ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀ ਅੱਤਵਾਦ ਤੋਂ

0
304

ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀ ਅੱਤਵਾਦ ਤੋਂ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ, ਲੁਧਿਆਣਾ-0091-98554-01843  jsmanjhpur@gmail.com

ਮੇਰਾ ਇਹ ਲੇਖ ਮੂਲ ਰੂਪ ਵਿਚ ਮਹਾਂਰਾਸ਼ਟਰ ਪੁਲਿਸ ਦੇ ਇਕ ਰਿਟਾਇਡ ਆਈ. ਜੀ ਐੱਸ.ਐੱਮ. ਮੁਸ਼ਰਿਫ ਵਲੋਂ ਲਿਖੀ ਕਿਤਾਬ “Who Killed Karkae? : The Real face of terrorism in india” ਦਾ ਵਿਸ਼ਲੇਸ਼ਣ ਹੈ ਜਿਸ ਵਿਚ ਮੁਸ਼ਰਿਫ ਨੇ ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀਆਂ ਤੋਂ ਦਰਸਾਇਆ ਹੈ ਤੇ ਇਹ ਗੱਲਾਂ ਕੇਵਲ ਲਿਖਣ ਮਾਤਰ ਨਹੀਂ ਸਗੋਂ ਇਸ ਸਬੰਧੀ ਤੱਥ ਵੀ ਦਰਸਾਏ ਹਨ।

ਮੁਸ਼ਰਿਫ ਨੇ ਇਹ ਸਾਰੇ ਤੱਥ ਆਪਣੇ ਪੁਲਿਸ ਜੀਵਨ ਦੇ ਤਜਰਬੇ, ਅਖਬਾਰੀ ਰਿਪੋਰਟਾਂ ’ਤੇ ਆਧਾਰਤ ਦਰਸਾਏ ਹਨ ਤੇ ਭਾਰਤ ਵਿਚ ਇਕ ਤਰ੍ਹਾਂ ਪਹਿਲੀ ਵਾਰ ‘ਇਸਲਾਮਿਕ ਅੱਤਵਾਦ’ ਦੇ ਪਿੱਛੇ ਅਸਲ ਦੋਸ਼ੀਆਂ ਦਾ ਪਰਦਾ ਫਾਸ਼ ਕੀਤਾ ਹੈ। ਇਸ ਕਿਤਾਬ ਮੁਤਾਬਕ ਮਾਲੇਗਾਂਵ ਬੰਬ ਧਮਾਕੇ 2008 ਦੀ ਜਾਂਚ ਕਰਨ ਵਾਲੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ‘ਹਿੰਮਤ ਕਰਕਰੇ’ ਦੀ ਸਨਸਨੀਖੇਜ਼ ਹੱਤਿਆ ਪਿੱਛੇ ਉਹੀ ਲੋਕ ਸਨ ਜੋ ਅਖੌਤੀ ‘ਇਸਲਾਮਿਕ-ਅੱਤਵਾਦ’ ਦੀ ਧਾਰਨਾ ਨੂੰ ਆਮ ਹਿੰਦੂਆਂ ਵਿਚ ਫੈਲਾਉਣ ਅਤੇ ਹਿੰਦੂ-ਮੁਸਲਿਮ ਫਿਰਕੂ ਦੰਗਿਆਂ ਲਈ ਦੋਸ਼ੀ ਰਹੇ ਹਨ।

ਭਾਰਤ ਵਿਚ ਪਿਛਲੇ ਦਿਨੀਂ ‘ਭਗਵਾਂ-ਅੱਤਵਾਦ’ ਦੇ ਨਾਮ ਉੱਤੇ ਵਿਸ਼ਾਲ ਚਰਚਾ ਹੋਈ, ਪਰ ਮੁਸ਼ਰਿਫ ਨੇ ‘ਹਿੰਦੂ-ਰਾਸ਼ਟਰ’ ਦੇ ਨਾਮ ਦੇ ਫੱਟੇ ਥੱਲੇ ‘ਬ੍ਰਾਹਮਣ-ਰਾਸ਼ਟਰ’ ਦੀ ਸਥਾਪਨਾ ਕਰਨ ਦੀ ਸੋਚਣ ਵਾਲਿਆਂ ਲਈ ‘ਬ੍ਰਾਹਮਣਵਾਦੀ’ ਸਬਦ ਵਰਤਿਆ ਹੈ। ‘ਬ੍ਰਾਹਮਣਵਾਦੀ’ ਤੋਂ ਭਾਵ ਕਿ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਮਨੂੰ ਸਿਮ੍ਰਤੀ ਦੀ ਉਪਾਸ਼ਕ ਛੋਟੀ ਜਿਹੀ ਜਮਾਤ ਤੋਂ ਹੈ ਜੋ ਆਪਣੇ ਆਪ ਨੂੰ ਜਨਮ ਤੋਂ ਹੀ ਸਭ ਤੋਂ ਉੱਤਮ ਮੰਨਦੀ ਹੈ।

ਮੁਸ਼ਰਿਫ ਆਪਣੀ ਇਸ ਕਿਤਾਬ ਨੂੰ ਇਕ ਖੋਜ ਕਾਰਜ ਮੰਨਦਾ ਹੈ ਤੇ ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਉਹ ਆਪਣੇ ਆਪ ਨੂੰ ਮਹਾਂਰਾਸ਼ਟਰ ਦੇ ਕੋਹਲਾਪੁਰ ਜਿਲ੍ਹੇ ਦੇ ਕਾਗਾਲ ਕਸਬੇ ਦਾ ਵਾਸੀ ਹੋਣਾ ਮੰਨਦਾ ਹੈ ਜੋ ਕਿ ਭਾਰਤ ਵਿਚ ਹਿੰਦੂ-ਮੁਸਲਿਮ ਦੰਗਿਆਂ ਤੋਂ ਹਮੇਸ਼ਾਂ ਮੁਕਤ ਰਿਹਾ ਹੈ ਜਿਸ ਦਾ ਕਾਰਨ ਕੋਹਲਾਪੁਰ ਰਿਆਸਤ ਦੇ ਮਹਾਰਾਜ ਛਤਰਪਤੀ ਸ਼ਾਹੂ ਜੀ ਸਨ ਜਿਹਨਾਂ ਨੇ ਆਪਣੀ ਰਿਆਸਤ ਵਿਚ ਸਮਾਜਿਕ, ਆਰਥਿਕ ਤੇ ਵਿਦਿਅਕ ਨੀਤੀਆਂ ਅਜਿਹੀਆਂ ਬਣਾਈਆਂ ਤਾਂ ਜੋ ਹਰੇਕ ਫਿਰਕੇ ਦੇ ਲੋਕਾਂ ਵਿਚ ਸ਼ਾਂਤੀ ਤੇ ਇਕਸਾਰਤਾ ਬਣੀ ਰਹੀ। ਛਤਰਪਤੀ ਸ਼ਾਹੂ ਨੇ ਕੋਹਲਾਪੁਰ ਰਿਆਸਤ ਵਿਚ 1902 ਵਿਚ ਹੀ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਸਰਕਾਰੀ ਨੌਕਰੀਆਂ ਵਿਚ 50 ਫੀਸਦੀ ਰਾਖਵਾਂਕਰਨ ਸਮਾਜਿਕ ਤੇ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਲਈ ਕੀਤਾ ਸੀ ਤੇ ਖਾਸ ਗੱਲ ਕਿ ਇਸ ਰਾਖਵੇਕਰਨ ਵਿਚ ਜਾਤ, ਧਰਮ, ਨਸਲ ਲਈ ਕੋਈ ਥਾਂ ਨਹੀਂ ਸੀ।

1976 ਵਿਚ ਪੁਲਿਸ ਸੇਵਾ ਵਿਚ ਸ਼ਾਮਲ ਹੋਏ ਮੁਸ਼ਰਿਫ ਨੇ 2005 ਵਿਚ ਸਵੈ-ਇੱਛਕ ਤੌਰ ’ਤੇ ਸੇਵਾ-ਮੁਕਤ ਹੋ ਕੇ ਸਮਾਜਿਕ ਸੇਵਾਵਾਂ ਵਿਚ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਮੁਸ਼ਰਿਫ ਨੇ ਆਪਣੇ ਕਾਰਜਕਾਲ ਵਿਚ ਜਿੱਥੇ ਫਿਰਕੂ ਦੰਗਿਆਂ ਨੂੰ ਕਾਨੂੰਨ ਮੁਤਬਕ ਨਿਬੇੜਨ ਦੇ ਹੀਲੇ ਕੀਤੇ ਉੱਥੇ ਉਸ ਨੇ ਇਹਨਾਂ ਦੰਗਿਆਂ ਪਿੱਛੇ ਸਮਾਜਿਕ ਸਰੋਕਾਰਾਂ ਦੀ ਵੀ ਪੜਚੋਲ ਕੀਤੀ। ਉਸ ਨੇ ਇਹ ਮਹਿਸੂਸ ਕੀਤਾ ਕਿ ਹਿੰਦੂ-ਮੁਸਲਿਮ ਦੰਗੇ ਦੋਵਾਂ ਭਾਈਚਾਰਿਆਂ ਵਿਚ ਕਿਸੇ ਗੈਰ-ਨਸਲੀ ਜਾਂ ਕਿਸੇ ਅਚਾਨਕ ਉੱਠੇ ਮੁੱਦਿਆਂ ਕਾਰਨ ਨਹੀਂ ਸਨ ਸਗੋਂ ਇਹ ਬ੍ਰਾਹਮਣਵਾਦੀ ਜਥੇਬੰਦੀਆਂ ਵਲੋਂ ਸਮਾਜ ਵਿਚ ਫਿਰਕੂ ਫਸਾਦ ਕਰਾਉਣ ਦੇ ਇਰਾਦਿਆਂ ਕਾਰਨ ਹੋ ਰਹੇ ਹਨ।

ਮੁਸ਼ਰਿਫ ਨੇ ਹਿੰਦੂ-ਮੁਸਲਿਮ ਦੰਗਿਆਂ ਨੂੰ ਮੱਧਕਾਲੀਨ ਇਤਿਹਾਸ ਨਾਲ ਜੋੜ ਕੇ ਵੇਖਿਆ ਪਰ ਉਸ ਨੂੰ ਆਮ ਹਿੰਦੂਆਂ ਤੇ ਮੁਸਲਮਾਨਾਂ ਵਿਚ ਸਮਾਜਿਕ ਤੌਰ ’ਤੇ ਵਿਚਰਦਿਆਂ ਕਦੀ ਵੀ ਦੰਗੇ ਨਾ ਹੋਣ ਦੀ ਜਾਣਕਾਰੀ ਮਿਲੀ।

20 ਵੀਂ ਸਦੀ ਤੇ ਖਾਸ ਤੌਰ ’ਤੇ 1893 ਦਾ ਵਰ੍ਹਾ ਹਿੰਦੂ-ਮੁਸਲਿਮ ਦੰਗਿਆਂ ਦੀ ਸ਼ੁਰੂਆਤ ਹੈ ਜੋ ਕਿ ਅੱਜ ਤੱਕ ਨਿਰਵਿਘਨ ਜਾਰੀ ਹੈ। 19 ਵੀਂ ਸਦੀ ਦੇ ਅੰਤ ਵਿਚ ਕਈ ਸੁਧਾਰ ਅੰਦੋਲਨਾਂ ਦਾ ਆਰੰਭ ਹੋਇਆ ਜਿਹਨਾਂ ਨੇ ਬ੍ਰਾਹਮਣਵਾਦੀ ਸਿਧਾਤਾਂ ਨੂੰ ਸੱਟ ਮਾਰੀ ਤੇ ਆਮ ਹਿੰਦੂ, ਜੋ ਕਿ ਬ੍ਰਾਹਮਣਵਾਦ ਦੁਆਰਾ ਸਦੀਆਂ ਤੋਂ ਲਤਾੜਿਆ ਜਾ ਰਿਹਾ ਸੀ, ਨੇ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨੀ ਸ਼ੁਰੂ ਕੀਤੀ। ਇਹਨਾਂ ਅੰਦੋਲਨਾਂ ਵਿਚ ਮਹਾਤਮਾ ਜੋਤਿਬਾ ਫੂਲੇ ਨੇ ਪੂਨੇ ਤੋਂ ਬ੍ਰਾਹਮਣਵਾਦੀ ਨੀਤੀਆਂ ਦਾ ਪਾਜ਼ ਉਘਾੜਨ ਦਾ ਬੀੜਾ ਚੁੱਕਿਆ ਜਿਸ ਦੀ ਹਮਾਇਤ ਕੋਹਲਾਪੁਰ ਦੇ ਮਹਾਰਾਜਾ ਸ਼ਾਹੂ ਜੀ, ਬੜੌਦਾ ਦੇ ਮਹਾਰਾਜਾ ਗਾਇਕਵਾੜ ਪੇਰੀਆਰ ਤੇ ਨਾਰਾਇਣ ਗੁਰੂ ਨੇ ਬ੍ਰਾਹਮਣਵਾਦ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ। ਇਹਨਾਂ ਲਹਿਰਾਂ ਨੇ ਬ੍ਰਾਹਮਣਵਾਦ ਦੇ ਸਿਧਾਤਾਂ ਨੂੰ ਭਾਰੀ ਸੱਟ ਮਾਰੀ ਤੇ ਬ੍ਰਾਹਮਣਵਾਦ ਦੁਆਰਾ ਮੰਨੂ ਸਿਮ੍ਰਤੀ ਰਾਹੀਂ ਸਿਰਜੇ ਸਮਾਜਿਕ ਢਾਂਚੇ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਤਾਂ ਇਸ ਸਭ ਕਾਸੇ ਦੀ ਤਕਲੀਫ ਉਹਨਾਂ ਬ੍ਰਾਹਮਣਾਂ ਨੂੰ ਹੋਣੀ ਸੁਭਾਵਿਕ ਸੀ ਜਿਹਨਾਂ ਦਾ ਪ੍ਰਭਾਵ ਦਿਨੋਂ-ਦਿਨ ਘੱਟ ਰਿਹਾ ਸੀ ਤੇ ਜਿਹਨਾਂ ਨੇ ਸਦੀਆਂ ਤੋਂ ਬਹੁਜਨਾਂ ਨੂੰ ਆਪਣੀ ਸੇਵਾ ਵਿਚ ਹਾਜ਼ਰ ਕੀਤਾ ਹੋਇਆ ਸੀ।

ਇਸ ਸਮੇਂ ਦੌਰਾਨ ਪੂਨੇ ਦੇ ਬ੍ਰਾਹਮਣਾਂ ਨੇ ਆਮ ਹਿੰਦੂਆਂ ਦਾ ਧਿਆਨ ਸੁਧਾਰਾਂ ਤੋਂ ਹਟਾਉਣ ਲਈ ਹਿੰਦੂ-ਮੁਸਲਿਮ ਵੰਡ ਨੀਤੀ ਅਪਣਾਈ ਤੇ ਤਜਰਬੇ ਦੇ ਤੌਰ ’ਤੇ ਪਹਿਲਾ ਹਿੰਦੂ-ਮੁਸਲਿਮ ਦੰਗਾ 1893 ਵਿਚ ਪੂਨੇ ਵਿਚ ਹੋਇਆ ਤੇ ਉਸ ਤੋਂ ਬਾਅਦ ਬੰਬੇ ਵਿਚ ਤੇ ਇਸ ਤੋਂ ਬਾਅਦ ਹਿੰਦੂ-ਮੁਸਲਿਮ ਦੰਗਿਆ ਦੀ ਇਕ ਐਸੀ ਲੜੀ ਚੱਲੀ ਜੋ ਅੱਜ ਤੱਕ ਨਿਰੰਤਰ ਜਾਰੀ ਹੈ ਤੇ ਅੱਜ ਇਹ ਬ੍ਰਾਹਮਣਵਾਦ ਲੋਕਾਂ ਵਿਚ ਇਹ ਗੱਲ ਮਨਾਉਣ ਲਈ ਕਾਫੀ ਹੱਦ ਤੱਕ ਸਫਲ ਹੋ ਚੁੱਕਾ ਹੈ ਕਿ ਮੁਸਲਮਾਨ ਸੱਚੇ ਦੇਸ਼ ਭਗਤ ਨਹੀਂ ਸਗੋਂ ਪਾਕਿਸਤਾਨ ਦੇ ਹਮਾਇਤੀ ਹਨ ਤੇ ਹਮੇਸ਼ਾਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਹਨ।

1925 ਵਿਚ ਇਹਨਾਂ ਬ੍ਰਾਹਮਣਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਮੀ ਸੰਸਥਾ ਬਣਾਈ ਜਿਸ ਦੇ ਮੁਖੀ ਗੋਲਵਰਕਰ ਨੇ ਆਪਣੀ ਕਿਤਾਬ ‘We or Our Nationhood Defined’ ਵਿਚ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਹਿਟਲਰ ਦੀਆਂ ਯਹੂਦੀ ਵਿਰੋਧੀ ਨੀਤੀਆਂ ਦੀ ਸਰਾਹਨਾ ਕੀਤੀ ਤੇ ਉਸ ਮੁਤਾਬਕ ਆਪਣੀਆਂ ਨੀਤੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਜੋ ਇਕ ਪਾਸੇ ਤਾਂ ਸਮਾਜਿਕ ਸੁਧਾਰਾਂ ਨੂੰ ਰੋਕਿਆ ਜਾਵੇ ਤੇ ਨਾਲ ਹੀ ਆਮ ਹਿੰਦੂਆਂ (ਬਹੁਜਨਾਂ) ਨੂੰ ਮੁਸਲਮਾਨਾਂ ਨਾਲ ਲੜ੍ਹਾ ਕੇ ਰੱਖਿਆ ਜਾਵੇ। 1893 ਵਿਚ ਸ਼ੁਰੂ ਹੋਏ ਦੰਗੇ ਸਾਰੀ 20 ਵੀਂ ਸਦੀ ਵਿਚ ਚੱਲੇ ਜਿਹਨਾਂ ਦਾ ਸਿੱਟਾ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣਾ ਤੇ 2002 ਵਿਚ ਗੁਜਰਾਤ ਕਤਲੇਆਮ ਦੇ ਰੂਪ ਵਿਚ ਨਿਕਲੇ।

1947 ਤੋਂ ਪਹਿਲਾਂ ਆਰ. ਐੱਸ. ਐੱਸ ਨੇ ਦੋ ਮੰਤਵੀ ਪ੍ਰੋਗਰਾਮ ਰੱਖਿਆ ਇਕ ਮੀਡੀਏ ’ਤੇ ਕੰਟਰੋਲ ਤੇ ਦੂਜਾ ਵਿਦਵਤਾ ਉੱਤੇ ਕੰਟਰੋਲ ਅਤੇ ਇਹਨਾਂ ਦੋਵਾਂ ਮੰਤਵਾਂ ਵਿਚ ਬ੍ਰਾਹਮਣ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਹਨ ਤੇ ਇਸ ਕੰਟਰੋਲ ਤਹਿਤ ਅੱਜ ਭਾਰਤ ਦਾ ਮੁੱਖ ਧਾਰਾ ਵਾਲਾ ਮੀਡੀਆ ਬ੍ਰਾਹਮਣਵਾਦੀ ਪ੍ਰਚਾਰ ਦਾ ਵੱਡਾ ਹਥਿਆਰ ਹੈ ਅਤੇ ਇਸ ਦੁਆਰਾ ਬਣਾਏ ਗਏ ਅਖੌਤੀ ਵਿਦਵਾਨ ਨਾ ਕੇਵਲ ਭਾਰਤੀ ਸੰਸਕ੍ਰਿਤੀ ਸਗੋਂ ਹੋਰਨਾਂ ਧਰਮਾਂ ਦੀ ਵਿਆਖਿਆ ਕਰਨ ਨੂੰ ਵੀ ਆਪਣਾ ਹੱਕ ਸਮਝਦੇ ਹਨ।

ਮੁਸ਼ਰਿਫ ਨੇ ਇਸ ਗੱਲ ਦਾ ਸਨਸਨੀਖੇਜ਼ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਓਰੋ (IB) ਉੱਤੇ ਬ੍ਰਾਹਮਣਾਂ ਦਾ ਪੂਰੀ ਤਰ੍ਹਾਂ ਕੰਟਰੋਲ 1947 ਤੋਂ 10 ਸਾਲਾਂ ਦੇ ਦਰਮਿਆਨ ਹੋ ਚੁੱਕਾ ਸੀ ਤੇ ਇਸ ਏਜੰਸੀ ਨੇ ਆਰ. ਐੱਸ. ਐੱਸ ਦੇ ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਤੇ ਮੰਤਵਾਂ ਨੂੰ ਸਿਰੇ ਚੜਾਉਣ ਵਿਚ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਅੱਜ ਭਾਰਤ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਬ੍ਰਾਹਮਣਵਾਦ ਆਈ. ਬੀ. ਦੇ ਰਾਹੀਂ ਆਪਣਾ ਪ੍ਰਚਾਰ-ਪ੍ਰਸਾਰ ਤੇ ਯੋਜਨਾਵਾਂ ਸਿਰੇ ਚੜ੍ਹਾ ਰਿਹਾ ਹੈ ਤੇ ਆਈ. ਬੀ 21ਵੀਂ ਸਦੀ ਵਿਚ ਏਨੀ ਮਜਬੂਤ ਸੰਸਥਾ ਬਣ ਚੁੱਕੀ ਹੈ ਕਿ ਇਸ ਨੇ ਜਾਣਕਾਰੀ ਦੇਣ ਦੀ ਆਪਣੀ ਜਿੰਮੇਵਾਰੀ ਦੇ ਨਾਲ-ਨਾਲ ਜਾਂਚਾਂ ਨੂੰ ਪ੍ਰਭਾਵਤ ਕਰਨ ਦਾ ਕੰਮ ਵੀ ਆਰੰਭ ਦਿੱਤਾ ਹੈ।

ਆਈ. ਬੀ. ਬਾਰੇ ਮਰਾਠੀ ਪੰਦਰਵਾੜੇ ‘ਬਹੁਜਨ ਸੰਘਰਸ਼’ ਦੇ 30 ਅਪਰੈਲ 2007 ਦੇ ਅੰਕ ਵਿਚ ਲਿਖਿਆ ਹੈ ਕਿ ਆਈ. ਬੀ. ਵਿਚ ਦੋ ਤਰ੍ਹਾਂ ਦੇ ਅਫਸਰ ਹਨ- ਪਹਿਲੇ ਪੱਕੇ ਤੌਰ ’ਤੇ ਨਿਯੁਕਤ ਤੇ ਦੂਜੇ ਵੱਖ-ਵੱਖ-ਪ੍ਰਾਂਤਾਂ ਤੋਂ ਡੈਪੂਟੇਸ਼ਨ ਤੋਂ ਲਿਆਂਦੇ ਅਫਸਰ। ਆਈ. ਬੀ. ਦਾ ਇਕ ਸਮੇਂ ਡਾਇਰੈੱਕਟਰ ਰਿਹਾ ਵੀ. ਜੀ. ਵੈਦਿਆ ਦਾ ਸਕਾ ਭਰਾ ਐੱਮ. ਜੀ ਵੈਦਿਆ ਮਹਾਂਰਾਸ਼ਟਰ ਪ੍ਰਾਂਤ ਦਾ ਆਰ. ਐੱਸ. ਐੱਸ ਦਾ ਪ੍ਰਧਾਨ ਸੀ। ਉਸ ਰਸਾਲੇ ਨੇ ਦਾਅਵਾ ਕੀਤਾ ਕਿ ਜੇ ਆਈ. ਬੀ. ਦੇ ਅਫਸਰਾਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਸਹਿਜੇ ਹੀ ਸਿੱਧ ਹੋ ਜਾਵੇਗਾ ਕਿ ਆਈ. ਬੀ. ਦੇ ਅਫਸਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਆਰ. ਐੱਸ. ਐੱਸ ਦੇ ਵਫਾਦਾਰ ਰਹੇ ਹਨ ਤੇ ਕੁਝ ਅਜਿਹੇ ਅਫਸਰ ਕੇਵਲ ਰਿਕਾਰਡ ਲਈ ਵੀ ਹਨ ਜੋ ਆਰ. ਐੱਸ. ਐੱਸ ਤੋਂ ਮੁਕਤ ਹਨ ਪਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ।

ਮੁਸ਼ਰਿਫ ਨੇ ਦਾਅਵਾ ਕੀਤਾ ਕਿ ਆਈ. ਬੀ. ਤਾਂ ਆਰ. ਐੱਸ. ਐੱਸ ਨਾਲੋਂ ਵੀ ਵੱਧ ਬ੍ਰਾਹਮਣਵਾਦੀ ਹੋ ਚੁੱਕੀ ਹੈ ਜਿਸ ਦੀ ਮਿਸਾਲ ‘ਮੁਸਲਿਮ ਇੰਡੀਆ’ ਨਾਮੀ ਰਸਾਲੇ ਵਿਚ ਸਾਬਕਾ ਡੀ. ਜੀ. ਪੀ. ਕੇ. ਐੱਸ ਸੁਬਰਾਮਨੀਅਮ ਨੇ ਦੱਸਿਆ ਕਿ ਜਦੋਂ ਕੇਂਦਰ ਦੀ ਹੋਮ ਮਨਿਸਟਰੀ ਦਾ ਸੈਕਟਰੀ ਇਕ ਮੁਸਲਮਾਨ ਸੀ ਤਾਂ ਆਈ. ਬੀ. ਦਾ ਡਾਇਰੈਕਟਰ ਉਸ ਨੂੰ ਰਿਪੋਰਟਾਂ ਦੇਖਣ ਲਈ ਨਹੀਂ ਦਿੰਦਾ ਸੀ।

ਮੁਸ਼ਰਿਫ ਦੇ ਦੱਸਣ ਮੁਤਾਬਕ ਆਈ. ਬੀ. ਦਾ ਡਾਇਰੈਕਟਰ ਸਰਕਾਰ ਵਲੋਂ ਨਿਯੁਕਤ ਨਹੀਂ ਕੀਤਾ ਜਾਂਦਾ ਸਗੋਂ ਰਿਟਾਇਰ ਹੋਣ ਵਾਲਾ ਡਾਇਰੈਕਟਰ ਨਵੇਂ ਡਾਇਰੈਕਟਰ ਦੀ ਨਿਯੁਕਤੀ ਕਰਦਾ ਹੈ ਜਿਸ ਨੂੰ ਸਰਕਾਰ ਮਾਨਤਾ ਦਿੰਦੀ ਹੈ ਤੇ ਡਾਇਰੈਕਟਰ ਦਾ ਕੰਮ ਰੋਜ਼ਾਨਾ 15-20 ਮਿੰਟਾਂ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਹੋਰ ਹਲਾਤਾਂ ਬਾਰੇ ਸੰਖੇਪ ਵਿਚ ਜਾਣਕਾਰੀ ਦੇਣੀ ਹੁੰਦੀ ਹੈ। ਇਹ ਵੀ ਗੌਰ ਕਰਨਯੋਗ ਗੱਲ ਹੈ ਕਿ 1993 ਤੱਕ ਆਈ. ਬੀ. ਵਿਚ ਇਕ ਵੀ ਮੁਸਲਮਾਨ ਅਫਸਰ ਨਹੀਂ ਸੀ ਤੇ ਇਸ ਗੱਲ ਦੇ ਉਛਲਣ ਤੋਂ ਬਾਅਦ ਰਿਕਾਰਡ ਲਈ ਕੁਝ ਮੁਸਲਮਾਨਾਂ ਦੀ ਨਿਯੁਕਤੀ ਆਈ. ਬੀ. ਵਿਚ ਕੀਤੀ ਗਈ ਜਿਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ।

ਮੁਸ਼ਰਿਫ ਕਹਿੰਦਾ ਹੈ ਕਿ ਆਈ. ਬੀ. ਆਪਣੇ ਆਪ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ ਦੀ ਤਰਜ਼ ਉੱਤੇ ਸਥਾਪਤ ਹੋਣਾ ਚਾਹੁੰਦੀ ਹੈ। ਜਿਸ ਤਰ੍ਹਾਂ ਆਈ. ਐੱਸ. ਆਈ ਬਹੁ-ਮੂੰਹੀ ਰਾਖਸ਼ਸ਼ ਬਣ ਕੇ ਆਪਣੇ ਮੁਲਕ ਨੂੰ ਖਾ ਰਹੀ ਹੈ ਉਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿਚ ਆਈ. ਬੀ. ਵੀ ਭਾਰਤ ਨੂੰ ਬ੍ਰਾਹਮਣਵਾਦ ਦੀ ਜਕੜ ਵਿਚ ਲਿਆ ਕੇ ਤੋੜਨ ਦੇ ਰਾਹ ਪੈ ਚੁੱਕੀ ਹੋਵੇਗੀ।

ਬ੍ਰਾਹਮਣ ਰਾਸ਼ਟਰਵਾਦੀਆਂ ਵਲੋਂ ਆਮ ਹਿੰਦੂਆਂ ਨੂੰ ਮੀਡੀਏ ਤੇ ਆਈ. ਬੀ. ਰਾਹੀਂ ਮੁਸਲਮਾਨਾਂ ਦੇ ਖਿਲਾਫ ਤਾਂ ਖੜ੍ਹਾ ਕੀਤਾ ਜਾ ਰਿਹਾ ਹੈ ਪਰ ਬ੍ਰਾਹਮਣਾਂ ਵਲੋਂ ਸਦੀਆਂ ਤੋਂ ਦਲਿਤਾਂ ਤੇ ਹੇਠਲੇ ਅਖੌਤੀ ਹਿੰਦੂਆਂ ਉੱਤੇ ਕੀਤੇ ਤਸ਼ੱਦਦ ਦਾ ਹਿਸਾਬ ਕੌਣ ਚੁੱਕਤਾ ਕਰੇਗਾ ?

ਮੁਸ਼ਰਿਫ ਨੇ ਇਸ ਕਿਤਾਬ ਵਿਚ ਮੁੱਖ ਰੂਪ ਵਿਚ ਪਿਛਲੇ ਸਮੇਂ ਦੌਰਾਨ ਭਾਰਤ ਵਿਚ ਹੋਏ ਬੰਬ ਧਮਾਕਿਆਂ ਬਾਰੇ ਜ਼ਿਕਰ ਕੀਤਾ ਹੈ ਕਿ ਆਈ. ਬੀ. ਵਿਚ ਬ੍ਰਾਹਮਣਵਾਦੀ ਤੱਤਾਂ ਦੇ ਕਾਰਨ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਪੂਰੇ ਭਾਰਤ ਵਿਚ ਸਰਗਰਮ ਹੋਈਆਂ ਹਨ ਕਿਉਂਕਿ 1947 ਤੋਂ ਬਾਅਦ ਬ੍ਰਾਹਮਣਵਾਦੀਆਂ ਨੇ ਸਮਾਜਿਕ ਤੇ ਧਾਰਮਿਕ ਕੰਟਰੋਲ ਕਾਇਮ ਕਰਨ ਦੀ ਨੀਤੀ ਤੋਂ ਅੱਗੇ ਸਿਆਸੀ ਕੰਟਰੋਲ ਵੱਲ ਨੂੰ ਵੱਧਣਾ ਸ਼ੁਰੂ ਕੀਤਾ ਜਿਸ ਦੀ ਪ੍ਰਤੱਖ ਉਦਾਹਰਨ 1992 ਵਿਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਆਮ ਹਿੰਦੂਆਂ ਨੇ ਬ੍ਰਾਹਮਣਵਾਦੀਆਂ ਦੀ ਸਿਆਸੀ ਪਾਰਟੀ ਭਾਜਪਾ ਵੱਲ ਨੂੰ ਉੱਲਰਨਾ ਸ਼ੁਰੂ ਕੀਤਾ ਤੇ ਜਦੋਂ ਇਹਨਾਂ ਨੂੰ ਭਾਰਤ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ ਤਾਂ ਇਹਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਤਾਂ ਫਿਰ ਗੁਜਰਾਤ ਵਿਚ 2002 ’ਚ ਮੁਸਲਿਮ ਕਤਲੇਆਮ ਨੇ ਇਹਨਾਂ ਦੀ ਸਾਖ਼ ਨੂੰ ਹਿੰਦੂਆਂ ਵਿਚ ਵਧਾਇਆ ਤਾਂ ਹੁਣ ਇਹ ਮੀਡੀਏ ਤੇ ਆਈ. ਬੀ. ਰਾਹੀਂ ਇਸ ਗੱਲ ਨੂੰ ਦਿ੍ਰੜ੍ਹ ਕਰਨ ਵਿਚ ਲੱਗੀਆਂ ਹੋਈਆਂ ਹਨ ਕਿ ਮੁਸਲਮਾਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾ ਕੇ ਵੋਟ ਦੀ ਰਾਜਨੀਤੀ ਰਾਹੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੋਟਾਂ ਵਿਚ ਤਬਦੀਲ ਕੀਤਾ ਜਾ ਸਕੇ ਜਿਸ ਤਹਿਤ ਇਹਨਾਂ ਦੀਆਂ ਅੱਤਵਾਦੀ ਜਥੇਬੰਦੀਆਂ ਨੇ ‘ਇਸਲਾਮਕ-ਅੱਤਵਾਦ’ ਦੇ ਬੈਨਰ ਹੇਠ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਈ ਬੰਬ ਧਮਾਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਕਰਵਾਏ।

ਮੁਸ਼ਰਿਫ ਕੋਲ ਇਸ ਗੱਲ ਦੇ ਪੁਖਤਾ ਤੱਥ ਹਨ ਕਿ ਭਾਰਤ ਵਿਚ ਪਿਛਲੇ 5-6 ਸਾਲਾਂ ਵਿਚ ਹੋਏ ਬੰਬ ਧਮਾਕੇ ਇਹਨਾਂ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਨੇ ਕਰਵਾਏ ਹਨ। ਹਿੰਮਤ ਕਰਕਰੇ, ਜੋ ਕਿ ਇਸ ਬ੍ਰਾਹਮਣੀ ਅੱਤਵਾਦ ਦਾ ਪਾਜ ਉਘਾੜਨ ਲਈ ਪੂਰਾ ਯਤਨਸ਼ੀਲ ਸੀ, ਨੂੰ ਵੀ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮਾਲੇਗਾਂਵ ਵਿਚਲੇ ਅਕਤੂਬਰ-ਨਵੰਬਰ 2008 ਦੇ ਬੰਬ ਧਮਾਕਿਆਂ ਦੇ 11 ਬ੍ਰਾਹਮਣ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਵਿਚ ਬੰਬ ਧਮਾਕੇ ਰੁਕ ਗਏ। ਬ੍ਰਾਹਮਣਵਾਦੀ ਅੱਤਵਾਦੀ ਆਈ. ਬੀ. ਦੀ ਸਹਾਇਤਾ ਨਾਲ ਥਾਂ-ਥਾਂ ਬੰਬ ਧਮਾਕੇ ਕਰਕੇ ਇਸ ਨੂੰ ਅਖੌਤੀ ਮੁਸਲਿਮ ਅੱਤਵਾਦ ਦੇ ਭੂਤ ਨਾਲ ਜੋੜ ਦਿੰਦੇ ਹਨ ਤੇ ਅੱਜ ਭਾਰਤ ਵਾਸੀ ਮੁਸਲਿਮ ਅੱਤਵਾਦ ਦੇ ਨਾਮ ਨੂੰ ਮਾਨਤਾ ਦੇ ਚੁੱਕੇ ਹਨ ਪਰ ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਏਜੰਸੀਆਂ ਤੇ ਉਹਨਾਂ ਦੇ ਸਟੈਨੋਗਰਾਫਰ ਬਣੇ ਹੋਏ ਅਖੌਤੀ ਧਰਮ ਨਿਰਪੱਖ ਮੀਡੀਆ ਵਾਲੇ ਕੁਝ ਭਾਰਤੀ ਮੁਸਲਮਾਨਾਂ ਨੂੰ ਵੀ ਇਹ ਮਨਾਉਣ ਵਿਚ ਸਫਲ ਹੋ ਗਏ ਹਨ ਕਿ ਭਾਰਤ ਨੂੰ ‘ਇਸਲਾਮਕ-ਅੱਤਵਾਦ’ ਤੋਂ ਖ਼ਤਰਾ ਹੈ।

ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਸਨਾਤਨ ਸੰਸਥਾ ਵਲੋਂ 16 ਅਕਤੂਬਰ 2009 ਨੂੰ ਇਕ ਵਾਰ ਫਿਰ ਗੋਆ ਦੇ ਮਾਰਗਾਂਵ ਦੇ ਇਲਾਕੇ ਵਿਚ ਜਿੱਥੇ ਹਿੰਦੂਆਂ ਵਲੋਂ ਵੱਡੇ ਇਕੱਠ ਵਿਚ ਦੀਵਾਲੀ ਮਨਾਉਣੀ ਸੀ, ਬੰਬ ਧਮਾਕੇ ਕਰਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਬਦਕਿਸਮਤੀ ਸਨਾਤਨ-ਸੰਸਥਾ ਦੀ ਜਾਂ ਖੁਸ਼ਕਿਸਮਤੀ ਭਾਰਤ ਦੀ, ਕਿ ਇਹਨਾਂ ਬੰਬਾਂ ਵਿਚੋਂ ਇਕ ਲਗਾਉਂਦੇ ਸਮੇਂ ਹੀ ਫਟ ਗਿਆ ਜਿਸ ਨਾਲ ਸਨਾਤਨ-ਸੰਸਥਾ ਦੇ ਦੋ ਵਰਕਰ ਮਾਰੇ ਗਏ। ਬਾਅਦ ਵਿਚ ਗੋਆ ਪੁਲਿਸ ਨੇ ਦੋ ਜਿੰਦਾ ਬੰਬ ਨਕਾਰਾ ਕਰ ਦਿੱਤੇ ਤੇ ਉਹਨਾਂ ਜਿੰਦਾ ਬੰਬਾਂ ਨੂੰ ਇਸਲਾਮਕ-ਅੱਤਵਾਦ ਦੇ ਖਾਤੇ ਪਾਉਣ ਲਈ ਇਕ ਬੈਗ ਵਿਚ ਬੰਬ ਪਾ ਕੇ ਉਸ ਉੱਪਰ ਉਰਦੂ ਵਿਚ ‘ਖਾਨ ਮਾਰਕਿਟ’ ਲਿਖ ਦਿੱਤਾ ਗਿਆ। ਇਰਾਦਾ ਸਾਫ ਜ਼ਾਹਰ ਸੀ ਕਿ ਹਰ ਕਿਸੇ ਨੇ ਯਕੀਨ ਕਰ ਲੈਣਾ ਸੀ ਕਿ ਇਹ ਬੰਬ ਫਟੇ ਨਹੀਂ ਤੇ ਜੇ ਫਟ ਜਾਂਦੇ ਤਾਂ ਹਿੰਦੂਆਂ ਦੇ ਤਿਓਹਾਰ ਦੀਵਾਲੀ ਉੱਤੇ ਅਨੇਕਾਂ ਹਿੰਦੂ ਮਾਰੇ ਜਾਂਦੇ ਤੇ ਹਜ਼ਾਰਾਂ ਮੁਸਲਮਾਨ ਨੌਜਵਾਨਾਂ ਨੂੰ ਦੇਸ਼ ਭਰ ਵਿਚੋਂ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਅਣਮਨੁੱਖੀ ਤਸ਼ੱਦਦ ਢਾਹਿਆ ਜਾਣਾ ਸੀ ਤੇ ਅਖੌਤੀ ‘ਇਸਲਾਮਕ-ਅੱਤਵਾਦ’ ਦੇ ਭੂਤ ਦਾ ਰੌਲਾ ਏਜੰਸੀਆਂ ਨੇ ਪਾ ਲੈਣਾ ਸੀ ਪਰ ਇਹ ਨਾ ਹੋ ਸਕਿਆ। ਇਸ ਕੇਸ ਦੀ ਜਾਂਚ ਵਿਚ ਗੋਆ ਪੁਲਿਸ ਨੇ ਸਨਾਤਨ ਸੰਸਥਾ ਅਤੇ ਮਾਲੇਗਾਂਵ ਬੰਬ ਧਮਾਕਿਆਂ ਦੇ ਦੋਸ਼ੀ ਕਰਨਲ ਪੁਰੋਹਿਤ ਤੇ ਸਾਧਵੀ ਪ੍ਰਗਿਆ ਠਾਕੁਰ ਦੀ ਅੱਤਵਾਦੀ ਜਥੇਬੰਦੀ ਅਭਿਨਵ-ਭਾਰਤ ਨਾਲ ਸਬੰਧ ਪਾਏ।

ਇਹ ਘਟਨਾ ਪ੍ਰਮਾਣ ਹੈ ਕਿ ਬ੍ਰਾਹਮਣਵਾਦੀ ਲੋਕ ਭਾਰਤ ਵਿਚ ਬੰਬ ਧਮਾਕੇ ਕਰਕੇ ਆਮ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਕਰਨ ਲਈ ਬ੍ਰਾਹਮਣੀ ਮੀਡੀਏ ਰਾਹੀਂ ਉਹਨਾਂ ਬੰਬ ਧਮਾਕਿਆਂ ਨੂੰ ਮੁਸਲਮਾਨਾਂ ਨਾਲ ਜੋੜ ਦਿੰਦੇ ਹਨ।

ਮੁਸ਼ਰਿਫ ਨੇ ਕਿਤਾਬ ਰਾਹੀਂ ਇਸ ਤੱਥ ਨੂੰ ਬਲ ਦਿੱਤਾ ਹੈ ਕਿ ਹਿੰਮਤ ਕਰਕਰੇ ਜੋ ਕਿ ਅੱਤਵਾਦ ਵਿਰੋਧੀ ਦਸਤੇ ਦਾ ਮੁਖੀ ਸੀ, ਨੇ ਬੜੀ ਦਲੇਰੀ ਨਾਲ ਬ੍ਰਾਹਮਣਵਾਦੀ ਅੱਤਵਾਦ ਦਾ ਪਰਦਾ ਫਾਸ਼ ਕੀਤਾ ਤੇ ਆਈ. ਬੀ. ਨੇ 26/11 ਦੇ ਮੁੰਬਈ ਹਮਲੇ ਨੂੰ ਜਾਣ-ਬੁੱਝ ਕੇ ਹੋਣ ਦਿੱਤਾ ਜਿਸ ਵਿਚ ਹਿੰਮਤ ਕਰਕਰੇ ਨੂੰ ਬੁੱਚੜ ਤਰੀਕੇ ਨਾਲ ਮਾਰ ਕੇ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਵਿਚ ਰੁਕਾਵਟ ਪਾ ਦਿੱਤੀ ਤੇ ਅੱਤਵਾਦ ਵਿਰੋਧੀ ਦਸਤੇ ਦੇ ਨਵੇਂ ਮੁਖੀ ਵਜੋਂ ਉਸ ਫਿਰਕੂ ਤੇ ਵਿਵਾਦਪੂਰਨ ਅਫਸਰ ਕੇ. ਪੀ. ਰਘੂਵੰਸ਼ੀ ਦੀ ਨਿਯੁਕਤੀ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਕਰ ਦਿੱਤੀ ਜਿਸ ਨੇ ਮਾਲੇਗਾਂਵ ਬੰਬ ਧਮਾਕਿਆਂ ਰਾਹੀਂ ਬ੍ਰਾਹਮਣਵਾਦੀ ਅੱਤਵਾਦ ਦੇ ਨੰਗੇ ਹੋ ਰਹੇ ਚਿਹਰੇ ਨੂੰ ਮੁੜ ਢੱਕ ਦਿੱਤਾ।

ਐੱਸ. ਐੱਮ. ਮੁਸ਼ਰਿਫ ਨੇ ਇਸ ਕਿਤਾਬ ਰਾਹੀਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਨਿਸਚਿਤ ਕੀਤੇ 1893 ਦੇ ਹਿੰਦੂ-ਮੁਸਲਿਮ ਦੰਗਿਆਂ ਤੋਂ ਮੁੰਬਈ 26/11 ਦੇ ਅੱਤਵਾਦੀ ਹਮਲਿਆਂ ਦਰਮਿਆਨ ਉਤਪੰਨ ਹੋਏ ਹਨ:

(1). 1893 ਵਿਚ ਬ੍ਰਾਹਮਣਾਂ ਨੇ ਅਚਾਨਕ ਜਾਣ-ਬੁੱਝ ਕੇ ਮੁਸਲਿਮ ਵਿਰੋਧੀ ਵਾਤਾਵਰਣ ਸਿਰਜ ਕੇ ਹਿੰਦੂ-ਮੁਸਲਿਮ ਦੰਗੇ ਕਿਉਂ ਭੜਕਾਉਣੇ ਸ਼ੁਰੂ ਕੀਤੇ ਜਦੋਂ ਕਿ ਬ੍ਰਾਹਮਣਾਂ ਤੇ ਮੁਸਲਮਾਨਾਂ ਵਿਚ ਮੱਧਕਾਲ ਤੇ ਉਸ ਤੋਂ ਬਾਅਦ ਮਿਲਵਰਤਨ ਵਾਲਾ ਵਾਤਾਵਰਣ ਰਿਹਾ ਹੈ ?

(2). ਭਾਰਤ ਦੀ ਖੁਫੀਆ ਏਜੰਸੀ ਆਈ. ਬੀ. ਸਰਕਾਰ ਨੂੰ ਆਰ.ਐੱਸ. ਐੱਸ ਵਲੋਂ ਖੁੱਲੇਆਮ ਆਪਣੀਆਂ ਸ਼ਾਖਾਵਾਂ ਰਾਹੀਂ ਮੁਸਲਿਮ ਵਿਰੋਧੀ ਜ਼ਹਿਰ ਪ੍ਰਸਾਰਣ ਸਬੰਧੀ ਹਨੇਰੇ ਵਿਚ ਕਿਉਂ ਰੱਖ ਰਹੀ ਹੈ ?

(3). ਜਦੋਂ ਕਿ ਦੇਸ਼ ਵਿਚ ਪਿਛਲੇ 60 ਸਾਲਾਂ ਤੋਂ ਫਿਰਕੂ ਫਸਾਦ ਹੋ ਰਹੇ ਹਨ ਤਾਂ ਫਿਰ ਆਈ. ਬੀ. ਨੇ ਸਰਕਾਰ ਨੂੰ ਸਹੀ ਤੇ ਸਮੇਂ ਸਿਰ ਇਮਾਨਦਾਰੀ ਨਾਲ ਰਿਪੋਰਟ ਤੇ ਸਲਾਹ ਦੇ ਕੇ ਕੰਟਰੋਲ ਕਿਉਂ ਨਹੀਂ ਕਰਵਾਇਆ?

(4). 21 ਵੀਂ ਸਦੀ ਦੇ ਅਰੰਭ ਵਿਚ ਆਈ. ਬੀ ਨੇ ਅਚਾਨਕ ਹੀ ਖੁਫੀਆਂ ਰਿਪੋਰਟਾਂ ਅਧੀਨ ਇਹ ਅਫਵਾਹਾਂ ਕਿਉਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਮਹੱਤਵਪੂਰਨ ਵੀ. ਵੀ. ਆਈ. ਪੀ. ਵਿਅਕਤੀਆਂ ਤੇ ਧਾਰਮਿਕ ਥਾਵਾਂ ਨੂੰ ਅਖੌਤੀ ਇਸਲਾਮਕ ਅੱਤਵਾਦੀ ਜਥੇਬੰਦੀਆਂ ਤੋਂ ਖ਼ਤਰਾ ਹੈ ?

(5). ਆਈ. ਬੀ. ਨੇ ਸਰਕਾਰ ਨੂੰ ਕੁਝ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਵਲੋਂ ਆਪਣੇ ਕੇਡਰ ਨੂੰ ਅੱਤਵਾਦ-ਸਿਖਲਾਈ, ਹਥਿਆਰ, ਅਸਲਾ-ਬਾਰੂਦ ਇਕੱਠੇ ਕਰਨ, ਬੰਬ ਬਣਾਉਣ ਤੇ ਬੰਬ ਧਮਾਕੇ ਕਰਨ ਦੀਆਂ ਤਿਆਰੀਆਂ ਕਰਨ ਸਬੰਧੀ ਚੇਤਨ ਕਿਉਂ ਨਹੀਂ ਕੀਤਾ ?

(6). ਆਈ. ਬੀ. ਨੇ ਭਾਰਤ ਸਰਕਾਰ ਨੂੰ ਅਭਿਨਵ-ਭਾਰਤ ਨਾਮੀ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਦੀਆਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਗਤੀਵਿਧੀਆਂ ਸਬੰਧੀ ਹਨੇਰੇ ਵਿਚ ਕਿਉਂ ਰੱਖਿਆ ?

(7). ਆਈ. ਬੀ. ਨੇ ਹਰੇਕ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਦੇ ਕੇਸ ਵਿਚ ਗੈਰ-ਜਰੂਰੀ ਦਖ਼ਲ ਕਿਉਂ ਦੇਣਾ ਸ਼ੁਰੂ ਕਰ ਦਿੱਤਾ ? ਜਦ ਕਿ ਇਸ ਦੀ ਮੁੱਖ ਡਿਊਟੀ ਖੁਫੀਆ ਜਾਣਕਾਰੀ ਇਕੱਤਰ ਕਰਨਾ ਹੈ।

(8). ਆਈ. ਬੀ. ਨੇ ਮੁੰਬਈ ਅੱਤਵਾਦੀ ਹਮਲਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਨੂੰ ਰੋਕ ਕੇ ਕਿਉਂ ਰੱਖਿਆ ਤੇ ਮੁੰਬਈ ਪੁਲਿਸ ਤੇ ਪੱਛਮੀ ਜਲ ਸੈਨਾ ਕਮਾਂਡ ਨਾਲ ਵੀ ਇਸ ਨੂੰ ਕਿਉਂ ਸਾਂਝਾ ਨਾ ਕੀਤਾ ?

(9). ਆਈ. ਬੀ. ਨੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਅੱਤਵਾਦੀਆਂ ਦੇ ਸ਼ੱਕੀ 35 ਮੋਬਾਈਲ ਫੋਨਾਂ ਨੂੰ ਪੰਜ ਦਿਨ ਪਹਿਲਾਂ ਨੰਬਰ ਮਿਲਣ ਦੇ ਬਾਵਜੂਦ ਵੀ ਨਿਰੀਖਣ ਅਧੀਨ ਕਿਉਂ ਨਾ ਰੱਖਿਆ ?

(10). ਆਈ. ਬੀ. ਨੇ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟਿਆਂ ਦਰਮਿਆਨ ਹੀ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਵਜੋਂ ਫਿਰਕੂ ਤੇ ਵਿਵਾਦਪੂਰਨ ਪੁਲਿਸ ਅਫਸਰ ਕੇ. ਪੀ. ਰਘੂਵੰਸ਼ੀ ਨੂੰ ਕਿਉਂ ਨਿਯੁਕਤ ਕੀਤਾ ?

(11). ਆਈ. ਬੀ. ਨੇ ਮੁੰਬਈ ਹਮਲਿਆਂ ਦੇ ਕੇਸ ਦੀ ਜਾਂਚ ਤੁਰੰਤ ਆਪਣੇ ਹੱਥਾਂ ਵਿਚ ਕਿਉਂ ਲਈ ਤੇ ਐੱਫ. ਬੀ. ਆਈ ਵਰਗੀ ਵਿਦੇਸ਼ੀ ਜਾਂਚ ਏਜੰਸੀ ਨੂੰ ਇਸ ਵਿਚ ਸ਼ਾਮਲ ਕਿਉਂ ਕੀਤਾ ਜੋ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ।

ਮੁਸ਼ਰਿਫ ਦੀ ਕਿਤਾਬ ਇਸ ਸਿੱਟੇ ’ਤੇ ਪੁੱਜਦੀ ਹੈ ਕਿ ਉੱਪਰ ਲਿਖੇ ਸਾਰੇ ਤੱਥ ਆਪਸ ਵਿਚ ਜੁੜੇ ਤੇ ਤਾਲਮੇਲਸ਼ੁਦਾ ਹਨ। ਇਸ ਖੇਡ ਵਿਚ ਹਿੰਦੂਆਂ ਦਾ ਛੋਟਾ ਜਿਹਾ ਹਿੱਸਾ ਬ੍ਰਾਹਮਣ, ਬ੍ਰਾਹਮਣਵਾਦ ਨਾਲ ਓਤ-ਪੋਤ ਗੈਰ-ਬ੍ਰਾਹਮਣ ਤੇ ਬ੍ਰਾਹਮਣਵਾਦ ਦੀ ਤਾਕਤ ਆਈ. ਬੀ. ਤੇ ਮੀਡੀਏ ਦਾ ਇਕ ਵੱਡਾ ਭਾਗ ਸ਼ਾਮਲ ਹੈ। ਇਹਨਾਂ ਦਾ ਮਕਸਦ ਭਾਰਤੀ ਸਮਾਜ ਉੱਤੇ ਬ੍ਰਾਹਮਣਵਾਦ ਦਾ ਪੂਰਾ ਕੰਟਰੋਲ ਕਾਇਮ ਕਰਨਾ ਹੈ।

ਮੁਸ਼ਰਿਫ ਦੇ ਮੁਤਾਬਕ ਜੇ ਹਿੰਮਤ ਕਰਕਰੇ ਨੂੰ 26/11 ਦੇ ਮੁੰਬਈ ਹਮਲੇ ਵਿਚ ਨਾ ਮਰਵਾਇਆ ਜਾਂਦਾ ਤਾਂ ਹੁਣ ਤੱਕ ਭਾਰਤ ਵਿਚ ਬ੍ਰਾਹਮਣਵਾਦੀ ਅੱਤਵਾਦ ਦਾ ਪੂਰਾ ਜਾਲ ਸਾਹਮਣੇ ਆ ਜਾਂਦਾ ਪਰ ਬ੍ਰਾਹਮਣਾਂ ਦੀ ਆਈ. ਬੀ. ਨੇ ਮੁੰਬਈ ਹਮਲਾ ਜਾਣ-ਬੁੱਝ ਕੇ ਹੋਣ ਦਿੱਤਾ ਤੇ ਇਸ ਰਾਹੀਂ ਇਕ ਤਾਂ ਹਿੰਮਤ ਕਰਕਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਦੂਜਾ ‘ਇਸਲਾਮਕ-ਅੱਤਵਾਦ’ ਦਾ ਰੌਲਾ ਹੋਰ ਉੱਚੀ ਤਰ੍ਹਾਂ ਪਾਇਆ ਗਿਆ।

ਮੁਸ਼ਰਿਫ ਦੇ ਮੁਤਾਬਕ ਇਸ ਕਿਤਾਬ ਵਿਚ ਉੱਪਰ ਲਿਖੀਆਂ ਘਟਨਾਵਾਂ ਨੂੰ ਲੜੀਵਾਰ ਲਿਖਿਆ ਗਿਆ ਹੈ। ਉਸ ਨੇ ਇਹ ਤੱਥ ਕੱਢਿਆ ਹੈ ਕਿ ਹਰੇਕ ਬੰਬ ਧਮਾਕੇ ਪਿੱਛੋਂ ਸੈਂਕੜੇ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬੰਬ ਧਮਾਕੇ ਨਾ ਰੁਕੇ ਪਰ ਜਦੋਂ 2008 ਦੇ ਮਾਲੇਗਾਂਵ ਬੰਬ ਧਮਾਕਿਆਂ ਦੇ ਦੋਸ਼ ਵਿਚ ਅਸਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬੰਬ ਧਮਾਕੇ ਲਗਭਗ ਪੂਰੀ ਤਰ੍ਹਾਂ ਰੁਕ ਗਏ।

ਮੁਸ਼ਰਿਫ ਨੇ ਪਾਠਕਾਂ ਤੋਂ ਆਸ ਕੀਤੀ ਹੈ ਤੇ ਦਾਅਵਾ ਵੀ ਕਿ ਜੋ ਵੀ ਇਸ ਕਿਤਾਬ ਨੂੰ ਪੂਰੇ ਧਿਆਨ ਨਾਲ ਪੜ੍ਹੇਗਾ ਤਾਂ ਉਹ ਇਸ ਲਿਖਤ ਤੇ ਵਿਆਖਿਆ ਉੱਤੇ ਪੁਲਿਸ ਦੀ ਜਾਣਕਾਰੀ ਨਾਲੋਂ ਵੱਧ ਵਿਸਵਾਸ਼ ਕਰੇਗਾ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਪੇਸ਼ ਕੀਤੇ ਨਵੇਂ ਤੱਥਾਂ ਦੀ ਰੋਸ਼ਨੀ ਵਿਚ ਸਾਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਜਾਂ ਉੱਚ ਪੱਧਰੀ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇ।

ਮੁਸ਼ਰਿਫ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਬ੍ਰਾਹਮਣਵਾਦੀ ਇਹਨਾਂ ਤੱਥਾਂ ਦਾ ਕਿਸੇ ਤਿੰਨਾਂ ਵਿਚੋਂ ਇਕ ਤਰੀਕੇ ਨਾਲ ਪ੍ਰਤੀਕਰਮ ਕਰਨਗੇ।

(1). ਉਹ ਇਹਨਾਂ ਤੱਥਾਂ ਨੂੰ ਅਣਦੇਖਿਆ ਕਰ ਸਕਦੇ ਹਨ ਜੋ ਕਿ ਸੰਭਵ ਨਹੀਂ ਕਿਉਂਕਿ ਮਾਮਲਾ ਸੰਜੀਦਾ ਹੈ। ਜਾਂ

(2). ਉਹ ਇਸ ਕਿਤਾਬ ਵਿਚੋਂ ਗੈਰ-ਮਕਸਦੀ ਹਿੱਸੇ ਕੱਢ ਕੇ ਲੋਕ-ਰਾਇ ਬਣਾਉਣ ਦਾ ਯਤਨ ਕਰਨਗੇ। ਜਾਂ

(3). ਉਹ ਬਾਬਾ ਸਾਹਿਬ ਅੰਬੇਦਕਰ ਦੀ ਕਿਤਾਬ ‘The Riddles of Hindustan’ ਦੇ ਵਿਰੋਧ ਕਰਨ ਵਾਂਗ ਪਰਦੇ ਦੇ ਪਿੱਛੇ ਰਹਿ ਕੇ ਆਮ ਹਿੰਦੂਆਂ ਨੂੰ ਭੜਕਾਉਣ ਦੀ ਨੀਤੀ ਅਪਣਾਉਣਗੇ।

ਮੁਸ਼ਰਿਫ ਦੀ ਪਾਠਕਾਂ ਨੂੰ ਬੇਨਤੀ ਹੈ ਕਿ ਪੂਰੀ ਕਿਤਾਬ ਪੜ੍ਹਨ ਤੋਂ ਬਿਨਾਂ ਕੋਈ ਵੀ ਪ੍ਰਤੀਕਿਰਿਆ ਨਾ ਕੀਤੀ ਜਾਵੇ ਅਤੇ ਨਾ ਹੀ ਕਿਤਾਬ ਲਿਖਣ ਦੇ ਮੰਤਵ ਨੂੰ ਖ਼ਤਮ ਕਰਨ ਲਈ ਬ੍ਰਾਹਮਣਵਾਦੀ ਪ੍ਰਾਪੇਗੰਡੇ ਦੇ ਝਾਂਸੇ ਵਿਚ ਆਉਣ।

ਸੋ, ਉਕਤ ਕਿਤਾਬ ਭਾਰਤ ਵਿਚ ਬ੍ਰਾਹਮਣਵਾਦੀ ਨੀਤੀਆਂ ਦਾ ਪੂਰਾ ਪਾਜ਼ ਉਘਾੜਦੀ ਪ੍ਰਤੀਤ ਹੁੰਦੀ ਹੈ। ਸਿੱਖੀ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਨੇ 15 ਵੀਂ ਸਦੀ ਵਿਚ ਤੇ ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ ਤੇ ਹੋਰਨਾਂ ਨੇ ਇਸ ਤੋਂ ਵੀ ਪਹਿਲਾਂ ਬ੍ਰਾਹਮਣਵਾਦ ਵਿਰੁੱਧ ਝੰਡਾ ਬੁਲੰਦ ਕੀਤਾ ਸੀ, ਜਿਸ ਦਾ ਸੰਘਰਸ਼ ਅੱਜ ਵੀ ਵੱਖ-ਵੱਖ ਰੂਪਾਂ-ਵੇਸਾਂ ਵਿਚ ਚੱਲ ਰਿਹਾ ਹੈ। ਲੋੜ ਹੈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸ਼ਰਿਫ ਜਿਹੇ ਲੋਕ ਬ੍ਰਾਹਮਣਵਾਦੀ ਅੱਤਵਾਦ ਤੇ ਬ੍ਰਾਹਮਣਵਾਦੀ ਨੀਤੀਆਂ ਵਿਰੁੱਧ ਇਕ ਆਵਾਜ਼ ਬਣ ਕੇ ਇਕੱਠੇ ਹੋਣ।