ਨਾਨਕ ਚਿੰਤਾ ਮਤਿ ਕਰਹੁ

0
459

ਨਾਨਕ ਚਿੰਤਾ ਮਤਿ ਕਰਹੁ

ਪ੍ਰੋ. ਮਨਰਾਜ ਕੌਰ (ਲੁਧਿਆਣਾ)-80543-39915

ਚਿਤਵਨ ਸਿੰਘ… ਦਾਦਾ ਜੀ  ! ਅੱਜ ਗੁਰਦੁਆਰਾ ਸਾਹਿਬ ਵਿਚ ਭਾਈ ਸਾਹਿਬ ਜੀ ਸ਼ਬਦ ਗਾਇਨ ਕਰ ਰਹੇ ਸਨ ਤਾਂ ਉਸ ਸ਼ਬਦ ਵਿਚਲੇ ਗੁਰੂ ਸਾਹਿਬ ਜੀ ਦੇ ਬੋਲ ਬੜੇ ਵਧੀਆ ਲੱਗ ਰਹੇ ਸਨ।

ਦਾਦਾ ਜੀ…..ਪੁੱਤਰ ਜੀ ! ਗੁਰਬਾਣੀ ਤਾਂ ਸਾਰੀ ਹੀ ਵਧੀਆ ਹੈ।

ਚਿਤਵਨ ਸਿੰਘ…..ਫਿਰ ਵੀ ਦਾਦਾ ਜੀ ! ਜਿਹੜੇ ਸ਼ਬਦ ਦੀ ਸਮਝ ਆ ਜਾਵੇ, ਉਹ ਜਿਆਦਾ ਵਧੀਆ ਲੱਗਦਾ ਹੈ।

ਦਾਦਾ ਜੀ..ਵਾਹ ਜੀ ਵਾਹ ! ਹੁਣ ਤੇ ਸਾਡੇ ਬੇਟੇ ਨੂੰ ਬਾਣੀ ਦੀ ਸਮਝ ਵੀ ਆਉਣ ਲੱਗ ਪਈ ਹੈ। ਕਿਹੜਾ ਸ਼ਬਦ ਹੈ ? ਪੁੱਤਰ ਜੀ !

ਚਿਤਵਨ ਸਿੰਘ…. ਦਾਦਾ ਜੀ ! ਸ਼ਬਦ ਹੈ: ‘‘ਨਾਨਕ  ! ਚਿੰਤਾ ਮਤਿ ਕਰਹੁ, ਚਿੰਤਾ ਤਿਸੁ ਹੀ ਹੇਇ॥’’

ਦਾਦਾ ਜੀ…ਵਾਹ ਜੀ ਵਾਹ ! ਤੇ ਫਿਰ ਬੇਟੇ ਨੂੰ ਕੀ ਸਮਝ ਆਇਆ ?

ਚਿਤਵਨ ਸਿੰਘ…. ਇਹੀ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੀਏ ਕਿਉਂਕਿ ਸਾਡੀ ਸੱਭ ਦੀ ਚਿੰਤਾ ਵਾਹਿਗੁਰੂ ਜੀ ਨੂੰ ਹੈ।

ਦਾਦਾ ਜੀ……..ਬਿਲਕੁੱਲ ਠੀਕ ਪੁੱਤਰ ਜੀ !

ਚਿਤਵਨ ਸਿੰਘ……ਦਾਦਾ ਜੀ  ! ਮੈ ਹੁਣ ਪੇਪਰਾਂ ਦੀ ਚਿੰਤਾ ਬਿਲਕੁੱਲ ਨਹੀਂ ਕਰਿਆ ਕਰਨੀ। ਵਾਹਿਗੁਰੂ ਜੀ ਆਪੇ ਸੱਭ ਠੀਕ ਕਰ ਦੇਣਗੇ।

ਦਾਦਾ ਜੀ…ਅੱਛਾ ਪੁੱਤਰ ਜੀ ! ਹੁਣ ਤੁਸੀਂ ਪੜ੍ਹਿਆ ਨਹੀਂ ਕਰੋਗੇ ?

ਚਿਤਵਨ ਸਿੰਘ…… ਨਹੀਂ ਦਾਦਾ ਜੀ  ! ਪੜਿੵਆ ਤਾਂ ਕਰਾਂਗਾ ਪਰ ਚਿੰਤਾ ਨਹੀਂ ਕਰਿਆ ਕਰਾਂਗਾ।

ਦਾਦਾ ਜੀ….ਬਹੁਤ ਵਧੀਆ ਪੁੱਤਰ ਜੀ  ! ਤੁਹਾਨੂੰ ਤਾਂ ਬਹੁਤ ਜਲਦੀ ਸਮਝ ਵਿਚ ਆ ਗਿਆ ਹੈ। ਨਹੀਂ ਤਾਂ ਬੜੇ ਬੜੇ ਸਿਆਣੇ ਵੀ ਚਿੰਤਾ ਕਰਦੇ ਕਰਦੇ ਜੀਵਨ ਬਰਬਾਦ ਕਰ ਲੈਂਦੇ ਹਨ।

ਚਿਤਵਨ ਸਿੰਘ….. ਉਹ ਕਿਵੇਂ  ? ਦਾਦਾ ਜੀ !

ਦਾਦਾ ਜੀ……ਆਪਾਂ ਸਾਰੇ ਜਾਣਦੇ ਹਾਂ ਕਿ ਮਨੁੱਖ ਨੂੰ ਵਾਹਿਗੁਰੂ ਜੀ ਨੇ ਬਹੁਤ ਸਾਰੀ ਮਾਨਸਿਕ ਸਮਰੱਥਾ ਬਖਸ਼ੀ ਹੈ ਪਰ ਨਾਲ ਹੀ ਇਕ ਸ਼ਰਤ ਵੀ ਹੈ।

ਚਿਤਵਨ ਸਿੰਘ… ਉਹ ਕੀ, ਦਾਦਾ ਜੀ  !

ਦਾਦਾ ਜੀ…. ਉਹ ਇਹ ਕਿ ਮਨੁੱਖ ਇੱਕ ਵੇਲੇ ਇੱਕੋ ਪਾਸੇ ਹੀ ਆਪਣੀ ਸਮਰੱਥਾ ਨੂੰ ਵਰਤ ਸਕਦਾ ਹੈ।

ਚਿਤਵਨ ਸਿੰਘ…. ਉਹ ਕਿਵੇਂ ?

ਦਾਦਾ ਜੀ….. ਮਨ ਵਿਚਾਰਾਂ ਦਾ ਸਮੂਹ ਹੈ ਤੇ ਵਿਚਾਰਾਂ ਦਾ ਸੁਭਾਅ ਭੇਡਾਂ ਵਾਂਗ ਇਕ ਦੂਜੇ ਦੇ ਮਗਰ ਲੱਗਣਾ ਹੈ।

ਚਿਤਵਨ ਸਿੰਘ…. ਇਸ ਨਾਲ ਕੀ ਹੂੰਦਾ ਹੈ ?

ਦਾਦਾ ਜੀ….. ਹੁੰਦਾ ਇਹ ਹੈ ਕਿ ਇਕ ਵਿਚਾਰ ਜੋ ਰਾਹ ਪਕੜਦਾ ਹੈ, ਮਨ ਦੀ ਸਾਰੀ ਤਾਕਤ ਉਧਰ ਹੀ ਤੁਰ ਪੈਂਦੀ ਹੈ।

ਚਿਤਵਨ ਸਿੰਘ….. ਉਹ ਕਿਵੇਂ ?

ਦਾਦਾ ਜੀ…. ਜਿਵੇਂ ਤੁਸੀਂ ਪੜੵਨ ਵੇਲੇ ਸਿਰਫ ਪੜੵਦੇ ਹੋ ਤੇ ਖੇਡਣ ਵੇਲੇ ਸਿਰਫ ਖੇਡਦੇ ਹੋ।

ਚਿਤਵਨ ਸਿੰਘ……ਹਾਂ ਜੀ  !

ਦਾਦਾ ਜੀ…..ਪਰ ਜੇ ਤੁਸੀਂ ਪੜੵਨ ਵੇਲੇ ਖੇਡਣ ਬਾਰੇ ਸੋਚੋ ਤਾਂ ਕੀ ਤੁਸੀਂ ਪੜੵ ਸਕੋਗੇ ? ਤੇ ਖੇਡਣ ਵੇਲੇ ਪੜੵਾਈ ਬਾਰੇ ਸੋਚੋ ਤਾਂ ਖੇਡ ਸਕੋਗੇ  ?

ਚਿਤਵਨ ਸਿੰਘ…. ਨਹੀਂ ਜੀ  !  ਇਸ ਤਰ੍ਹਾਂ ਨਾ ਪੜ੍ਹ ਸਕਾਂਗਾ ਤੇ ਨਾਂ ਹੀ ਖੇਡ ਸਕਾਂਗਾ।

ਦਾਦਾ ਜੀ….. ਬਸ ਇਹੀ ਗੱਲ ਸਮਝ ਆ ਜਾਵੇ ਤਾਂ ਕੋਈ ਚਿੰਤਾ ਰਹਿੰਦੀ ਹੀ ਨਹੀਂ।

ਚਿਤਵਨ ਸਿੰਘ…… ਉਹ ਕਿਵੇਂ ?

ਦਾਦਾ ਜੀ….. ਕਿਉਂਕਿ ਚਿੰਤਾ ਦਾ ਮਤਲਬ ਹੀ ਹੈ ਕਿ ਵਿਅਰਥ ਸੋਚੀ ਜਾਣਾ ਪਰ ਕਰਨ ਵਾਲੇ ਪਾਸੇ ਤੁਰਨਾ ਹੀ ਨਹੀਂ।

ਚਿਤਵਨ ਸਿੰਘ….. ਪਰ ਦਾਦਾ ਜੀ ! ਕੁਝ ਕਰਨ ਦੀ ਲੋੜ ਵੀ ਤਾਂ ਨਹੀ ਜਦੋਂ ਸਾਰੀ ਚਿੰਤਾ ਵਾਹਿਗੁਰੂ ਜੀ ਆਪ ਹੀ ਕਰਦੇ ਹਨ।

ਦਾਦਾ ਜੀ…… ਪੁੱਤਰ ਜੀ  ! ਤੁਸੀਂ ਆਪ ਹੀ ਹੁਣੇ ਕਿਹਾ ਹੈ ਕਿ ਪੜਾਂਗਾ ਪਰ ਚਿੰਤਾ ਨਹੀਂ ਕਰਾਂਗਾ।

ਚਿਤਵਨ ਸਿੰਘ……. ਹਾਂ ਜੀ  ! ਕਿਹਾ ਤਾਂ ਹੈ।

ਦਾਦਾ ਜੀ…… ਇਸੇ ਹੀ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡੇ ਜਨਮ ਤੋਂ ਪਹਿਲਾਂ ਸਾਡੇ ਖਾਣ ਪਾਣ ਅਤੇ ਪਾਲਣ ਪੋਸ਼ਣ ਦਾ ਪਰਬੰਧ ਵਾਹਿਗੁਰੂ ਜੀ ਨੇ ਕੀਤਾ ਹੋਇਆ ਹੈ ਤੇ ਸਾਡੀ ਮੌਤ ਤੋਂ ਬਾਅਦ ਵੀ ਸਾਡੇ ਸਰੀਰ ਦੀ ਮਿੱਟੀ ਸੰਭਾਲਣ ਦਾ ਪ੍ਰਬੰਧ ਵੀ ਪੂਰਾ ਕੀਤਾ ਹੋਇਆ ਹੋਇਆ ਹੈ।

ਚਿਤਵਨ ਸਿੰਘ…..ਹਾਂ ਜੀ, ਦਾਦਾ ਜੀ ! ਨਾਲੇ ਸਾਡੇ ਜਿਊਂਦੇ ਰਹਿਣ ਲਈ ਹਵਾ, ਪਾਣੀ, ਅਨਾਜ ਆਦਿਕ ਸੱਭ ਕੁਝ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।

ਦਾਦਾ ਜੀ…..ਬਿਲਕੁੱਲ ਬੇਟਾ ਜੀ  ! ਹੁਣ ਤੁਸੀਂ ਹੀ ਦੱਸੋ ਕਿ ਚਿੰਤਾ ਦਾ ਕੋਈ ਵੀ ਕਾਰਨ ਹੈ ?

ਚਿਤਵਨ ਸਿੰਘ….. ਫਿਰ ਵੀ ਇਸ ਸੰਸਾਰ ਤੇ ਬਹੁਤ ਸਾਰੇ ਮਨੁੱਖ ਚਿੰਤਾ ਕਿਉਂ ਕਰਦੇ ਰਹਿੰਦੇ ਹਨ ?

ਦਾਦਾ ਜੀ…..ਕਿਉਂਕਿ ਉਹ ਮਾਲਕ ਵਲੋਂ ਕੀਤੇ ਸਾਰੇ ਪ੍ਰਬੰਧ ਨੂੰ ਮਹਿਸੂਸ ਨਹੀਂ ਕਰ ਸਕਦੇ ਤੇ ਸਮਝਦੇ ਹਨ ਕਿ ਉਨੵਾਂ ਦੇ ਕਰਨ ਨਾਲ ਹੀ ਕੁਝ ਹੋ ਰਿਹਾ ਹੈ।

ਚਿਤਵਨ ਸਿੰਘ….. ਸੱਚੀਂ ਦਾਦਾ ਜੀ ! ਸਾਨੂੰ ਤਾਂ ਕੁਝ ਵੀ ਸੋਚਣ ਦੀ ਲੋੜ ਨਹੀਂ ਹੈ।

ਦਾਦਾ ਜੀ….. ਐਸਾ ਨਹੀਂ ਹੈ ਪੁੱਤਰ ਜੀ  !

ਚਿਤਵਨ ਸਿੰਘ……. ਫਿਰ ਕੀ ਕਰਨਾ ਹੈ ?

ਦਾਦਾ ਜੀ………ਸੋਚਣਾ ਇਹ ਹੈ ਕਿ ਮਾਲਕ ਦੀ ਬਣਾਈ ਇਸ ਧਰਤੀ ਧਰਮਸ਼ਾਲ ਨੂੰ ਹੋਰ ਪਿਆਰ ਭਰੀ ਕਿਵੇਂ ਬਣਾਇਆ ਜਾ ਸਕਦਾ ਹੈ ਤੇ ਮਾਲਕ ਦੇ ਬਖਸ਼ੇ ਸਾਰੇ ਸਾਧਨਾਂ ਨੂੰ ਸੱਭ ਨਾਲ ਵੰਡ ਕੇ ਕਿਵੇਂ ਛਕਿਆ ਜਾ ਸਕਦਾ ਹੈ ?

ਚਿਤਵਨ ਸਿੰਘ……. ਸੋਚਾਂਗੇ ਤਾਂ ਚਿੰਤਾ ਤਾਂ ਹੋਵੇਗੀ ਹੀ।

ਦਾਦਾ ਜੀ…..ਪੁੱਤਰ ਜੀ  ! ਚਿੰਤਾ ਸਿਰਫ ਇਸ ਸੋਚ ਤੋਂ ਪੈਦਾ ਹੁੰਦੀ ਹੈ ਕਿ ਜੋ ਮੈ ਸੋਚ ਜਾਂ ਕਰ ਰਿਹਾ ਹਾਂ, ਕੀ ਉਹ ਪੂਰਾ ਹੋਵੇਗਾ ਜਾਂ ਨਹੀਂ ?  ਜੇ ਮੇਰੇ ਸੋਚੇ ਅਨੁਸਾਰ ਨਾ ਹੋਇਆ ਤਾਂ ਮੈਂ ਕੀ ਕਰਾਂਗਾ ?

ਚਿਤਵਨ ਸਿੰਘ…….. ਹਾਂ ਜੀ  !  ਹੁੰਦਾ ਤਾਂ ਇਸੇ ਤਰਾਂ ਹੀ ਹੈ।

ਦਾਦਾ ਜੀ…….. ਬਸ, ਫਿਰ ਇਤਨਾ ਹੀ ਸਮਝ ਲਈਏ ਕਿ ਮਾਲਕ ਵਾਹਿਗੁਰੂ ਜੀ ਨੇ ਸਾਨੂੰ ਜੋ ਸੋਚਣ ਤੇ ਕਰਨ ਦੀ ਸਮਰੱਥਾ ਬਖਸ਼ੀ ਹੈ, ਉਸ ਨੂੰ ਸਹੀ ਤਰਾਂ ਵਰਤੀਏ ਤੇ ਬਾਕੀ ਸੱਭ ਕੁਝ ਵਾਹਿਗੁਰੂ ਜੀ ਉੱਤੇ ਹੀ ਛੱਡ ਦੇਈਏ।

ਚਿਤਵਨ ਸਿੰਘ….. ਹੁਣ ਸਮਝ ਵਿਚ ਆ ਰਿਹਾ ਹੈ।

ਦਾਦਾ ਜੀ…ਤੁਸੀਂ ਬੜੇ ਸਿਆਣੇ ਹੋ ਜੀ ! ਹਰ ਗੱਲ ਬੜੇ ਧਿਆਨ ਨਾਲ ਸਮਝਦੇ ਹੋ ।

ਚਿਤਵਨ ਸਿੰਘ….ਤੁਸੀਂ ਸਮਝਾਉਂਦੇ ਹੀ ਬੜੇ ਪਿਆਰ ਨਾਲ ਹੋ।