ਬਾਬਾ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਹਮਲਾ
ਗਿਆਨੀ ਅਵਤਾਰ ਸਿੰਘ
ਜਿਲਾ ਲੁਧਿਆਣਾ ’ਚ ਪੈਂਦੇ ਮੁੱਲਾਂਪੁਰ ਦਾਖਾ ਨੇੜੇ ਪਿੰਡ ਈਸੇਵਾਲ ਵਿਖੇ ਸਿੱਧਵਾਂ ਨਹਿਰ ਉੱਤੇ ਅੱਜ (17 ਮਈ ) ਰਾਤੀਂ ਕਰੀਬ 8 ਵਜੇ ਨਿਹੰਗਾਂ ਦੇ ਪਹਿਰਾਵੇ ਵਿਚ 30-35 ਹਮਲਾਵਰਾਂ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਪਹਿਲਾਂ ਹਾਕੀਆਂ ਨਾਲ ਹਮਲਾ ਕੀਤਾ ਤੇ ਫਿਰ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਜਿਸ ਵਿਚ ਉਨ੍ਹਾਂ ਦੇ ਕਰੀਬੀ ਸਾਥੀ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਸਿਰ ਵਿਚ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ।
ਬਾਬਾ ਢੱਡਰੀਆਂ ਵਾਲੇ ਪਿੰਡ ਈਸੇਵਾਲ ਵਿੱਚ ਦੀਵਾਨ ਲਗਾਉਣ ਲਈ ਜਾ ਰਹੇ ਸਨ। ਹਮਲਾਵਰਾਂ ਨੇ ਨਹਿਰ ਦੇ ਕੰਢੇ ਉੱਤੇ ਸ਼ਾਮ ਤੋਂ ਹੀ ਮਿੱਠੇ ਜਲ ਦੀ ਛਬੀਲ ਲਾਈ ਹੋਈ ਸੀ, ਉਨ੍ਹਾਂ ਨੂੰ ਪਤਾ ਸੀ ਕਿ ਢੱਡਰੀਆਂ ਵਾਲਿਆਂ ਨੇ ਇਸੇ ਰਸਤਿਓਂ ਦੀਵਾਨ ਲਈ ਜਾਣਾ ਹੈ। ਬਾਬੇ ਦੇ ਕਾਫ਼ਲੇ ਨੂੰ ਛਬੀਲ ਪਿਲਾਉਣ ਦੇ ਬਹਾਨੇ ਰੋਕਿਆ ਗਿਆ ਤੇ ਹਮਲਾ ਕਰ ਦਿੱਤਾ। ਗੋਲ਼ੀਆਂ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ ।
ਬਾਬਾ ਢੱਡਰੀਆਂ ਵਾਲੇ ਅਕਸਰ ਕਾਰ ਦੀ ਅਗਲੀ ਸੀਟ ’ਤੇ ਬੈਠਿਆ ਕਰਦੇ ਸਨ, ਪਰ ਅੱਜ ਉਨ੍ਹਾਂ ਦੀ ਥਾਂ ’ਤੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲੇ ਬੈਠੇ ਹੋਏ ਸਨ। ਹਮਲਾ ਕਰਨ ਤੋਂ ਬਾਅਦ ਜਦ ਬਾਬੇ ਦੇ ਕਾਫ਼ਲੇ ਦੀਆਂ ਗੱਡੀਆਂ ਤੇਜ਼ੀ ਨਾਲ ਅੱਗੇ ਵਧਾਈਆਂ ਗਈਆਂ ਤਾਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤੇ ਗੱਡੀਆਂ ਦੇ ਟਾਇਰਾਂ ਵਿਚ ਗੋਲ਼ੀਆਂ ਮਾਰੀਆਂ ਗਈਆਂ, ਜਿਸ ਤੋਂ ਅਨੁਮਾਨ ਲੱਗਦਾ ਹੈ ਕਿ ਇਹ ਸਾਜ਼ਸ਼ ਬਹੁਤ ਪਹਿਲਾਂ ਤੋਂ ਬੜੀ ਸੋਚੀ ਸਮਝੀ ਰਣਨੀਤੀ ਤਹਿਤ ਕੀਤੀ ਗਈ ਹੈ।
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜਾਂਚ ਅਰੰਭ ਕੀਤੀ ਗਈ ਹੈ ਪਰ ਇਸ ਘਟਨਾ ਦਾ ਹਸ਼ਰ ਵੀ ਬਰਗਾੜੀ ਵਿਖੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਵਾਙ ਬੇਨਤੀਜਾ ਹੀ ਹੋਵੇਗੀ ਕਿਉਂਕਿ ਘਟਨਾ ਦਾ ਸੰਬੰਧ 2017 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਰਾਜਨੀਤਿਕ ਸੋਚ ਅਤੇ ਗੁਰਮਤਿ ਦੇ ਸਿਧਾਂਤਕ ਮਤਭੇਦ ਦੇ ਆਸ ਪਾਸ ਹੈ, ਜਿਸ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਰਾਹੀਂ ਭਰਮਤ ਕੀਤਾ ਗਿਆ, ਜਾਪਦਾ ਹੈ। ਇਹ ਘਟਨਾ ਸਿੱਖੀ ਨੂੰ ਖ਼ਤਮ ਕਰਨ ਦੀ ਮਨਸ਼ਾ ਦਾ ਪ੍ਰਤੀਕ ਹੈ, ਜਿਸ ਦੀ ਜਿਤਨੀ ਨਿੰਦਾ ਹੋਵੇ ਓਨੀ ਘੱਟ ਹੈ।