ਨਿਰਾਸ਼ਤਾ ਦਾ ਸ਼ੀਸ਼ਾ ਹੁੰਦਾ ਹੈ ਮੂੰਹ ਲਮਕਾਉਣਾ..

0
285

ਨਿਰਾਸ਼ਤਾ ਦਾ ਸ਼ੀਸ਼ਾ ਹੁੰਦਾ ਹੈ ਮੂੰਹ ਲਮਕਾਉਣਾ..

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ.8, ਰਿਸ਼ੀ ਨਗਰਸ ਐਕਸਟੈਨਸ਼ਨ (ਲੁਧਿਆਣਾ)-94631-32719

ਸਾਡੇ ਆਲੇ-ਦੁਆਲੇ ਹੋਰ ਵੀ ਬਹੁਤ ਸਾਰੇ ਅਜਿਹੇ ਮਹਾਂ ਪੁਰਖ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ ‘ਮੂੰਹ ਲਮਕਾਈ’ ਫਿਰਦੇ ਹੁੰਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਨ ਦੀ ਬਜਾਏ ‘ਗਲ ਪਿਆ ਢੋਲ ਵਜਾਉਣ’ ਦੀ ਦੀ ਤਰਜ਼ ’ਤੇ ਲੈਂਦੇ ਹਨ।

ਇਹ ਮੁਹਾਵਰਾ ਦੇਸ਼ ਦਾ ਭਵਿੱਖ ਸਮਝੇ ਜਾਂਦੇ ਉਨ੍ਹਾਂ ਪਾੜ੍ਹੇ/ਪਾੜ੍ਹੀਆਂ ’ਤੇ ਵੀ ਅਸਰ ਅੰਦਾਜ਼ ਹੁੰਦਾ ਹੈ ਜੋ ਸਾਰਾ ਸਾਲ ਵਿਦਿਆ ਨੂੰ ਵਿਚਾਰਨ ਦੀ ਬਜਾਏ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਬਿਨਾਂ ਕਿਸੇ ਉਚੇਰੇ ਮਨੋਰਥ ਦੀ ਪ੍ਰਾਪਤੀ ਦੇ ਅੰਝਾਈ ਹੀ ਗਵਾਈ ਜਾਂਦੇ ਹੁੰਦੇ ਹਨ। ਉਹ ਆਪਣਾ ਬੇਸ਼ਕੀਮਤੀ ਵਕਤ ਭਲਵਾਨੀ ਗੇੜੀਆ ਜਾਂ ਸਮੋਸਿਆਂ ਦੀਆਂ ਰੇੜੀਆਂ ’ਤੇ ਖਰਚ ਕਰ ਦਿੰਦੇ ਹਨ ਅਤੇ ਜਦੋਂ ਪਰਖ ਦੀਆਂ ਘੜੀਆਂ ਭਾਵ ਇਮਤਿਹਾਨ ਆਉਂਦੇ ਹਨ ਤਾਂ ਉਸ ਵਕਤ ਬੰਜਰ ਹੋ ਚੁੱਕੇ ਅਕਲ ਦੇ ਖੇਤ ’ਚੋਂ ਕੋਈ ਸ਼ਬਦ ਨਹੀਂ ਉਘਲਦੇ। ਇਸ ਬੌਧਿਕ ਕਸਾਰੇ ਕਾਰਨ ਜਦੋਂ ਨਤੀਜ਼ਾ ਨਿਕਲਦਾ ਹੈ ਤਾਂ ਉਸ ਨਕਾਰਾਤਮਕ ਨਤੀਜੇ ਦੀ ਵਜ੍ਹਾ ਕਾਰਨ ਉਹ ਵਿਚਾਰੇ ਮੂੰਹ ਲਮਕਾਈ ਫਿਰਦੇ ਹੁੰਦੇ ਹਨ।

ਸਰਕਾਰੀ, ਅਰਧ-ਸਰਕਾਰ ਦਫ਼ਤਰਾਂ ਵਿਚ ਕੰਮ ਕਰਦੇ ਕਈ ਕੰਮਚੋਰ ਕਰਮਚਾਰੀ ਸੇਵਾ-ਭਾਵਨਾ ਤੋਂ ਸੱਖਣੇ ਹੁੰਦੇ ਹਨ। ਇਸ ਸੱਖਣਤਾ ਦੇ ਸਬੱਬ ਵਜੋਂ ਉਹ ਲੇਟ-ਲਤੀਫ਼ੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਕ ਦਿਨ ਸਾਧ ਦਾ ਆਉਣ ਕਰਕੇ ਸੌ ਦਿਨ ਵਾਲੇ ਇਹ ਚੋਰ ਜਦੋਂ ਆਪਣੇ ਕਿਸੇ ਆਲਾ-ਅਧਿਕਾਰੀ ਦੇ ਧੱਕੇ ਚੜ੍ਹ ਜਾਂਦੇ ਹਨ ਤਾਂ ਨੌਬਤ ‘ਮੂੰਹ ਲਮਕਾਉਣ ਉਰਫ਼ ਛੁਪਾਉਣ’ ਤੱਕ ਆ ਜਾਂਦੀ ਹੈ।

ਕਈ ਬੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ ਵਕਤ ਦੀ ਕਦਰ ਹੀ ਨਹੀਂ ਕਰਦੇ। ਜਦੋਂ ਵਕਤ ਦਾ ਪਹੀਆ ਘੁੰਮਦਾ-ਘੁੰਮਦਾ ਉਨ੍ਹਾਂ ਬੰਦਿਆਂ ਨੂੰ ਪਛਾੜ ਦਿੰਦਾ ਹੈ ਤਾਂ ਉਨ੍ਹਾਂ ਦੇ ਕਈ ਬਹੁਤ ਹੀ ਜ਼ਰੂਰੀ ਕੰਮ ਹੋਣ ਤੋਂ ਰਹਿ ਜਾਂਦੇ ਹਨ। ਕੰਮ ਦਾ ਸਹੀ ਸਮੇਂ ’ਤੇ ਨਾ ਹੋਣਾ ਕਈ ਵਾਰੀ ਅਤਿ ਨਿਰਾਸ਼ਾ ਦਾ ਕਾਰਨ ਬਣ ਜਾਂਦਾ ਹੈ। ਇਸ ਨਿਰਾਸ਼ਾ ਕਾਰਨ ਕਈ ਵਾਰੀ ਉਸ ਮਾਈ-ਭਾਈ ਦਾ ਮੂੰਹ ਵੀ ‘ਲਮਕਿਆ ਹੀ ਮਿਲਦਾ’ ਹੈ।

ਸਿਆਣੇ ਬੰਦਿਆਂ ਦੀ ਸਲਾਹ ਹੈ ਕਿ ਸਿਹਤ ਹੀ ਜੀਵਨ ਦਾ ਅਸਲੀ ਧਨ ਹੁੰਦੀ ਹੈ, ਪਰ ਕਈ ਆਲਸ ਦੇ ਡੰਗੇ ਬੰਦੇ ਬਾਬਿਆਂ ਦੇ ਗੀਤ (ਪਹਿਲਾਂ ਸਿਹਤ ਜ਼ਰੂਰੀ ਹੈ) ਨੂੰ ਟਿੱਚ ਜਾਣਦੇ ਹੋਏ ਇਸ ਧਨ ਦੀ ਸਾਂਭ-ਸੰਭਾਲ ਤੋਂ ਘੇਸ ਮਾਰੀ ਰੱਖਦੇ ਹਨ। ਸਿੱਟੇ ਵਜੋਂ ਕਈ ਵਾਰ ਉਹ ਬੰਦੇ ਕਈ ਨਾਮੁਰਾਦ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਜਾਂਦੇ ਹਨ। ਜਦੋਂ ਉਨ੍ਹਾਂ ਦੀਆਂ ਬਿਮਾਰੀਆਂ ਉਪਰ ਡਾਕਟਰੀ ਦਾਅ ਅਤੇ ਦਵਾਈਆਂ ਦਾ ਅਸਰ ਫ਼ੇਲ ਹੋ ਜਾਂਦਾ ਹੈ ਤਾਂ ਉਨ੍ਹਾਂ ਪ੍ਰਭਾਵੀ ਵਿਅਕਤੀਆਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਮੂੰਹ ਵੀ ‘ਲਮਕਣੀ ਅਵਸਥਾ’ ਵਿਚ ਹੁੰਦਾ ਹੈ।

ਜਦੋਂ ਕਿਸੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਕਿਸੇ ਕੁਦਰਤੀ ਕਰੋਪੀ ਜਾਂ ਉਸ ਦੀ ਆਪਣੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੀ ਕੀਤੀ ਮਿਹਨਤ ਘੱਟੇ-ਕੌਡੀਆਂ ਵਿਚ ਰੁੱਲ ਜਾਂਦੀ ਹੈ। ਉਧਰ ਜਦੋਂ ਆੜ੍ਹਤੀ ਵੀ ਉਸ ਦੇ ਗਲ਼ ਵਿਚ ਅੰਗੂਠਾ ਦੇਣ ਲੱਗ ਪੈਂਦਾ ਹੈ ਤਾਂ ਉਸ ਕਿਸਾਨ ਦਾ ਮੂੰਹ ਵੀ ਵੇਖਣਯੋਗ ਹੁੰਦਾ ਹੈ।

ਜਦੋਂ ਕਿਸੇ ਨੌਜਵਾਨ ਨੇ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਕਿਤੇ ਦੂਰ-ਦੁਰਾਡੇ ਇੰਟਰਵਿਊ ਦੇਣ ਲਈ ਪਹੁੰਚਣਾ ਹੋਵੇ ਤਾਂ ਉਸ ਨੂੰ ਸਹੀ ਸਮੇਂ ’ਤੇ ਸਹੀ ਸਥਾਨ ’ਤੇ ਪਹੁੰਚਾਉਣ ਵਾਲੀ ਲਾਰੀ ਜਾਂ ਟ੍ਰੇਨ ਮਿਸ ਹੋ ਜਾਵੇ ਤਾਂ ਉਸ ਦਾ ‘ਮੂੰਹ ਵੀ ਲਮਕਣੋਂ’ ਨਹੀਂ ਰਹਿ ਸਕਦਾ।

ਅਜਿਹਾ ਨਿਰਾਸਾਜਨਕ ਘਟਨਾਕ੍ਰਮ ਆਸ਼ਕ ਦੀ ਦੁਨੀਆ ਵਿਚ ਤਾਂ ਅਕਸਰ ਹੀ ਵਾਪਰਦਾ ਰਹਿੰਦਾ ਹੈ। ‘ਬਾਬਾ-ਏ-ਆਸ਼ਕ’ ਭਾਈਆ ਧੀਦੋ ਉਰਫ਼ ਰਾਂਝਾ ਤਖ਼ਤ ਹਜਾਰੇ ਦੀ ਚੌਧਰ ਛੱਡ ਕੇ ਬੇਬੇ ਹੀਰ ਦੀਆਂ ਮੈਸਾਂ ਦੇ ਪੂਰੇ ਬਾਰ੍ਹਾਂ ਸਾਲ ਮੌੜੇ ਲਗਾਉਂਦਾ ਰਿਹਾ, ਪਰ ਉਸ ਦੀ ਮਿਹਨਤ ਤੋਂ ਮੁੱਖ ਮੋੜਦਿਆਂ ‘ਬੇਬੇ ਹੀਰ’ ਨੇ ਭਾਗ (ਨਿਕਾਹ ਕਰਵਾ ਕੇ) ਸੈਦੇ-ਕਾਣੇ ਦੇ ਘਰ ਨੂੰ ਲਗਾ ਦਿੱਤੇ ਸਨ। ਅਜਿਹੀ ਸੁਰਤ-ਏ-ਹਾਲ ਵਿਚ ਬਾਪੂ ਰਾਝੇ ਨੂੰ ਮੂੰਹ ਲਮਕਾ ਕੇ ਨਾਥ-ਜੋਗੀਆਂ ਦੇ ਟਿੱਲਿਆਂ ਦਾ ਰਾਹ ਫੜਨਾ ਪੈ ਗਿਆ ਅਤੇ ਕੰਨਾਂ ਵਿਚ ਮੁੰਦਰਾਂ ਪਵਾਉਣੀਆਂ ਪੈ ਗਈਆਂ ਸਨ।

ਮੂੰਹ ਲਮਕਾਉਣ ਦੀ ਤਸਵੀਰ ਕਈ ਵਾਰ ਆਧੁਨਿਕ ਆਸ਼ਕ-ਸੰਸਾਰ ਵਿਚ ਵੀ ਦੇਖ/ਸੁਣਨ ਨੂੰ ਮਿਲ ਜਾਂਦੀ ਹੈ। ਇਸ਼ਕ ਦਾ ਰੋਗ ਕਈ ਵਾਰ ਅੱਖਾਂ ਵਿਚ ਦੀ ਹੋ ਕੇ ਦਿਲਾਂ (ਭਾਵਨਾਵਾਂ) ’ਤੇ ਅਸਰ ਕਰਦਾ ਹੈ। ਜਦੋਂ ਇਹ ਅਸਰ ਆਪਣਾ ਰੰਗ ਦਿਖਾਉਂਦਾ ਹੈ ਤਾਂ ਉਸ ਵੇਲੇ ਇਹ ਗੀਤ ਆਪ ਮੁਹਾਰੇ ਹੀ ਬੁੱਲਾਂ ’ਤੇ ਆ ਜਾਂਦਾ ਹੈ ਕਿ ‘ਬੈਠ ਮੇਰੇ ਪਾਸ ਤੁਝੇ ਦੇਖਤਾ ਰਹੂੰ ਦੇਖਤਾ ਰਹੂੰ ਮੁੰਹੋਂ ਕੁਝ ਨਾ ਕਹੂੰ’ ਜਾਂ ਫਿਰ ‘ਚੰਨਾ ਤੇਰਾ ਘੁੱਟ ਭਰ ਲਾਂ ਤੈਨੂੰ ਦੇਖਿਆ ਸਬਰ ਨਾ ਆਵੇ।’

ਅਜਿਹਾ ਸਭ ਕੁੱਝ ਕਰਨ ਲਈ ਆਸ਼ਕ ਲੋਕ ਮੁਲਾਕਾਤਾਂ ਦੀਆਂ ਲੰਮੀਆਂ ਤੰਦਾਂ ਪਾਉਂਦੇ ਹਨ ਪਰ ਜੇਕਰ ਕਿਸੇ ਕਾਰਨ ਵੱਸ ਇਹ ਤੰਦਾਂ ਢਿੱਲੀਆਂ ਜਾਂ ਟੁੱਟਣ ਲੱਗ ਪੈਣ ਤਾਂ ਉਸ ਵਕਤ ਕਿਸੇ ਪਿਆਰੇ ਜਾਂ ਪਿਆਰੀ ਦੀ ਮੂੰਹ ਵੀ ਲਮਕਣੋਂ ਨਹੀਂ ਰਹਿ ਸਕਦਾ।

ਜਦੋਂ ਕੋਈ ਵਿਅਕਤੀ ਕਿਸੇ ਕੰਮ-ਕਾਜ ਲਈ ਸਰਕਾਰੀ ਦਫ਼ਤਰ ਵਿਚ ਜਾਵੇ ਤਾਂ ਅੱਗਿਓਂ ਸੰਬੰਧਿਤ ਬਾਬੂ ਜਾਂ ਉੱਚ-ਅਧਿਕਾਰੀ ਆਪਣੀ ਸੀਟ ’ਤੇ ਬਿਰਾਜਮਾਨ ਹੀ ਨਾ ਹੋਵੇ ਤਾਂ ਉਸ ਵੇਲੇ ਉਸ ਵਿਅਕਤੀ ਦਾ ਮੂੰਹ ਵੀ ਕੁਮਲਾ ਜਾਂਦਾ ਹੈ।

ਉਪਰੋਕਤ ਚਰਚਾ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ‘ਕਿਸੇ ਵਿਅਕਤੀ ਵਿਸ਼ੇਸ਼ ਦੇ ਮੁੱਖੜੇ ’ਤੇ ਝਲਕਦੀ ਨਿਰਾਸਾ ਜਾਂ ਲਮਕੇ ਹੋਇਆ ਮੂੰਹ’ ਲਈ ਕਈ ਵਾਰੀ ਤਾਂ ਉਸ ਦੀ ਆਪਣੀ ਲਾਪਰਵਾਹੀ ਹੀ ਜ਼ਿੰਮੇਵਾਰ ਹੁੰਦੀ ਹੈ, ਪਰ ਕਈ ਵਾਰੀ ਕਿਸੇ ਮਾਹੌਲ ਦਾ ਸਾਜ਼ਗਾਰ ਨਾ ਹੋਣਾ ਵੀ ਆਪਣੀ ਨਾਂਹ-ਪੱਖੀ ਭੂਮਿਕਾ ਨਿਭਾਅ ਰਿਹਾ ਹੁੰਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਤੇ ਸਮਰੱਥਾ ਵਿਚਲੇ ਸਮਤੋਲ ਨੂੰ ਬਣਾਈ ਰੱਖੀਏ ਅਤੇ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਹੀ ਨਾ ਹੋਣ ਦੇਈਏ ਜਿਸ ਕਾਰਨ ਸਾਨੂੰ ਆਪਣਾ ਮੂੰਹ ਲਮਕਾਉਣਾ ਪੈ ਜਾਵੇ।

——੦——