ਪੰਜਾਬੀ ਕਿਉਂ ਨਹੀਂ ਹੋ ਸਕਦੀ ਅਦਾਲਤ ਦੀ ਭਾਸ਼ਾ ?

0
314

ਪੰਜਾਬੀ ਕਿਉਂ ਨਹੀਂ ਹੋ ਸਕਦੀ ਅਦਾਲਤ ਦੀ ਭਾਸ਼ਾ ?

ਡਾ. ਧਰਮਪਾਲ ਸਾਹਿਲ (ਪ੍ਰਿੰਸੀਪਲ) -98761-56964

ਰੂਸ ਦੇ ਮਹਾਨ ਸਾਹਿਤਕਾਰ ਰਸੂਲ ਹਮਜਾਤੋਵ ਦਾ ਕਥਨ ਹੈ ਕਿ ਜੀਵਨ ਦੀ ਔਖੀ ਤੋਂ ਔਖੀ ਗੱਲ ਜਿੰਨੀ ਅਸਾਨੀ ਨਾਲ ਆਪਣੀ ਮਾਂ ਬੋਲੀ ਵਿੱਚ ਸਮਝੀ ਤੇ ਸਮਝਾਈ ਜਾ ਸਕਦੀ ਹੈ ਉਨੀ ਕਿਸੇ ਵੀ ਹੋਰ ਭਾਸ਼ਾ ਵਿੱਚ ਨਹੀਂ। ਪੰਜਾਬ ਸਰਕਾਰ ਨੇ ਭਾਸ਼ਾ ਐਕਟ ਰਾਹੀਂ ਹਰੇਕ ਕਰਮਚਾਰੀ ਤੇ ਅਧਿਕਾਰੀ ਨੂੰ ਸਰਕਾਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਇੱਥੋਂ ਤੱਕ ਕਿ ਸਰਕਾਰੀ ਕਰਮਚਾਰੀ/ਅਧਿਕਾਰੀ ਦੀ ਏ. ਸੀ. ਆਰ. ਵਿਚ ਵੀ ਇਹ ਕਾਲਮ ਦਰਜ ਕੀਤਾ ਗਿਆ ਹੈ ਪਰ ‘ਕੀ ਕਰਮਚਾਰੀ ਪੰਜਾਬੀ ਵਿਚ ਕੰਮ ਕਰਦਾ ਹੈ?’ ਪੰਜਾਬੀ ਦੀਆਂ ਸਿਰਮੌਰ ਲੇਖਕ ਜੱਥੇਬੰਦੀਆਂ ਵੀ ਪੰਜਾਬੀ ਭਾਸ਼ਾ ਨੂੰ ਪੂਰੀ ਤਰਾਂ ਲਾਗੂ ਕਰਾਉਣ ਹਿਤ ਧਰਨੇ, ਮੁਜਾਹਰੇ , ਰੈਲੀਆਂ, ਮਾਰਚ ਤੇ ਸੈਮੀਨਾਰ ਆਦਿ ਕਰ ਰਹੀਆਂ ਹਨ। ਇਸ ਸਭ ਦੇ ਪ੍ਰਭਾਵ ਸਦਕਾ ਹੀ ਕੁਝ ਸਰਕਾਰੀ ਦਫਤਰਾਂ ਵਿਚ ਕੰਮ ਕਾਜ ਪੰਜਾਬੀ ਵਿਚ ਹੋ ਰਿਹਾ ਹੈ।
ਪਰ ਸਾਡੀਆਂ ਅਦਾਲਤਾਂ ਵਿਚ ਸਾਰਾ ਕੰਮ ਕਾਜ ਅੰਗਰੇਜੀ ਵਿਚ ਹੋਣ ਕਾਰਣ ਇੱਕ ਸਰਵੇ ਮੁਤਾਬਕ ਲੱਖਾ ਲੋਕੀ ਸਹੀ ਨਿਆਂ ਤੋਂ ਵਾਝੇ ਰਹਿ ਜਾਂਦੇ ਹਨ ਅਤੇ ਪੰਜਾਬ ਦੀਆਂ ਲੋਅਰ, ਸ਼ੈਸ਼ਨ ਤੇ ਹਾਈ ਕੋਰਟ ਤੱਕ ਇੰਨੇ ਕੁ ਮੁਕਦਮੇ ਵਿਚਾਰ ਅਧੀਨ ਹਨ ਕਿ ਉਨਾਂ ਨੂੰ ਨਿਪਟਾਉਣ ਲਈ 100 ਤੋਂ 150 ਸਾਲ ਲੱਗ ਸਕਦੇ ਹਨ। ਇਸ ਲਈ ਭਾਵੇਂ ਜੱਜਾਂ ਦੀ ਘਾਟ ਜਾਂ ਵਿਰੋਧੀ ਵਕੀਲਾਂ ਵਲੋਂ ਜਾਣ ਬੁੱਝ ਕੇ ਕੇਸਾਂ ਨੂੰ ਲਮਕਾਉਣ ਦੇ ਹੱਥ ਕੰਡੇ ਕਹਿ ਲਵੋ: ਪਰ ਨਿਆਂ ਵਿਚ ਦੇਰੀ ਦਾ ਇੱਕ ਵੱਡਾ ਕਾਰਣ ਸਾਰੀ ਅਦਾਲਤੀ ਕਾਰਵਾਈ ਦਾ ਅੰਗਰੇਜੀ ਵਿੱਚ ਹੋਣਾ ਵੀ ਹੈ। ਵਕੀਲ ਤੋਂ ਲੈ ਕੇ ਜੱਜ ਤੱਕ ਸਾਰੀ ਪ੍ਰਕ੍ਰਿਆ ਅੰਗਰੇਜੀ ਵਿਚ ਹੀ ਚਲਦੀ ਹੈ। ਜਿਹੜਾ ਵਿਅਕਤੀ ਅੰਗਰੇਜੀ ਘੱਟ ਜਾਣਦਾ ਹੈ ਜਾਂ ਬਿਲਕੁਲ ਹੀ ਨਹੀਂ ਜਾਣਦਾ ਉਹ ਕਾਨੂਨ ਦੀ ਜਾਣਕਾਰੀ ਤੋਂ ਕੋਰਾ ਰਹਿ ਜਾਂਦਾ ਹੈ ਉਜ ਵੀ ਕਾਨੂੰਨੀ ਭਾਸ਼ਾ ਆਪਣੇ ਆਪ ਵਿਚ ਬਹੁਤ ਹੀ ਗੁੰਝਲਦਾਰ ਤੇ ਬਹੁਅਰਥੀ ਹੁੰਦੀ ਹੈ, ਜਿਸ ਨੂੰ ਠੀਕ-ਠੀਕ ਤੇ ਜਲਦੀ ਸਮਝਣਾ ਹਾਰੀ-ਸਾਰੀ ਦਾ ਕੰਮ ਨਹੀਂ ਹੁੰਦਾ ਹੈ। ਪੰਜਾਬੀ ਦੇ ਸਿਰਮੋਰ ਸ਼ਾਇਰ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਉਪਰੋਕਤ ਕਥਨ ਦੀ ਤਰਜ਼ਮਾਨੀ ਹੀ ਤਾਂ ਕਰਦੀਆਂ ਹਨ-
‘ਇਸ ਅਦਾਲਤ’ਚ ਬੰਦੇ ਵੀ ਰੁੱਖ ਹੋ ਗਏ, ਫੈਸਲੇ ਸੁਣਦਿਆ-ਸੁਣਦਿਆਂ ਸੁੱਕ ਗਏ।
ਆਖੋ ਇਨਾਂ ਨੂੰ ਉਜੜੇ ਘਰੀ ਜਾਣ ਹੁਣ, ਕਦੋਂ ਤੀਕ ਇਥੇ ਖੜੇ ਰਹਿਣਗੇ।’
ਕਿਉਂਕਿ ਪੰਜਾਬ ਵਿਚ ਪੰਜਾਬੀ ਆਸਾਨੀ ਨਾਲ ਬੋਲੀ, ਸਮਝੀ ਤੇ ਲਿਖੀ ਜਾਂਦੀ ਹੈ, ਇਸ ਲਈ ਜੋ ਕਨੂੰਨੀ ਪ੍ਰਕ੍ਰਿਆ ਪੰਜਾਬੀ ਵਿਚ ਹੋਵੇ ਤਾਂ ਆਮ ਆਦਮੀ ਨੂੰ ਮੁਕੱਦਮਾ ਫਾਇਲ ਹੋਣਾ, ਉਸ ਨੂੰ ਸਮਝਣਾ ਜਾਂ ਆਪਣੇ ਖ਼ਿਲਾਫ ਮੁਕੱਦਮਾ ਦਰਜ਼ ਹੋਣ ਤੇ ਉਸ ਤੋਂ ਬਚਾਉ ਕਰਨਾ ਇਹ ਸਾਰਿਆਂ ਲਈ ਪੀ ਸੌਖਾ ਹੋਵੇਗਾ। ਮੋਜੂਦਾ ਹਾਲ ਵਿਚ ਵਕੀਲ, ਮੁਵੱਕਿਲ ਦੇ ਕੰਮ ਨੂੰ ਅੰਗਰੇਜੀ ਵਿਚ ਸਮਝਦਾ ਹੈ। ਅੰਗਰੇਜੀ ਵਿਚ ਹੀ ਕਾਗਜ਼ ਪੱਤਰ ਤਿਆਰ ਕਰਦਾ ਹੈ। ਉਹ ਆਪਣੇ ਮੁਵੱਕਿਲ ਨੂੰ ਅੰਗਰੇਜੀ ਵਿਚ ਹੀ ਸਮਝਾਉਂਦਾ ਹੈ। ਜਿਸ ਨੂੰ ਅੰਗਰੇਜੀ ਉੱਕਾ ਹੀ ਨਹੀਂ ਆਉਂਦੀ ਜਾਂ ਫਿਰ ਉਨਾਂ ਨੂੰ ਅੰਗਰੇਜੀ ਦਾ ਨਾ-ਮਾਤਰ ਅੱਖਰ ਗਿਆਨ ਹੁੰਦਾ ਹੈ। ਉਹ ਵਕੀਲਾਂ ‘ਤੇ ਵਿਸ਼ਵਾਸ ਕਰਕੇ ਦੱਸੀ ਥਾਂ ਤੇ ਅੰਗੂਠਾ ਜਾਂ ਦਸਤਖ਼ਤ ਚੇਪ ਦਿੰਦਾ ਹੈ। ਜੱਜ ਮੁਹਰੇ ਵੀ ਅੰਗਰੇਜੀ ਵਿਚ ਦਲੀਲਾਂ ਦੇ ਕੇ ਬਹਿਸ ਕਰਦੇ ਵਕੀਲ ਨੂੰ ਮੁਵੱਕਿਲ ਬਿਟਰ-ਬਿਟਰ ਵੇਖੀ ਜਾਂਦਾ ਹੁੰਦਾ ਹੈ। ਸਾਰੀ ਕਾਰਵਾਈ ਅੰਗਰੇਜੀ ਵਿਚ ਚਲਦੀ ਰਹਿੰਦੀ ਹੈ। ਉਸ ਦੇ ਵਕੀਲ ਨੇ ਕੀ ਦਲੀਲ ਦਿੱਤੀ? ਦੂਸਰੇ ਵਕੀਲ ਨੇ ਕੀ ਜਬਾਬ ਦਿੱਤਾ? ਜੱਜ ਨੇ ਕੀ ਪੁੱਛਿਆ ਕੀ ਕਿਹਾ? ਰੀਡਰ ਨੇ ਕੀ ਨੋਟ ਕੀਤਾ ਤੇ ਟਾਇਪ ਕਰਾਇਆ? ਇਹ ਸਭ ਕੁਝ ਉਸ ਦੀ ਸਮਝ ਤੋਂ ਪਰੇ-ਪਰੇ ਰਹਿੰਦਾ ਹੈ। ਜਿਨਾਂ ਅੰਗਰੇਜੀ ਵਿਚ ਲਿਖੇ ਕਾਗਜ਼ਾਂ ‘ਤੇ ਉਹ ਅੱਖਾਂ ਬੰਦ ਕਰਕੇ ਦਸਤਖ਼ਤ ਕਰਦਾ ਹੈ ਉਸ ਨੂੰ ਨਹੀਂ ਪਤਾ ਲਗਦਾ ਕਿ ਕਾਗਜ ‘ਤੇ ਕਿੰਨਾਂ ਕੁਝ ਉਸ ਦੇ ਹੱਕ ਵਿਚ ਲਿਖਿਆ ਗਿਆ ਹੈ ਜਾਂ ਦੂਸਰੀ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਦਰਜ਼ ਕੀਤਾ ਗਿਆ ਹੈ। ਮਾਨਯੋਗ ਹਾਈ ਕੋਰਟ ਵਿਚ ਵਕਾਲਤਨਾਮਾ ਵੀ ਪੰਜਾਬੀ ਵਿਚ ਕਬੂਲ ਨਹੀਂ ਕੀਤਾ ਜਾਂਦਾ। ਕੇਸ ਨਾਲ ਸਬੰਧਤ ਸਰਕਾਰੀ/ਗ਼ੈਰਸਰਕਾਰੀ ਦਸਤਾਵੇਜ ਪਹਿਲੋਂ ਪੰਜਾਬੀ ਤੋਂ ਅੰਗਰੇਜੀ ਵਿਚ ਅਨੁਵਾਦ ਕਰਵਾਏ ਜਾਂਦੇ ਹਨ। ਇੱਕ ਤਾਂ ਅਨੁਵਾਦਕ ਇਨਾਂ ਦਸਤਾਵੇਜਾਂ ਦੇ ਅਨੁਵਾਦ ਦਾ ਮੋਟਾ ਮਿਹਨਤਾਨਾ ਵਸੂਲਦਾ ਹੈ ਦੂਸਰੇ ਪੰਜਾਬੀ ਤੋਂ ਅੰਗਰੇਜੀ ਵਿਚ ਕੀਤਾ ਗਿਆ ਅਨੁਵਾਦ ਕਿੰਨਾ ਠੀਕ ਹੋਇਆ ਹੈ ਇਸ ਦਾ ਘੱਟ ਜਾਂ ਅਨਪੜ ਮੁਵੱਕਿਲ ਨੂੰ ਉੱਕਾ ਹੀ ਪੱਤਾ ਨਹੀਂ ਲੱਗਦਾ। ਇੱਕ ਸ਼ਬਦ ਦਾ ਸਹੀ ਤਰਜਮਾ ਨਾ ਹੋਣ ਤੇ ਅਰਥ ਦਾ ਅਨਰਥ ਹੋ ਸਕਦਾ ਹੈ ਤੇ ਬਾਜੀ ਪਲਟ ਜਾਂਦੀ ਹੈ। ਜੇ ਇਹੋ ਦਸਤਾਵੇਜ ਅਦਾਲਤ ਵਲੋਂ ਮੂਲ ਪੰਜਾਬੀ ਵਿਚ ਹੀ ਕਬੂਲ ਕਰ ਲਏ ਜਾਣ ਤਾਂ ਪਹਿਲੋਂ ਹੀ ਕਿਸਮਤ ਦੇ ਮਾਰੇ ਲੋਕੀ ਅੰਗ੍ਰੇਜੀ ਭਾਸ਼ਾ ਦੀ ਮਾਰ ਤੋਂ ਬਚ ਸਕਦੇ ਹਨ।
ਇਹ ਗੱਲ ਵੀ ਕਾਬਲੇ ਗ਼ੌਰ ਹੈ ਕਿ ਜਦੋਂ ਕਿਸੇ ਨਾਲ ਮਾਰ ਕੁਟਾਈ ਹੁੰਦੀ ਹੈ ਤਾਂ ਇਕ ਦੂਸਰੇ ਨੂੰ ਧਮਕੀਆਂ ਤੇ ਗਾਲ਼ਾਂ ਪੰਜਾਬੀ ਵਿਚ ਕੱਢੀਆਂ ਜਾਂਦੀਆਂ ਹਨ। ਕੁੱਟ ਖਾਣ ਵਾਲਾ ਪੰਜਾਬੀ ਵਿਚ ਹੀ ਹਾੜੇ ਕੱਢਦਾ ਹੈ। ਜੇ ਕਿਧਰੇ ਕਤਲ ਹੋ ਜਾਵੇ ਤਾਂ ਮਗਰੋਂ ਉਸ ਦੇ ਰਿਸ਼ਤੇਦਾਰ ਪੰਜਾਬੀ ਵਿਚ ਹੀ ਹਾਏ ਤੌਬਾ ਮਚਾਉਂਦੇ ਹਨ। ਪੰਜਾਬੀ ਵਿਚ ਹੀ ਵੈਣ ਪਾਉਂਦੇ ਹਨ। ਪੰਜਾਬੀ ਵਿਚ ਹੀ ਸਿਆਪਾ ਕਰਦੇ ਹਨ। ਜਦਂੋ ਕਿਸੇ ਧੀ ਭੈਣ ਨੂੰ ਸਹੁਰਿਆਂ ਹੱਥੋਂ ਦਾਜ ਨਾ ਲਿਆਉਣ ਜਾਂ ਘੱਟ ਲਿਆਉਣ ‘ਤੇ ਤਾਨੇ ਮਿਹਣੇ ਮਾਰੇ ਜਾਂਦੇ ਹਨ ਜਾਂ ਹੋਰ ਦਾਜ ਲਿਆਉਣ ਲਈ ਧਮਕਾਇਆ ਜਾ ਤਸੀਹੇ ਦਿੱਤੇ ਜਾਂਦੇ ਹਨ। ਸਹੁਰਿਆਂ ਘਰੋਂ ਤਸੀਹਿਆਂ ਤੋਂ ਤੰਗ ਆ ਕੇ ਜਦੋ ਮਾਂ-ਭੈਣ ਭਰਾ ਦੇ ਗੱਲ ਲੱਗ ਕੇ ਕੁਰਲਾਦੀ ਹੈ ਜਾਂ ਕਿਸੇ ਦੀ ਧੀ ਭੈਣ ਸਹੁਰਿਆ ਘਰ ਹੀ ਦਾਜ ਕਾਰਣ ਮਾਰ ਦਿੱਤੀ ਜਾਂਦੀ ਹੈ ਜਾਂ ਮਰਨ ਲਈ ਮਜਬੂਰ ਕਰ ਦਿੱਤੀ ਜਾਂਦੀ ਹੈ ਤਾਂ ਕੀ ਇਹ ਸਭ ਵਰਤਾਰਾ ਅੰਗ੍ਰੇਜੀ ਵਿਚ ਹੁੰਦਾ ਹੈ? ਪੰਜਾਬੀ ਵਿਚ ਹੋਇਆ ਰੋਣਾ, ਕੁਰਲਾਣਾ, ਤਾਨੇ-ਮਿਹਣੇ, ਗਾਲੀ ਗਲੋਜ, ਪਿਟ ਸਿਆਪਾ, ਕੀਰਣੇ, ਵੈਣ ਨੂੰ ਜੱਜ ਮੁਹਰੇ ਇੱਕ ਵਕੀਲ ਅੰਗ੍ਰੇਜੀ ਵਿਚ ਪੇਸ਼ ਕਰਦਾ ਹੈ ਦੂਸਰਾ ਅੰਗ੍ਰੇਜੀ ਵਿਚ ਦਾ ਕਾਊਂਟਰ ਕਰਦਾ ਹੈ ਤੇ ਜੱਜ ਵੀ ਅੰਗ੍ਰੇਜੀ ਵਿਚ ਸਭ ਕੁਝ ਸੁਣ ਸਮਝ ਕੇ ਆਪਣਾ ਫ਼ੈਸਲਾ ਸੁਣਾਉਂਦਾ ਹੈ। ਇਹ ਕਿੰਨਾਂ ਕੁ ਨਿਆਂ ਸੰਗਤ ਹੋ ਸਕਦਾ ਹੈ ਇਸ ਨੂੰ ਹਰ ਕੋਈ ਜਾਣਦਾ ਸਮਝਦਾ ਹੈ। ਬਾਰ ਕੌਂਸਲਾਂ ਵਿਚ ਹਜ਼ਾਰਾਂ ਸ਼ਿਕਾਇਤਾਂ ਇਸ ਸੰਬੰਧ ਵਿਚ ਜ਼ੇਰੇ ਪੜਤਾਲ ਹਨ ਜਿਨਾਂ ਵਿਚ ਵਕੀਲਾਂ ਵਲੋਂ ਆਪਣੇ ਮੁਵੱਕਿਲਾਂ ਨੂੰ ਅੰਗ੍ਰੇਜੀ ਦੀ ਆੜ ‘ਚ ਹਨੇਰੇ ਵਿਚ ਰੱਖ ਕੇ ਸ਼ੋਸ਼ਣ ਕੀਤਾ ਗਿਆ ਉਸ ਦੇ ਹੀ ਖੂਨ ਪਸੀਨੇ ਦੀ ਕਮਾਈੇ ਲੈ ਕੇ ਉਸ ਨੂੰ ਹੀ ਧੋਖਾ ਦਿੱਤਾ ਗਿਆ ਤੇ ਨਾ ਜ਼ਾਇਜ਼ ਫ਼ਾਇਦਾ ਉਠਾਇਆ ਗਿਆ।
ਭਾਸ਼ਾ ਨਾਲ ਸੰਬੰਧਤ ਇਹ ਦੁਖਾਂਤ ਸਿਰਫ ਪੰਜਾਬ ਵਿਚ ਹੀ ਨਹੀਂ, ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਸੰਵਿਧਾਨਕ ਦਰਜ਼ਾ ਪ੍ਰਾਪਤ ਹੋਣ ਉਪਰੰਤ ਵੀ, ਹਿੰਦੀ ਭਾਸ਼ੀ ਖੇਤਰਾਂ ਵਿਚ ਅਦਾਲਤੀ ਕੰਮ ਕਾਜ ਹਿੰਦੀ ਵਿਚ ਨਹੀਂ ਹੋ ਰਿਹਾ। ਇੰਜ ਮੁਲਕ ਤੇ ਕਰੋੜਾਂ ਲੋਕ ਅੰਗ੍ਰੇਜੀ ਦੀ ਘੱਟ ਜਾਣਕਾਰੀ ਕਾਰਣ ਨਿਆਂ ਦੀ ਆਸ ਵਿਚ ਵਰਿਆਂ ਤੋਂ ਮਾਰ ਖਾ ਰਹੇ ਹਨ ਅਤੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਵਕੀਲਾਂ ਤੇ ਜੱਜਾਂ ਦਾ ਇੱਕ ਵਰਗ ਅੰਗ੍ਰੇਜੀ ਪੜਣ, ਲਿਖਣ, ਬੋਲਣ ਤੇ ਸਮਝਣ ਦਾ ਆਦੀ ਹੋ ਗਿਆ ਹੈ। ਅੰਗ੍ਰੇਜੀ ਉਨਾਂ ਦਾ ਸਟੇਟਸ ਸਿੰਬਲ ਹੈ। ਪੰਜਾਬੀ ਜਾਂ ਹਿੰਦੀ ਵਿਚ ਗੱਲਬਾਤ ਕਰਨੀ ਵੀ ਆਪਣੇ ਸਟੇਟਸ ਨੂੰ ਡਾਊਨ ਕਰਨਾ ਸਮਝਦੇ ਹਨ। ਇੰਜ ਉਨਾਂ ਵਿਚ ਹੀਨ ਭਾਵਨਾ ਆਉਂਦੀ ਹੈ। ਉਹ ਮੰਨਦੇ ਹਨ ਕਿ ਅੰਗ੍ਰੇਜੀ ਕਰਕੇ ਹੀ ਉਨਾਂ ਨੂੰ ਸਮਾਜ ਵਿਚ ਵੱਖਰਾ ਤੇ ਉੱਚਾ ਸਥਾਨ ਪ੍ਰਾਪਤ ਹੋਇਆ ਹੈ। ਇਹ ਸਭ ਸਾਰੇ ਸਮਾਜ ਦੀ ਮਾਨਸਿਕ ਗੁਲਾਮੀ ਤੋਂ ਛੁੱਟ ਹੋਰ ਕੁਝ ਵੀ ਨਹੀਂ ਹੈ। ਇੱਜ ਉਹ ਆਮ ਲੋਕਾਂ ਤੋਂ ਇਕ ਪਰਦਾ ਤੇ ਵੱਖਰੇਵਾਂ ਰੱਖਣ ਵਿਚ ਕਾਮਯਾਬ ਹੋ ਗਏ ਹਨ।
ਨਾਂ ਤਾਂ ਸਾਡੇ ਰਾਜਨੇਤਾਵਾਂ ਅਤੇ ਨਾ ਹੀ ਸਮਾਜ ਸ਼ਾਸ਼ਤਰੀਆਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦਾ ਨਿਆਂਪਾਲਕਾ ਤੋਂ ਵਿਸ਼ਵਾਸ਼ ਕਿਉਂ ਉੱਠਦਾ ਜਾ ਰਿਹਾ ਹੈ? ਅਦਾਲਤੀ ਫ਼ੈਸਲੇ ਆਉਣ ਵਿਚ ਇੰਨੀ ਦੇਰੀ ਕਿਉਂ ਹੁੰਦੀ ਹੈ? ਕਿਉਂ ਸਾਰੀ ਉਮਰ ਮੁਕੱਦਮਾ ਲੜਦਿਆਂ ਲੰਘ ਜਾਂਦੀ ਹੈ? ਕਿਉਂ ਫ਼ੈਸਲਾ ਹੱਕ ਵਿਚ ਹੋਣ ‘ਤੇ ਵੀ ਇੰਜ ਲਗਦਾ ਹੈ ਕਿ ਉਹ ਜਿੱਤ ਕੇ ਵੀ ਹਾਰ ਗਿਆ ਹੈ। ਕਈ ਸਿਰਫ਼ ਭਾਸ਼ਾ ਦੀ ਅਗਿਆਨਤਾ ਕਰਕੇ ਹੀ ਸਬੂਤਾਂ, ਗਵਾਹਾਂ ਤੇ ਤੱਥਾਂ ਦੇ ਹੁੰਦਿਆਂ ਵੀ ਕੇਸ ਹਾਰ ਜਾਂਦੇ ਹਨ।
ਅੰਗ੍ਰੇਜੀ ਵਿੱਚ ਲਿਖੀਆਂ ਦਲੀਲਾਂ ਤੇ ਕਾਰਵਾਈਆਂ ਨੂੰ ਸਮਝਣ-ਸਮਝਾਉਣ ਵਿਚ ਜਿੱਥੇ ਮੁਵੱਕਿਲ ਕਈ ਦਿਨ ਟੱਕਰਾਂ ਮਾਰਦਾ ਰਹਿੰਦਾ ਹੈ, ਉੱਥੇ ਪੰਜਾਬੀ ਵਿਚ ਲਿਖੇ ਨੂੰ ਉਹ ਕੁਝ ਮਿੰਟਾਂ ਵਿਚ ਹੀ ਆਸਾਨੀ ਨਾਲ ਸਮਝ ਸਕਦਾ ਹੈ। ਇੰਜ ਮੁਕੱਦਮਾ ਲੜਣ ਵਾਲੇ ਨੂੰ ਵੀ ਪਤਾ ਹੋਵੇਗਾ ਕਿ ਕਿੱਥੇ ਅਦਾਲਤੀ ਕਾਰਵਾਈ ਗ਼ਲਤ ਹੁੰਦੀ ਪਈ ਸੀ, ਉਹ ਵਿਚਾਲੇ ਹੀ ਟੋਕ ਕੇ ਸਹੀ ਤੱਥ ਸਾਹਮਣੇ ਲਿਆ ਸਕਦਾ ਹੈ। ਉਸ ਨੂੰ ਪਤਾ ਹੋਵੇਗਾ ਕਿ ਉਸ ਵੱਲੋਂ ਰੱਖੇ ਸਹੀ ਤੱਥਾਂ ਦੇ ਅਧਾਰ ਤੇ ਫ਼ੈਸਲਾ ਸਹੀ ਆਇਆ ਹੈ ਜਾਂ ਗ਼ਲਤ। ਉਸ ਨੂੰ ਸੰਤੁਸ਼ਟੀ ਤੇ ਵਿਸ਼ਵਾਸ ਹੋਵੇਗਾ ਕਿ ਅਦਾਲਤੀ ਕਾਰਵਾਈ ਤੇ ਉਸ ਵਿਚਾਲੇ ਵਿਦੇਸ਼ੀ ਭਾਸ਼ਾ ਦੀ ਕੰਧ ਨਹੀਂ ਸੀ, ਜਿੱਥੇ ਉਹ ਚੁਪਚਾਪ ਮੂਰਖਾਂ ਵਾਂਗ ਬਿਨਾਂ ਬੋਲੇ-ਸਮਝੇ ਬੇਬਸ ਖੜੋਤਾ ਸੀ।
ਅਦਾਲਤਾਂ ਦੀ ਕਾਰਵਾਈ ਮੁਖ ਤੌਰ ‘ਤੇ ਉਸੇ ਮੁਲਕ ਦੇ ਲੋਕਾਂ ਲਈ ਹੁੰਦੀ ਹੈ, ਤਾਂ ਉਹ ਨਿਸ਼ਚਤ ਤੌਰ ‘ਤੇ ਉਸ ਭਾਸ਼ਾ ਵਿਚ ਹੀ ਹੋਣੀ ਚਾਹੀਦੀ ਹੈ ਜਿਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੋਵੇ, ਮੁਵੱਕਿਲ ਪੜ, ਲਿਖ ਤੇ ਬੋਲ ਸਕਦਾ ਹੋਵੇ, ਅਦਾਲਤਾਂ ਤੇ ਆਮ ਲੋਕਾਂ ਵਿਚਕਾਰ ਸੰਬਧ ਸਥਾਪਿਤ ਹੋ ਸਕਦਾ ਹੋਵੇ। ਇਸ ਦਾ ਇਕ ਹੋਰ ਸਾਰਥਕ ਪੱਖ ਇਹ ਵੀ ਹੈ ਕਿ ਕਾਨੂੰਨ ਬਾਰੇ ਹਰ ਆਮ ਤੇ ਖ਼ਾਸ ਵਿਅਕਤੀ ਨੂੰ ਵਧੇਰੇ ਜਾਣਕਾਰੀ ਹੋਣ ਕਰਕੇ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਤੋਂ ਗੁਰੇਜ਼ ਕਰੇਗਾ।
ਇਸ ਲਈ ਵਿਸ਼ੇਸ਼ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿਉਂਕਿ ਪੰਜਾਬੀ ਸਾਡੀ ਆਮ ਬੋਲ ਚਾਲ ਦੀ ਭਾਸ਼ਾ ਹੈ ਅਤੇ ਅੰਗ੍ਰੇਜੀ ਨਾਲੋਂ ਆਸਾਨੀ ਨਾਲ ਸਮਝੀ ਬੋਲੀ, ਲਿਖੀ ਤੇ ਪੜੀ ਜਾ ਸਕਦੀ ਹੈ, ਉਹ ਪੰਜਾਬ ਵਿਚ ਅੰਗ੍ਰੇਜੀ ਦੇ ਨਾਲ-ਨਾਲ ਕਾਨੂੰਨ ਦੀ ਭਾਸ਼ਾ, ਕਾਨੂੰਨ ਦੀਆਂ ਪੁਸਤਕਾਂ, ਕਾਨੂੰਨ ਦੀ ਪੜਾਈ, ਪ੍ਰੀਖਿਆਵਾਂ, ਸ਼ਿਕਾਇਤਾਂ, ਦਲੀਲਾਂ, ਗਵਾਹੀਆਂ, ਬਹਿਸਾਂ ਤੇ ਫੈਸਲਿਆਂ ਲਈ ਪੰਜਾਬੀ ਭਾਸ਼ਾ ਨੂੰ ਵੀ ਲਾਜ਼ਮੀ ਤੌਰ ‘ਤੇ ਲਾਗੂ ਕਰੇ। ਉਹ ਹਰ ਹੀਲੇ ਪੰਜਾਬੀ ਨੂੰ ਅਦਾਲਤੀ ਭਾਸ਼ਾ ਬਣਾਏ ਤਾਂ ਹੀ ਇਸ ਨਿਆਂ ਦੇ ਮੰਦਰ ਦੀ ਸਭ ਤੋਂ ਵੱਡੀ ਸੇਵਾ ਮੰਨੀ ਜਾਵੇਗੀ। ਅੰਗ੍ਰੇਜੀ ਦੇ ਜਿਹੜੇ ਸ਼ਬਦ ਆਮ-ਖ਼ਾਸ ਲੋਕਾਂ ਦੀ ਜਬਾਨ ‘ਤੇ ਚੜ ਗਏ ਹਨ। ਪੰਜਾਬੀ ਵਿਚ ਰਚਮਿਚ ਗਏ ਹਨ ਤੇ ਪ੍ਰਚੱਲਤ ਹੋ ਚੁੱਕੇ ਹਨ ਉਨਾਂ ਨੂੰ ਪੰਜਾਬੀ ਲਿਪੀ ਵਿਚ ਹੂਬਹੂ ਰੱਖਿਆ ਜਾ ਸਕਦਾ ਹੈ। ਵਕੀਲ ਤੇ ਜੱਜ ਮੁਵੱਕਿਲਾਂ ਸਾਹਮਣੇ ਪੰਜਾਬੀ ਵਿਚ ਬੋਲਦਿਆਂ ਹੀਨ ਭਾਵਨਾ ਨਾ ਮਹਿਸੂਸ਼ ਕਰਨ ਤਾਂ ਨਿਸ਼ਚਿਤ ਤੌਰ ‘ਤੇ ਆਮ ਲੌਕਾਂ ਦਾ ਨਿਆਂ ਪਾਲਕਾ ਤੋਂ ਉੱਠ ਰਿਹਾ ਵਿਸ਼ਵਾਸ ਮੁੜ ਬਹਾਲ ਹੋ ਸਕੇਗਾ। ਇਹ ਅਦਾਲਤਾਂ ਆਦਰ ਦੀਆਂ ਪਾਤਰ ਬਨਣਗੀਆਂ। ਸੰਵਿਧਾਨ ਵਲੋਂ ਹਰੇਕ ਨਾਗਰਿਕ ਨੂੰ ਸਮਾਨ ਮੌਕੇ ਤੇ ਸਮਾਨ ਨਿਆਂ ਦਾ ਕੀਤਾ ਵਾਇਦਾ ਵੀ ਪੂਰਾ ਹੋ ਸਕੇਗਾ।
ਪੰਜਾਬੀ ਸਪਤਾਹ, ਪੰਜਾਬੀ ਮਾਤ ਦਿਵਸ, ਵਿਸ਼ਵ ਪੰਜਾਬੀ ਕਾਨਫਰੈਂਸ ਆਦਿ ਮਨਾਉਣ ਦਾ ਫ਼ਾਇਦਾ ਤਾਂ ਹੀ ਹੋ ਸਕੇਗਾ ਜਦੋਂ ਪੰਜਾਬੀ ਅਦਾਲਤੀ ਭਾਸ਼ਾ ਬਣੇਗੀ ਅਤੇ ਲੱਖਾਂ ਲੋਕਾਂ ਲਈ ਰਾਹਤ ਤੇ ਸਹੀ ਨਿਆਂ ਪਾ੍ਰਪਤ ਕਰਨ ਵਿਚ ਮਦਦਗਾਰ ਸਾਬਤ ਹੋ ਸਕੇਗੀ। ਬਿਨਾਂ ਸ਼ੱਕ ਪੰਜਾਬੀ ਭਾਸ਼ਾ ਇੰਨੀ ਕੁ ਅਮੀਰ ਹੈ ਕਿ ਇਹ ਆਸਾਨੀ ਨਾਲ ਅਦਾਲਤ ਦੀ ਭਾਸ਼ਾ ਬਣ ਸਕਦੀ ਹੈ।