ਪਾਇਓ ਬਾਲ ਬੁਧਿ ਸੁਖੁ ਰੇ॥

0
292

ਨਿੱਕੀਆਂ ਸੇਧਾਂ

ਪਾਇਓ ਬਾਲ ਬੁਧਿ ਸੁਖੁ ਰੇ॥

ਬੀਬੀ ਮਨਰਾਜ ਕੌਰ-

ਪਿਆਰੇ ਨਿੱਕਿਓ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।

ਸਾਡੀ ਦੁਨੀਆਂ ਵਿੱਚ ਬੱਚਿਆਂ ਨੂੰ ਘੱਟ ਸਮਝ ਵਾਲੇ ਮੰਨਿਆ ਜਾਂਦਾ ਹੈ। ਜਦੋਂ ਕੋਈ ਆਪਣੀ ਸਮਝ ਤੋਂ ਛੋਟੀ ਗੱਲ ਕਰੇ ਤਾਂ ਅਸੀਂ ਅਕਸਰ ਕਹਿ ਦਿੰਦੇ ਹਾਂ, ‘ਕੀ ਬੱਚਿਆਂ ਵਾਲੀ ਗੱਲ ਕਰ ਰਹੇ ਹੋ?’ ਪਰ ਗੁਰਬਾਣੀ ਬਾਲ ਬੁੱਧ ਨੂੰ ਸੁੱਖ ਦਾ ਸੋਮਾ ਦੱਸਦੀ ਹੈ।

ਗੁਰਬਾਣੀ ਅਨੁਸਾਰ ਜਿਸ ਕੋਲ ਬੱਚਿਆਂ ਵਰਗੀ ਅਨਭੋਲ ਬੁੱਧੀ ਹੈ, ਉਹ ਸੁਖੀ ਹੈ। ਵੱਡਿਆਂ ਵਰਗੀ ‘ਬਹੁ ਸਿਆਣਪ’ ਅਕਸਰ ਜਮਾਂ (ਵਿਕਾਰਾਂ) ਦੀ ਮਾਰ ਪੁਆਉਂਦੀ ਹੈ। ਅਸੀਂ ਇਸ ਨੂੰ ਮਾਂ ਪੁੱਤਰ ਦੀ ਇਸ ਗੱਲ ਬਾਤ ਵਿਚੋਂ ਵੇਖਦੇ ਹਾਂ।

ਮਾਂ:-ਨਿਰਭੈ ਸਿੰਘ! ਜਲਦੀ ਘਰ ਵਾਪਿਸ ਆਓ। ਬਹੁਤ ਖੇਡ ਲਿਆ ਹੈ। ਹੋਰ ਕੰਮ ਵੀ ਕਰਨ ਵਾਲੇ ਹਨ।

ਨਿਰਭੈ ਸਿੰਘ:-ਆਇਆ ਮੰਮੀ ਜੀ।

ਮਾਂ:-ਬੇਟਾ! ਤੁਸੀਂ ਸੁੰਦਰ ਸਿੰਘ ਨਾਲ ਕਿਉਂ ਖੇਡ ਰਹੇ ਸੀ ?

ਨਿਰਭੈ ਸਿੰਘ:-ਉਹ ਮੇਰਾ ਬੜਾ ਪਿਆਰਾ ਦੋਸਤ ਹੈ।

ਮਾਂ:-ਬੇਟਾ! ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਤੁਹਾਡੇ ਪਾਪਾ ਦੀ ਤੇ ਉਸ ਦੇ ਪਾਪਾ ਦੀ ਪਿਛਲੀਆਂ ਪੰਚਾਇਤ ਚੋਣਾਂ ਵਿੱਚ ਕਿੰਨੀ ਅਣਬਣ ਹੋ ਗਈ ਸੀ।

ਨਿਰਭੈ ਸਿੰਘ:-ਪਤਾ ਹੈ, ਪਰ ਇਹ ਤਾਂ ਪੁਰਾਣੀ ਗੱਲ ਹੋ ਗਈ ਹੈ। ਨਾਲੇ ਹੁਣ ਤਾਂ ਦੋਵੇਂ ਹੀ ਪੰਚਾਇਤ ਵਿਚ ਪੰਚ ਹਨ।

ਮਾਂ:-ਠੀਕ ਹੈ, ਪੰਚ ਹਨ ਪਰ ਇਹ ਕੋਈ ਪੁਰਾਣੀ ਗੱਲ ਨਹੀਂ ਅਜੇ ਸਿਰਫ਼ ਇੱਕ ਸਾਲ ਹੀ ਹੋਇਆ ਹੈ।

ਨਿਰਭੈ ਸਿੰਘ:-ਠੀਕ ਹੈ ਜੀ। ਮੈਨੂੰ ਇਹ ਦੱਸੋ ਕਿ ਮੈਂ ਉਦੋਂ ਕਿਹੜੀ ਜਮਾਤ ਵਿਚ ਸੀ।

ਮਾਂ:-ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਤੁਸੀਂ ਉਦੋਂ ਚੌਥੀ ਜਮਾਤ ਵਿੱਚ ਸੀ।

ਨਿਰਭੈ ਸਿੰਘ:-ਤੇ ਹੁਣ ਕਿਹੜੀ ਜਮਾਤ ਹੈ?

ਮਾਂ:-ਪੰਜਵੀਂ ਜਮਾਤ।

ਨਿਰਭੈ ਸਿੰਘ:-ਜੇ ਮੈਂ ਹੁਣ ਚੌਥੀ ਵਾਲਾ ਸਿਲੇਬਸ ਹੀ ਕਰੀ ਜਾਵਾਂ ਤਾਂ ਤੁਹਾਨੂੰ ਕਿਵੇਂ ਲੱਗੇਗਾ।

ਮਾਂ:-ਬੁਰਾ ਹੀ ਲਗੇਗਾ। ਜਿਹੜੀ ਜਮਾਤ ਵਿੱਚ ਹੈ, ਉਸੇ ਦੀ ਪੜ੍ਹਾਈ ਕਰਨੀ ਹੈ। ਕਦੀ ਕੋਈ ਵਾਪਸ ਚੌਥੀ ਜਮਾਤ ਦੀ ਪੜ੍ਹਾਈ ਥੋੜਾ ਕਰਦਾ ਹੈ।

ਨਿਰਭੈ ਸਿੰਘ:-ਬਿਲਕੁਲ ਠੀਕ, ਫਿਰ ਤੁਸੀਂ ਉਹੀ ਕਰ ਰਹੇ ਹੋ।

ਮਾਂ:-ਕੀ ਮਤਲਬ?

ਨਿਰਭੈ ਸਿੰਘ:- (ਹੱਸਦੇ ਹੋਏ) ਤੁਸੀਂ ਪਾਪਾ ਦੀ ਤੇ ਅੰਕਲ ਦੀ ਪਿਛਲੀ ਲੜਾਈ ਦੀ ਗੱਲ ਕਰ ਰਹੇ ਹੋ, ਜੋ ਇੱਕ ਸਾਲ ਪਹਿਲਾਂ ਹੋਈ ਸੀ।

ਮਾਂ:-ਪਰ ਇਹ ਤਾਂ ਸੱਚ ਹੈ।

ਨਿਰਭੈ ਸਿੰਘ:-ਸੱਚ ਤਾਂ ਹੈ ਪਰ ਪਾਪਾ ਤੇ ਅੰਕਲ ਦੀ ਅਣਬਣ ਪੰਚਾਇਤਾਂ ਚੋਣਾਂ ਕਰਕੇ ਹੋਈ ਸੀ ਤੇ ਹੁਣ ਤਾਂ ਦੋਵੇਂ ਇਕੱਠੇ ਰਲ ਕੇ ਕੰਮ ਕਰ ਰਹੇ ਹਨ।

ਮਾਂ:-ਪਰ ਸਾਡੇ ਤੇ ਉਨ੍ਹਾਂ ਦੇ ਪਰਿਵਾਰ ਦੀ ਬੋਲਚਾਲ ਉਦੋਂ ਬੰਦ ਹੋ ਗਈ ਸੀ।

ਨਿਰਭੈ ਸਿੰਘ:-ਪਰ ਹੁਣ ਤਾਂ ਸਭ ਕੁਝ ਠੀਕ ਹੈ ਨਾ ਪਿਆਰੇ ਮੰਮੀ ਜੀ।

ਮਾਂ:-ਹਾਂ ਜੀ! ਹੁਣ ਤਾਂ ਠੀਕ ਹੈ।

ਨਿਰਭੈ ਸਿੰਘ:-ਤੁਹਾਨੂੰ ਇੱਕ ਗੱਲ ਦੱਸਾਂ?

ਮਾਂ:-ਦੱਸੋ।

ਨਿਰਭੈ ਸਿੰਘ:-ਮੈਂ ਤੇ ਸੁੰਦਰ ਸਿੰਘ ਕਦੇ ਵੀ ਨਹੀਂ ਲੜੇ ਸੀ।

ਮਾਂ:-ਤੇ ਫਿਰ ਤੁਹਾਡੀ ਬੋਲਚਾਲ ਬੰਦ ਨਹੀਂ ਹੋਈ ਸੀ।

ਨਿਰਭੈ ਸਿੰਘ:-ਥੋੜੇ ਦਿਨ ਆਪਣੇ-2 ਪਾਪਾ ਕਰਕੇ ਬੰਦ ਹੋਈ ਸੀ, ਪਰ ਸਾਡੇ ਮਨ ਇੱਕ ਦੂਜੇ ਲਈ ਕੋਈ ਗੁੱਸਾ ਨਹੀਂ ਸੀ।

ਮਾਂ:-ਫਿਰ?

ਨਿਰਭੈ ਸਿੰਘ:-ਫਿਰ ਕੀ, ਅਸੀਂ ਸਕੂਲ ਵਿਚ ਇਕੱਠੇ ਹੀ ਪੜ੍ਹਦੇ ਤੇ ਖੇਡਦੇ ਰਹੇ। ਮੈਨੂੰ ਸੁੰਦਰ ਸਿੰਘ ਬਹੁਤ ਚੰਗਾ ਲੱਗਦਾ ਹੈ।

ਮਾਂ:-ਪਰ ਉਸ ਦੇ ਮੰਮੀ ਤਾਂ ਤੇਰੇ ਨਾਲ ਨਹੀਂ ਨਾ ਬੋਲਦੇ।

ਨਿਰਭੈ ਸਿੰਘ:- (ਉਦਾਸ ਹੋ ਕੇ) ਹਾਂ ਮੰਮੀ ਜੀ! ਉਹ ਵੀ ਤੁਹਾਡੇ ਵਾਂਗ ਪਿਛਲੇ ਸਾਲ ਵਾਲੀ ਪੜ੍ਹਾਈ ਕਰ ਰਹੇ ਹਨ।

ਮਾਂ:- (ਹੱਸਦੇ ਹੋਏ) ਪੁੱਤਰ ਜੀ! ਤੁਸੀਂ ਬਹੁਤ ਸ਼ਰਾਰਤੀ ਹੋ ਗਏ ਹੋ।

ਨਿਰਭੈ ਸਿੰਘ:-ਮੰਮੀ ਜੀ! ਪਲੀਜ਼ ਤੁਸੀਂ ਆਂਟੀ ਜੀ ਨੂੰ ਪਹਿਲ ਕਰਕੇ ਬੁਲਾ ਲਵੋ।

ਮਾਂ:- ਬੇਟੇ! ਇਹ ਗੱਲ ਚੰਗੀ ਨਹੀਂ ਲੱਗਣੀ, ਸਾਰੇ ਕੀ ਕਹਿਣਗੇ।

ਨਿਰਭੈ ਸਿੰਘ:-ਤੁਸੀਂ ਸਾਰਿਆਂ ਦੀ ਨਹੀਂ ਸਗੋਂ ਮੇਰੀ ਤੇ ਸੁੰਦਰ ਸਿੰਘ ਦੀ ਸੋਚੋ।

ਮਾਂ:-ਕਿਉਂ?

ਨਿਰਭੈ ਸਿੰਘ:-ਅਸੀਂ ਦੋਵੇਂ ਰਲ ਕੇ ਖ਼ੂਬ ਖੇਡਣਾ ਤੇ ਪੜ੍ਹਣਾ ਚਾਹ ਰਹੇ ਹਾਂ ਪਰ ਤੁਹਾਡੇ ਕਰਕੇ ਅਸੀਂ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ।

ਮਾਂ:-ਠੀਕ ਹੈ ਪੁੱਤਰ ਜੀ! ਤੁਹਾਡੇ ਲਈ ਮੈਂ ਸੁੰਦਰ ਸਿੰਘ ਦੇ ਮੰਮੀ ਜੀ ਨੂੰ ਬੁਲਾ ਲਵਾਂਗੀ, ਪਰ ਜੇ ਉਨ੍ਹਾਂ ਨੇ ਨਾ ਬੁਲਾਇਆ ਤੇ ਮੇਰੀ ਬੇਇਜ਼ਤੀ ਕਰ ਦਿੱਤੀ?

ਨਿਰਭੈ ਸਿੰਘ:-ਐਸੀ ਗੱਲ ਨਹੀਂ, ਮੈਨੂੰ ਸੁੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਵੀ ਤੁਹਾਡੀ ਤਰ੍ਹਾਂ ਹੀ ਸੋਚਦੇ ਹਨ। ਪਹਿਲ ਕਰਨ ਵਿਚ ਝਿਜਕ ਕਰ ਰਹੇ ਹਨ ਕਿ ਕਿਤੇ ਮੇਰੀ ਬੇਇਜ਼ਤੀ ਨਾ ਹੋ ਜਾਵੇ।

ਮਾਂ:- (ਮੁਸਕੁਰਾ ਕੇ) ਅੱਛਾ ਜੀ! ਤੁਹਾਡੀ ਦੋਹਾਂ ਦੀ ਖਿਚੜੀ ਪੂਰੀ ਪੱਕੀ ਹੋਈ ਹੈ।

ਨਿਰਭੈ ਸਿੰਘ:-(ਹੱਸਦੇ ਹੋਏ) ਹਾਂ ਮੰਮੀ ਜੀ! ਤੁਸੀਂ ਹੁਣੇ ਹੀ ਮੇਰੇ ਨਾਲ ਚੱਲੋ।

ਮਾਂ:-ਜ਼ਰੂਰ ਮੇਰੇ ਬੇਟੇ! ਤੁਸੀਂ ਮੇਰੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ ਹਨ।

ਨਿਰਭੈ ਸਿੰਘ:- (ਖ਼ੁਸ਼ ਹੋ ਕੇ) ਚੱਲੋ ਜੀ! ਵਾਹ ਜੀ ਵਾਹ! ਹੁਣ ਅਸੀਂ ਪਹਿਲਾਂ ਵਾਂਗ ਹੀ ਰਲ ਕੇ ਰਹਾਂਗੇ।

ਮਾਂ:- (ਝੂਠ ਮੂਠ ਡਾਂਟਦੇ ਹੋਏ) ਅੱਛਾ! ਫਿਰ ਪਿਛਲੀ ਕਲਾਸ ਦੀ ਪੜ੍ਹਾਈ ਕਹੋਗੇ।

ਨਿਰਭੈ ਸਿੰਘ:-ਮੰਮੀ ਜੀ! ਪਿਆਰ ਵਾਲੀ ਪੜ੍ਹਾਈ ਕਦੀ ਪੁਰਾਣੀ ਨਹੀਂ ਹੁੰਦੀ।

ਮਾਂ:- (ਖ਼ੁਸ਼ ਹੋ ਕੇ) ਕਾਸ਼! ਅਸੀਂ ਸਾਰੇ ਵੱਡੇ ਵੀ ਤੁਹਾਡੀ ਤਰ੍ਹਾਂ ਦੇ ਹੀ ਹੋ ਸਕੀਏ ਤਾਂ ਸਦਾ ਸੁਖੀ ਰਹੀਏ।