ਪੰਜਾਬ ਵਿਚ ਕੇਸਾਂ ਦੀ ਘੱਟਦੀ ਮਹੱਤਤਾ, ਚਿੰਤਾ ਦਾ ਵਿਸ਼ਾ

0
315

ਪੰਜਾਬ ਵਿਚ ਕੇਸਾਂ ਦੀ ਘੱਟਦੀ ਮਹੱਤਤਾ, ਚਿੰਤਾ ਦਾ ਵਿਸ਼ਾ

ਬਲਜੀਤ ਸਿੰਘ ਨਾਭਾ

ਪੰਜਾਬ ਵਿਚ ਕੇਸਾਂ ਦੀ ਮਹੱਤਤਾ ਲਗਾਤਾਰ ਘੱਟਦੀ ਜਾ ਰਹੀ ਹੈ। ਕਿਸੇ ਸਕੂਲ ਜਾਂ ਕਾਲਜ ਵਿਚ ਨਿਗਾਾਹ ਮਾਰੀ ਜਾਵੇ ਤਾਂ 10 ਫੀਸਦੀ ਤੋਂ ਵੱਧ ਵਿਦਿਆਰਥੀ ਪੂਰਨ ਰੂਪ ਵਿਚ ਕੇਸਾਧਾਰੀ ਨਹੀਂ ਲੱਭਦੇ। ਉਸ ਤੋਂ ਵੱਧ ਵੱਡੀ ਚਿੰਤਾ ਦਾ ਵਿਸ਼ਾ ਇਨ੍ਹਾਂ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਅਧਿਆਪਕ ਹਨ, ਜੋ ਜ਼ਿਆਦਾਤਰ ਸਿੱਖ ਪਰਿਵਾਰਾਂ ਨਾਲ ਸੰਬੰਧਤ ਹੁੰਦੇ ਹੋਏ ਵੀ ਦਾੜ੍ਹੀ ਅਤੇ ਕੇਸ ਕਟਵਾ ਕੇ ਸਕੂਲ ਵਿਚ ਆਉਣ ਨੂੰ ਆਪਣਾ ਸੁਹੱਪਣ ਸਮਝਦੇ ਹਨ। ਬੜੇ ਦੁੱਖ ਦੀ ਗੱਲ ਹੈ ਕਿ 60 ਫੀਸਦੀ ਤੋਂ ਵੱਧ ਸਿੱਖਾਂ ਦੀ ਆਬਾਦੀ ਵਾਲੇ ਪੰਜਾਬ ਵਿਚ ਕੇਵਲ 15 ਫੀਸਦੀ ਅਧਿਆਪਕ ਹੀ ਆਪਣੇ ਪੂਰਨ ਗੁਰਸਿੱਖੀ ਰੂਪ ਵਿਚ ਮਿਲਦੇ ਹਨ। ਹੁਣ ਕੇਸ ਕਟਵਾਉਣਾ ਇਕ ਰਿਵਾਜ਼ ਬਣ ਗਿਆ ਹੈ। ਪਿਛਲੇ 10-15 ਸਾਲਾਂ ਤੋਂ ਇਸ ਰੁਝਾਨ ਵਿਚ ਕਾਫੀ ਵਾਧਾ ਹੋਇਆ ਹੈ। ਸਭ ਤੋਂ ਵੱਧ ਖਤਰਨਾਕ ਰੁਝਾਨ ਜੋ ਅੱਜਕੱਲ੍ਹ ਵਿਚ ਸਾਡੇ ਪੰਜਾਬ ਵਿਚ ਸ਼ੁਰੂ ਹੋਇਆ ਹੈ, ਉਹ ਹੈ ਔਰਤਾਂ ਦਾ ਵਾਲ ਕਟਵਾਉਣਾ। ਕੁਝ ਸਮਾਂ ਪਹਿਲਾਂ ਲੰਮੇ ਵਾਲ ਔਰਤਾਂ ਦੀ ਸੁੰਦਰਤਾ ਦਾ ਪ੍ਰਤੀਕ ਮੰਨੇ ਜਾਂਦੇ ਸਨ ਪਰ ਹੁਣ ਔਰਤਾਂ ਵਲੋਂ ਵਾਲ ਕਟਵਾ ਕੇ ਪੋਨੀ ਟੇਲ ਰੱਖਣ ਦਾ ਰਿਵਾਜ਼ ਫਿਰ ਜ਼ੋਰ ਫੜ ਰਿਹਾ ਹੈ। ਇਹ ਕੇਵਲ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਸਗੋਂ ਪਿੰਡਾਂ ਵਿਚ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਤੋਂ ਲੈ ਕੇ ਪੜ੍ਹਨ ਵਾਲੀਆਂ ਬੱਚੀਆਂ ਤੱਕ ਫੈਲ ਚੁਕਿਆ ਹੈ। ਜਿਸ ਸਮਾਜ ਵਿਚ ਔਰਤ ਇਸ ਤਰ੍ਹਾਂ ਦੀਆਂ ਕਾਰਵਾਈਆਂ ’ਤੇ ਉਤਰ ਜਾਵੇ ਤਾਂ ਉਸ ਸਮਾਜ ਅਤੇ ਧਰਮ ਦਾ ਜਲਦੀ ਹੀ ਕੀ ਬਣਨ ਵਾਲਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਧਿਆਪਕ, ਕੌਮ ਅਤੇ ਦੇਸ਼ ਦੇ ਨਿਰਮਾਤਾ ਹੁੰਦੇ ਹਨ ਪਰ ਜੇ ਉਹ ਆਪ ਪਤਿਤਪੁਣੇ ਦਾ ਸਿਕਾਰ ਹੋ ਜਾਣ ਤਾਂ ਕੌਮ ਦਾ ਢਹਿੰਦੀਆਂ ਕਲਾਂ ਵਿਚ ਜਾਣਾ ਨਿਸ਼ਚਿਤ ਹੋ ਜਾਂਦਾ ਹੈ। ਅਧਿਆਪਕ ਵਰਗ ਸਭ ਤੋਂ ਵੱਧ ਪੜ੍ਹਿਆ ਲਿਖਿਆ ਵਰਗ ਮੰਨਿਆ ਜਾਂਦਾ ਹੈ। ਕਿਸੇ ਸਮੇਂ ਗੁਰੂ ਦਾ ਦਰਜਾ ਰੱਖਣ ਵਾਲੇ ਅਧਿਆਪਕ ਦੀ ਪਿਛਲੇ ਕੁਝ ਸਮੇਂ ਤੋਂ ਸਮਾਜ ਵਿਚ ਇੱਜ਼ਤ ਕਾਫੀ ਘਟੀ ਹੈ। ਅਧਿਆਪਕ ਵਰਗ ਦਾ ਇਕ ਬਹੁਤ ਵੱਡਾ ਹਿੱਸਾ ਕੁਰਾਹੇ ਪੈ ਕੇ ਸਿਰਸਾ ਅਤੇ ਬਿਆਸ ਆਦਿ ਦੇ ਡੇਰਿਆਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਅਧਿਆਪਕਾਂ ਨੂੰ ਦੇਖਦੇ ਹੋਏ, ਗਰੀਬ ਅਤੇ ਅਨਪੜ੍ਹ ਪਰਿਵਾਰਾਂ ਦੇ ਵਿਦਿਆਰਥੀ ਇਨ੍ਹਾਂ ਡੇਰਿਆਂ ’ਤੇ ਪਹੁੰਚਦੇ ਹਨ। ਸਿਰਸੇ ਵਾਲੇ ਬਾਬੇ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਬਹੁਤ ਵਧੀਆ ਤਰੀਕਾ ਅਪਣਾਇਆ। ਉਸ ਨੇ ਸਭ ਤੋਂ ਪਹਿਲਾਂ ਔਰਤ ਨੂੰ ਆਪਣੇ ਨਾਲ ਜੋੜਿਆ। ਜਦੋਂ ਕੋਈ ਔਰਤ ਕਿਸੇ ਡੇਰੇ ਨਾਲ ਜੁੜਦੀ ਹੈ ਤਾਂ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਉਸ ਨਾਲ ਜੋੜ ਲੈਂਦੀ ਹੈ। ਪਹਿਲਾਂ ਤਾਂ ਇਹ ਡੇਰੇ ਵਾਲੇ ਲੋਕਾਂ ਨੂੰ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਆਪਣਾ ਧਰਮ ਛੱਡਣ ਲਈ ਨਹੀਂ ਕਹਾਂਗੇ। ਕੇਵਲ ਚੰਗੀ ਜ਼ਿੰਦਗੀ ਜੀਊਣ ਦੇ ਕੁਝ ਨੁਕਤੇ ਹੀ ਦੱਸਾਂਗੇ ਪਰ ਹੌਲੀ-ਹੌਲੀ ਡੇਰੇ ਵਾਲੇ ਆਪਣੇ ਸ਼ਰਧਾਲੂਆਂ ਨੂੰ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਸਾਰੀਆਂ ਕਿਰਿਆਵਾਂ ਆਪਣੇ ਨਵੇਂ ਹੀ ਤਰੀਕੇ ਨਾਲ ਕਰਨ ਲਈ ਕਹਿੰਦੇ ਹਨ।

ਇਸ ਤਰ੍ਹਾਂ ਇਹ ਅਖੌਤੀ ਡੇਰੇ ਵਾਲੇ ਬੜੇ ਹੀ ਸੋਚੇ ਸਮਝੇ ਤਰੀਕੇ ਨਾਲ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਧਰਮਾਂ ਤੋਂ ਤੋੜ ਕੇ ਹਮੇਸ਼ਾਂ ਲਈ ਆਪਣੇ ਡੇਰਿਆਂ ਦੇ ਮੁਰੀਦ ਬਣਾ ਲੈਂਦੇ ਹਨ। ਧਰਤੀ ਦਾ ਬ੍ਰਹਿਮੰਡੀ ਧੁਰਾ ਸੂਰਜ ਹੈ। ਧਰਤੀ ਉੱਨਾ ਚਿਰ ਹੀ ਆਪਣੀ ਜਗ੍ਹਾਂ ਉੱਪਰ ਰਹੇਗੀ, ਜਿੰਨਾ ਚਿਰ ਤੱਕ ਆਪਣੇ ਬ੍ਰਹਿਮੰਡੀ ਧੁਰੇ ਸੂਰਜ ਦੁਆਲੇ ਚੱਕਰ ਲਗਾਉਂਦੀ ਰਹੇਗੀ। ਜਿਸ ਸਮੇਂ ਵੀ ਉਹ ਆਪਣੇ ਧੁਰੇ ਤੋਂ ਵੱਖ ਹੋਈ, ਉਹ ਵਿਸ਼ਾਲ ਬ੍ਰਹਿਮੰਡ ਵਿਚ ਭਟਕ ਜਾਵੇਗੀ ਅਤੇ ਇਸ ਦਾ ਅੰਤ ਹੋ ਜਾਵੇਗਾ। ਇਸ ਤਰ੍ਹਾਂ ਸਿੱਖੀ ਦਾ ਦਾਰਸ਼ਨਿਕ ਧੁਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਨ੍ਹਾਂ ਅਖੌਤੀ ਡੇਰਿਆਂ ਵਾਲਿਆਂ ਵਲੋਂ ਆਪਣੇ ਅਖੌਤੀ ਨਾਮ ਦੇ ਕੇ ਸਾਨੂੰ ਆਪਣੇ ਧੁਰੇ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਧੁਰੇ ਤੋਂ ਵੱਖ ਹੋਣ ਦਾ ਮਾੜਾ ਹਸ਼ਰ ਸਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਹੈ। ਆਮ ਲੋਕਾਂ ਵਿਚ ਕੇਸਾਂ ਸੰਬੰਧੀ ਆਮ ਬਹਿਸ ਹੁੰਦੀ ਦੇਖੀ ਜਾਂਦੀ ਹੈ। ਕੇਸ ਕਟਵਾਉਣ ਵਾਲਿਆਂ ਦੀਆਂ ਆਮ ਦਲੀਲਾਂ ਹੁੰਦੀਆਂ ਹਨ ‘ਕੇਸਾਂ ਵਿਚ ਕੀ ਪਿਆ ਹੈ?’ ਕੇਸ ਰੱਖਣ ਦਾ ਕੀ ਫਾਇਦਾ ਜਾਂ ਫਿਰ ਸਿੱਖੀ ਚਲਾਉਣ ਵਾਲੇ ਨੇਤਾਵਾਂ ਦਾ ਬੁਰਾ ਹਾਲ ਹੈ ਤੇ ਉਹ ਖੁਦ ਸਿੱਖ ਰਹਿਤ ਮਰਯਾਦਾ ਉੱਪਰ ਖਰੇ ਨਹੀਂ ਉਤਰਦੇ ਵਗੈਰਾ-ਵਗੈਰਾ। ਪਹਿਲਾ ਸਵਾਲ ਹੈ ਕਿ ਕੇਸ ਕਿਉਂ ਰੱਖੇ ਜਾਂਦੇ ਹਨ? ਬਹੁਤ ਹਾਸੋਹੀਣਾ ਹੈ। ਅਸਲ ਸਵਾਲ ਇਹ ਹੈ ਲੋਕ ਕੇਸ ਕਿਉਂ ਕਟਵਾਉਂਦੇ ਹਨ? ਕੇਸ ਬਾਕੀ ਅੰਗਾਂ ਦੀ ਤਰ੍ਹਾਂ ਕੁਦਰਤ ਵਲੋਂ ਬਖਸ਼ੇ ਹੋਏ ਹਨ ਅਤੇ ਸਰੀਰ ਦਾ ਇਕ ਅੰਗ ਹਨ। ਦੂਜੀ ਗੱਲ ਸਾਨੂੰ ਸਿਆਸੀ ਨੇਤਾਵਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣਨਾ ਹੈ ਨਾ ਕਿ ਕਿਸੇ ਸਿਆਸੀ ਨੇਤਾ ਦੇ। ਕੇਸਾਂ ਦੇ ਫਾਇਦੇ ਨੁਕਸਾਨ ਨੂੰ ਨਾ ਦੇਖਦੇ ਹੋਏ ਇਸ ਨੂੰ ਗੁਰੂ ਦੀ ਮੋਹਰ ਅਤੇ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਸਮਝ ਕੇ ਰੱਖਣੇ ਚਾਹੀਦੇ ਹਨ।

ਇਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਡਲੇ ਵਲੋਂ ਭੇਂਟ ਕੀਤੀ ਪਿਸਤੌਲ ਪਰਖਣ ਲਈ ਸਿੱਖਾਂ ਨੂੰ ਆਵਾਜ਼ ਲਗਾਈ ਤਾਂ ਪਿਉ-ਪੁੱਤਰ ਦੌੜ ਕੇ ਸਾਹਮਣੇ ਆਏ। ਇਸ ਵਿਚ ਫਾਇਦਾ ਨੁਕਸਾਨ ਨਹੀਂ ਸਗੋਂ ਗੁਰੂ ਦਾ ਬੁਲਾਵਾ ਸਮਝ ਕੇ ਆਪਣੇ ਆਪ ਨੂੰ ਪੇਸ਼ ਕਰਨਾ ਸੀ। ਅੱਜ ਸਾਡੇ ਵਿਚ ਇਸ ਤਰ੍ਹਾਂ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਹਰ ਗੱਲ ਵਿਚ ਨਫ਼ਾ-ਨੁਕਸਾਨ ਸੋਚਣ ਲੱਗੇ ਹਾਂ। ਕੁਦਰਤ ਨੇ ਮਰਦਾਂ ਨੂੰ ਦਾੜ੍ਹੀ ਅਤੇ ਮੁੱਛ ਉਨ੍ਹਾਂ ਦੇ ਸੋਹਣੇ ਅਤੇ ਤਾਕਤਵਰ ਹੋਣ ਦੇ ਪ੍ਰਤੀਕ ਵਜੋਂ ਦਿੱਤੀ ਹੈ। ਜੇ ਸ਼ੇਰ ਅਤੇ ਮੋਰ ਨੂੰ ਦੇਖਿਆ ਜਾਵੇ ਤਾਂ ਸ਼ੇਰ ਦੀ ਧੌਣ ’ਤੇ ਵਾਲ ਅਤੇ ਮੋਰ ਦੇ ਖੰਭ ਉਨ੍ਹਾਂ ਨੂੰ ਸ਼ੇਰਨੀ ਅਤੇ ਮੋਰਨੀ ਮੁਕਾਬਲੇ ਕਈ ਗੁਣਾਂ ਵੱਧ ਸੁੰਦਰਤਾ ਬਖਸ਼ਦੇ ਹਨ।

ਕੇਸਾਂ ਸੰਬੰਧੀ ਪੰਜਾਬ ਦੀ ਸਥਿਤੀ ਸੰਭਲਣ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜੇ ਇਸਨੂੰ ਨਾ ਸਾਂਭਿਆ ਗਿਆ ਤਾਂ ਕੇਸ ਰੱਖਣਾ ਗੁਰਦੁਆਰਿਆਂ ਦੇ ਗ੍ਰੰਥੀਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ। ਇਹ ਨੁਕਸਾਨ ਸਿੱਖ ਕੌਮ ਲਈ ਨਾ ਝੱਲਣਯੋਗ ਹੋਵੇਗਾ। ਇਸ ਸੰਬੰਧ ਵਿਚ ਅੰਗ੍ਰੇਜ਼ੀ ਦੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਕਹੇ ਸ਼ਬਦ ਯਾਦ ਆਉਂਦੇ ਹਨ ਕਿ 2050 ਤੱਕ ਪੰਜਾਬ ਵਿਚ ਸਿੱਖੀ ਸਰੂਪ ਖਤਮ ਹੋ ਜਾਵੇਗਾ। ਇਹ ਸਮਾਂ ਹੱਥ ’ਤੇ ਹੱਥ ਰੱਖ ਕੇ ਬੈਠਣ ਦਾ ਨਹੀਂ ਹੈ। ਇਸ ਸੰਬੰਧ ਵਿਚ ਸ਼ੋ੍ਰਮਣੀ ਕਮੇਟੀ ਨੂੰ ਖਾਸ ਕਦਮ ਉਠਾਉਣੇ ਪੈਣਗੇ। ਉਸ ਨੂੰ ਇਸ ਤਰ੍ਹਾਂ ਦੀਆਂ ਸੰਸਥਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ ਜਿਥੇ 75 ਫੀਸਦੀ ਤੱਕ ਸੀਟਾਂ ਗੁਰਸਿੱਖ ਵਿਦਿਆਰਥੀਆਂ ਲਈ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੜ੍ਹਾਉਣ ਵਾਲੇ ਅਧਿਆਪਕ ਵੀ ਪੂਰਨ ਗੁਰਸਿੱਖ ਹੋਣ। ਇਸ ਤੋਂ ਇਲਾਵਾ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਸਿੱਖਾਂ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾ ਕੇ ਨਵੀਂ ਪੀੜ੍ਹੀ ਵਿਚ ਗੁਰੂ ਪ੍ਰਤੀ ਵਫਾਦਾਰੀ ਦਾ ਜਜ਼ਬਾ ਭਰਿਆ ਜਾਵੇ। ਇਸਦੇ ਨਾਲ ਹੀ ਅਧਿਆਪਕ ਵਰਗ ਨੂੰ ਵੀ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਆਪਣੇ ਪੂਰਨ ਸਿੱਖੀ ਸਰੂਪ ’ਚ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਯੋਗ ਅਗਵਾਈ ਮਿਲ ਸਕੇ। ਇਸ ਤਰ੍ਹਾਂ ਕਰਨ ਨਾਲ ਸਿੱਖ ਕੌਮ ਹਮੇਸ਼ਾਂ ਵਾਂਗ ਹਰ ਮੁਸ਼ਕਲ ਦਾ ਸਾਹਮਣਾ ਕਰਦੀ ਹੋਈ ਚੜ੍ਹਦੀ ਕਲਾ ਵਿਚ ਰਹੇਗੀ ਅਤੇ ਬੁਲੰਦੀਆਂ ’ਤੇ ਜਾਵੇਗੀ।