ਬਾਪੂ ਭੱਜ ਜਾਹ ਪੱਤਰਕਾਰ ਆ ਗਿਆ

0
254

ਬਾਪੂ ਭੱਜ ਜਾਹ ਪੱਤਰਕਾਰ ਆ ਗਿਆ

ਗੁਰਨੈਬ ਸਾਜਨ ਦਿਓਣ ਮੋ: 98889-55757, 94176-28463

ਗੁਰਨੈਬ ਸਾਜਨ ਪੱਤਰਕਾਰ

 ਅਖ਼ਬਾਰਾਂ ਦੇ ਕਮਾਊ ਪੁੱਤ ਬਨਾਮ ਮੰਗਤੇ

ਕੋਈ ਵੀ ਅਖ਼ਬਾਰ ਜਾਂ ਮੈਗਜ਼ੀਨ ਕੱਢਣ ਲਈ ਉਸ ਵਿੱਚ ਇਸ਼ਤਿਹਾਰਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇੰਨ੍ਹਾਂ ਇਸ਼ਤਿਹਾਰਾਂ ਨੂੰ ਪੱਤਰਕਾਰਾਂ ਦੀ ਭਾਸ਼ਾ ਵਿਚ ਸਪਲੀਮੈਂਟ ਆਖਿਆ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਐਸੇ ਪੱਤਰਕਾਰ ਇੰਨ੍ਹਾਂ ਅਖ਼ਬਾਰਾਂ, ਮੈਗਜ਼ੀਨਾਂ ਦੇ ਕਮਾਊ ਪੁੱਤ ਬਨਾਮ ਮੰਗਤੇ ਹਨ। ਜੋ ਇੰਨ੍ਹਾਂ ਲਈ ਮਿੰਨਤਾਂ ਤਰਲੇ ਕਰਕੇ ਗੋਡਣੀਆਂ ਟੇਕ ਕੇ ਮੰਗ ਕੇ ਲਿਆਉਂਦੇ ਹਨ। ਜਦੋਂ ਤੱਕ ਇਹ ਮੰਗਤੇ ਐਸੇ ਅਦਾਰਿਆਂ ਵਿੱਚ ਹਨ ਉਦੋਂ ਤੱਕ ਦੇਸ਼ ਦਾ ਚੌਥਾ ਥੰਮ ਖੜ੍ਹਾ ਰਹੇਗਾ, ਨਹੀਂ ਤਾਂ ਥੰਮ੍ਹ ਡਿੱਗ ਪਵੇਗਾ। ਸਪਲੀਮੈਂਟ ਕੱਢਣਾ ਵੈਸੇ ਤਾਂ ਪੱਤਰਕਾਰ ਦਾ ਹੱਕ ਵੀ ਹੈ। ਜਦੋਂ ਉਹ ਸਾਰਾ ਸਾਲ ਸਿਆਸੀ, ਸਮਾਜਿਕ, ਕਲੱਬਾਂ, ਕਲਾਕਾਰਾਂ ਨੂੰ ਸੁਰਖ਼ੀਆਂ ਵਿੱਚ ਰੱਖਦਾ ਹੈ ਪਰ ਐਸੇ ਲੋਕ ਇਹ ਸਭ ਕੁੱਝ ਭੁੱਲ ਜਾਂਦੇ ਹਨ ਅਤੇ ਪੱਤਰਕਾਰਾਂ ਨਾਲ ਮੰਗਤਿਆਂ ਵਾਂਗ ਸਲੂਕ ਕਰਦੇ ਹਨ। ਭਾਵੇਂ ਕਿ ਕੁਝ ਹਿੰਦੀ ਜਾਂ ਅੰਗਰੇਜ਼ੀ ਅਖ਼ਬਾਰਾਂ ਮੈਗਜ਼ੀਨਾਂ ਦਾ ਇਸ਼ਤਿਹਾਰ ਵਿਭਾਗ ਅਤੇ ਇਸ਼ਤਿਹਾਰ ਇਕੱਠੇ ਕਰਨ ਵਾਲੇ ਵੀ ਵੱਖਰੇ ਹਨ, ਪਰ ਪੰਜਾਬੀ ਅਖ਼ਬਾਰਾਂ, ਮੈਗਜ਼ੀਨਾਂ ਦੇ ਪੱਤਰਕਾਰਾਂ ਨੂੰ ਖ਼ਬਰਾਂ ਅਤੇ ਆਰਟੀਕਲ, ਇੰਟਰਵਿਊ ਦੀ ਕਵਰੇਜ਼ ਕਰਕੇ ਦੋਹਰੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਪੱਤਰਕਾਰ ਦੀ ਤਨਖਾਹ ਅਤੇ ਜਨਾਨੀ ਦੀ ਉਮਰ ਨਹੀਂ ਪੁੱਛਣੀ ਚਾਹੀਦੀ ਕਿਉਂਕਿ ਜਿੰਨ੍ਹਾਂ ਰਿਸਕ ਲੈ ਕੇ ਮਿਹਨਤ ਮੁਸ਼ੱਕਤ, ਖ਼ਤਰਿਆਂ ਨਾਲ ਜੂਝਦਾ ਪੱਤਰਕਾਰ ਅਖ਼ਬਾਰ ਲਈ ਖ਼ਬਰਾਂ ਇਕੱਠੀਆਂ ਕਰਦਾ ਹੈ ਉਨੀ ਉਸ ਦੀ ਤਨਖਾਹ ਨਹੀਂ ਹੁੰਦੀ, ਮਤਲਬ ਨਾ-ਮਾਤਰ ਹੀ ਤਨਖ਼ਾਹ, ਪੱਤਰਕਾਰ ਆਪਣੀ ਤਨਖ਼ਾਹ ਆਪਣੀ ਬੇਇੱਜ਼ਤੀ ਦੇ ਡਰੋਂ ਨਹੀਂ ਦੱਸਦਾ ਕਿ ਜੇਕਰ ਦੱਸ ਦਿੱਤਾ ਤਾਂ ਲੋਕ ਗਾਲਾਂ ਕੱਢਣਗੇ ਕਿ ਕੀ ਤੈਨੂੰ ਕੁੱਤੇ ਨੇ ਵੱਢਿਆ ਹੈ ਹੋਰ ਕੰਮ ਨਹੀਂ ਕਰ ਹੁੰਦਾ। ਰਹੀ ਗੱਲ ਜਨਾਨੀ ਤੋਂ ਉਮਰ ਪੁੱਛਣ ਦੀ ਜਨਾਨੀ ਇਸ ਰਾਜ ਵਿੱਚ ਹੀ ਆਪਣਾ ਹੁਸਨ, ਜਵਾਨੀ ਲਕੋਈ ਰੱਖਣੀ ਹੈ ਉਸ ਨੂੰ ਡਰ ਹੁੰਦਾ ਹੈ ਕਿ ਜੇਕਰ ਉਮਰ ਦਾ ਰਾਜ ਵੀ ਖੋਲ੍ਹ ਦਿੱਤਾ ਤਾਂ ਉਸ ਦੇ ਪੱਲੇ ਰਹਿ ਵੀ ਕੀ ਜਾਵੇਗਾ।

ਇਹ ਗੱਲਾਂ ਮੈਂ ਪਾਠਕਾਂ ਨਾਲ ਇਸ ਕਰਕੇ ਸਾਂਝੀਆਂ ਕਰ ਰਿਹਾ ਹਾਂ ਕਿ ਮੈਂ ਵੀ ਲੇਖਣੀ ਦੇ ਨਾਲ-ਨਾਲ ਪੱਤਰਕਾਰ ਵੀ ਹਾਂ। ਪਿਛਲੇ ਦਸ ਸਾਲਾਂ ਤੋਂ ਅਖ਼ਬਾਰਾਂ ਨੂੰ ਖ਼ਬਰਾਂ ਭੇਜ ਕੇ ਢਿੱਡ ਭਰ ਰਿਹਾ ਹਾਂ। ਵੈਸੇ ਵੀ ਜੇਕਰ ਅਖ਼ਬਾਰਾਂ ਕੋਲ ਪੱਤਰਕਾਰ ਨਾ ਹੋਣ ਯਾਨਿ ਜੇ ਖ਼ਬਰਾ ਹੀ ਨਾ ਹੀ ਹੋਣ ਫੇਰ ਭਲਾਂ ਅਖ਼ਬਾਰ ਜਾਂ ਮੈਗਜ਼ੀਨ ਕੱਲੇ ਇਸ਼ਤਿਹਾਰ ਨਾਲ ਕੀ ਚੱਲ ਸਕੇਗੀ? ਮੈਂ ਵੀ ਪੱਤਰਕਾਰੀ ਤਾਂ ਪੰਜਾਬੀ ਅਖ਼ਬਾਰ ਦੀ ਕਰ ਰਿਹਾ ਹਾਂ ਪਰ ਤਨਖਾਹ ਮੈਥੋਂ ਵੀ ਨਾ ਪੁੱਛਿਓ। ਯਾਨਿ ਮਹੀਨੇ ਖ਼ਬਰਾ ਇਕੱਠੀਆਂ ਕਰਨ ਲਈ ਆਪਣੀ ਤਨਖ਼ਾਹ ਤੋਂ ਤਿੰਨ ਗੁਣਾਂ ਜ਼ਿਆਦਾ ਮੋਟਰ ਸਾਈਕਲ ਵਿੱਚ ਪੈਟਰੋਲ ਫੂਕ ਦਿੰਦਾਂ ਉੱਪਰੋਂ ਮੋਟਰ ਸਾਈਕਲ ਦੀ ਘਸਾਈ, ਕਿਸ਼ਤਾਂ ਆਦਿ ਹਰ ਮਹੀਨੇ ਮੂੰਹ ਅੱਡੀ ਖੜੇ ਹੁੰਦੇ ਹਨ। ਜੇਕਰ ਇਕੱਲਾ ਪੱਤਰਕਾਰ ਹੀ ਹੁੰਦਾ ਤਾਂ ਕੁਝ ਦੂਜੇ ਪਾਸੇ ਹੱਥ ਪੱਲਾ ਵੀ ਸ਼ਾਇਦ ਮਾਰ ਲੈਂਦਾ। ਪਰ ਲੇਖਣੀ ਦੇ ਕੀੜੇ ਕਾਰਨ ਗ਼ਲਤ ਕੰਮ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦਾ ਹਾਂ। ਇਹ ਵੀ ਸੋਚਦਾ ਹਾਂ ਕਿ ਲੇਖਣੀ ਬਦੌਲਤ ਮੇਰੇ ਨਾਲ ਸੈਂਕੜੇ ਮੇਰੇ ਪਾਠਕ ਜੁੜੇ ਹਨ। ਬੇਬਾਕ ਅਤੇ ਨਿਧੜਕ ਲੇਖਣੀ ਕਰਕੇ ਅਨੇਕਾਂ ਕਲਾਕਾਰਾਂ, ਸਿਆਸੀ, ਸਮਾਜਿਕ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਠੇਕੇਦਾਰਾਂ ਨਾਲ ਸੱਚ ਦੇ ਅੰਗ ਸੰਗ ਵਿਚਰਦਿਆਂ ਕਈ ਵਾਰ ਖਟ-ਪਟ ਹੋਈ ਹੈ। ਪਰ ਮੈਂ ਆਪਣੀ ਕਲਮ ਨੂੰ ਸਾਣ ਉੱਪਰ ਲਾ ਕੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜੰਗ ਜਾਰੀ ਰੱਖਦਾ ਹਾਂ। ਮੇਰੇ ਵਰਗੇ ਬੰਦੇ ਨੂੰ ਤਾਂ ਪੱਤਰਕਾਰੀ ਕਰਨੀ ਹੋਰ ਵੀ ਔਖੀ ਹੈ ਕਿਉਂਕਿ ਜਦੋਂ ਖ਼ਬਰਾਂ ਹੀ ਖਿਲਾਫ਼ ਲਾਈਆਂ ਫੇਰ ਸਪਲੀਮੈਂਟ ਕਿੱਥੋਂ ਪੂਰਾ ਹੋਏ? ਜਿਹੜੇ ਅਖ਼ਬਾਰ ਵਿੱਚ ਮੈਂ ਕੰਮ ਕਰਦਾ ਹਾਂ ਉਨ੍ਹਾਂ ਕਦੇ ਮੇਰੇ ਉੱਪਰ ਸਪਲੀਮੈਂਟ ਦਾ ਬੋਝ ਨਹੀਂ ਪਾਇਆ, ਪਰ ਆਪ ਹੀ ਸਪਲੀਮੈਂਟ ਕੱਢ ਲਈਦਾ ਹੈ ਕਿ ਚੱਲੋ ਇਸ਼ਤਿਹਾਰਾਂ ਦੇ ਕਮਿਸ਼ਨ ਜ਼ਰੀਏ ਚਾਰ ਪੈਸੇ ਬੋਝੇ ਪੈ ਜਾਣਗੇ। ਰਾਜੇ ਹਰੀਸ਼ ਚੰਦਰ ਵਾਂਗ ਐਨਾਂ ਸੱਚਾ ਵੀ ਨਹੀਂ ਕਿ ਸੱਚ ਤੋਂ ਸਿਵਾ ਕੁਝ ਬੋਲ ਹੀ ਨਾ ਸਕਾਂ। ਗ੍ਰਹਿਸਥੀ ਬੰਦਾ ਹਾਂ ਕਿਤੇ ਝੂਠ ਬੋਲਣਾ ਵੀ ਪੈਂਦਾ ਹੋਵੇ।

ਪਰ ਅੰਦਰ ਲੇਖਕ ਬੈਠਾ ਹੋਣ ਕਰਕੇ ਗ਼ਲਤ ਕਰਨ ਤੋਂ ਵਰਜਦਾ ਰਹਿੰਦਾ ਹੈ। ਵੈਸੇ ਵੀ ਮੇਰੀ ਕਲਮ ਠਾਹ-ਸੋਟਾ ਹੈ। ਕਈ ਪੱਤਰਕਾਰ ਆਪਣੀ ਪੱਤਰਕਾਰੀ ਜ਼ਰੀਏ ਕਾਰਾਂ-ਕੋਠੀਆਂ-ਮਹਿੰਗੇ ਮੋਬਾਇਲ ਹਰ ਐਸ਼ ਆਰਾਮ ਕਰਦੇ ਵੇਖੇ ਹਨ ਪਰ ਮੈਂ ਜਦੋਂ ਤੋਂ ਲੇਖਣੀ, ਪੱਤਰਕਾਰੀ ਦਾ ਰਾਸਤਾ ਫੜਿਆ ਹੈ ਮੇਰਾ ਚੰਗਾ-ਭਲਾ ਚੱਲਦਾ ਫੋਟੋ ਸਟੂਡੀਓ ਵੀ ਬੰਦ ਹੋਣ ਕਿਨਾਰੇ ਹੈ ਘਰ ਦੀ ਕਬੀਲਦਾਰੀ ਵੱਡੀ ਹੈ। ਬੱਚੇ ਵੱਡੀਆਂ ਕਲਾਸਾਂ ਵਿੱਚ ਪੜ੍ਹਦੇ ਹਨ। ਮੇਰਾ ਆਪਣੇ ਹੀ ਪਿੰਡ ਫੋਟੋ ਸਟੂਡੀਓ ਹੈ ਲੋਕ ਮੈਨੂੰ ਸਿਰਫ਼ ਪੱਤਰਕਾਰ ਸਮਝਦੇ ਹਨ ਕਿ ਇਸ ਦੀ ਤਨਖਾਹ ਹੀ ਐਨੀ ਹੋਣੀ ਕਿ ਏਹਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਇਸ ਕਰਕੇ ਪਹਿਲਾਂ ਜੋ ਰੋਜ਼ੀ-ਰੋਟੀ ਹਰ ਸਾਲ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਰਕੇ ਮਿਲਦੀ ਸੀ। ਹੁਣ ਮੇਰੀ ਸੱਚ ’ਤੇ ਚਲਦੀ ਕਲਮ ਨੇ ਮੇਰੇ ਕੰਮ ਵਿੱਚ ਰੁਕਾਵਟ ਪਾਈ ਹੈ। ਵੈਸੇ ਵੀ ਸੱਚੇ ਬੰਦੇ ਦਾ ਕਦੋਂ ਸਮਾਂ ਰਿਹਾ ਹੈ ਸੱਚੇ ਬੰਦੇ ਤੋਂ ਲੋਕ ਦੂਰ ਭੱਜਦੇ ਹਨ ਕਿ ਏਹਨੇ ਆਪ ਤਾਂ ਭੁੱਖਾ ਮਰਨਾ ਹੀ ਹੈ ਆਪਾਂ ਏਹਦੇ ਨੇੜੇ ਆ ਕੇ ਭੁੱਖਾ ਮਰਨਾ ! ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਵਿੱਚ ਛਪਦੇ ਹਰ ਅਖ਼ਬਾਰ ਮੈਗਜ਼ੀਨ ਵਿੱਚ ਮੈਂ ਆਪਣੀਆਂ ਲਿਖਤਾਂ ਭੇਜਦਾ ਆ ਰਿਹਾ ਹਾਂ। ਮੈਨੂੰ ਗਿਣਤੀ ਨਹੀਂ ਕਿ ਕਿੰਨੀਆਂ ਛਪ ਗਈਆਂ, ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੀਆਂ। ਅਖ਼ਬਾਰਾਂ ਦੇ ਸਪਲੀਮੈਂਟ ਕੱਢਣੇ ਬਹੁਤ ਔਖੇ ਲੱਗਦੇ ਨੇ। ਮੰਗਤਿਆਂ ਵਾਂਗ ਝੋਲੀ ਫੈਲਾਉਣੀ। ਹਰ ਸਿਆਸੀ, ਸਮਾਜਿਕ, ਧਾਰਮਿਕ ਅਤੇ ਆਮ ਬੰਦਾ ਚਾਹੁੰਦੈ ਕਿ ਉਸ ਦਾ ਨਾਂਅ, ਉਸ ਦੀ ਫੋਟੋ, ਅਖ਼ਬਾਰ ਵਿਚ ਹਰ ਰੋਜ਼ ਤਾਂ ਛਪੇ, ਪਰ ਦੇਣਾ ਕੁਝ ਨਾ ਪਵੇ। ਇਕ ਵਾਰ ਮੈਂ ਆਪਣੇ ਅਖ਼ਬਾਰ ਦਾ ਸਪਲੀਮੈਂਟ ਕੱਢਣ ਲਈ ਲੋਕਾਂ ਤੱਕ ਪਹੁੰਚ ਕੀਤੀ, ਫੋਨ ਉੱਪਰ ਸੰਪਰਕ ਕੀਤਾ। ਫੇਰ ਉਹ ਖ਼ਬਰਾਂ ਲਗਵਾਉਣ ਵਾਲੇ ਸਖ਼ਸ਼, ਕਿਤੇ ਮੈਂ ਤਾਂ ਘਰੋਂ ਬਾਹਰ ਹਾਂ, ਕਿਤੇ ਯਾਰ ਕੱਲ੍ਹ ਨੂੰ ਮਿਲਦੇ ਹਾਂ। ਕਿਤੇ ਯਾਰ ਰਿਸ਼ਤੇਦਾਰੀ ’ਚ ਮਰਗ ਹੋ ਗਈ, ਮੇਰਾ ਫਲਾਣਾ ਰਿਸ਼ਤੇਦਾਰ ਹਸਪਤਾਲ ਦਾਖ਼ਲ ਹੈ, ਯਾਰ ਤੇਰੀ ਭਰਜਾਈ ਢਿੱਲੀ ਹੋ ਗਈ ਸੀ, ਉਸ ਉੱਪਰ ਜ਼ਿਆਦਾ ਪੈਸਾ ਲੱਗ ਗਿਆ। ਸਰਪੰਚ ਕਹਿ ਦਿੰਦੇ ਨੇ ਯਾਰ ਸਰਕਾਰ ਗਰਾਂਟਾਂ ਤਾਂ ਦਿੰਦੀ ਨੀ ਉੱਪਰੋਂ ਵੰਗਾਰਾਂ ਬਹੁਤ ਨੇ, ਕਿਤੇ ਥਾਣੇਦਾਰ ਨੇ, ਕਿਤੇ ਪਟਵਾਰੀ ਨੇ, ਕਿਤੇ ਹੋਰ ਸਰਕਾਰੀ ਅਦਾਰੇ ਦੇ ਮੁਲਾਜ਼ਮਾਂ ਨੇ ਵੰਗਾਰ ਪਾ ਦਿੱਤੀ। ਉੱਪਰੋਂ ਪੱਤਰਕਾਰਾਂ ਨੂੰ ਜੇ ਇਸ਼ਤਿਹਾਰ ਨਾ ਦੇਈਏ ਤਾਂ ਇੰਨ੍ਹਾਂ ਪਤੰਦਰਾ ਤੋਂ ਵੀ ਡਰ ਲੱਗਦਾ ਹੈ। ਕਿਤੇ ਪੁੱਠੀ-ਸਿੱਧੀ ਖ਼ਬਰ ਹੀ ਨਾ ਲਾ ਦੇਣ। ਸਾਰੀਆਂ ਗਰਾਂਟਾਂ ਤਾਂ ਸਹੀ ਢੰਗ ਨਾਲ ਨਹੀਂ ਲੱਗਦੀਆਂ। ਐਸੀ ਬਹਾਨੇਬਾਜ਼ੀ, ਕਈ ਵਾਰ ਤਾਂ ਘਰੇ ਹੀ ਹੁੰਦੇ ਨੇ ਜਦ ਫੋਨ ’ਤੇ ਗੱਲ ਕਰੀਦੀ ਐ ਤਾਂ ਕਹਿ ਦਿੰਦੇ ਨੇ ਯਾਰ ਰਿਸ਼ਤੇਦਾਰੀ ’ਚ ਕਿਤੇ ਮਰਗ ਦੇ ਭੋਗ ’ਤੇ ਗਿਆ ਹਾਂ, ਬਾਅਦ ਵਿੱਚ ਗੱਲ ਕਰਦਾ। ਇਕ ਵਾਰ ਮੇਰੇ ਨਾਲ ਐਸਾ ਵਾਪਰਿਆ ਮੈਂ ਜਦ ਇਕ ਸਰਪੰਚ ਕੋਲ ਕਈ ਗੇੜੇ ਮਾਰ ਦਿੱਤੇ ਉਸ ਨੇ ਕੋਈ ਪੱਲਾ ਨਾ ਫੜਾਇਆ। ਹਰ ਵਾਰ ਕੋਈ ਨਵੀਂ ਗੱਲ ਹੀ ਦੱਸਦਾ। ਹੁਣ ਤਾਂ ਘਰੇ ਗਏ ਨੂੰ ਚਾਹ-ਪਾਣੀ ਵੀ ਪੁੱਛਣੋਂ ਹੱਟ ਗਿਆ। ਇਕ ਵਾਰ ਮੈਂ ਅੱਕ ਕੇ ਦਿਲ ਵਿੱਚ ਠਾਣ ਲਈ ਕਿ ਇਸ ਦਾ ਝੂਠ ਜ਼ਰੂਰ ਫੜਨਾ ਹੈ। ਮੈਂ ਸਰਪੰਚ ਦੇ ਗੁਆਂਢੀ ਜੋ ਮੇਰਾ ਖਾਸ ਮਿੱਤਰ ਸੀ ਉਸ ਨੂੰ ਆਪਣੀ ਕਹਾਣੀ ਦੱਸ ਦਿੱਤੀ ਉਹ ਕਹਿੰਦਾ ਯਾਰ ਜਿਹੜੇ ਦਿਨਾਂ ’ਚ ਤੂੰ ਸਰਪੰਚ ਬਾਹਰ ਗਿਆ ਦੱਸਦਾ ਹੈਂ, ਇੰਨ੍ਹਾਂ ਦਿਨਾਂ ’ਚ ਤਾਂ ਸਰਪੰਚ ਘਰ ਹੀ ਸੀ। ਮੈਂ ਆਖਿਆ ਮਿੱਤਰਾ ਤੂੰ ਸਰਪੰਚ ਦੀ ਬਿੜਕ ਰੱਖੀ ਮੈਂ ਕੱਲ੍ਹ ਨੂੰ ਸਵੱਖਤੇ ਹੀ ਆਵਾਂਗਾ। ਸਰਪੰਚ ਦਾ ਘਰ ਪਿੰਡ ਦੀ ਫਿਰਨੀ ’ਤੇ ਸੀ। ਘਰ ਦੇ ਗੇਟ ਅੱਗੇ ਪਿੱਛੇ ਦੋ ਸਨ। ਮੈਂ ਦੂਜੇ ਦਿਨ ਸਵੇਰੇ ਹੀ ਆ ਕੇ ਉਸ ਦੇ ਘਰ ਅੱਗਿਓ ਸਰਪੰਚ ਨੂੰ ਫੋਨ ਲਾ ਲਿਆ। ਕਹਿੰਦਾ ਮੈਨੂੰ ਤਾਂ ਤਿੰਨ-ਚਾਰ ਦਿਨ ਲੱਗਣਗੇ। ਕਿਸੇ ਮੁਸੀਬਤ ’ਚ ਹਾਂ ਰਿਸ਼ਤੇਦਾਰੀ ’ਚ ਗਿਆ ਆ ਕੇ ਗੱਲ ਕਰਾਂਗੇ। ਮੇਰਾ ਦੋਸਤ ਕਹਿੰਦਾ ਘਰ ਹੀ ਐ, ਹੁਣੇ ਤਾਂ ਖੇਤਾਂ ’ਚੋਂ ਆਇਆ। ਮੈਂ ਗੇਟ ਖੜਕਾ ਦਿੱਤਾ ਉਸ ਦੇ ਮੁੰਡੇ ਨੇ ਗੇਟ ਖੋਹਲਦਿਆਂ ਕਿਹਾ ਬਾਪੂ ਭੱਜ ਜਾ ਪੱਤਰਕਾਰ ਆ ਗਿਆ। ਸਰਪੰਚ ਦਾ 8-10 ਸਾਲਾਂ ਦਾ ਮੁੰਡਾ ਕਹਿੰਦਾ ਬਾਪੂ ਤਾਂ ਘਰੇ ਨਹੀਂ, ਮੈਂ ਭੱਜ ਕੇ ਦੂਜੇ ਗੇਟ ਅੱਗੇ ਬਾਹਰ ਦੀ ਭੱਜ ਕੇ ਖੜ ਗਿਆ। ਅੱਗੋਂ ਸਰਪੰਚ ਸਾਹੋ-ਸਾਹ ਹੋਇਆ ਆਵੇ। ਮੈਂ ਕਿਹਾ ਸਰਪੰਚਾਂ ਸਾਹ ਲੈ-ਲੈ ਹੁਣ ਨੀ ਭੱਜਣ ਦਿੰਦਾ। ਕਹਿੰਦਾ ਯਾਰ ਤੂੰ ਬੜੀ ਖੱਲ ਖਾਧੀ ਐ, ਗਰਾਂਟ ਕੋਈ ਮਿਲੀ ਨਹੀਂ, ਪੱਲਿਓ ਪੈਸੇ ਲਾ ਕੇ ਘਰ ਮੂਧਾ ਕਰ ਲਿਆ। ਮੈਂ ਕਿਹਾ ਸਰਪੰਚਾ ਗੱਲ ਇਸ਼ਤਿਹਾਰ ਦੀ ਨਹੀਂ ਹੈ, ਗੱਲ-ਗੱਲ ’ਤੇ ਝੂਠ ਬੋਲਣਾ ਮਾੜਾ ਹੈ। ਤੂੰ ਮੇਰੀ ਇਕ ਨਹੀਂ ਬਹੁਤ ਵਾਰ ਭਕਾਈ ਕਰਵਾਈ ਹੈ ਤੂੰ ਪਹਿਲਾਂ ਹੀ ਆਪਣੀ ਮਜ਼ਬੂਰੀ ਦੱਸ ਦੇਣੀ ਸੀ। ਕਹਿੰਦਾ ਯਾਰ ਪੱਤਰਕਾਰਾਂ ਤੋਂ ਡਰ ਲੱਗਦੈ ਕਿਤੇ ਪੁੱਠੀ ਸਿੱਧੀ ਖ਼ਬਰ ਲਾ ਦਿੰਦੇ ਐ। ਮੁਆਫ਼ ਕਰਨਾ ਅਗਲੀ ਵਾਰ ਸਹੀ। ਐਸੀ ਘਟਨਾ ਇਕ ਵਾਰ ਨਹੀਂ ਅਨੇਕਾਂ ਵਾਰ ਹੋਈ ਹੈ। ਪਹਿਲਾਂ ਅਖ਼ਬਾਰ ’ਚ ਲਾਉਣ ਲਈ ਇਸ਼ਤਿਹਾਰ ਕੱਠੇ ਕਰੋ ਫੇਰ ਜਦੋਂ ਸਪਲੀਮੈਂਟ ਲੱਗ ਗਿਆ ਫੇਰ ਘਰ-ਘਰ ਜਾ ਕੇ ਪੈਸਾ ਇਕੱਠਾ ਕਰੋ। ਇਹ ਲੋਕ ਖ਼ਬਰਾਂ ਰਾਹੀਂ ਆਪਣੀ ਚੌਧਰ ਤਾਂ ਚਮਕਾਉਣੀ ਚਾਹੁੰਦੇ ਨੇ ਪਰ ਜੇਬ ਢਿੱਲੀ ਨਹੀਂ ਕਰਨੀ ਚਾਹੁੰਦੇ। ਬੜੇ ਢੀਠਪੁਣੇ ਦਾ ਕੰਮ ਹੈ ਸਪਲੀਮੈਂਟ ਇਕੱਠਾ ਕਰਨਾ। ਹਾਂ ਕੁਝ ਸਥਾਪਿਤ ਪੱਤਰਕਾਰ, ਸਟਾਫ਼ ਰਿਪੋਰਟਰ ਵੀ ਹਨ, ਜੋ ਹਰ ਤਿੰਨ ਜਾਂ ਛੇ ਮਹੀਨੇ ਬਾਅਦ ਸਪਲੀਮੈਂਟ ਤਾਂ ਕੱਢਦੇ ਹਨ ਪਰ ਲੋਕ ਉਨ੍ਹਾਂ ਨੂੰ ਮੈਟਰ ਅਤੇ ਪੈਸਾ ਆਪ ਆ ਕੇ ਦਿੰਦੇ ਹਨ। ਪਿੰਡਾਂ-ਕਸਬਿਆਂ, ਮੰਡੀਆਂ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਮਿੱਟੀ, ਘੱਟੇ, ਮੀਂਹ, ਹਨੇਰੀ, ਗ਼ਰਮੀ ਸਰਦੀ ਵਿਚੋਂ ਪਿੰਡ-ਪਿੰਡ ਖੇਤਾਂ ਬੰਨਿਆਂ ਤੋਂ ਖ਼ਬਰਾਂ ਇਕੱਠੀਆਂ ਕਰਨੀਆਂ ਪੈਂਦੀਆਂ ਹਨ। ਪਰ ਜਦੋਂ ਕੋਈ ਅਦਾਰੇ ਵੱਲੋਂ ਜਾਂ ਸਰਕਾਰਾਂ ਵੱਲੋਂ ਕੋਈ ਸਹੂਲਤ ਮਿਲਣੀ ਹੁੰਦੀ ਐ ਉਹ ਸ਼ਹਿਰੀ ਏ. ਸੀ. ਕਮਰਿਆਂ ਵਿਚ, ਪ੍ਰੈਸ ਨੋਟਾਂ ਰਾਂਹੀ ਖ਼ਬਰਾਂ ਬਣਾਉਣ ਵਾਲੇ ਪੱਤਰਕਾਰਾਂ ਨੂੰ ਮਿਲਦੀ ਹੈ। ਜਿਵੇਂ ਕਹਿੰਦੇ ਨੇ ‘ਕਿਸੇ ਬੰਦੇ ਨੂੰ ਕੁੱਤੇ ਨੇ ਕੱਟ ਲਿਆ’ ਖ਼ਬਰ ਨਹੀਂ, ਸਗੋਂ ‘ਬੰਦੇ ਨੂੰ ਕੁੱਤੇ ਨੂੰ ਕੱਟ ਲਿਆ’ ਖ਼ਬਰ ਹੈ। ਵੈਸੇ ਵੀ ਖ਼ਬਰ ਪੈਦਾ ਕਰਨੀ ਪੈਂਦੀ ਹੈ। ਪ੍ਰੈਸ ਨੋਟ ਤੋਂ ਖ਼ਬਰ ਬਣਾਉਣ ਵਾਲਿਆਂ ਦੀ ਬਹੁਤਾਤ ਹੈ। ਉਹ ਹੀ ਅਫ਼ਸਰਸ਼ਾਹੀ, ਲੀਡਰਾਂ ਅਤੇ ਅਦਾਰੇ ਦੇ ਨੇੜੇ ਹੁੰਦੇ ਹਨ। ਪਿੰਡਾਂ ਦੇ ਦੇਸੀ ਪੱਤਰਕਾਰਾਂ ਨੂੰ ਕੌਣ ਪੁੱਛਦੈ? ਕਿਉਂਕਿ ਉਨ੍ਹਾਂ ਦੀ ਡੋਰ ਤਾਂ ਸ਼ਹਿਰ ਦੇ ਸਬ ਆਫ਼ਿਸ ’ਚ ਬੈਠੇ ਸਟਾਫ਼ ਰਿਪੋਰਟਰ ਦੇ ਹੱਥ ’ਚ ਹੁੰਦੀ ਹੈ। ਕੀਹਦੀ ਖ਼ਬਰ ਲਾਉਣੀ ਐ ਕੀਹਦੀ ਨਹੀਂ, ਇਹ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ। ਵੈਸੇ ਮੇਰੀ ਅਖ਼ਬਾਰਾਂ, ਮੈਗਜ਼ੀਨਾਂ ਦੇ ਸੰਪਾਦਕਾਂ ਨੂੰ ਬੇਨਤੀ ਹੈ ਕਿ ਕਦੇ ਇੰਨ੍ਹਾਂ ਪੱਤਰਕਾਰਾਂ ਦੀ ਵੀ ਸਾਰ ਲਈ ਜਾਵੇ। ਜੋ ਸਭ ਤੋਂ ਵੱਧ ਮਿਹਨਤ ਅਤੇ ਅਦਾਰੇ ਦੀ ਆਰਥਿਕਤਾ ਮਜ਼ਬੂਤ ਕਰਨ ਵਾਲੇ ਕਮਾਊ ਪੁੱਤਰ ਹੁੰਦੇ ਹਨ। ਜਦੋਂ ਘਰ ਦਾ ਮੁੱਖੀ ਆਪਣੇ ਪਰਿਵਾਰ ਨਾਲ ਪੱਖਪਾਤ ਕਰਨ ਲੱਗ ਜਾਵੇ ਤਾਂ ਫਿਰ ਪਿਆਰ ਵਿਹੂਣੀ ਔਲਾਦ ਨਿਮਾਣੀ ਬਣ ਜਾਂਦੀ ਹੈ ਅਤੇ ਆਪਣੇ ਘਰ ਦੇ ਮੁੱਖੀ ਦੇ ਨਾਲ ਨਫ਼ਰਤ ਕਰਨ ਲੱਗ ਜਾਂਦੀ ਹੈ।

ਵੇਰਵਾ : ਗੁਰਨੈਬ ਸਾਜਨ ਦਿਓਣ ਪਿੰਡ ਤੇ ਡਾਕ: ਦਿਓਣ, ਜ਼ਿਲ੍ਹਾ ਬਠਿੰਡਾ