ਬਿਨਾਂ ਕਸੂਰੋਂ ਜਿੰਦਗੀ ਦੇ 23 ਸਾਲ ਜੇਲ੍ਹ ਦੀ ਕਾਲ ਕੋਠੜੀ ਵਿੱਚ ਤਸੀਹੇ ਝੱਲਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਕਹਾਣੀ…..

0
442

ਬਿਨਾਂ ਕਸੂਰੋਂ ਜਿੰਦਗੀ ਦੇ 23 ਸਾਲ ਜੇਲ੍ਹ ਦੀ ਕਾਲ ਕੋਠੜੀ ਵਿੱਚ ਤਸੀਹੇ ਝੱਲਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਕਹਾਣੀ…..

ਗੁਰਨੈਬ ਸਿੰਘ ਸਾਜਨ ਮੋ. 98889-55757, 94176-28463

          ਬਾਪੂ ਸੂਰਤ ਸਿੰਘ ਖਾਲਸਾ ਹਸਨਪੁਰ (ਲੁਧਿਆਣਾ) ਜੋ ਲਗਭਗ 5 ਮਹੀਨਿਆਂ ਤੋਂ ਭੁੱਖ ਹੜਤਾਲ ’ਤੇ ਹੈ। ਬਾਦਲ ਸਰਕਾਰ ਦੀ ਪੁਲਿਸ ਨੇ ਬਾਪੂ ਸੂਰਤ ਸਿੰਘ ਨੂੰ ਜਬਰੀ ਚੁੱਕ ਕੇ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾ ਦਿੱਤਾ ਹੈ। ਪਰ ਸਮੇਂ ਦੀਆਂ ਜਾਬਰ ਸਰਕਾਰਾਂ ਕਦੇ ਵੀ ਖਾਲਸੇ ਦੇ ਸਿਦਕ ਨੂੰ ਤੋੜ ਨਹੀਂ ਸਕਦੀਆਂ। ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਪਣੀ ਜਾਨ ਹੀਲ ਕੇ ਜਿੰਦਗੀ ਦੇ ਪਿਛਲੇ ਪਹਿਰੇ ਬੰਦੀ ਸਿੰਘਾਂ ਦੀ ਬਿਨਾ ਸ਼ਰਤ ਰਿਹਾਈ ਲਈ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਹੀ ਨਤੀਜਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜੋ 23 ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ, ਨੂੰ ਬਦਲ ਕੇ ਅੰਮ੍ਰਿਤਸਰ ਜੇਲ੍ਹ ਦੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੋ੍ਰ. ਦਵਿੰਦਰਪਾਲ ਸਿੰਘ ਭੁੱਲਰ ਦੀ ਜਿੰਦਗੀ ਬਾਰੇ ਜਾਣਨ ਲਈ ਇਨ੍ਹਾਂ ਸੱਤਰਾਂ ਦਾ ਲੇਖਕ ਆਪਣੇ ਸਾਥੀ ਸੁਰਿੰਦਰਪਾਲ ਸਿੰਘ ਬੱਲੂਆਣਾ ਨਾਲ 17 ਜੂਨ ਨੂੰ ਸਵਖੱਤੇ ਹੀ ਦਿਆਲਪੁਰਾ ਭਾਈਕਾ ਲਈ ਰਵਾਨਾ ਹੋ ਗਏ। 10 ਕੁ ਵਜੇ ਅਸੀਂ ਦਿਆਲਪੁਰਾ ਭਾਈਕਾ ਵਿਖੇ ਰਿਸ਼ਤੇਦਾਰੀ ਦੇ ਘਰ ਪਹੁੰਚ ਗਏ। ਉੱਥੋਂ ਚਾਹ ਪਾਣੀ ਪੀ ਕੇ ਜਦੋਂ ਘਰ ਦੇ ਬਜੁਰਗ ਤੋਂ ਪ੍ਰੋ. ਭੁੱਲਰ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਸਾਡੇ ਪਿੰਡ ਤੋਂ ਦੂਰ ਯਾਮਨੀਆ ਬਸਤੀ ਵਿੱਚ ਉਹਨਾਂ ਦਾ ਘਰ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਹੈ। ਜਦੋਂ ਅਸੀਂ ਸਕੂਲ ਨੇੜੇ ਪਿੰਡ ਦੀ ਸੱਥ ਵਿੱਚ ਬੈਠੇ ਬਜੁਰਗਾਂ ਨੂੰ ਫਤਿਹ ਬੁਲਾ ਕੇ ਉਹਨਾਂ ਕੋਲੋਂ ਪ੍ਰੋ. ਭੁੱਲਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਕਾਕਾ ਅਸੀਂ ਕਿਹੜਾ ਅਖਬਾਰ ਜਾਂ ਟੈਲੀਵਿਜ਼ਨ ਦੇਖਦੇ ਹਾਂ ਸਾਨੂੰ ਨੀ ਪਤਾ ਪੋ੍ਰ. ਭੁੱਲਰ ਕੌਣ ਹੈ? ਪਰ ਜਦੋਂ ਅਸੀਂ ਦੱਸਿਆ ਕਿ ਅਸੀਂ ਪੱਤਰਕਾਰ ਹਾਂ, ਤੁਹਾਡਾ ਪਿੰਡ ਪ੍ਰੋ. ਭੁੱਲਰ ਕਰ ਕੇ ਦੁਨੀਆਂ ਦੇ ਨਕਸ਼ੇ ’ਤੇ ਹੈ। ਤੁਹਾਡੇ ਪਿੰਡ ਦੇ ਸਪੂਤ ਨੇ 23 ਸਾਲ ਬਿਨਾ ਕਸੂਰੋਂ ਕੌਮ ਲਈ ਜੇਲ੍ਹਾਂ ਵਿੱਚ ਬਿਤਾ ਦਿੱਤੇ ਪਰ ਅਫਸੋਸ ਦੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਤਾਂ ਇੱਕ ਬਜੁਰਗ ਨੇ ਕਿਹਾ ਕਿ ਭਾਈ ਭਾਊਆ ਦਾ ਮੁੰਡਾ ਹੋਣੈ ਪ੍ਰੋ. ਭੁੱਲਰ, ਕਾਕਾ ਉਹ ਘਰ ਤਾਂ ਏਥੋਂ ਦੂਰ ਏ, ਤੁਸੀਂ ਇੱਥੋਂ ਪਿੰਡ ਤੋਂ ਬਾਹਰ ਵਾਰ ਚਲੇ ਜਾਓ। ਐਨੇ ਚਿਰ ਵਿੱਚ ਮੋਟਰ ਸਾਈਕਲ ਉਪਰ ਇੱਕ ਗੁਰਸਿੱਖ ਨੌਜਵਾਨ ਸਾਡੇ ਕੋਲ ਰੁਕ ਗਿਆ। ਉਸ ਨਾਲ ਜਦੋਂ ਪ੍ਰੋ. ਭੁੱਲਰ ਬਾਰੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਉਮਰ ’ਚ ਤਾਂ ਮੈਥੋਂ ਵੱਡਾ ਹੈ ਪਰ ਮੈਂ ਉਸ ਬਾਰੇ ਜਾਣਦਾ ਹਾਂ। ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਸਾਡੇ ਪਿੰਡ ਤੋਂ ਬਾਹਰ ਢਾਣੀ ਵਿੱਚ ਰਹਿੰਦਾ ਹੈ। ਚੰਗੇ ਇਨਸਾਨ ਹਨ ਪੋ੍ਰ. ਭੁੱਲਰ, ਉਹਨਾਂ ਕਰਕੇ ਤਾਂ ਸਾਡੇ ਨਗਰ ਨੂੰ ਐਨਾ ਮਾਣ ਮਿਲ ਰਿਹਾ ਹੈ। ਇਨ੍ਹਾਂ ਬਜੁਰਗਾਂ ਨੂੰ ਵੀ ਪਤਾ ਤਾਂ ਹੈ ਪਰ ਡਰਦੇ ਦੱਸਦੇ ਨਹੀਂ। ਤੁਸੀਂ ਇੰਝ ਕਰੋ ਪਿੰਡ ਦੀ ਇਹ ਵਿਚਾਲੜੀ ਗਲੀ ਚੋਂ ਬਾਹਰ ਵਾਰ ਚਲੇ ਜਾਓ, ਉੱਥੋਂ ਜਾ ਕੇ ਪੁੱਛ ਲੈਣਾ। ਅਸੀਂ ਉੱਥੇ ਅੱਗੇ ਚਲੇ ਗਏ ਤਾਂ ਪਿੰਡ ਵਿਚਕਾਰ ਇਕ ਪੁਰਾਤਨ ਹਵੇਲੀ ਇਸ ਪਿੰਡ ਨੂੰ ਕਾਫੀ ਪੁਰਾਣਾ ਹੋਣ ਦਾ ਸਬੂਤ ਦੇ ਰਹੀ ਸੀ। ਪਿੰਡ ਵੜਦੇ ਹੀ ਸੜਕ ਉੱਪਰ ਹੀ ਮਾਈ ਰੋਜੀ ਬਾਬਾ ਗੁੱਦੜ ਜੀ ਛੇਵੇਂ ਪਾਤਸ਼ਾਹ ਜੀ ਦੀ ਵੰਸ਼ ’ਚੋਂ, ਦਾ ਸਥਾਨ ਬਣਿਆ ਹੋਇਆ ਹੈ। ਜਿਸ ਦੇ ਨਿਸ਼ਾਨ ਸਾਹਿਬ ਉੱਪਰ 400 ਤੋਂ 500 ਫਰਲਾ ਸੁੱਖਣਾ ਦੇ ਚੜ੍ਹਦੇ ਹਨ, ਇਸ ਅਸਥਾਨ ਉੱਪਰ ਵਿਸਾਖੀ ਦੇ ਦਿਹਾੜੇ ਭਾਰੀ ਮੇਲਾ ਲੱਗਦਾ ਹੈ। ਪਿੰਡ ਤੋਂ ਬਾਹਰ ਨਿਕਲਦਿਆਂ ਸ਼ਮਸ਼ਾਨ ਘਾਟ ਵਿੱਚ ਨਰੇਗਾ ਮਜਦੂਰ ਸਕੀਮ ਤਹਿਤ ਸਫਾਈ ਕਰਦੇ ਇੱਕ ਮਜਦੂਰ ਨੂੰ ਜਦ ਪ੍ਰੋ. ਭੁੱਲਰ ਦਾ ਘਰ ਪੁੱਛਿਆ, ਪਹਿਲਾਂ ਤਾਂ ਉਹ ਘਬਰਾ ਗਿਆ ਜਦੋਂ ਅਸੀਂ ਦੱਸਿਆ ਕਿ ਅਸੀਂ ਪੱਤਰਕਾਰ ਹਾਂ ਉਸ ਨੇ ਸਾਨੂੰ ਕਿਹਾ ਕਿ ਇਹ ਸੜਕ ਨਾ ਛੱਡਿਓ ਖੇਤਾਂ ਵਿੱਚ ਉਹਨਾਂ ਦਾ ਘਰ ਹੈ। ਉੱਥੋਂ ਚਲ ਕੇ ਖੇਤਾਂ ਵਿੱਚ ਮੋਟਰ ਦਾ ਕੋਠਾ ਪਾ ਰਹੇ ਰਾਜ ਮਿਸਤਰੀ ਤੋਂ ਜਦ ਪ੍ਰੋ. ਭੁੱਲਰ ਬਾਰੇ ਪੁੱਛਿਆ ਤਾਂ ਕਹਿਣ ਲੱਗੇ ਬਈ ਬਹੁਤ ਵਧੀਆ ਇਨਸਾਨ ਹੈ, ਵਿਚਾਰਾ ਕਈ ਸਾਲਾਂ ਤੋਂ ਜੇਲ੍ਹਾਂ ’ਚ ਰੁਲ ਰਿਹਾ ਹੈ। ਹੁਣ ਅਖਬਾਰਾਂ ’ਚ ਪੜ੍ਹਿਆ ਦਿੱਲੀ ਤੋਂ ਪੰਜਾਬ ਲੈ ਆਂਦਾ, ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ। ਪ੍ਰੋ. ਭੁੱਲਰ ਦੇ ਘਰ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸੜਕ ਉੱਪਰ ਤਿੰਨ ਔਰਤਾਂ ਪਿੰਡ ਵੱਲ ਆ ਰਹੀਆਂ ਸਨ ਜਦ ਅਸੀਂ ਉਨ੍ਹਾਂ ਕੋਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੁੱਛਿਆ ਤਾਂ ਉਹਨਾਂ ਚੋਂ ਮਾਤਾ ਬਲਵੀਰ ਕੌਰ ਜੋ ਉਸ ਪਿੰਡ ਦੀ ਹੀ ਧੀ ਹੈ, ਨੇ ਦੱਸਿਆ ਕਿ ਬਹੁਤ ਬੀਬਾ ਮੁੰਡਾ ਹੈ ‘ਦਵਿੰਦਰਪਾਲ’, ਉਸ ਦੇ ਪਿਤਾ ‘ਬਲਵੰਤ ਸਿੰਘ’ ਨੇ ਕਦੇ ਕੁੱਤੇ ਨੂੰ ਸੋਟੀ ਨਹੀਂ ਮਾਰੀ ਸੀ, ਪਰ ਪੁਲਿਸ ਜਦੋਂ ਤੋਂ ਘਰੋਂ ਚੁੱਕ ਕੇ ਲੈ ਗਈ ਹੈ ਉਘ-ਸੁੱਘ ਨਹੀਂ ਕੱਢੀ ਅੱਜ ਤੱਕ ਵੀ ਪਤਾ ਨਹੀਂ ਲੱਗਿਆ ਜਿਉਂਦਾ ਹੈ ਜਾਂ ਮੋਇਆ ਹੈ। ਰੱਬ ਦੀ ਰਜਾ ਵਿੱਚ ਰਹਿਣ ਵਾਲਾ ਹੈ ‘ਬਲਵੰਤ ਸਿੰਘ ਭੁੱਲਰ ਦਾ ਪਰਿਵਾਰ’। ਪਰ ਹੁਣ ਤਾਂ ਸਭ ਖੇਰੂ-ਖੇਰੂ ਹੋ ਗਿਆ। ਜਦੋਂ ਦਵਿੰਦਰਪਾਲ ਦਾ ਵਿਆਹ ਹੋਇਆ ਸੀ, ਛੇ-ਸੱਤ ਦਿਨਾਂ ਬਾਅਦ ਪੁਲਿਸ ਬਲਵੰਤ ਸਿੰਘ ਨੂੰ ਚੁੱਕ ਕੇ ਲੈ ਗਈ ਬਾਅਦ ਵਿੱਚ ਸਰਕਾਰ ਨੇ ਉਹ ’ਤੇ ਜੋ ਜੁਲਮ ਕੀਤੇ, ਉਸ ਦੇ ਘਰ ਚੋਂ ਪੁਲਿਸ ਸੋਨਾ, ਨਕਦੀ ਚੁੱਕ ਕੇ ਲੈ ਗਈ। ਇਹ ਹੱਸਦਾ ਵੱਸਦਾ ਘਰ ਉਜਾੜ ਕੇ ਰੱਖਤਾ ਜਾਲਮਾਂ ਨੇ, ਅਸੀਂ ਤਾਂ ਪੁੱਤ ਹਰ ਰੋਜ਼ ਮਾਈ ਰੱਜੀ ਕੋਲ ਅਰਦਾਸ ਕਰਦੇ ਹਾਂ, ਕਿ ਦਵਿੰਦਰਪਾਲ ਜਲਦੀ ਆਪਣੇ ਘਰ ਆਵੇ। ਐਸੇ ਪੁੱਤਰ ਤਾਂ ਮਾਂ ਦੀਆਂ ਕੁੱਖਾਂ ਸਫ਼ਲ ਕਰ ਜਾਂਦੇ ਹਨ। ਪੁਲਿਸ ਨੇ ਬਹੁਤ ਜੁਲਮ ਕੀਤਾ ਬਲਵੰਤ ਸਿੰਘ ਦੇ ਪਰਿਵਾਰ ’ਤੇ। ਪੁੱਤ ਆਹ ਸਾਹਮਣੇ ਹੀ ਇੰਨ੍ਹਾਂ ਦਾ ਘਰ ਹੈ ਉੱਥੇ ਥੋਨੂੰ ਸਭ ਕੁੱਝ ਪਤਾ ਲੱਗ ਜਾਵੇਗਾ। ਜਿਉਂ ਹੀ ਅਸੀਂ ਪ੍ਰੋ. ਭੁੱਲਰ ਦੇ ਘਰ ਅੱਗੇ ਪਹੁੰਚੇ ਤਾਂ ਉੱਥੇ ਖੜ੍ਹੇ ਭਾਈ ਗੁਰਮੇਜ ਸਿੰਘ, ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਪ੍ਰੋ. ਭੁੱਲਰ ਦੇ ਚਚੇਰੇ ਭਰਾ ਮੁਖਤਿਆਰ ਸਿੰਘ ਨੇ ਸਾਡਾ ਸਵਾਗਤ ਕੀਤਾ ਅਤੇ ਘਰ ਦੇ ਮੁੱਖ ਗੇਟ ਤੋਂ ਅੱਗੇ ਚੱਲਣ ਲੱਗੇ ਤਾਂ ਘਰ ਦੇ ਲੋਹੇ ਦੇ ਮੁੱਖ ਗੇਟ ਤੋਂ ਅੱਗੇ ਅੱਜ ਵੀ ਬਲਵੰਤ ਸਿੰਘ ਭੁੱਲਰ ਦੀ ਨੇਮ ਪਲੇਟ ਲੱਗੀ ਹੋਈ, ਦਿਖਾਈ ਦਿੱਤੀ। ਘਰ ਦੇ ਵਿਹੜੇ ਵਿੱਚ ਗਏ ਤਾਂ ਵਿਹੜੇ ਵਿੱਚ ਤਾਜਾ ਫਰਸ਼ ਲੱਗਾ ਹੋਇਆ ਸੀ, ਘਰ ਜੋ 23 ਸਾਲਾਂ ਤੋਂ ਕਿਸੇ ਦੀ ਉਡੀਕ ਕਰ ਰਿਹਾ ਸੀ, ਉਦਾਸੀ ਤੋਂ ਕੁੱਝ ਆਸ ਵਿੱਚ ਸੀ। ਇਸ ਘਰ ’ਚ 23 ਵਰ੍ਹਿਆਂ ਤੋਂ ਕੋਈ ਦੀਵਾ ਨਹੀਂ ਜਗਿਆ, ਨਾ ਦੀਵਾਲੀ ਨਾ ਲੋਹੜੀ ਨਾ ਕੋਈ ਹੋਰ ਸ਼ਗਨ ਮਨਾਏ ਗਏ। ਭਾਈ ਗੁਰਮੇਜ ਸਿੰਘ ਨੇ ਦੱਸਿਆ ਕਿ ਘਰ ਦੇ ਵਿਹੜੇ ਵਿੱਚ ਭੱਖੜਾ, ਘਾਹ, ਸਰਕੰਡਾ ਉਗ ਆਇਆ ਸੀ, ਉਹ ਪੁੱਟ ਕੇ ਫਰਸ਼ ਲਗਾਈ ਗਈ ਹੈ, ਘਰ ਵਿਚਲੇ ਕਮਰੇ, ਫਰਨੀਚਰ ਤਸਵੀਰਾਂ ਉੱਪਰ ਸਮੇਂ ਦੀ ਧੂੜ ਜੰਮੀ ਹੋਈ ਸੀ, ਨੂੰ ਸਾਫ ਕੀਤਾ ਜਾ ਰਿਹਾ ਹੈ।

ਮੁਖਤਿਆਰ ਸਿੰਘ ਨੇ ਕਿਹਾ ਜਿਸ ਘਰ ਵਿੱਚ ਇਨਸਾਨ ਨਾ ਵੱਸਦਾ ਹੋਵੇ ਉਸ ਘਰ ਵਿੱਚ ਪਰਿੰਦਿਆਂ ਦਾ ਵਾਸਾ ਹੋ ਜਾਂਦਾ ਹੈ। ਘਰ ਦੇ ਕਮਰੇ ਵਿੱਚ ਕਦਮ ਰੱਖਿਆ ਤਾਂ ਦਸਵੇਂ ਪਾਤਸ਼ਾਹ ਦੀ ਤਸਵੀਰ ਕਮਰੇ ਵਿੱਚ ਲੱਗੀ ਹੋਈ ਸੀ, ਦੂਜੇ ਕਮਰੇ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਦਸਵੀਂ ਵਿੱਚ ਜਲਾਲ ਸਕੂਲ ਵਿੱਚ ਪੜ੍ਹਦਿਆਂ ਦੀ ਬਲੈਕ ਐਂਡ ਵਾਈਟ ਗਰੁੱਪ ਫੋਟੋ ਫਰੇਮ ਵਿੱਚ ਰੱਖੀ ਹੋਈ ਸੀ, ਉਹਨਾਂ ਦੇ ਮਾਤਾ, ਪਿਤਾ ਦੀ ਇਕੱਠੀ ਫੋਟੋ, ਜੋ ਅਸੀਂ ਕੈਮਰੇ ਵਿੱਚ ਕੈਦ ਕਰ ਲਈਆਂ ਸਨ। ਇੱਕ ਕਮਰੇ ਵਿੱਚ ਬੈਡ, ਕੁਰਸੀਆਂ ਅਤੇ ਹੋਰ ਘਰੇਲੂ ਸਮਾਨ ਕਮਰੇ ਦੇ ਬਾਹਰ ਚੁੱਲ੍ਹਾ, ਜੋ 23 ਸਾਲਾਂ ਤੋਂ ਠੰਡਾ ਪਿਆ ਸੀ ਹੋਰ ਘਰੇਲੂ ਸਮਾਨ, ਜਿਸ ਦੀ ਸਫਾਈ ਹੋ ਰਹੀ ਸੀ। ਇੱਕ ਕਮਰੇ ਵਿੱਚ ਲੱਗੇ ਸੋਫਿਆਂ ਉੱਪਰ ਬੈਠਦਿਆਂ ਅਸੀਂ ਪ੍ਰੋ. ਭੁੱਲਰ ਦੀ ਜਿੰਦਗੀ, ਉਹਨਾਂ ਦੇ ਪਿਛੋਕੜ, ਉਹਨਾਂ ਦੇ ਪਰਿਵਾਰ ਉੱਪਰ ਬੀਤੇ ਕਾਲੇ ਦੌਰ ਦੀ ਕਹਾਣੀ ਜਾਣਨੀ ਸ਼ੁਰੂ ਕੀਤੀ। ਪ੍ਰੋ. ਦਵਿੰਦਰਪਾਲ ਸਿੰਘ ਦੇ ਚਚੇਰੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੇਸ਼ ਦੇ ਬਟਵਾਰੇ 1947 ਤੋਂ ਪਹਿਲਾਂ ਸਾਡਾ ਪਿੰਡ ਪਾਕਿਸਤਾਨ ਦੇ ਜਿਲ੍ਹਾ ਲਾਹੌਰ ਵਿੱਚ ਯਾਮਨ ਸੀ, ਦੇਸ਼ ਦੀ ਵੰਡ ਤੋਂ ਬਾਅਦ ਅਸੀਂ ਖੇਮਕਰਨ ਤਹਿਸੀਲ ਪੱਟੀ, ਬਾਰਡਰ ਨੇੜਲੇ ਪਿੰਡ ਮੈਹਦੀਪੁਰ ਆ ਗਏ। ਉਸ ਦੇ ਤਾਇਆ ਜੀ ਜਥੇਦਾਰ ਜੰਗੀਰ ਸਿੰਘ ਯਾਮਨੀਆ ਸੁਤੰਤਰਤਾ ਸੰਗਰਾਮੀ ਸਨ, ਉਹਨਾਂ ਨੂੰ ਦਿਆਲਪੁਰਾ ਦੇ ਭਾਈਕੇ ਪੱਟੀ ਵਿਚ ਮਿਲੇ, ਉਹ ਇਸ ਪਿੰਡ ਵਿੱਚ ਸਾਡੇ ਪਰਿਵਾਰ ਨੂੰ ਜਮੀਨ ਖਰੀਦਣ ਖਾਤਰ ਲੈ ਆਏ। ਅਸੀਂ ਇੱਥੇ 3 ਮੁਰੱਬੇ ਯਾਨਿ 25 ਕਿੱਲੇ ਦਾ ਇੱਕ ਮੁਰੱਬਾ ਹੁੰਦਾ ਹੈ, 75 ਕਿੱਲੇ ਖਰੀਦ ਕੇ ਇਸ ਜਮੀਨ ਵਿੱਚ ਆਪਣੇ ਘਰ ਪਾ ਕੇ ਰਹਿਣ ਲੱਗ ਪਏ ਅਤੇ ਰੋਜੀ ਰੋਟੀ ਦਾ ਵਸੀਲਾ ਸਾਡਾ ਖੇਤੀ ਹੀ ਸੀ। ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਭੁੱਲਰ ਆਡਿਟ ਵਿਭਾਗ ਦੇ ਅਹੁੱਦੇ ’ਤੇ ਪੰਚਾਇਤ ਅਫਸਰ ਸਨ, ਜੋ ਪੱਟੀ ਫਿਰੋਜ਼ਪੁਰ ਅਤੇ ਗਿੱਦੜਬਾਹਾ ਨੌਕਰੀ ਕਰਦੇ ਰਹੇ। ਅਸੀਂ ਇੱਥੇ 1955-56 ਦੇ ਕਰੀਬ ਆਏ ਸੀ। ਪ੍ਰੋ. ਭੁੱਲਰ ਦੀ ਮਾਤਾ ਉਪਕਾਰ ਕੌਰ ਵੀ ਸਿੱਖਿਆ ਵਿਭਾਗ ਵਿੱਚ ਸੀਨੀਅਰ ਅਧਿਕਾਰੀ ਸਨ, ਉਹਨਾਂ ਵੀ ਪੱਟੀ, ਫਿਰੋਜਪੁਰ ਅਤੇ ਰਾਮਗੁਰਾ ਫੂਲ ਲੰਬਾ ਸਮਾਂ ਨੌਕਰੀ ਕੀਤੀ ਹੈ। ਪ੍ਰੋ. ਭੁੱਲਰ ਦਾ ਜਨਮ ਪੱਟੀ ਦਾ ਹੈ। ਅਸੀਂ ਸ਼ੁਰੂ-ਸ਼ੁਰੂ ਵਿੱਚ ਇੱਥੇ ਝੁੱਗੀਆਂ ਵਿੱਚ ਰਹਿੰਦੇ ਸੀ, ਹੌਲੀ ਹੌਲੀ ਘਰ ਬਣਾ ਲਏ। ਸਾਡੇ ਤਾਏ ਜਥੇਦਾਰ ਜੰਗੀਰ ਸਿੰਘ ਯਾਮਨੀਆ ਦੇ ਨਾਂਅ ’ਤੇ ਸਰਕਾਰ ਨੇ ਪਿੰਡ ਤੋਂ ਯਾਮਨੀਆ ਬਸਤੀ ਅਤੇ ਯਾਮਨੀਆ ਬਸਤੀ ਤੋਂ ਬਰਨਾਲਾ ਸੜਕ ਨੂੰ ਮਿਲਾਉਂਦੀ ਪੰਜ ਕਿਲੋਮੀਟਰ ਸੜਕ ਦਾ ਨਾਮ ਯਾਮਨੀਆ ਦੇ ਨਾਂ ’ਤੇ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਦਵਿੰਦਰਪਾਲ ਸਿੰਘ ਨੇ ਨੇੜਲੇ ਪਿੰਡ ਜਲਾਲ ਤੋਂ 10 ਵੀਂ ਜਮਾਤ ਪਹਿਲੀ ਪੁਜੀਸ਼ਨ ਵਿੱਚ ਪਾਸ ਕੀਤੀ। ਸਕੂਲ ਵਿੱਚ ਅੱਜ ਵੀ ਉਹਨਾਂ ਦਾ ਨਾਮ ਦਰਜ ਹੈ। ਜਲੰਧਰ ਤੋਂ ਇੰਜਨੀਅਰਿੰਗ ਕੀਤੀ। ਲੁਧਿਆਣਾ ਗੁਰੁ ਨਾਨਕ ਦੇਵ ਗੁਜਰਵਾਲ ਤੋਂ ਅਗਲੀ ਪੜ੍ਹਾਈ ਕਰਕੇ ਉੱਥੇ ਹੀ ਪ੍ਰੋਫੈਸਰ ਦੀ ਨੌਕਰੀ ਕੀਤੀ। ਦਵਿੰਦਰਪਾਲ ਹੋਰੀਂ ਦੋ ਭਰਾ ਹਨ। ਛੋਟਾ ਤਜਿੰਦਰ ਸਿੰਘ ਉਰਫ ਮਿੰਨਾ ਜੋ ਹੁਣ ਕਨੇਡਾ ਰਹਿੰਦਾ ਹੈ, ਵਿਆਹ ਤੋਂ 5-7 ਦਿਨਾਂ ਬਾਅਦ ਹੀ ਪੁਲਿਸ ਸ. ਬਲਵੰਤ ਸਿੰਘ ਭੁੱਲਰ ਨੂੰ ਘਰੋਂ ਚੁੱਕ ਕੇ ਲੈ ਗਈ। ਪ੍ਰੋ. ਭੁੱਲਰ ਦੇ ਮਾਸੜ ਨੂੰ ਵੀ ਪੁਲਿਸ ਨੇ ਚੁੱਕ ਲਿਆ। ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਅਤੇ ਮਾਸੜ ਨੂੰ ਪੁਲਿਸ ਨੇ ਕਿਵੇਂ ਕਤਲ ਕੀਤਾ, ਉਸ ਬਾਰੇ ਅੱਜ ਤੱਕ ਵੀ ਪਤਾ ਨਹੀਂ ਚੱਲ ਸਕਿਆ। ਬਠਿੰਡਾ ਦੇ ਪਿੰਡ ਰਾਮੁਪਰਾ ਵਿੱਚ ਪ੍ਰੋ. ਭੁੱਲਰ ਵਿਆਹਿਆ ਹੋਇਆ ਹੈ, ਉਸ ਦੇ ਸਹੁਰੇ ਨੂੰ ਵੀ ਪੁਲਿਸ ਲੈ ਗਈ। 20-25 ਦਿਨਾਂ ਬਾਅਦ 3-4 ਬੰਦੇ ਹੋਰ ਫੜ੍ਹ ਲਏ। ਪ੍ਰੋ. ਭੁੱਲਰ ਬਿਲਕੁਲ ਨਿਰਦੋਸ਼ ਜਾਨ ਬਚਾਉਂਦਾ ਇੱਧਰ ਉਧਰ ਭੱਜਦਾ ਰਿਹਾ। ਪੁਲਿਸ ਨੇ ਦੋਸ਼ ਲਾਇਆ ਕਿ ਉਹ ਲੁੱਟਾਂ ਖੋਹਾਂ ਕਰਦਾ ਹੈ। ਉਸ ਨੇ ਮਨਿੰਦਰਜੀਤ ਬਿੱਟਾ ਉੱਪਰ ਦਿੱਲੀ ’ਚ ਬੰਬ ਧਮਾਕਾ ਕੀਤਾ, ਜਿਸ ਵਿੱਚ ਕੁੱਝ ਬੰਦੇ ਮਰੇ ਹਨ ਅਤੇ ਬਿੱਟਾ ਜਖਮੀ ਹੋਇਆ ਹੈ। ਪਰ ਇਹ ਸਭ ਸਿਆਸੀ ਚਾਲ ਸੀ। ਸਿਆਸੀ ਤੌਰ ’ਤੇ ਇਸ ਧਮਾਕੇ ’ਚ ਪ੍ਰੋਫੈਸਰ ਦਾ ਨਾਮ ਪਾ ਦਿੱਤਾ। ਭਾਈ ਗੁਰਮੇਜ ਸਿੰਘ, ਭਾਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਬੰਬ ਧਮਾਕੇ ਦੇ 133 ਗਵਾਹਾਂ ਚੋਂ ਇੱਕ ਗਵਾਹ ਵੀ ਪ੍ਰੋ. ਭੁੱਲਰ ਦੇ ਖਿਲਾਫ ਨਹੀਂ ਭੁਗਤਿਆ। ਇੱਕ ਸ਼ਰੀਫ ਬੰਦਾ, ਇੱਕ ਪ੍ਰੋਫੈਸਰ ਜਿਸ ਨੇ ਜਵਾਨੀ ਦਾ ਭਵਿੱਖ ਬਨਾਉਣਾ ਹੈ, ਉਹ ਇਸ ਰਸਤੇ ਨਹੀਂ ਜਾ ਸਕਦਾ। ਪੁਲਿਸ ਉਸ ਦੀ ਜੀਵਨ ਸਾਥਣ ਨਵਨੀਤ ਕੌਰ ਨੂੰ ਵੀ ਲੱਭਦੀ ਰਹੀ, ਮਾਤਾ ਜੀ ਵੀ ਪੁਲਿਸ ਤੋਂ ਜਾਨ ਬਚਾਉਂਦੀ ਰਹੀ, ਜੋ ਅੱਜ ਕੱਲ੍ਹ ਵਿਦੇਸ਼ਾਂ ਵਿੱਚ ਹੈ ਤੇ ਜਲਦ ਹੀ ਆਪਣੇ ਬੇਟੇ ਪ੍ਰੋ. ਭੁੱਲਰ ਨੂੰ ਮਿਲਣ ਪੰਜਾਬ ਆ ਰਹੀ ਹੈ। ਪ੍ਰੋ. ਭੁੱਲਰ ਦੀ ਧਰਮ ਪਤਨੀ ਜਿਸ ਨੇ ਇੱਕ ਲੜਕੀ ਹੁੰਦਿਆਂ ਵਿਆਹ ਤੋਂ ਬਾਅਦ ਦਿਲ ਵਿੱਚ ਬਹੁਤ ਅਰਮਾਨ ਸਜਾਏ ਹੋਣ, ਉਸ ਦੇ ਚਾਅ ਮਲਾਰ, ਖੁਸ਼ੀਆਂ ਜਾਲਮਾਂ ਨੇ ਖੋਹ ਲਈਆਂ। 5-7 ਦਿਨ ਵਿਆਹ ਨੂੰ ਹੋਏ ਸੀ ਐਨੇ ਸਮੇਂ ਤਾਂ ਉਹ ਆਪਣੇ ਸਹੁਰੇ ਪਰਿਵਾਰ ਦੇ ਜੀਅ ਨੂੰ ਵੀ ਜਾਨਣ ਨਹੀਂ ਲੱਗੀ, ਪੁਲਿਸ ਉਹ ਨੂੰ ਵੀ ਲੱਭਦੀ ਰਹੀ। ਦਵਿੰਦਰਪਾਲ ਸਿੰਘ ਜਰਮਨ ਤੋਂ ਫੜ੍ਹਿਆ ਗਿਆ, ਬੀਬੀ ਨਵਨੀਤ ਕੌਰ ਵੀ ਜਾਨ ਬਚਾਉਂਦੀ ਵਿਦੇਸ਼ਾਂ ਵਿੱਚ ਰਹਿਣ ਲੱਗ ਪਈ। ਭਾਈ ਗੁਰਮੇਜ ਸਿੰਘ ਦੱਸਦਾ ਹੈ ਕਿ ਜਰਮਨ ਦੀ ਪੁਲਿਸ ਨੇ, ਪ੍ਰੋ. ਭੁੱਲਰ ਨੂੰ ਭਾਰਤ ਦੀ ਪੁਲਿਸ ਨੂੰ ਸੌਂਪ ਦਿੱਤਾ ਅਤੇ ਉਸ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਸਾਲਾਂ ਬੱਧੀ ਕੇਸ ਚੱਲਿਆ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੇਲੇ ਫਾਂਸੀ ਦੀ ਸਜਾ ਹੋ ਗਈ ਪਰ ਪ੍ਰੋ. ਭੁੱਲਰ ਬੇਕਸੂਰ ਸਨ। ਪਹਿਰੇਦਾਰ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਆਪਣੇ ਅਖਬਾਰ ਰਾਹੀਂ ਪੋ੍ਰ. ਭੁੱਲਰ ਦੀ ਰਿਹਾਈ ਲਈ ਦਸਤਖਤ ਮੁਹਿੰਮ ਸ਼ੁਰੂ ਕੀਤੀ। ਆਪ ਵੀ ਉਹਨਾਂ ਦੇ ਪਰਿਵਾਰ ਨੂੰ ਦਿਨ ਰਾਤ ਸਹਿਯੋਗ ਦਿੱਤਾ। ਉਹਨਾਂ ਦਾ ਦੇਣ ਤਾਂ ਅਸੀਂ ਕਿਸੇ ਜਨਮ ’ਚ ਨਹੀਂ ਦੇ ਸਕਦੇ, ਉਹਨਾਂ ਬਹੁਤ ਕਾਨੂੰਨੀ ਚਾਰਾਜੋਈ ਵਿੱਚ ਵੀ ਸਾਡਾ ਸਾਥ ਦਿੱਤਾ। ਬਾਪੂ ਸੂਰਤ ਸਿੰਘ ਖਾਲਸਾ, ਜੋ ਪੰਜ ਮਹੀਨਿਆਂ ਤੋਂ ਜਿੰਦਗੀ ਦੇ ਆਖਰੀ ਪੜਾਅ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉੱਪਰ ਹਨ ਉਹਨਾਂ ਦੇ ਯਤਨਾਂ ਸਦਕਾ ਸਰਕਾਰ ਨੂੰ ਝੁਕਣਾ ਪਿਆ। ਪੰਜਾਬ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰ ਤੋਂ ਉੱਠਾ ਕੇ ਕਿਤੇ ਲੁਧਿਆਣਾ, ਹੁਣ ਪੀ. ਜੀ. ਆਈ. ਹਸਪਤਾਲ ਵਿੱਚ ਭੁੱਖ ਹੜਤਾਲ ਤੁੜਵਾਉਣ ਲਈ ਜੁਲਮ ਕਰ ਰਹੀ ਹੈ। ਸਾਡੀ ਬੇਨਤੀ ਹੈ ਕਿ ਬਾਪੂ ਸੂਰਤ ਸਿੰਘ ਦੀ ਜਾਨ ਬਚਾਈ ਜਾਵੇ। ਬਾਪੂ ਸੂਰਤ ਸਿੰਘ ਖਾਲਸਾ ਦਾ ਦੇਣਾ ਅਸੀਂ ਕਿੱਥੇ ਦੇਵਾਂਗੇ? ਐਸੇ ਮਹਾਂਪੁਰਖ ਜੋ ਆਪਣੀ ਜਾਨ ਸੱਚ ਲਈ ਲਾ ਰਹੇ ਹਨ, ਨੂੰ ਅਸੀਂ ਸਿਰ ਝੁਕਾਉਂਦੇ ਹਾਂ। ਬਾਕੀ ਸਿੱਖ ਜਥੇਬੰਦੀਆਂ ਧਾਰਮਿਕ, ਸਮਾਜਿਕ ਲੋਕ ਜਿਹਨਾਂ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਅਰਦਾਸਾਂ ਕੀਤੀਆਂ ਹਨ ਉਹਨਾਂ ਦੇ ਅਸੀਂ ਦਿਲੋਂ ਰਿਣੀ ਹਾਂ। ਭਾਈ ਗੁਰਮੇਜ ਸਿੰਘ ਦੱਸਦਾ ਹੈ ਕਿ ਪ੍ਰੋ. ਭੁੱਲਰ ਦੀ 23 ਸਾਲ, ਮੈਂ ਹੀ ਤਿਹਾੜ ਜੇਲ ’ਚ ਮੁਲਾਕਾਤ ਕਰਨ ਲਈ ਹਰ ਮਹੀਨੇ ’ਚ 10-10 ਦਿਨਾਂ ਬਾਅਦ ਆਪਣੇ ਪਰਿਵਾਰ ਅਤੇ ਹੋਰ ਸਿੰਘਾਂ ਨਾਲ ਜਾਂਦਾ ਰਿਹਾ ਹਾਂ। ਉਸ ਨੂੰ 8 ਬਾਏ 8 ਫੁੱਟ ਲੋਹੇ ਦੇ ਪਿੰਜਰੇ ਵਿੱਚ ਰੱਖਿਆ ਜਾਂਦਾ ਰਿਹਾ ਹੈ, ਜਿੱਥੇ ਹਵਾ ਦਾ ਕੋਈ ਸਾਧਨ ਨਹੀਂ ਸੀ, ਜਿੱਥੇ ਮੱਕੀ ਦਾ ਦਾਣਾ ਵੀ ਰੱਖ ਦਿਓ ਤਾਂ ਸਵੇਰੇ ਭੁੱਜ ਕੇ ਖਿੱਲ ਬਣਿਆ ਮਿਲੇਗਾ। ਦਿਨ ਰਾਤ ’ਚੋਂ ਮਸਾਂ 2 ਘੰਟੇ ਸੌਂਦੇ ਸਨ, ਉਸ ਦਾ ਗੁਰਬਾਣੀ ਹੀ ਇੱਕੋ ਇੱਕ ਸਹਾਰਾ ਸੀ। ਸਾਨੂੰ ਮਿਲਣ ਲਈ ਹਫਤਾ ਪਹਿਲਾ ਇਜਾਜਤ ਲੈਣੀ ਪੈਂਦੀ ਸੀ। ਜਦੋਂ ਅਸੀਂ ਮੁਲਾਕਾਤ ਕਰਕੇ ਆਉਂਦੇ ਸੀ, ਤਾਂ ਸੀ. ਆਈ. ਡੀ. ਸਾਡਾ ਪਿੱਛਾ ਕਰਦੀ ਰਹਿੰਦੀ ਸੀ। ਹਫਤੇ ’ਚ 1 ਜਾਂ 2 ਵਾਰ ਮਿਲਣ ਲਈ ਜੇਲ੍ਹ ਡਾਇਰੈਕਟਰ ਤੋਂ ਇਜਾਜਤ ਲੈਣੀ ਪੈਂਦੀ ਸੀ। ਮੁਲਾਕਾਤ ਵੀ ਰਿਕਾਰਡਿੰਗ ਹੁੰਦੀ, ਜੇਲ੍ਹ ਅੰਦਰ ਕੋਈ ਚੀਜ ਨਹੀਂ ਲੰਘਣ ਦਿੰਦੇ ਸਨ। ਪ੍ਰੋ. ਭੁੱਲਰ ਨੂੰ ਬਹੁਤ ਤਸੀਹੇ ਦਿੰਦੇ, ਮਾੜਾ ਖਾਣਾ ਖਾ ਕੇ ਉਹਨਾਂ ਦਾ ਸ਼ਰੀਰ ਐਨਾ ਨਾਜੁਕ ਹੋ ਗਿਆ ਹੈ ਕਿ ਉਸ ਨੂੰ ਦੇਖ ਕੇ ਡਰ ਲਗਦਾ ਹੈ ਕਿ ਗਰਚੇ ਵਰਗਾ ਗੱਭਰੂ ਕਿਵੇਂ ਜਾਲਮਾਂ ਨੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਹੀ ਬਚਿਆ ਰਿਹਾ ਹੈ। ਉਹਨਾਂ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਆਉਣ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹ ਜਦ ਅੰਮ੍ਰਿਤਸਰ ਹਸਪਤਾਲ ਜੇਲ੍ਹ ’ਚ ਪ੍ਰੋਫੈਸਰ ਨੂੰ ਮਿਲਣ ਗਿਆ ਤਾਂ ਉਹਨਾਂ ਉਸ ਨੂੰ ਪਹਿਚਾਣਿਆ ਹੀ ਨਹੀਂ, ਉਸ ਦਾ ਰੋਣਾ ਨਿਕਲ ਗਿਆ ਕਿ ਐਨੇ ਜੁਲਮ ਕੀਤੇ ਉਹਨਾਂ ’ਤੇ ਸਮੇਂ ਦੀਆਂ ਸਰਕਾਰਾਂ ਨੇ, ਜੇ ਜਲਦੀ ਪਰਿਵਾਰ ’ਚ ਆ ਜਾਵੇ ਤਾਂ ਛੇਤੀ ਤੰਦਰੁਸਤ ਹੋ ਜਾਵੇਗਾ। ਹੁਣ ਤਾਂ ਹਰ ਰੋਜ਼ 500 ਸਿੰਘ ਮਿਲਣ ਜਾਂਦੇ ਨੇ, ਪਰ ਬਹੁਤੀ ਕਿਸੇ ਨਾਲ ਗੱਲ ਨਹੀਂ ਕਰਦਾ। ਭਾਈ ਗੁਰਮੇਜ ਸਿੰਘ, ਭਾਈ ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਨੇ ਕਿਹਾ ਕਿ ਹੁਣ ਤਾਂ ਉਹਨਾਂ ਦੀ ਉਡੀਕ ’ਚ ਬੈਠੇ ਹਾਂ ਵਾਹਿਗੁਰੂ ਕਿਰਪਾ ਕਰੇ। ਪ੍ਰੋ. ਭੁੱਲਰ ਨੂੰ ਪਿੰਡ ਦੇ ਲੋਕ ਬਹੁਤ ਪਿਆਰ ਕਰਦੇ ਨੇ। ਉਹਨਾਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲੇ, ਸੁਰਿੰਦਰ ਸਿੰਘ ਨਥਾਣਾ, ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜੇ ਕਾ, ਸਰਪੰਚ ਸੁਰਜੀਤ ਸਿੰਘ, ਸਰਪੰਚ ਗੁਰਜੰਟ ਸਿੰਘ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਜਿਨਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਨੂੰ ਹਰ ਪੱਖੋਂ ਸਹਿਯੋਗ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਜੋ ਵੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਉਹ ਪ੍ਰੋ. ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਭੇਜ ਕੇ ਪੂਰਾ ਕੀਤਾ, ਦਾ ਧੰਨਵਾਦ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਸਾਡੇ 4-5 ਘਰ ਹੀ ਇੱਥੇ ਰਹਿ ਗਏ ਹਨ, ਕੋਈ ਬਰਨਾਲਾ, ਕੋਈ ਫਰੀਦਕੋਟ ਵੱਸ ਚੁੱਕੇ ਹਨ, ਪੈਲੀ ਠੇਕੇ ’ਤੇ ਦੇ ਦਿੰਦੇ ਨੇ। ਅਸੀਂ ਏਥੇ ਹੀ ਰਹਿੰਦੇ ਹਾਂ।

ਇੱਥੇ ਜਿਕਰਯੋਗ ਹੈ ਕਿ ਸਿੱਖ ਕੌਮ ਦੇ ਕੌਮੀ ਸੰਘਰਸ਼ ਦੇ ਨਾਇਕ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਗਵਾਹਾਂ ਨੇ ਉਹਨਾਂ ਨੂੰ ਪਛਾਨਣ ਤੋਂ ਨਾਹ ਕਰ ਦਿੱਤਾ ਫੇਰ ਵੀ ਉਸ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ ਸੀ। ਇੱਥੋਂ ਪਤਾ ਚੱਲਦਾ ਹੈ ਕਿ ਕਾਨੂੰਨ ਅੰਨ੍ਹਾ ਹੁੰਦਾ ਹੈ। ਸਿੱਖ ਕੌਮ ਨੇ ਕਾਨੂੰਨ ਦਾ ਇਹ ਧੱਕਾ, ਵਿਤਕਰਾ ਅਤੇ ਇਨਸਾਫ ਦਾ ਕੰਮ ਨੰਗਾ ਚਿੱਟਾ ਕਤਲ ਸਹਾਰਿਆ, ਨੰਗੇ ਪਿੰਡੇ ’ਤੇ ਹੰਢਾਇਆ ਕਿਸੇ ਨੇ ਵੀ ਦਰਦ ਵੰਡਣ ਦੀ ਲੋੜ ਨਹੀਂ ਸਮਝੀ। ਜੇਲ੍ਹ ਦੀਆਂ ਕਾਲ-ਕੋਠੜੀਆਂ ’ਚ ਭੁੱਲਰ ਉੱਪਰ ਹਰ ਜੁਲਮ, ਤਸ਼ੱਦਦ ਢਾਹਿਆ ਗਿਆ, ਉਸ ਨੂੰ ਮਾਨਸਿਕ ਤੌਰ ’ਤੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਸ ਨਾਲ ਉਸ ਅਕਾਲ ਪੁਰਖ ਦਾ ਓਟ ਸਹਾਰਾ ਹੋਵੇ ਉਹ ਟੁੱਟ ਨਹੀਂ ਸਕਦਾ। ਹੌਲੀ ਹੌਲੀ ਪ੍ਰੋ. ਭੁੱਲਰ ਚੜ੍ਹਦੀ ਕਲਾ ਵਿੱਚ ਹੋਵੇਗਾ। ਪਰ ਪ੍ਰੋਫੈਸਰ ਦੀ ਜੇਲ੍ਹ ਬਦਲੀ ’ਤੇ ਭਾਜਪਾ, ਕਾਂਗਰਸ ਅਤੇ ਕੱਟੜਵਾਦੀ ਕਿਉਂ ਤੜਫ ਰਹੇ ਹਨ? ਬਿੱਟਾ ਕਹਿੰਦਾ ਦੁਬਾਰਾ ਤਿਹਾੜ ਜੇਲ੍ਹ ਵਿੱਚ ਭੇਜੋ। ਕੀ ਬਿੱਟੇ ਦੇ ਬਾਪ ਦਾ ਰਾਜ ਹੈ? ਕੀ ਫੇਰ ਉਹਦੀ ਮਰਜੀ ਚੱਲੇਗੀ ? ਪੋ੍ਰ. ਭੁੱਲਰ ਨਾਲ ਪਹਿਲਾਂ ਵੀ ਸਿੱਖ ਕੌਮ ਦਾ ਬੱਚਾ ਬੱਚਾ ਖੜ੍ਹਾ ਸੀ, ਅੱਜ ਵੀ ਖੜ੍ਹਾ ਹੈ। ਅੱਜ ਉਹ ਗੁਰੂ ਰਾਮ ਦਾਸ ਪਾਤਸ਼ਾਹ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਵਿਖੇ ਕਦਮ ਰੱਖ ਚੁੱਕਾ ਹੈ, ਹੁਣ ਤਾਂ ਗੁਰੂ ਰਾਮਦਾਸ ਪਾਤਸ਼ਾਹ ਹੀ ਉਹਨਾਂ ਦੀ ਰਾਖੀ ਕਰਨਗੇ। ਪ੍ਰੋ. ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਨੇ ਪਤਨੀ ਧਰਮ ਨਿਭਾਉਂਦਿਆਂ ਦੁੱਖ ਦੀ ਲੰਬੀ ਘੜੀ ਵਿੱਚ ਉਸ ਦੇ ਕੇਸ ਦੀ ਪੈਰਵੀ ਕੀਤੀ। ਧੰਨ ਹੈ ਉਸ ਨੂੰ ਜਨਮ ਦੇਣ ਵਾਲੀ ਰੱਬ ਸਮਾਨ ਮਾਂ ਜਿਸ ਨੇ ਉਸ ਨੂੰ ਐਸੇ ਸੰਸਕਾਰ ਦਿੱਤੇ ਜਿਸ ਕਰਕੇ ਉਹ ਐਨਾ ਲੰਬਾ ਸਮਾਂ ਆਪਣਾ ਪਤਨੀ ਧਰਮ ਨਿਭਾਉਂਦਿਆਂ ਕੌਮ ਦੇ ਦੁਸ਼ਮਣਾ ਨਾਲ ਲੜਦੀ ਰਹੀ। ਪ੍ਰੋ. ਭੁੱਲਰ ਨੂੰ ਜਨਵਰੀ 1995 ਵਿੱਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰ ਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰ: ਲੂ-760 ਰਾਹੀਂ ਭਾਰਤ ਭੇਜ ਦਿੱਤਾ ਸੀ। 19 ਜਨਵਰੀ 1995 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐਫ. ਆਈ. ਆਰ. ਨੰਬਰ 22 ਅਧੀਨ ਧਾਰਾ 419, 420, 468, 471 ਆਈ. ਪੀ. ਸੀ. ਤੇ 12 ਪਾਸਪੋਰਟ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿੱਚ ਆਪਣੀ ਮੌਜੂਦਗੀ ਦੱਸੀ, ਜਿਸ ਵਿੱਚ 11 ਸਤੰਬਰ 1993 ਨੂੰ ਮਨਿੰਦਰ ਜੀਤ ਬਿੱਟੇ ’ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇੱਕ ਏ. ਸੀ. ਪੀ. ਦੇ ਹਵਾਲੇ ਕਰ ਦਿੱਤਾ ਤੇ ਕੇਸ ਵਿੱਚ ਫਸਾ ਦਿੱਤਾ ਗਿਆ। 25 ਅਗਸਤ 2001 ਨੂੰ ਦਿੱਲੀ ਦੀ ਟਾਂਡਾ ਕੋਰਟ ਵੱਲੋਂ ਫਾਂਸੀ ਦੀ ਸਜਾ ਦਿੱਤੀ ਗਈ। ਬੀਬੀ ਨਵਨੀਤ ਕੌਰ ਵੱਲੋਂ 31 ਮਾਰਚ 2014 ਨੂੰ ਸੁਪਰੀਮ ਕੋਰਟ ਵਿੱਚ ਪਾਈ ਰਿੱਟ ਉੱਪਰ ਫੈਸਲਾ ਦਿੰਦਿਆਂ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਪ੍ਰੋ. ਭੁੱਲਰ ਜਿੱਥੇ ਪੜ੍ਹਾਈ ਵਿੱਚ ਹੁਸ਼ਿਆਰ ਰਿਹਾ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਰਿਹਾ ਹੈ। ਉਹਨਾਂ ਦੀ ਮਾਤਾ ਆਪਣੇ ਬੇਟੇ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਿਤ ਹੁੰਦੀ ਰਹੀ ਹੈ। ਪ੍ਰੋ. ਭੁੱਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਦੀ ਤਪੱਸਿਆ ਵੀ ਮਿਸਾਲੀ ਹੈ ਕਿਉਂਕਿ ਉਹਨਾਂ ਦੇ ਸਤੰਬਰ 1994 ’ਚ ਹੋਏ ਵਿਆਹ ਤੋਂ 5-7 ਦਿਨਾਂ ਬਾਅਦ ਹੀ ਪੁਲਿਸ ਦੀਆਂ ਡਾਰਾਂ ਪ੍ਰੋ. ਭੁੱਲਰ ਨੂੰ ਭਾਲਦੀਆਂ ਰਹੀਆਂ ਸਨ। ਸਰਬੱਤ ਦਾ ਭਲਾ ਅਤੇ ਕੌਮ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨ ਲਈ ਜੇਲ੍ਹ ਵਿੱਚ ਵੀ 20-20 ਘੰਟੇ ਨਾਮ ਸਿਮਰਨ ਕਰਕੇ ਹੀ ਅਕਾਲ ਖੁਰਖ ਨੇ ਪ੍ਰੋ. ਭੁੱਲਰ ਨੂੰ ਜਿਊਂਦਾ ਰੱਖਿਆ। ਸੋਚੋ 23 ਮਿੰਟ ਕਾਲ ਕੋਠੜੀ ਦੀ ਬਜਾਏ 23 ਦਿਨ ਨਹੀਂ, 23 ਮਹੀਨੇ ਨਹੀਂ, 23 ਸਾਲ ਤੋਂ ਵੱਧ ਦਾ ਸਮਾਂ ਜਿੱਥੇ ਜਿੰਦਗੀ ਦਾ ਸੁਨਹਿਰਾ ਪੜਾਅ ਲੰਘ ਜਾਂਦਾ ਹੈ, ਤਸੀਹੇ ਝੱਲਦੇ ਪ੍ਰੋਫੈਸਰ ਨੇ ਕਿਵੇਂ ਕੱਟੇ ਹੋਣਗੇ। ਸਾਡੀ ਸਿੱਖ ਜਵਾਨੀ ਪ੍ਰੋ. ਭੁੱਲਰ ਦੇ ਜੀਵਨ ਤੋਂ ਸੇਧ ਲਵੇ ਕਿਉਂਕਿ ਪ੍ਰੋ. ਭੁੱਲਰ ਨੂੰ ਜਦੋਂ ਫਾਂਸੀ ਦੀ ਸਜਾ ਸੁਣਾਈ ਗਈ ਤਾਂ ਉਸ ਨੇ ਸਿੱਖ ਜਥੇਬੰਦੀਆਂ ਨੂੰ ਰਹਿਮ ਦੀ ਅਪੀਲ ਕਰਨ ਲਈ ਨਾਂਹ ਕਰ ਦਿੱਤੀ ਸੀ। ਪ੍ਰੋ. ਭੁੱਲਰ ਤਿਹਾੜ ਜੇਲ੍ਹ ਵਿੱਚ ਵੀ ਬੰਦ ਗਰੀਬ ਲੋਕਾਂ ਤੇ ਇੱਥੋ ਤੱਕ ਕਿ ਆਰਥਿਕ ਤੌਰ ਤੇ ਕਮਜੋਰ ਜੇਲ੍ਹ ਕਰਮਚਾਰੀਆਂ ਦੀ ਆਰਥਿਕ ਤੌਰ ’ਤੇ ਮੱਦਦ ਕਰਦੇ ਰਹੇ ਹਨ। ਸ. ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਦੀ ਅਗਵਾਈ ਹੇਠ ਨੱਬੇ ਲੱਖ ਦਸਤਖਤ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਕਰਵਾਏ ਗਏ। ਜਿਸ ਦੀ ਬਦੌਲਤ ਹੀ ਸਰਕਾਰਾਂ ਨੂੰ ਇਨਸਾਫ ਕਰਨਾ ਪਿਆ। ਪ੍ਰੋ. ਭੁੱਲਰ ਇੱਕ ਦੋ ਹੋਰ ਕੇਸਾਂ ਚੋਂ ਬਰੀ ਹੋ ਕੇ ਅਗਲੇ ਮਹੀਨੇ ਆਪਣੇ ਘਰ ਵਾਪਸ ਆ ਸਕਦੇ ਹਨ। ਸੱਚ ਤਾਂ ਆਖਰ ਸੱਚ ਹੀ ਰਹਿੰਦਾ ਹੈ ਪਰ ਜਿਹੜੇ ਵਿਅਕਤੀ ਉੱਪਰ ਬੰਬ ਧਮਾਕਿਆਂ ਵਰਗਾ ਸੰਗੀਨ ਦੋਸ਼ ਲਾ ਕੇ ਬਿਨਾਂ ਕਸੂਰੋਂ ਉਸ ਦੀ ਜਿੰਦਗੀ ਦੇ 23 ਸਾਲ ਜੇਲ੍ਹਾਂ ਦੀ ਕਾਲ ਕੋਠੜੀ ਵਿੱਚ ਧੱਕ ਦਿੱਤੇ। ਉਹ ਦਿਨ, ਉਹ ਪਲ ਕੌਣ ਮੌੜ ਲਿਆਵੇਗਾ ? ਸਮੁੱਚੇ ਸਿੱਖ ਪੰਥ, ਪੰਥਕ ਦਰਦੀ, ਸਿੱਖ ਜਥੇਬੰਦੀਆਂ, ਉਸ ਦੇ ਪਿੰਡ ਵਾਲੇ ਉਸ ਦੀ ਘਰ ਵਾਪਸੀ ਲਈ ਉਡੀਕ ਕਰ ਰਹੇ ਹਨ। ਪਲਕਾਂ ਤੇ ਮੋਹ ਦੇ ਦੀਵੇ ਬਾਲ ਕੇ ਪਿੰਡ ਵਾਸੀ ਆਪਣੇ ਪਿੰਡ ਦੇ ਬਹਾਦਰ ਸਪੂਤ ਨੂੰ ਉਡੀਕ ਰਹੇ ਹਨ। 23 ਸਾਲਾਂ ਤੋਂ ਫੇਰ ਦੀਵਾਲੀ ਵਾਂਗ ਦੀਵੇ ਜਗਣਗੇ ਉਸ ਘਰ ਦੇ ਬੂਹੇ ਅੱਗੇ ਅਤੇ ਹਰ ਦਰਦਮੰਦ ਸਿੱਖ ਦੇ ਘਰ ਦੀਆਂ ਬਰੂਹਾਂ ’ਤੇ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਜਲਦ ਹੀ ਪ੍ਰੋ. ਭੁੱਲਰ ਨੂੰ ਘਰ ਭੇਜੇ। ਕੀ ਪੰਜਾਬ ਦੇ ਮੁੱਖ ਮੰਤਰੀ ਉਸ ਪੁਲਿਸ ਅਫਸਰ ਦਾ ਨਾਂਅ ਨਸਰ ਕਰਨ ਦੀ ਜਹਿਮਤ ਉਠਾਉਣਗੇ ਕਿ ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਭੁੱਲਰ ਅਤੇ ਉਸ ਦੇ ਮਾਸੜ ਨੂੰ ਕਤਲ ਕਰਕੇ ਕਿੱਥੇ ਖਪਾਇਆ ਗਿਆ ਹੈ? ਸਾਲ 2008 ’ਚ ਮੁੱਖ ਮੰਤਰੀ ਨੇ ਪ੍ਰੋ. ਭੁੱਲਰ ਨੂੰ ਜਦੋਂ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਉਣ ਦੀ ਗੱਲ ਚੱਲੀ ਸੀ, ਤਾਂ ਅਕਾਲੀ ਸਰਕਾਰ ਨੇ ਅਦਾਲਤ ਵਿੱਚ ਇਹ ਹਲਫੀਆ ਬਿਆਨ ਦੇ ਕੇ ਕਿ ਪ੍ਰੋ. ਭੁੱਲਰ ਖ਼ਤਰਨਾਕ ਅਪਰਾਧੀ ਹੈ ਉਸ ਨੂੰ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਨ ਕਰਕੇ ਪੰਜਾਬ ’ਚ ਅਮਨ ਸ਼ਾਂਤੀ ਨੂੰ ਖ਼ਤਰਾ ਹੈ। ਪਰ ਮੁੱਖ ਮੰਤਰੀ ਜੀ ਤੁਸੀਂ ਇੱਕ ਪਾਸੇ ਸਿੱਖਾਂ ਦੇ ਹਿਤੈਸ਼ੀ ਅਖਵਾਉਂਦੇ ਹੋ ਪਰ ਕੌਮ ਨੂੰ ਬਰਬਾਦ ਕਰਨ ’ਤੇ ਤੁਲੇ ਹੋ।

ਵੇਰਵਾ : ਗੁਰਨੈਬ ਸਿੰਘ ਸਾਜਨ ਪਿੰਡ ਡਾਕਖਾਨਾ ਦਿਓਣ (ਬਠਿੰਡਾ)