਾ ਨਹੀਂ। ਗਿੱਲ-ਬਰਾੜ ਦੇ ਅਕਾਲ ਤਖ਼ਤ ਉੱਤੇ ਪੇਸ਼ ਹੋਣ ਦੀ ਉੱਕਾ ਸੰਭਾਵਨਾ ਨਹੀਂ। ਨਾ ‘ਜਥੇਦਾਰ’ ਤਖ਼ਤ ’ਤੇ ਬੈਠਣ ਨਾ ਦੋਸ਼ੀ ਪੇਸ਼ ਹੋਣ। ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਏਸ ਇਕੱਠ ਦੇ ਸੰਚਾਲਕ ਬੌਧਿਕ ਪੱਖੋਂ ਏਨੇਂ ਕੰਗਾਲ ਹਨ ਕਿ ਸਿੱਖ ਮਾਨਸਿਕਤਾ ਵਿੱਚ ਸਦੀਵ-ਕਾਲ ਲਈ ਦੁਸ਼ਮਣਾਂ ਵਜੋਂ ਸਥਾਪਤ ਗਿੱਲ-ਬਰਾੜ ਨੂੰ ਇਹ ਹੁਣ ਤਾਈਂ ਸਿੱਖ ਕੌਮ ਦਾ ਹਿੱਸਾ ਹੋਣ ਦੀ ਭ੍ਰਾਂਤੀ ਪਾਲ ਰਹੇ ਸਨ ? ਇਹ ਮਤੇ ਲੋਕਾਂ ਨੂੰ ਕੇਵਲ ਚਕਾਚੌਂਧ ਕਰਨ ਲਈ ਹੀ ਹਨ।

‘ਜਥੇਦਾਰ’ ਲਗਾਉਣ ਦਾ ਨਾ ਕਾਨੂੰਨੀ, ਨਾ ਇਖ਼ਲਾਕੀ, ਨਾ ਇਤਿਹਾਸਕ ਤੌਰ ਉੱਤੇ ਕੋਈ ਆਧਾਰ ਹੈ। ਗੁਰੂ ਨੇ ਸੰਗਤ ਖ਼ਾਲਸਾ ਕੀਤੀ ਹੈ ਅਤੇ ਵਿਚੋਲਿਆਂ, ਪੁਜਾਰੀਆਂ, ‘ਮਹਾਂ ਗ੍ਰੰਥੀਆਂ’, ਮਸੰਦਾਂ ਤੋਂ ਮੁਕਤ ਕੀਤਾ ਹੈ। ਸਿੱਖ ਸਿਧਾਂਤ ਅਨੁਸਾਰ ਇਹਨਾਂ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ। ਜਗਤਾਰ ਸਿੰਘ ਹਵਾਰੇ ਦੇ ਰਾਹ ਵਿੱਚ ਕਾਰਾਵਾਸ ਦੀ ਅੜਚਨ ਵੀ ਹੈ, ਏਸ ਲਈ ਸਾਡੇ ਸੱਜਣ, ਮਾਨ ਦਲ ਦੇ ਸੀਨੀਅਰ ਮੀਤ ਪ੍ਰਧਾਨ, ਧਿਆਨ ਸਿੰਘ ਮੰਡ ਹੀ ਸਥਾਈ ‘ਜਥੇਦਾਰ’ ਹਨ।

ਅਕਾਲ ਤਖ਼ਤ ਦੀ ਸਰਬਉੱਚਤਾ ਗੁਰੂ ਗ੍ਰੰਥ ਅਤੇ ਗੁਰੂ ਖ਼ਾਲਸਾ ਪੰਥ ਦੇ ਹੁੰਦਿਆਂ ਕਿਵੇਂ ਸਥਾਪਤ ਕੀਤੀ ਜਾਵੇਗੀ, ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ। ਜੇ ਵਰਲਡ ਸਿੱਖ ਪਾਰਲੀਮੈਂਟ ਵੀ ਇੱਕ ਆਦਮੀ ਦੇ ਲਿਫ਼ਾਫ਼ੇ ਵਿੱਚੋਂ ਨਿਕਲਣੀ ਹੈ ਤਾਂ ਭਾਈ ਗੁਰੂ ਰਾਖਾ ਪੰਥ ਦਾ !

‘ਸਰਬ ਪ੍ਰਵਾਣਤ ਕੈਲੰਡਰ’ ਦੀ ਗੱਲ ਸਮਝ ਨਹੀਂ ਆਉਂਦੀ। ਇਹ ਤਜਵੀਜ਼ ਨਾਨਕਸ਼ਾਹੀ ਸਰਬ ਪ੍ਰਵਾਣਤ ਕੈਲੰਡਰ ਦੇ ਵਿਰੋਧ ਵਿੱਚ ਜਾਪਦੀ ਹੈ ਅਤੇ ਸ਼ਬਦੀ ਭੁਚਲਾਵੇ ਨਾਲ ਹਾਜ਼ਰ ਸੰਗਤਾਂ ਦੀ ਪ੍ਰਵਾਨਗੀ ਲੈ ਕੇ 2003 ਵਿੱਚ ਵਿਧੀਪੂਰਵਕ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਿੱਸ ਆਉਂਦੀ ਹੈ। ਕੀ ਮਨਮਰਜ਼ੀ ਦੇ ਕੈਲੰਡਰ ਬਣਾਏ ਜਾ ਸਕਦੇ ਹਨ ? ਹਰਗਿਜ਼ ਨਹੀਂ।

ਬੇਅਦਬੀ-ਘਟਨਾਵਾਂ ਪ੍ਰਤੀ ‘ਸੁਚੇਤ ਰਹਿਣ’ ਅਤੇ ‘ਸਿੱਖ ਪ੍ਰੰਪਰਾਵਾਂ’ ਅਨੁਸਾਰ ਸਜ਼ਾ ਦੇਣ ਦਾ ਕੰਮ ਕਿਸ ਨੇ ਕਰਨਾ ਹੈ, ਦਾ ਕੋਈ ਵੇਰਵਾ ਦੇਣਾ ਵਾਜਬ ਨਹੀਂ ਸਮਝਿਆ ਗਿਆ। ਇਹ ਸਿੱਖ ਨੌਜਵਾਨਾਂ ਨੂੰ ਹਿੰਸਕ ਕਾਰਵਾਈਆ ਲਈ ਉਕਸਾ ਕੇ ਲੋਕਾਂ ਦੇ ਪੁੱਤ ਮਰਵਾਉਣ ਦਾ ਗੁਪਤ ਸਰਕਾਰੀ ਏਜੰਡਾ ਹੈ।

ਵਰਲਡ ਸਿੱਖ ਪਾਰਲੀਮੈਂਟ ਦਾ ਵਿਚਾਰ ਦਹਾਕਿਆਂ ਪੁਰਾਣਾ ਹੈ ਪਰ ਕੀ ਏਸ ਨੂੰ ਵੀ ਮਾਨ-ਮੁਹਕਮ-ਮੰਡ ਦੇ ਲਿਫ਼ਾਫ਼ਿਆਂ ਵਿੱਚੋਂ ਕੱਢਿਆ ਜਾਵੇਗਾ ? ਫ਼ਿਤਰਤਨ ਤਾਂ ਏਹੋ ਜਾਪਦਾ ਹੈ। ਫ਼ੇਰ ਕੀ ਇਹ ਮੂਰਾ-ਪਾਰਲੀਮੈਂਟ ਤਾਂ ਨਹੀਂ ਹੋ ਨਿੱਬੜੇਗੀ ?

ਸਜ਼ਾ ਪੂਰੀ ਕਰ ਚੁੱਕਿਆਂ ਦੀ ਰਿਹਾਈ ਲਈ ਤਰਲਾ ਗੋਂਗਲੂਆਂ ਤੋਂ ਮਿੱਟੀ ਲਾਹੁਣ ਤੁਲ ਹੈ। ਇਹ ਬਾਦਲ ਨੂੰ ਗੁਪਤ ਮਿਲੀਭੁਗਤ ਨਾਲ ਦੁਬਾਰਾ ਸੱਤਾ ਉੱਤੇ ਬਿਠਾਉਣ ਦੀ ਭਾਵਨਾ ਨਾਲ ਮੇਲ ਨਹੀਂ ਖਾਂਦਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਦੀ ਗੱਲ ਤਾਂ ਤੋਰੀ ਗਈ ਹੈ ਪਰ ਚਾਰ ਸਾਲਾਂ ਤੋਂ ਅਧਵਾਟੇ ਲਟਕਦੀ ਸ਼੍ਰੋਮਣੀ ਕਮੇਟੀ ਬਾਰੇ ਕੀ ਆਖੋਗੇ ?

ਦਰਬਾਰ ਸਾਹਿਬ ਨੂੰ ਵੈਟੀਕਨ ਸਟੇਟਸ ਵੀ ਬਹੁਤ ਪੁਰਾਣੀ ਮੰਗ ਹੈ। 1980 ਵਿੱਚ ਸ.ਸ. ਮਾਨ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਮਾਨ ਨੇ ਇੱਕ-ਵਰਕੀ ਏਸ ਮੰਗ ਨੂੰ ਸੁਰਜੀਤ ਕਰਨ ਲਈ ਵਰਤੀ ਸੀ। ਅੱਜ 40/45 ਸਾਲਾਂ ਬਾਅਦ ਏਸ ਦਾ ਜ਼ਿਕਰ ਸੁਣਿਆ ਹੈ।

1986 ਦੇ ਮਤਿਆਂ ਦੀ ਪ੍ਰੋੜ੍ਹਤਾ ਬੇਲੋੜੀ ਹੈ। ਕੁਝ ਲਾਗੂ ਹੋ ਚੁੱਕੇ ਹਨ। ਜੋ ਨਹੀਂ ਹੋਏ ਉਹਨਾਂ ਨੂੰ ਲਾਗੂ ਕਰਨ ਬਾਰੇ ਦਹਾਕਿਆਂ ਬੱਧੀ ਨਾ ਸੋਚਣ ਵਾਲੇ ਅੱਜ ਲਫ਼ਜ਼ੀ ਪ੍ਰੋੜ੍ਹਤਾ ਕਰ ਰਹੇ ਹਨ। ਕਿਆ ਟਾਹਰਾਂ ਹਨ ! ਵੈਸੇ ਵੀ ਬੁਰਕੇ ਪਾ ਕੇ ਖ਼ਾਲਿਸਤਾਨ ਦੀ ਗੱਲ ਕਰਨੀ ਸਿੱਖੀ ਦੇ ਹਾਣ ਦਾ ਕਿਰਦਾਰ ਨਹੀਂ ਹੈ (“ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥”)।

ਬਾਦਲ ਨੂੰ ਫ਼ਖ਼ਰੇ-ਕੌਮ, ਪੰਥ ਰਤਨ ਆਦਿ ਤਾਂ ਪੰਥਕ ਇਕੱਠਾਂ ਵਿੱਚ ਕਦੋਂ ਦੇ ਰੱਦ ਹੋ ਚੁੱਕੇ ਹਨ। ਅੱਜ ਮਰੇ ਨੂੰ ਸ਼ਾਹ ਮਦਾਰ ਮਾਰ ਰਿਹਾ ਹੈ। ਇਹ ਬਾਦਲ ਵਿਰੁੱਧ ਹੋਰ ਵੱਡਾ ਕਦਮ ਟਾਲਣ ਲਈ ਮਹਿਜ਼ ਕਾਰਵਾਈ ਹੈ। ਮੁਬਾਰਕ !

ਜਾਤ-ਪਾਤ ਆਧਾਰਤ ਗੁਰਦ੍ਵਾਰਿਆਂ, ਸ਼ਮਸ਼ਾਨ ਘਾਟਾਂ ਦਾ ਵਿਰੋਧ ਇੱਕ ਚੰਗਾ ਤੇ ਸਾਰਥਕ ਕਦਮ ਹੈ ਪਰ ਏਸ ਦੀ ਕੋਈ ਵਿਧੀ ਤਜਵੀਜ਼ ਨਹੀਂ ਕੀਤੀ ਗਈ। ‘ਯਤਨ’ ਤਾਂ ਕਈ ਦਹਾਕਿਆਂ ਤੋਂ ਹੋ ਰਹੇ ਹਨ। ਕੀ ਹੁਣ ਘੋੜੇ ਦੀ ਕਾਠੀ ਉੱਤੇ ਇੱਕ ਹੋਰ ਕਾਠੀ ਪਾਈ ਜਾਵੇਗੀ ?

ਸਭ ਤੋਂ ਵੱਧ ਚੁਭਵੀਂ ਅਤੇ ਨਿਰਾਸ਼ਾਜਨਕ ਸਥਿਤੀ ਉਹਨਾਂ ਘਟਨਾਵਾਂ ਪ੍ਰਤੀ ਹੈ ਜਿਨ੍ਹਾਂ ਦਾ ਜ਼ਿਕਰ ਤੱਕ ਨਹੀਂ। ਬਰਗਾੜੀ ਕਾਂਡ ਦੇ ਸ਼ਹੀਦਾਂ ਅਤੇ ਗ਼ਲਤ ਗ੍ਰਿਫ਼ਤਾਰ ਕੀਤੇ ਗੁਰਸਿੱਖਾਂ ਦਾ ਜ਼ਿਕਰ ਤੱਕ ਨਹੀਂ। ਪਰੰਤੂ ਗੁਰੂ ਦੀ ਬੇਅਦਬੀ ਪ੍ਰਤੀ ਗੰਭੀਰ ਨਾ ਹੋਣ ਅਤੇ ਕੇਵਲ ਆਪਣੇ ਅਨੁਸਾਰੀਆਂ ਦੀ ਪਿੱਠ ਪੂਰਨ ਦੇ ਦੋਸ਼ ਤੋਂ ਮੁਕਤ ਹੋਣ ਦਾ ਰਾਹ ਵੀ ਸ਼ਾਇਦ ਕਿਸੇ ਨੌਸਰਬਾਜ਼ੀ ਰਾਹੀਂ ਕੱਢ ਲਿਆ ਜਾਵੇਗਾ।